ਪ੍ਰਾਂਤਕ ਚੋਣਾਂ ਅਤੇ ਭਾਰਤ ਦਾ ਰਾਜਨੀਤਕ ਦ੍ਰਿਸ਼

ਹਰਿਆਣਾ ਅਤੇ ਮਹਾਰਾਸ਼ਟਰ ਦੀਆਂ ਚੋਣਾਂ ਨੇ ਭਾਰਤੀ ਸਿਆਸਤ ਵਿਚ ਇਕ ਨਵਾਂ ਅਧਿਆਏ ਜੋੜ ਦਿੱਤਾ ਹੈ। ਦੋਹਾਂ ਸੂਬਿਆਂ ਵਿਚ ਭਾਰਤੀ ਜਨਤਾ ਪਾਰਟੀ ਨੇ ਜਿੱਤਾਂ ਹਾਸਲ ਕੀਤੀਆਂ ਹਨ। ਇਹ ਉਹੀ ਪਾਰਟੀ ਹੈ ਜਿਸ ਨੂੰ ਕੱਲ੍ਹ ਤੱਕ ਵੋਟਰਾਂ ਦਾ ਹੁੰਗਾਰਾ ਹਾਸਲ ਕਰਨ ਲਈ ਬੜੇ ਤਰੱਦਦ ਕਰਨੇ ਪੈ ਰਹੇ ਸਨ ,ਪਰ ਇਨ੍ਹਾਂ ਦੋਹਾਂ ਸੂਬਿਆਂ ਜਿਥੇ ਇਸ ਪਾਰਟੀ ਦਾ ਕੋਈ ਬਹੁਤਾ ਵੱਡਾ ਆਧਾਰ ਵੀ ਨਹੀਂ ਸੀ, ਵਿਚ ਮਿਲੇ ਵੋਟ-ਹੁੰਗਾਰੇ ਨੇ ਸਿਆਸੀ ਸਰਕਲਾਂ ਵਿਚ ਨਵੀਂ ਚਰਚਾ ਛੇੜ ਦਿੱਤੀ ਹੈ। ਇਹ ਨਵੀਂ ਚਰਚਾ ਇਸ ਪਾਰਟੀ ਦੇ ਭਵਿੱਖ ਨਾਲ ਸਿੱਧੀ ਜੁੜੀ ਹੋਈ ਹੈ। ਅਸਲ ਵਿਚ ਕਈ ਸਿਆਸੀ ਵਿਸ਼ਲੇਸ਼ਕ ਅਜੇ ਵੀ ਇਸ ਪਾਰਟੀ ਨੂੰ ਛਿਣ-ਭੰਗ੍ਰ ਦੀ ਵਾਰਤਾ ਆਖ ਰਹੇ ਹਨ। ਇਨ੍ਹਾਂ ਦੋਹਾਂ ਸੂਬਿਆਂ ਦੇ ਇਨ੍ਹਾਂ ਚੋਣ ਨਤੀਜਿਆਂ ਬਾਰੇ ਚਰਚਾ ਕਰ ਰਹੇ ਹਨ ਅਮਰਜੀਤ ਪਰਾਗ਼ææ

ਅਮਰਜੀਤ ਪਰਾਗ
ਨਿਰੰਤਰ ਚੋਣਾਂ ਭਾਰਤੀ ਲੋਕਰਾਜ ਦਾ ਨਿਵੇਕਲਾ ਵਰਤਾਰਾ ਹਨ। ਤਿੰਨ ਦਰਜਨ ਦੇ ਕਰੀਬ ਰਾਜਾਂ ਵਿਚ ਲੋਕ ਸਭਾ ਤੋਂ ਇਲਾਵਾ ਅਸੈਂਬਲੀ, ਪੰਚਾਇਤੀ, ਨਗਰ ਨਿਗਮ ਆਦਿਕ ਦੀਆਂ ਚੋਣਾਂ ਅਤੇ ਜ਼ਿਮਨੀ ਚੋਣਾਂ ਦਾ ਸਿਲਸਿਲਾ ਚਲਦਾ ਰਹਿੰਦਾ ਹੈ। ਪੰਜ ਕੁ ਮਹੀਨੇ ਪਹਿਲਾਂ ਹੋਈਆਂ ਲੋਕ ਸਭਾ ਚੋਣਾਂ ਪਿੱਛੋਂ 9 ਪ੍ਰਾਤਾਂ ਵਿਚ 40 ਦੇ ਕਰੀਬ ਉਪ ਚੋਣਾਂ ਹੋ ਚੁੱਕੀਆਂ ਹਨ ਤੇ ਹੁਣ ਇਸੇ 15 ਅਕਤੂਬਰ ਨੂੰ ਹਰਿਆਣਾ ਅਤੇ ਮਹਾਰਾਸ਼ਟਰ ਦੀਆਂ ਵਿਧਾਨ ਸਭਾ ਚੋਣਾਂ ਹੋਈਆਂ ਹਨ। ਦੋ-ਤਿੰਨ ਮਹੀਨਿਆਂ ਵਿਚ ਦਿੱਲੀ ਅਤੇ ਜੰਮੂ ਕਸ਼ਮੀਰ ਵਿਚ ਅਸੈਂਬਲੀ ਚੋਣਾਂ ਹੋਣ ਵਾਲੀਆਂ ਹਨ। 2015 ਦੌਰਾਨ ਬਿਹਾਰ ਤੇ ਝਾਰਖੰਡ ਵਿਚ, 2016 ਵਿਚ ਆਸਾਮ, ਕੇਰਲਾ, ਤਾਮਿਲਨਾਡੂ ਤੇ ਪਾਂਡੀਚੇਰੀ; 2017 ਦੌਰਾਨ ਉਤਰ ਪ੍ਰਦੇਸ਼, ਮਨੀਪੁਰ ਅਤੇ ਪੰਜਾਬ ਵਿਚ ਹੋਣੀਆਂ ਹਨ।
ਮਹਾਰਾਸ਼ਟਰ ਦੀਆਂ 288 ਸੀਟਾਂ ਵਿਚੋਂ 123 ਜਿੱਤ ਕੇ ਭਾਜਪਾ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ। ਲੋਕ ਸਭਾ ਵਿਚ ਹੂੰਝਾ ਫੇਰੂ ਜਿੱਤ ਨਾਲ ਉਤਸ਼ਾਹਿਤ ਹੋਈ ਭਾਜਪਾ ਨੇ ਸ਼ਿਵ ਸੈਨਾ ਨਾਲੋਂ 25 ਸਾਲ ਪੁਰਾਣਾ ਗਠਜੋੜ ਤੋੜ ਲਿਆ ਸੀ। 1990 ਤੋਂ ਪਿੱਛੋਂ ਭਾਜਪਾ ਹੀ ਐਸੀ ਪਾਰਟੀ ਹੈ ਜਿਸ ਨੇ ਵਿਧਾਨ ਸਭਾ ਦੀਆਂ 100 ਤੋਂ ਵੱਧ ਸੀਟਾਂ ਜਿੱਤੀਆਂ ਹਨ। ਕਾਂਗਰਸ 42 ਸੀਟਾਂ ਲੈ ਕੇ ਤੀਜੇ ਸਥਾਨ ਉਪਰ ਰਹੀ ਹੈ। ਸ਼ਿਵ ਸੈਨਾ, ਰਾਸ਼ਟਰਵਾਦੀ ਕਾਂਗਰਸ ਅਤੇ ਭਾਜਪਾ ਵਲੋਂ ਚੋਣਾਂ ਤੋਂ ਪਹਿਲਾਂ ਗਠਬੰਧਨ ਤੋੜਨ ਤੇ ਹੁਣ ਸੱਤਾ-ਸੁਖ ਵਾਸਤੇ ਪੁਨਰਗਠਨ ਲਈ ਬੇਤੁਕੇ ਝੂਠੇ ਬਹਾਨੇ ਘੜਦੇ ਦਰਸਾਉਂਦੇ ਹਨ ਕਿ ਕਿਸੇ ਪਾਰਟੀ ਦਾ ਰਾਜਨੀਤਕ ਸਦਾਚਾਰ ਜਾਂ ਅਸੂਲਪ੍ਰਸਤੀ ਨਾਲ ਕੋਈ ਵਾਸਤਾ ਨਹੀਂ ਹੈ।
ਹਰਿਆਣਾ ਦੀਆਂ 90 ਵਿਚੋਂ 47 ਸੀਟਾਂ ਜਿੱਤ ਕੇ ਭਾਜਪਾ ਨੂੰ ਪੂਰਨ ਬਹੁਮਤ ਪ੍ਰਾਪਤ ਹੋ ਗਿਆ ਹੈ। ਸ਼ਿਵ ਸੈਨਾ ਵਾਂਗ ਇਥੇ ਭੀ ਹਰਿਆਣਾ ਜਨਹਿਤ ਕਾਂਗਰਸ ਨਾਲੋਂ ਭਾਜਪਾ ਨੇ ਆਪਣਾ ਗੱਠਜੋੜ ਖਤਮ ਕਰ ਲਿਆ ਸੀ। ਭਾਜਪਾ ਦੇ ਬਹੁਗਿਣਤੀ ਉਮੀਦਵਾਰ ਕਾਂਗਰਸ ਅਤੇ ਹੋਰ ਪਾਰਟੀਆਂ ਵਿਚੋਂ ਆਏ ਦਲਬਦਲੂ ਸੱਜਣ ਸਨ। ਜਾਟ ਪੱਤਾ ਫੇਲ੍ਹ ਕਰਨ ਲਈ ਭਾਜਪਾ ਨੇ 27 ਜਾਟਾਂ ਨੂੰ ਟਿਕਟਾਂ ਦਿੱਤੀਆਂ ਜਿਨ੍ਹਾਂ ਵਿਚੋਂ ਮੁਖ ਚਿਹਰਾ ਚੌਧਰੀ ਬਰਿੰਦਰ ਸਿੰਘ ਦਾ ਹੈ। ਭਾਜਪਾ ਨੂੰ ਗੈਰ ਜਾਟਾਂ ਦਾ ਸਮਰਥਨ ਵੀ ਮਿਲਿਆ। ਕਾਂਗਰਸ ਵਲੋਂ ਸਿੱਖਾਂ ਨੂੰ ਲੁਭਾਉਣ ਲਈ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇਣ ਅਤੇ ਚੌਟਾਲਾ ਨੂੰ ਸਰਦਾਰ ਬਾਦਲ ਵਲੋਂ ਸਿੱਖ ਸਮਰਥਨ ਜੁਟਾਉਣ ਦੀ ਨੀਤੀ ਦੇ ਉਤਰ ਵਿਚ ਭਾਜਪਾ ਨੇ ਕਈ ਗੰਭੀਰ ਮੁਕੱਦਮਿਆਂ ਵਿਚ ਫਸੇ ਸਿਰਸਾ ਡੇਰੇ ਦੇ ਮੁਖੀ ਬਾਬਾ ਗੁਰਮੀਤ ਰਾਮ ਰਹੀਮ ਸਿੰਘ ਦਾ ਸਮਰਥਨ ਪ੍ਰਾਪਤ ਕਰ ਲਿਆ।
ਮਹਾਰਾਸ਼ਟਰ ਵਿਚ 15 ਸਾਲ ਤੋਂ ਅਤੇ ਹਰਿਆਣਾ ਵਿਚ 10 ਸਾਲਾਂ ਤੋਂ ਰਾਜ ਕਰ ਰਹੀ ਕਾਂਗਰਸ ਨੂੰ ਸੱਤਾ ਵਿਰੋਧੀ ਭਾਵਨਾ ਕਾਰਨ ਨੁਕਸਾਨ ਹੋਇਆ। ਇਥੇ ਵਿਡੰਬਨਾ ਇਹ ਹੈ ਕਿ ਦੋਵਾਂ ਰਾਜਾਂ ਵਿਚ ਵਿਕਾਸ ਪੱਖੋਂ ਕਾਂਗਰਸ ਦਾ ਰਿਕਾਰਡ ਕਾਫੀ ਚੰਗਾ ਸੀ। ਮਹਾਰਾਸ਼ਟਰ ਦੇ ਕਾਂਗਰਸੀ ਮੁੱਖ ਮੰਤਰੀ ਪ੍ਰਿਥਵੀ ਰਾਜ ਚੌਹਾਨ ਦੀ ਨਿੱਜੀ ਛਵੀ ਵੀ ਮਾੜੀ ਨਹੀਂ। ਹਰਿਆਣਾ ਵਿਚ ਭੁਪਿੰਦਰ ਸਿੰਘ ਹੁੱਡਾ ਦੇ ਰਾਜ ਕਾਲ ਦੌਰਾਨ ਸ਼ਾਨਦਾਰ ਵਿਕਾਸ ਹੋਇਆ। ਸੋ, ਚੋਣ ਨਤੀਜਿਆਂ ਨੂੰ ਵਿਕਾਸ ਨਾਲ ਜੋੜਨਾ ਖਾਸ ਕੁਝ ਨਹੀਂ ਦਰਸਾਉਂਦਾ।
