ਚੰਡੀਗੜ੍ਹ: ਭਾਜਪਾ ਨੇ ਆਪਣੇ ਬਲਬੂਤੇ ‘ਤੇ ਹਰਿਆਣਾ ਵਿਚ 90 ਸੀਟਾਂ ਵਿਚੋਂ 47 ਸੀਟਾਂ ਤੇ ਮਹਾਰਾਸ਼ਟਰ ਵਿਚ ਕੁੱਲ 288 ਸੀਟਾਂ ਵਿਚੋਂ 123 ਸੀਟਾਂ ਲੈ ਮੋਦੀ ਲਹਿਰ ਦੇ ਠੰਢੇ ਨਾ ਪੈਣ ਦਾ ਸਬੂਤ ਦਿੱਤਾ ਹੈ। 90 ਮੈਂਬਰੀ ਹਰਿਆਣਾ ਵਿਧਾਨ ਸਭਾ ਵਿਚ ਇਨੈਲੋ ਨੂੰ 19, ਕਾਂਗਰਸ ਨੂੰ 15, ਬਸਪਾ ਨੂੰ ਇਕ, ਹਰਿਆਣਾ ਜਨਹਿੱਤ ਕਾਂਗਰਸ ਨੂੰ ਦੋ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਇਕ ਸੀਟ ਮਿਲੀ, ਜਦੋਂਕਿ ਪੰਜ ਆਜ਼ਾਦ ਉਮੀਦਵਾਰ ਜਿੱਤੇ। ਭਾਜਪਾ ਦੇ ਇਕ ਸੀਨੀਅਰ ਆਗੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਰਾਜ ਵਿਚ ਕੀਤੀਆਂ 11 ਰੈਲੀਆਂ ਨਾਲ ਪਾਰਟੀ ਨੂੰ ਬਹੁਮਤ ਹਾਸਲ ਕਰਨ ਵਿਚ ਮਦਦ ਮਿਲੀ।
ਦੂਜੇ ਪਾਰੇ ਹਾਰ ਨੂੰ ਸਵੀਕਾਰ ਕਰਦਿਆਂ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਉਮੀਦ ਜ਼ਾਹਰ ਕੀਤੀ ਕਿ ਨਵੀਂ ਸਰਕਾਰ ਰਾਜ ਵਿਚ ਉਨ੍ਹਾਂ ਦੇ 10 ਸਾਲ ਸਾਸ਼ਨ ਦੌਰਾਨ ਚੱਲੀ ਵਿਕਾਸ ਦੀ ਰਫਤਾਰ ਨੂੰ ਬਰਕਰਾਰ ਰੱਖੇਗੀ। ਜ਼ਿਲ੍ਹਾ ਰੋਹਤਕ ਦੇ ਗੜ੍ਹੀ ਸਾਂਪਲਾ ਕਿਲੋਈ ਹਲਕੇ ਤੋਂ ਇਨੈਲੋ ਦੇ ਸਤੀਸ਼ ਕੁਮਾਰ ਨੂੰ 47,185 ਵੋਟਾਂ ਨਾਲ ਹਰਾਉਣ ਵਾਲੇ ਸ੍ਰੀ ਹੁੱਡਾ ਨੇ ਆਸ ਪ੍ਰਗਟਾਈ ਕਿ ਵਿਕਾਸ ਦੀ ਰਫਤਾਰ ਜਾਰੀ ਰਹੇਗੀ।
ਸੱਤਾ ਤੋਂ ਇਕ ਦਹਾਕੇ ਤੱਕ ਲਾਂਭੇ ਰਹੀ ਇਨੈਲੋ ਸੀਟਾਂ ਦੇ ਮਾਮਲੇ ਵਿਚ ਦੂਜੀ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ। ਕੁਲਦੀਪ ਬਿਸ਼ਨੋਈ ਦੀ ਹਰਿਆਣਾ ਜਨਹਿੱਤ ਪਾਰਟੀ ਤੇ ਉਸ ਦੀ ਸਹਿਯੋਗੀ ਸਾਬਕਾ ਕੇਂਦਰੀ ਮੰਤਰੀ ਵਿਨੋਦ ਸ਼ਰਮਾ ਦੀ ਜਨ ਚੇਤਨਾ ਪਾਰਟੀ, ਬਸਪਾ, ਖੱਬੀਆਂ ਪਾਰਟੀਆਂ, ਗੋਪਾਲ ਕਾਂਡਾ ਦੀ ਹਰਿਅਣਾ ਲੋਕਹਿੱਤ ਪਾਰਟੀ, ਹਰਿਆਣਾ ਦੇ ਸਿਆਸੀ ਨਕਸ਼ੇ ਉਪਰ ਹਾਸ਼ੀਏ ‘ਤੇ ਧੱਕੀਆਂ ਗਈਆਂ।
