ਕਵਿਤਾ ਦੀ ਅਲਵਿਦਾ

ਮੇਰਾ ਯਾਰ ਹਲਵਾਰਵੀ-3
ਪੰਜਾਬੀ ਕਹਾਣੀ ਦੇ ਆਹਲਾ ਰਚਨਾਕਾਰ ਵਰਿਆਮ ਸਿੰਘ ਸੰਧੂ ਵੱਲੋਂ ਮਰਹੂਮ ਸ਼ਾਇਰ, ਸੰਪਾਦਕ ਅਤੇ ਸਾਬਕਾ ਇਨਕਲਾਬੀ ਹਰਭਜਨ ਹਲਵਾਰਵੀ ਬਾਰੇ ਲਿਖਿਆ ਰੇਖਾ ਚਿੱਤਰ ‘ਮੇਰਾ ਯਾਰ ਹਲਵਾਰਵੀ’ ਕਈ ਪੱਖਾਂ ਤੋਂ ਅਹਿਮ ਹੈ। ਇਕ ਤਾਂ ਇਹ 1960ਵਿਆਂ ਦੇ ਅਖੀਰ ਵਿਚ ਉਠੀ ਯੁੱਗ-ਪਲਟਾਊ ਲਹਿਰ (ਨਕਸਲੀ ਅੰਦੋਲਨ) ਉਤੇ ਹਲਕੀ ਜਿਹੀ ਝਾਤੀ ਮਾਰਦਾ ਹੈ, ਦੂਜੇ ਵਰਿਆਮ ਸਿੰਘ ਸੰਧੂ ਦੇ ਖੁਦ ਦੇ ਕਹਾਣੀ ਸਫਰ ਬਾਰੇ ਨਿੱਗਰ ਚਰਚਾ ਵੀ ਇਸ ਵਿਚ ਦਰਜ ਹੋਈ ਹੈ, ਹਲਵਾਰਵੀ ਬਾਰੇ ਵੇਰਵੇ ਤਾਂ ਇਸ ਵਿਚ ਹੈਨ ਹੀ। ਇਸ ਲੇਖ ਦਾ ਇਕ ਦਿਲਚਸਪ ਨੁਕਤਾ ਇਹ ਵੀ ਹੈ ਕਿ ਇਕ ਦੋਸਤ ਆਪਣੇ ਨੇੜਲੇ ਸਾਥੀ ਨੂੰ ਕਿਨ੍ਹਾਂ ਝੀਤਾਂ ਵਿਚੋਂ ਦੇਖਣ-ਵਾਚਣ ਦਾ ਯਤਨ ਕਰ ਰਿਹਾ ਹੈ। ਇਹ ਝੀਤਾਂ ਉਨ੍ਹਾਂ ਸ਼ਖਸਾਂ ਲਈ ਬਹੁਤ ਅਹਿਮ ਹਨ ਜਿਨ੍ਹਾਂ ਨੇ ਵਰਿਆਮ ਅਤੇ ਹਲਵਾਰਵੀ ਦਾ ਸਾਥ ਮਾਣਿਆ ਹੈ। ਵਰਿਆਮ ਦੀ ਇਸ ਲਿਖਤ ਵਿਚ ਬਹੁਤ ਸਾਰੀਆਂ ਗੱਲਾਂ ਅਣਕਹੀਆਂ ਹਨ ਅਤੇ ਜਾਣੂ ਸੱਜਣ ਇਨ੍ਹਾਂ ਅਣਕਹੀਆਂ ਗੱਲਾਂ ਦੀਆਂ ਝੀਤਾਂ ਵਿਚੋਂ ਝਾਕ ਕੇ ਹਲਵਾਰਵੀ ਅਤੇ ਵਰਿਆਮ- ਦੋਹਾਂ ਦੇ ਮਨਾਂ ਅੰਦਰ ਝਾਕ ਸਕਣਗੇ। ਅਸੀਂ ਇਹ ਲੰਮਾ ਲੇਖ ਹਰਭਜਨ ਹਲਵਾਰਵੀ ਦੀ ਬਰਸੀ (9 ਅਕਤੂਬਰ) ਮੌਕੇ ਲੜੀਵਾਰ ਛਾਪ ਰਹੇ ਹਾਂ। ਐਤਕੀਂ ਇਸ ਲੇਖ ਦੀ ਤੀਜੀ ਤੇ ਆਖਰੀ ਕਿਸ਼ਤ ਛਾਪੀ ਜਾ ਰਹੀ ਹੈ। -ਸੰਪਾਦਕ

ਵਰਿਆਮ ਸਿੰਘ ਸੰਧੂ
ਫੋਨ: 647-918-5212

ਜਦੋਂ ਪ੍ਰਬੰਧਕਾਂ ਨੇ ਉਹਨੂੰ ਉਹਦੇ ਖਿਲਾਫ ਅੰਦਰੋਂ ਉਠੇ ਵਿਰੋਧ ਕਾਰਨ ‘ਪੰਜਾਬੀ ਟ੍ਰਿਬਿਊਨ’ ਨਾਲੋਂ ਅਲੱਗ ਕੀਤਾ, ਤਾਂ ਇਹ ਉਸ ਲਈ ਬਹੁਤ ਵੱਡਾ ਸਦਮਾ ਸੀ। ਸੰਪਾਦਕੀ ਦੇ ਖੰਭਾਂ ‘ਤੇ ਤਾਂ ਉਹ ਉਡਦਾ ਫਿਰਦਾ ਸੀ। ਵੱਡੇ-ਵੱਡੇ ਲੋਕਾਂ ਨਾਲ ਉਹਦੀਆਂ ਸਾਂਝਾਂ ਸਨ। ਕਦੀ ਕਹਿੰਦਾ, “ਬਾਦਲ ਦਾ ਸੁਨੇਹਾ ਆਇਆ ਸੀ, ਕਹਿੰਦਾ, ਮਿਲਣਾ ਚਾਹੁੰਨਾਂ। æææਟੌਹੜਾ ਸਾਹਿਬ ਕੱਲ੍ਹ ਘਰ ਈ ਆ ਗਏ। ਕਹਿੰਦੇ, ਚੰਡੀਗੜ੍ਹ ਆਇਆ ਸਾਂ, ਸੋਚਿਆ ਤੁਹਾਡੇ ਦਰਸ਼ਨ ਕਰਦਾ ਚੱਲਾਂ।”æææ “ਪਿਛਲੇ ਮਹੀਨੇ ਸਤਿਗੁਰੂ ਜਗਜੀਤ ਸਿੰਘ ਦੇ ਸੱਦੇ ‘ਤੇ ਥਾਈਲੈਂਡ ਦਾ ਚੱਕਰ ਲਾਇਆ। ਨਾਮਧਾਰੀਆਂ ਦੀ ਸੇਵਾ ਦੇ ਕਿਆ ਕਹਿਣੇ! ਸਤਿਗੁਰੂ ਬਹੁਤ ਲਾਈਵ ਨੇæææ ਜ਼ਿੰਦਾਦਿਲ ਤੇ ਵਿੱਟੀ। ਅਸੀਂ ਬੀਚ ‘ਤੇ ਫੁੱਟਬਾਲ ਵੀ ਖੇਡਿਆ। ਸਤਿਗੁਰੂ ਜੀ ਨੇ ਵੀ ਫੁੱਟਬਾਲ ਨੂੰ ਕਿੱਕਾਂ ਮਾਰ ਕੇ ਵੇਖੀਆਂ।”æææ “ਯੋਗੀ ਹਰਭਜਨ ਸਿੰਘ ਨੇ ਟਿਕਟ ਭੇਜੀ ਸੀ। ਉਹਦੇ ਕੋਲ ਅਮਰੀਕਾ ਰਹਿ ਕੇ ਆਇਆਂ ਕੁਝ ਦਿਨ। ਸ਼ਾਹੀ ਠਾਠ। ਗੋਰੀਆਂ ਸਿੰਘਣੀਆਂ ਯੋਗੀ ਦੀਆਂ ਪਿੰਜਣੀਆਂ ਘੁੱਟਣ। ਪੈਰ ਧੋਣæææ।”
ਉਹਦੇ ਸਹਿਕਰਮੀ ਕਹਿੰਦੇ, “ਐਡੀਟਰੀ ਇਹਦੇ ਸਿਰ ਨੂੰ ਚੜ੍ਹ ਗਈ ਸੀæææ ਇਹ ਤਾਂ ਹੋਰਾਂ ਨੂੰ ਸਮਝਦਾ ਈ ਕੁਝ ਨਹੀਂ ਸੀ। ਅਖ਼ਬਾਰਾਂ ਵਿਚ ਅਫਸਰੀ ਨਹੀਂ ਚੱਲਦੀ। ਹੁਣ ਪਤਾ ਲੱਗੂ ਜਦੋਂ ਸੜਕ ‘ਤੇ ਆ ਗਿਆ। ਵੇਖੀਂ ਕਿਸ ਭਾਅ ਤੁੱਲਦੀ ਏ!”
‘ਪੰਜਾਬੀ ਟ੍ਰਿਬਿਊਨ’ ਵਿਚ ਵਾਪਰੀਆਂ ਅੰਦਰਲੀਆਂ ਗੱਲਾਂ ਦੀ ਮੇਰੇ ਕੋਲ ਪ੍ਰਮਾਣਿਕ ਗਵਾਹੀ ਨਹੀਂ ਸੀ। ਸੁਣੀਆਂ ਸੁਣਾਈਆਂ ਹੀ ਸਨ। ਉਂਜ ਕਦੀ-ਕਦੀ ਮੈਨੂੰ ਵੀ ਲੱਗਦਾ ਕਿ ਇਸ ਕਥਨ ਵਿਚ ਕੁਝ ਕੁ ਸੱਚਾਈ ਤਾਂ ਜ਼ਰੂਰ ਹੋਏਗੀ। 1993 ਦੀ ਗੱਲ ਹੈ। ਉਹ ਮੈਨੂੰ ਮਿਲਣ ਵਾਲੇ ‘ਮਨਜੀਤ ਯਾਦਗਾਰੀ ਪੁਰਸਕਾਰ’ ਮੌਕੇ ਜਲੰਧਰ ਵਿਚ ਹੋਏ ਭਰਵੇਂ ਸਮਾਗਮ ਜਿੱਥੇ ਦਿੱਲੀ, ਚੰਡੀਗੜ੍ਹ, ਪਟਿਆਲੇ, ਲੁਧਿਆਣੇ ਤੇ ਅੰਬਰਸਰ ਤੋਂ ਮੇਰੇ ਸਾਰੇ ਯਾਰ-ਦੋਸਤ ਪਹੁੰਚੇ ਸਨ, ਵਿਚ ਹਲਵਾਰਵੀ ਦੇ ਨਾ ਪੁੱਜਣ ਬਾਰੇ ਮੈਂ ਸੋਚ ਵੀ ਨਹੀਂ ਸਾਂ ਸਕਦਾ, ਪਰ ਉਹ ਨਹੀਂ ਸੀ ਆਇਆ। ਸਾਰੇ ਪੁੱਛਣ: ਹਲਵਾਰਵੀ ਕਿਉਂ ਨਹੀਂ ਆਇਆ? ਕੀ ਗੱਲ ਹੋ’ਗੀ? ਮੈਂ ਕੀ ਦੱਸਦਾ? ਸੋਚਾਂ ਸੁੱਖ ਹੋਵੇ ਸਹੀ। ਇਹ ਤਾਂ ਹੋ ਨਹੀਂ ਸੀ ਸਕਦਾ ਕਿ ਮੈਂ ਸੱਦਾਂ ਤੇ ਹਲਵਾਰਵੀ ਆਵੇ ਨਾ! ਉਹਨੇ ਨਾ ਆਉਣ ਬਾਰੇ ਦੱਸਿਆ ਵੀ ਤਾਂ ਨਹੀਂ ਸੀ, ਪਰ ਪਿੱਛੋਂ ਪਤਾ ਲੱਗਾ, ਉਸ ਨੇ ਜਾਣ-ਬੁੱਝ ਕੇ ਉਸ ਦਿਨ ਕਿਸੇ ਹੋਰ ਸਮਾਗਮ ਵਿਚ ਜਾਣ ਦਾ ਸੱਦਾ ਪ੍ਰਵਾਨ ਕਰ ਲਿਆ ਸੀ। ਬਾਅਦ ਵਿਚ ਕਹਿੰਦਾ, “ਅਖ਼ਬਾਰ ਦਾ ਸੰਪਾਦਕ ਹੋਣ ਦੀ ਮਜਬੂਰੀ! ਬੰਦਿਆਂ ਨੂੰ ਖ਼ੁਸ਼ ਰੱਖਣਾ ਵੀ ਜ਼ਰੂਰੀ ਏ।”
ਝਟਕਾ ਲੱਗਾ। ਉਹਨੂੰ ‘ਬੰਦਿਆਂ ਨੂੰ ਖ਼ੁਸ਼ ਰੱਖਣ’ ਦੀ ਮਜਬੂਰੀ ਸੀ। ਮੈਨੂੰ ਉਸ ਨੇ ‘ਬੰਦਿਆਂ’ ਵਿਚ ਨਹੀਂ ਸੀ ਗਿਣਿਆ।
ਮੈਂ ਭੁਲੇਖੇ ਵਿਚ ਸਾਂ। ਹਲਵਾਰਵੀ ਸ਼ਾਇਦ ਹੁਣ ਦੋਸਤੀ ਨਾਲੋਂ ਵੱਧ ‘ਸੰਪਾਦਕੀ’ ਨੂੰ ਮਹੱਤਵ ਦੇਣ ਲੱਗਾ ਸੀ। ਮੈਂ ਵੀ ਉਹਦੇ ਵਿਹਾਰ ਨੂੰ ਘੋਖਵੀਂ ਨਜ਼ਰ ਨਾਲ ਵੇਖਣ ਲੱਗਾ। ਉਹ ਸਚਮੁਚ ਬਦਲ ਗਿਆ ਲੱਗਦਾ ਸੀ। ਜਿਹਦੀਆਂ ਵੱਡੇ-ਵੱਡੇ ਬੰਦਿਆਂ ਨਾਲ ਹਰੀਆਂ ਚੁਗਦੀਆਂ ਸਨ, ਮੈਂ ਉਹਦੇ ਲਈ ਕੀ ਅਰਥ ਰੱਖਦਾ ਸਾਂ! ਅਹੁ ਦੂਰ ਹੱਦ ‘ਤੇ ਵੱਸਦੇ ਪਿੰਡ ਵਿਚ ਰਹਿੰਦਾ ਆਮ ਜਿਹਾ ਲੇਖਕ!
