ਭਾਜਪਾ ਨੇ ਚਾਰ-ਚੁਫੇਰੇ ਪਾਇਆ ਨਾਗਵਲ
ਨਵੀਂ ਦਿੱਲੀ (ਪੰਜਾਬ ਟਾਈਮਜ਼ ਬਿਊਰੋ): ਭਾਰਤੀ ਜਨਤਾ ਪਾਰਟੀ ਨੇ ਹਰਿਆਣਾ ਵਰਗੇ ਸੂਬੇ ਵਿਚ ਇਕੱਲਿਆਂ ਬਹੁਮਤ ਹਾਸਲ ਕਰ ਕੇ ਤੇ ਮਹਾਰਾਸ਼ਟਰ ‘ਚ ਸਭ ਤੋਂ ਵੱਧ ਸੀਟਾਂ ਜਿੱਤ ਕੇ ਭਾਰਤੀ ਦੀ ਸਿਆਸਤ ‘ਚ ਨਵੇਂ ਅਧਿਆਏ ਦਾ ਅਰੰਭ ਕਰ ਦਿੱਤਾ ਹੈ। ਭਾਰਤੀ ਜਨਤਾ ਪਾਰਟੀ ਦੀਆਂ ਇਨ੍ਹਾਂ ਵੱਡੀਆਂ ਜਿੱਤਾਂ ਨੇ ਖੇਤਰੀ ਪਾਰਟੀਆਂ ਦੀ ਹੋਂਦ ਉਤੇ ਵੀ ਸਵਾਲੀਆ ਨਿਸ਼ਾਨ ਲਾ ਦਿੱਤਾ ਹੈ। ਯਾਦ ਰਹੇ ਕਿ ਇਨ੍ਹਾਂ ਦੋਹਾਂ ਸੂਬਿਆਂ ਵਿਚ ਅੱਜ ਤੱਕ ਇਸ ਪਾਰਟੀ ਦਾ ਕੋਈ ਬਹੁਤਾ ਆਧਾਰ ਨਹੀਂ ਸੀ, ਪਰ ਇਕ ਤਾਂ ਮੋਦੀ ਲਹਿਰ ਕਰ ਕੇ ਅਤੇ ਦੂਜਾ ਆਰæ ਐਸ਼ ਐਸ਼ ਦੀਆਂ ਜਥੇਬੰਦਕ ਰਣਨੀਤੀਆਂ ਕਰ ਕੇ ਇਨ੍ਹਾਂ ਦੋਹਾਂ ਸੂਬਿਆਂ ‘ਚ ਪਾਰਟੀ ਨੇ ਮੱਲਾਂ ਮਾਰ ਲਈਆਂ ਹਨ। ਇਹ ਮੱਲਾਂ ਮਾਰਨ ਵਿਚ ਦੋਹਾਂ ਸੂਬਿਆਂ ਵਿਚ ਕਾਂਗਰਸ ਦੀ ਮਾੜੀ ਕਾਰਗੁਜ਼ਾਰੀ ਨੇ ਵੀ ਵੱਡਾ ‘ਯੋਗਦਾਨ’ ਪਾਇਆ ਹੈ। ਸਿਆਸੀ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਜਿੱਤਾਂ ਨਾਲ ਭਾਰਤੀ ਜਨਤਾ ਪਾਰਟੀ ਲਈ ਹੁਣ ਹੋਰ ਸੂਬਿਆਂ ਵਿਚ ਵੀ ਰਾਹ ਮੋਕਲਾ ਹੋ ਗਿਆ ਹੈ। ਇਨ੍ਹਾਂ ਵਿਚ ਜੰਮੂ ਕਸ਼ਮੀਰ ਵੀ ਸ਼ਾਮਲ ਹੈ ਜਿਥੇ ਛੇਤੀ ਹੀ ਚੋਣਾਂ ਹੋ ਰਹੀਆਂ ਹਨ। ਇਸ ਸੂਬੇ ਵਿਚ ਲੋਕ ਸਭਾ ਸੀਟਾਂ ਜਿੱਤ ਕੇ ਪਾਰਟੀ ਪਹਿਲਾਂ ਹੀ ਹਾਜ਼ਰੀ ਲੁਆ ਚੁੱਕੀ ਹੈ। ਇਸ ਸਿਲਸਿਲੇ ਵਿਚ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਤੇ ਨੈਸ਼ਨਲ ਕਾਨਫਰੰਸ ਦੇ ਆਗੂ ਉਮਰ ਅਬਦੁੱਲਾ ਦਾ ਬਿਆਨ ਵੀ ਧਿਆਨ ਦੀ ਮੰਗ ਕਰਦਾ ਹੈ। ਉਨ੍ਹਾਂ ਆਖਿਆ ਹੈ ਕਿ ਹਰਿਆਣਾ ਅਤੇ ਮਹਾਰਾਸ਼ਟਰ ਦੇ ਚੋਣ ਨਤੀਜਿਆਂ ਦਾ ਅਸਰ ਜੰਮੂ ਕਸ਼ਮੀਰ ਦੀਆਂ ਚੋਣਾਂ ਉਤੇ ਵੀ ਪਵੇਗਾ। ਇਉਂ ਇਕ ਤਰ੍ਹਾਂ ਉਨ੍ਹਾਂ ਭਾਰਤੀ ਜਨਤਾ ਪਾਰਟੀ ਅੱਗੇ ਗੋਡੇ ਟੇਕ ਦਿੱਤੇ ਹਨ। ਇਸ ਤੋਂ ਪਹਿਲਾਂ ਐਨ ਇਸੇ ਤਰ੍ਹਾਂ ਹਰਿਆਣਾ ਅਤੇ ਮਹਾਰਾਸ਼ਟਰ ਵਿਚ ਕਾਂਗਰਸ ਨੇ ਕੀਤਾ ਸੀ ਅਤੇ ਦੋਹਾਂ ਸੂਬਿਆਂ ਵਿਚ ਕਾਂਗਰਸ ਦਾ ਜੋ ਹਸ਼ਰ ਹੋਇਆ ਹੈ, ਸਭ ਦੇ ਸਾਹਮਣੇ ਹੈ।
________________________________________________________
ਹਰਿਆਣਾ ਚੋਣਾਂ ਨੇ ਪੰਜਾਬ ਦੇ ਸਮੀਕਰਨ ਬਦਲੇ
ਚੰਡੀਗੜ੍ਹ (ਗੁਰਵਿੰਦਰ ਸਿੰਘ ਵਿਰਕ): ਹਰਿਆਣਾ ਵਿਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੰਡੀਅਨ ਨੈਸ਼ਨਲ ਲੋਕ ਦਲ ਦੀ ਕੀਤੀ ਖੁੱਲ੍ਹਮ-ਖੁੱਲ੍ਹੀ ਹਮਾਇਤ ਅਤੇ ਭਾਜਪਾ ਵੱਲੋਂ ਸਪਸ਼ਟ ਬਹੁਮਤ ਹਾਸਲ ਕਰਨ ਨਾਲ ਪੰਜਾਬ ਦੀਆਂ ਸਿਆਸੀ ਸਮੀਕਰਨਾਂ ਬਦਲ ਗਈਆਂ ਹਨ। ਚੋਣਾਂ ਦੌਰਾਨ ਦੋਵਾਂ ਪਾਰਟੀਆਂ ਦਰਮਿਆਨ ਕੁੜੱਤਣ ਵਧਣ ਦੇ ਪ੍ਰਤੱਖ ਲੱਛਣ ਦਿਖਾਈ ਦਿੱਤੇ ਹਨ। ਭਾਜਪਾ ਨੂੰ ਹੁਣ ਆਪਣੇ ਵਿਸਥਾਰ ਦੀਆਂ ਵਸੀਹ ਸੰਭਾਵਨਾਵਾਂ ਦਿਖਾਈ ਦੇ ਰਹੀਆਂ ਹਨ।
