ਬੂਟਾ ਸਿੰਘ
ਫੋਨ: 91-94634-74342
ਫਲਸਤੀਨੀਆਂ ਦੀ ਮੁਕਤੀ ਦੀ ਜਦੋਜਹਿਦ ਲਈ ਤਹਿ-ਦਿਲੋਂ ਇਕਮੁੱਠਤਾ ਦੇ ਮਨੋਰਥ ਨਾਲ ਸੰਪਾਦਤ ਕੀਤੀਆਂ ‘ਲੈਫਟਵਰਲਡ ਬੁੱਕਸ’ ਦੀਆਂ ਹਾਲੀਆ ਦੋ ਕਿਤਾਬਾਂ ‘ਫਰੌਮ ਇੰਡੀਆ ਟੂ ਫਲਸਤੀਨ’ ਅਤੇ ‘ਐਡਵਰਡ ਸਈਦ ਔਨ ਫਲਸਤੀਨ’ ਕਾਬਲੇਗ਼ੌਰ ਹਨ। ‘ਫਰੌਮ ਇੰਡੀਆ ਟੂ ਫਲਸਤੀਨ’ ਲੇਖਕਾ ਗੀਤਾ ਹਰੀਹਰਨ ਵਲੋਂ ਸੰਪਾਦਤ ਕੀਤੀ ਗਈ ਹੈ। ਇਸ ਵਿਚ ਏਜਾਜ਼ ਅਹਿਮਦ, ਮੀਨਾ ਅਲੈਂਗਜ਼ੈਂਡਰ, ਗੀਤਾ ਹਰੀਹਰਨ, ਸੁਨੈਨਾ ਮੈਰਾ, ਨਿਵੇਦਿਤਾ ਮੈਨਨ, ਰਿਤੂ ਮੈਨਨ, ਸੁਕੁਮਾਰ ਮੁਰਲੀਧਰਨ, ਸੀਮਾ ਮੁਸਤਫਾ, ਅਦਿਤਿਆ ਨਿਗਮ, ਪ੍ਰਭਾਤ ਪਟਨਾਇਕ, ਵਿਜੇ ਪ੍ਰਸਾਦ, ਪ੍ਰਬੀਰ ਪੁਰਕਾਇਸਥਾ, ਏæਕੇæ ਰਾਮਾਕ੍ਰਿਸ਼ਨਨ, ਨਯਨਤਾਰਾ ਸਹਿਗਲ, ਅਚਿਨ ਵਿਨਾਇਕ ਦੇ ਚੌਦਾਂ ਲੇਖ ਸ਼ਾਮਲ ਹਨ। ਆਪੋ-ਆਪਣੇ ਖੇਤਰ ਦੀਆਂ ਇਨ੍ਹਾਂ ਉਘੀਆਂ ਸ਼ਖਸੀਅਤਾਂ ਨੇ ਫਲਸਤੀਨ ਦੇ ਸਵਾਲ ਦੇ ਵੱਖੋ-ਵੱਖਰੇ ਪਹਿਲੂਆਂ ਬਾਰੇ ਬੜੀ ਸ਼ਿੱਦਤ ਨਾਲ ਲਿਖਿਆ ਹੈ। ਇਹ ਸਾਰੇ ਨਾ ਸਿਰਫ਼ ਫਲਸਤੀਨ ਦੀ ਜ਼ਮੀਨੀ ਹਕੀਕਤ ਨਾਲ ਡੂੰਘੇ ਤੌਰ ‘ਤੇ ਵਾਬਸਤਾ ਹਨ ਸਗੋਂ ਹਿੰਦੁਸਤਾਨ ਅੰਦਰ ਫਲਸਤੀਨ ਦੇ ਕਾਜ ਨਾਲ ਇਕਮੁੱਠਤਾ ਜ਼ਾਹਿਰ ਕਰਨ ਵਾਲੀ ਲਹਿਰ ਦਾ ਵੀ ਸਜਿੰਦ ਤੇ ਸਰਗਰਮ ਹਿੱਸਾ ਹਨ। ਦੂਜੀ ਕਿਤਾਬ ‘ਐਡਵਰਡ ਸਈਦ ਔਨ ਫਲਸਤੀਨ’ ਮਸ਼ਹੂਰ ਫਲਸਤੀਨੀ-ਅਮਰੀਕੀ ਚਿੰਤਕ ਐਡਵਰਡ ਸਈਦ ਦੇ ਦੋ ਲੇਖਾਂ ਅਤੇ ਫਲਸਤੀਨੀ ਚਿੰਤਕ ਰਾਜਾ ਸ਼ੇਹਾਦੇ ਦੀ ਐਡਵਰਡ ਸਈਦ ਯਾਦਗਾਰੀ ਤਕਰੀਰ ਦਾ ਸੰਗ੍ਰਹਿ ਹੈ ਜਿਸ ਵਿਚ ਫਲਸਤੀਨ ਦੇ ਅਤੀਤ, ਵਰਤਮਾਨ ਅਤੇ ਭਵਿੱਖ ਨਾਲ ਜੁੜੇ ਮੁੱਖ ਸਵਾਲਾਂ ਨੂੰ ਚਰਚਾ ਵਿਚ ਲਿਆਂਦਾ ਗਿਆ ਹੈ।
ਫਲਸਤੀਨ ਐਡਵਰਡ ਸਈਦ ਦੀ ਬੌਧਿਕ ਖੋਜ ਦਾ ਮੁੱਖ ਖੇਤਰ ਨਹੀਂ ਸੀ। ਉਹ ਸਾਹਿਤਕ ਆਲੋਚਕ ਸੀ ਜਿਸ ਨੇ ਸਾਹਿਤ ਦੇ ਆਗਾਜ਼ ਅਤੇ ਪ੍ਰਸੰਗਾਂ ਬਾਰੇ ਨਿੱਠ ਕੇ ਲਿਖਿਆ। ਐਪਰ ਐਡਵਰਡ ਸਈਦ ਹੀ ਅਜਿਹਾ ਫਲਸਤੀਨੀ ਲੇਖਕ ਸੀ ਜਿਸ ਨੇ ਆਪਣੇ ਲੋਕਾਂ ਨਾਲ ਹੋਈ ਮਹਾਂ ਬੇਇਨਸਾਫ਼ੀ ਬਾਰੇ ਡੂੰਘੀ ਸੰਵੇਦਨਾ ਨਾਲ ਅਤੇ ਵਾਸਤਵਿਕ ਹੋ ਕੇ ਸਭ ਤੋਂ ਵੱਧ ਕਲਮ ਚਲਾਈ। ਆਪਣੇ ਆਵਾਮ ਨਾਲ ਜ਼ੁਲਮੋ-ਸਿਤਮ ਦੀ ਤਫ਼ਸੀਲ ਉਸ ਦੇ ਲੇਖਾਂ ਦਾ ਕੇਂਦਰੀ ਮੁੱਦਾ ਨਹੀਂ ਹੈ। ਉਸ ਦਾ ਮੁੱਖ ਸਰੋਕਾਰ ਫਲਸਤੀਨ ਦੇ ਸਵਾਲ ਦੀ ਸਹੀ ਵਿਆਖਿਆ ਨਾਲ ਹੈ। ਇਸ ਪੱਖੋਂ ਵੀ ਉਸ ਦਾ ਯੋਗਦਾਨ ਬਾਕਮਾਲ ਹੈ। ਉਸ ਨੇ ਜਦੋਂ ਫਲਸਤੀਨੀ ਆਗੂ ਯਾਸਰ ਅਰਾਫਾਤ ਵਲੋਂ 1993 ਵਿਚ ਕੀਤੇ ਓਸਲੋ ਸਮਝੌਤੇ ਨੂੰ ਬੇਬਾਕ ਹੋ ਕੇ ‘ਗੋਡੇ ਟੇਕਣ ਦਾ ਸੰਦ’ ਕਰਾਰ ਦਿੱਤਾ, ਤਾਂ ਉਸ ਦੀ ਬਹੁਤ ਭੰਡੀ ਕੀਤੀ ਗਈ। ਅਜਿਹਾ ਕਰਨ ਵਾਲਿਆਂ ਵਿਚ ਇਸਰਾਇਲੀ ਵਿਦਵਾਨ ਅਵੀ ਸ਼ਲੇਮ ਵੀ ਸੀ, ਪਰ ਦੋ ਦਹਾਕੇ ਬਾਅਦ ਸ਼ਲੇਮ ਨੇ ਲਿਖਿਆ, “ਵੀਹ ਵਰ੍ਹੇ ਪਿੱਛੋਂ ਅੱਜ ਦੇ ਭਵਿੱਖ-ਨਕਸ਼ੇ ਤੋਂ ਦੇਖਿਆਂ ਇਹ ਸਪਸ਼ਟ ਹੈ ਕਿ ਐਡਵਰਡ ਸਈਦ ਦਾ ਵਿਸ਼ਲੇਸ਼ਣ ਸਹੀ ਸੀ ਅਤੇ ਮੈਂ ਗਲਤ ਸੀ।”