ਉਹਨੇ ਰਘਬੀਰ ਸਿੰਘ ਸਿਰਜਣਾ ਵਿਰੁਧ ਆਪਣੀ ਅਖ਼ਬਾਰ ਵਿਚ ਕਿਸੇ ਨਿੰਦਕ ਕੋਲੋਂ ਲਿਖਵਾਇਆ। ਸਾਡੀ ਤਿੰਨਾਂ ਦੀ ਬੜੀ ਪੀਚਵੀਂ ਸਾਂਝ ਸੀ। ਚੰਡੀਗੜ੍ਹ ਪੜ੍ਹਦਿਆਂ ਅਸੀਂ ਹਫ਼ਤੇ ਵਿਚ ਇਕ-ਦੋ ਵਾਰ ਤਾਂ ਰਘਬੀਰ ਸਿੰਘ ਦੇ ਘਰ ਮਹਿਫਿਲ ਜਮਾਉਂਦੇ ਹੀ ਸਾਂ। ਇਹ ਹਲਵਾਰਵੀ ਨੂੰ ਕੀ ਹੋ ਗਿਆ ਸੀ? ਆਪਣੇ ਯਾਰਾਂ ਦੀ ਨਿੰਦਿਆ? ਮੈਂ ਪੁੱਛਿਆ ਤਾਂ ਕਹਿੰਦਾ, ਮੇਰੀ ਗ਼ੈਰ ਹਾਜ਼ਰੀ ਵਿਚ ਅਖ਼ਬਾਰ ਦੇ ਫ਼ਲਾਣੇ ਬੰਦੇ ਦੀ ਮਰਜ਼ੀ ਨਾਲ ਲੱਗ ਗਿਆ।
ਇਕ ਵਾਰ ਪਟਿਆਲੇ ਕਿਸੇ ਕਾਨਫ਼ਰੰਸ ‘ਤੇ ਮੈਂ ਤੇ ਰਘਬੀਰ ਸਿੰਘ ‘ਕੱਠੇ ਗਏ। ਉਹਨੂੰ ਸਾਡੇ ਤੋਂ ਵੱਖ-ਵੱਖ ਫਿਰਦਿਆਂ ਵੇਖ ਕਿਸੇ ਨੇ ਮੈਨੂੰ ਦੱਸਿਆ, “ਕੀ ਗੱਲ, ਹਲਵਾਰਵੀ ਕਿਸੇ ਗੱਲੋਂ ਨਾਰਾਜ਼ ਐ? ਮੈਂ ਤੇਰੇ ਬਾਰੇ ਪੁੱਛਿਆ ਤਾਂ ਕਹਿੰਦਾ, ਐਥੇ ਫਿਰਦਾ ਹੋਣੈਂ ਰਘਬੀਰ ਨਾਲ।”
ਮੇਰੇ ਲਈ ਤਾਂ ਦੋਵੇਂ ਬਾਰਬਰ ਸਨ, ਪਰ ਪਿਛਲੇ ਦਿਨਾਂ ਤੋਂ ਰਘਬੀਰ ਸਿੰਘ ਨਾਲ ਨਾਰਾਜ਼ਗੀ ਹੋਣ ਕਰ ਕੇ ਮੈਨੂੰ ਵੀ ਉਹ ਰਘਬੀਰ ਸਿੰਘ ਦੀ ਧਿਰ ਸਮਝਣ ਲੱਗ ਪਿਆ ਸੀ। ਉਹਨੂੰ ਨਾਰਾਜ਼ਗੀ ਸੀ ਕਿ ਜਦੋਂ ਮੈਂ ਚੰਡੀਗੜ੍ਹ ਆਉਂਦਾ ਤਾਂ ਰਘਬੀਰ ਸਿੰਘ ਕੋਲ ਹੀ ਰਾਤ ਕਿਉਂ ਠਹਿਰਦਾਂ। ਮੈਂ ਤਾਂ ਅੱਗੇ ਵੀ ਉਥੇ ਹੀ ਠਹਿਰਦਾ ਸਾਂ। ਮੈਂ ਜਾਂਦਾ ਤਾਂ ਰਾਤ ਨੂੰ ਹਲਵਾਰਵੀ ਹੁਰੀਂ ਦੋਵੇਂ ਜੀਅ ਵੀ ਉਥੇ ਹੀ ਆ ਜਾਂਦੇ ਸਨ। ਅੱਧੀ ਰਾਤ ਤੱਕ ਹਾਸਾ-ਠੱਠਾ ਤੇ ਗੱਪ-ਗਿਆਨ ਚੱਲਦਾ ਰਹਿੰਦਾ ਸੀ। ਰਘਬੀਰ ਸਿੰਘ ਦਾ ਘਰ ਹਲਵਾਰਵੀ ਦਾ ਵੀ ਤਾਂ ਆਪਣਾ ਹੀ ਘਰ ਸੀ। ਉਹਨੇ ਇਹ ਫ਼ਰਕ ਕਿਉਂ ਪਾਉਣਾ ਸ਼ੁਰੂ ਕਰ ਦਿੱਤਾ ਸੀ! ਕੋਈ ਅੰਦਰਲੀ ਗੱਲ ਤਾਂ ਜ਼ਰੂਰ ਹੋਏਗੀ; ਪਰ ਨਾ ਉਹ ਦੱਸਦੇ ਸਨ ਤੇ ਨਾ ਮੈਂ ਪੁੱਛਦਾ ਸਾਂ। ਉਂਜ ਉਹਨੂੰ ਖ਼ੁਸ਼ ਕਰਨ ਲਈ ਹੁਣ ਮੈਂ ਕਦੀ-ਕਦੀ ਹਲਵਾਰਵੀ ਕੋਲ ਵੀ ਰਾਤ ਕੱਟ ਲੈਂਦਾ। ਇਕ ਰਾਤ ਮੈਂ ਉਹਦੀ ਰਘਬੀਰ ਸਿੰਘ ਨਾਲ ਨਾਰਾਜ਼ਗੀ ਦਾ ਮੁੱਦਾ ਉਠਾ ਕੇ ਆਪਸ ਵਿਚ ਪਹਿਲਾਂ ਵਾਂਗ ਨੇੜੇ ਹੋਣ ਲਈ ਕਿਹਾ ਤਾਂ ਰਘਬੀਰ ਸਿੰਘ ਵਿਰੁਧ ਅਖ਼ਬਾਰ ਵਿਚ ਛਪੀ ਸੱਚਾਈ ਬਾਹਰ ਆ ਗਈ। ਉਹ ਆਪ ਈ ਕਹਿੰਦਾ, “ਉਹਨੂੰ ਥੋੜ੍ਹਾ ਜਿਹਾ ਝਟਕਾ ਲਾਉਣਾ ਜ਼ਰੂਰੀ ਸੀ।”
ਇਹ ਝਟਕਾ ਇਕ ਵਾਰ ਉਹਨੇ ਮੈਨੂੰ ਵੀ ਲਾ ਦਿੱਤਾ ਜਦੋਂ ਅਖ਼ਬਾਰ ਵਿਚ ਉਹਦਾ ਸੱਜਾ ਹੱਥ ਸਮਝੇ ਜਾਣ ਵਾਲੇ ਉਸੇ ਅਖ਼ਬਾਰ ਦੇ ਇਕ ਬੰਦੇ ਨੇ ਆਪਣੇ ਹਫ਼ਤਾਵਾਰੀ ਕਾਲਮ ਵਿਚ ਮੇਰੇ ਖ਼ਿਲਾਫ਼ ਬੇਬੁਨਿਆਦ ਟਿੱਪਣੀ ਛਾਪ ਦਿੱਤੀ। ਮੈਂ ਪੁੱਛਣਾ ਹੀ ਨਾ ਚਾਹਿਆ। ਲੋੜ ਈ ਕੋਈ ਨਹੀਂ ਸੀ। ਹੁਣ ਹਲਵਾਰਵੀ ਦੋਸਤਾਂ ਨੂੰ ਵੀ ਅਖ਼ਬਾਰ ਤੇ ਸੰਪਾਦਕ ਹੋਣ ਦੀ ਤਾਕਤ ਵਿਖਾਉਣ ਲੱਗ ਪਿਆ ਸੀ।
ਮੈਂ ਵੀ ਹੌਲੀ-ਹੌਲੀ ਵਿੱਥ ਸਿਰਜਣੀ ਸ਼ੁਰੂ ਕਰ ਦਿੱਤੀ। ਮੈਂ ਉਸ ਅਖ਼ਬਾਰ ਤੇ ਉਹਦੇ ਸੰਪਾਦਕ ਤੋਂ ਕੀ ਲੈਣਾ ਸੀ! ਦੋਸਤ ਤਾਂ ਉਹ ਮੇਰਾ ਸੀ ਹੀ ਪਰ ਜੇ ਉਹ ਹੁਣ ਇਸ ਦੋਸਤੀ ਨੂੰ ਪਹਿਲਾਂ ਜਿਹੀ ਮਾਨਤਾ ਦੇਣੋਂ ਹਟ ਗਿਆ ਸੀ ਤਾਂ ਮੈਂ ਕੀ ਕਰ ਸਕਦਾ ਸਾਂ!
