ਚੰਡੀਗੜ੍ਹ: ਸੂਬੇ ਦੇ ਸਭ ਤੋਂ ਚਰਚਿਤ 6000 ਕਰੋੜ ਦੇ ਨਸ਼ੀਲੇ ਪਦਾਰਥਾਂ ਦੀ ਜਾਂਚ ਦੇ ਮਾਮਲੇ ਵਿਚ ਗ੍ਰਿਫਤਾਰ ਕੀਤੇ ਗੁਰਾਇਆ ਦੇ ਕਾਰੋਬਾਰੀ ਚੂਨੀ ਲਾਲ ਗਾਬਾ ਦੇ ਕੋਲਡ ਸਟੋਰ ਵਿਚੋਂ ਬਰਾਮਦ ਹੋਈ ਡਾਇਰੀ ਨੇ ਸਿਆਸੀ ਸਫ਼ਾਂ ਵਿਚ ਹਲਚਲ ਮਚਾਈ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਦੋ ਵਿਧਾਇਕ ਸਰਬਣ ਸਿੰਘ ਫਿਲੌਰ ਤੇ ਮੁੱਖ ਸੰਸਦੀ ਸਕੱਤਰ ਅਵਿਨਾਸ਼ ਚੰਦਰ ਅੱਜ-ਕੱਲ੍ਹ ਇਸ ਮਾਮਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ (ਈæਡੀ) ਦੇ ਨਿਸ਼ਾਨੇ ‘ਤੇ ਹਨ। ਡਾਇਰੀ ਵਿਚ ਨਾਂ ਆਉਣ ਤੋਂ ਬਾਅਦ ਜਲੰਧਰ ਲੋਕ-ਸਭਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਵੀ ਈæਡੀæ ਸਾਹਮਣੇ ਪੇਸ਼ ਹੋ ਚੁੱਕੇ ਹਨ।
ਇਸ ਜਾਂਚ ਵਿਚ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ‘ਤੇ ਵੀ ਉਂਗਲ ਉਠੀ ਸੀ ਪਰ ਅਜੇ ਤੱਕ ਮਜੀਠੀਆ ਖਿਲਾਫ ਕਾਰਵਾਈ ਤੋਂ ਟਾਲਾ ਵੱਟਿਆ ਜਾ ਰਿਹਾ ਹੈ।
ਚੁੰਨੀ ਲਾਲ ਗਾਬਾ ਦੀ ਡਾਇਰੀ ਉਸ ਵੇਲੇ ਚਰਚਾ ਵਿਚ ਆਈ ਸੀ ਜਦੋਂ ਆਮਦਨ ਕਰ ਵਿਭਾਗ ਨੇ ਫਰਵਰੀ ਮਹੀਨੇ ਗਾਬਾ ਦੇ ਕਾਰੋਬਾਰੀ ਅਦਾਰਿਆਂ ‘ਤੇ ਛਾਪੇਮਾਰੀ ਕੀਤੀ ਸੀ ਤੇ ਬਾਅਦ ਵਿਚ ਉਸ ਨੇ 16 ਕਰੋੜ ਰੁਪਏ ਤਾਂ ਸਰੰਡਰ ਕਰ ਦਿੱਤੇ ਸਨ ਪਰ ਇਕ ਮਿਲੀ ਡਾਇਰੀ ਨਾਲ ਹੀ ਰਾਜਨੀਤਕ ਆਗੂਆਂ, ਨੌਕਰਸ਼ਾਹਾਂ ਤੇ ਕਾਰੋਬਾਰੀਆਂ ‘ਤੇ ਗਾਬਾ ਨਾਲ ਸਬੰਧ ਰੱਖਣ ਦੇ ਦੋਸ਼ ਸਾਹਮਣੇ ਆਉਣ ਲੱਗੇ ਸਨ। ਗਾਬਾ ਦੀ ਡਾਇਰੀ ਵਿਚ 100 ਤੋਂ ਜ਼ਿਆਦਾ ਨਾਂ ਲਿਖੇ ਦੱਸੇ ਜਾਂਦੇ ਹਨ ਪਰ ਇਨ੍ਹਾਂ ਵਿਚ ਕਾਫ਼ੀ ਨਾਵਾਂ ਦੀ ਪਛਾਣ ਨਹੀਂ ਹੋ ਰਹੀ ਦੱਸੀ ਜਾ ਰਹੀ ਹੈ ਜਦਕਿ ਇਸ ਡਾਇਰੀ ਵਿਚ ਕੁਝ ਨਾਂ ਕੱਟੇ ਗਏ ਸਨ ਜਿਨ੍ਹਾਂ ਦਾ ਅਜੇ ਤੱਕ ਪਤਾ ਨਹੀਂ ਲੱਗਾ ਤੇ ਇਸ ਮਾਮਲੇ ਦੀ ਫੌਰੈਂਸਿਕ ਜਾਂਚ ਕਰਨ ਦੇ ਹੁਕਮ ਵੀ ਦਿੱਤੇ ਗਏ ਹਨ। ਉਕਤ ਆਗੂਆਂ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਦੁਬਾਰਾ ਸੱਦੇ ਜਾਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ। ਉਂਜ ਕਾਰੋਬਾਰੀ ਚੁੰਨੀ ਲਾਲ ਗਾਬਾ ਜਿਸ ਕੋਲੋਂ ਡਾਇਰੀ ਮਿਲੀ ਸੀ, ਉਹ ਆਪਣੇ ਲੜਕੇ ਸਮੇਤ ਵਿਭਾਗ ਦੇ ਦਫ਼ਤਰ ਵਿਚ ਪਹਿਲਾਂ ਹੀ ਪੇਸ਼ ਹੁੰਦੇ ਰਹੇ ਹਨ।
ਚੌਧਰੀ ਸੰਤੋਖ ਸਿੰਘ ਇਸ ਗੱਲ ਤੋਂ ਇਨਕਾਰ ਕਰ ਚੁੱਕੇ ਹਨ ਕਿ ਉਨ੍ਹਾਂ ਦਾ ਚੂਨੀ ਲਾਲ ਗਾਬਾ ਨਾਲ ਕੋਈ ਲੈਣ-ਦੇਣ ਹੁੰਦਾ ਰਿਹਾ ਹੈ। ਚੌਧਰੀ ਸੰਤੋਖ ਸਿੰਘ ਇਹ ਦਲੀਲ ਦਿੰਦੇ ਆ ਰਹੇ ਹਨ ਕਿ ਚੂਨੀ ਲਾਲ ਗਾਬਾ ਉਨ੍ਹਾਂ ਦੇ ਵਿਰੋਧੀ ਧਿਰ ਸ਼੍ਰੋਮਣੀ ਅਕਾਲੀ ਦਲ ਦੇ ਨਜ਼ਦੀਕੀ ਹਨ ਤਾਂ ਫਿਰ ਉਸ ਨਾਲ ਕਿਵੇਂ ਕੋਈ ਸਾਂਝ ਪਾਈ ਜਾ ਸਕਦੀ ਹੈ। ਆਮਦਨ ਕਰ ਵਿਭਾਗ ਨੂੰ ਜਿਹੜੀ ਗਾਬਾ ਦੇ ਕੋਲਡ ਸਟੋਰ ਵਿਚੋਂ ਡਾਇਰੀ ਮਿਲੀ ਸੀ ਉਸ ਵਿਚ ਚੌਧਰੀ ਸੰਤੋਖ ਸਿੰਘ ਦੇ ਨਾਂ ਅੱਗੇ ਪੈਸੇ ਦੇਣ ਦਾ ਜ਼ਿਕਰ ਕੀਤਾ ਹੋਇਆ ਸੀ। ਇਸ ਡਾਇਰੀ ਦੀ ਈæਡੀæ ਦੇ ਅਧਿਕਾਰੀ ਪੂਰੀ ਤਰ੍ਹਾਂ ਪੁਣਛਾਣ ਕਰ ਰਹੇ ਹਨ। ਇਸੇ ਡਾਇਰੀ ਵਿਚ ਮੁੱਖ ਸੰਸਦੀ ਸਕੱਤਰ ਅਵਿਨਾਸ਼ ਚੰਦਰ ਤੇ ਸਾਬਕਾ ਮੰਤਰੀ ਸਰਬਣ ਸਿੰਘ ਫਿਲੌਰ ਨੂੰ ਵੀ ਪੈਸੇ ਦੇਣ ਦਾ ਜ਼ਿਕਰ ਕੀਤਾ ਗਿਆ ਸੀ।
ਇਨਫੋਰਸਮੈਂਟ ਡਾਇਰੈਕਟੋਰੇਟ ਨੇ ਬੀਤੇ ਦਿਨੀਂ ਗੁਰਾਇਆ ਦੇ ਕਾਰੋਬਾਰੀ ਚੁੰਨੀ ਲਾਲ ਗਾਬਾ ਦੀ ਮਿਲੀ ਡਾਇਰੀ ਵਿਚ ਨਾਂ ਆਉਣ ਤੋਂ ਬਾਅਦ ਜਲੰਧਰ ਲੋਕ-ਸਭਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ, ਅਵਿਨਾਸ਼ ਚੰਦਰ, ਸਰਵਣ ਸਿੰਘ ਫਿਲੌਰ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਸਨ ਜਦਕਿ ਤਿੰਨੇ ਆਗੂਆਂ ਨੇ ਚੁੰਨੀ ਲਾਲ ਗਾਬਾ ਨਾਲ ਕਿਸੇ ਵੀ ਤਰ੍ਹਾਂ ਦੇ ਲੈਣ-ਦੇਣ ਤੋਂ ਸਪੱਸ਼ਟ ਇਨਕਾਰ ਕੀਤਾ ਸੀ।
__________________________________
ਸਬੂਤਾਂ ਦੇ ਬਾਵਜੂਦ ਮਜੀਠੀਏ ਨੂੰ ਹੱਥ ਨਹੀਂ ਪਾ ਰਹੀ ਈæਡੀæ: ਖਹਿਰਾ
ਕਾਂਗਰਸ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖਹਿਰਾ ਨੇ ਈæਡੀæ ਦੀ ਕਾਰਗੁਜ਼ਾਰੀ ‘ਤੇ ਸਵਾਲੀਆ ਨਿਸ਼ਾਨ ਲਾਉਂਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਦੋ ਵਿਧਾਇਕਾਂ ਸਰਬਣ ਸਿੰਘ ਫਿਲੌਰ ਤੇ ਮੁੱਖ ਸੰਸਦੀ ਸਕੱਤਰ ਅਵਿਨਾਸ਼ ਚੰਦਰ ਨੂੰ ਤਾਂ ਤਲਬ ਕੀਤਾ ਜਾ ਚੁੱਕਿਆ ਹੈ ਪਰ ਦੋ ਮਹੀਨੇ ਪਹਿਲਾਂ ਉਨ੍ਹਾਂ ਨੇ ਪੁਖ਼ਤਾ ਸਬੂਤ ਸਮੇਤ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਵਿਰੁੱਧ ਸ਼ਿਕਾਇਤ ਕੀਤੀ ਸੀ ਕਿ ਕਿਵੇਂ ਉਸ ਨੂੰ 70 ਲੱਖ ਦੀ ਰਕਮ ਪਹੁੰਚਾਈ ਗਈ ਸੀ ਪਰ ਅਜੇ ਤੱਕ ਉਨ੍ਹਾਂ ਨੂੰ ਇਸ ਬਾਰੇ ਕੋਈ ਲਿਖਤੀ ਜਵਾਬ ਨਹੀਂ ਦਿੱਤਾ ਗਿਆ।
ਸ੍ਰੀ ਖਹਿਰਾ ਨੇ ਕਿਹਾ ਕਿ ਉਹ ਛੇਤੀ ਹੀ ਇਸ ਬਾਰੇ ਈæਡੀæ ਤੱਕ ਪਹੁੰਚ ਕਰਕੇ ਦਿੱਤੀ ਗਈ ਸ਼ਿਕਾਇਤ ‘ਤੇ ਕਾਰਵਾਈ ਕਰਨ ਲਈ ਜ਼ੋਰ ਪਾਉਣਗੇ।
Leave a Reply