ਚੋਣਾਂ ਵਿਚ ਜਿੱਤੇ ਮੋਹਰੀ ਆਗੂਆਂ ਵਿਚ ਅਨਿਲ ਵਿੱਜ (ਅੰਬਾਲਾ ਛਾਉਣੀ), ਇਨੈਲੋ ਆਗੂ ਅਭੈ ਸਿੰਘ ਚੌਟਾਲਾ, ਨੈਨਾ ਚੌਟਾਲਾ ਤੇ ਹਰਿਆਣਾ ਦੇ ਮੰਤਰੀ ਤੇ ਕਾਂਗ਼ਰਸ ਦੇ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਸ਼ਾਮਲ ਹਨ।ਮਹਾਰਾਸ਼ਟਰ ਵਿਚ ਕਾਂਗਰਸ ਦੇ ਗੜ੍ਹ ਵਿਚ ਸੰਨ੍ਹ ਲਾ ਕੇ ਭਾਜਪਾ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ। ਨਤੀਜਿਆਂ ਮੁਤਾਬਕ ਪਾਰਟੀ ਨੂੰ ਰਾਜ ਵਿਚ 123 ਸੀਟਾਂ ਮਿਲੀਆਂ ਹਨ, ਜਦੋਂਕਿ ਕਾਂਗਰਸ ਨੂੰ 42, ਸ਼ਿਵ ਸੈਨਾ ਨੂੰ 63 ਤੇ ਐਨæਸੀæਪੀæ ਨੂੰ 41 ਸੀਟਾਂ ਮਿਲੀਆਂ। ਸ਼ਿਵ ਸੈਨਾ ਨਾਲੋਂ ਤੋੜ-ਵਿਛੋੜਾ ਕਰ ਕੇ ਆਪਣੇ ਬਲਬੂਤੇ ਚੋਣਾਂ ਲੜਦਿਆਂ ਪਾਰਟੀ 288 ਮੈਂਬਰੀ ਵਿਧਾਨ ਸਭਾ ਵਿਚ 123 ਸੀਟਾਂ ਹਾਸਲ ਕਰ ਕੇ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਪਰ ਉਹ ਬਹੁਮਤ ਦੇ ਜਾਦੂਈ ਅੰਕੜੇ 145 ਤੱਕ ਨਹੀਂ ਪੁੱਜ ਸਕੀ।
ਸ਼ਿਵ ਸੈਨਾ ਨੂੰ 63 ਸੀਟਾਂ ਮਿਲੀਆਂ, ਜਦੋਂਕਿ 41 ਸੀਟਾਂ ਉੱਤੇ ਜਿੱਤੀ ਐਨæਸੀæਪੀæ ਨੇ ਸਰਕਾਰ ਬਣਾਉਣ ਲਈ ਭਾਜਪਾ ਨੂੰ ਬਾਹਰੋਂ ਬਿਨਾਂ ਸ਼ਰਤ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਪਿਛਲੀ ਗਠਜੋੜ ਸਰਕਾਰ ਦੀ ਅਗਵਾਈ ਕਰਨ ਵਾਲੀ ਕਾਂਗਰਸ 81 ਤੋਂ ਘੱਟ ਕੇ 42 ਸੀਟਾਂ ਤੱਕ ਸਿਮਟ ਗਈ। ਰਾਜ ਠਾਕਰੇ ਦੀ ਮਹਾਰਾਸ਼ਟਰ ਨਵ-ਨਿਰਮਾਣ ਸੈਨਾ ਨੂੰ ਸਿਰਫ ਇਕ ਸੀਟ ਮਿਲੀ, ਜਦੋਂਕਿ ਪਿਛਲੀਆਂ ਚੋਣਾਂ ਵਿਚ ਪਾਰਟੀ ਦੇ 13 ਉਮੀਦਵਾਰ ਵਿਧਾਨ ਸਭਾ ਵਿਚ ਪੁੱਜੇ ਸਨ। ਹੈਦਰਾਬਾਦ ਦੀ ਮੁਸਲਿਮ ਮਜਲਿਸ ਪਾਰਟੀ ਵੀ ਦੋ ਸੀਟਾਂ ਨਾਲ ਖਾਤਾ ਖੋਲ੍ਹਣ ਵਿੱਚ ਸਫਲ ਰਹੀ।
____________________________________
ਹਰਿਆਣਾ ਵਿਚ ਪੰਜਾਬੀਆਂ ਦੇ ਹਿੱਸੇ ਆਈਆਂ 15 ਸੀਟਾਂ
