ਆਪਣੇ ਪਹਿਲੇ ਲੇਖਾਂ ਵਾਂਗ ਸ਼ ਮਝੈਲ ਸਿੰਘ ਸਰਾਂ ਨੇ ਆਪਣੇ ਇਸ ਵਿਚਾਰ-ਉਤੇਜਤ ਲੇਖ ‘ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ’ ਵਿਚ ਵੀ ਵਾਹਵਾ ਘੁੰਡੀਆਂ ਖੋਲ੍ਹੀਆਂ ਹਨ। ਇਸ ਲੇਖ ਵਿਚ ਉਨ੍ਹਾਂ ਨੇ ਦੀਵਾਲੀ ਦੇ ਪਿਛੋਕੜ ਬਾਰੇ ਵਿਸਥਾਰ ਸਹਿਤ ਚਰਚਾ ਕੀਤੀ ਹੈ ਅਤੇ ਉਨ੍ਹਾਂ ਤੱਥਾਂ ਤੇ ਹਕੀਕਤਾਂ ਵੱਲ ਧਿਆਨ ਦਿਵਾਇਆ ਹੈ ਜਿਨ੍ਹਾਂ ਵੱਲ ਅਕਸਰ ਸਾਡਾ ਧਿਆਨ ਜਾਂਦਾ ਹੀ ਨਹੀਂ ਹੈ। ਇਹੀ ਉਹ ਅਚੇਤ ਗੱਲਾਂ ਹਨ ਜਿਹੜੀਆਂ ਸਾਡੇ ਜੀਵਨ ਨੂੰ ਅਸਲ ਪੈਂਡੇ ਤੋਂ ਲਾਂਭੇ ਕਰ ਕੇ ਹੋਰ ਹੀ ਕਿਤੇ ਲਈ ਜਾ ਰਹੀਆਂ ਹਨ। ਲੇਖਕ ਨੇ ਇਸ ਲੇਖ ਵਿਚ ਸਵਾਲ-ਦਰ-ਸਵਾਲ ਖੜ੍ਹੇ ਕਰ ਕੇ ਅਤੇ ਫਿਰ ਦਲੀਲਾਂ ਸਹਿਤ ਇਨ੍ਹਾਂ ਸਵਾਲਾਂ ਦੇ ਜਵਾਬ ਦੇ ਕੇ ਕੁਝ ਕੌੜੀਆਂ ਹਕੀਕਤਾਂ ਤੋਂ ਪਰਦਾ ਉਠਾਇਆ ਹੈ। ਅਦਾਰਾ ‘ਪੰਜਾਬ ਟਾਈਮਜ਼’ ਚਾਹੁੰਦਾ ਹੈ ਕਿ ਇਸ ਲੇਖ ਵਿਚ ਚਰਚਾ ਅਧੀਨ ਆਈਆਂ ਗੱਲਾਂ ਬਾਰੇ ਅਗਾਂਹ ਚਰਚਾ ਚੱਲੇ, ਇਸ ਲਈ ਇਸ ਵਿਸ਼ੇ ਨਾਲ ਸਬੰਧਤ ਲਿਖਤਾਂ ਲਈ ਸਭ ਨੂੰ ਖੁੱਲ੍ਹਾ ਸੱਦਾ ਹੈ। -ਸੰਪਾਦਕ
ਮਝੈਲ ਸਿੰਘ ਸਰਾਂ
ਜ਼ਿੰਦਗੀ ਦੇ 6 ਦਹਾਕਿਆਂ ਤੋਂ ਦੀਵਾਲੀ ਦੇ ਮਾਇਨੇ ਮੇਰੇ ਲਈ ਸਮੇਂ-ਸਮੇਂ ਬਦਲਦੇ ਰਹੇ ਹਨ। ਜਦੋਂ ਪਹਿਲੀ-ਦੂਜੀ ਜਮਾਤਾਂ ਵਿਚ ਸੀ, ਉਦੋਂ ਦੀਵਾਲੀ ਲੱਡੂ-ਜਲੇਬੀਆਂ ਤੇ ਹੋਰ ਨਿਕ-ਸੁਕ ਜਿਹੜਾ ਸਾਡੀ ਬੀਬੀ ਘਰ ਬਣਾਉਂਦੀ ਹੁੰਦੀ ਸੀ, ਖਾ ਕੇ ਕੁੱਖਾਂ ਕੱਢਣ ਅਤੇ ਰਾਤ ਹੁੰਦੇ ਸਾਰ ਬੱਸ ਰੁਪਈਏ ਕੁ ਦੇ ਕੰਧ ਵਿਚ ਮਾਰਨ ਵਾਲੇ ਪਟਾਕੇ ਜਾਂ ਫੁਲਝੜੀਆਂ ਚਲਾਉਣਾ ਹੁੰਦਾ ਸੀ। ਕੋਈ ਪਤਾ ਨਹੀਂ ਸੀ ਹੁੰਦਾ ਕਿ ਇਹ ਦੀਵਾਲੀ ਕਾਹਤੋਂ ਮਨਾਈ ਜਾਂਦੀ, ਪਰ ਦਿਲ ਇਹੋ ਕਹਿੰਦਾ ਹੁੰਦਾ ਕਿ ਦੀਵਾਲੀ ਹਰ ਦੂਜੇ-ਚੌਥੇ ਬੱਸ ਆਈ ਰਿਹਾ ਕਰੇ! ਜਦੋਂ ਚੌਥੀ ਵਿਚ ਹੋਏ, ਉਦੋਂ ਪੰਜਾਬੀ ਵਿਚ ਲੇਖ ਲਿਖਣ ਨੂੰ ਆਉਂਦਾ ਹੁੰਦਾ ਸੀ, ਤੇ ਸਭ ਤੋਂ ਪਹਿਲਾ ਲੇਖ ਸਾਨੂੰ ਦੀਵਾਲੀ ਦਾ ਚੇਤੇ ਕਰਵਾਇਆ। ਉਦੋਂ ਮਾੜਾ ਜਿਹਾ ਪਤਾ ਲੱਗਾ ਕਿ ਦੀਵਾਲੀ ਕਾਹਤੋਂ ਮਨਾਈ ਜਾਂਦੀ ਹੈ। ਦਸਵੀਂ-ਗਿਆਰਵੀਂ ਤੱਕ ਕੀ ਪੰਜਾਬੀ, ਕੀ ਹਿੰਦੀ ਤੇ ਕੀ ਅੰਗਰੇਜ਼ੀ- ਹਰ ਭਾਸ਼ਾ ਵਿਸ਼ੇ ਵਿਚ ਦੀਵਾਲੀ ਦਾ ਲੇਖ ਪੱਕਾ ਚੇਤੇ ਕਰਨਾ ਹੁੰਦਾ ਸੀ। ਇਹ ਰਟ ਚੁੱਕਾ ਸੀ ਕਿ ਜਦੋਂ 14 ਸਾਲਾਂ ਦਾ ਬਣਵਾਸ ਕੱਟ ਕੇ ਸ੍ਰੀ ਰਾਮ ਚੰਦਰ ਵਾਪਸ ਅਯੁੱਧਿਆ ਪਰਤੇ, ਤਾਂ ਲੋਕਾਂ ਨੇ ਖੁਸ਼ੀ ਵਿਚ ਦੀਵੇ ਜਗਾਏ। ਬਣਵਾਸ ਕਾਹਤੋਂ ਦਿੱਤਾ? ਉਹੀ ਕਹਾਣੀ, ਕੈਕਈ ਦਾ ਆਪਣੇ ਪੁੱਤ ਭਰਤ ਨੂੰ ਰਾਜਾ ਬਣਾਉਣ ਖਾਤਿਰ ਵਗੈਰਾ-ਵਗੈਰਾ। ਇਕ ਗੱਲ ਪੱਕੀ ਤਰ੍ਹਾਂ ਨਾਲ ਲਿਖੀ ਹੁੰਦੀ ਸੀ ਕਿ ਦੀਵਾਲੀ ਹਿੰਦੂਆਂ ਦਾ ਪਵਿੱਤਰ ਤਿਉਹਾਰ ਹੈ, ਕਦੀ-ਕਦੀ ਇਹ ਵੀ ਲਿਖਿਆ ਹੁੰਦਾ ਸੀ ਕਿ ਸਿੱਖ ਇਹਨੂੰ ਬੰਦੀ ਛੋੜ ਦਿਵਸ ਵਜੋਂ ਮਨਾਉਂਦੇ ਹਨ। ਉਦੋਂ ਬੰਦੀ ਛੋੜ ਬਾਰੇ ਕੁਝ ਵੀ ਨਹੀਂ ਸੀ ਪਤਾ। ਸੱਚ ਤਾਂ ਇਹ ਹੈ ਕਿ ਸਕੂਲ ਤੋਂ ਬਾਅਦ ਵੀ ਇਸ ਬਾਰੇ ਬਹੁਤਾ ਗਿਆਨ ਨਹੀਂ ਸੀ, ਬੱਸ ਦੀਵਾਲੀ ਹੀ ਗੂੰਜਦੀ ਸੀ ਮਨ ਵਿਚ, ਕਿਉਂਕਿ ਕੁਝ ਕਹੌਤਾਂ ਵੀ ਸਾਡੇ ਸਿੱਖਾਂ ਵਿਚ ਪੱਕੀਆਂ ਘਰ ਕਰ ਚੁੱਕੀਆਂ ਸਨ, ਜਿਵੇਂ ‘ਦਾਲ ਰੋਟੀ ਘਰ ਦੀ, ਦੀਵਾਲੀ ਅੰਬਰਸਰ ਦੀ।’ ਕਹਿਣ ਦਾ ਭਾਵ ਕਿ ਸਿੱਖ ਵੀ ਦੀਵਾਲੀ ਮਨਾਉਂਦੇ ਆਏ ਹਨ। ਹੁਣ ਵੀ ਦੀਵਾਲੀ ਵਾਲੇ ਦਿਨ ਜਦੋਂ ਗੁਰਦੁਆਰਿਆਂ, ਖਾਸ ਕਰ ਕੇ ਸ੍ਰੀ ਹਰਿਮੰਦਰ ਸਾਹਿਬ ਤੋਂ ਰਾਗੀ ਸਿੰਘਾਂ ਵੱਲੋਂ ‘ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ’ ਸ਼ਬਦ ਦਾ ਕੀਰਤਨ ਕੀਤਾ ਜਾਂਦਾ ਹੈ, ਤਾਂ ਮੇਰੇ ਵਰਗੇ ਸਿੱਖ ਨੂੰ ਇਹੋ ਲਗਦਾ ਕਿ ਦੀਵਾਲੀ ਮਨਾਉਣ ਨੂੰ ਗੁਰਬਾਣੀ ਵਿਚ ਵੀ ਉਤਸ਼ਾਹਿਤ ਕੀਤਾ ਜਾਂਦਾ ਹੈ। ਆਹ ਪਿਛਲੇ 10 ਕੁ ਸਾਲਾਂ ਤੋਂ ਪਤਾ ਲੱਗਿਆ ਕਿ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦਾ ਨਹੀਂ, ਭਾਈ ਗੁਰਦਾਸ ਦਾ ਹੈ। ਇਹਦੇ ਅਰਥਾਂ ਵੱਲ ਧਿਆਨ ਵੀ ਹੁਣ ਹੀ ਗਿਆ ਹੈ। ਧਿਆਨ ਦੇਣ ਪਿੱਛੋਂ ਸੁਰਤ ਆਈ ਕਿ ਇਸ ਸ਼ਬਦ ਵਿਚ ਭਾਈ ਗੁਰਦਾਸ ਨੇ ਦੀਵੇ ਜਗਾਉਣ ਤੋਂ ਤਾਂ ਵਰਜਿਆ ਹੈ, ਪਰ ਅਸੀਂ ਝੂਮ-ਝੂਮ ਕੇ ਇਹ ਸ਼ਬਦ ਪੜ੍ਹਦੇ ਵੀ ਹਾਂ, ਤੇ ਇਸ ਦੀ ਸਿੱਖਿਆ ਤੋਂ ਉਲਟ ਦੀਵਿਆਂ ਦੀਆਂ ਕਤਾਰਾਂ ਲਾ ਦੇਈਦੀਆਂ ਰਾਤ ਨੂੰ ਕੋਠਿਆਂ ਦੇ ਬਨੇਰਿਆਂ ‘ਤੇ।
ਹੁਣ ਗੱਲ ਦੀਵਾਲੀ ਬਾਰੇ ਕਰੀਏ ਕਿ ਸ੍ਰੀ ਰਾਮ ਚੰਦਰ ਦੇ ਵਾਪਸ ਅਯੁੱਧਿਆ ਪੁੱਜਣ ‘ਤੇ ਉਥੋਂ ਦੇ ਵਾਸੀਆਂ ਨੇ ਬਹੁਤ ਖੁਸ਼ੀ ਮਨਾਈ। ਇਹ ਖੁਸ਼ੀ ਹੌਲੀ-ਹੌਲੀ ਐਨੀ ਫੈਲ ਗਈ ਕਿ ਸਮੁੱਚਾ ਭਾਰਤ ਦੇਸ਼ ਸਾਲ ਦੀ ਸਾਲ ਇਹਦੇ ਵਿਚ ਸ਼ਿਰਕਤ ਕਰਨ ਲੱਗ ਪਿਆ ਤੇ ਅੱਜ ਦੀ ਤਰੀਕ ਵਿਚ ਮੁਲਕ ਦਾ ਕੋਈ ਵੀ ਤਬਕਾ ਦੀਵਾਲੀ ਮਨਾਉਣ ਤੋਂ ਪਿੱਛੇ ਨਹੀਂ ਰਿਹਾ। ਯੁੱਗ ਬੀਤ ਚੁੱਕੇ ਹਨ ਇਸ ਘਟਨਾ ਨੂੰ ਵਾਪਰਿਆਂ, ਲੋਕਾਂ ਦਾ ਉਤਸ਼ਾਹ ਇਸ ਦੀਵਾਲੀ ਤੋਂ ਮੱਠਾ ਤਾਂ ਕੀ ਪੈਣਾ ਸੀ, ਸਗੋਂ ਹਰ ਸਾਲ ਵਧ ਰਿਹਾ ਹੈ। ਕਾਰਨ ਕੀ ਹੈ ਭਲਾ? ਕਿੰਨੀ ਕੁ ਵੱਡੀ ਘਟਨਾ ਸੀ 14 ਸਾਲਾਂ ਦੇ ਬਣਵਾਸ ਤੋਂ ਵਾਪਸੀ ਦੀ, ਕਿ ਲੋਕਾਂ ਦੇ ਦਿਲ-ਓ-ਦਿਮਾਗ ਵਿਚ ਅੱਜ ਤੱਕ ਘਰ ਕਰੀ ਬੈਠੀ ਹੈ? ਜਿਹੜਾ ਵੀ ਬੱਚਾ ਭਾਰਤ ਵਿਚ ਜਨਮ ਲੈਂਦਾ, ਹੋਸ਼ ਸੰਭਾਲਣ ‘ਤੇ ਉਹਦਾ ਮਨਭਾਉਂਦਾ ਤਿਉਹਾਰ ਦੀਵਾਲੀ ਹੀ ਹੁੰਦਾ ਹੈ। ਲੱਗਦਾ ਨਹੀਂ ਕਿ ਕੋਈ ਬੰਦਾ ਦੀਵਾਲੀ ਨੂੰ ਨਾ ਉਡੀਕਦਾ ਹੋਊ। ਜਿਹੜਾ ਤਰਕ ਇਸ ਦੀਵਾਲੀ ਦੇ ਪਿੱਛੇ ਹਿੰਦੂ ਇਤਿਹਾਸ, ਮਿਥਿਹਾਸ ਜਾਂ ਸ਼ਾਸਤਰਾਂ ਵੱਲੋਂ ਦਿੱਤਾ ਜਾਂਦਾ, ਉਹ ਹੈ ਸ੍ਰੀ ਰਾਮ ਚੰਦਰ ਦਾ ਅਯੁੱਧਿਆ ਦੇ ਰਾਜਾ ਹੋਣ ਨਾਤੇ ਲੋਕਾਂ ਨੂੰ ਦਿੱਤਾ ‘ਰਾਮ ਰਾਜ।’ ‘ਰਾਮ ਰਾਜ’ ਦੀ ਪ੍ਰੀਭਾਸ਼ਾ ਇਹੋ ਦਿੱਤੀ ਜਾਂਦੀ ਕਿ ਰਾਜਾ ਤੇ ਰੰਕ ਬਰਾਬਰ ਸਨ, ਕੋਈ ਉਚਾ-ਨੀਵਾਂ ਨਹੀਂ। ਕੀ ਮਰਦ, ਕੀ ਔਰਤਾਂ, ਕੀ ਸ਼ੂਦਰ- ਸਭ ਰਾਮ ਰਾਜ ਵਿਚ ਬਰਾਬਰ ਦੇ ਹੱਕਦਾਰ ਸਨ। ਹਰ ਇਕ ਦੀ ਆਵਾਜ਼ ਸੁਣੀ ਜਾਂਦੀ ਸੀ, ਤੇ ਸ੍ਰੀ ਰਾਮ ਚੰਦਰ ਕਿਉਂਕਿ ਮਰਿਆਦਾ ਪੁਰਸ਼ੋਤਮ ਵਜੋਂ ਜਾਣੇ ਜਾਂਦੇ ਸਨ ਤੇ ਉਹ ਖੁਦਾਈ ਨਿਆਂਇਕ ਸਨ, ਜਿਸ ਵਿਚ ਰਤੀ ਭਰ ਵੀ ਅਨਿਆਂ ਦੀ ਗੁੰਜਾਇਸ਼ ਨਹੀਂ ਸੀ ਹੁੰਦੀ, ਇਸ ਕਰ ਕੇ ਇਸ ਤਿਉਹਾਰ ਲਈ ਉਤਸ਼ਾਹ ਲੋਕਾਂ ਵਿਚ ਅੱਜ ਵੀ ਬਰਕਰਾਰ ਹੈ। ਅਸੀਂ ਭਾਰਤੀ ਲੋਕ, ਸਿਆਸੀ ਲੀਡਰ ਤੇ ਧਾਰਮਿਕ ਹਸਤੀਆਂ ਅਕਸਰ ਰਾਮ ਰਾਜ ਦੀ ਬਾਤ ਹੀ ਪਾਉਂਦੇ ਰਹਿੰਦੇ ਹਾਂ।
ਭੁਲੇਖਾ ਹੈ ਸਾਡੇ ਮਨਾਂ ਵਿਚ ਕਿ ਹੁਣ ਰਾਮ ਰਾਜ ਹੈ ਨਹੀਂ, ਜਿੱਦਾਂ ਦਾ ਸ੍ਰੀ ਰਾਮ ਚੰਦਰ ਨੇ ਪਰਜਾ ਨੂੰ ਦਿੱਤਾ ਸੀ। ਉਦੋਂ ਤਾਂ ਸਭ ਕੁਝ ਜ਼ੁਬਾਨੀ-ਕਲਾਮੀ ਹੋ ਜਾਂਦਾ ਸੀ, ਕਿਉਂਕਿ ਉਹ ਖੁਦ ਹੀ ਮਰਿਆਦਾ ਪੁਰਸ਼ੋਤਮ ਸਨ, ਪਰ ਹੁਣ ਤਾਂ ਆਜ਼ਾਦੀ ਤੋਂ ਬਾਅਦ ਅਸੀਂ ਮਰਿਆਦਾ ਦਾ ਗ੍ਰੰਥ ਲਿਖ ਲਿਆ ਹੋਇਆ ਜਿਸ ਪ੍ਰਤੀ ਵਫਾਦਾਰੀ ਦੀ ਸਹੁੰ ਖਾਂਦੇ ਹਾਂ। ਇਹ ਗ੍ਰੰਥ ਹੈ ਸੰਵਿਧਾਨ ਜਿਸ ਵਿਚ ਮੌਲਿਕ ਅਧਿਕਾਰ ਤੇ ਹੋਰ ਪਤਾ ਨਹੀਂ ਕੀ-ਕੀ ਲਿਖਿਆ ਹੋਇਆ ਹੈ। ਇਹੋ ਪਹਿਲਾ ਲੱਛਣ ਹੈ ਰਾਮ ਰਾਜ ਦਾ। ਦੁਨੀਆਂ ਭਰ ਵਿਚ ਸਭ ਤੋਂ ਵੱਡਾ, ਕਾਨੂੰਨੀ ਮਰਿਆਦਾਵਾਂ ਦਾ ਗ੍ਰੰਥ (ਸੰਵਿਧਾਨ) ਹੈ ਰਾਮ ਰਾਜ ਵਾਲੇ ਮੁਲਕ ਦਾ, ਫਿਰ ਅਨਿਆਂ ਦੀ ਗੁੰਜਾਇਸ਼ ਭਲਾæææ? ਹੁਣ ਤਾਂ ਮੁਲਕ ਦਾ ਨਵਾਂ ਹਾਕਮ ਵੀ ਆਪਣੇ ਆਪ ਨੂੰ ‘ਪ੍ਰਧਾਨ ਸੇਵਕ’ ਹੀ ਕਹਾਉਂਦਾ। ਰਾਮ ਰਾਜ ਦੀ ਇਹਦੇ ਨਾਲੋਂ ਵੱਡੀ ਮਿਸਾਲ ਭਲਾ ਕਿਹੜੀ ਹੋ ਸਕਦੀ ਹੈ?
ਜਿੰਨੀ ਸ਼ਿੱਦਤ ਅਤੇ ਸ਼ਰਧਾ ਨਾਲ ਦੀਵਾਲੀ ਬੀਬੀਆਂ ਮਨਾਉਂਦੀਆਂ ਹਨ, ਉਨੀ ਬੰਦੇ ਨਹੀਂ। ਘਰ ਸੰਵਾਰਨ-ਸ਼ਿੰਗਾਰਨ ਤੋਂ ਲੈ ਕੇ ਭਗਵਾਨ ਰਾਮ ਦੀ ਪੂਜਾ ਤੱਕ, ਸਭ ਕੁਝ ਔਰਤਾਂ ਬੜੀ ਲਗਨ ਨਾਲ ਕਰਦੀਆਂ ਹਨ। ਸ਼ਾਇਦ ਉਨ੍ਹਾਂ ਦੇ ਮਨ ਵਿਚ ਇਹ ਵਸ ਚੁੱਕਾ ਹੈ ਕਿ ਭਗਵਾਨ ਰਾਮ ਅਤੇ ਉਸ ਦੇ ਪਰਿਵਾਰ ਨੇ ਔਰਤਾਂ ਨੂੰ ਬਹੁਤ ਉਚਾ ਦਰਜਾ ਦਿੱਤਾ ਹੋਇਆ ਸੀ ਤੇ ਉਸੇ ਦਰਜੇ ਦੀ ਚਾਹਤ ਔਰਤ ਨੂੰ ਦੀਵਾਲੀ ‘ਤੇ ਦੀਵੇ ਜਗਾਉਣ ਲਈ ਉਤਸ਼ਾਹਤ ਕਰਦੀ ਹੈ। ਇਹ ਸੱਚਾਈ ਹੈ ਕਿ ਜਿਸ ਕੰਮ ਨੂੰ ਸਮਾਜ ਦੀਆਂ ਔਰਤਾਂ ਧਾਰਮਿਕ ਲਗਨ ਨਾਲ ਕਰਨ, ਉਹਦਾ ਰੰਗ ਕਦੇ ਫਿੱਕਾ ਨਹੀਂ ਪੈਂਦਾ। ਤਾਂਹੀਉਂ ਦੀਵਾਲੀ ਦਾ ਜੋਸ਼ ਕਦੇ ਨਹੀਂ ਘਟਿਆ।
ਜੇ ਭਗਵਾਨ ਰਾਮ ਦੇ ਤ੍ਰੇਤਾ ਯੁੱਗ ਦੀ ਔਰਤ ਦੇ ਮਾਣ-ਸਤਿਕਾਰ ਦੀ ਗੱਲ ਕਰਨੀ ਹੈ ਤਾਂ ਗੱਲ ਸ੍ਰੀ ਰਾਮ ਚੰਦਰ ਦੇ ਪਰਿਵਾਰ ਤੋਂ ਕਰਨੀ ਪਵੇਗੀ। ਸੀਤਾ ਮਾਤਾ ਦੀ ਗੱਲ ਹੀ ਕਰ ਲਈਏ। ਬਣਵਾਸ ਤਾਂ ਰਾਜੇ ਦਸ਼ਰਥ ਨੇ ਆਪਣੇ ਮਰਿਆਦਾ ਪੁਰਸ਼ੋਤਮ ਬੇਟੇ ਸ੍ਰੀ ਰਾਮ ਚੰਦਰ ਨੂੰ ਦਿੱਤਾ ਸੀ, ਫਿਰ ਮਰਿਆਦਾ ਤਾਂ ਇਹੋ ਕਹਿੰਦੀ ਹੈ ਕਿ ਰਾਮ ਚੰਦਰ ਨੂੰ ਇਕੱਲੇ ਨੂੰ ਹੀ ਜਾਣਾ ਚਾਹੀਦਾ ਸੀ ਬਣਵਾਸ ‘ਤੇ, ਕਿਉਂ ਸੀਤਾ ਨੂੰ ਨਾਲ ਲੈ ਕੇ ਬਿਖੜੇ ਪੈਂਡਿਆਂ ‘ਤੇ ਚੱਲ ਪਿਆ? ਇਥੇ ਗੱਲ ਸੀਤਾ ਦੇ ਹਠ ਦੀ ਨਹੀਂ, ਹੱਠ ਅਤੇ ਮਰਿਆਦਾ ਵਿਚੋਂ ਰਾਮ ਚੰਦਰ ਨੂੰ ਤਾਂ ਮਰਿਆਦਾ ਨੂੰ ਹੀ ਪਹਿਲ ਦੇਣੀ ਬਣਦੀ ਸੀ। ਕਿਉਂ 14 ਸਾਲ ਸੀਤਾ ਨੂੰ ਨਾਲ ਨੂੜ ਕੇ ਰੱਖਿਆ ਬਣਾਂ ਵਿਚ? ਮਰਦਾਂ ਦੇ ਪੱਖ ਦੀ ਗੱਲ ਕਰਨੀ ਹੋਵੇ ਤਾਂ ਔਰਤ ਦਾ ਪਤੀਬ੍ਰਤਾ ਪਿਆਰ ਅੱਗੇ ਲਿਆਇਆ ਜਾਂਦਾ ਹੈ। ਕੀ ਮਰਦ ਦਾ ਕੋਈ ਫਰਜ਼ ਨਹੀਂ ਬਣਦਾ ਕਿ ਆਪਣੇ ਦੁੱਖ-ਤਕਲੀਫਾਂ ਖੁਦ ਝੱਲੇ? ਉਹ ਵੀ ਭਗਵਾਨ ਰਾਮ ਵਰਗੇ ਮਰਿਆਦਾ ਪੁਰਸ਼ੋਤਮ ਨੂੰ? ਅੱਜ ਦੇ ਅਗਾਂਹਵਧੂ ਯੁੱਗ ਵਿਚ ਵੀ ਭਾਰਤੀ ਮਰਦ, ਔਰਤ ਨੂੰ ਆਜ਼ਾਦ ਨਹੀਂ ਦੇਖ ਸਕਦਾ, ਕਿਉਂਕਿ ਜਿਹੜੇ ਸੰਸਕਾਰ ਉਹਨੇ ਰਾਮ ਰਾਜ ਤੋਂ ਲਏ ਆ, ਉਹੀ ਇਹਦੀ ਫ਼ਿਤਰਤ ਵਿਚ ਰਚ ਚੁੱਕੇ ਹਨ। ਜਦ ਭਗਵਾਨ ਰਾਮ ਖੁਦ ਆਪਣੀ ਪਤਨੀ ਸੀਤਾ ਨੂੰ ਬਣਵਾਸ ਦੌਰਾਨ ਆਪਣੇ ਵੱਲੋਂ ਹੀ ਸਿਰਜੀ ‘ਰਾਮ ਕਾਰ’ ਵਾਹ ਕੇ ਕੈਦ ਕਰੀ ਰੱਖਦਾ ਸੀ, ਫਿਰ ਆਜ਼ਾਦੀ ਦੀ ਗੱਲ ਬੀਬੀਆਂ ਨਾ ਹੀ ਸੋਚਣ। ‘ਰਾਮ ਕਾਰ’ ਸੀਤਾ ਦੀ ਹਿਫ਼ਾਜ਼ਤ ਲਈ ਨਹੀਂ ਸੀ। ਰਾਮ ਚੰਦਰ ਆਪ ਵੱਡਾ ਯੋਧਾ ਕਹਾਉਂਦਾ ਰਿਹਾ, ਕਿਉਂ ਨਾ ਸੀਤਾ ਨੂੰ ਹਥਿਆਰ ਚਲਾਉਣੇ ਸਿਖਾਏ? ਉਹ ਆਪਣੀ ਹਿਫ਼ਾਜ਼ਤ ਕਰ ਸਕਦੀ ਸੀ। ਸੀਤਾ ਜਦੋਂ ਆਪਣੇ ਬਾਪ ਜਨਕ ਦੇ ਘਰ ਸੀ, ਤਾਂ ਉਹਦੇ ਹਥਿਆਰਾਂ ਨਾਲ ਖੇਡਦੀ ਰਹੀ ਤੇ ਉਹਦਾ ਸਭ ਤੋਂ ਵੱਡਾ ਧਨੁਸ਼ ਚੁੱਕ ਕੇ ਇਧਰ-ਉਧਰ ਆਸਾਨੀ ਨਾਲ ਹੀ ਕਰ ਦਿੰਦੀ ਸੀ, ਪਰ ਵਿਆਹ ਤੋਂ ਬਾਅਦ ਰਾਮ ਨੇ ਸੀਤਾ ਨੂੰ ਸਾੜ੍ਹੀ ਵਿਚ ਲਪੇਟਿਆ ਪਟੋਲਾ ਬਣਾ ਦਿੱਤਾ। ਔਰਤ ਨੂੰ ਸ਼ੀਹਣੀ ਬਾਬੇ ਨਾਨਕ ਦੇ ਦਰ ਨੇ ਬਣਾਇਆ, ਕਿਸੇ ਹੋਰ ਅਵਤਾਰ ਨੇ ਨਹੀਂ। ਬਰਾਬਰ ਦਾ ਰੁਤਬਾ ਦਿੱਤਾ, ਉਹਦੇ ਗਲ ਵਿਚ ਮਰਦਾਂ ਵਾਲੇ ਹਥਿਆਰ ਪੁਆ ਕੇ।