ਫਲਸਤੀਨ ਦੇ ਸਵਾਲ ਨੂੰ ਸਮਝਣ ਲਈ ਜਾਣਕਾਰੀ ਅਤੇ ਵਿਸ਼ਲੇਸ਼ਣ ਪੱਖੋਂ ਦੋਵਾਂ ਕਿਤਾਬਾਂ ਦੀ ਆਪੋ-ਆਪਣੀ ਅਹਿਮੀਅਤ ਹੈ। ਐਪਰ ਗੀਤਾ ਹਰੀਹਰਨ ਵਲੋਂ ਸੰਪਾਦਤ ਕਿਤਾਬ ਇਸ ਕਰ ਕੇ ਵਧੇਰੇ ਚਰਚਾ ਦੀ ਮੰਗ ਕਰਦੀ ਹੈ ਕਿ ਇਸ ਵਿਚ ਹਿੰਦੁਸਤਾਨੀ ਲੇਖਕਾਂ, ਵਿਦਵਾਨਾਂ ਅਤੇ ਕਾਰਕੁਨਾਂ ਦੇ ਫਲਸਤੀਨ ਦੀ ਜ਼ਮੀਨੀ ਹਕੀਕਤ ਦੇ ਅੱਖੀਂ ਡਿੱਠੇ ਸਿੱਧੇ ਅਨੁਭਵਾਂ ਤੋਂ ਲੈ ਕੇ ‘ਦਹਿਸ਼ਤਵਾਦ ਵਿਰੁਧ ਜੰਗ’ ਦੇ ਆਲਮੀ ਸਾਮਰਾਜਵਾਦੀ ਭਵਿੱਖ-ਨਕਸ਼ੇ ਅਤੇ ਹਿੰਦੁਸਤਾਨੀ ਰਾਜ ਦੇ ਫਲਸਤੀਨੀ ਲੋਕਾਂ ਤੇ ਇਸਰਾਇਲੀ ਰਾਜ ਨਾਲ ਰਿਸ਼ਤਿਆਂ ਦੇ ਬਦਲ ਰਹੇ ਸੁਭਾਅ ਦੀ ਡੂੰਘੀ ਚੀਰ-ਫਾੜ ਪੇਸ਼ ਕੀਤੀ ਗਈ ਹੈ।
‘ਫਰੌਮ ਇੰਡੀਆ ਟੂ ਫਲਸਤੀਨ’ ਦਾ ਮੁੱਖ ਫੋਕਸ ਭਾਵੇਂ ਹਿੰਦੁਸਤਾਨ ਅਤੇ ਇਸਰਾਇਲ-ਫਲਸਤੀਨ ਸਬੰਧ ਹਨ ਪਰ ਇਸ ਵਿਚ ਫਲਸਤੀਨ ਦੇ ਸਵਾਲ ਨੂੰ ਦੁਨੀਆਂ ਵਿਚ ਹਿੰਦੁਸਤਾਨੀ ਸਟੇਟ ਦੀ ਬਦਲ ਰਹੀ ਭੂਮਿਕਾ ਦੇ ਚੌੜੇਰੇ ਪ੍ਰਸੰਗ ਵਿਚ ਵਿਚਾਰਿਆ ਗਿਆ ਹੈ। ਇਤਿਹਾਸਕ ਤੌਰ ‘ਤੇ ਨਾ ਸਿਰਫ ਹਿੰਦੁਸਤਾਨ ਦੇ ਅਰਬ ਜਗਤ ਨਾਲ ਮਜ਼ਬੂਤ ਰਿਸ਼ਤੇ ਰਹੇ ਹਨ, ਸਗੋਂ 1948 ਵਿਚ ਫਲਸਤੀਨੀ ਸਰਜ਼ਮੀਨ ਉਪਰ ਡੂੰਘੀ ਸਾਜ਼ਿਸ਼ ਤਹਿਤ ਇਸਰਾਇਲ ਸਟੇਟ ਥੋਪ ਦਿੱਤੇ ਜਾਣ ਦੇ ਸਮੇਂ ਤੋਂ ਹੀ ਹਿੰਦੁਸਤਾਨ ਦਾ ਆਜ਼ਾਦੀ ਸੰਗਰਾਮ, ਫਲਸਤੀਨੀਆਂ ਦੇ ਆਪਣੇ ਵਤਨ ਲਈ ਸੰਘਰਸ਼ ਨੂੰ ਬਸਤੀਵਾਦ ਵਿਰੁਧ ਸੱਚਾ ਸੰਘਰਸ਼ ਤਸਲੀਮ ਕਰਦਾ ਆਇਆ ਹੈ। ਲੇਖਕਾਂ ਨੇ ਰਵਾਇਤੀ ਰਾਸ਼ਟਰਵਾਦੀ ਆਗੂਆਂ ਐਮæਕੇæ ਗਾਂਧੀ ਅਤੇ ਜਵਾਹਰ ਲਾਲ ਨਹਿਰੂ ਦੇ ਫਲਸਤੀਨ ਬਾਰੇ ਬਿਆਨਾਂ ਤੇ ਲੇਖਾਂ ਦੇ ਇਤਿਹਾਸਕ ਹਵਾਲਿਆਂ ਨੂੰ ਮੁੱਖ ਕਸਵੱਟੀ ਬਣਾ ਕੇ ਹਿੰਦੁਸਤਾਨੀ ਰਾਜ ਦੀ ਪੁਜ਼ੀਸ਼ਨ ਵਿਚ ਆਏ ਬਦਲਾਅ ਦਾ ਵਿਸ਼ਲੇਸ਼ਣ ਕੀਤਾ ਹੈ। 1948 ਵਿਚ ਇਸਰਾਇਲੀ ਸਟੇਟ ਬਣਾਏ ਜਾਣ ਤੋਂ ਦੋ ਵਰ੍ਹੇ ਪਹਿਲਾਂ ਗਾਂਧੀ ਨੇ ਲਿਖਿਆ ਸੀ, “ਉਨ੍ਹਾਂ ਨੇ ਪਹਿਲਾਂ ਅਮਰੀਕਾ ਤੇ ਬਰਤਾਨੀਆ ਦੀ ਮਦਦ ਨਾਲ ਅਤੇ ਹੁਣ ਨੰਗੀ ਦਹਿਸ਼ਤਗਰਦੀ ਦੀ ਮਦਦ ਨਾਲ ਖ਼ੁਦ ਨੂੰ ਫਲਸਤੀਨ ਉਪਰ ਥੋਪਣ ਦਾ ਯਤਨ ਕਰ ਕੇ ਬੱਜਰ ਗਲਤੀ ਕੀਤੀ ਹੈ।”
ਸਵਾਲ ਇਹ ਹੈ ਕਿ ਹਿੰਦੁਸਤਾਨ ਦੇ ਹੁਕਮਰਾਨ ਫਲਸਤੀਨ ਦੇ ਕਾਜ ਦੀ ਬਿਨਾਂ ਸ਼ਰਤ ਹਮਾਇਤ ਤੋਂ ਇਸਰਾਇਲ ਨਾਲ ਯੁੱਧਨੀਤਕ ਭਿਆਲੀ ਦੀ ਪੂਰੀ ਤਰ੍ਹਾਂ ਆਪਾ-ਵਿਰੋਧੀ ਪੁਜ਼ੀਸ਼ਨ ‘ਤੇ ਕਿਵੇਂ ਪਹੁੰਚ ਗਏ, ਉਸ ਯਹੂਦੀਵਾਦੀ ਇਸਰਾਇਲ ਨਾਲ ਜੋ ਮੁਲਕ ਵਜੋਂ ਫਲਸਤੀਨ ਦੀ ਹੋਂਦ ਤੋਂ ਹੀ ਇਨਕਾਰੀ ਹੈ ਅਤੇ ਜਿਸ ਦੀਆਂ ਨਜ਼ਰਾਂ ‘ਚ ਗਾਜ਼ਾ ਤੇ ਪੱਛਮੀ ਕੰਢਾ ਵੀ ਮਹਿਜ਼ ਇਸਰਾਇਲ ਦੇ ਫਲਸਤੀਨੀ ਇਲਾਕੇ ਹੀ ਹਨ।
ਮਸ਼ਹੂਰ ਅਰਥ ਸ਼ਾਸਤਰੀ ਪ੍ਰਭਾਤ ਪਟਨਾਇਕ ਦਾ ਮੰਨਣਾ ਹੈ ਕਿ ਫਲਸਤੀਨ ਵਿਚ ਇਸਰਾਇਲੀ ਬਸਤੀਵਾਦ ਨੂੰ ਵਡੇਰੇ ਸਾਮਰਾਜਵਾਦੀ ਪ੍ਰੋਜੈਕਟ ਤੋਂ ਅਲੱਗ ਨਹੀਂ ਕੀਤਾ ਜਾ ਸਕਦਾ। ਇਸ ਜਾਵੀਏ ਤੋਂ ਹਿੰਦੁਸਤਾਨੀ ਹੁਕਮਰਾਨ ਜਮਾਤ ਦੀ ਇਸਰਾਇਲੀ ਰਾਜ ਨਾਲ ਪਿਛਲੇ ਦੋ ਦਹਾਕਿਆਂ ਵਿਚ ਪ੍ਰਫੁਲਤ ਹੋਈ ਯੁੱਧਨੀਤਕ ਸਾਂਝ ਦੇ ਅਸਲ ਮਾਇਨਿਆਂ ਨੂੰ ਸਮਝਿਆ ਜਾ ਸਕਦਾ ਹੈ ਜਿਸ ਦੇ ਪਿਛੋਕੜ ਵਿਚ ਸਾਮਰਾਜਵਾਦੀ ਵਿਸ਼ਵੀਕਰਨ ਦੀ ਆਲਮੀ ਯੁੱਧਨੀਤੀ ਕਾਰਜਸ਼ੀਲ ਹੈ। ਇਸ ਦੀ ਤੱਥਪੂਰਨ ਤਫ਼ਸੀਲ ਇਸ ਕਿਤਾਬ ਵਿਚ ਮਿਲਦੀ ਹੈ। ਲੇਖਕਾਂ ਨੇ ਗੰਭੀਰ ਫ਼ਿਕਰਮੰਦੀ ਨਾਲ ਨੋਟ ਕੀਤਾ ਹੈ ਕਿ ਸ਼ੀਤ ਯੁੱਧ ਦੇ ਖਾਤਮੇ ਤੋਂ ਬਾਅਦ, ਖਾਸ ਕਰ ਕੇ 1990ਵਿਆਂ ਵਿਚ ਹਿੰਦੁਸਤਾਨ ਦੇ ਇਸਰਾਇਲ ਨਾਲ ਰਿਸ਼ਤੇ ‘ਚ ਵੱਡਾ ਬਦਲਾਅ ਆਇਆ। ਇਸ ਬਦਲਾਅ ਦਾ ਨਤੀਜਾ ਸੀ ਕਿ ਹਿੰਦੁਸਤਾਨੀ ਸਟੇਟ, ਫਲਸਤੀਨ ਦੇ ਕਾਜ ਦੀ ਸਿਆਸੀ-ਇਖ਼ਲਾਕੀ ਹਮਾਇਤ ਦੀ ਆਪਣੀ ਰਵਾਇਤੀ ਪੁਜ਼ੀਸ਼ਨ ਨੂੰ ਤਿਲਾਂਜਲੀ ਦੇ ਕੇ ਆਲਮੀ ਬਦੀ ਦੇ ਧੁਰੇ ਦੀ ਅਖਾਉਤੀ Ḕਦਹਿਸ਼ਤਵਾਦ ਵਿਰੁਧ ਜੰਗḔ ਦਾ ਹਿੱਸਾ ਬਣ ਗਿਆ। ਅਮਰੀਕੀ ਚਿੰਤਕ ਨੌਮ ਚੌਮਸਕੀ ਨੇ 1993 ਵਿਚ ਐਨ ਸਹੀ ਨੋਟ ਕੀਤਾ ਸੀ ਕਿ ਫਲਸਤੀਨ ਲਿਬਰੇਸ਼ਨ ਆਰਗੇਨਾਈਜੇਸ਼ਨ ਦਾ ਇਸਰਾਇਲ ਦੇ ਟਾਕਰੇ ਦਾ ਰਾਹ ਛੱਡ ਕੇ ਸਮਝੌਤੇ ਦਾ ਰਾਹ ਅਖ਼ਤਿਆਰ ਕਰ ਲੈਣਾ ਫਲਸਤੀਨ ਦੇ ਕਾਜ ਨੂੰ ਵੱਡੀ ਸੱਟ ਤਾਂ ਹੈ ਹੀ ਸੀ, ਇਸ ਨੇ ਹਿੰਦੁਸਤਾਨੀ ਹਕੂਮਤ ਨੂੰ ਇਸਰਾਇਲ ਨਾਲ ਮੁਕੰਮਲ ਕੂਟਨੀਤਕ ਰਿਸ਼ਤਾ ਕਾਇਮ ਕਰਨ ਲਈ ਬਹਾਨਾ ਵੀ ਮੁਹੱਈਆ ਕਰ ਦਿੱਤਾ। ਕਾਂਗਰਸ ਹਕੂਮਤ ਦੀ ਅਗਵਾਈ ਵਿਚ ਹਿੰਦੁਸਤਾਨੀ ਸਟੇਟ ਨੇ ਫਲਸਤੀਨ ਦੇ ਕਾਜ ਦੀ ਹਮਾਇਤ ਦੀ ਦਰੁਸਤ ਪੁਜ਼ੀਸ਼ਨ ਛੱਡ ਕੇ ਦਹਿਸ਼ਤਗਰਦ ਇਸਰਾਇਲੀ ਸਟੇਟ ਨਾਲ ਯੁੱਧਨੀਤਕ ਭਾਈਵਾਲੀ ਬਣਾ ਲਈ। ਭਗਵੇਂ ਬ੍ਰਿਗੇਡ ਦੇ ਸੱਤਾਧਾਰੀ ਹੋਣ ‘ਤੇ ਵਾਜਪਾਈ ਵਜਾਰਤ ਦੀ ਇਸਰਾਇਲ ਦਹਿਸ਼ਤਵਾਦ ਵਿਚ ਖਾਸ ਦਿਲਚਸਪੀ ਹੋਣ ਕਾਰਨ ਇਹ ਸਾਂਝ ਸਿਖਰਾਂ ਛੂਹ ਗਈ। ਹਿੰਦੁਸਤਾਨ ਵਿਚ ਸਾਬਕਾ ਇਸਰਾਇਲੀ ਸਫ਼ੀਰ ਯੇਹੋਯਾਦਾ ਹੇਮ ਨੇ ਖ਼ੁਲਾਸਾ ਕੀਤਾ ਕਿ ਐਲ਼ਕੇæ ਅਡਵਾਨੀ ਨੇ ਮੋਸਾਦ (ਇਸਰਾਇਲੀ ਖੁਫੀਆ ਏਜੰਸੀ) ਦੇ ਮੁਖੀ ਨੂੰ ਮਿਲਣ ਅਤੇ Ḕਦਹਿਸ਼ਤਵਾਦ ਵਿਰੋਧੀḔ ਲੜਾਈ ਦੇ ਇਸਰਾਇਲੀ ਢੰਗਾਂ ਵਿਚ ਉਚੇਚੀ ਦਿਲਚਸਪੀ ਲਈ ਸੀ ਅਤੇ ਕਾਰਗਿਲ ਜੰਗ ਵਿਚ ਇਸਰਾਇਲ ਨੇ ਹਿੰਦੁਸਤਾਨੀ ਹਕੂਮਤ ਦਾ ਹੱਥ ਵਟਾਇਆ ਸੀ।
2003 ਵਿਚ ਨਵੀਂ ਦਿੱਲੀ ਹਕੂਮਤ ਨਾਲ ਸਮਝੌਤਾ ਸਹੀਬੰਦ ਕਰਦੇ ਵਕਤ ਇਸਰਾਇਲੀ ਪ੍ਰਧਾਨ ਮੰਤਰੀ ਏਰੀਲ ਸ਼ੈਰੋਨ ਨੇ ਐਲਾਨ ਕੀਤਾ ਸੀ ਕਿ ਹਿੰਦੁਸਤਾਨ ਅਤੇ ਇਸਰਾਇਲ ‘ਯੁੱਧਨੀਤਕ ਸਾਂਝੀਦਾਰ’ ਹਨ। ਅੱਜ ਇਸਰਾਇਲ ਨਾ ਸਿਰਫ਼ ਹਿੰਦੁਸਤਾਨ ਨੂੰ ਹਥਿਆਰ ਵੇਚਣ ਅਤੇ ਜਾਸੂਸੀ ਤਕਨਾਲੋਜੀ ਵੇਚਣ ਵਾਲਾ ਸਭ ਤੋਂ ਵੱਡਾ ਸਪਲਾਇਰ ਹੈ (1999 ਤੋਂ ਲੈ ਕੇ ਹੁਣ ਤਕ 10 ਅਰਬ ਡਾਲਰ ਦੇ ਹਥਿਆਰ ਖ਼ਰੀਦ ਕੇ ਹਿੰਦੁਸਤਾਨ, ਇਸਰਾਇਲੀ ਹਥਿਆਰ ਸਨਅਤ ਦਾ ਇਸਰਾਇਲੀ ਫ਼ੌਜ ਤੋਂ ਵੀ ਵੱਡਾ ਖਰੀਦਦਾਰ ਬਣ ਗਿਆ ਹੈ), ਸਗੋਂ ਕਸ਼ਮੀਰ ਤੋਂ ਲੈ ਕੇ ਉਤਰ-ਪੂਰਬ ਅਤੇ ਨਕਸਲੀ ਲਹਿਰ ਦੇ ਡੂੰਘੇ ਰਸੂਖ਼ ਵਾਲੇ 10 ਸੂਬਿਆਂ ਵਿਚ ਹਿੰਦੁਸਤਾਨ ਸਟੇਟ ਵਿਰੁਧ ਲੜ ਰਹੀਆਂ ਆਵਾਮੀ ਲਹਿਰਾਂ ਨੂੰ ਦਬਾਉਣ ਅਤੇ ਆਗੂ ਰਹਿਤ ਕਰਨ ਲਈ ਇਸਰਾਇਲੀ ਏਜੰਸੀ ਮੋਸਾਦ ਅਹਿਮ ਭੂਮਿਕਾ ਨਿਭਾਅ ਰਹੀ ਹੈ। ਹਰਿਆਣਾ ਹਕੂਮਤ ਵਲੋਂ ਇਸਰਾਇਲੀ ਜਲ ਕੰਪਨੀ ਮੈਕੋਰੌਟ ਨਾਲ ਸੀਵਰ ਵਿਵਸਥਾ ਦਾ ਸਮਝੌਤਾ, ਇਸਰਾਇਲੀ ਹਥਿਆਰ ਨਿਰਮਾਤਾ ਕੰਪਨੀ ਐਲਬਿਟ ਦੀ ਸ਼ਾਖਾ ਐਲਬਿਟ ਇੰਡੀਆ ਵਲੋਂ ਆਂਧਰਾ ਪ੍ਰਦੇਸ਼ ਵਿਚ ਫੈਕਟਰੀ ਫਾਰਮਿੰਗ ਵਿਚ ਵੱਡਾ ਪੂੰਜੀ ਨਿਵੇਸ਼ ਅਤੇ ਪੰਜਾਬ ਸਰਕਾਰ ਵਲੋਂ ਪੁਲਿਸ ਨੂੰ ਇਸਰਾਇਲ ਤੋਂ ਵਿਸ਼ੇਸ਼ ਸਿਖਲਾਈ ਇਸ ਦੇ ਅਗਾਂਹ ਪਾਸਾਰ ਹੀ ਹਨ।
ਇਸ ਲੇਖ ਸੰਗ੍ਰਹਿ ਦੇ ਲੇਖਕ ਸਹੀ ਜ਼ੋਰ ਦਿੰਦੇ ਹਨ ਕਿ ਫਲਸਤੀਨ-ਇਸਰਾਇਲ ਵਿਵਾਦ ਦੇ ਸਬੰਧ ਵਿਚ ਹਿੰਦੁਸਤਾਨੀ ਸਟੇਟ ਨਿਰਪੱਖ ਧਿਰ ਨਹੀਂ ਹੈ, ਜਿਵੇਂ ਹੁਕਮਰਾਨ ਦਾਅਵੇ ਕਰਦੇ ਹਨ। ਇਸਰਾਇਲ ਦੇ ਘਿਨਾਉਣੇ ਕਬਜ਼ੇ ਬਾਰੇ ਖਾਮੋਸ਼ ਰਹਿ ਕੇ ਅਤੇ ਉਸ ਤੋਂ ਥੋਕ ਹਥਿਆਰ ਖਰੀਦ ਕੇ ਇਹ ਉਸ ਦੀ ਫਲਸਤੀਨੀ ਆਵਾਮ ਦੀ ਨਸਲਕੁਸ਼ੀ ਦੀ ਨੀਤੀ ਦੀ ਹਮਾਇਤ ਕਰ ਰਹੇ ਹਨ। ਮੋੜਵੇਂ ਰੂਪ ਵਿਚ ਇਸਰਾਇਲ ਹਿੰਦੁਸਤਾਨ ਦੀ ਸਥਾਪਤੀ ਦੀਆਂ ਜਾਬਰ ਨੀਤੀਆਂ ਦੇ ਆਵਾਮੀ ਵਿਰੋਧ ਨੂੰ ਕੁਚਲਣ ਵਿਚ ਇਸ ਦਾ ਹੱਥ ਵਟਾਉਣ ਦੀ ਅਹਿਸਾਨ-ਫਰਾਮੋਸ਼ੀ ਕਰ ਰਿਹਾ ਹੈ। ਲਿਹਾਜ਼ਾ ਹਿੰਦੁਸਤਾਨੀ ਸਟੇਟ ਆਲਮੀ ਬਦੀ ਦੇ ਕੈਂਪ ਦਾ ਅਨਿੱਖੜ ਹਿੱਸਾ ਅਤੇ ਫਲਸਤੀਨ ਉਪਰ ਇਸਰਾਇਲੀ ਕਬਜ਼ਾ ਬਣਾਈ ਰੱਖਣ ਦਾ ਅਹਿਮ ਸਹਿਯੋਗੀ ਹੈ। ਇਸਰਾਇਲ ਨੂੰ ਫਲਸਤੀਨ ਉਪਰ ਕਬਜ਼ਾ ਅਤੇ ਨਹੱਕੀ ਜੰਗ ਬਰਕਰਾਰ ਰੱਖਣ ਵਿਚੋਂ ਐਨਾ ਲਾਹਾ ਮਿਲਣ ਦੀ ਸੂਰਤ ਵਿਚ ਉਹ ਫਲਸਤੀਨ ਨੂੰ ਸਵੈ-ਨਿਰਣੇ ਦਾ ਹੱਕ ਦੇਣ ਅਤੇ ਅਮਨਪਸੰਦੀ ਦੀ ਚੋਣ ਭਲਾ ਕਿਉਂ ਕਰੇਗਾ।
ਬਦੀ ਦੇ ਆਲਮੀ ਧੁਰੇ ਅਮਰੀਕਾ-ਇਸਰਾਇਲ ਗੱਠਜੋੜ ਦੇ ਮੱਦੇਨਜ਼ਰ ਐਡਵਰਡ ਸਈਦ ਦਾ ਇਹ ਕਥਨ ਬਹੁਤ ਅਰਥਪੂਰਨ ਹੈ ਕਿ ਫਲਸਤੀਨੀਆਂ ਦਾ ਮੱਥਾ ਸਿਰਫ਼ ਮੁਕਾਮੀ ਦੁਸ਼ਮਣ ਨਾਲ ਨਹੀਂ, ਸਗੋਂ ਆਲਮੀ ਦੁਸ਼ਮਣ ਨਾਲ ਲੱਗਿਆ ਹੋਇਆ ਹੈ ਅਤੇ ਉਨ੍ਹਾਂ ਲਈ ਆਲਮੀ ਤੌਰ ‘ਤੇ ਜਿੱਤ ਦੇ ਮੁਕਾਮ ਉਤੇ ਪਹੁੰਚਣਾ ਜ਼ਰੂਰੀ ਹੈ। ਇਸੇ ਲਈ ਉਹ ਇਸਰਾਇਲ ਦੇ ਬਾਈਕਾਟ, ਅੱਪਨਿਵੇਸ਼ ਅਤੇ ਪਾਬੰਦੀਆਂ ਦੀ ਲਹਿਰ ਨੂੰ ਫਲਸਤੀਨੀਆਂ ਦੀ ਹਮਾਇਤ ਦਾ ਬੁਨਿਆਦੀ ਸੰਦ ਬਣਾਉਣ ‘ਤੇ ਐਨਾ ਜ਼ੋਰ ਦਿੰਦਾ ਹੈ ਜੋ ਦੱਖਣੀ ਅਫਰੀਕਾ ਦੀ ਰੰਗਭੇਦ ਵਿਰੁਧ ਸ਼ਾਨਾਮੱਤੀ ਜਦੋਜਹਿਦ ਦਾ ਖਾਸ ਹਥਿਆਰ ਰਿਹਾ ਹੈ। ਲਿਹਾਜ਼ਾ ਇਸਰਾਇਲੀ ਧੌਂਸ, ਕਬਜ਼ੇ ਅਤੇ ਜੰਗਬਾਜ਼ ਨੀਤੀ ਦੇ ਖਿਲਾਫ਼ ਵਿਆਪਕ ਆਵਾਮੀ ਰਾਇ ਤਿਆਰ ਕਰਨ, ਹਿੰਦੁਸਤਾਨ ਵਰਗੇ ਸਟੇਟਾਂ ਉਪਰ ਅਮਰੀਕਾ-ਇਸਰਾਇਲ ਦੇ ਪਿਛਾਖੜੀ ਕੈਂਪ ਤੋਂ ਅਲੱਗ ਹੋਣ ਲਈ ਆਵਾਮੀ ਦਬਾਅ ਪਾਉਣ ਲਈ ਇਸ ਤਰ੍ਹਾਂ ਦੀਆਂ ਜਾਣਕਾਰੀ ਭਰਪੂਰ ਅਤੇ ਵਿਸ਼ਲੇਸ਼ਣਾਤਮਕ ਰਚਨਾਵਾਂ ਬਹੁਤ ਅਹਿਮੀਅਤ ਰੱਖਦੀਆਂ ਹਨ। ਇਹ ਫਲਸਤੀਨ ਦੇ ਕਾਜ ਲਈ ਸੱਚੇ ਦਿਲੋਂ ਹਮਦਰਦੀ ਰੱਖਣ ਵਾਲੇ ਹਰ ਚਿੰਤਕ ਤੇ ਕਾਰਕੁਨ ਦੇ ਪੜ੍ਹਨਯੋਗ ਕਿਤਾਬਾਂ ਹਨ।
Leave a Reply