ਚੰਡੀਗੜ੍ਹ: ਕੁਲ ਹਿੰਦ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਪੜ੍ਹਾਏ ਅਨੁਸ਼ਾਸਨ ਦੇ ਪਾਠ ਦਾ ਪੰਜਾਬ ਪ੍ਰਦੇਸ਼ ਕਾਂਗਰਸ ਉਪਰ ਕੋਈ ਅਸਰ ਨਜ਼ਰ ਨਹੀਂ ਆਇਆ। ਰਾਹੁਲ ਗਾਂਧੀ ਦੀ ਚੰਡੀਗੜ੍ਹ ਫੇਰੀ ਕੈਪਟਨ ਤੇ ਬਾਜਵਾ ਖੇਮਿਆਂ ਵਿਚਕਾਰ ਫੁੱਟ ਮਿਟਾਉਣ ਵਿਚ ਕਾਮਯਾਬ ਹੁੰਦੀ ਨਹੀਂ ਜਾਪਦੀ। ਰਾਹੁਲ ਦੇ ਜਾਂਦਿਆਂ ਹੀ ਜਿਥੇ ਪੰਜਾਬ ਮਹਿਲਾ ਕਾਂਗਰਸ ਦੀ ਪ੍ਰਧਾਨ ਕਿੱਟੂ ਗਰੇਵਾਲ ਨੇ ਪੰਜਾਬ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ, ਉਥੇ ਸ਼ ਬਾਜਵਾ ਨੇ ਪੰਜਾਬ ਵਿਚ ਢਾਈ ਲੱਖ ਸਰਗਰਮ ਕਾਂਗਰਸੀਆਂ ਦਾ ਨੈਟਵਰਕ ਤਿਆਰ ਕਰਨ ਦੀ ਰਣਨੀਤੀ ਬਣਾਈ ਹੈ ਜਦ ਕਿ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਖੇਮਾ ਵੀ ਨਵੇਂ ਸਿਰਿਓਂ ਆਪਣੀ ਹੋਂਦ ਵਿਖਾਉਣ ਦੇ ਰੌਂਅ ਵਿਚ ਹੈ।
ਕੈਪਟਨ ਖੇਮਾ ਵੱਧ ਤੋਂ ਵੱਧ ਕਾਂਗਰਸੀ ਵਿਧਾਇਕਾਂ ਦੇ ਦਸਤਖਤਾਂ ਹੇਠ ਸ਼ ਬਾਜਵਾ ਵਿਰੁੱਧ ਸਾਂਝਾ ਪੱਤਰ ਪਾਰਟੀ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਨੂੰ ਸੌਂਪਣ ਦੀ ਤਿਆਰੀ ਵਿਚ ਹੈ। ਉਂਜ ਮਹਾਰਾਸ਼ਟਰ ਤੇ ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦਾ ਦੋਵਾਂ ਸੂਬਿਆਂ ਵਿਚੋਂ ਸਫ਼ਾਇਆ ਹੋਣ ਦੀ ਘਟਨਾ ਦਾ ਵੀ ਪੰਜਾਬ ਕਾਂਗਰਸ ‘ਤੇ ਅਸਰ ਪੈਣਾ ਸੁਭਾਵਿਕ ਹੈ। ਹਾਈਕਮਾਨ ਪਿਛਲੇ ਸਮੇਂ ਤੋਂ ਪਾਰਟੀ ਨੂੰ ਮਿਲ ਰਹੀਆਂ ਹਾਰਾਂ ਤੋਂ ਸਬਕ ਸਿੱਖ ਕੇ ਪਾਰਟੀ ਵਿਚਲੀ ਫੁੱਟ ਨੂੰ ਪੂਰਨ ਲਈ ਇਕਟੁੱਕ ਫੈਸਲਾ ਲੈ ਸਕਦੀ ਹੈ।