ਭਾਰਤੀ ਜਨਤਾ ਪਾਰਟੀ ਨੇ ਇਕ ਪਾਸੇ ਅਕਾਲੀ ਦਲ ਨੂੰ ਅੱਖਾਂ ਵਿਖਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ ਤੇ ਦੂਜੇ ਪਾਸੇ ਪੰਜਾਬ ਦੇ ਮਸਲਿਆਂ ਨੂੰ ਉਠਾ ਕੇ ਭਾਈਵਾਲ ਪਾਰਟੀ ਨੂੰ ਨਿਹੱਥਾ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਪੰਜਾਬ ਭਾਜਪਾ ਵੱਲੋਂ ਹੁਣ ਰਾਜੀਵ-ਲੌਂਗੋਵਾਲ ਸਮਝੌਤਾ ਲਾਗੂ ਕਰਨ ਦੀ ਮੰਗ ਕੀਤੀ ਜਾਣ ਲੱਗੀ ਹੈ। ਭਾਜਪਾ ਦੇ ਇਸ ਰਵੱਈਏ ਨੇ ਅਕਾਲੀ ਦਲ ਨੂੰ ਕਸੂਤਾ ਫਸਾ ਦਿੱਤਾ ਹੈ। ਭਾਜਪਾ ਦੇ ਰੁਖ਼ ਵਿਚ ਇਹ ਤਬਦੀਲੀ ਹਰਿਆਣਾ ਵਿਚ ਫਤਹਿ ਹਾਸਲ ਕਰਨ ਮਗਰੋਂ ਆਈ ਹੈ। ਲੋਕ ਸਭਾ ਚੋਣਾਂ ਵਿਚ ਕਾਮਯਾਬੀ ਪਿੱਛੋਂ ਭਾਜਪਾ ਨੇ ਪੁਰਾਣੇ ਚਲੇ ਆ ਰਹੇ ਗੱਠਜੋੜਾਂ ਨੂੰ ਅਲਵਿਦਾ ਕਹਿ ਕੇ ਆਪਣੇ ਬਲਬੂਤੇ ‘ਅਕੇਲਾ ਚਲੋ ਰੇ’ ਦੀ ਨੀਤੀ ਨੂੰ ਪਹਿਲ ਦੇਣ ਦਾ ਫੈਸਲਾ ਕੀਤਾ ਜਾਪਦਾ ਹੈ। ਭਾਜਪਾ ਨੇ ਹਰਿਆਣਾ ਤੇ ਮਹਾਰਾਸ਼ਟਰ ਚੋਣਾਂ ਵਿਚ ਹਰਿਆਣਾ ਜਨਹਿੱਤ ਪਾਰਟੀ ਤੇ ਸ਼ਿਵ ਸੈਨਾ ਨਾਲ ਤੋੜ-ਵਿਛੋੜੇ ਦੇ ਚੰਗੇ ਨਤੀਜੇ ਵੇਖ ਲਏ ਹਨ ਤੇ ਪੰਜਾਬ ਸਮੇਤ ਬਾਕੀ ਸੂਬਿਆਂ ਵਿਚ ਇਸ ਨੀਤੀ ਨੂੰ ਅਪਨਾਇਆ ਜਾ ਸਕਦਾ ਹੈ। ਅਕਾਲੀ-ਭਾਜਪਾ ਗੱਠਜੋੜ ਦੀ ਪਹਿਲੀ ਪ੍ਰੀਖਿਆ ਛੇਤੀ ਹੀ ਹੋ ਰਹੀਆਂ ਨਗਰਪਾਲਿਕਾ ਚੋਣਾਂ ਵਿਚ ਹੋਵੇਗੀ। ਗੱਠਜੋੜ ਨੂੰ ਪੰਜਾਬ ਵਿਚ ਹਿੰਦੂ-ਸਿੱਖ ਏਕਤਾ ਦੇ ਤੌਰ ਉਤੇ ਪੇਸ਼ ਕਰਨ ਦੇ ਨਾਲ-ਨਾਲ ਭਾਜਪਾ ਨੂੰ ਸ਼ਹਿਰੀ ਤੇ ਅਕਾਲੀਆਂ ਨੂੰ ਪਿੰਡਾਂ ਦੀ ਪ੍ਰਤੀਨਿਧ ਪਾਰਟੀ ਦੇ ਤੌਰ ਉਤੇ ਪੇਸ਼ ਕੀਤਾ ਜਾਂਦਾ ਰਿਹਾ ਹੈ। ਅਕਾਲੀ ਦਲ ਨੇ ਹੁਣ ਤੱਕ ਕਾਂਗਰਸ ਦੇ ਕਈ ਵਿਧਾਇਕਾਂ ਤੇ ਹੋਰ ਆਗੂਆਂ ਦੀ ਦਲਬਦਲੀ ਕਰਵਾਉਣ ਦਾ ਤਰੀਕਾ ਜ਼ੋਰ-ਸ਼ੋਰ ਨਾਲ ਅਜ਼ਮਾਇਆ ਹੈ। ਜੇ ਭਾਜਪਾ ਨੇ ਹਰਿਆਣਾ ਵਾਲੀ ਰਣਨੀਤੀ ਅਪਨਾਈ ਤਾਂ ਅਜਿਹੇ ਆਗੂਆਂ ਲਈ ਉਹ ਪੰਜਾਬ ਵਿਚ ਵੀ ਆਪਣੇ ਦਰਵਾਜ਼ੇ ਖੋਲ੍ਹ ਸਕਦੀ ਹੈ।
ਜ਼ਿਕਰਯੋਗ ਹੈ ਕਿ 2008 ਦੀਆਂ ਮਿਉਂਸਿਪਲ ਚੋਣਾਂ ਦੌਰਾਨ ਗਠਜੋੜ ਪਾਰਟੀਆਂ ਦਰਮਿਆਨ ਟਕਰਾਅ ਸਾਹਮਣੇ ਆਇਆ ਸੀ। ਭਾਜਪਾ ਨੇ ਦੋਸ਼ ਲਾਇਆ ਸੀ ਕਿ ਅਕਾਲੀ ਦਲ ਵੱਲੋਂ ਭਾਜਪਾ ਨੂੰ ਦਿੱਤੇ ਵਾਰਡਾਂ ਵਿਚ ਆਜ਼ਾਦ ਉਮੀਦਵਾਰ ਖੜ੍ਹੇ ਕਰ ਕੇ ਭਾਜਪਾ ਉਮੀਦਵਾਰਾਂ ਨੂੰ ਹਰਾਇਆ ਗਿਆ। ਅਗਲੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਵੱਲੋਂ ਵੱਧ ਸੀਟਾਂ ਉਤੇ ਦਾਅਵੇਦਾਰੀ ਕਰਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਭਾਜਪਾ ਹਰਿਆਣਾ ਚੋਣਾਂ ਵਿਚ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਤੋਂ ਆਪਣੇ ਪੱਖ ਵਿਚ ਫ਼ੈਸਲਾ ਕਰਵਾ ਕੇ ਵਿਰੋਧੀ ਧਿਰ ਦਾ ਨਿਸ਼ਾਨਾ ਤਾਂ ਬਣੀ, ਪਰ ਇਸ ਨਾਲ ਉਸ ਨੂੰ ਕੋਈ ਖ਼ਾਸ ਫ਼ਾਇਦਾ ਹੋਇਆ ਨਹੀਂ ਜਾਪਦਾ।
ਖਾਸ ਗੱਲ ਇਹ ਵੀ ਹੈ ਕਿ ਹੇਠਲੇ ਪੱਧਰ ‘ਤੇ ਅਕਾਲੀ-ਭਾਜਪਾ ਆਗੂਆਂ ਅੰਦਰ ਤਲਖ਼ੀ ਵਾਲਾ ਮਾਹੌਲ ਪਹਿਲਾਂ ਵੀ ਕਈ ਮੌਕਿਆਂ ‘ਤੇ ਬਣਦਾ ਰਿਹਾ ਹੈ, ਪਰ ਉਪਰਲੀ ਲੀਡਰਸ਼ਿਪ ਹਮੇਸ਼ਾ ਘੁਲੀ-ਮਿਲੀ ਰਹਿੰਦੀ ਰਹੀ ਹੈ। ਹੁਣ ਲੱਗਦਾ ਹੈ ਕਿ ਹੇਠਲੇ ਪੱਧਰ ‘ਤੇ ਫੈਲੀ ਕੁੜੱਤਣ ਨੂੰ ਭਾਜਪਾ ਦੀ ਉਪਰਲੀ ਲੀਡਰਸ਼ਿਪ ਵੱਲੋਂ ਵੀ ਪੂਰਾ ਥਾਪੜਾ ਮਿਲ ਰਿਹਾ ਹੈ। ਹਰਿਆਣਾ ਚੋਣਾਂ ਵਿਚ ਭਾਜਪਾ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਵੱਲੋਂ ਅਕਾਲੀਆਂ ‘ਤੇ ਕੀਤੇ ਹਮਲੇ ਵੀ ਇਸੇ ਕੜੀ ਦਾ ਹਿੱਸਾ ਸਨ ਕਿਉਂਕਿ ਸਿੱਧੂ ਵੱਲੋਂ ਕੱਢੀ ਭੜਾਸ ਪਿੱਛੇ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਦਾ ਹੱਥ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਪੰਜਾਬ ਭਾਜਪਾ ਲੀਡਰਸ਼ਿਪ ਵੱਲੋਂ ਨਸ਼ਾ-ਅਤਿਵਾਦ ਖਿਲਾਫ ਮੁਹਿੰਮ ਚਲਾਉਣ ਦੀਆਂ ਉਠ ਰਹੀਆਂ ਰਮਜ਼ਾਂ ਇਸ ਗੱਲ ਦਾ ਹੀ ਸੰਕੇਤ ਹਨ ਕਿ ਉਹ ਇਸ ਮਾਮਲੇ ਉਪਰ ਅਕਾਲੀ ਦਲ ਨਾਲੋਂ ਵਖਰੇਵਾਂ ਕਰਨਾ ਚਾਹੁੰਦੇ ਹਨ ਤੇ ਅਕਾਲੀ ਆਗੂਆਂ ਨੂੰ ਨਿਸ਼ਾਨਾ ਬਣਾ ਕੇ ਇਹ ਪ੍ਰਭਾਵ ਦੇਣ ਦਾ ਯਤਨ ਕਰ ਸਕਦੇ ਹਨ ਕਿ ਅਸਲ ਵਿਚ ਨਸ਼ਿਆਂ ਦਾ ਵਪਾਰ ਫੈਲਣ ਵਿਚ ਵੱਡਾ ਹੱਥ ਅਕਾਲੀਆਂ ਦਾ ਹੀ ਹੈ। ਦੂਜੇ ਪਾਸੇ ਅਕਾਲੀ ਦਲ ਵੱਲੋਂ ਖੇਤਰੀ ਪਾਰਟੀਆਂ ਨਾਲ ਸਹਿਯੋਗ ਲਈ ਹੱਥ ਵਧਾਉਣਾ ਆਉਣ ਵਾਲੇ ਹਾਲਾਤ ਦਾ ਟਾਕਰਾ ਕਰਨ ਦੀ ਰਣਨੀਤੀ ਦਾ ਹੀ ਹਿੱਸਾ ਸਮਝਿਆ ਜਾ ਸਕਦਾ ਹੈ। ਜੇ ਭਾਜਪਾ ਤੇ ਅਕਾਲੀ ਦਲ ਦੇ ਰਾਹ ਵੱਖ-ਵੱਖ ਹੁੰਦੇ ਹਨ ਤਾਂ ਅਕਾਲੀ ਦਲ ਦੀ ਟੇਕ ਇਨੈਲੋ, ਮੁਲਾਇਮ ਸਿੰਘ ਯਾਦਵ ਦੀ ਸਮਾਜਵਾਦੀ ਪਾਰਟੀ, ਬਿਹਾਰ ਦੇ ਨਿਤਿਸ਼ ਕੁਮਾਰ ਤੇ ਲਾਲੂ ਪ੍ਰਸਾਦ ਯਾਦਵ ਸਮੇਤ ਸਾਰੀਆਂ ਖੇਤਰੀ ਪਾਰਟੀਆਂ ਨਾਲ ਨੇੜਤਾ ਵਧਾਉਣ ਉੱਪਰ ਹੋਵੇਗੀ।
Leave a Reply