ਬਣਵਾਸ ਦੌਰਾਨ ਸ੍ਰੀ ਰਾਮ ਚੰਦਰ ਨੇ ਸੀਤਾ ਦਾ ਆਪਣੇ ਪ੍ਰਤੀ ਪਿਆਰ ਤੇ ਉਹਦੇ ਨੇਕ ਚਲਣ ਨੂੰ ਘੋਖ-ਪਰਖ ਹੀ ਲਿਆ ਸੀ, ਤੇ ਉਹ ਇਹ ਵੀ ਜਾਣਦਾ ਸੀ ਕਿ ਉਹਨੇ ਰਾਜ ਮਹਿਲਾਂ ਦੇ ਸੁੱਖ ਆਰਾਮ ਛੱਡ ਕੇ ਆਪਣੇ ਪਤੀ ਨਾਲ ਬਣਵਾਸ ਵਿਚ ਰਹਿਣ ਨੂੰ ਤਰਜੀਹ ਦਿੱਤੀ। ਫਿਰ ਜਦੋਂ ਰਾਵਣ ਦੀ ਕੈਦ ਵਿਚੋਂ ਉਹਨੂੰ ਮੁਕਤ ਕਰਾਇਆ ਤਾਂ ਮਰਿਆਦਾ ਪੁਰਸ਼ੋਤਮ ਨੇ ਉਹਨੂੰ ਅਪਨਾਉਣ ਤੋਂ ਨਾਂਹ ਇਸ ਕਰ ਕੇ ਕੀਤੀ ਕਿ ਇਹ ਦੈਂਤ ਦੀ ਜੇਲ੍ਹ ਵਿਚ ਰਹੀ ਹੈ, ਭਾਵ ਉਹਦੇ ਚਾਲ-ਚਲਣ ‘ਤੇ ਸ਼ੱਕ ਕੀਤਾ ਅਤੇ ਫਿਰ ਉਹਨੂੰ ਅਗਨੀ ਪ੍ਰੀਖਿਆ ਲਈ ਮਜਬੂਰ ਕੀਤਾ। ਆਹ ਹੈ ਔਰਤ ਦਾ ਸਨਮਾਨ ਤ੍ਰੇਤਾ ਯੁੱਗ ਦੇ ਰਾਮ ਰਾਜ ਦਾ!
ਮਰਦ ਦਾ ਸੁਭਾਅ ਔਰਤ ਪ੍ਰਤੀ ਕਿੰਨਾ ਕੁ ਸ਼ੱਕੀ ਹੈ, ਇਹ ਵੀ ਸ੍ਰੀ ਰਾਮ ਚੰਦਰ ਤੋਂ ਹੀ ਦੇਖਣਾ ਪਵੇਗਾ। ਬਣਵਾਸ ਵਾਪਸੀ ਦਾ ਅਯੁੱਧਿਆ ਵਾਸੀਆਂ ਦਾ ਚਾਅ ਤਾਂ ਅਜੇ ਪੂਰਾ ਵੀ ਨਹੀਂ ਸੀ ਹੋਇਆ ਕਿ ਭਗਵਾਨ ਰਾਮ ਕੰਨਾਂ ਦੇ ਇੰਨੇ ਕੱਚੇ ਅਤੇ ਸ਼ੱਕੀ ਨਿਕਲੇ ਕਿ ਕਿਸੇ ਧੋਬੀ ਵੱਲੋਂ ਆਪਣੀ ਘਰ ਵਾਲੀ ਨੂੰ ਮਾਰਿਆ ਤਾਹਨਾ ਸੁਣਨ ਤੋਂ ਬਾਅਦ ਸੀਤਾ ਨੂੰ ਮੁੜ 12 ਸਾਲਾਂ ਦੇ ਬਣਵਾਸ ਦਾ ਫ਼ਰਮਾਨ ਕੱਢ ਮਾਰਿਆ। ਭਲਾ ਇਹ ਕਿਥੋਂ ਦਾ ਇਨਸਾਫ਼ ਹੋਇਆ? ਜਿਸ ਘਰ ਵਾਲੀ ਨੇ ਮਰਜ਼ੀ ਨਾਲ ਆਪਣੇ ਹੀ ਪਤੀ ਨਾਲ 14 ਸਾਲ ਬਣਵਾਸ ਵਿਚ ਬਿਤਾਏ, ਜਿਸ ਨੇ ਪਵਿੱਤਰਤਾ ਵੀ ਅਗਨੀ ਪ੍ਰੀਖਿਆ ਦੇ ਕੇ ਸਾਬਤ ਕਰ ਦਿੱਤੀ, ਉਸੇ ਨੂੰ ਧੋਬੀ ਦੇ ਤਾਹਨੇ ਮਾਰਨ ‘ਤੇ ਦੁਬਾਰਾ ਘਰੋਂ ਕੱਢ ਦਿੱਤਾ। ਉਹ ਵੀ ਉਦੋਂ ਜਦੋਂ ਉਹ ਗਰਭਵਤੀ ਸੀ। ਇਹ ਵੀ ਨਹੀਂ ਸੋਚਿਆ ਕਿ ਜੰਗਲ ਬੀਆਬਾਨ ਵਿਚ ਇਹ ਜਣੇਪਾ ਕਿੱਦਾਂ ਕਰੂਗੀ! ਬੇਕਸੂਰ ਤੇ ਦੇਵੀ ਵਰਗੀ ਇਸਤਰੀ ਨੂੰ ਘਰੋਂ ਕੱਢ ਦੇਣਾ ਕਾਹਦੀ ਸੂਰਮਗਤੀ ਹੋਈ? ਅੱਜ ਜੇ ਕੋਈ ਇੱਦਾਂ ਕਰਦਾ ਤਾਂ ਸਮਾਜ ਥੂਹ-ਥੂਹ ਕਰਦਾ ਇਹੋ ਜਿਹੇ ਬੰਦੇ ਉਤੇ, ਪਰ ਮਰਿਆਦਾ ਪੁਰਸ਼ੋਤਮ ਦੇ ਇਸ ਕਾਰਨਾਮੇ ‘ਤੇ ਜੈ-ਜੈ ਰਾਮ ਹੋਈ ਜਾਂਦੀ। ਇਹ ਜੈ-ਜੈ ਰਾਮ ਸਭ ਤੋਂ ਵੱਧ ਬੀਬੀਆਂ ਹੀ ਕਰਦੀਆਂ। ਸੀਤਾ ਨੂੰ ਤਾਂ ਮੁੜ ਬਣਵਾਸ ‘ਤੇ ਭੇਜ ਦਿੱਤਾ, ਫਿਰ ਦੀਵਾਲੀ ਨੂੰ ਕਿਉਂ ਦੀਵੇ ਜਗਾਏ ਔਰਤਾਂ ਨੇ?æææ ਕਿਉਂਕਿ ਰਾਮ ਰਾਜ ਵਿਚ ਔਰਤ ਦੀ ਹੈਸੀਅਤ ਪੈਰ ਦੀ ਜੁੱਤੀ ਤੋਂ ਵੱਧ ਨਹੀਂ ਮੰਨੀ ਮਰਿਆਦਾ ਪਰਸ਼ੋਤਮ ਨੇ। ਅੱਜ ਦੇ ਸਮੇਂ ਵਿਚ ਵੀ ਜਿਨ੍ਹਾਂ ਬੀਬੀਆਂ-ਭੈਣਾਂ ਨੂੰ ਘਰੋਂ ਧੱਕੇ ਮਾਰੇ ਜਾਂਦੇ ਆ, ਇਹ ਹੋਰ ਕੁਝ ਨਹੀਂ, ਰਾਮ ਰਾਜ ਦੀ ਹੀ ਦੇਣ ਹੈ। ਇਕ ਗੱਲ ਹੋਰæææ ਰਾਮ ਦੇ 14 ਸਾਲ ਅਤੇ ਸੀਤਾ ਦੇ 12 ਸਾਲ ਦੇ ਬਣਵਾਸ ਵਿਚ ਜ਼ਮੀਨ ਅਸਮਾਨ ਦਾ ਫ਼ਰਕ ਹੈ। ਰਾਮ ਚੰਦਰ ਦਾ ਬਣਵਾਸ ਕਾਹਦਾ ਸੀ ਭਲਾ? ਭਰਾ ਨਾਲ ਸੀ, ਘਰਵਾਲੀ ਨਾਲ ਸੀ; ਮਤਲਬ ਇਕ ਤਰ੍ਹਾਂ ਨਾਲ ਟੱਬਰ ਸੀ ਉਹਦੇ ਕੋਲ। ਸੀਤਾ ਇਕੱਲੀ ਸੀ, ਉਹ ਵੀ ਗਰਭਵਤੀ। ਜੇ ਬਾਲਮੀਕ ਰਿਸ਼ੀ ਨਾ ਮਿਲਦੇ ਤਾਂ ਸ਼ਾਇਦ ਵਿਚਾਰੀ ਬਣਾਂ ਵਿਚ ਹੀ ਖਪ ਜਾਂਦੀ।
ਹਿੰਦੂ ਗ੍ਰੰਥਾਂ ਵਿਚ ਦੇਵੀ ਦੇਵਤਿਆਂ ਦੀਆਂ ਪ੍ਰੇਮ-ਕਹਾਣੀਆਂ ਦੇ ਬਹੁਤ ਕਿੱਸੇ ਮਿਲਦੇ ਹਨ ਤੇ ਹਿੰਦੂ ਧਰਮ ਵਿਚ ਇਨ੍ਹਾਂ ਕਹਾਣੀਆਂ ਨੂੰ ਧਾਰਮਿਕ ਸਮਝ ਕੇ ਰੱਜ ਕੇ ਸਲਾਹਿਆ ਜਾਂਦਾ ਹੈ, ਪਰ ਰਾਵਣ ਦੀ ਭੈਣ ਸਰੂਪ ਨਖਾ ਨੇ ਜੇ ਲਛਮਣ (ਰਾਮ ਦੇ ਭਰਾ) ਨਾਲ ਪਿਆਰ ਦਾ ਇਜ਼ਹਾਰ ਕਰ ਕੇ ਵਿਆਹ ਕਰਾਉਣ ਨੂੰ ਕਿਹਾ, ਤਾਂ ਕਿਹੜੀ ਪਰਲੋ ਆ ਗਈ ਸੀ? ਨਾਂਹ ਕਰ ਦਿੰਦਾ ਸਖਤੀ ਨਾਲ ਕਿ ਨਹੀਂ ਕਰਵਾਉਣਾ, ਪਰ ਉਹਦਾ ਨੱਕ ਵੱਢਣਾ! ਕਿੰਨੀ ਸ਼ਰਮਨਾਕ ਗੱਲ ਕੀਤੀ। ਕਿਸੇ ਕੁੜੀ ਦੇ ਚਿਹਰੇ ਨੂੰ ਬਦਸੂਰਤ ਕਰਨਾ ਕਿਹੜੀ ਮਰਿਆਦਾ ਵਿਚ ਲਿਖਿਆ? ਸ਼ਾਇਦ ਅੱਜ ਹਾਕਮਾਂ ਦੇ ਅਸਰ-ਰਸੂਖ ਵਾਲੇ ਕਾਕੇ ਇਸ ਤੋਂ ਹੀ ਸਿੱਖ ਕੇ ਕੁੜੀਆਂ ਦੇ ਚਿਹਰਿਆਂ ‘ਤੇ ਤੇਜ਼ਾਬ ਸੁੱਟ ਕੇ ਉਨ੍ਹਾਂ ਨੂੰ ਬਦਸੂਰਤ ਕਰਦੇ ਆ। ਜੇ ਅੱਜ ਸਮਾਜ ਤੇਜ਼ਾਬ ਸੁੱਟਣ ਦੇ ਕੇਸਾਂ ਨੂੰ ਮਾੜਾ ਕਹਿੰਦਾ ਹੈ, ਤਾਂ ਕਿਸੇ ਵੀ ਭੈਣ ਦਾ ਨੱਕ ਵੱਢਣ ਵਾਲੀ ਕਰਤੂਤ ਦੀ ਵੀ ਉਨੀ ਹੀ ਨਿੰਦਿਆ ਹੋਣੀ ਬਣਦੀ ਸੀ, ਖਾਸ ਕਰ ਕੇ ਮਰਿਆਦਾ ਪੁਰਸ਼ੋਤਮ ਤੋਂ। ਹੈਰਾਨੀ ਹੈ ਕਿ ਰਾਮ ਲੀਲ੍ਹਾ ਦੇ ਇਸੇ ਸੀਨ (ਸਰੂਪ ਨਖਾ ਦਾ ਨੱਕ ਵੱਢਣ) ‘ਤੇ ਔਰਤਾਂ ਵੱਲੋਂ ਹੀ ਵੱਧ ਤਾੜੀਆਂ ਮਾਰੀਆਂ ਜਾਂਦੀਆਂ। ਅਜਿਹਾ ਕਰ ਕੇ ਆਪਣੇ ‘ਤੇ ਹੁੰਦੇ ਜ਼ੁਲਮ ਨੂੰ ਖੁਦ ਜਾਇਜ਼ ਠਹਿਰਾਉਂਦੀਆਂ ਹੋ ਭੈਣੋਂ ਤੁਸੀਂ! ਇਹ ਜਿਹੜੀਆਂ ਅਲਾਮਤਾਂ ਜਿਵੇਂ ਧੀਆਂ ਨੂੰ ਕੁੱਖ ਵਿਚ ਮਾਰਨਾ, ਫਿਰ ਦਾਜ-ਦਹੇਜ ਦੀ ਬਲੀ ਚੜ੍ਹਾਉਣਾ ਵਗੈਰਾ ਹਨ, ਇਹਦੀ ਤਾਰ ਰਾਮ ਰਾਜ ਨਾਲ ਹੀ ਜੁੜੀ ਹੋਈ ਹੈ। ਇਹੋ ਜਿਹੀਆਂ ਵਧੀਕੀਆਂ ਬੀਬੀਓ ਨਹੀਂ ਰੁਕਣੀਆਂ, ਜਿੰਨੀ ਦੇਰ ਤੁਸੀਂ ਰਾਮ ਲੀਲ੍ਹਾ ਨਾਲ ਜੁੜੀਆਂ ਹੋਈਆਂ ਦੀਵਾਲੀ ‘ਤੇ ਦੀਵੇ ਜਗਾ ਕੇ ਖੁਸ਼ੀ ਪ੍ਰਗਟਾਵਾ ਕਰੀ ਜਾਂਦੀਆਂ, ਤੇ ਕਰਵਾ ਚੌਥ ਦੇ ਵਰਤ ਰੱਖ ਕੇ ਬਿਨਾਂ ਵਜ੍ਹਾ ਮਰਦ ਦੀ ਗੁਲਾਮੀ ਕਬੂਲਣ ਵਿਚ ਖੁਸ਼ੀ ਮਹਿਸੂਸ ਕਰਦੀਆਂ।
ਅਯੁੱਧਿਆ ਦਾ ਰਾਜਾ ਬਣਨ ਤੋਂ ਬਾਅਦ ਸ੍ਰੀ ਰਾਮ ਚੰਦਰ ਨੇ ‘ਰਾਮ ਰਾਜ’ ਦੀ ਜਿਹੜੀ ਵੱਡੀ ਮਸਾਲ ਦਿੱਤੀ, ਉਹ ਸੀ ਸ਼ੂਦਰਾਂ ਨੂੰ ਰੱਬ ਦੀ ਭਗਤੀ ਕਰਨ ਤੋਂ ਸਖ਼ਤੀ ਨਾਲ ਰੋਕਣਾ, ਕਿਉਂਕਿ ਉਹਦੇ ਰਾਮ ਰਾਜ ਵਿਚ ਰੱਬ ਦੀ ਇਬਾਦਤ ਸਿਰਫ਼ ਬ੍ਰਾਹਮਣ ਹੀ ਕਰ ਸਕਦਾ ਸੀ ਤੇ ਇਸੇ ਆੜ ਵਿਚ ਇਹ ਜਮਾਤ ਬਾਕੀ ਸਾਰੇ ਸਮਾਜ ਨੂੰ ਲੁੱਟ ਰਹੀ ਸੀ। ਇਸ ਜਮਾਤ ਨੂੰ ਤਾਕਤ ਦਿੰਦਾ ਸੀ ਖੁਦ ਰਾਮ ਚੰਦਰ। ਜਦੋਂ ਉਹਨੂੰ ਸ਼ਿਕਾਇਤ ਕੀਤੀ ਗਈ ਕਿ ਇਸ ਜਮਾਤ ਦੀਆਂ ਮੁਸ਼ਕਿਲਾਂ ਇਸ ਕਰ ਕੇ ਵਧ ਰਹੀਆਂ ਹਨ ਕਿਉਂਕਿ ਇਕ ਸ਼ੂਦਰ ਸ਼ੰਭੂਕ ਰੱਬ ਦੀ ਭਗਤੀ ਵਿਚ ਲੀਨ ਬੈਠਾ ਹੈ। ਰਾਜੇ ਰਾਮ ਨੇ ਇਸ ਨੂੰ ਵਡਿਆਈ ਦੇਣ ਦੀ ਬਜਾਏ ਉਸੇ ਵਕਤ ਆਪਣੇ ‘ਪੁਸ਼ਪਕ ਵਿਮਾਨ’ ਉਤੇ ਉਡਾਰੀ ਮਾਰ ਕੇ ਸ਼ੰਭੂਕ ਨੂੰ ਲੱਭ ਲਿਆ ਤੇ ਉਹਦਾ ਸਿਰ ਕਲਮ ਕਰ ਦਿੱਤਾ। ਇਹ ਕਿਹੜੀ ਮਰਦਾਂ ਵਾਲੀ ਬਹਾਦਰੀ ਦਿਖਾਈ? ਭਗਤੀ ਵਿਚ ਬੈਠੇ ਨਿਹੱਥੇ ਇਨਸਾਨ ਨੂੰ ਹੀ ਜਾ ਕਤਲ ਕੀਤਾ! ਅੱਜ ਕੱਲ੍ਹ ਬਹੁਤਿਆਂ ਨੇ ਸੀਰੀਆ ਦੇ ਇਸਲਾਮਿਕ ਕੱਟੜਵਾਦੀਆਂ ਵੱਲੋਂ ਅਮਰੀਕਾ-ਇੰਗਲੈਂਡ ਦੇ ਪੱਤਰਕਾਰਾਂ ਨੂੰ ਬੰਨ੍ਹ ਕੇ ਛੁਰੇ ਨਾਲ ਸਿਰ ਕਲਮ ਕਰਨ ਦੀਆਂ ਵੀਡੀਓ ਦੇਖੀਆਂ। ਕਿੰਨੇ ਦਰਦਨਾਕ ਦ੍ਰਿਸ਼ ਸਨ! ਸਾਰੀ ਦੁਨੀਆਂ ਨੇ ਇਸ ਨੂੰ ਹੈਵਾਨਾਂ ਤੋਂ ਵੀ ਮਾੜੀ ਹਰਕਤ ਕਿਹਾ, ਪਰ ਬਿਲਕੁਲ ਇਸੇ ਤਰ੍ਹਾਂ ਹੀ ਰਾਮ ਚੰਦਰ ਨੇ ਵੀ ਸ਼ੰਭੂਕ ਦਾ ਸਿਰ ਕਲਮ ਕੀਤਾ ਹੋਣਾ। ਇਸ ਕਰਨਾਮੇ ਨੂੰ ਫਿਰ ਕਿਹੜੇ ਖਾਤੇ ਵਿਚ ਪਾਉਣਾ ਚਾਹੀਦਾ ਹੈ? ਰਾਮ ਰਾਜ ਵਿਚ ਬ੍ਰਾਹਮਣ ਤੇ ਖਤਰੀ ਤੋਂ ਇਲਾਵਾ ਬਾਕੀ ਸਾਰੇ ਸ਼ੂਦਰ ਹੀ ਸਨ। ਅੱਜ ਕੱਲ੍ਹ ਦੀਵਾਲੀ ਮੌਕੇ ਆਤਿਸ਼ਬਾਜ਼ੀ ਬ੍ਰਾਹਮਣਾਂ ਤੇ ਖੱਤਰੀਆਂ ਤੋਂ ਇਲਾਵਾ ਦੂਜੇ ਤਬਕੇ ਵੱਧ ਕਰਦੇ ਆ। ਭਲਾ ਕਿਸ ਖੁਸ਼ੀ ਵਿਚ?æææ ਕਿ ਸਾਡੇ ਸ਼ੰਭੂਕ ਦਾ ਸਿਰ ਕਲਮ ਦਿੱਤਾ ਸੀ! ਅੱਜ ਕੱਲ੍ਹ ਸ਼ੂਦਰਾਂ ਦਾ ਸਿਰਕੱਢ ਬਣਿਆ ਤਬਕਾ ਮਾੜੀ ਜਿਹੀ ਹੇਠ-ਉਤੇ ਹੋਣ ‘ਤੇ ਸਿੰਗ ਮਿੱਟੀ ਚੁੱਕ ਲੈਂਦਾ ਹੈ, ਪਰ ਇਹੀ ਲੋਕ ਸ਼ੰਭੂਕ ਦੇ ਕਾਤਲ ਦੀ ਬਣਵਾਸ ਵਾਪਸੀ ਦੀ ਖੁਸ਼ੀ ਵਿਚ ਘਿਓ ਦੇ ਦੀਵੇ ਜਗਾਉਂਦੇ ਆ ਦੀਵਾਲੀ ਵਾਲੇ ਦਿਨ।
ਕਿਹਾ ਜਾਂਦਾ ਹੈ ਕਿ ‘ਰਾਮ ਰਾਜ’ ਵਿਚ ਰਾਜਾ ਤੇ ਪਰਜਾ ਵਿਚਕਾਰ ਕੋਈ ਫ਼ਰਕ ਨਹੀਂ ਸੀ, ਪਰ ਹਕੀਕਤ ਇਹ ਹੈ ਕਿ ਜ਼ਮੀਨ ਆਸਮਾਨ ਦਾ ਫ਼ਰਕ ਸੀ। ਦੱਸਿਆ ਜਾਂਦਾ ਹੈ ਕਿ ਉਸ ਯੁੱਗ ਵਿਚ ਲੋਕਾਂ ਦੀ ਆਵਾਜਾਈ ਪੈਦਲ ਜਾਂ ਜਾਨਵਰਾਂ ‘ਤੇ ਹੁੰਦੀ ਸੀ, ਪਰ ਰਾਜੇ ਰਾਮ ਚੰਦਰ ਕੋਲ ਆਪਣੇ ਹਵਾਈ ਜਹਾਜ਼ ਸਨ। ‘ਪੁਸ਼ਪਕ ਵਿਮਾਨ’ ਹੋਰ ਕੀ ਆ? ਹਵਾਈ ਜਹਾਜ਼ ਦਾ ਨਾਂ ਹੀ ਤਾਂ ਹੈ। ਅਗਲੀ ਗੱਲ, ਇਸ ਜਹਾਜ਼ ਦੀ ਵਰਤੋਂ ਭਲਾ ਕਿਹੜੇ ਭਲਾਈ ਕਾਰਜਾਂ ਲਈ ਕੀਤੀ? ਸ਼ੰਭੂਕ ਨੂੰ ਲੱਭਣ ਅਤੇ ਉਹਦਾ ਸਿਰ ਵੱਢਣ ਲਈ?
ਹਿੰਦੁਸਤਾਨ ਵਿਚ 1947 ਤੋਂ ਬਾਅਦ ‘ਰਾਮ ਰਾਜ’ ਹੀ ਹੈ। ਸਿਆਸੀ ਪਾਰਟੀਆਂ ਨੇ ਜੁਗਤ ਕੱਢੀ ਹੋਈ ਹੈ- ਦੂਜੀ ਪਾਰਟੀ ਦੇ ਬੰਦੇ ਤੋੜ ਕੇ ਆਪਣੀ ਪਾਰਟੀ ਵਿਚ ਸ਼ਾਮਲ ਕਰ ਕੇ ਅੰਦਰੂਨੀ ਭੇਤ ਲਓ ਤੇ ਅਗਲੇ ਨੂੰ ਹਰਾ ਦਿਓ। ਇਹ ਜੁਗਤ ਵੀ ਰਾਮ ਚੰਦਰ ਤੋਂ ਹੀ ਲਈ ਹੋਈ ਹੈ; ਉਸ ਨੇ ਸੁਗਰੀਵ ਤੇ ਬਭੀਸ਼ਣ ਨੂੰ ਰਾਵਣ ਨਾਲੋਂ ਤੋੜ ਕੇ ਆਪਣੇ ਨਾਲ ਮਿਲਾ ਕੇ ਲੰਕਾ ਜਿੱਤੀ ਸੀ, ਤੇ ਅਸੀਂ ਇਸੇ ਰਾਮ ਨੂੰ ਮਰਿਆਦਾ ਪੁਰਸ਼ੋਤਮ ਕਹੀ ਜਾਂਦੇ ਹਾਂ। ਇਸ ਹਿਸਾਬ ਨਾਲ ਤਾਂ ਅੱਜ ਸਭ ਤੋਂ ਵੱਡੇ ਮਰਿਆਦਾ ਪੁਰਸ਼ੋਤਮ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਏ!