ਫਿਰ ਮੈਨੂੰ ਇਹ ਵੀ ਸੁਣਨ ਨੂੰ ਮਿਲਿਆ ਕਿ ਉਹਦੀ ਦਖ਼ਲ-ਅੰਦਾਜ਼ੀ ਨਾਲ ਭਾਸ਼ਾ ਵਿਭਾਗ ਦਾ ‘ਸ਼੍ਰੋਮਣੀ ਪੰਜਾਬੀ ਸਾਹਿਤਕਾਰ’ ਦਾ ਇਨਾਮ ਮੈਨੂੰ ਮਿਲਣੋਂ ਰਹਿ ਗਿਆ ਸੀ। ਭਾਸ਼ਾ ਵਿਭਾਗ ਦੇ ਇਨਾਮਾਂ ਬਾਰੇ ਜਾਣਦੇ ਹੀ ਹਾਂ ਕਿ ਇਸ ਦੇ ਚੋਣ ਬੋਰਡ ਦੇ ਮੈਂਬਰਾਂ ਵਿਚੋਂ ਜਿਹੜਾ ‘ਆਪਣੇ ਬੰਦੇ’ ਦੇ ਹੱਕ ਵਿੱਚ ਜ਼ੋਰ ਪੁਆ ਜਾਵੇ, ਉਸ ਨੂੰ ਇਨਾਮ ਮਿਲ ਜਾਂਦਾ ਹੈ। ਇਸ ਬੋਰਡ ਦੇ ਮੈਂਬਰਾਂ ਦੀ ਗਿਣਤੀ ਜ਼ਿਆਦਾ ਹੋਣ ਕਰ ਕੇ ਪਿਛੋਂ ਕਿਸੇ ਨਾ ਕਿਸੇ ਰਾਹੀਂ ਅੰਦਰ ਹੋਈਆਂ ਗੱਲਾਂ ਬਾਹਰ ਆ ਹੀ ਜਾਂਦੀਆਂ ਹਨ। ਉਸ ਸਾਲ ‘ਸ਼੍ਰੋਮਣੀ ਪੰਜਾਬੀ ਸਾਹਿਤਕਾਰ’ ਲਈ ਮੇਰਾ ਨਾਂ ਪੇਸ਼ ਹੋਇਆ। ਬਾਅਦ ਵਿਚ ਕਿਸੇ ਨੇ ਦੱਸਿਆ; ਮੇਰੇ ਨਾਂ ‘ਤੇ ਲਗਭਗ ਸਰਬ-ਸੰਮਤੀ ਹੋ ਗਈ ਸੀ ਕਿ ਅਚਨਚੇਤ ਮੇਰਾ ਹੀ ਬਹੁਤ ਨਜ਼ਦੀਕੀ ਹਰਭਜਨ ਹਲਵਾਰਵੀ ਉਠ ਕੇ ਖੜ੍ਹਾ ਹੋ ਗਿਆ, “ਵਰਿਆਮ ਦਾ ਨਾਂ ਤਾਂ ਇਸ ਇਨਾਮ ਲਈ ਬੜਾ ਢੁਕਵਾਂ ਹੈ ਪਰ ਮੈਂ ਕੁਝ ਹੋਰ ਤਰ੍ਹਾਂ ਵੀ ਸੋਚਦਾ ਹਾਂ। ਵਰਿਆਮ ਨੇ ਤਾਂ ਅਜੇ ਬਹੁਤ ਇਨਾਮ ਲੈਣੇ ਹਨ, ਇਸ ਤੋਂ ਵੀ ਵੱਡੇ ਇਨਾਮ! ਤੇ ਉਸ ਕੋਲ ਇਹ ਇਨਾਮ ਲੈਣ ਲਈ ਬੜੀ ਉਮਰ ਪਈ ਹੈ ਪਰ ਜਸਵੰਤ ਸਿੰਘ ਵਿਰਦੀ ਬੜੇ ਹੀ ਸਾਲਾਂ ਤੋਂ ਆਪਣੀ ਪੁੱਛ-ਗਿੱਛ ਨਾ ਹੋਣ ਕਰ ਕੇ ਆਪਣੇ ਆਪ ਨੂੰ ਅਣਗੌਲਿਆ ਮਹਿਸੂਸ ਕਰਦਾ ਹੈ। ਇਸ ਵਾਰੀ ਜੇ ਆਪਾਂ ਇਹ ਇਨਾਮ ਉਸ ਨੂੰ ਦੇ ਦਈਏ! ਵਰਿਆਮ ਨੂੰ ਅਗਲੇ ਸਾਲ ਦੇ ਦਿਆਂਗੇ।” ਬੋਰਡ ਦੇ ਦੂਜੇ ਮੈਂਬਰਾਂ ਦੇ ਹਿਸਾਬ ਨਾਲ ਤੇ ਮੇਰੀ ਆਪਣੀ ਸੋਚ ਅਨੁਸਾਰ ਵੀ ਉਸ ਬੋਰਡ ਵਿਚ ਮੇਰੀ ਵਕਾਲਤ ਕਰਨ ਵਾਲਾ ਸਭ ਤੋਂ ਵੱਡਾ ਹਮਾਇਤੀ ਤਾਂ ਹਲਵਾਰਵੀ ਹੀ ਹੋ ਸਕਦਾ ਸੀ! ਜੇ ਉਹ ਮੇਰੀ ਥਾਂ ਕਿਸੇ ਹੋਰ ਨੂੰ ਇਨਾਮ ਦੇ ਕੇ ਖ਼ੁਸ਼ ਸੀ ਤਾਂ ਦੂਜਿਆਂ ਨੂੰ ਕੀ ਇਤਰਾਜ਼ ਹੋ ਸਕਦਾ ਸੀ! ਤੇ ਇਨਾਮ ਵਿਰਦੀ ਨੂੰ ਮਿਲ ਗਿਆ। ਅਗਲੇ ਸਾਲ ਕਿਹੜਾ ਰਾਜਾ ਤੇ ਕਿਹਦੀ ਪਰਜਾ! ਮੈਨੂੰ ਇਨਾਮ ਕਿਸ ਨੇ ਦੇਣਾ ਸੀ! ਖਿਸਕਦਾ-ਖਿਸਕਦਾ ਇਹ ਇਨਾਮ ਮੈਨੂੰ 2003 ਵਿਚ ਮਿਲਿਆ।
ਜਸਵੰਤ ਸਿੰਘ ਵਿਰਦੀ ਨੂੰ ਇਨਾਮ ਦੇਣ ਦੇ ਹਲਵਾਰਵੀ ਦੇ ਨਿਰਣੈ ਬਾਰੇ ਜੇ ਨਿਰਪੱਖ ਹੋ ਕੇ ਆਖਾਂ, ਤਾਂ ਉਦੋਂ ਵੀ ਤੇ ਹੁਣ ਵੀ, ਮੇਰੀ ਰਾਇ ਹੈ ਕਿ ਵਿਰਦੀ ਨੂੰ ਸੱਚਮੁਚ ਅਣਗੌਲਿਆਂ ਕੀਤਾ ਗਿਆ ਸੀ। ਉਹ ਤਾਂ ਪੰਜਾਬੀ ਵਿਚ ਫ਼ੈਂਟਸੀ ਵਿਧਾ ਵਾਲੀ ਕਹਾਣੀ ਨੂੰ ਸਥਾਪਤ ਕਰਨ ਅਤੇ ਯਥਾਰਥ ਦੀ ਧਰਾਤਲ ‘ਤੇ ਤਿੱਖੇ ਵਿਅੰਗ ਵਾਲੀ ਮੁੱਲਵਾਨ ਕਹਾਣੀ ਲਿਖਣ ਕਰ ਕੇ ਸਾਹਿਤ ਅਕਾਦਮੀ ਦੇ ਇਨਾਮ ਦਾ ਹੱਕਦਾਰ ਵੀ ਸੀ। ਉਮਰ ਤੇ ਲਿਖਤ ਵਿਚ ਮੇਰੇ ਤੋਂ ਸੀਨੀਅਰ ਹੋਣ ਕਰ ਕੇ ਵੀ ਇਸ ਇਨਾਮ ‘ਤੇ ਉਹਦਾ ਹੱਕ ਬਣਦਾ ਸੀ, ਪਰ ਬੰਦਾ ‘ਨਿਰਪੱਖ’ ਹੁੰਦਾ ਕਿੱਥੇ ਹੈ! ਹਕੀਕਤ ਨੂੰ ਅੰਦਰੋਂ ਪਰਵਾਨ ਕਰਦਿਆਂ ਵੀ ਮੇਰੇ ਮਨ ਵਿਚ ਖ਼ਲਿਸ਼ ਸੀ ਕਿ ਮੇਰਾ ਆਪਣਾ ਮਿੱਤਰ ਹੀ ਮਿਲਦੇ ਇਨਾਮ ਵਿਚ ਕਿਉਂ ਵੰਝ ਮਾਰ ਗਿਆ ਜਦੋਂ ਕਿ ਸਾਰੀ ਕਮੇਟੀ ਮੇਰੇ ਹੱਕ ਵਿਚ ਇਕਮੱਤ ਸੀ। ਮੈਂ ਇਸ ਘਟਨਾ ਨੂੰ ਵੀ ਉਹਦੀ ਨਾਰਾਜ਼ਗੀ ਦੇ ਖ਼ਾਤੇ ਵਿਚ ਜੋੜ ਲਿਆ।
ਉਹ ਵੀ ਦਿਨ ਸਨ ਜਦੋਂ ਉਹ ਮੈਨੂੰ ਲੰਮੀਆਂ ਚਿੱਠੀਆਂ ਲਿਖਦਾ ਸੀ। ਕਾਲੇ ਸਮਿਆਂ ਵਿਚ ਵਰ੍ਹਦੀਆਂ ਗੋਲੀਆਂ ਵਿਚ ਮੇਰੇ ਪਿੰਡ ਮਿਲਣ ਉਡਿਆ ਜਾਂਦਾ ਸੀ। ਹੁਣ ਤਾਂ ਕੇਵਲ ਕਮਰੇ ਦੀ ਨੁਕਰੇ ਪਏ ਟੈਲੀਫ਼ੋਨ ਤੱਕ ਜਾ ਕੇ ਫ਼ੋਨ ਨੰਬਰ ਮਿਲਾਉਣਾ ਸੀ, ਪਰ ਅਸੀਂ ਦੋਵੇਂ ਇੰਨੀ ਖ਼ੇਚਲ ਵੀ ਨਾ ਕਰਦੇ। ਫ਼ੋਨ ਵੀ ਝਨਾਂ ਦਾ ਦੂਜਾ ਕੰਢਾ ਬਣ ਗਿਆ ਸੀ। ਸਾਂਝੇ ਮਿੱਤਰਾਂ ਲਈ ਅਸੀਂ ਸ਼ਾਇਦ ਪਹਿਲਾਂ ਵਰਗੇ ਦੋਸਤ ਹੀ ਸਾਂ।
ਇਕ ਦਿਨ ਮੇਰੀ ਪਤਨੀ ਕਹਿੰਦੀ, “ਤੁਸੀਂ ਵੀ ਐਵੇਂ ਫ਼ਜ਼ੂਲ ਦੀ ਆਕੜ ਚੁੱਕੀ ਫਿਰਦੇ ਓ। ਭਲਾ ਤੁਸੀਂ ਆਪ ਨਹੀਂ ਉਹਨੂੰ ਫ਼ੋਨ ਕਰ ਸਕਦੇ? ਉਹਨੂੰ ਤਾਂ ਹੋ ਸਕਦੈ ਕਿ ਅਖ਼ਬਾਰ ਦੇ ਰੁਝੇਵਿਆਂ ਕਰ ਕੇ ਟੈਮ ਨਾ ਮਿਲਦਾ ਹੋਵੇ। ਬੰਦੇ ਨੂੰ ਪੁਰਾਣੀਆਂ ਸਾਂਝਾਂ ਫੋਕੀ ਆਕੜ ਤੋਂ ਕੁਰਬਾਨ ਨਹੀਂ ਕਰਨੀਆਂ ਚਾਹੀਦੀਆਂ।”
ਹੋਰਨਾਂ ਨਾਲ ਮੇਰੇ ਕਿਸੇ ਵਿਗਾੜ ਨੂੰ ਉਹ ਸਦਾ ਮੇਰੀ ਵਾਧੂ ਦੀ ਹਉਮੈ ਨਾਲ ਜੋੜ ਕੇ ਵੇਖਦੀ ਰਹਿੰਦੀ ਹੈ। ਦੋਸ਼ ਭਾਵੇਂ ਅਗਲੇ ਦਾ ਹੋਵੇ ਪਰ ਉਹ ਮੇਰੀ ਹਉਮੈ ਨੂੰ ਹੀ ਆਪਸੀ ਰਿਸ਼ਤਿਆਂ ਵਿਚ ਕਿਸੇ ਪ੍ਰਕਾਰ ਦੀ ਆਈ ਤ੍ਰੇੜ ਦਾ ਕਾਰਨ ਮੰਨਦੀ ਹੈ।
“ਭਲੀਏ ਲੋਕੇ! ਉਹ ਵੱਡਾ ਆਦਮੀ ਏਂ। ਮੇਰੀ ਉਹਦੇ ਨਾਲ ਕਾਹਦੀ ਆਕੜ! ਉਹਨੂੰ ਮੇਰੀ ਕੀ ਲੋੜ ਏ? ਮੈਂ ਤਾਂ ਇਸ ਕਰ ਕੇ ਚੁੱਪ ਆਂ ਕਿ ਉਹ ਇਹ ਨਾ ਸਮਝੇ ਕਿ ਮੈਂ ਉਹਦੀ ਸੰਪਾਦਕੀ ਕਰ ਕੇ ਉਹਦੇ ਪਿੱਛੇ ਭੱਜਾ ਫਿਰਦਾਂ। ਪੁਰਾਣੀਆਂ ਸਾਂਝਾਂ ਤੇ ਦੋਸਤੀ ਨੂੰ ਮੈਂ ਤਾਂ ਨਹੀਂ ਭੁੱਲਿਆ, ਉਹ ਭੁੱਲ ਗਿਐ ਤਾਂ ਮੈਂ ਕੀ ਕਰ ਸਕਦਾਂ?”
