ਵਿਆਹਾਂ ਵਿਚ ਹਾਸਿਆਂ ਦੇ ਫੁਹਾਰੇ

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਵਿਆਹ ਤੋਂ ਬਾਅਦ ਕਿਉਂਕਿ ‘ਸਭ ਰਾਗ-ਰੰਗ ਤੇ ਯੱਕੜੀਆਂ’ ਭੁੱਲ-ਭੁਲਾ ਜਾਣੀਆਂ ਹੁੰਦੀਆਂ ਹਨ ਅਤੇ ‘ਲੂਣ, ਤੇਲ, ਲੱਕੜੀਆਂ’ ਨਾਲ ਸਿੱਧਾ ਵਾਹ-ਵਾਸਤਾ ਪੈ ਜਾਣਾ ਹੁੰਦਾ ਹੈ, ਗ੍ਰਹਿਸਥ-ਪੰਜਾਲੀ ਗਲ ਪੈ ਜਾਣ ਸਦਕਾ ਜ਼ਿੰਦਗੀ ਦੀਆਂ ਤਲਖ ਹਕੀਕਤਾਂ ਸਾਹਮਣੇ ਆਣ ਖਲੋਂਦੀਆਂ ਨੇ। ਇਸੇ ਕਾਰਨ ਵਿਆਹ ਨੂੰ ਖੁਸ਼ੀਆਂ ਭਰੀ ਆਜ਼ਾਦੀ ਵਾਲੇ ਸਫਰ ਦਾ ਆਖਰੀ ਮੀਲ ਪੱਥਰ ਸਮਝਿਆ ਜਾਂਦਾ ਹੈ। ਵਿਆਹੁਤਾ ਜੀਵਨ ਦੀ ਖਿੱਲੀ ਉਡਾਉਣ ਵਾਲਾ ਬੜਾ ਮਸਾਲਾ ਲਿਖਿਆ ਮਿਲਦਾ ਹੈ। ਸੈਂਕੜੇ ਚੁਟਕਲੇ ਅਤੇ ਢੇਰ ਸਾਰੀਆਂ ਮਿੱਥਾਂ-ਮਨੌਤਾਂ ਵਿਆਹਿਆਂ ‘ਤੇ ਢੁਕਾਈਆਂ ਜਾਂਦੀਆਂ ਹਨ। ਵੰਨਗੀ ਮਾਤਰ ਇਸ ਸ਼ਿਅਰ ਵਿਚ ਦੇਖੋ, ਕਿਵੇਂ ਵਿਆਹਿਆਂ-ਵਰਿਆਂ ਨੂੰ ਬਦੂਹਿਆ ਗਿਆ ਹੈ,
ਮਾਲੂਮ ਨਹੀਂ ਯਿਹ ਕਿਸ ਕੇ ਸਤਾਏ ਬੈਠੇ ਹੈਂ।
ਹੰਸਤੇ-ਹੰਸਾਤੇ ਥੇ ਕਭੀ ਅਬ ਵਿਆਹੇ ਬੈਠੇ ਹੈਂ।
ਇਹੀ ਵਜ੍ਹਾ ਹੋ ਸਕਦੀ ਹੈ ਕਿ ਆਰਥਿਕ ਪੱਖੋਂ ਕੁਝ ਕਮਜ਼ੋਰ ਬੰਦਾ ਵੀ ਆਪਣੇ ਵਿਆਹ ਨੂੰ ਖੁਸ਼ੀ-ਖੇੜਿਆਂ ਭਰਪੂਰ ਬਣਾਉਣ ਲਈ ਵਿਤੋਂ ਵੱਧ ਜ਼ੋਰ ਲਾਉਂਦਾ ਹੈ। ਯਥਾ ਸੰਭਵ ਯਤਨ ਕਰ ਕੇ ਵਿਆਹ ਦੇ ਇਕ-ਇਕ ਪਲ ਨੂੰ ਯਾਦਗਾਰੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜੰਞ ਬੰਨ੍ਹਣੀ, ਸਿੱਠਣੀਆਂ ਦੇਣੀਆਂ, ਜਾਗੋ ਕੱਢਣੀ, ਲਾੜੇ ਦੀ ਜੁੱਤੀ ਚੁੱਕਣੀ ਅਤੇ ਰਿਬਨ ਕਟਾਉਣ ਵਰਗੀਆਂ ਰਸਮਾਂ ਦਾ ਅਰਥ ਇਹੋ ਹੀ ਹੈ ਕਿ ਦੋ ਰੂਹਾਂ ਦੇ ਮਿਲਾਪ ਕਰਾਉਣ ਵਾਲੀ ਵਿਆਹ ਦੀ ਸੰਜੀਦਾ ਰਸਮ ਵਿਚ ਹਾਸ-ਵਿਲਾਸ ਤੇ ਨੋਕ-ਝੋਕ ਦਾ ਰੰਗ ਵੀ ਭਰਿਆ ਜਾਵੇ। ਹਾਸੇ ਦੇ ਅਨਾਰ ਚਲਾਉਣ ਲਈ ਵਿਆਹ-ਸ਼ਾਦੀਆਂ ਵਿਚ ਇਕ-ਦੂਜੇ ਨੂੰ ਖੂਬ ਟਿੱਚਰਾਂ-ਮਖੌਲ ਕੀਤੇ ਜਾਂਦੇ ਹਨ। ਤਕਰਬੀਨ ਹਰ ਵਿਆਹ ਵਿਚ ਕਿਤਿਓਂ ਨਾ ਕਿਤਿਓਂ ਭੰਡਾਂ ਦਾ ਜਥਾ ਵੀ ਆਪਣੀ ਕਲਾ ਦੇ ਜੌਹਰ ਦਿਖਾ ਕੇ ਹਸਾ-ਹਸਾ ਢਿੱਡੀਂ ਪੀੜਾਂ ਪਾ ਜਾਂਦਾ ਹੈ।
ਇਸ ਤੋਂ ਇਲਾਵਾ ਵਿਆਹ ਸਮਾਗਮਾਂ ਵਿਚ ਕਈ ਵਾਰ ਅਚਨਚੇਤੀ ਜਾਂ ਸਹਿਵਨ ਹੀ ਕਈ ਘਟਨਾਵਾਂ ਵਾਪਰ ਜਾਂਦੀਆਂ ਨੇ ਜੋ ਕੁਦਰਤੀ ਫੁੱਟਦੇ ਫੁਹਾਰੇ ਵਾਂਗ ਆਲੇ-ਦੁਆਲੇ ਹਾਸੇ ਦੇ ਮੋਤੀ ਬਿਖੇਰ ਦਿੰਦੀਆਂ ਹਨ। ਆਪਣੇ ਪਿੰਡ, ਆਪਣੇ ਰਿਸ਼ਤੇਦਾਰਾਂ ਜਾਂ ਹੋਰ ਸੱਜਣਾਂ-ਮਿੱਤਰਾਂ ਦੇ ਵਿਆਹ-ਸ਼ਾਦੀਆਂ ਵਿਚ ਦੇਖੇ-ਸੁਣੇ ਕੁਝ ਅਜਿਹੇ ਕਿੱਸੇ ਬਿਆਨ ਕਰ ਰਿਹਾ ਹਾਂ ਜਿਨ੍ਹਾਂ ਨੂੰ ਯਾਦ ਕਰ ਕੇ ਮੈਨੂੰ ਕੱਲ-ਮੁ-ਕੱਲੇ ਨੂੰ ਵੀ ਹਾਸਾ ਆ ਜਾਂਦਾ ਹੈ।
