ਬਲਜੀਤ ਬਾਸੀ
ਇਸਤਰੀ ਲਈ ਪੰਜਾਬੀ ਵਿਚ ਸਭ ਤੋਂ ਵਧ ਪ੍ਰਚਲਿਤ ਸ਼ਬਦ ਤੀਵੀਂ ਜਾਂ ਇਸ ਦਾ ਇਕ ਹੋਰ ਭੇਦ ਤੀਮੀਂ ਹੈ। ਸ਼ਬਦ ਜੁੱਟ ਤੀਵੀਂ-ਆਦਮੀ ਤੋਂ ਤਾਂ ਇਸ ਤਰ੍ਹਾਂ ਲਗਦਾ ਹੈ ਜਿਵੇਂ ਦੋਵੇਂ ਇਕ ਦੂਜੇ ਲਈ ਹੀ ਬਣੇ ਹੁੰਦੇ ਹਨ। ਤੀਵੀਂ ਸ਼ਬਦ ਵਿਚ ਔਰਤ ਦੀ ਬੇਚਾਰਗੀ, ਮਰਦ ਪ੍ਰਤੀ ਅਧੀਨਗੀ, ਉਸ ਲਈ ਇਕ ਕਾਮ ਵਸਤੂ ਦੇ ਭਾਵ ਨਿਹਿਤ ਹਨ ਭਾਵੇਂ ਕਿ ਇਹ ਸ਼ਬਦ ਨਿਰਭਾਵ ਆਸ਼ੇ ਨਾਲ ਵੀ ਵਰਤਿਆ ਜਾਂਦਾ ਹੈ। ਪਤਨੀ ਵਜੋਂ ਤੀਵੀਂ ਸ਼ਬਦ ਵਿਚ ਘਰ ਵਾਲੀ ਨਾਲੋਂ ਰਖੇਲ ਦੇ ਭਾਵ ਵਧੇਰੇ ਉਜਾਗਰ ਹੁੰਦੇ ਹਨ। ਹਰ ਸ਼ਬਦ ਦੀਆਂ ਆਪਣੀਆਂ ਅਰਥ-ਪਰਛਾਈਆਂ ਹੁੰਦੀਆਂ ਹਨ। “ਤੀਵੀਂ ਕੱਢ ਲਿਆਇਆ” ਉਕਤੀ ਵਿਚੋਂ ਦੱਸੋ ਤੀਵੀਂ ਦੀ ਕੀ ਵੁੱਕਤ ਸਾਹਵੇਂ ਆਉਂਦੀ ਹੈ? ਕਈ ਛੜਿਆਂ ਜਾਂ ਰੰਡਿਆਂ ਦਾ ਹਾਲ ਦੇਖੋ, ਰੋਟੀ ਪੱਕਦੀ ਕਰਨ ਲਈ ਕੋਈ ਸੁਲਭ ਤੀਵੀਂ ਕੀਤੀ ਜਾਂਦੀ ਹੈ। ਅਜਿਹੀ ਤੀਵੀਂ ਮੁੱਲ ਦੀ ਵੀ ਹੋ ਸਕਦੀ ਹੈ, ਭਲਾ ਮਰਦ ਅਜਿਹਾ ਹੋ ਸਕਦਾ ਹੈ? ਤੀਵੀਂ ਦੀ ਬੇਚਾਰਗੀ ਦੱਸਣ ਲਈ ਤੀਵੀਂ ਮਾਨੀ ਕਿਹਾ ਜਾਂਦਾ ਹੈ। ਸ਼ਰਾਬ ਪੀ ਕੇ ਮਰਦ ਤੀਵੀਆਂ ਨੂੰ ਆਮ ਹੀ ਕੁੱਟਦੇ ਰਹਿੰਦੇ ਹਨ। ਉਸ ਲਈ ਤਰਸ ਭਰਿਆ ਅਖਾਣ ਬਣਿਆ ਹੈ ਕਿ ਤੀਵੀਂ ਅਤੇ ਮਿੱਟੀ ਨੂੰ ਬਹੁਤਾ ਨਹੀਂ ਕੁੱਟੀਦਾ। ਕਹਿੰਦੇ ਹਨ, ਤੀਮੀਂ ਦੀ ਜੂਨ ਬੁਰੀ। ਤੀਵੀਂ ਤਾਂ ਜਾਣੋਂ ਮਰਦ ਦੀ ਸੇਵਾ ਲਈ ਹੀ ਹੈ। ਮੋਹਨ ਸਿੰਘ ਲਿਖਦੇ ਹਨ,