ਰਾਹੁਲ ਗਾਂਧੀ ਨੇ ਵੀ ਆਪਣੀ ਫੇਰੀ ਦੌਰਾਨ ਸੰਕੇਤ ਦਿੱਤਾ ਸੀ ਕਿ ਕੈਪਟਨ ਤੇ ਬਾਜਵਾ ਧੜਿਆਂ ਦੇ ਕਲੇਸ਼ ਨੂੰ ਠੰਢਾ ਕਰਨ ਲਈ ਉਹ ਡੰਡੇ ਦੀ ਵਰਤੋਂ ਵੀ ਕਰ ਸਕਦੇ ਹਨ। ਅਸਲ ਵਿਚ ਰਾਹੁਲ ਵੱਲੋਂ ਪੰਜਾਬ ਕਾਂਗਰਸ ਦੀ ਫੁੱਟ ਮਿਟਾਉਣ ਲਈ ਹੇਠਲੇ ਤੇ ਉਪਰਲੇ ਪੱਧਰ ਦੇ ਆਗੂਆਂ ਨਾਲ ਅਜਿਹੀਆਂ ਵੱਡੀਆਂ ਮੀਟਿੰਗਾਂ ਕਰਨ ਦਾ ਤਜਰਬਾ ਪਹਿਲਾਂ ਵੀ ਠੁੱਸ ਹੋ ਚੁੱਕਾ ਹੈ। ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਕਾਂਗਰਸ ਨੂੰ ਅਣਕਿਆਸੀ ਹਾਰ ਹੋਈ ਸੀ ਤਾਂ ਕੈਪਟਨ ਵਿਰੋਧੀਆਂ ਨੇ ਉਨ੍ਹਾਂ ਦੀ ਪ੍ਰਧਾਨਗੀ ਖੋਹਣ ਲਈ ਬਵਾਲ ਖੜ੍ਹਾ ਕੀਤਾ ਸੀ। ਉਸ ਵੇਲੇ ਵੀ ਰਾਹੁਲ ਨੇ ਇਥੇ ਅਜਿਹੀਆਂ ਹੀ ਮੀਟਿੰਗਾਂ ਕੀਤੀਆਂ ਸਨ ਪਰ ਉਸ ਦਾ ਵੀ ਕੋਈ ਸਿੱਟਾ ਨਹੀਂ ਨਿਕਲਿਆ ਸੀ।
ਹੁਣ ਵੀ ਜਦੋਂ 16 ਅਕਤੂਬਰ ਨੂੰ ਰਾਹੁਲ ਨੇ ਇਥੇ ਕਾਂਗਰਸ ਭਵਨ ਵਿਖੇ ਮੀਟਿੰਗਾਂ ਦਾ ਸਿਲਸਿਲਾ ਚਲਾਇਆ ਸੀ ਤਾਂ ਆਗੂਆਂ ‘ਤੇ ਰਾਹੁਲ ਦੇ ਭਾਸ਼ਣ ਦਾ ਅਸਰ ਕੁਝ ਪਲਾਂ ਵਿਚ ਹੀ ਖ਼ਤਮ ਹੋ ਗਿਆ ਸੀ। ਭਵਨ ਤੋਂ ਬਾਹਰ ਆਉਂਦਿਆਂ ਹੀ ਕੈਪਟਨ ਤੇ ਬਾਜਵਾ ਧੜਿਆਂ ਦੇ ਕੁਝ ਆਗੂ ਆਪੋ-ਆਪਣੇ ਆਗੂਆਂ ਦੀ ਹੀ ਬੋਲੀ ਬੋਲਦਿਆਂ ਇਕ-ਦੂਸਰੇ ਖ਼ਿਲਾਫ਼ ਦੂਸ਼ਣਬਾਜ਼ੀ ਕਰਦੇ ਰਹੇ। ਕੁਝ ਸੀਨੀਅਰ ਆਗੂਆਂ ਦਾ ਕਹਿਣਾ ਹੈ ਕਿ ਫੁੱਟ ਕਾਂਗਰਸੀਆਂ ਵਿਚ ਨਹੀਂ ਸਿਰਫ਼ ਕੈਪਟਨ ਤੇ ਬਾਜਵਾ ਵਿਚਕਾਰ ਹੀ ਹੈ। ਇਸ ਲਈ ਜੇਕਰ ਰਾਹੁਲ ਅਜਿਹੀਆਂ ਮੀਟਿੰਗਾਂ ਕਰਨ ਦੀ ਥਾਂ ਇਨ੍ਹਾਂ ਦੋਵਾਂ ਆਗੂਆਂ ਨੂੰ ਬੰਦ ਕਮਰੇ ਵਿਚ ਕੋਈ ਨਸੀਹਤ ਦਿੰਦੇ ਤਾਂ ਉਸ ਦੇ ਚੰਗੇ ਸਿੱਟੇ ਨਿਕਲ ਸਕਦੇ ਸਨ।
