ਆਰਥਿਕ ਮੰਦਹਾਲੀ ਵਿਚ ਘਿਰਿਆ ਭਾਸ਼ਾ ਵਿਭਾਗ

ਪਟਿਆਲਾ: ਭਾਸ਼ਾ ਵਿਭਾਗ ਪੰਜਾਬ ਨੂੰ ਆਰਥਿਕ ਤੰਗੀ ਨੇ ਆਨ ਘੇਰਿਆ ਹੈ। ਫੰਡਾਂ ਦੀ ਤੋਟ ਕਾਰਨ ਖਰੜਿਆਂ ਦੀ ਛਪਾਈ ਨੂੰ ਵੀ ਫਿਲਹਾਲ ਬਰੇਕਾਂ ਲੱਗ ਗਈਆਂ ਹਨ। ਪ੍ਰਿੰਟਿੰਗ ਤੇ ਸਟੇਸ਼ਨਰੀ ਵਿਭਾਗ ਨੇ ਭਾਸ਼ਾ ਵਿਭਾਗ ਵੱਲ ਬਕਾਇਆ ਖੜ੍ਹੀ ਰਕਮ ਦਾ ਹਿਸਾਬ ਕਿਤਾਬ ਹੋਣ ਤੱਕ ਛਪਾਈ ਰੋਕ ਲਈ ਹੈ। ਕੁਝ ਦਿਨ ਪਹਿਲਾਂ ਭਾਸ਼ਾ ਵਿਭਾਗ ਨੇ ਫ਼ੈਸਲਾ ਲਿਆ ਸੀ ਕਿ ਪਹਿਲ ਦੇ ਆਧਾਰ ‘ਤੇ ਤਕਰੀਬਨ ਸੌ ਖਰੜਿਆਂ ਨੂੰ ਛਪਾਈ ਪ੍ਰਕਿਰਿਆ ਦਾ ਹਿੱਸਾ ਬਣਾਇਆ ਜਾਵੇਗਾ।
ਇਸ ਬਾਰੇ ਵਿਭਾਗ ਵੱਲੋਂ ਖਰੜਿਆਂ ਦੀ ਕੰਪੋਜ਼ਿੰਗ ਵੀ ਆਰੰਭ ਦਿੱਤੀ ਗਈ ਸੀ ਪਰ ਫੰਡਾਂ ਦੀ ਤੋਟ ਅੱਗੇ ਅਜਿਹੇ ਸਾਰੇ ਪ੍ਰੋਗਰਾਮ ਫਿੱਕੇ ਪੈਂਦੇ ਨਜ਼ਰ ਆਉਣ ਲੱਗੇ ਹਨ। ਸੂਤਰਾਂ ਮੁਤਾਬਕ ਪ੍ਰਿੰਟਿੰਗ ਤੇ ਸਟੇਸ਼ਨਰੀ ਵਿਭਾਗ ਪੰਜਾਬ, ਜਿਸ ਤੋਂ ਭਾਸ਼ਾ ਵਿਭਾਗ ਆਪਣੀਆਂ ਕਿਤਾਬਾਂ ਛਪਵਾਉਂਦਾ ਹੈ, ਨੇ ਭਾਸ਼ਾ ਵਿਭਾਗ ਨੂੰ ਛਪਾਈ ਤੋਂ ਪਹਿਲਾਂ ਪਿਛਲਾ ਹਿਸਾਬ ਨਿਬੇੜਨ ਲਈ ਕਿਹਾ ਹੈ। ਪ੍ਰਿੰਟਿੰਗ ਪ੍ਰੈਸ ਤੇ ਸਟੇਸ਼ਨਰੀ ਵਿਭਾਗ, ਪੰਜਾਬ ਦੇ ਡਿਪਟੀ ਕੰਟਰੋਲਰ ਪਰਮਿੰਦਰ ਸਿੰਘ ਨੇ ਮੰਨਿਆ ਕਿ ਉਨ੍ਹਾਂ ਨੂੰ ਅਜਿਹਾ ਤਾਂ ਕਰਨਾ ਪਿਆ ਹੈ ਤਾਂ ਜੋ ਪਿਛਲਾ ਹਿਸਾਬ ਨਿਬੇੜਿਆ ਜਾ ਸਕੇ।
ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰਿੰਟਿੰਗ ਵਿਭਾਗ ਵਿੱਤੀ ਮਾਮਲੇ ‘ਤੇ ਫੂਕ-ਫੂਕ ਕੇ ਪੈਰ ਰੱਖ ਰਿਹਾ ਹੈ ਕਿਉਂਕਿ ਤਕਰੀਬਨ ਸਾਰੇ ਵਿਭਾਗ ਹੀ ਫੰਡਾਂ ਦੀ ਤੋਟ ਵਿਚ ਹਨ। ਪ੍ਰਿੰਟਿੰਗ ਤੇ ਸਟੇਸ਼ਨਰੀ ਵਿਭਾਗ ਦਾ ਤਹੱਈਆ ਹੈ ਕਿ ਅਜਿਹੇ ਵਿਭਾਗਾਂ ਦਾ ਉਨਾ ਹੀ ਕੰਮ ਕੀਤਾ ਜਾਵੇ ਜਿੰਨੀ ਉਹ ਰਕਮ ਅਦਾ ਸਕਣ। ਉਨ੍ਹਾਂ ਕਿਹਾ ਕਿ ਭਾਸ਼ਾ ਵਿਭਾਗ ਦਾ ਕਿਤਾਬਾਂ ਛਪਵਾਉਣ ਦਾ ਵਧੇਰੇ ਕੰਮ ਬਾਹਰੋਂ ਰਜਿਸਟਰਡ ਪ੍ਰਿੰਟਿੰਗ ਪ੍ਰੈਸਾਂ ਤੋਂ ਹੀ ਕਰਵਾਇਆ ਜਾਂਦਾ ਹੈ ਤੇ ਅਜਿਹੀਆਂ ਪ੍ਰਾਈਵੇਟ ਫਰਮਾਂ ਬਕਾਇਆ ਰਕਮ ਰੁਕ ਜਾਣ ਜਾਂ ਫਸ ਜਾਣ ‘ਤੇ ਕਈ ਵਾਰ ਰੌਲਾ ਪਾ ਦਿੰਦੀਆਂ ਹਨ। ਅਜਿਹੇ ਵਿਚ ਹੀ ਫਿਲਹਾਲ ਭਾਸ਼ਾ ਵਿਭਾਗ ਦੀ ਛਪਾਈ ਦੇ ਕੰਮ ਨੂੰ ਰੋਕਣਾ ਪਿਆ ਹੈ। ਜਦੋਂ ਉਹ ਪਿਛਲਾ ਸਾਰਾ ਹਿਸਾਬ ਨਿਬੇੜ ਲੈਣਗੇ, ਉਸ ਮਗਰੋਂ ਹੀ ਪ੍ਰਿੰਿਟੰਗ ਦਾ ਅਗਲਾ ਕੰਮ ਫੜਿਆ ਜਾਵੇਗਾ।
ਇਸ ਮਾਮਲੇ ‘ਤੇ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਚੇਤਨ ਸਿੰਘ ਦਾ ਕਹਿਣਾ ਹੈ ਕਿ ਭਾਸ਼ਾ ਵਿਭਾਗ ਨੇ ਖ਼ੁਦ ਹੀ ਅਜਿਹੇ ਕੰਮ ਫਿਲਹਾਲ ਰੋਕੇ ਹੋਏ ਹਨ ਤਾਂ ਜੋ ਤਰਤੀਬ ਤੇ ਵਿਉਂਤਬੰਦੀ ਅਪਨਾਈ ਜਾ ਸਕੇ। ਫੰਡਾਂ ਦੀ ਤੋਟ ਦੇ ਮੁੱਦੇ ‘ਤੇ ਉਨ੍ਹਾਂ ਸਪੱਸ਼ਟ ਕੀਤਾ ਕਿ ਅਜਿਹੀਆਂ ਦਿਕੱਤਾਂ ਹਨ ਪਰ ਸਰਕਾਰ ਨਾਲ ਇਸ ਮਾਮਲੇ ‘ਤੇ ਗੱਲਬਾਤ ਚੱਲ ਰਹੀ ਹੈ। ਸੂਤਰਾਂ ਮੁਤਾਬਕ ਪ੍ਰਿੰਟਿੰਗ ਤੇ ਸਟੇਸ਼ਨਰੀ ਵਿਭਾਗ ਦੇ ਅਜਿਹੇ ਸਖ਼ਤ ਰੁਖ਼ ਕਾਰਨ ਭਾਸ਼ਾ ਵਿਭਾਗ ਦੇ ਕਈ ਖਰੜੇ, ਜੋ ਛਪਾਈ ਅਧੀਨ ਸਨ, ਫਿਲਹਾਲ ਅੱਧਵਾਟੇ ਫਸ ਗਏ ਹਨ ਤੇ ਅਗਲੇ ਛਪਾਈ ਪ੍ਰੋਗਰਾਮ ‘ਤੇ ਸਵਾਲੀਆ ਚਿੰਨ੍ਹ ਲੱਗ ਗਿਆ ਹੈ।