“ਲੈ ਇਹ ਕੀ ਗੱਲ ਹੋਈ! ਜੇ ਵੱਡਾ ਏ ਤਾਂ ਹੈਗਾ ਤਾਂ ਤੁਹਾਡਾ ਆਪਣਾ ਈ ਨਾ। ਉਹ ਨਾ ਤੁਹਾਨੂੰ ਮਨਾਉਂਦਾ ਤਾਂ ਖ਼ਾਲਸਾ ਕਾਲਜ ਨਾ ਆਉਂਦੇ। ਹੁਣ ਤੱਕ ਪਿੰਡ ਬੈਠੇ ਹੁੰਦੇ। ਪਿੰਡੋਂ ਜਲੰਧਰ ਸ਼ਹਿਰ ਵਿਚ ਮੇਰੀ ਬਦਲੀ ਕਰਾਉਣ ਲਈ ਐਜੂਕੇਸ਼ਨ ਸੈਕਟਰੀ ਕੋਲ ਭੱਜਾ ਗਿਆ ਸੀ।”
ਮੈਂ ਇਨ੍ਹਾਂ ਗੱਲਾਂ ਤੋਂ ਕਦੋਂ ਮੁਕਰਦਾ ਸਾਂ। ਪੰਜਾਬ ਵਿਚ ਦਹਿਸ਼ਤ ਦੇ ਸਿਖ਼ਰਲੇ ਦਿਨ ਸਨ। ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਪੰਜਾਬੀ ਵਿਭਾਗ ਦੇ ਮੁਖੀ ਤੇ ਸਾਡੇ ਸਾਂਝੇ ਮਿੱਤਰ ਨਿਰੰਜਣ ਸਿੰਘ ਢੇਸੀ ਨੇ ਮੈਨੂੰ ਆਪਣੇ ਕਾਲਜ ਵਿਚ ਅਪਲਾਈ ਕਰਨ ਲਈ ਚਿੱਠੀ ਲਿਖੀ ਸੀ। ਮੈਂ ਚਿੱਠੀ ਦਾ ਜਵਾਬ ਈ ਨਾ ਦਿੱਤਾ। ਕੁਝ ਵਿਸ਼ੇਸ਼ ਕਾਰਨਾਂ ਕਰ ਕੇ ਮੈਂ ਕੋਈ ਇੰਟਰਵੀਊ ਨਾ ਦੇਣ ਅਤੇ ਪਿੰਡ ਨਾ ਛੱਡਣ ਦਾ ਮਨ ਹੀ ਬਣਾ ਲਿਆ ਹੋਇਆ ਸੀ। ਢੇਸੀ ਨੇ ਹਲਵਾਰਵੀ ਨੂੰ ਕਿਹਾ ਕਿ ਜਾ ਕੇ ਮੈਨੂੰ ਸਮਝਾਵੇ। ਹਲਵਾਰਵੀ ਤੇ ਉਹਦੀ ਪਤਨੀ ਗੁਰਪਿੰਦਰ ਮੇਰੇ ਪਿੰਡ ਸੁਰ ਸਿੰਘ ਜਾ ਪੁੱਜੇ। ਇਹ ਦਿਨ ਸਨ ਜਦੋਂ ਸਾਡੇ ਪਿੰਡ ਰੋਜ਼ ਈ ਗੋਲੀਆਂ ਦਾ ਖੜਾਕ ਸੁਣਦਾ ਸੀ। ਸਵੇਰੇ ਜੰਗਲ ਪਾਣੀ ਗਿਆ ਉਹਦਾ ਡਾਰਾਈਵਰ ਸਾਹੋ ਸਾਹ ਭੱਜਾ ਆਇਆ। ਕਹਿੰਦਾ, “ਸਾਬ੍ਹ ਜੀ! ਮਾਰੇ ਗਏ ਸੀ। ਬਾਹਰ ਤਾਂ ਗੋਲੀ ਚੱਲ ਗਈ।”
ਗੋਲੀਆਂ ਦਾ ਖੜਾਕ ਤਾਂ ਸਾਨੂੰ ਵੀ ਸੁਣਿਆ ਸੀ।
“ਲੈ ਵੇਖ ਲੈ। ਤੂੰ ਏਥੇ ਰਹਿ ਕੇ ਆਪ ਮਰਨਾ ਤੇ ਟੱਬਰ ਨੂੰ ਮਰਵਾਉਣਾ ਚਾਹੁੰਦੈਂ।”
ਉਹਨੂੰ ਇਹ ਵੀ ਪਤਾ ਸੀ ਕਿ ਮੈਂ ਦੋ ਤਿੰਨ ਵਾਰ ਮਰਦਾ-ਮਰਦਾ ਬਚਿਆ ਸੀ।
ਮੈਂ ਹੱਸ ਪਿਆ, “ਗੋਲੀ ਤਾਂ ਏਥੇ ਰੋਜ਼ ਚੱਲਦੀ ਏ। ਕਦੀ ਮੁੰਡਿਆਂ ਵੱਲੋਂ, ਕਦੀ ਸੀæਆਰæਪੀæ ਵੱਲੋਂ।”
“ਓ ਭਾਈ! ਜਲੰਧਰ ਚਲਾ ਜਾਏਂਗਾ ਤਾਂ ਇਹ ਰੋਜ਼ ਦਾ ਸਹਿੰਸਾ ਮੁੱਕੂ। ਉਂਜ ਅਗਲੇਰੇ ਸਾਲ ਰੂਪ ਨੇ ਦਸਵੀਂ ਕਰ ਜਾਣੀ ਏਂ। ਪਿੱਛੇ ਸੁਪਨ ਮੋਢਿਆਂ ‘ਤੇ ਚੜ੍ਹਿਆ ਆਉਂਦੈ। ਇਨ੍ਹਾਂ ਦੀ ਅਗਲੀ ਪੜ੍ਹਾਈ ਪਿੰਡ ‘ਚ ਤਾਂ ਨਹੀਂ ਹੋਣੀ। ਕਿਸੇ ਕਾਲਜ ਵਿਚ ਦਾਖ਼ਲ ਤਾਂ ਕਰਾਉਣਾ ਪੈਣਾ। ਜਲੰਧਰ ਚਲਿਆ ਜਾਏਂਗਾ ਤਾਂ ਬੱਚਿਆਂ ਦੀ ਪੜ੍ਹਾਈ ਲਈ ਵੀ ਸਹੂਲਤ ਰਹੂ।”
ਮੈਂ ਸੱਚਾ ਬਹਾਨਾ ਲਾਇਆ, “ਮੈਂ ਅੱਗੇ ਇੰਟਰਵੀਊਆਂ ਦੇ ਕੇ ਜ਼ਲੀਲ ਹੋ ਕੇ ਵੇਖ ਲਿਐ। ਮੈਂ ਨਹੀਂ ਕਿਸੇ ਦੇ ਤਰਲੇ ਕਰਨੇ।”
“ਤੂੰ ਕਿਸੇ ਨੂੰ ਨਾ ਆਖੀਂ। ਇਹ ਸਾਡੇ ‘ਤੇ ਰਹੀ।”
ਓਦਣ ਅਸੀਂ ਪੱਟੀ ਕਿਸੇ ਕੰਮ ਜਾਣਾ ਸੀ। ਗੁਰਪਿੰਦਰ ਘਰ ਰਹੀ ਤੇ ਅਸੀਂ ਪੱਟੀ ਜਾਣ ਲਈ ਕਾਰ ਵਿਚ ਸਵਾਰ ਹੋ ਗਏ। ਪਿੰਡ ਦੇ ਮੋੜ ‘ਤੇ ਹੀ ਸਾਨੂੰ ਸੀæਆਰæਪੀæ ਵਾਲਿਆਂ ਹੱਥ ਦੇ ਕੇ ਰੋਕ ਲਿਆ।
“ਕੌਨ ਹੈਂ ਆਪ? ਕਹਾਂ ਸੇ ਆਏ, ਔਰ ਕਹਾਂ ਜਾ ਰਹੇ ਹੈਂ?”
ਮੈਂ ਪਿੰਡ ਦਾ ਵਸਨੀਕ ਤੇ ਪਿੰਡ ਦੇ ਸਕੂਲ ਦਾ ਅਧਿਆਪਕ ਹੋਣ ਬਾਰੇ ਦੱਸ ਕੇ ‘ਪੰਜਾਬੀ ਟ੍ਰਿਬਿਊਨ’ ਦੇ ਸੰਪਾਦਕ ਵਜੋਂ ਹਲਵਾਰਵੀ ਦੀ ਪਛਾਣ ਦੱਸੀ।
“ਨਹੀਂ; ਆਪ ਹੈਂ ਕੌਨ?”
“ਇਨਹੋਂ ਨੇ ਬਤਾਇਆ ਤੋ ਹੈ।” ਹਲਵਾਰਵੀ ਨੇ ਮੇਰੇ ਵੱਲੋਂ ਦਿੱਤੀ ਜਾਣਕਾਰੀ ਦੁਹਰਾਈ। ਅਖ਼ਬਾਰ ਬਾਰੇ ਦੱਸਿਆ, ਪਰ ਉਨ੍ਹਾਂ ‘ਤੇ ਕੋਈ ਅਸਰ ਨਾ ਹੋਇਆ।
“ਬਾਹਰ ਆਈਏ। ਹਮ ਪੂਛ ਰਹੇ ਹੈਂ ਕਿ ਆਪ ਕੌਨ ਹੈਂ। ਆਪ ਔਰ ਈ ਬਾਤੇਂ ਕਰ ਰਹੇ ਹੈਂ। ਉਧਰ ਗੋਲੀ ਚਲ ਗਈ ਹੈ। ਹਮ ਆਪ ਕੋ ਅਰੈਸਟ ਭੀ ਕਰ ਸਕਤੇ ਹੈਂ। ਗੋਲੀ ਚਲੀ ਹੈ।”
ਸਾਨੂੰ ਸਮਝ ਨਾ ਆਵੇ ਕਿ ਜਾਨਣਾ ਕੀ ਚਾਹੁੰਦੇ ਨੇ! ਕੈਸੇ ਅਨਪੜ੍ਹ ਬੰਦਿਆਂ ਨਾਲ ਵਾਹ ਪੈ ਗਿਆ। ਕੁਝ ਸੋਚ ਕੇ ਹਲਵਾਰਵੀ ਬੋਲਿਆ, “ਮੇਰਾ ਨਾਂ ਹਰਭਜਨ ਹਲਵਾਰਵੀ ਹੈ।”
“ਤੋ ਐਸਾ ਕਹੀਏ ਨਾ! ਹਰਬਜਨ ਹਲ ਹਲ? ਕਿਆ ਬੋਲਾ, ਹਰਬਜਨ ਹਲ ਹਲ?”
