ਚੰਡੀਗੜ੍ਹ: ਜ਼ਿਮਨੀ ਚੋਣਾਂ ਵਿਚ ਮਾੜੇ ਪ੍ਰਦਰਸ਼ਨ ਤੋਂ ਸਬਕ ਲੈਂਦਿਆਂ ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਵਿਚ ਪਾਰਟੀ ਵਿਚ ਨਹੀਂ ਰੂਹ ਫੂਕਣ ਦਾ ਫੈਸਲਾ ਕੀਤਾ ਹੈ। ‘ਆਪ’ ਵੱਲੋਂ ਪੰਜਾਬ ਵਿਚ ਪਾਰਟੀ ਦੀ ਮਜ਼ਬੂਤੀ ਲਈ ਵੱਖ-ਵੱਖ ਵਰਗਾਂ ਦੇ ਵਿੰਗ ਬਣਾਉਣ ਬਾਰੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੋਂ ਸਹਿਮਤੀ ਲੈ ਲਈ ਹੈ।
ਪਾਰਟੀ ਦੀ ਕੇਂਦਰੀ ਤੇ ਸੂਬਾਈ ਲਡਿਰਸ਼ਿਪ ਸੂਬੇ ਵਿਚ ਹੋਣ ਵਾਲੀਆਂ ਨਗਰ ਕੌਂਸਲ ਚੋਣਾਂ ਨੂੰ ਗੰਭੀਰਤਾ ਨਾਲ ਲੈ ਰਹੀ ਹੈ। ਇਸ ਬਾਰੇ ਸਮੁੱਚੇ ਜ਼ਿਲ੍ਹਿਆਂ ਵਿਚ ਅਬਜ਼ਰਵਰਾਂ ਦੀ ਨਿਯੁਕਤੀ ਕਰਨ ਤੋਂ ਬਾਅਦ ਨਵ ਨਿਯੁਕਤ ਅਬਜ਼ਰਵਰਾਂ ਨੂੰ ਲੁਧਿਆਣਾ ਵਿਚ ਬਾਕਾਇਦਾ ਟਰੇਨਿੰਗ ਵੀ ਦਿੱਤੀ ਗਈ ਹੈ। ਇਹ ਵੀ ਪਤਾ ਲੱਗਾ ਹੈ ਕਿ ਇਸ ਟਰੇਨਿੰਗ ਮੌਕੇ ਸ਼ ਛੋਟੇਪੁਰ ਨੇ ਖ਼ੁਦ ਪੁੱਜ ਕੇ ਪਾਰਟੀ ਦੇ ਅਬਜ਼ਰਵਰਾਂ ਨੂੰ ਨਗਰ ਕੌਂਸਲ ਚੋਣਾਂ ਲਈ ਹੁਣੇ ਤੋਂ ਚੋਣ ਪ੍ਰਚਾਰ ਸ਼ੁਰੂ ਕਰਨ ਦੇ ਨਿਰਦੇਸ਼ ਦੇ ਦਿੱਤੇ ਹਨ।
ਸੁੱਚਾ ਸਿੰਘ ਛੋਟੇਪੁਰ ਮੰਨਿਆ ਕਿ ਕੁਝ ਥਾਵਾਂ ‘ਤੇ ਪਾਰਟੀ ਵਿਚ ਫੁੱਟ ਹੈ ਪਰ ਨਵੇਂ ਵਿੰਗਾਂ ਵਿਚ ਸਭ ਨੂੰ ਅਡਜਸਟ ਕਰ ਦਿੱਤਾ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਪ੍ਰਤੀ ਰਾਜ ਦੇ ਸਮੁੱਚੇ ਵਰਗਾਂ ਵਿਚ ਬਹੁਤ ਉਤਸ਼ਾਹ ਹੈ। ਨਗਰ ਕੌਂਸਲ ਦੀ ਵਾਰਡਬੰਦੀ ਸਮੇਂ ਹੋ ਰਹੀਆਂ ਬੇਨਿਯਮੀਆਂ ਨੂੰ ਪਾਰਟੀ ਚੁਣੌਤੀ ਦੇਵੇਗੀ। ਭਰੋਸੇਯੋਗ ਵਸੀਲਿਆਂ ਮੁਤਾਬਕ ਆਮ ਆਦਮੀ ਪਾਰਟੀ ਵੱਲੋਂ ਪ੍ਰਮੁੱਖ ਤੌਰ ‘ਤੇ ਸੂਬੇ ਵਿਚ ਪਾਰਟੀ ਦੇ ਮਹਿਲਾ ਵਿੰਗ, ਕਿਸਾਨ ਤੇ ਮਜ਼ਦੂਰ ਵਿੰਗ, ਐਕਸ ਸਰਵਿਸਮੈਨ ਵਿੰਗ, ਲੀਗਲ ਵਿੰਗ ਸ਼ਾਮਲ ਹਨ। ਪਾਰਟੀ ਦੇ ਪਹਿਲਾਂ ਹੀ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਦੀ ਅਗਵਾਈ ਹੇਠ ਬਣੇ ਹੋਏ ਯੂਥ ਵਿੰਗ ਦਾ ਵੀ ਹੋਰ ਵਿਸਤਾਰ ਕੀਤਾ ਜਾ ਰਿਹਾ ਹੈ।
ਪਾਰਟੀ ਆਪਣੀ ਧਰਮ ਨਿਰਪੱਖ ਤੇ ਜਾਤ-ਪਾਤ ਵਿਰੋਧੀ ਨੀਤੀ ‘ਤੇ ਚੱਲਣ ਦੇ ਮੰਤਵ ਨਾਲ ਐਸਸੀ/ਬੀਸੀ ਆਦਿ ਵਿੰਗ ਨਹੀਂ ਬਣਾਏਗੀ। ਮਿਲੀ ਜਾਣਕਾਰੀ ਮੁਤਾਬਕ ਪਾਰਟੀ ਦੇ ਸੂਬਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਇਨ੍ਹਾਂ ਵਿੰਗਾਂ ਦੇ ਗਠਨ ਬਾਰੇ ਨਵੀਂ ਦਿੱਲੀ ਵਿਚ ਪਾਰਟੀ ਦੀ ਕੌਮੀ ਕਮੇਟੀ ਦੀ ਮੀਟਿੰਗ ਮੌਕੇ ਅਰਵਿੰਦ ਕੇਜਰੀਵਾਲ ਨਾਲ ਵਿਸਥਾਰ ਵਿਚ ਚਰਚਾ ਕੀਤੀ ਹੈ। ਮੀਟਿੰਗ ਵਿਚ ਇਹ ਵੀ ਫ਼ੈਸਲਾ ਲਿਆ ਗਿਆ ਹੈ ਕਿ ਪਾਰਟੀ ਲਈ ਕੰਮ ਕਰਨ ਵਾਲੇ ਵਰਕਰਾਂ ਤੇ ਆਗੂਆਂ ਨੂੰ ਇਨ੍ਹਾਂ ਵਿੰਗਾਂ ਵਿਚ ਅਡਜਸਟ ਕੀਤਾ ਜਾਵੇ।
ਪਾਰਟੀ ਲੀਡਰਸ਼ਿਪ ਨਵੇਂ ਜ਼ਿਲ੍ਹਾ ਕਨਵੀਨਰ ਲਾਉਣ ਮਗਰੋਂ ਨਾਰਾਜ਼ ਹੋਏ ਪੁਰਾਣੇ ਜ਼ਿਲ੍ਹਾ ਕਨਵੀਨਰਾਂ ਨੂੰ ਨਵੇਂ ਬਣਾਏ ਜਾਣ ਵਾਲੇ ਵਿੰਗਾਂ ਵਿਚ ਮਹੱਤਵਪੂਰਣ ਜ਼ਿੰਮੇਵਾਰੀਆਂ ਦੇ ਕੇ ਹਰ ਜ਼ਿਲ੍ਹੇ ਵਿਚ ਉੱਠੀ ਬਗਾਵਤ ਨੂੰ ਦਬਾਉਣਾ ਚਾਹੁੰਦੀ ਹੈ।
ਪਤਾ ਲੱਗਾ ਹੈ ਕਿ ਸ੍ਰੀ ਕੇਜਰੀਵਾਲ ਨੇ ਪਾਰਟੀ ਦੀ ਸੂਬਾਈ ਲਡਿਰਸ਼ਿਪ ਨੂੰ ਪਾਰਟੀ ਨੂੰ ਹੇਠਲੇ ਪੱਧਰ ਤੱਕ ਮਜ਼ਬੂਤ ਕਰਨ ਤੇ ਇਸ ਦੇ ਜਥੇਬੰਦਕ ਢਾਂਚੇ ਦਾ ਨਿਰਮਾਣ ਛੇਤੀ ਤੋਂ ਛੇਤੀ ਕਰਨ ਦੀਆਂ ਵੀ ਹਦਾਇਤਾਂ ਦਿੱਤੀਆਂ ਹਨ।
Leave a Reply