ਪਹਿਲੀ ਝਾਕੀ ਉਨ੍ਹਾਂ ਵੇਲਿਆਂ ਦੀ ਹੈ, ਜਦੋਂ ਵਿਆਂਦ੍ਹੜ ਕੁੜੀਆਂ ਨੂੰ ਸਾਲੂ ਵਿਚ ਲਪੇਟ ਕੇ ਅਨੰਦ ਕਾਰਜ ਵੇਲੇ ਇੰਜ ਲਿਆਇਆ ਜਾਂਦਾ ਸੀ ਕਿ ਉਨ੍ਹਾਂ ਦੇ ਕਿਸੇ ਪੈਰ ਦੀ ਚੀਚੀ ਉਂਗਲੀ ਵੀ ਨੰਗੀ ਨਹੀਂ ਸੀ ਹੁੰਦੀ। ਸਿਵਾਏ ਹੱਥਾਂ ਦੇ, ਹੋਰ ਸਾਰਾ ਸਰੀਰ ਕੱਜਿਆ ਹੁੰਦਾ ਸੀ। ਅਨੰਦ ਕਾਰਜਾਂ ਮੌਕੇ ਵਿਆਂਦ੍ਹੜ ਕੁੜੀਆਂ ਦੀ ਸਹਾਇਤਾ ਲਈ ਕਿਸੇ ਚੁਸਤ-ਚਲਾਕ ਜਿਹੀ ਵਹੁਟੀ ਨੂੰ ਬਿਠਾਇਆ ਜਾਂਦਾ ਸੀ ਜੋ ਲਾਵਾਂ ਦੌਰਾਨ ਉਠਦੀ-ਬਹਿੰਦੀ ਵਿਆਂਦ੍ਹੜ ਲੜਕੀ ਦਾ ਝੱਗਾ-ਪੱਲਾ ਜਾਂ ਚੁੰਨੀ ਵਗੈਰਾ ਬੜੀ ਸਾਵਧਾਨੀ ਨਾਲ ਸੰਵਾਰਦੀ ਰਹਿੰਦੀ ਸੀ। ਅਜਿਹੇ ਰੰਗ-ਢੰਗ ਵਾਲਾ ਇਕ ਅਨੰਦ ਕਾਰਜ ਹੋ ਰਿਹਾ ਸੀ, ਸਮਾਪਤੀ ‘ਤੇ ਸੁਭਾਗੀ ਜੋੜੀ ਨੂੰ ਸ਼ਗਨ ਦੇਣ ਲਈ ਲੜਕੀ ਦੀ ਮਾਂ ਨੂੰ ਬੁਲਾਇਆ ਗਿਆ।
ਅਨਪੜ੍ਹ ਪੇਂਡੂ ਮਾਤਾ ਹੱਥ ਭਰ ਲੰਮਾ ਘੁੰਡ ਕੱਢ ਕੇ ਸੰਗਤ ਵਿਚ ਆਈ, ਕਿਉਂਕਿ ਆਲੇ-ਦੁਆਲੇ ਉਹਦੇ ਦਿਉਰ-ਜੇਠ ਜੁ ਬੈਠੇ ਸਨ। ਹੱਥ ਵਿਚ ਫੜੇ ਥਾਲ ਵਿਚੋਂ ਰਲੀ-ਮਿਲੀ ਸ਼ੀਰਨੀ ਚੁੱਕ ਕੇ ਉਸ ਨੇ ਲਾੜੇ ਦੇ ਮੂੰਹ ਨੂੰ ਸ਼ਗਨ ਤਾਂ ਸੌਖਿਆਂ ਹੀ ਲਾ ਦਿੱਤਾ, ਪਰ ਕੁੜੀ ਨੂੰ ਸ਼ਗਨ ਦੇਣ ਲੱਗਿਆਂ ਉਹ ਨਰਵਸ ਜਿਹੀ ਹੋ ਗਈ। ਘੁੰਡ ਤਾਂ ਉਹਦੇ ਕੋਲੋਂ ਆਪਣਾ ਹੀ ਨਹੀਂ ਸੀ ਸਾਂਭਿਆ ਜਾ ਰਿਹਾ, ਕੰਬਦੇ ਹੱਥਾਂ ਨਾਲ ਸ਼ੀਰਨੀ ਚੁੱਕ ਕੇ ਉਸ ਨੇ ਕੁੜੀ ਦੇ ਹੇਠਾਂ ਨੂੰ ਲਮਕਦੇ ਘੁੰਡ ਵਿਚ ਇਉਂ ਹੱਥ ਪਾਇਆ, ਜਿਵੇਂ ਬਿੱਜੜੇ ਦੇ ਆਲ੍ਹਣੇ ਵਿਚ ਬੈਠੇ ਬੱਚਿਆਂ ਨੂੰ ਚੋਗਾ ਦੇਣ ਲੱਗੀ ਹੋਵੇ। ਕੁੜੀ ਦੇ ਮੂੰਹ ਵਿਚ ਸ਼ੀਰਨੀ ਪਾਉਂਦਿਆਂ, ਉਸ ਨੇ ਵਿਚਾਰੀ ਦੇ ਨੱਕ ਵਿਚ ਹੀ ਤੁੰਨ੍ਹ ਦਿੱਤੀ। ਕੁੜੀ ਨੇ ਖੌਰੇ ਉਸੇ ਟਾਈਮ ਨੱਕ ਰਾਹੀਂ ਖਿੱਚ ਕੇ ਸਾਹ ਲੈ ਲਿਆ। ਬੱਸ ਜੀ, ਦੇਖਦਿਆਂ-ਦੇਖਦਿਆਂ ਕੁੜੀ ਨੂੰ ਛਿੜ ਪਈਆਂ ਛਿੱਕਾਂ, ਤੇ ਹੁੱਥੂ ਵੀ ਆ ਗਿਆ। ਕਦੇ ਉਹ ਛਿੱਕ ਮਾਰੇ ਤੇ ਕਦੇ ਖਊਂ-ਖਊਂ ਕਰੇ। ਫਟਾ-ਫਟ ਪੱਲਾ ਛੁਡਾ ਕੇ ਕੁੜੀ ਨੂੰ ਤਾਂ ਅੰਦਰ ਲੈ ਗਏ, ਪਰ ਸਾਰੇ ਪੰਡਾਲ ਵਿਚ ਹਾਸੇ ਦੇ ਫੁਹਾਰੇ ਛੁੱਟ ਪਏ।
ਅਗਲੀ ਗੱਲ ਵੀ ਪੁਰਾਣੇ ਵੇਲਿਆਂ ਦੀ ਹੈ, ਪਰ ਹੈ ਸਾਡੇ ਪਿੰਡ ਦੀ ਹੀ। ਅਨੰਦ ਕਾਰਜ ਦੀ ਸਮਾਪਤੀ ਤੋਂ ਬਾਅਦ ਭਾਈ ਜੀ ਪ੍ਰਸ਼ਾਦ ਵਰਤਾਉਣ ਲੱਗੇ। ਧੇਤਿਆਂ ਨੇ ਕਿਹਾ ਕਿ ਭਾਈ ਜੀ, ਪਹਿਲਾਂ ਬਰਾਤੀਆਂ ਨੂੰ ਪ੍ਰਸ਼ਾਦ ਵੰਡ ਦਿਓ, ਤਾਂ ਕਿ ਉਹ ਵਿਹਲੇ ਹੋ ਕੇ ਛੇਤੀ ਡੇਰੇ ਪਹੁੰਚ ਜਾਣ, ਉਨ੍ਹਾਂ ਫਿਰ ਦੁਪਹਿਰ ਦੀ ਰੋਟੀ ਲਈ ਵੀ ਤਿਆਰ-ਬਿਆਰ ਹੋਣਾ ਹੈ। ‘ਸਤਿ ਬਚਨ’ ਕਹਿ ਕੇ ਬਾਬਾ ਜੀ ਫੁਰਤੀ ਨਾਲ ਬਰਾਤੀਆਂ ਵਾਲੇ ਪਾਸੇ ਪ੍ਰਸ਼ਾਦ ਵਰਤਾਉਣ ਲੱਗ ਪਏ। ਜਿਨ੍ਹਾਂ ਦਸਾਂ-ਪੰਦਰਾਂ ਕੁ ਜਣਿਆਂ ਨੂੰ ਪ੍ਰਸ਼ਾਦ ਮਿਲ ਗਿਆ, ਉਹ ਸਾਰੇ ਈ ਨਾਲੇ ਕੜਾਹ ਵਾਲੇ ਥਿੰਦੇ ਹੱਥ ਮਲੀ ਜਾਣ, ਨਾਲੇ ਇਕ-ਦੂਜੇ ਵੱਲ ਦੇਖ-ਦੇਖ ਮੁਸ਼ਕੜੀਏਂ ਹੱਸੀ ਜਾਣ। ਬਰਾਤੀਆਂ ਵਿਚ ਘੁਸਰ-ਮੁਸਰ ਜਿਹੀ ਵੀ ਹੋਣ ਲੱਗ ਪਈ। ਪਿੰਡ ਵਾਲੇ ਸ਼ੰਕਾ ‘ਚ ਪਏ ਹਾਲੇ ਕਿਆਸ ਹੀ ਲਗਾ ਰਹੇ ਸਨ ਕਿ ਅਚਾਨਕ ਕੀ ਵਾਪਰ ਗਿਆ ਹੋਵੇਗਾ? ਇੰਨੇ ਨੂੰ ਕੜਾਹ ਵਾਲੇ ਹੱਥ ਦਾੜ੍ਹੀ ‘ਤੇ ਫੇਰਦਾ ਵਿਚੋਲਾ, ਪਿੰਡ ਵਾਲਿਆਂ ਵੱਲ ਹੱਥ ਜੋੜ ਕੇ ਬੋਲਿਆ, “ਓ ਬਈ, ਤੁਹਾਨੂੰ ਕਿਸੇ ਨੇ ਵਹਿਮ ਪਾ’ਤਾ ਕਿ ਬਰਾਤੀਆਂ ਨੂੰ ਸ਼ੂਗਰ ਹੋਈ ਵੀ ਐ?”
ਅਸਲ ਵਿਚ ਕਿਤਿਉਂ ਰੌਲ ਲਾ ਕੇ ਆਏ ਬਾਬਾ ਜੀ ਨੇ ਕਾਹਲੀ-ਕਾਹਲੀ ਪ੍ਰਸ਼ਾਦ ਬਣਾਉਣ ਮੌਕੇ, ਖੰਡ ਪਾਉਣ ਦਾ ਚੇਤਾ ਹੀ ਭੁਲਾ ਦਿੱਤਾ ਸੀ!
ਇਸੇ ਤਰ੍ਹਾਂ ਸਾਡੇ ਪਿੰਡ ਹੋਏ ਇਕ ਹੋਰ ਅਨੰਦ ਕਾਰਜ ਮੌਕੇ ਵੀ ਬੜਾ ਹਾਸਾ ਪਿਆ। ਅਨੰਦ ਕਾਰਜ ਦੀ ਸਮਾਪਤੀ ‘ਤੇ ਭਾਈ ਜੀ ਨੇ ਜਿਉਂ ਹੀ ਅਰਦਾਸ ਵਿਚ ਇਹ ਸ਼ਬਦ ਕਹੇ ‘æææ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਆਪ ਜੀ ਕੋ ਭੋਗ ਲੱਗੇæææ’, ਉਸੇ ਵੇਲੇ ਸੰਗਤ ਵਿਚ ਹਾਜ਼ਰ ਨੀਲੀਆਂ-ਪੀਲੀਆਂ ਪੱਗਾਂ ਵਾਲੇ ਕਈ ਜਥੇਦਾਰਾਂ ਨੂੰ ਹੱਥਾਂ-ਪੈਰਾਂ ਦੀਆਂ ਪੈ ਗਈਆਂ। ਸਾਰੇ ਹੀ ਇਕ-ਦੂਜੇ ਨੂੰ ਕੜਾਹ ਪ੍ਰਸ਼ਾਦ ਵਿਚ ਕ੍ਰਿਪਾਨ ਭੇਟ ਕਰਨ ਦੇ ਇਸ਼ਾਰੇ ਕਰਨ ਲੱਗ ਪਏ। ਗਾਤਰੇ ਵਾਲੀ ਸ੍ਰੀ ਸਾਹਿਬ ਉਨ੍ਹਾਂ ਕੋਲ ਕਿਸੇ ਪਾਸ ਵੀ ਹੈ ਨਹੀਂ ਸੀ। ਲਕੀਰ ਦੇ ਫਕੀਰ ਬਣੇ ਉਹ ਇਹ ਤਾਂ ਸੋਚਣ ਨਾ ਕਿ ਅਰਦਾਸੀਏ ਭਾਈ ਨੇ ਜੇ ਰਤਾ ਠਹਿਰ ਕੇ ਕ੍ਰਿਪਾਨ ਭੇਟ ਕਰ ਦਿੱਤੀ, ਫਿਰ ਕੀ ਹਰਜ ਹੋਣ ਲੱਗਾ ਐ? ਪਰ ਉਹ ਸਾਰੇ ਇਕ-ਦੂਜੇ ਨੂੰ ਹੁੱਝਾਂ ਜਿਹੀਆਂ ਮਾਰੀ ਗਏ।
ਇੰਨੇ ਚਿਰ ਨੂੰ ਹਫੜਾ-ਦਫੜੀ ਵਿਚ ਪਿਆ ਕਾਹਲੇ ਜਿਹੇ ਸੁਭਾਅ ਵਾਲਾ ਇਕ ਜਥੇਦਾਰ ਛਾਲ ਮਾਰ ਕੇ ਅੱਗੇ ਵਧਿਆ। ਹਾਜ਼ਰੀਨ ਉਹਦੇ ਵੱਲ ਦੇਖਣ ਲੱਗ ਪਏ ਕਿ ਇਹ ਕੀ ਕਰਨ ਲੱਗਾ ਹੈ। ਸਭ ਦੇ ਦੇਖਦਿਆਂ ਉਸ ਨੇ ਅੱਗੇ ਹੋ ਕੇ ਅਰਦਾਸ ‘ਚ ਹੱਥ ਜੋੜੀ ਖੜ੍ਹੇ ਵਿਆਂਦ੍ਹੜ ਮੁੰਡੇ ਦੇ ਹੱਥੋਂ ਤਿੰਨ ਫੁੱਟੀ ਕ੍ਰਿਪਾਨ ਖੋਹ ਲਈ। ਅੱਜ ਕੱਲ੍ਹ ਤਾਂ ਮੁੰਡੇ ਨਵੀਂ-ਨਕੋਰ ਸ਼ਾਨਦਾਰ ਕ੍ਰਿਪਾਨ ਲੈ ਕੇ ਵਿਆਹੁਣ ਚੜ੍ਹਦੇ ਹਨ, ਜਿਨ੍ਹਾਂ ਦੇ ਮਿਆਨਾਂ ‘ਤੇ ਕੱਪੜਾ ਵੀ ‘ਮੈਚਿੰਗ’ ਹੁੰਦਾ ਹੈ, ਪਰ ਉਹ ਜੰਗਾਲ ਲੱਗੀ ਕ੍ਰਿਪਾਨ ਪਤਾ ਨਹੀਂ ਕਿਹੜੇ ਜੁੱਗੜਿਆਂ ਦੀ ਹੋਵੇਗੀ। ਜਥੇਦਾਰ ਨੇ ਸਾਰਾ ਜ਼ੋਰ ਲਾ ਲਿਆ, ਕ੍ਰਿਪਾਨ ਮਿਆਨ ‘ਚੋਂ ਨਾ ਨਿਕਲੀ। ਫਿਰ ਉਸ ਨੇ ਇਕ ਹੋਰ ਬੰਦੇ ਨੂੰ ਮਿਆਨ ਘੁੱਟ ਕੇ ਫੜਨ ਲਈ ਆਖਿਆ। ਗੱਤਕਾ ਖੇਡਣ ਵਾਲਿਆਂ ਵਾਂਗੂੰ ਕ੍ਰਿਪਾਨ ਦੀ ਖਿੱਚਾ-ਧੂਹੀ ਕਰਦਿਆਂ ਉਨ੍ਹਾਂ ਦੋਹਾਂ ਨੂੰ ਦੇਖ ਕੇ ਸੰਗਤ ਵਿਚ ਹਾਸਾ ਪੈ ਗਿਆ। ਉਧਰ ਭਾਈ ਜੀ ਨੇ ਅਰਦਾਸ ਸਮਾਪਤੀ ਦਾ ਜੈਕਾਰਾ ਛੱਡ ਦਿੱਤਾ ਤੇ ਇੱਧਰ ਕ੍ਰਿਪਾਨ ਨਾਲ ਘੁਲਣ ਡਹੇ ਜਥੇਦਾਰਾਂ ਨੂੰ ਵੀ ਕਾਮਯਾਬੀ ਮਿਲ ਗਈ। ਕਿਸੇ ਜੇਤੂ ਜਰਨੈਲ ਵਾਂਗ ਤਿੰਨ ਫੁੱਟੀ ਕ੍ਰਿਪਾਨ ਹੱਥ ‘ਚ ਲੈ ਕੇ ਕਾਹਲਾ ਜਥੇਦਾਰ ਕੜਾਹ ਪ੍ਰਸ਼ਾਦ ਦੀ ਪਰਾਤ ਕੋਲ ਜਾ ਪਹੁੰਚਿਆ। ਬਿਨਾਂ ਧੋਤਿਆਂ ਹੀ ਜੰਗਾਲ ਖਾਧੀ ਕ੍ਰਿਪਾਨ ਦੇਗ ਵਿਚ ਫੇਰ ਦਿੱਤੀ। ਇਸ ਅਨੋਖੀ ‘ਕ੍ਰਿਪਾਨ ਭੇਟ ਰਸਮ’ ਨੇ ਅਰਦਾਸ ਵਿਚ ਜੁੜੀਆਂ ਸੰਗਤਾਂ ਨੂੰ ਵੀ ਹੱਸਣ ਲਈ ਮਜਬੂਰ ਕਰ ਦਿੱਤਾ।
ਜਦੋਂ ਵਿਆਹੁਣ ਚੜ੍ਹੀਆਂ ਬਰਾਤਾਂ ਦੋ-ਦੋ, ਤਿੰਨ-ਤਿੰਨ ਦਿਨ ਦਾ ਠਹਿਰਾਉ ਕਰਦੀਆਂ ਸਨ, ਉਦੋਂ ਸ਼ੁਗਲ-ਪਾਣੀ ਵਜੋਂ ਨਕਲੀਏ ਨਾਲ ਲਿਜਾਣ ਦਾ ਰਿਵਾਜ਼ ਵੀ ਹੁੰਦਾ ਸੀ। ਇਕ ਵਾਰ ਬਰਾਤ ਕਿਤੇ ਰਾਹ ਵਿਚ ਲੇਟ ਹੋ ਗਈ। ਕੁੜੀ ਵਾਲਿਆਂ ਦੇ ਘਰੇ ਨਕਲੀਏ ਦਿਨ ਖੜ੍ਹੇ ਹੀ ਪਹੁੰਚ ਗਏ। ਉਨ੍ਹਾਂ ਨੂੰ ਗਰੀਬੜੇ ਜਿਹੇ ਜਾਣ ਕੇ ਕੁੜੀ ਵਾਲਿਆਂ ਨੇ ਠੰਢੀ ਪਈ ਚਾਹ ਤੇ ਨਾਲ ਬੇਹੀਆਂ ਰੋਟੀਆਂ ਦੇ ਦਿੱਤੀਆਂ। ਉਸ ਵੇਲੇ ਤਾਂ ਉਨ੍ਹਾਂ ਨੇ ਸਬਰ-ਸ਼ਕੂਰੀ ਨਾਲ ਖਾ-ਪੀ ਲਿਆ, ਪਰ ਰਾਤ ਨੂੰ ਲੱਗੇ ਅਖਾੜੇ ਵਿਚ ਨਕਲੀਆਂ ਨੇ ਕੁੜੀ ਵਾਲਿਆਂ ਦੀਆਂ ਇੰਜ ‘ਸਿਫਤਾਂ’ ਕੀਤੀਆਂ,