ਐਪਰ ਤੀਵੀਂ ਮਰਦ ਦੀ ਕਰੇ ਲੱਖ ਚਿੰਤਾ
ਕਦੇ ਮਰਦ ਨੂੰ ਫਿਕਰ ਨਾ ਕੱਖ ਹੋਵੇ
ਹਿਜ਼ਰ ਨਾਲ ਤੀਵੀਂ ਭਾਵੇਂ ਬਣੇ ਸੁਰਮਾ
ਕਦੇ ਸਾਫ ਨਾ ਮਰਦ ਦੀ ਅੱਖ ਹੋਵੇ।
ਪੁਰਾਣੇ ਪੰਜਾਬੀ ਸਾਹਿਤ ਵਿਚ ਤੀਵੀਂ ਜਾਂ ਤੀਮੀਂ ਸ਼ਬਦ ਬਹੁਤਾ ਨਹੀਂ ਲਭਦਾ। ਇਥੇ ਰੰਨ, ਤ੍ਰਿਆ, ਜਣੀ ਆਦਿ ਦੀ ਹੀ ਭਰਮਾਰ ਹੈ ਤੇ ਇਹ ਵੀ ਨਾਕਾਰਤਮਕ ਲਹਿਜੇ ਵਿਚ। ਉਂਜ ਪਿੰਡਾਂ ਵਿਚ ਤੀਵੀਂ ਨਾਲੋਂ ਵੀ ਬੁੜੀ ਸ਼ਬਦ ਬਹੁਤਾ ਚਲਦਾ ਹੈ।
ਭੋਜਪੁਰੀ ਵਿਚ ਤੀਵੀਂ ਦੇ ਨੇੜੇ ਤੇੜੇ ਦਾ ਸ਼ਬਦ ਤਿਵਈ ਹੈ, “ਗੰਗਾ ਮਈਆ ਕੇ ਜੈਕੀ ਅਸ ਤਵਈਆ, ਏਕ ਗੋਲਾ ਕੋ ਏ ਗੰਗਾ ਮਦæææ।” ਤੀਵੀਂ ਜਿਹਾ ਹੀ ਇਕ ਹੋਰ ਸ਼ਬਦ ਤ੍ਰੀਮਤ ਹੈ ਜੋ ਭਾਵੇਂ ਪੂਰਬੀ ਪੰਜਾਬ ਵਿਚ ਬਹੁਤਾ ਬੋਲਿਆ ਨਹੀਂ ਜਾਂਦਾ ਪਰ ਸਮਝਿਆ ਤੇ ਲਿਖਿਆ ਜ਼ਰੂਰ ਜਾਂਦਾ ਹੈ। ਇਹ ਸ਼ਬਦ ਮੁਢਲੇ ਤੌਰ ‘ਤੇ ਲਹਿੰਦਾ ਤੇ ਮੁਲਤਾਨੀ ਵਿਚ ਬੋਲਿਆ ਜਾਂਦਾ ਹੈ। ਇਥੋਂ ਹੀ ਚੱਲ ਕੇ ਇਹ ਟਕਸਾਲੀ ਪੰਜਾਬੀ ਵਿਚ ਪ੍ਰਵੇਸ਼ ਕਰ ਗਿਆ। ਪੰਜਾਬੀ ਸਾਹਿਤ ਵਿਚ ਇਸ ਦੀ ਖਾਸੀ ਵਰਤੋਂ ਮਿਲਦੀ ਹੈ। ਪਤਨੀ ਦੇ ਅਰਥਾਂ ਵਿਚ ਇਹ ਤੀਵੀਂ ਦੇ ਮੁਕਾਬਲੇ ਵਧੇਰੇ ਪ੍ਰਵਾਨਯੋਗ ਹੈ। ਇਕ ਕਹਾਵਤ ਹੈ, “ਤ੍ਰੀਮਤ ਰੋਵੇ ਤਿੰਨ ਵਾਰ, ਮਾਤਾ ਰੋਵੇ ਜਨਮ ਜਨਮ” ਮਤਲਬ ਘਰ ਵਾਲੀ ਕੁਝ ਵਾਰ ਰੋ ਕੇ ਚੁੱਪ ਕਰ ਜਾਂਦੀ ਹੈ, ਮਾਂ ਔਲਾਦ ਦਾ ਟੁਰ ਜਾਣਾ ਕਬਰਾਂ ਤੱਕ ਲੈ ਕੇ ਜਾਂਦੀ ਹੈ। ਨਵੀਨ ਪੰਥ ਪ੍ਰਕਾਸ਼ ਅਨੁਸਾਰ ਪੁਰਾਣੇ ਗੁਰਸਿੱਖ ਦੀ ਇਕ ਸਿਫਤ ਸੀ, “ਬਿਨਾਂ ਅਨੰਦ ਪੜ੍ਹਾਏ ਤ੍ਰੀਮਤ ਕੋ ਨਹਿ ਅੰਗ ਛੁਹਾਏ।”
ਪਰ ਔਰਤ ਜਾਤੀ ਦੀ ਸਭ ਤੋਂ ਵਧ ਇਜ਼ਤ ਰੋਲੀ ਹੈ ਤਿਰੀਆ/ਤ੍ਰਿਆ/ਤ੍ਰੀਆ ਸ਼ਬਦ ਨੇ। ਇਸੇ ਦਾ ਹੋਰ ਰੁਪਾਂਤਰ ਹਨ ਤਿਆ ਤੇ ਤੀ। ਮੈਂ ਸਭ ਤੋਂ ਪਹਿਲਾਂ ਤਿਰੀਆ ਸ਼ਬਦ ਆਪਣੇ ਭਾਪਾ ਜੀ ਤੋਂ ਸੁਣਿਆ ਸੀ। ਉਹ ਅਕਸਰ ਹੀ ਇਹ ਗੱਲ ਸੁਣਾਇਆ ਕਰਦੇ ਸਨ: ਇਕ ਆਦਮੀ ਨੇ ਲੰਮੀ ਚੌੜੀ ਸਾਰੀ ਰਾਮਾਇਣ ਸੁਣ ਕੇ ਇਸ ਦਾ ਖੁਲਾਸਾ ਇਸ ਪ੍ਰਕਾਰ ਕੀਤਾ ਸੀ, “ਉਸ ਨੇ ਉਸ ਕੀ ਤਿਰੀਆ ਛੀਨੀ, ਉਸ ਨੇ ਉਸ ਕੀ ਮੌਤ ਕੀਨੀ।” ਤਿਰੀਆ ਸ਼ਬਦ ਦੀ ਬਹੁਤੀ ਅਧੋਗਤੀ ‘ਤਿਰੀਆ ਚਲਿੱਤਰ’ ਸ਼ਬਦ ਜੁੱਟ ਵਿਚ ਆ ਕੇ ਹੋਈ ਲਗਦੀ ਹੈਂ। ਫਿਰ ਤਿਰੀਆ ਹਠ ਨੇ ਰਹਿੰਦੀ ਕਸਰ ਪੂਰੀ ਕਰ ਦਿੱਤੀ। ਜਿਸ ਨੇ ਤਿਰੀਆ ਚਰਿਤਰ/ਚਲਿੱਤਰ ਜਾਣਨੇ ਹੋਣ ਉਹ “ਚਰਿਤ੍ਰੋ ਪਾਖਿਆਨ” ਪੜ੍ਹ ਲੈਣ। ਮੁਣਸ਼ੀ ਪ੍ਰੇਮ ਚੰਦ ਨੇ ਆਪਣੀਆਂ ਕਹਾਣੀਆਂ ਵਿਚ ‘ਤਿਰੀਆ ਚਲਿੱਤਰ’ ਸ਼ਬਦ ਜੁੱਟ ਦੀ ਕਈ ਵਾਰੀ ਵਰਤੋਂ ਕੀਤੀ ਹੈ। ਇਕ ਕਹਾਣੀ ਦਾ ਤਾਂ ਨਾਂ ਹੀ ਇਹੋ ਹੈ। ਹਾਲ ਇਹ ਹੈ ਕਿ ਮਦੀਨ ਜਾਤੀ ਦੀ ਨਖਰੇਬਾਜ਼ੀ ਦਰਸਾਉਣ ਲਈ “ਔਰਤ ਦਾ ਤਿਰੀਆ ਚਲਿੱਤਰ” ਉਕਤੀ ਆਮ ਹੀ ਉਚਾਰੀ ਜਾਂਦੀ ਹੈ ਹਾਲਾਂ ਕਿ ਤਿਰੀਆ ਦਾ ਅਰਥ ਵੀ ਔਰਤ ਹੀ ਹੈ। ਘਾਗ ਬਾਣੀ ਵੀ ਸੁਣ ਲਵੋ, “ਬਗੜ ਬਿਗਾਨੇ ਜੋ ਰਹੇ, ਮਾਨੇ ਤਿਰੀਆ ਕੀ ਸੀਖ। ਤੀਨੋਂ ਜੋਂ ਹੀ ਜਾਏਂਗੇ, ਪਾਹੀ ਬੋਵੈ ਈਖ।” ਉਂਜ ਪਹਿਲਾਂ ਪਹਿਲ ਤਿਰੀਆ ਸ਼ਬਦ ਨਿਖੇਧਾਤਮਕ ਅਰਥਾਂ ਵਿਚ ਨਹੀਂ ਸੀ ਵਰਤਿਆ ਜਾਂਦਾ। ਜੀਵਨ ਦੀ ਤ੍ਰਾਸਦੀ ਹੈ ਕਿ ਹਰ ਇਕ ਨੇ ਇਕ ਨਾ ਇਕ ਦਿਨ ਮਰ ਜਾਣਾ ਹੈ। ਇਸ ਤ੍ਰਾਸਦੀ ਦੀ ਟੀਸ ਮ੍ਰਿਤ ਵਿਅਕਤੀ ਦੇ ਪਰਿਵਾਰ ਵਲੋਂ ਬੇਹੱਦ ਸ਼ਿਦਤ ਨਾਲ ਅਨੁਭਵ ਕੀਤੀ ਜਾਂਦੀ ਹੈ। ਭਗਤ ਕਬੀਰ ਦੀ ਇਸ ਤੁਕ ਵਿਚ ਇਹ ਗੱਲ ਕਿੰਨੀ ਮਾਰਮਿਕਤਾ ਸਹਿਤ ਦਰਸਾਈ ਗਈ ਹੈ, “ਦੇਹਰੀ ਬੈਠੀ ਮਾਤਾ ਰੋਵੈ, ਖਟੀਆ ਲੈ ਗਏ ਭਾਈ, ਲਟ ਛਿਟਕਾਏ ਤਿਰੀਆ ਰੋਵੈ, ਹੰਸੁ ਇਕੇਲਾ ਜਾਈ।” ਦਸਮ ਗ੍ਰੰਥ ਦੇ ਇਕ ਸਵੱਈਏ ਵਿਚ ਤਿਰੀਆ ਸ਼ਬਦ ਇਸ ਪ੍ਰਕਾਰ ਆਇਆ ਹੈ, “ਆਇਸ ਪਾਇਕੈ ਨੰਦਹਿ ਕੋ ਸਭ ਗੋਪਨ ਜਾਇ ਭਲੇ ਰਥ ਸਾਜੇ॥ ਬੈਠ ਸਭੈ ਤਿਨ ਪੈ ਤਿਰੀਆ ਸੰਗਿ ਗਾਵਤ ਜਾਤ ਬਜਾਵਤ ਬਾਜੇ। ਕਬੀਰ ਸਾਹਿਬ ਨੇ ਤ੍ਰੀਆ ਸ਼ਬਦ ਵਰਤਿਆ ਹੈ, “ਤਬ ਇਹ ਤ੍ਰਿਅ ਉਹੁ ਕੰਤ ਕਹਾਵਾ।” ਗੁਰੂ ਅਰਜਨ ਦੇਵ ਨੇ ‘ਤੀ’ ਸ਼ਬਦ ਦੀ ਵਰਤੋਂ ਕੀਤੀ ਹੈ, “ਪਰ ਧਨ ਪਰ ਪਰ ਤਨ ਪਰ ਤੀ ਨਿੰਦਾ॥” ਚਰਿਤ੍ਰੋ ਪਾਖਿਆਨ ਦੇ ਚਰਿਤ੍ਰ 115 ਵਿਚ ਇਹ ਸ਼ਬਦ ਆਇਆ ਹੈ, “ਗ੍ਰਿਹ ਤੀ ਜੁਤ ਜਾਨ।” ਅਰਥ ਆਪੇ ਸਮਝ ਲਵੋ।