“ਹਾਂ ਜੀ!” ਅਸੀਂ ਪੂਰੀ ਨਰਮੀ ਨਾਲ ਕਿਹਾ।
“ਤੋ ਜਾਈਏ।”
ਕੇਡੀ ਹਾਸੋਹੀਣੀ ਗੱਲ ਸੀ। ਉਹ ਜਿਵੇਂ ‘ਹਰਬਜਨ ਹਲ ਹਲ’ ਨੂੰ ਤਾਂ ਨਿੱਜੀ ਤੌਰ ‘ਤੇ ਤਾਂ ਜਾਣਦਾ ਹੋਵੇ ਪਰ ਉਨ੍ਹਾਂ ਲਈ ਅਖ਼ਬਾਰ ਤੇ ਉਹਦੇ ਸੰਪਾਦਕ ਦਾ ਕੋਈ ਅਰਥ ਨਹੀਂ ਸੀ। ਅਸਲ ਵਿਚ ਉਨ੍ਹਾਂ ਨੂੰ ਕੁਝ ਵੀ ਪਤਾ ਨਹੀਂ ਸੀ।
ਅਸੀਂ ਡਰਾਈਵਰ ਨੂੰ ਕਾਰ ਤੋਰਨ ਲਈ ਕਿਹਾ।
ਹੱਸਦਿਆਂ ਹਲਵਾਰਵੀ ਕਹਿੰਦਾ, “ਇਹੋ ਜਿਹੇ ਅਨਪੜ੍ਹ ਤੇ ਬੇਦਲੀਲੇ ਬੰਦੇ ਜਦੋਂ ਚਾਹੇ ਕਿਸੇ ਨੂੰ ਸ਼ੱਕੀ ਸਮਝ ਕੇ ਫੜ ਲੈਣ ਜਾਂ ਗੋਲੀ ਮਾਰ ਦੇਣ। ਸੱਚੀਂ, ਇਹ ਤਾਂ ਅੱਜ ਚੱਲੀ ਗੋਲੀ ਵਾਲੇ ਕੇਸ ‘ਚ ਫਸਾ ਵੀ ਸਕਦੇ ਆ। ਬਚ ਜਾ ਏਸ ਕੁੜਿੱਕੀ ਵਿਚੋਂ ਤੇ ਮੰਨ ਜਾਹ ਮੇਰੀ ਗੱਲ।”
ਮੈਂ ਪਿੰਡ ਵਿਚ ਪਹਿਲਾਂ ਚੱਲੀ ਗੋਲੀ ਦੇ ਕੇਸ ਵਿਚ ‘ਫਸ’ ਚੁੱਕਾ ਸਾਂ। ਮੈਨੂੰ ਕਿਹੜਾ ਇਨ੍ਹਾਂ ਗੱਲਾ ਦਾ ਪਤਾ ਨਹੀਂ ਸੀ!
ਚੁੱਪ ਰਿਹਾ।
ਪੱਟੀ ਸੁਰਿੰਦਰ ਮੰਡ ਕਚਹਿਰੀਆਂ ਵਿਚ ਮਿਲ ਪਿਆ। ਕਹਿੰਦਾ, “ਵਧਾਈ ਹੋਵੇ।”
ਗੱਲ ਮੇਰੇ ਗੇੜ ‘ਚ ਨਾ ਆਈ, “ਕਾਹਦੀ ਵਧਾਈ?”
“ਸੁਣਿਐਂ ਤੁਹਾਡੀ ਖ਼ਾਲਸਾ ਕਾਲਜ ਜਲੰਧਰ ਵਿਚ ਨਿਯੁਕਤੀ ਪੱਕੀ ਐ।”
“ਤੁਹਾਨੂੰ ਕਿਵੇਂ ਪਤੈ?”
“ਲਓ ਜੀ! ਸਭ ਨੂੰ ਪਤੈ ਇਹ ਤਾਂ।”
ਮੈਂ ਤਾਂ ਅਪਲਾਈ ਕਰਨ ਲਈ ਨਹੀਂ ਸਾਂ ਮੰਨ ਰਿਹਾ। ਏਧਰ ਮੇਰੀ ਨਿਯੁਕਤੀ ‘ਪੱਕੀ’ ਵੀ ਹੋਈ ਪਈ ਸੀ।
“ਸੁਣ ਲੈ। ਇਹ ਕਹਿੰਦਾ; ਮੈਂ ਅਪਲਾਈ ਨਹੀਂ ਕਰਨਾ।” ਹਲਵਾਰਵੀ ਨੇ ਮੈਨੂੰ ਤੇ ਮੰਡ ਨੂੰ ਸੁਣਾਇਆ।
“ਨਾ ਜੀ, ਨਾ! ਅਪਲਾਈ ਜ਼ਰੂਰ ਕਰੋ। ਏਨੇ ਇੱਜ਼ਤ-ਮਾਣ ਨਾਲ ਅਗਲੇ ਤੁਹਾਨੂੰ ਬੁਲਾ ਰਹੇ ਨੇ। ਇਹੋ ਜਿਹੇ ਮੌਕੇ ਕਿਹੜਾ ਹਰ ਕਿਸੇ ਨੂੰ ਨਸੀਬ ਹੁੰਦੇ ਨੇ।”
ਘਰ ਵਾਪਸੀ ਤੱਕ ਹਲਵਾਰਵੀ ਨੇ ਮੈਨੂੰ ਮਨਾ ਹੀ ਲਿਆ।
ਹੁਣ ਉਹ ਜੇ ਲੋਕਾਂ ਨੂੰ ਕਹਿੰਦਾ ਸੀ ਕਿ ਉਹ ਮੈਨੂੰ ਖ਼ਾਲਸਾ ਕਾਲਜ ਵਿਚ ਲੈ ਕੇ ਆਇਆ ਹੈ, ਤਾਂ ਸੱਚ ਕਹਿੰਦਾ ਸੀ।

ਮੇਰੀ ਪਤਨੀ ਕਹਿੰਦੀ, “ਤੁਸੀਂ ਆਪ ਵੀ ਤਾਂ ਉਹਨੂੰ ਫ਼ੋਨ ਕਰ ਸਕਦੇ ਓ। ਸਦਾ ਏਹੋ ਸੋਚਦੇ ਓ ਕਿ ਅਗਲਾ ਈ ਤੁਹਾਨੂੰ ਫ਼ੋਨ ਕਰੇ। ਸਾਲਾਂ ਦੀਆਂ ਦੋਸਤੀਆਂ ਨਿੱਕੀਆਂ-ਨਿੱਕੀਆਂ ਗੱਲਾਂ ਪਿੱਛੇ ਨਹੀਂ ਛੱਡੀਦੀਆਂ। ਮੈਂ ਲੱਗੀ ਆਂ ਫੋਨ ਮਿਲਾਉਣ। ਤੁਸੀਂ ਗੱਲ ਕਰਨੀ ਹੋਊਗੀ।”
ਮੇਰੇ ਰੋਕਦਿਆਂ-ਰੋਕਦਿਆਂ ਉਹਨੇ ਹਲਵਾਰਵੀ ਦੇ ਘਰ ਦਾ ਨੰਬਰ ਮਿਲਾ ਦਿੱਤਾ। ਅੱਗਿਉਂ ਉਹਦੀ ਪਤਨੀ ਪ੍ਰਿਤਪਾਲ ਬੋਲੀ। ਹਲਵਾਰਵੀ ਘਰ ਨਹੀਂ ਸੀ। ਦੋਵੇਂ ਜਣੀਆਂ ਸੁੱਖ-ਸਾਂਦ ਤੇ ਆਪਸੀ ਹਾਲ-ਹਵਾਲ ਪੁੱਛਦੀਆਂ ਦੱਸਦੀਆਂ ਰਹੀਆਂ। ਫਿਰ ਮੇਰੀ ਪਤਨੀ ਕਹਿੰਦੀ, “ਬੜਾ ਚਿਰ ਹੋਇਆ, ਇਨ੍ਹਾਂ ਦੋਵਾਂ ਭਰਾਵਾਂ ਦੀ ਕਦੀ ਗੱਲ ਨਹੀਂ ਹੋਈ। ਪਤਾ ਨਹੀਂ ਕੀ ਨਾਰਾਜ਼ਗੀ ਏ। ਮੈਂ ਕਿਹਾ, ਅਸੀਂ ਭੈਣਾਂ-ਭੈਣਾਂ ਤਾਂ ਨਾਰਾਜ਼ ਨਹੀਂ ਨਾ। ਅਸੀਂ ਤਾਂ ਗੱਲ ਕਰ ਈ ਸਕਦੀਆਂ।”
ਅੱਗਿਉਂ ਜੋ ਪ੍ਰਿਤਪਾਲ ਨੇ ਕਿਹਾ, ਉਹਨੇ ਤਾਂ ਮੇਰੇ ਅੰਦਰਲੇ ਸਾਰੇ ਪੱਥਰ ਪਿਘਲਾ ਦਿੱਤੇ। ਕਹਿੰਦੀ, “ਭੈਣ ਜੀ! ਹਲਵਾਰਵੀ ਸਾਬ੍ਹ ਤਾਂ ਭਾ ਜੀ ਨੂੰ ਬੇਹੱਦ ਪਿਆਰ ਕਰਦੇ ਨੇ। ਦੱਸ ਨਹੀਂ ਸਕਦੀ। ਇਕ ਦਿਨ ਮੈਂ ਹਾਸੇ-ਹਾਸੇ ਵਿਚ ਪੁੱਛਿਆ ਕਿ ਹੁਣ ਤਾਂ ਤੁਸੀਂ ਅਖ਼ਬਾਰ ਦੇ ਸੰਪਾਦਕ ਓ। ਵੱਡੇ-ਵੱਡੇ ਸਿਆਸਤਦਾਨ, ਧਾਰਮਿਕ ਆਗੂ, ਅਫ਼ਸਰ ਤੇ ਲੇਖਕ-ਚਾਖ਼ਕ ਤੁਹਾਡੇ ‘ਤੇ ਡੁੱਲ੍ਹ ਡੁੱਲ੍ਹ ਪੈਂਦੇ ਨੇ, ਪਰ ਕੱਲ੍ਹ ਨੂੰ ਜੇ ਰੱਬ ਨਾ ਕਰੇ, ਤੁਸੀਂ ਸੰਪਾਦਕ ਨਾ ਰਹੋ ਤਾਂ ਕੌਣ-ਕੌਣ ਨੇ ਜੋ ਤੁਹਾਡੇ ਨਾਲ ਖਲੋ ਸਕਦੇ ਨੇ। ਤਾਂ ਕਹਿੰਦੇ; ਹੈ ਇਕ ਜਣਾ ਤੇ ਉਹ ਹੈ ਵਰਿਆਮ ਸੰਧੂ। ਸਾਰੀ ਦੁਨੀਆਂ ਮੈਨੂੰ ਛੱਡ ਜਾਵੇ, ਤਦ ਵੀ ਉਹ ਮੇਰੇ ਨਾਲ ਖੜੂ।”
ਤਾਂ ਮੈਂ ਹਲਵਾਰਵੀ ਲਈ ਇਹ ਕੁਝ ਸਾਂ? ਆਪਣੇ ਆਪ ਨੂੰ ਫ਼ਿਟਕਾਰ ਪਾਈ।
ਹਲਵਾਰਵੀ ਘਰ ਆਇਆ ਤਾਂ ਪ੍ਰਿਤਪਾਲ ਨੇ ਸਾਡੇ ਫ਼ੋਨ ਬਾਰੇ ਦੱਸਿਆ। ਉਹਨੇ ਤੁਰੰਤ ਸਾਡਾ ਨੰਬਰ ਘੁਮਾਇਆ। ਸਭ ਬਦਲੀਆਂ ਉਡ ਗਈਆਂ ਸਨ। ਬੰਨ੍ਹ ਲੱਗੇ ਮੋਹ ਦੇ ਦਰਿਆ ਟੁੱਟ ਕੇ ਉਛਲ ਪਏ ਸਨ।
ਪ੍ਰਿਤਪਾਲ ਦਾ ਕਥਨ ਕਿ ‘ਰੱਬ ਨਾ ਕਰੇ, ਤੁਸੀਂ ਸੰਪਾਦਕ ਨਾ ਰਹੋ ਤਾਂæææ’ ਸੱਚ ਹੋ ਗਿਆ। ਅਖ਼ਬਾਰ ਦੀ ਅੰਦਰਲੀ ਸਿਆਸਤ ਨੇ ਉਹਨੂੰ ਸੰਪਾਦਕੀ ਛੱਡਣ ਲਈ ਮਜਬੂਰ ਕਰ ਦਿੱਤਾ।
ਪਰ ਹਲਵਾਰਵੀ ਸਹਿਜ ਨਾਲ ਈ ਇਸ ਝਟਕੇ ਨੂੰ ਵੀ ਸਹਿ ਗਿਆ। ਇਸ ਤੋਂ ਪਹਿਲੀਆਂ ਸੱਟਾਂ ਤਾਂ ਉਹ ਇਕੱਲਾ ਸਹਿੰਦਾ ਆਇਆ ਸੀ, ਪਰ ਇਸ ਵਾਰ ਤਾਂ ਉਹਦੀ ਪਤਨੀ ਵੀ ਉਹਦੇ ਨਾਲ ਸੀ।
“ਬੜੀ ਦਲੇਰ ਔਰਤ ਏ ਉਹ। ਆਖਦੀ ਏ, ‘ਅੱਧੀ ਖਾ ਕੇ ਗੁਜ਼ਾਰਾ ਕਰ ਲਵਾਂਗੇ, ਪਰ ਘਬਰਾਉਣਾ ਨਹੀਂ।’ æææਆਪਾਂ ਤਾਂ ਪਹਿਲਾਂ ਈ ਮਜ਼ਬੂਤ ਦਿਲ ਵਾਲੇ ਆਂ ਪਰ ਜਦੋਂ ਨਾਲ ਪ੍ਰਿਤਪਾਲ ਵਰਗੀ ਔਰਤ ਆਪਣੀਆਂ ਬਾਹਵਾਂ ਦਾ ਆਸਰਾ ਦੇਵੇ ਤਾਂ ਬੰਦਾ ਕਿਵੇਂ ਡੋਲ ਸਕਦਾ ਏ।”
ਪਰ ਉਹਦੇ ਆਲੋਚਕ ਆਖਦੇ, “ਪੰਜਾਬੀ ਟ੍ਰਿਬਿਊਨ ਤੋਂ ਪਿੱਛੋਂ ‘ਅੱਜ ਦੀ ਆਵਾਜ਼’ ਦੀ ਸੰਪਾਦਕੀ ਸੰਭਾਲ ਕੇ ਉਹ ਵਿਚਾਰਧਾਰਕ ਤੌਰ ‘ਤੇ ਡੋਲ ਗਿਆ ਹੈ।”
ਹਲਵਾਰਵੀ ਮੈਨੂੰ ਆਖਦਾ, “ਇਨ੍ਹਾਂ ਨੂੰ ਸਮਝ ਨਹੀਂ, ਪੱਤਰਕਾਰੀ ਮੇਰਾ ਕਿੱਤਾ ਹੈ। ਤੁਹਾਡਾ ਕਿੱਤਾ ਤੁਹਾਡੀ ਰੋਜ਼ੀ-ਰੋਟੀ ਦਾ ਸਾਧਨ ਹੁੰਦਾ ਐ। ਜਿਵੇਂ ਸਰਕਾਰੀ ਨੌਕਰੀ ਕਰਨਾ ਰੋਜ਼ੀ ਦਾ ਵਸੀਲਾ ਹੈ। ਕਿੰਨੇ ਲੋਕ ਆਪਣੇ ਆਪ ਨੂੰ ‘ਅਗਾਂਹਵਧੂ’ ਕਹਿੰਦੇ ਨੇ ਪਰ ਕਰਦੇ ਸਰਕਾਰ ਦੀ ਨੌਕਰੀ ਨੇ। ਓਸੇ ਸਰਕਾਰ ਦੀ ਜਿਹਨੂੰ ਉਹ ਬਦਲਣਾ ਚਾਹੁੰਦੇ ਨੇ। ਅਸਹਿਮਤੀ ਦੇ ਬਾਵਜੂਦ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਪ੍ਰੋਫ਼ੈਸਰ ਓਸੇ ਸਰਕਾਰ ਦਾ ਸਿਲੇਬਸ ਪੜ੍ਹਾਉਂਦੇ ਨੇ, ਜਿਸ ਦਾ ਤਖ਼ਤਾ ਪਲਟਣਾ ਚਾਹੁੰਦੇ ਨੇ। ਉਨ੍ਹਾਂ ਨੂੰ ਪੁੱਛੋ ਤਾਂ ਉਹ ਕਹਿੰਦੇ ਨੇ, “ਅਸੀਂ ਆਪਣੀ ਸੇਵਾ ਵੇਚ ਰਹੇ ਆਂ, ਜ਼ਮੀਰ ਨਹੀਂ।” ਮੈਂ ਵੀ ਤਾਂ ਏਥੇ ਆਪਣੀ ਸੇਵਾ ਵੇਚ ਰਿਹਾਂ, ਜ਼ਮੀਰ ਨਹੀਂ ਵੇਚ ਦਿੱਤੀ। ਨਾਲੇ ਇੰਜ ਮੈਂ ਦੂਜੀ ਧਿਰ ਦਾ ਦ੍ਰਿਸ਼ਟੀਕੋਣ ਵੀ ਸਮਝ ਰਿਹਾਂ ਤੇ ਖ਼ੁਦ ਵੀ ਕਈ ਗੱਲਾਂ ਉਨ੍ਹਾਂ ਨੂੰ ਸਮਝਾਉਣ ਵਿਚ ਕਾਮਯਾਬ ਹੋਇਆਂ।”
‘ਅੱਜ ਦੀ ਆਵਾਜ਼’ ਵਿਚ ਆਇਆ ਤਾਂ ਜਿੰਨਾ ਚਿਰ ਉਹਦੀ ਰਿਹਾਇਸ਼ ਦਾ ਵੱਖਰਾ ਬੰਦੋਬਸਤ ਨਾ ਹੋ ਗਿਆ, ਉਹ ਕੁਝ ਮਹੀਨੇ ਸਾਡੇ ਘਰ ਹੀ ਠਹਿਰਿਆ। ਜਦੋਂ ਰਾਤ ਦੀ ਰਿਹਾਇਸ਼ ਦਾ ਬੰਦੋਬਸਤ ਹੋ ਵੀ ਗਿਆ ਤਾਂ ਹਫ਼ਤੇ ਵਿਚ ਤਿੰਨ-ਚਾਰ ਦਿਨ ਰਾਤ ਦੀ ਰੋਟੀ ਉਹ ਸਾਡੇ ਨਾਲ ਹੀ ਖਾਂਦਾ। ਸੁਪਨਦੀਪ ਉਹਨੂੰ ਸ਼ਾਮੀ ਮੋਟਰ ਸਾਈਕਲ ‘ਤੇ ਘਰ ਲੈ ਆਉਂਦਾ ਤੇ ਰੋਟੀ-ਪਾਣੀ ਤੋਂ ਵਿਹਲੇ ਹੋਣ ਪਿੱਛੋਂ ਅਸੀਂ ਦੋਵੇਂ ਸੈਰ ਕਰਦੇ ਉਹਦੀ ਰਿਹਾਇਸ਼ ਵੱਲ ਤੁਰ ਪੈਂਦੇ। ਦੁਨੀਆਂ-ਜਹਾਨ ਦੀਆਂ ਗੱਲਾਂ ਕਰਦੇ। ਬਾਹਰੋਂ ਆ ਕੇ ਕਿਸੇ ਉਹਦੀ ਖ਼ਬਰ-ਸੁਰਤ ਕੀ ਲੈਣੀ ਸੀ, ਕਦੀ ਜਲੰਧਰੋਂ ਚੰਡੀਗੜ੍ਹ ਤੱਕ ਉਹਨੂੰ ਮਿਲਣ ਭੱਜੇ ਜਾਣ ਵਾਲੇ ਤਥਾਕਥਿਤ ਮਿੱਤਰ ਜਲੰਧਰ ਰਹਿੰਦਿਆਂ ਵੀ ਉਹਨੂੰ ਮਿਲਣ ਨਾ ਆਏ। ਇਸ ਗੱਲ ਦੇ ਬਾਵਜੂਦ ਉਹਦੇ ਠਹਾਕਿਆਂ ਤੋਂ ਕਦੀ ਲੱਗਦਾ ਈ ਨਾ ਉਹ ਕੇਡੀ ਉਚੀ ਥਾਂ ਤੋਂ ਹੇਠਾਂ ਡਿਗ ਪਿਆ ਹੈ!
ਕਦੀ-ਕਦੀ ਇਹ ਜ਼ਰੂਰ ਕਹਿੰਦਾ, “ਦੁਨੀਆਂ ਦੇ ਬਦਲਦੇ ਰੰਗਾਂ ਦਾ ਤਾਂ ਪਤਾ ਈ ਹੁਣ ਲੱਗਾ ਐ।”
ਰਾਤ ਨੂੰ ਮੇਰਾ ਬੇਟਾ ਸੁਪਨਦੀਪ ਹੱਸਦਾ-ਹੱਸਦਾ ਇੰਗਲੈਂਡ ਤੋਂ ਲਿਆਂਦੀ ‘ਬਲੈਕ ਲੇਬਲ’ ਮੇਜ਼ ‘ਤੇ ਲਿਆ ਰੱਖਦਾ, “ਆ ਜੋ ਅੰਕਲ! ਤਰ ਹੋ ਜੋ ਥੋੜ੍ਹੇ ਜਿਹੇ।”
“ਬੜਾ ਬਦਮਾਸ਼ ਏਂ ਤੂੰ!” ਉਹ ਹੱਸ ਕੇ ਪੈਗ ਪਾਉਂਦਾ।
ਦੋ ਨਿੱਕੇ-ਨਿੱਕੇ ਹਾੜ੍ਹੇ ਲੈਂਦਾ। ਆਮ ਲੋਕਾਂ ਵਾਂਗ ਬਹੁਤੀ ਪੀਣ ਦਾ ਲਾਲਚ ਨਾ ਕਰਦਾ। ਫਿਰ ਸਾਰਾ ਟੱਬਰ ਬੈਠ ਕੇ ਰੋਟੀ ਖਾਂਦਾ। ਘਰ ਵਾਲੀ ਰਸੋਈ ਦਾ ਕੰਮ-ਕਾਰ ਖ਼ਤਮ ਕਰ ਕੇ ਭਾਂਡੇ-ਟੀਂਡੇ ਧੋਣ, ਸਾਂਭਣ ਦੇ ਕੰਮ ਲੱਗ ਜਾਂਦੀ। ਮੈਂ ਤੇ ਮੇਰੇ ਬੱਚੇ ਹਲਵਾਰਵੀ ਕੋਲ ਡਰਾਇੰਗ ਰੂਮ ਵਿਚ ਬੈਠੇ ਹੁੰਦੇ। ਉਹ ਬੱਚਿਆਂ ਨਾਲ ਹਾਣੀਆਂ ਵਾਂਗ, ਉਨ੍ਹਾਂ ਵਰਗਾ ਹੋ ਕੇ ਗੱਪਾਂ ਮਾਰਦਾ। ਉਨ੍ਹਾਂ ਨਾਲ ਰਲਦੇ ਮਿਲਦੇ ਆਪਣੇ ਬਚਪਨ ਦੇ ਅਨੁਭਵ ਸਾਂਝੇ ਕਰਦਾ। ਬੱਚਿਆਂ ਨਾਲ ਬੱਚਾ ਬਣ ਕੇ ਨਿੱਕੀਆਂ-ਨਿੱਕੀਆਂ ਗੱਲਾਂ ‘ਤੇ ਠਹਾਕੇ ਲਾਉਂਦਾ। ਵਿਚ-ਵਿਚ ਗੰਭੀਰ ਹੋ ਕੇ ਜ਼ਿੰਦਗੀ ‘ਚੋਂ ਕਸ਼ੀਦ ਕੀਤੇ ਅਨੁਭਵ ਤੇ ਨਿਚੋੜ ਵੀ ਸਾਂਝੇ ਕਰਦਾ। ਸੁਪਨਦੀਪ ਦੀ ਚੜ੍ਹਦੀ ਜਵਾਨੀ ਦੀ ਬੇਚੈਨੀ ਨੂੰ ਸਿੱਧੇ ਰਾਹ ਪਾਉਣ ਲਈ ਉਹਨੂੰ ਮਸ਼ਵਰੇ ਦਿੰਦਾ। ਸੁਪਨਦੀਪ ਉਸ ਨਾਲ ਦੋਸਤਾਂ ਵਾਂਗ ਖੁੱਲ੍ਹ ਗਿਆ। ਉਹਦੇ ਨਾਲ ਆਪਣੀ ਇੰਗਲੈਂਡ ਫੇਰੀ ਦੇ ਅਨੁਭਵ ਸਾਂਝੇ ਕਰਦਾ। ਉਹਦੀਆਂ ਦਿਲਚਸਪ ਗੱਲਾਂ ਸੁਣ ਕੇ ਹਲਵਾਰਵੀ ਖ਼ੁਸ਼ ਹੁੰਦਾ।
ਰਸੋਈ ਦੇ ਕੰਮ-ਕਾਜ ਤੋਂ ਮਾਂ ਵਿਹਲੀ ਹੁੰਦੀ ਤਾਂ ਧੀਆਂ ਉਹਦੇ ਨਾਲ ਸੌਣ ਚਲੇ ਜਾਂਦੀਆਂ ਪਰ ਸਾਡੀ ਤਿੰਨਾਂ ਦੀ ਮਹਿਫਿਲ ਦੇਰ ਤੱਕ ਚੱਲਦੀ ਰਹਿੰਦੀ।
ਇਕ ਦਿਨ ਸੁਪਨ ਰੌਂਅ ਵਿਚ ਲੱਗਾ ਹੋਇਆ ਸੀ, “ਅੰਕਲ ਮੈਂ ਓਥੇ ਦੋ ਕੁ ਮਹੀਨੇ ਕੰਮ ਵੀ ਕੀਤਾ। ਸਾਡੇ ਨਾਲ ਪੋਲੈਂਡ ਤੋਂ ਆਈ ਕੁੜੀ ਅਲੀਜ਼ਾ ਵੀ ਕੰਮ ਕਰਦੀ ਸੀ। ਭੂਰੇ ਵਾਲਾਂ ਵਾਲੀ ਗੋਭਲੀ ਜਿਹੀ ਸੋਹਣੀ ਕੁੜੀ। ਸਾਰੇ ਉਹਨੂੰ ਆਨੇ-ਬਹਾਨੇ ਵਿੰਹਦੇ, ਉਹਦੇ ਨਾਲ ਗੱਲ ਕਰਨਾ ਚਾਹੁੰਦੇ। ਕਦੀ-ਕਦੀ ਉਹ ਲੰਘਦੀ ਆਉਂਦੀ ਮੈਨੂੰ ਵੀ ਸਮਾਈਲ ਸੁੱਟਦੀ। ਮੈਨੂੰ ਵੀ ਟੁੱਟੀ ਫੁੱਟੀ ਅੰਗਰੇਜ਼ੀ ‘ਚ ਉਹਦੇ ਨਾਲ ਗੱਲ ਕਰਨੀ ਚੰਗੀ ਲੱਗਦੀ। ਇੱਕ ਦਿਨ ਲੰਚ ਟਾਈਮ ਵੇਲੇ ਉਹ ਮੇਰੇ ਕੋਲ ਬੈਠੀ ਸੀ। ਮੈਂ ਸ਼ੁਗਲ-ਸ਼ੁਗਲ ‘ਚ ਪੁੱਛਿਆ, “ਅਲੀਜ਼ਾ! ਡੂ ਯੂ ਲਾਈਕ ਮੀ?” ਕਹਿੰਦੀ, “ਯਾ! ਆਈ ਲਾਈਕ ਯੂ।” ਮੈਂ ਗੱਲ ਅੱਗੇ ਵਧਾਈ, “ਹੈਵ ਯੂ ਐਨੀ ਬੁਆਇ ਫ਼ਰੈਂਡ ਇਨ ਪੋਲੈਂਡ?” ਮੁਸਕਰਾ ਕੇ ਕਹਿੰਦੀ, “ਨੋ!” ਮੈਂ ਥੋੜ੍ਹਾ ਅੱਗੇ ਵਧ ਗਿਆ, “ਅਲੀਜ਼ਾ! ਆਈ ਲਵ ਯੂ। ਡੂ ਯੂ ਲਵ ਮੀ?” ਅੱਗੋਂ ਓਦਾਂ ਮੁਸਕਰਾਉਂਦੀ ਕਹਿੰਦੀ, “ਓ ਨੋ।” ਮੈਂ ਜ਼ਿਦ ਕੀਤੀ, “ਬੱਟ ਵਾਇ?” ਤੁਰਦੇ ਫਿਰਦੇ ਦੂਜੇ ਮੁੰਡਿਆਂ ਵੱਲ ਹੱਥ ਕਰ ਕੇ ਆਖਣ ਲੱਗੀ, “ਬੀਕੌਜ਼ ਐਵਰੀਬਡੀ ਸੇਜ਼ ਇਟ ਟੂ ਮੀ।” ਮੈਂ ਹੱਸ ਕੇ ਕਿਹਾ, “ਬੱਟ ਮਾਈ ਲਵ ਇਜ਼ ਟਰੂਅ।” ਉਹ ਹੱਸੀ, “ਦਿਸ ਇਜ਼ ਯੂਅਰ ਪਰੌਬਲਮ।” ਮੈਂ ਕਿਹਾ, “ਨਹੀਂ, ਦਿਸ ਇਜ਼ ਔਵਰ ਪਰੌਬਲਮ।” ਉਹ ਖਿੜਖਿੜਾ ਕੇ ਹੱਸ ਪਈ, “ਨੋ, ਦਿਸ ਇਜ਼ ਯੂਅਰ ਪਰੌਬਲਮ; ਐਂਡ ਵੈਰੀ ਬਿੱਗ ਪਰੌਬਲਮ।”
ਹਲਵਾਰਵੀ ਸਦਾ ਬਹਾਰ ਹਾਸੀ ਹੱਸਿਆ।
“ਸੁਪਨ, ਤੇਰੇ ਅੰਕਲ ਨੂੰ ਵੀ ਤੇਰੇ ਵਾਂਗ ‘ਵੈਰੀ ਬਿੱਗ ਪਰੌਬਲਮ’ ਦਾ ਕਈ ਵਾਰ ਸਾਹਮਣਾ ਕਰਨਾ ਪਿਐ।”
ਹਲਵਾਰਵੀ ਨੇ ਮੇਰੇ ਵੱਲ ਮੁਸਕਰਾਉਂਦੀ ਘੂਰੀ ਵੱਟੀ ਕਿ ਅਗਾਂਹ ਕੁਝ ਹੋਰ ਭੇਤ ਨਾ ਨਸ਼ਰ ਕਰ ਦੇਵਾਂ। ਇਸ ਤੋਂ ਵੱਧ ਤਾਂ ਮੈਂ ਕੁਝ ਕਹਿਣਾ ਵੀ ਨਹੀਂ ਸੀ।
ਏਨੇ ਵਿਚ ਸੁਪਨ ਖਿੜਖਿੜਾ ਕੇ ਹੱਸਿਆ ਤੇ ਕਹਿੰਦਾ, “ਅੰਕਲ! ਫਿਰ ਮਿਲਾਓ ਹੱਥ।”
ਸੁਪਨ ਨਾਲ ਹੱਥ ਮਿਲਾ ਕੇ ਹਲਵਾਰਵੀ ਸਦਾ ਬਹਾਰ ਹਾਸੀ ਹੱਸਿਆ, “ਬੜਾ ਬਦਮਾਸ਼ ਏਂ ਤੂੰ।”
ਫਿਰ ਗੰਭੀਰ ਹੋ ਕੇ ਕਹਿੰਦਾ, “ਸੁਪਨ! ਤੂੰ ਇਹ ਲਿਖਦਾ ਕਿਉਂ ਨਹੀਂ ਸਭ ਕੁਝ। ਮੈਂ ਛਾਪਾਂਗਾ ਅਖ਼ਬਾਰ ਵਿਚ।”
“ਪਰ ਤਸਵੀਰਾਂ ਸਮੇਤ।” ਸੁਪਨ ਨੇ ਸ਼ਰਤ ਰੱਖੀ।
“ਠੀਕ ਏ, ਪਰ ਘੱਟੋ-ਘੱਟ ਛੇ ਕਿਸ਼ਤਾਂ ਪਹਿਲਾਂ ਲਿਖ ਕੇ ਦੇ।”
ਦੋਵਾਂ ਨੇ ਇਕ-ਦੂਜੇ ਦੀ ਸ਼ਰਤ ਮੰਨ ਲਈ। ਸੁਪਨ ਦਾ ਸਫ਼ਰਨਾਮਾ ‘ਅੱਜ ਦੀ ਆਵਾਜ਼’ ਵਿਚ ਛਪਣ ਲੱਗ ਪਿਆ। ਹਰ ਸ਼ਾਮ ਹਲਵਾਰਵੀ ਸੁਪਨ ਨੂੰ ਅਗਲੀ ਕਿਸ਼ਤ ਲਿਖਣ ਲਈ ਪ੍ਰੇਰਦਾ। ਇੰਜ ਸੁਪਨ ਦਾ ਸਫ਼ਰਨਾਮਾ ਕਿਤਾਬੀ ਰੂਪ ਵਿਚ ਵੀ ਛਪ ਗਿਆ। ਇਸ ਦਾ ਨਾਂ ‘ਜਾਣੇ-ਅਣਜਾਣੇ ਸਫ਼ਰ’ ਵੀ ਹਲਵਾਰਵੀ ਨੇ ਰੱਖਿਆ ਤੇ ਇਸ ਦਾ ਮੁੱਖ-ਬੰਧ ਵੀ ਉਹਨੇ ਹੀ ਲਿਖਿਆ।
ਸੁਪਨਦੀਪ ਅੰਦਰ ਲੁਕੀ ਸੰਭਾਵਨਾ ਨੂੰ ਪਛਾਣ ਕੇ ਉਹਦੀ ਪਤ੍ਰਿਭਾ ਨੂੰ ਸਹੀ ਰਾਹ ਦੱਸਣ ਵਿਚ ਉਹਦੀ ਸਿਆਣਪ ਤੇ ਦੂਰ-ਦ੍ਰਿਸ਼ਟੀ ਦਾ ਵੱਡਾ ਯੋਗਦਾਨ ਸੀ। ਉਹ ਆਖਦਾ, “ਇਸ ਮੁੰਡੇ ਵਿਚ ਬੜੀਆਂ ਸੰਭਾਵਨਾਵਾਂ ਨੇ। ਇਹ ਬੜੀ ਤੇਜ਼ੀ ਨਾਲ ਜ਼ਿੰਦਗੀ ਵਿਚ ਰਾਹ ਬਣਾਉਣ ਲਈ ਤਰਲੋਮੱਛੀ ਹੋ ਰਿਹੈ। ਇਹਦੀ ਬੇਚੈਨੀ ਤੋਂ ਡਰੋ ਨਾ æææ ਇਹਨੂੰ ਸਮਝੋ।”

ਹੁਣ ਉਹ ਕਦੀ-ਕਦੀ ਜੋਤਸ਼ੀਆਂ ਦੇ ਹਵਾਲੇ ਨਾਲ ਕਿਸਮਤ ਬਦਲ ਜਾਣ ਦੀ ਭਵਿੱਖਵਾਣੀ ਵੀ ਕਰਨ ਲੱਗ ਪਿਆ ਸੀ। ਸੰਕਟ ਸਮੇਂ ਕਈ ਵਾਰ ਬੰਦੇ ਦੀ ਤਰਕਸ਼ੀਲਤਾ ਖ਼ਾਮੋਸ਼ ਵੀ ਹੋ ਜਾਂਦੀ ਹੈ, ਪਰ ਉਹਦੀ ਭਵਿੱਖਵਾਣੀ ਸੱਚ ਨਿਕਲੀ। ਉਹਨੂੰ ਦੁਬਾਰਾ ‘ਪੰਜਾਬੀ ਟ੍ਰਿਬਿਊਨ’ ਦੀ ਸੰਪਾਦਕੀ ਦਾ ਸੱਦਾ ਮਿਲ ਗਿਆ ਸੀ। ਪਿਛਲੇ ਸਾਰੇ ਧੋਣੇ ਧੋਤੇ ਗਏ ਸਨ। ਦੁਸ਼ਮਣਾਂ ਨੂੰ ਮੂੰਹ ਦੀ ਖਾਣੀ ਪਈ ਸੀ। ਸੰਗਮਰਮਰ ‘ਤੇ ਚਿਪਕਿਆ ਚਿੱਕੜ ਸੁੱਕ ਕੇ ਝੜ ਗਿਆ ਸੀ। ਹੁਣ ਉਹ ਸਹਿਜ ਹੋ ਕੇ ਵਿਚਰਨ ਲੱਗਾ। ਸੱਚੀਆਂ ਝੂਠੀਆਂ ਦੋਸਤੀਆਂ ਦੀ ਉਹਨੂੰ ਪਛਾਣ ਹੋ ਗਈ ਸੀ। ਗਵਾਚੀਆਂ ਖੁਸ਼ੀਆਂ ਪਰਤ ਆਈਆਂ ਸਨ। ਬੇਟਾ ਅਸੀਮ ਵੱਡਾ ਹੋ ਰਿਹਾ ਸੀ। ਆਪਣਾ ਘਰ ਬਣਾ ਲਿਆ ਸੀ। ਸਾਨੂੰ ਦੋਵਾਂ ਜੀਆਂ ਨੂੰ ਨਵਾਂ ਘਰ ਵਿਖਾਉਣ ਲਈ ਸੱਦਿਆ। ਅਸੀਮ ਨੇ ਸਾਜ਼ ‘ਤੇ ਸੰਗੀਤਕ ਧੁਨਾਂ ਛੇੜੀਆਂ ਤਾਂ ਲੱਗਾ, ਹੁਣ ਹਲਵਾਰਵੀ ਦੀ ਰੂਹ ਸੱਤ ਰੰਗਾਂ ਵਿਚ ਰੰਗੀ ਗਈ ਹੋਵੇ।