“ਓਏ ਮੀਰਜਾਦਿਆ?” ਇਕ ਨਕਲੀਆ ਆਪਣੇ ਹਸਾਉਣੇ ਪਾਤਰ ‘ਟਿੱਡੀ-ਮੁੱਛੇ’ ਨੂੰ ਕਹਿੰਦਾ, “ਓਏ ਤੈਨੂੰ ਪਤੈ ਕਿ ਲੜਕੀ ਵਾਲਿਆਂ ਨੇ ਐਨ੍ਹਾਂ ਬਰਾਤੀਆਂ ਨਾਲੋਂ ਸਾਡਾ ਮਾਣ-ਸਤਿਕਾਰ ਕਿਤੇ ਵੱਧ ਕੀਤਾ ਹੈ।”
“ਤੈਨੂੰ ਭੁਲੇਖਾ ਐ ਓਏ!æææ ਇਹ ਸੱਗੇ-ਰੱਤੇ ਪ੍ਰਾਹੁਣੇ, ਅਸੀਂ ਹੋਏ ਕੰਮੀ-ਕਮੀਣ। ਇੱਦਾਂ ਕਿਵੇਂ ਹੋ ਸਕਦੈ ਭਲਾ?” ਟਿੱਡੀ-ਮੁੱਛੇ ਨੇ ਸਵਾਲ ਕਰ’ਤਾ।
“ਹੂੰਆ!æææ ਸੱਗੇ-ਰੱਤੇ ਇਹ ਕਾਹਦੇ ਐ, ਅਸੀਂ ਹਾਂæææ ਸ਼ਾਮੀਂ ਪਿੰਡ ਦੀ ਜੂਹ ਵਿਚ ਇਨ੍ਹਾਂ ਦਾ ਬੈਂਡ-ਵਾਜਾ ਕੰਨੀਂ ਪੈਣ ‘ਤੇ ਲੜਕੀ ਵਾਲਿਆਂ ਨੇ ਉਬਲਦੀ ਚਾਹ ਵਿਚ ਦੁੱਧ ਪਾਇਆæææ ਭੱਠੀਆਂ ‘ਤੇ ਕੜਾਹੀਆਂ-ਪਤੀਲੇ ਰੱਖੇ, ਪਰ ਸਾਡੇ ਵਾਸਤੇ ਇਨ੍ਹਾਂ ਨੇ ਕੱਲ੍ਹ ਹੀ ਰੋਟੀਆਂ ਬਣਾ ਕੇ ਰੱਖ ਲਈਆਂæææ ਸਵੇਰੇ ਤੜਕੇ ਈ ਚਾਹ ਵੀ ਬਣਾ ਕੇ ਰੱਖ ਲਈ, ਸਾਨੂੰ ਆਉਂਦਿਆਂ ਨੂੰ ਹੀ ‘ਪਰੋਸ’ ਦਿੱਤੀਆਂ। ਸੱਗੇ-ਰੱਤੇ ਇਹ ਹੋਏ ਕਿ ਅਸੀਂ?”

Be the first to comment

Leave a Reply

Your email address will not be published.