ਔਰਤ ਲਈ ਤਿਰਯ ਅਤੇ ਇਸਤਰੀ- ਦੋਵੇਂ ਸ਼ਬਦ ਸੰਸਕ੍ਰਿਤ ਵਿਚ ਮਿਲਦੇ ਹਨ। ਇਨ੍ਹਾਂ ਸਾਰੇ ਸ਼ਬਦਾਂ ਦੇ ਟਾਕਰੇ ਇਸਤਰੀ ਸ਼ਬਦ ਸਭ ਤੋਂ ਵਧ ਸਭਿਅਕ ਸਮਝਿਆ ਜਾਂਦਾ ਹੈ ਹਾਲਾਂਕਿ ਇਹ ਵੀ ਉਸੇ ਧਾਤੂ ਤੋਂ ਬਣਿਆ ਹੈ ਜਿਸ ਤੋਂ ਬਾਕੀ ਦੇ ਗਿਣਾਏ ਗਏ ਸ਼ਬਦ। ਪਰ ਪੰਜਾਬੀ ਵਿਚ ਇਸਤਰੀ ਆਮ ਬੋਲਚਾਲ ਦਾ ਸ਼ਬਦ ਨਹੀਂ ਹੈ, ਬਹੁਤਾ ਲਿਖਤੀ ਜਾ ਸਾਹਿਤਕ ਤੌਰ ‘ਤੇ ਵਰਤਿਆ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਵਿਚ ਇਹ ਸ਼ਬਦ ਕੁਝ ਇਕ ਵਾਰੀ ਆਇਆ ਹੈ। “ਸੁਰਗੈ ਦੀਆ ਮੋਹਣੀਆ ਇਸਤਰੀਆ ਹੋਵਨਿ ਨਾਨਕ ਸਭੋ ਜਾਉ॥” -ਗੁਰੂ ਨਾਨਕ ਦੇਵ। ਅਰਥਾਤ ਜੇ ਸੁਰਗ ਦੀਆਂ ਪਰੀ ਰੂਪ ਇਸਤਰੀਆਂ ਵੀ ਮੇਰੇ ਘਰ ਹੋਣ ਤਾਂ ਇਹ ਵੀ ਨਾਸ਼ਵਾਨ ਹਨ। “ਇਸਤਰੀ ਪੁਰਖੈ ਖਟਿਐ ਭਾਉ॥” -ਇਸਤਰੀ ਕਮਾਊ ਪਤੀ ਨਾਲ ਹੀ ਪਿਆਰ ਕਰਦੀ ਹੈ। ਅੱਜ ਕਲ੍ਹ ਔਰਤ ਨਾਲ ਸਬੰਧਤ ਬਹੁਤੇ ਸ਼ਬਦ ਮਹਿਲਾ ਤੋਂ ਬਿਨਾ ਇਸਤਰੀ ਦੇ ਅੱਗੇ ਪਿਛੇ ਹੋਰ ਵਧੇਤਰ ਜਾਂ ਸ਼ਬਦ ਆਦਿ ਲਾ ਕੇ ਹੀ ਬਣਾਏ ਜਾਂਦੇ ਹਨ ਜਿਵੇਂ ਇਸਤਰੀ ਲਿੰਗ, ਇਸਤਰੀ ਸਭਾ, ਇਸਤਰੀ ਜਥਾ, ਇਸਤਰੀ ਸ਼ਕਤੀ, ਇਸਤਰੀਤਵ, ਇਸਤਰੀ ਦਿਵਸ, ਪਰਾਈ ਇਸਤਰੀ, ਪਰ-ਇਸਤਰੀਗਮਨ ਆਦਿ। ਕੁਝ ਲੋਕ ਇਸਤਰੀ ਸ਼ਬਦ ਨੂੰ ਹਿੰਦੀ ਜਾਂ ਸੰਸਕ੍ਰਿਤ ਦਾ ਸਮਝਦੇ ਹੋਏ ਇਸ ਦੀ ਵਰਤੋਂ ਦੇ ਵਿਰੁਧ ਝੰਡੇ ਚੁੱਕੀ ਫਿਰਦੇ ਹਨ। ਪਰ ਅਸੀਂ ਦੇਖਿਆ ਹੈ ਕਿ ਗੁਰਬਾਣੀ ਵਿਚ ਇਸਤਰੀ ਸ਼ਬਦ ਆਇਆ ਹੈ। ਹੋਰ ਤਾਂ ਹੋਰ ਸਿੱਖ ਰਹਿਤ ਮਰਿਆਦਾ ਵਿਚ ਵੀ ਇਸ ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਮਿਸਾਲ ਵਜੋਂ “ਸਿੱਖ ਦੀ ਤਾਰੀਫ” ਦਸਦੇ ਹੋਏ ਲਿਖਿਆ ਹੈ ਕਿ “ਜੋ ਇਸਤਰੀ ਜਾਂ ਪੁਰਸ਼ ਇਕ ਅਕਾਲ ਪੁਰਖ, ਦਸ ਗੁਰੂ ਸਾਹਿਬਾਨ (ਸ੍ਰੀ ਗੁਰੂ ਨਾਨਕ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਤੱਕ) ਸ਼੍ਰੀ ਗੁਰੂ ਗ੍ਰੰਥ ਸਾਹਿਬਾਨ ਦੀ ਬਾਣੀ ਤੇ ਸਿੱਖਿਆ ਅਤੇ ਦਸ਼ਮੇਸ਼ ਦੇ ਅੰਮ੍ਰਿਤ ‘ਤੇ ਨਿਸਚਾ ਰੱਖਦਾ ਹੈ ਤੇ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ, ਉਹ ਸਿੱਖ ਹੈ।” ਸੰਸਕ੍ਰਿਤ ਵਿਚ ਇਸਤਰੀ ਸ਼ਬਦ ਹਰ ਜਾਨਵਰ ਦੇ ਮਾਦਾ ਲਈ ਵੀ ਵਰਤਿਆ ਜਾਂਦਾ ਹੈ। ਪੰਜਾਬੀ ਵਿਚ ਕਿਧਰੇ ਕਿਧਰੇ ਮੈਨੂੰ ਇਸਤਰੀ ਸ਼ਬਦ ਵਿਚੋਂ ‘ਸ’ ਧੁਨੀ ਅਲੋਪ ਹੋ ਕੇ ਬਣਿਆ ਸ਼ਬਦ ‘ਇਤਰੀ’ ਰੜਕਿਆ ਹੈ ਜਿਵੇਂ “ਪਸ਼ੂ ਪੰਛੀਆਂ ਵਿਚ ਇੱਕ-ਇੱਕ ਦੋਖ ਹੈ ਪਰ ਇਤਰੀ ਪੁਰਸ਼ ਵਿਚ ਪੰਜ ਇੱਕਠੇ ਹਨ- ਮ੍ਰਿਗ ਮੀਨ ਭ੍ਰਿੰਗ ਕੁੰਚਰ ਏਕੁ ਦੋਖ ਬਿਨਾਸ॥ ਪਾਂਚ ਦੋਖ ਅਸਾਧ ਜਾ ਮਹਿ ਤਾਂ ਕੀ ਕੇਤਕ ਆਸ॥ ਜਿਵੇਂ ਚੰਦਨ ਦੇ ਨਿਕਟ ਵੱਸਣ ਵਾਲੇ ਹਰਿੰਡ ‘ਚੋਂ ਵੀ ਖੁਸ਼ਬੂ ਆਉਣ ਲੱਗ ਜਾਂਦੀ ਹੈ- ਨੀਚ ਰੂਖ ਤੇ ਊਚ ਭਏ॥