ਲੋਕ ਸਭਾ ਅਤੇ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੀ ਭਾਰੀ ਜਿੱਤ ਨਾਲ ਸਭ ਤੋਂ ਕਸੂਤੀ ਸਥਿਤੀ ਸ਼ ਪ੍ਰਕਾਸ਼ ਸਿੰਘ ਬਾਦਲ ਦੀ ਹੋ ਗਈ ਹੈ। ਪਹਿਲੋਂ ਸੁਖਬੀਰ ਅਤੇ ਬਿਕਰਮਜੀਤ ਸਿੰਘ ਮਜੀਠੀਆ ਦੀ ਅੱਖ ਵਿਚ ਰੜਕਦੇ ਨਵਜੋਤ ਸਿੱਧੂ ਦੀ ਟਿਕਟ ਕਟਵਾ ਕੇ ਭਾਜਪਾ ਦੇ ਇੱਕ ਮੁੱਖ ਨੇਤਾ ਅਰੁਣ ਜੇਤਲੀ ਨੂੰ ਜਿੱਤ ਦਾ ਪੂਰਨ ਭਰੋਸਾ ਦੇ ਕੇ ਅੰਮ੍ਰਿਤਸਰ ਦੀ ਲੋਕ ਸਭਾ ਸੀਟ Ḕਤੇ ਚੋਣ ਲੜਨ ਲਈ ਮਨਾ ਕੇ ਸ਼ ਬਾਦਲ ਨੇ ਵੱਡੀ ਚਾਲ ਚੱਲੀ ਸੀ, ਜਿਸ ਤੋਂ ਯਕੀਨਨ ਭਾਰੀ ਲਾਭ ਦੀ ਆਸ ਰੱਖੀ ਸੀ, ਪਰ ਜੇਤਲੀ ਤਿੱਖੇ ਬਾਦਲ ਵਿਰੋਧੀ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਹੱਥੋਂ ਇੱਕ ਲੱਖ ਤੋਂ ਵੱਧ ਵੋਟਾਂ ਨਾਲ ਹਾਰ ਗਿਆ। ਚੋਣਾਂ ਦੌਰਾਨ ਸ੍ਰੀ ਜੇਤਲੀ ਅੱਗੇ ਪੰਜਾਬ ਵਿਚ ਅਕਾਲੀ ਰਾਜ ਦਾ ਹੀਜ ਪਿਆਜ਼ ਵੀ ਨੰਗਾ ਹੋ ਗਿਆ। ਇਹ ਹਾਰ ਸ੍ਰੀ ਜੇਤਲੀ ਲਈ ਵੱਡਾ ਰਾਜਨੀਤਕ ਸਦਮਾ ਸੀ। ਕਦੇ ਉਹ ਭਾਜਪਾ ਵੱਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਦਾਅਵੇਦਾਰ ਮੰਨੇ ਜਾਂਦੇ ਸਨ ਤੇ ਕਿਥੇ ਮੋਦੀ ਦੀ ਬਖ਼ਸ਼ਿਸ਼ ਨਾਲ ਸਿਰਫ਼ ਵਿਤ ਮੰਤਰੀ ਬਣ ਕੇ ਰਹਿ ਗਏ ਹਨ। ਬਾਦਲ ਸਾਹਿਬ ਦੇ ਦਾਅਵੇ ਅਨੁਸਾਰ ਜੇਤਲੀ ਸਾਹਿਬ ਖ਼ਜਾਨਾ ਮੰਤਰੀ ਤਾਂ ਬਣ ਗਏ, ਪਰ ਉਨ੍ਹਾਂ ਦੀ ਆਸ ਮੁਤਾਬਕ ਦਿੱਲੀ ਤੋਂ ਪੰਜਾਬ ਨੂੰ ਆਉਣ ਵਾਲੇ ਨੋਟਾਂ ਦੇ ਟਰੱਕ ਹਾਦਸਾਗ੍ਰਸਤ ਹੋ ਗਏ।
ਦੂਜੀ ਵੱਡੀ ਘਾਗ ਚਾਲ ਬਾਦਲ ਸਾਹਿਬ ਨੇ ਹਰਿਆਣਾ ਚੋਣਾਂ ਵਿਚ ਭਾਜਪਾ ਦੇ ਮੁੱਖ ਵਿਰੋਧੀ ਓਮ ਪ੍ਰਕਾਸ਼ ਚੌਟਾਲਾ ਦੀ ਖੁੱਲ੍ਹਮ-ਖੁੱਲ੍ਹੀ ਮੱਦਦ ਕਰਨ ਦੀ ਖੇਡੀ ਸੀ। ਜੇ ਮਹਾਰਾਸ਼ਟਰ ਵਾਂਗ ਹਰਿਆਣੇ ਵਿਚ ਭਾਜਪਾ ਨੂੰ ਪੂਰਨ ਬਹੁਮਤ ਨਾ ਮਿਲਦਾ ਤਾ ਚੌਟਾਲਾ ਦੀ ਇਨੈਲੋ ਦਾ ਭਾਜਪਾ ਨੂੰ ਸਮਰਥਨ ਦਿਵਾ ਕੇ ਦੋਹਾਂ ਨੂੰ ਹੀ ਅਹਿਸਾਨਮੰਦ ਬਣਾ ਲੈਣਾ ਸੀ। ਭ੍ਰਿਸ਼ਟਾਚਾਰ ਦੇ ਕੇਸਾਂ ਵਿਚ ਜੇਲ੍ਹ ਵਿਚ ਬੈਠੇ ਚੌਟਾਲਾ ਦੀ ਮੱਦਦ ਹੋ ਸਕਦੀ ਸੀ ਤੇ ਭਾਜਪਾ ਦੀਆਂ ਨਜ਼ਰਾਂ ਵਿਚ ਬਾਦਲ ਸਾਹਿਬ ਦੀ ਦੂਰ-ਅੰਦੇਸ਼ੀ ਦੀ ਧਾਂਕ ਬੈਠ ਜਾਣੀ ਸੀ। ਜੇਤਲੀ ਦੀ ਹਾਰ ਵਾਲੀ ਕੁੜਿੱਤਣ ਵੀ ਘਟ ਜਾਣੀ ਸੀ। ਹੁਣ ਦਿਨੋ-ਦਿਨ ਗੰਭੀਰ ਹੁੰਦੇ ਜਾ ਰਹੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀ ਬਾਦਲ ਸਰਕਾਰ ਨੂੰ ਕੇਂਦਰ ਵੱਲੋਂ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ। ਬਾਦਲ ਸਾਹਿਬ ਵੱਲੋਂ ਭਾਜਪਾ ਅਤੇ ਮੋਦੀ ਨੂੰ ਜਿੱਤਾਂ ਦੀਆਂ ਵਧਾਈਆਂ ਅਤੇ ਜਨਤਕ ਤੌਰ Ḕਤੇ ਖੁਸ਼ੀ ਪ੍ਰਗਟ ਕਰਨੀ ਇੱਦਾਂ ਹੀ ਹੈ ਜਿਵੇਂ ਕੋਈ ਤ੍ਰੀਮਤ ਆਪਣੇ ਪਤੀ ਦੇ ਦੂਜੇ ਵਿਆਹ ਵਿਚ ਗਿੱਧਾ ਪਾਉਂਦੀ ਹੋਵੇ।
ਉਪਰੋਂ ਪੰਜਾਬ ਅੰਦਰ ਅਕਾਲੀ ਦਲ ਦੀ ਭਾਈਵਾਲ ਪਾਰਟੀ ਭਾਜਪਾ ਦੇ ਨੇਤਾ ਕੇਂਦਰ ਵਿਚ ਭਾਜਪਾ ਦੀਆਂ ਜਿੱਤਾਂ ਨਾਲ ਚਾਂਭਲ ਗਏ ਹਨ। ਹੁਣ ਉਨ੍ਹਾਂ ਵੱਲੋਂ ਹਰ ਪੱਖੋਂ ਅੜਚਣਾਂ ਕੀਤੀਆਂ ਜਾਣ ਲੱਗ ਪਈਆਂ ਹਨ। ਵੋਟ ਬੈਂਕ ਦੀਆਂ ਵਿਰੋਧੀ ਤਰਜੀਹਾਂ ਕਰ ਕੇ ਅਕਾਲੀ ਦਲ ਤੇ ਭਾਜਪਾ ਵਿਚਾਲੇ ਤਣਾਓ ਦੀ ਸਥਿਤੀ ਬਣੀ ਰਹੇਗੀ।
ਇਸ ਵਾਰ ਦੀਆਂ ਚੋਣਾਂ ਵਿਚ ਕੇਵਲ ਹੁਕਮਰਾਨ ਪਾਰਟੀ ਹੀ ਨਹੀਂ ਬਦਲੀ ਸਗੋਂ ਭਾਰਤੀ ਸਿਆਸਤ ਵਿਚ ਬੁਨਿਆਦੀ ਤਬਦੀਲੀਆਂ ਹੋਣੀਆਂ ਅਟੱਲ ਹਨ। ਭਾਜਪਾ ਕੱਟੜ ਰਾਸ਼ਟਰਵਾਦੀ ਪਾਰਟੀ ਬਣ ਕੇ ਬਹੁਤਾ ਅੱਗੇ ਨਹੀਂ ਵਧ ਸਕੇਗੀ। ਜਿੰਨੇ ਵੱਡੇ ਸੁਧਾਰਾਂ ਦੇ ਵਾਅਦੇ ਕੀਤੇ ਹਨ, ਜੇ ਸ੍ਰੀ ਮੋਦੀ ਨੇ ਆਪਣੇ ਕਾਹਲੇ ਸੁਭਾਅ ਕਾਰਨ ਬੇਲੋੜੀ ਤੇਜ਼ੀ ਵਿਖਾਈ ਤਾਂ ਇਸ ਨਾਲ ਕਈ ਅਣਚਾਹੇ ਨਤੀਜੇ ਵੀ ਸਾਹਮਣੇ ਆ ਸਕਦੇ ਹਨ। ਧੂੰਆਂਧਾਰ ਪ੍ਰਚਾਰੇ ਸੁਨਹਿਰੇ ਸੁਪਨੇ ਸਾਕਾਰ ਕਰਨੇ ਆਸਾਨ ਨਹੀ ਹੋਣਗੇ। ਧੀਮੀ ਗਤੀ ਨਾਲ ਚੱਲੇ ਤਾਂ ਮੋਦੀ ਮੈਜਿਕ ਉਪਰ ਕਿੰਤੂ ਉਠਣ ਦਾ ਡਰ ਹੈ।
ਕ੍ਰਿਸ਼ਮਈ ਵਿਅਕਤੀ ਤੇ ਕੇਂਦਰੀ ਰਾਜਨੀਤੀ ਦੋ-ਮੂੰਹੀ ਤਲਵਾਰ ਹੁੰਦੀ ਹੈ। ਅੱਜ ਜਿੱਤਾਂ ਦਾ ਸਾਰਾ ਸਿਹਰਾ ਜੇ ਮੋਦੀ ਨੂੰ ਮਿਲ ਰਿਹਾ ਹੈ ਤਾਂ ਭਾਜਪਾ ਲਾਭ ਉਠਾਣ ਲਈ ਨਮੋ-ਨਮੋ ਕਰ ਰਹੀ ਹੈ। ਜੇ ਕੁਝ ਵੀ ਗਲ਼ਤ ਜਾ ਅਣਇੱਛਤ ਹੁੰਦਾ ਹੈ ਤਾਂ ਉਸ ਦਾ ਭਾਂਡਾ ਵੀ ਮੋਦੀ ਦੇ ਸਿਰ ਹੀ ਭੱਜੇਗਾ, ਨਤੀਜੇ ਦੇਸ਼ ਨੂੰ ਭੁਗਤਣੇ ਪੈਣਗੇ। ਸ੍ਰੀਮਤੀ ਇੰਦਰਾ ਇਜ਼ ਇੰਡੀਆ ਦੇ ਕ੍ਰਿਸ਼ਮੇ ਦੇ ਨਤੀਜੇ ਦੇਸ਼ ਅਜੇ ਵੀ ਭੁਗਤ ਰਿਹਾ ਹੈ ਅਤੇ ਲੰਮੇ ਸਮੇਂ ਲਈ ਭੁਗਤਦਾ ਰਹੇਗਾ।
1971 ਦੀ ਜੰਗ ਵਿਚ ਪਾਕਿਸਤਾਨ ਦੇ ਦੋ ਟੁਕੜੇ ਹੋ ਗਏ ਸਨ। ਭਾਰਤ ਨੂੰ ਆਸ ਸੀ ਕਿ ਹੁਣ ਪਾਕਿਸਤਾਨ ਬਹੁਤ ਕਮਜ਼ੋਰ ਹੋ ਜਾਵੇਗਾ। ਇਸ ਜਿੱਤ ਉਪਰ ਸ੍ਰੀ ਵਾਜਪਾਈ ਵਰਗੇ ਵੱਡੇ ਕੱਦ ਵਾਲੇ ਨੇਤਾ ਨੇ ਵੀ ਗਦਗਦ ਹੋ ਕੇ ਸ੍ਰੀਮਤੀ ਇੰਦਰਾ ਗਾਂਧੀ ਨੂੰ Ḕਦੁਰਗਾ ਮਾਤਾ’ ਕਹਿ ਕੇ ਵਡਿਆਇਆ ਸੀ। ਪੰਜਾਬੀ ਬਨਾਮ ਬੰਗਾਲੀ ਧੜੇਬੰਦੀ ਦਾ ਸ਼ਿਕਾਰ 2500 ਕਿਲੋਮੀਟਰ ਦੀ ਦੂਰੀ Ḕਤੇ ਸਥਿਤ ਦੋ ਭਾਗਾਂ ਵਿਚ ਵੰਡੇ ਗਏ ਪਾਕਿਸਤਾਨ ਨਾਲ ਨਜਿੱਠਣਾ ਭਾਰਤ ਲਈ ਕਿਤੇ ਆਸਾਨ ਸੀ। ਬੰਗਲਾਦੇਸ਼ ਭਾਰਤ ਦਾ ਧੰਨਵਾਦੀ ਮਿੱਤਰ ਦੇਸ਼ ਬਣਨ ਦੀ ਬਜਾਏ ਸੈਨਿਕ ਸ਼ਾਸਨ ਤੇ ਅਤਿਵਾਦੀ ਰੁਝਾਨਾਂ ਵਾਲਾ ਦੇਸ਼ ਬਣ ਗਿਆ। ਨਾ ਹੀ ਸ਼ਰਨਾਰਥੀ ਸਮੱਸਿਆ ਹੱਲ ਹੋਈ। ਪਾਕਿਸਤਾਨ ਦੇ ਹਾਕਮਾਂ ਵੱਲਂੋ ਲੋਕਾਂ ਦੀਆਂ ਨਜ਼ਰਾਂ ਵਿਚ ਭਾਰਤ ਨੂੰ ਪਾਕਿਸਤਾਨ ਦੀ ਹੋਂਦ ਦੇ ਦੁਸ਼ਮਣ ਵਜੋਂ ਪੇਸ਼ ਕਰਨਾ ਆਸਾਨ ਹੋ ਗਿਆ। ਬੋਲੀ ਅਤੇ ਸਭਿਆਚਾਰਕ ਝਮੇਲਿਆਂ ਤੋਂ ਹਟ ਕੇ ਪਾਕਿਸਤਾਨ ਵਿਚ ਅਤਿਵਾਦੀ ਰੁਝਾਨ ਪ੍ਰਬਲ ਹੋ ਗਏ ਹਨ। ਦੁਰਗਾ ਮਾਤਾ ਦੀ ਕਥਾ ਤੋਂ ਇੱਕ ਸਬਕ ਇਹ ਵੀ ਮਿਲਦਾ ਹੈ ਕਿ ਦੇਵੀ ਰਾਕਸ਼ਾਂ ਦਾ ਬੱਧ ਤਾਂ ਕਰ ਸਕਦੀ ਹੈ ਪਰ ਨਵੇਂ ਰਾਕਸ਼ ਪੈਦਾ ਹੋਣੋਂ ਰੋਕ ਨਹੀਂ ਸਕਦੀ। ਮਹਿਖਾਸੁਰ ਮਾਰਿਆ ਜਾਂਦਾ ਹੈ ਤਾਂ ਸ਼ੁੰਭੀ-ਕਿਸ਼ੁੰਭੀ ਦੇ ਰਕਤਬੀਜ ਪੈਦਾ ਹੋ ਜਾਂਦੇ ਹਨ।
ਖ਼ੁਦ ਸ੍ਰੀ ਅਟਲ ਬਿਹਾਰੀ ਵਾਜਪਾਈ ਨੇ ਐਟਮੀ ਧਮਾਕਾ ਕਰ ਕੇ ਰਾਸ਼ਟਰਵਾਦੀ ਤਬਕਿਆਂ ਪਾਸੋਂ ਵਕਤੀ ਵਾਹ-ਵਾਹ ਤਾਂ ਖੱਟ ਲਈ ਸੀ ਪਰ ਇਸ ਨਾਲ ਪਰੰਪਰਿਕ ਹਥਿਆਰਾਂ ਵਾਲੇ ਯੁੱਧ ਵਿਚ ਭਾਰਤ ਦੀ ਪਾਕਿਸਤਾਨ ਉਪਰ ਸਪਸ਼ਟ ਬਿਹਤਰੀ ਖਤਮ ਹੋ ਗਈ ਹੈ। ਪਰਮਾਣੂ ਜੰਗ ਲੜੀ ਹੀ ਨਹੀਂ ਜਾ ਸਕਦੀ। ਹੁਣ ਅਸੀਂ 1965 ਅਤੇ 1971 ਵਰਗੇ ਯੁੱਧ ਲੜ ਕੇ ਜਿੱਤਾਂ ਪ੍ਰਾਪਤ ਕਰਨ ਦਾ ਰਾਹ ਆਪੇ ਹੀ ਬੰਦ ਕਰ ਲਿਆ ਹੈ।
ਭਾਰਤ ਦੀਆਂ ਚੋਣਾਂ ਅਮਰੀਕਨ ਚੋਣਾਂ ਵਾਂਗ ਮਹਿੰਗੀਆਂ ਹੋ ਗਈਆਂ ਹਨ। ਕਾਰਪੋਰੇਟ ਖੇਤਰ ਦੇ ਪੈਸੇ ਅਤੇ ਅਰਬਪਤੀਆਂ ਦੀ ਮਾਲਕੀ ਵਾਲੇ ਟੀæਵੀæ ਚੈਨਲਾਂ ਅਤੇ ਹੋਰ ਸੰਚਾਰ ਸਾਧਨਾਂ ਦੇ ਆਸਰੇ, ਟੈਕਨੋਲੋਜੀ ਦੀ ਅੰਨੀ ਵਰਤੋਂ ਕਰ ਸਕਣ ਵਾਲੀ ਪਾਰਟੀ ਹੀ ਅਜਿਹਾ ਚੋਣ ਪ੍ਰਚਾਰ ਕਰ ਸਕੇਗੀ। ਅਜਿਹੀਆਂ ਚੋਣਾਂ ਰਾਹੀਂ ਜਿੱਤ ਕੇ ਆਏ ਹੁਕਮਰਾਨਾਂ ਦੀਆਂ ਨੀਤੀਆਂ ਧਨਕੁਬੇਰਾਂ ਦੇ ਹਿਤਾਂ ਨੂੰ ਮੁੱਖ ਰੱਖ ਕੇ ਹੀ ਬਣਨਗੀਆਂ।

Be the first to comment

Leave a Reply

Your email address will not be published.