ਸ਼ ਬਾਜਵਾ ਧੜੇ ਨੇ ਕੈਪਟਨ ਨਾਲ ਵਿਧਾਇਕਾਂ ਦੀ ਬਹੁ ਗਿਣਤੀ ਹੋਣ ਦੇ ਖੱਪੇ ਨੂੰ ਭਰਨ ਲਈ ਅਹੁਦੇਦਾਰਾਂ ਦਾ ਨਵੇਂ ਸਿਰਿਓਂ ਨੈਟਵਰਕ ਤਿਆਰ ਕੀਤਾ ਜਾ ਰਿਹਾ ਹੈ। ਸ਼ ਬਾਜਵਾ ਨੇ ਕਾਂਗਰਸ ਦੀਆਂ ਬਲਾਕ ਪੱਧਰੀ ਮੀਟਿੰਗਾਂ ਲਈ 117 ਅਬਜ਼ਰਵਰ, 26 ਜ਼ਿਲ੍ਹਾ ਇੰਚਾਰਜ ਤੇ 23 ਪਾਰਟੀ ਦੇ ਵੱਖ-ਵੱਖ ਸੈੱਲਾਂ ਦੇ ਇੰਚਾਰਜ ਨਿਯੁਕਤ ਕੀਤੇ ਹਨ। ਸ਼ ਬਾਜਵਾ ਨੇ ਦੱਸਿਆ ਕਿ ਉਨ੍ਹਾਂ ਅਕਾਲੀ ਦਲ-ਭਾਜਪਾ ਸਰਕਾਰ ਦੀਆਂ ਵਧੀਕੀਆਂ ਦਾ ਮੁਕਾਬਲਾ ਕਰਨ ਲਈ ਢਾਈ ਲੱਖ ਸਰਗਰਮ ਕਾਂਗਰਸੀ ਵਰਕਰ ਤਿਆਰ ਕਰਨ ਦਾ ਟੀਚਾ ਮਿਥਿਆ ਹੈ, ਜਿਸ ਤਹਿਤ ਪੰਜਾਬ ਭਰ ਵਿਚ ਹਰ ਚੋਣ ਬੂਥ ਲਈ 11 ਮੈਂਬਰੀ ਟੀਮ ਨਿਯੁਕਤ ਕੀਤੀ ਜਾ ਰਹੀ ਹੈ। ਜ਼ਿਲ੍ਹਾ ਤੇ ਬਲਾਕ ਕਮੇਟੀਆਂ ਨੂੰ ਹਰ ਮਹੀਨੇ ਮੀਟਿੰਗ ਕਰਨ ਦੇ ਆਦੇਸ਼ ਦਿੱਤੇ ਹਨ।
ਉਨ੍ਹਾਂ ਕਿਹਾ ਕਿ ਇਸ ਪ੍ਰਕਿਰਿਆ ਦਾ ਮੁੱਖ ਮਕਸਦ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਦਿੱਲੀ ਤੋਂ ਟਿਕਟਾਂ ਹਾਸਲ ਕਰਨ ਵਾਲਿਆਂ ਦਾ ਭਰਮ ਤੋੜਨਾ ਹੈ ਕਿ ਭਵਿੱਖ ਵਿਚ ਟਿਕਟਾਂ ਪਾਰਟੀ ਦੇ ਪ੍ਰਪੱਕ ਵਰਕਰਾਂ ਨੂੰ ਹੀ ਮਿਲਣਗੀਆਂ। ਭਵਿੱਖ ਵਿਚ ਬਲਾਕ ਤੇ ਜ਼ਿਲ੍ਹਾ ਕਮੇਟੀਆਂ ਦੀਆ ਮੀਟਿੰਗਾਂ ਵਿਚ ਉਮੀਦਵਾਰ ਦੀ ਕਾਰਗੁਜ਼ਾਰੀ ਦੇਖ ਕੇ ਹੀ ਟਿਕਟਾਂ ਦਿੱਤੀਆਂ ਜਾਣਗੀਆਂ। ਸ਼ ਬਾਜਵਾ ਨੇ ਜ਼ਿਲ੍ਹਾ ਤੇ ਬਲਾਕ ਕਮੇਟੀਆਂ ਨੂੰ ਹਰ ਮਹੀਨੇ ਭਖ਼ਵੇਂ ਮੁੱਦੇ ਉਪਰ ਸਰਕਾਰ ਵਿਰੁੱਧ ਰੈਲੀ/ਧਰਨਾ ਮਾਰਨ ਦੇ ਆਦੇਸ਼ ਵੀ ਦਿੱਤੇ ਹਨ।
Leave a Reply