ਬਹੁਤ ਸਾਰੇ ਸ੍ਰੋਤਾਂ ਅਨੁਸਾਰ ਇਸਤਰੀ ਸ਼ਬਦ ਦਾ ਧਾਤੂ ਹੈ ‘ਸਤੈ।’ ਇਸ ਵਿਚ ਜੁੜਨਾ, ਜੰਮਣਾ (ਜਿਵੇਂ ਦਹੀਂ ਦਾ), ਫੈਲਣਾ, ਸਿੱਥਲ ਹੋਣਾ, ਗਾੜਾ ਹੋਣਾ, ਵਧਣਾ ਆਦਿ ਦੇ ਭਾਵ ਹਨ। ਮਰਦ ਦਾ ਵੀਰਯ ਅਤੇ ਔਰਤ ਦਾ ਬੀਜਾਣੂ ਇਸਤਰੀ ਦੀ ਬੱਚੇਦਾਨੀ ਵਿਚ ਇਕੱਠੇ ਹੋ ਕੇ ਬੱਚਾ ਪੈਦਾ ਕਰਦੇ ਹਨ। ਇਸ ਤਰ੍ਹਾਂ ਔਰਤ ਜਣਨਹਾਰ ਹੈ। ਇਸਤਰੀ ਸ਼ਬਦ ਦੀ ਵਿਉਤਪਤੀ ਇਸ ਪ੍ਰਕਾਰ ਹੀ ਕੀਤੀ ਜਾਂਦੀ ਹੈ। ਸੋ, ਇਸਤਰੀ ਦੇ ਨਿਰੁਕਤਕ ਅਰਥ ਜਣਨੀ ਦੇ ਹੀ ਸਿਧ ਹੁੰਦੇ ਹਨ। ਤੀਵੀਂ, ਤ੍ਰੀਮਤ, ਤਿਰੀਆ ਆਦਿ ਸ਼ਬਦ ਇਸਤਰੀ ਤੋਂ ਹੀ ਬਣੇ ਹਨ। ਇਸਤਰੀ ਵਿਚੋਂ ‘ਇਸ’ ਅਲੋਪ ਹੋਣ ਨਾਲ ‘ਤਰੀ’ ਅੰਸ਼ ਰਹਿ ਜਾਂਦਾ ਹੈ ਜਿਸ ਨਾਲ ਹੋਰ ਪਿਛੇਤਰ ਲੱਗ ਕੇ ਇਹ ਸਾਰੇ ਸ਼ਬਦ ਬਣੇ ਹਨ। ਟਰਨਰ ਅਨੁਸਾਰ ਇਨ੍ਹਾਂ ਦੀ ਵਿਆਖਿਆ ਨਹੀਂ ਹੋ ਰਹੀ। ਭਾਰਤ ਦੀਆਂ ਆਰਿਆਈ ਭਾਸ਼ਾਵਾਂ ਵਿਚ ਇਸਤਰੀ ਸ਼ਬਦ ਦੇ ਆਪਣੇ ਆਪਣੇ ਅਨੇਕਾਂ ਰੂਪ ਮਿਲਦੇ ਹਨ।
ਤ੍ਰਿੰਜਣ ਸ਼ਬਦ ਵਿਚ ਵੀ ਤਿਰਅ ਅੰਸ਼ ਬੋਲਦਾ ਹੈ, ਇਹ ਤਿਰੀਆਂ ਦਾ ਆਂਗਣ ਹੀ ਹੈ। ਤੀਆਂ ਦਾ ਤਿਉਹਾਰ ਇਸਤਰੀਆਂ ਦਾ ਹੋਣ, ਕੁਝ ਲੋਕਾਂ ਅਨੁਸਾਰ ਇਸ ਸ਼ਬਦ ਵਿਚ ਵੀ ਤਿਰੀਆ ਹੀ ਗੂੰਜਦੀ ਹੈ। ਪਰ ਵਾਸਤਵ ਵਿਚ ਇਹ ਸ਼ਬਦ ਤੀਜ ਤੋਂ ਬਣਿਆ ਹੈ। ਇਥੇ ਤੀਜ ਦਾ ਅਰਥ ਹੈ- ਸਾਵਣ ਮਹੀਨੇ ਦੀ ਤੀਜੀ ਤਿਥੀ। ਇਹ ਤਿਉਹਾਰ ਇਸ ਦਿਨ ਤੋਂ ਸ਼ੁਰੂ ਹੁੰਦਾ ਹੈ। ਇਸ ਨੂੰ ਹਰਿਆਲੀ ਤੀਜ ਜਾਂ ਸਾਵਿਆਂ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ।
Leave a Reply