ਮੈਂ ਤਾਂ ਬੱਸ ਇੰਨੀ ਕੁ ਗੱਲ ਕਰ ਕੇ ‘ਹੈਪੀ ਦੀਵਾਲੀ’ (?) ਹੀ ਕਹਿਣਾ ਸੀ, ਫਿਰ ਲੱਗਿਆ ਕਿ ਸਿੱਖ ਭਰਾਵਾਂ ਨੇ ਕਹਿਣਾ ਕਿ ਉਨ੍ਹਾਂ ਤਾਂ ਬੜੇ ਚਿਰ ਤੋਂ ਛੱਡੀ ਹੋਈ ਆ ਦੀਵਾਲੀ ਮਨਾਉਣੀ, ਅਸੀਂ ਤਾਂ ਬੱਸ ਬੰਦੀ ਛੋੜ ਦਿਵਸ ਮਨਾਉਂਦੇ ਹਾਂ ਜਿਹੜਾ ਇਤਫ਼ਾਕਨ ਦੀਵਾਲੀ ਵਾਲੇ ਦਿਨ ਆ ਜਾਂਦਾ। ਉਨ੍ਹਾਂ ਦੇ ਪਟਾਕੇ-ਆਤਿਸ਼ਬਾਜ਼ੀਆਂ ਦਾ ਦੀਵਾਲੀ ਨਾਲ ਕੋਈ ਸਬੰਧ ਨਹੀਂ, ਪਰ ਹਕੀਕਤ ਇਹ ਹੈ ਕਿ ਅਸੀਂ ਸਾਰੇ ਬੰਦੀ ਛੋੜ ਦੀ ਆੜ ਥੱਲੇ ਮਨਾਉਂਦੇ ਦੀਵਾਲੀ ਹੀ ਹਾਂ। ਜੇ ਮੰਨ ਵੀ ਲਈਏ ਕਿ ਸਿੱਖ ‘ਬੰਦੀ ਛੋੜ ਦਿਵਸ’ ਹੀ ਮਨਾਉਂਦੇ ਆ, ਭਲਾ ਕਿਉਂ? ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਜਹਾਂਗੀਰ ਨੇ ਚੰਦੂ ਵਰਗਿਆਂ ਦੀਆਂ ਲਾਈਆਂ ਲੂਤੀਆਂ ਕਾਰਨ ਕੈਦ ਕਰ ਕੇ ਗਵਾਲੀਅਰ ਦੇ ਕਿਲ੍ਹੇ ਵਿਚ ਬੰਦ ਕਰ ਦਿੱਤਾ ਜਿਥੇ ਉਤਰੀ ਭਾਰਤ ਦੀਆਂ ਹੋਰ ਰਿਆਸਤਾਂ ਦੇ ਰਾਜੇ ਵੀ ਕੈਦ ਸਨ। ਮਗਰੋਂ ਗੁਰੂ ਸਾਹਿਬ ਦੀ ਰਿਹਾਈ ਜਹਾਂਗੀਰ ਨੂੰ ਕਰਨੀ ਪਈ। ਜਦੋਂ ਇਹ ਖ਼ਬਰ ਕੈਦੀ ਰਾਜਿਆਂ ਨੂੰ ਮਿਲੀ ਤਾਂ ਉਨ੍ਹਾਂ ਨੇ ਗੁਰੂ ਸਾਹਿਬ ਅੱਗੇ ਆਪਣੀ ਰਿਹਾਈ ਲਈ ਵੀ ਫਰਿਆਦ ਕੀਤੀ। ਫਿਰ ਗੁਰੂ ਸਾਹਿਬ ਨੇ ਆਪਣੀ ਰਿਹਾਈ ਇਸ ਸ਼ਰਤ ‘ਤੇ ਹੀ ਮੰਨੀ ਕਿ ਇਨ੍ਹਾਂ ਰਾਜਿਆਂ ਨੂੰ ਵੀ ਛੱਡਿਆ ਜਾਵੇ। ਗੁਰੂ ਸਾਹਿਬ ਦੇ ਕਹਿਣ ਉਤੇ ਇਹ 52 ਰਾਜੇ ਵੀ ਜਹਾਂਗੀਰ ਨੇ ਰਿਹਾਅ ਕਰ ਦਿੱਤੇ। ਇਨ੍ਹਾਂ ਵਿਚੋਂ ਬਾਈਧਾਰ ਦੇ ਪਹਾੜੀ ਰਾਜੇ ਵੀ ਸਨ। ਇਸ ਰਿਹਾਈ ਕਰ ਕੇ ਗੁਰੂ ਹਰਿਗੋਬਿੰਦ ਨੂੰ ‘ਬੰਦੀ ਛੋੜ ਦਾਤਾ’ ਕਿਹਾ ਜਾਂਦਾ ਤੇ ਉਸ ਦਿਨ ਨੂੰ ਸਿੱਖਾਂ ਨੇ ‘ਬੰਦੀ ਛੋੜ ਦਿਵਸ’ ਵਜੋਂ ਮਨਾਇਆ। ਇਥੇ ਇਸ ਝਮੇਲੇ ਵਿਚ ਪੈਣ ਦੀ ਲੋੜ ਨਹੀਂ ਕਿ ਉਹ ਦਿਨ ਦੀਵਾਲੀ ਵਾਲਾ ਸੀ ਵੀ ਜਾਂ ਨਹੀਂ ਅਤੇ ਕਿਸ ਨੇ ਇਸ ਦਿਨ ਨੂੰ ਦੀਵਾਲੀ ਨਾਲ ਪੱਕਾ ਟਾਂਕਾ ਲਾ ਕੇ ਫਿੱਟ ਕਰ ਦਿੱਤਾ ਹੋਇਆ ਹੈ। ਤੁਸੀਂ ਸੋਚੋ, ਛੇਵੇਂ ਪਾਤਸ਼ਾਹ ਤੋਂ ਪਹਿਲਾਂ ਗੁਰੂ ਨਾਨਕ ਨੂੰ ਵੀ ਤਾਂ ਬਾਬਰ ਨੇ ਏਮਨਾਬਾਦ ਵਿਚ ਕੈਦ ਕੀਤਾ ਸੀ। ਬਾਬੇ ਦਾ ਜਦ ਬਾਬਰ ਨਾਲ ਕੈਦ ਵਿਚ ਸਾਹਮਣਾ ਹੋਇਆ ਤਾਂ ਬੇਖੌਫ਼ ਬਾਬੇ ਨੇ ਉਹਨੂੰ ਜਾਬਰ ਕਹਿ ਦਿੱਤਾ, ਤਾਂ ਬਾਬਰ ਨੂੰ ਬਾਬੇ ਨਾਨਕ ਵਿਚ ਅੱਲਾਹ ਪਾਕਿ ਦੇ ਦੀਦਾਰ ਹੋਏ ਅਤੇ ਉਹਨੇ ਏਮਨਾਬਾਦ ਵਿਚ ਸੈਂਕੜੇ-ਹਜ਼ਾਰਾਂ ਬੰਦੀ ਕੈਦੀਆਂ ਨੂੰ ਬਾਬੇ ਨਾਨਕ ਦੀ ਰਹਿਮਤ ਸਦਕਾ ਰਿਹਾਅ ਕਰ ਦਿੱਤਾ। ਉਹ ਦਿਨ ਸਾਡੇ ਚੇਤਿਆਂ ਵਿਚ ਸ਼ਾਇਦ ਇਸ ਕਰ ਕੇ ਨਹੀਂ ਵਸਿਆ ਕਿਉਂਕਿ ਦੀਵਾਲੀ ਨਾਲ ਨਹੀਂ ਬੰਨ੍ਹ ਹੋਇਆ। ਸਿੱਖਾਂ ਲਈ ਤਾਂ ਗੁਰੂ ਸਾਹਿਬਾਨ ਸਦਾ ਹੀ ਬੰਦੀ ਛੋੜ ਬਣ ਕੇ ਰਾਹਨੁਮਾਈ ਕਰਦੇ ਰਹੇ।
ਹੁਣ ਦੇਖਣਾ ਬਣਦਾ ਹੈ ਕਿ ਜਿਨ੍ਹਾਂ ਪਹਾੜੀ ਰਾਜਿਆਂ ਨੂੰ ਗੁਰੂ ਸਾਹਿਬ ਨੇ ਜਹਾਂਗੀਰ ਦੀ ਕੈਦ ਵਿਚੋਂ ਮੁਕਤੀ ਦਿਵਾ ਕੇ ਮੁੜ ਰਾਜ ਤਖ਼ਤਾਂ ਤੇ ਬਿਰਾਜਮਾਨ ਕਰਵਾ ਦਿੱਤਾ, ਉਹ ਗੁਰੂ ਪਰਿਵਾਰ ਨਾਲ ਅਹਿਸਾਨਮੰਦੀ ਨਿਭਾਅ ਸਕੇ ਜਾਂ ਉਸੇ ਜਹਾਂਗੀਰ ਦੀ ਔਲਾਦ ਨਾਲ ਗੰਢ-ਤੁੱਪ ਕਰ ਕੇ ਗੁਰੂ ਪਰਿਵਾਰ ਨਾਲ ਦੁਸ਼ਮਣੀ ਪਾਲੀ।æææ ਇਨ੍ਹਾਂ ਪਹਾੜੀ ਹਿੰਦੂ ਰਿਆਸਤਾਂ ਨੇ ਕੋਈ ਦਿਨ ਅਜਿਹਾ ਨਹੀਂ ਛੱਡਿਆ ਜਿੱਦਣ ਗੁਰੂ ਹਰਿਗੋਬਿੰਦ ਦੇ ਪੋਤੇ ਸ੍ਰੀ ਗੁਰੂ ਗੋਬਿੰਦ ਸਿੰਘ ਨੂੰ ਟਿਕਣ ਦਿੱਤਾ ਹੋਵੇ। ਜੇ ਗੁਰੂ ਸਾਹਿਬ ਨਾਹਨ ਪਾਉਂਟਾ ਸਾਹਿਬ ਗਏ ਤਾਂ ਇਨ੍ਹਾਂ ਸਾਰਿਆਂ ਨੇ ਇਕੱਠੇ ਹੋ ਕੇ ਭੰਗਾਣੀ ਦੀ ਲੜਾਈ ਗੁਰੂ ਸਾਹਿਬ ਨਾਲ ਲੜੀ। ਜੇ ਸ੍ਰੀ ਅਨੰਦਪੁਰ ਸਾਹਿਬ ਆ ਗਏ ਤਾਂ ਉਥੇ ਵੀ ਘੇਰਾ ਪਾ ਕੇ ਬਹਿ ਗਏ ਤੇ ਗੁਰੂ ਸਾਹਿਬ ਨੂੰ ਸ੍ਰੀ ਅਨੰਦਪੁਰ ਸਾਹਿਬ ਛੱਡਣ ਲਈ ਮਜਬੂਰ ਕਰ ਦਿੱਤਾ। ਇਥੇ ਹੀ ਬੱਸ ਨਹੀਂ ਕੀਤੀ, ਇਨ੍ਹਾਂ ਨੇ ਦਰਿਆ ਸਿਰਸੇ ਤੋਂ ਲੈ ਕੇ ਚਮਕੌਰ ਦੀ ਗੜ੍ਹੀ ਤੱਕ ਪਿੱਛਾ ਕੀਤਾ। ਸ਼ਹੀਦ ਕਰ ਦਿੱਤੇ ਗੁਰੂ ਦੇ ਜਿਗਰ ਦੇ ਟੋਟੇ ਵੱਡੇ ਸਾਹਿਬਜ਼ਾਦੇ ਅਤੇ ਜਾਨ ਨਾਲੋਂ ਪਿਆਰੇ ਸਿੱਖ। ਫੁੱਲ ਭਰ ਛੋਟੇ ਸਾਹਿਬਜ਼ਾਦਿਆਂ ਅਤੇ ਵਡੇਰੀ ਉਮਰ ਦੀ ਮਾਤਾ ਗੁਜਰੀ ਨਾਲ ਵੀ ਲਿਹਾਜ਼ ਨਾ ਕੀਤਾ। ਚਿਣ ਦਿੱਤੇ ਜਿਉਂਦੇ ਨੀਂਹਾਂ ਵਿਚ ਤੇ ਬੰਦੀ ਬਣਾ ਦਿੱਤੀ ਠੰਢੇ ਬੁਰਜ ਵਿਚ ਸ਼ਾਂਤੀ ਦੀ ਮੂਰਤ ਮਾਤਾ ਗੁਜਰੀ। ਸਾਰਾ ਪਰਿਵਾਰ ਸ਼ਹੀਦ ਕਰਵਾ ਕੇ ਗੁਰੂ ਗੋਬਿੰਦ ਸਿੰਘ ਨੂੰ ਗੜ੍ਹੀ ਛੱਡਣੀ ਪਈ। ਫਿਰ ਹੁਣ ਸਿੱਖ ਕਾਹਤੋਂ ਇਨ੍ਹਾਂ ਪਹਾੜੀ ਰਾਜਿਆਂ ਦੀ ਬੰਦ ਖਲਾਸੀ ਹੋਣ ‘ਤੇ ਖੁਸ਼ੀ ਵਿਚ ਆਤਿਸ਼ਬਾਜ਼ੀਆਂ ਚਲਾਉਂਦੇ ਹਨ। ਕਿਸ ਨੇ ਸੋਚਣਾ ਹੈ ਇਸ ਬਾਰੇ ਸਿੱਖ ਭਰਾਵੋ?
ਜੇ ਸਿੱਖ ਬੰਦੀ ਛੋੜ ਦਿਵਸ ਦੀ ਮਹਾਨਤਾ ਇਹ ਸਮਝ ਕੇ ਮਨਾਉਂਦੇ ਹਨ ਕਿ ਕਿਸੇ ਵੀ ਮਜ਼ਲੂਮ ਨੂੰ ਬਿਨਾਂ ਵਜ੍ਹਾ ਜਾਂ ਸਜ਼ਾ ਪੂਰੀ ਕਰਨ ਉਪਰੰਤ ਕੈਦ ਵਿਚ ਰੱਖਣਾ ਗੁਨਾਹ ਹੈ ਤੇ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਆਪਣੀ ਸਮਝ ਨਾਲ ਰਿਹਾਅ ਕਰਵਾਇਆ, ਤਾਂ ਸਵਾਲ ਬਣਦਾ ਹੈ ਕਿ ਭਾਰਤ ਦੀਆਂ ਜੇਲ੍ਹਾਂ ਵਿਚ ਬੰਦ ਕੈਦੀ ਜਿਨ੍ਹਾਂ ਵਿਚ ਸਿੱਖ ਵੀ ਹਨ, ਨੂੰ ਰਿਹਾਅ ਕਿਉਂ ਨਹੀਂ ਕੀਤਾ ਜਾ ਰਿਹਾ ਹੈ? ਇਨ੍ਹਾਂ ਸਿੱਖਾਂ ਦੀਆਂ ਤਾਂ ਸਜ਼ਾਵਾਂ ਵੀ ਪੂਰੀਆਂ ਹੋ ਚੁੱਕੀਆਂ ਹਨ। ਦਵਿੰਦਰਪਾਲ ਸਿੰਘ ਭੁੱਲਰ ਨੂੰ ਜੇਲ੍ਹ ਵਿਚ ਪਾਗਲ ਕਰ ਦਿੱਤਾ ਗਿਆ। ਇਹ ਸਭ ਕੁਝ ਅੱਜ ਦੇ ਆਪਣੇ ਚੁਣੇ ਹੋਏ ਹਾਕਮ, ਜਹਾਂਗੀਰ ਦਾ ਰੋਲ ਅਦਾ ਕਰ ਰਹੇ ਹਨ ਤੇ ਉਨ੍ਹਾਂ ਨੂੰ ਥਾਪੜਾ ਦੇ ਰਹੇ ਹਨ ਸਾਡੇ ਸਿੱਖ ਧਾਰਮਿਕ ਮਹਾਂ ਪੁਰਸ਼! ਫਿਰ ਕੀ ਹੱਕ ਬਣਦਾ ਭਲਾ ਸਿੱਖਾਂ ਦਾ ਬੰਦੀ ਛੋੜ ਦਿਵਸ ਮਨਾਉਣ ਦਾ? ਪਿਛਲੇ ਸਾਲ ਭਾਈ ਗੁਰਬਖਸ਼ ਸਿੰਘ ਵੱਲੋਂ ਸਜ਼ਾਵਾਂ ਭੁਗਤ ਚੁੱਕੇ ਸਿੱਖਾਂ ਦੀ ਰਿਹਾਈ ਲਈ ਅਰੰਭੇ ਸੰਘਰਸ਼ ਨੂੰ ਸਾਡੇ ਆਪਣੇ ਹੀ ਜਥੇਦਾਰ ਨੇ ਹਾਕਮ ਦੇ ਪੱਖ ਵਿਚ ਸਾਬੋਤਾਜ ਕਰਵਾ ਦਿੱਤਾ। ਅੱਜ ਸਿੱਖਾਂ ਦਾ ਸਭ ਕੁਝ ਬੰਦੀ ਹੈæææ ਗੁਰਾਂ ਦੀ ਧਰਤੀ ਪੰਜਾਬ ਨਸ਼ਿਆਂ ਦੀ ਬੰਦੀ ਹੈ; ਬੰਦੀ ਛੋੜ ਦਾਤਾ ਗੁਰੂ ਹਰਿਗੋਬਿੰਦ ਸਾਹਿਬ ਦਾ ਉਸਾਰਿਆ ਸੱਚਾ ਤਖਤ ਬਿਪਰਵਾਦ ਨੇ ਬੰਦੀ ਕੀਤਾ ਹੋਇਆ ਹੈ; ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਕ ਟੱਬਰੇ ਦੀ ਮੁੱਠੀ ਵਿਚ ਬੰਦ ਹੈ; ਡੇਰਾਵਾਦ ਦੀ ਸਿੱਖੀ, ਗੁਰੂ ਦੀ ਸਿੱਖੀ ਨੂੰ ਘੁਣ ਵਾਂਗ ਲੱਗੀ ਹੋਈ ਹੈ; ਤੇ ਸਭ ਤੋਂ ਉਤੇ, ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਆਪਣੇ ਹੱਥੀਂ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ ਗੁਰਿਆਈ ਨੂੰ ਚੁਣੌਤੀ ਇਕ ਹੋਰ ਗ੍ਰੰਥ ਨੂੰ ਗੁਰੂ ਦਾ ਦਰਜਾ ਦੇ ਕੇ ਦਿੱਤੀ ਜਾ ਰਹੀ ਹੈ।
ਜੇ ਸਿੱਖਾਂ ਨੇ ਬੰਦੀ ਛੋੜ ਦਿਵਸ ਮਨਾਉਣਾ ਹੈ, ਤਾਂ ਮੇਲੇ ਵਾਂਗ ਜਾਂ ਤਿਉਹਾਰ ਦੇ ਰੂਪ ਵਿਚ ਨਾ ਮਨਾਈਏæææ ਗੁਰਦੁਆਰੇ ਗਏ, ਛੋਲੇ-ਭਟੂਰਿਆਂ ਨੂੰ ਵਾਢ ਦਿੱਤੀ, ਫਿਰ ਭਾਂਤ-ਸੁਭਾਂਤੀਆਂ ਮਠਿਆਈਆਂ ਤੇ ਜਲੇਬੀਆਂ ਵੱਲ ਹੋ ਗਏ; ਨਿਸ਼ਾਨ ਸਾਹਿਬ ਦੇ ਥੱਲੇ ਦੀਵੇ, ਮੋਮਬੱਤੀਆਂ ਬਾਲੀਆਂ ਤੇ ਆ ਗਏ ਘਰਾਂ ਨੂੰ। ਇਸ ਦਿਵਸ ਮੌਕੇ ਪ੍ਰਣ ਕਰੀਏ ਕਿ ਅਕਾਲ ਤਖ਼ਤ ਨੂੰ ਆਜ਼ਾਦ ਕਰਵਾਉਣਾ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਕਿਸੇ ਗ੍ਰੰਥ ਨੂੰ ਗੁਰੂ ਨਹੀਂ ਮੰਨਣਾ, ਡੇਰਾਵਾਦ ਤੋਂ ਖਹਿੜਾ ਛੁਡਾ ਕੇ ਸਿਰਫ਼ ਗੁਰਮਤਿ ਨੂੰ ਜ਼ਿੰਦਗੀ ਵਿਚ ਢਾਲਣਾ ਹੈ। ਜੇ ਹੋਰ ਨਹੀਂ ਤਾਂ ਬਾਹਰਲੇ ਮੁਲਕਾਂ ਦੇ ਗੁਰਦੁਆਰਿਆਂ ਦੀਆਂ ਕਮੇਟੀਆਂ ਇਹੋ ਜਿਹਾ ਸੁਨੇਹਾ ਤਾਂ ਬੰਦੀ ਛੋੜ ਦਿਵਸ ‘ਤੇ ਅਕਾਲ ਤਖ਼ਤ ਅਤੇ ਹਾਕਮਾਂ ਤੱਕ ਪੁੱਜਦਾ ਕਰ ਹੀ ਸਕਦੀਆਂ ਹਨ। ਨਹੀਂ ਤਾਂ ਦੀਵਾਲੀ ਅਤੇ ਬੰਦੀ ਛੋੜ ਦਿਵਸ ਵਿਚ ਕੋਈ ਫ਼ਰਕ ਨਹੀਂ।
Leave a Reply