ਚੰਡੀਗੜ੍ਹ: ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਜਿਥੇ ਭਾਰਤੀ ਜਨਤਾ ਪਾਰਟੀ ਨੇ ਇਸ ਵਾਰ ਬਹੁਮਤ ਪ੍ਰਾਪਤ ਕੀਤਾ ਹੈ, ਉਥੇ 15 ਪੰਜਾਬੀ ਵਿਧਾਨ ਸਭਾ ਵਿਚ ਪੁੱਜਣ ਵਿਚ ਸਫ਼ਲ ਹੋ ਗਏ ਹਨ। ਭਾਜਪਾ ਦੀਆਂ ਟਿਕਟਾਂ ‘ਤੇ 9 ਪੰਜਾਬੀ ਉਮੀਦਵਾਰ ਜੇਤੂ ਰਹੇ ਹਨ। ਕਾਂਗਰਸ ਵੱਲੋਂ ਚੋਣ ਮੈਦਾਨ ਵਿਚ ਉੱਤਰੇ ਪੰਜਾਬੀਆਂ ਵਿਚੋ ਕੋਈ ਵੀ ਜਿੱਤ ਹਾਸਲ ਨਹੀਂ ਕਰ ਸਕਿਆ। ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਜੱਦੀ ਜ਼ਿਲ੍ਹੇ ਤੇ ਰੋਹਤਕ ਸ਼ਹਿਰ ਤੋਂ ਕਾਂਗਰਸ ਦੇ ਪੰਜਾਬੀ ਉਮੀਦਵਾਰ ਬੀæਬੀæ ਬੱਤਰਾ ਚੋਣ ਹਾਰ ਗਏ ਹਨ।
ਪਿਹੋਵਾ ਵਿਧਾਨ ਸਭਾ ਹਲਕੇ ਤੋਂ ਸਾਬਕਾ ਮੰਤਰੀ ਤੇ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਪੰਜਾਬੀ ਉਮੀਦਵਾਰ ਜਸਵਿੰਦਰ ਸਿੰਘ ਸੰਧੂ ਲਗਾਤਾਰ ਦੋ ਵਾਰ ਚੋਣ ਹਾਰਨ ਤੋਂ ਬਾਅਦ ਇਸ ਵਾਰ ਜਿੱਤ ਗਏ ਹਨ। ਇੰਡੀਅਨ ਨੈਸ਼ਨਲ ਲੋਕ ਦਲ ਦੀ ਟਿਕਟ ‘ਤੇ ਚੋਣ ਜਿੱਤਣ ਵਾਲੇ ਪੰਜਾਬੀ ਉਮੀਦਵਾਰਾਂ ਵਿਚ ਰਤੀਆ ਹਲਕੇ ਤੋਂ ਪ੍ਰੋæ ਰਾਵਿੰਦਰ ਸਿੰਘ ਬਲਿਆਲਾ, ਬਰਵਾਲਾ ਵਿਧਾਨ ਸਭਾ ਹਲਕੇ ਤੋਂ ਵੇਦ ਨਾਰੰਗ, ਜੀਂਦ ਤੋਂ ਡਾæ ਹਰੀ ਚੰਦ ਮਿੱਡਾ ਤੇ ਰਾਣੀਆ ਤੋਂ ਰਾਮ ਚੰਦਰ ਹਨ।
ਇਨੈਲੋ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਦੋ ਸੀਟਾਂ ਦਿੱਤੀਆਂ ਸਨ ਤੇ ਕਾਲਾਂਵਾਲੀ ਵਿਧਾਨ ਸਭਾ ਹਲਕੇ ਤੋਂ ਪੰਜਾਬੀ ਉਮੀਦਵਾਰ ਬਲਕੌਰ ਸਿੰਘ ਚੋਣ ਜਿੱਤਣ ਵਿਚ ਸਫ਼ਲ ਰਹੇ ਹਨ। ਭਾਜਪਾ ਦੇ ਜੇਤੂ ਪੰਜਾਬੀ ਉਮੀਦਵਾਰਾਂ ਵਿਚ ਬੜਖਲ ਵਿਧਾਨ ਸਭਾ ਹਲਕੇ ਤੋਂ ਸੀਮਾ ਤ੍ਰਿਖਾ, ਅਸੰਧ ਤੋਂ ਬਖਸ਼ੀਸ਼ ਸਿੰਘ ਵਿਰਕ, ਇੰਦਰੀ ਤੋਂ ਕਰਨਦੇਵ ਕੰਬੋਜ, ਥਾਨੇਸਰ ਤੋਂ ਸੁਭਾਸ਼ ਸੁਧਾ, ਯਮੁਨਾਨਗਰ ਤੋਂ ਘਣਸ਼ਿਆਮ ਦਾਸ ਅਰੋੜਾ, ਟੋਹਾਣਾ ਤੋਂ ਸੁਭਾਸ਼ ਬਰਾਲਾ ਤੇ ਰੋਹਤਕ ਤੋਂ ਮੁਨੀਸ਼ ਗਰੋਵਰ ਦਾ ਨਾਮ ਵੀ ਸ਼ਾਮਲ ਹੈ। ਇਨ੍ਹਾਂ ਜਿੱਤਾਂ ਕਾਰਨ ਹਰਿਆਣਾ ਵਿਚ ਵੱਸਦੇ ਪੰਜਾਬੀ ਭਾਈਚਾਰਾ ਪੂਰਾ ਖੁਸ਼ ਹੈ। ਉਨ੍ਹਾਂ ਮੁਤਾਬਕ, ਹੁਣ ਉਹ ਆਪਣੀਆਂ ਮੰਗਾਂ ਜ਼ੋਰਦਾਰ ਢੰਗ ਨਾਲ ਉਠਾ ਸਕਣਗੇ।
Leave a Reply