________________________
ਕਿਤਾਬਾਂ ਵੈਬਸਾਈਟ ‘ਤੇ ਪਾਉਣ ਦੀ ਤਿਆਰੀ
ਪਟਿਆਲਾ: ਭਾਸ਼ਾ ਵਿਭਾਗ ਪੰਜਾਬ ਵੱਲੋਂ ਹੁਣ ਆਪਣੀਆਂ ਪ੍ਰਕਾਸ਼ਿਤ ਕਿਤਾਬਾਂ ਨੂੰ ਵੈੱਬਸਾਈਟ ‘ਤੇ ਪਾਉਣ ਦਾ ਟੀਚਾ ਮਿੱਥਿਆ ਗਿਆ ਹੈ। ਵਿਭਾਗ ਨੇ ਹੁਣ ਤੱਕ ਤਕਰੀਬਨ 1500 ਕਿਤਾਬਾਂ ਦੇ ਵੰਨ-ਸਵੰਨੇ ਟਾਈਟਲ ਪ੍ਰਕਾਸ਼ਿਤ ਕੀਤੇ ਹਨ। ਵਿਭਾਗ ਕੋਲ ਪੰਜਾਬੀ, ਹਿੰਦੀ, ਉਰਦੂ ਤੇ ਅੰਗਰੇਜ਼ੀ ਭਾਸ਼ਾਵਾਂ ‘ਤੇ ਆਧਾਰਤ ਕਿਤਾਬਾਂ ਦਾ ਵੱਡਾ ਭੰਡਾਰ ਹੈ। ਵਿਭਾਗ ਦੀਆਂ ਕਿਤਾਬਾਂ ਦਾ ਮੁੱਲ ਦੇਸ਼ ਭਰ ਨਾਲੋਂ ਸਸਤਾ ਹੈ। ਨਿਰਧਾਰਤ ਕਿਫ਼ਾਇਤੀ ਮੁੱਲ ‘ਤੇ ਵੀ ਆਮ ਪਾਠਕ ਨੂੰ 40 ਫ਼ੀਸਦੀ ਤੱਕ ਛੋਟ ਦਿੱਤੀ ਜਾਂਦੀ ਹੈ ਜਦਕਿ ਵਿਭਾਗ ਕੋਲ ਰਜਿਸਟਰਡ ਡਿੱਪੂ ਹੋਲਡਰਾਂ ਨੂੰ ਇਹ ਰਿਆਇਤ 45 ਫ਼ੀਸਦੀ ਤੱਕ ਦਿੱਤੀ ਜਾ ਰਹੀ ਹੈ। ਭਾਸ਼ਾ ਵਿਭਾਗ ਵੱਲੋਂ ਸਾਹਿਤ, ਸੱਭਿਆਚਾਰ ਤੇ ਇਤਿਹਾਸ ਨਾਲ ਸਬੰਧਤ ਮਹੱਤਵਪੂਰਨ ਖੋਜ ਵਿਸ਼ਿਆਂ, ਪੰਜਾਬੀ ਵਿਸ਼ਵਕੋਸ਼, ਕੋਸ਼, ਬਾਲ ਗਿਆਨ, ਖੋਜ ਹਵਾਲਾ ਗ੍ਰੰਥ, ਸਰਵੇ ਪੁਸਤਕਾਂ ਤੇ ਅਨੁਵਾਦ ਦੇ ਵਿਸ਼ਵ ਕਲਾਸਕੀ ਸਾਹਿਤ ਬਾਰੇ ਪੁਸਤਕਾਂ ਛਪਵਾਈਆਂ ਜਾਂਦੀਆਂ ਹਨ। ਭਾਵੇਂ ਪਾਠਕ ਵਰਗ ਵੱਲੋਂ ਇਨ੍ਹਾਂ ਕਿਤਾਬਾਂ ਦੀ ਖਰੀਦਕਾਰੀ ਕੀਤੀ ਜਾ ਰਹੀ ਹੈ ਪਰ ਵਿਭਾਗ ਦਾ ਤਹੱਈਆ ਹੈ ਕਿ ਕਿਤਾਬਾਂ ਦੇ ਮਾਮਲੇ ਨੂੰ ਵੀ ਆਧੁਨਿਕ ਕੀਤਾ ਜਾਵੇ। ਇਨ੍ਹਾਂ ਦੀ ਪਛਾਣ ਕੰਪਿਊਟਰ ਯੁੱਗ ਦੇ ਹਾਣ ਦੀ ਬਣਾਉਣ ਲਈ ਹੁਣ ਵਿਭਾਗ ਵੱਲੋਂ ਆਪਣੀਆਂ ਪ੍ਰਕਾਸ਼ਿਤ ਕਿਤਾਬਾਂ ਨੂੰ ਵੈੱਬਸਾਈਟ ‘ਤੇ ਪਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਵਿਭਾਗ ਦੇ ਡਾਇਰੈਕਟਰ ਡਾæ ਚੇਤਨ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋਂ ਕਿਤਾਬਾਂ ਪੜ੍ਹਣ ਦੀ ਪੈਦਾ ਹੋ ਰਹੀ ਨਵੀਂ ਰੁਚੀ ਦੇ ਮੱਦੇਨਜ਼ਰ ਇਹ ਵਿਚਾਰਿਆ ਜਾ ਰਿਹਾ ਹੈ ਕਿ ਆਪਣੀਆਂ ਛਪੀਆਂ ਸਾਰੀਆਂ ਕਿਤਾਬਾਂ ਨੂੰ ਵਿਭਾਗ ਦੀ ਵੈੱਬਸਾਈਟ ‘ਤੇ ਪਾ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਨਵੀਂ ਪੀੜ੍ਹੀ ਵਿਚ ਕਿਤਾਬਾਂ ਪੜ੍ਹਨ ਦੀ ਰੁਚੀ ਨੂੰ ਬਰਕਰਾਰ ਰੱਖਣ ਬਾਰੇ ਵਿਭਾਗ ਸੋਚ ਰਿਹਾ ਹੈ ਤੇ ਕਿਤਾਬਾਂ ਨੂੰ ਇੰਟਰਨੈੱਟ ਨਾਲ ਜੋੜਣ ਦਾ ਵਿਚਾਰ ਖੁੱਲ੍ਹ ਕੇ ਸਾਹਮਣੇ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਇਸ ਪ੍ਰਾਜੈਕਟ ਲਈ ਵੱਡੇ ਫੰਡ ਤੇ ਕਿਰਤ ਸ਼ਕਤੀ ਦੀ ਜ਼ਰੂਰਤ ਪਵੇਗੀ ਪਰ ਅਜਿਹੇ ਉੱਦਮ ਨੂੰ ਛੇਤੀ ਹੀ ਸਰਕਾਰ ਨਾਲ ਵਿਚਾਰਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਵਿਭਾਗ ਦੀ ਵੈੱਬਸਾਈਟ ‘ਤੇ ਇਸ ਤੋਂ ਪਹਿਲਾਂ ‘ਪ੍ਰਬੰਧਕੀ ਸ਼ਬਦਾਵਲੀ, ਪੰਜਾਬੀ -ਅੰਗਰੇਜ਼ੀ ਕੋਸ਼, ਬਜਟ ਸ਼ਬਦਾਵਲੀ ਤੇ ਕਾਨੂੰਨੀ ਸ਼ਬਦਾਵਲੀ ਉਪਲਬਧ ਹਨ।

Be the first to comment

Leave a Reply

Your email address will not be published.