ਹਲਵਾਰਵੀ ਨੂੰ ਘੁੰਮਣ-ਫਿਰਨ ਤੇ ਅਣਗਾਹੀਆਂ ਧਰਤੀਆਂ ਨੂੰ ਗਾਹੁਣ ਦਾ ਬੇਪਨਾਹ ਸ਼ੌਕ ਸੀ। ਉਹ ਕਦੀ ਇਸ ਪਹਾੜ ‘ਤੇ ਜਾਂਦਾ ਤੇ ਕਦੀ ਦੂਜੇ ‘ਤੇ। ਚੀਨ, ਅਮਰੀਕਾ, ਕੈਨੇਡਾ, ਬਰਤਾਨੀਆ, ਯੂਰਪ ਦੇ ਕਈ ਦੇਸ਼ ਕਿੰਨੀ ਵਾਰ ਗਾਹ ਮਾਰੇ। ਵਾਪਸ ਆਉਂਦਾ ਤਾਂ ਸਫ਼ਰਨਾਮਾ ਲਿਖ ਮਾਰਦਾ। ਸਦਾ ਘਰ ਨਾਲ ਚੰਬੜੇ ਰਹਿਣ ਕਰ ਕੇ ਮੇਰਾ ਮਜ਼ਾਕ ਉਡਾਉਂਦਾ। ਚੀਨ ਦਾ ਸਫ਼ਰਨਾਮਾ ਉਹਨੇ ਮੈਨੂੰ ਇਹ ਸਤਰਾਂ ਲਿਖ ਕੇ ਭੇਟ ਕੀਤਾ:
ਆਪਣੇ ਪਿਆਰੇ ਮਿੱਤਰ ਵਰਿਆਮ ਸੰਧੂ ਨੂੰ ਜਿਸ ਲਈ ਉਹਦਾ ਪਿੰਡ ਸੁਰ ਸਿੰਘ ਹੀ ਦੇਸ-ਪਰਦੇਸ ਹੈ।

ਏਦਾਂ ਇਕ ਵਾਰ ਟੋਰਾਂਟੋ ਗਿਆ ਤਾਂ ਪਰਿਵਾਰ ਸਮੇਤ ਸੁਪਨ ਨੂੰ ਮਿਲਿਆ। ਆ ਕੇ ਕਹਿੰਦਾ, “ਰਿਟਾਇਰ ਹੋਣ ਬਾਅਦ ਟੋਰਾਂਟੋ ਜਾ ਵੱਸਣਾ।”
ਜਿਉਂਦਾ ਰਹਿੰਦਾ ਤਾਂ ਉਹਨੇ ਸੱਚਮੁਚ ਹੁਣ ਨੂੰ ਟੋਰਾਂਟੋ ਹੋਣਾ ਸੀ। ਉਹਦੀਆਂ ਗਿਣਤੀਆਂ-ਮਿਣਤੀਆਂ ਕਈ ਵਾਰ ਸੱਚ ਹੁੰਦੀਆਂ ਸਨ। ਇਕ ਵਾਰ ਮੈਨੂੰ ਕਹਿੰਦਾ, “ਸਾਹਿਤ ਅਕਾਦਮੀ ਦਾ ਇਸ ਵਾਰ ਦਾ ਇਨਾਮ ਹੋ ਸਕਦੈ ਤੈਨੂੰ ਮਿਲ ਜਾਵੇ। ਅਗਲੇ ਸਾਲ ਦਾ ਤਾਂ ਦੇਵ ਨੂੰ ਮਿਲਣੈ। ਓਦੋਂ ਅਗਲੇ ਸਾਲ ਮੇਰਾ ਪੱਕੈ।”
ਤੇ ਹੋਇਆ ਵੀ ਇੰਜ ਹੀ।
ਪਰ ਅਜਿਹਾ ਸਦਾ ਨਹੀਂ ਸੀ ਹੁੰਦਾ।
“ਪੰਜਾਬੀ ਟ੍ਰਿਬਿਊਨ ਤੋਂ ਰਿਟਾਇਰ ਹੋਣ ਪਿੱਛੋਂ ਆਪਣਾ ਪੰਜਾਬੀ ਯੂਨੀਵਰਸਿਟੀ ਦੇ ਜਰਨਲਿਜ਼ਮ ਵਿਭਾਗ ਵਿਚ ਪ੍ਰੋæਫ਼ੈਸਰ ਤੇ ਮੁਖੀ ਦਾ ਅਹੁਦਾ ਰਾਖਵਾਂ ਸਮਝੋ।”
ਯੂਨੀਵਰਸਿਟੀ ਦਾ ਪ੍ਰੋਫ਼ੈਸਰ ਬਣਨਾ ਉਹਦੀ ਦਿਲੀ ਖ਼ਾਹਿਸ਼ ਸੀ। ਸੰਪਾਦਕ ਤਾਂ ਉਹ ਮੌਕਾ-ਮਿਲਣ ‘ਤੇ ਬਣ ਗਿਆ।
ਪਰ ਇੰਜ ਨਾ ਹੋਇਆ। ਜੋਗਿੰਦਰ ਸਿੰਘ ਪੁਆਰ ਨੇ ਉਹਨੂੰ ‘ਦੇਸ਼-ਸੇਵਕ’ ਦੀ ਸੰਪਾਦਕੀ ਲਈ ਮਨਾ ਲਿਆ।
ਫਿਰ ਵੀ ਉਹ ਖ਼ੁਸ਼ ਸੀ। ਫ਼ੋਨ ‘ਤੇ ਦੂਜੇ ਚੌਥੇ ਗੱਲ ਹੁੰਦੀ ਰਹਿੰਦੀ।
ਇਕ ਦਿਨ ਦੁਪਹਿਰੇ ਉਹਦਾ ਫੋਨ ਆਇਆ, “ਬੁਖ਼ਾਰ ਜਿਹਾ ਹੋ ਗਿਐ। ਕੰਮ ਕਰਨ ਨੂੰ ਜੀ ਨਹੀਂ ਕਰਦਾ। ਘਰ ਚੱਲਿਆਂ।”
ਅਗਲੇ ਦਿਨ ਹਾਲ-ਚਾਲ ਜਾਣਨ ਲਈ ਫ਼ੋਨ ਕੀਤਾ ਤਾਂ ਕਹਿੰਦਾ, “ਛੁੱਟੀ ਲਈ ਹੈ। ਸਰੀਰ ਠੀਕ ਨਹੀਂ।”
ਤੇ ਫਿਰ ਪਤਾ ਲੱਗਾ ਬਿਮਾਰੀ ਏਨੀ ਵਧ ਗਈ ਹੈ ਕਿ ਪੀæਜੀæਆਈæ ਵਿਚ ਦਾਖ਼ਲ ਹੋਣਾ ਪੈ ਗਿਆ ਏ। ਮੈਂ ਫ਼ੋਨ ਕਰ ਕੇ ਸੁੱਖ-ਸਾਂਦ ਪੁੱਛਦਾ ਰਹਿੰਦਾ। ਇਕ ਦਿਨ ਅੱਗਿਉਂ ਉਹਦੇ ਛੋਟੇ ਭਰਾ ਅਵਤਾਰ ਨੇ ਫ਼ੋਨ ਚੁੱਕਿਆ। ਬਿਮਾਰੀ ਦੀ ਸੁਣ ਕੇ ਉਹ ਇੰਗਲੈਂਡ ਤੋਂ ਆ ਗਿਆ ਸੀ। ਖ਼ਬਰ ਚੰਗੀ ਨਹੀਂ ਸੀ। ਮੈਂ ਚੰਡੀਗੜ੍ਹ ਗਿਆ। ਕਾਰੀਡੋਰ ਵਿਚ ਪ੍ਰਿਤਪਾਲ ਤੇ ਉਹਦਾ ਪਰਿਵਾਰ; ਅਵਤਾਰ ਤੇ ਨਵਤੇਜ ਵੀ ਓਥੇ ਖਲੋਤੇ ਸਨ। ਚਿਹਰਿਆਂ ‘ਤੇ ਗੂੜ੍ਹੀ ਉਦਾਸੀ। ਮਿਲਣ ਆਉਣ ਵਾਲਿਆਂ ਨੂੰ ਬਾਹਰੋਂ ਹੀ ਧੰਨਵਾਦ ਕਰ ਕੇ ਮੋੜ ਰਹੇ। ਮੈਂ ਦੂਰੋਂ ਆਇਆ ਸਾਂ। ਅੰਦਰ ਜਾਣ ਦਿੱਤਾ। ਸਦਾ ਹੱਸਦੇ ਰਹਿਣ ਵਾਲੇ ਫੁੱਲਝੜੀ ਚਿਹਰੇ ‘ਤੇ ਪੀਲੱਤਣ ਛਾਈ ਹੋਈ ਸੀ। ਬੇਹੋਸ਼ੀ ਦਾ ਆਲਮ। ਨਾ ਗੱਲ, ਨਾ ਬਾਤ। ਕੁਝ ਪਲ ਉਦਾਸ ਖਲੋਤਾ ਰਿਹਾ ਤੇ ਫਿਰ ਭਿੱਜੀਆਂ ਅੱਖਾਂ ਨਾਲ ਬਾਹਰ ਆ ਗਿਆ।
ਜਲੰਧਰੋਂ ਫ਼ੋਨ ਕਰ ਕੇ ਅਵਤਾਰ ਤੋਂ ਹਾਲ ਪੁੱਛਦਾ। ਤੀਜੇ-ਚੌਥੇ ਦਿਨ ਅਵਤਾਰ ਕਹਿੰਦਾ, “ਹੁਣ ਅੱਗੇ ਨਾਲੋਂ ਫ਼ਰਕ ਲੱਗਦੈ। ਸੁਰਤ ਵਿਚ ਵੀ ਐ ਤੇ ਗੱਲ-ਬਾਤ ਵੀ ਕਰਦੈ। ਹੋ ਸਕਦੈ, ਮੋੜਾ ਪੈ ਜਾਏ।”
ਖ਼ੁਸ਼ ਹੋ ਕੇ ਮੈਂ ਅਗਲੇ ਦਿਨ ਮਿਲਣ ਲਈ ਉਡਦਾ ਗਿਆ। ਕਿਸੇ ਨੂੰ ਮਿਲਣ ਲਈ ਓਦਣ ਵਾਂਗ ਹੀ ਅੰਦਰ ਨਹੀਂ ਸੀ ਜਾਣ ਦਿੱਤਾ ਜਾ ਰਿਹਾ। ਮੈਂ ਗਿਆ ਤਾਂ ਪ੍ਰਿਤਪਾਲ ਕਹਿੰਦੀ, “ਤੁਸੀਂ ਚਲੇ ਜਾਓ ਅੰਦਰ। ਤੁਹਾਨੂੰ ਮਿਲਣਾ ਸ਼ਾਇਦ ਉਨ੍ਹਾਂ ਨੂੰ ਚੰਗਾ ਵੀ ਲੱਗੇ।”
ਉਹ ਤੇ ਅਵਤਾਰ ਮੇਰੇ ਨਾਲ ਅੰਦਰ ਗਏ। ਹਲਵਾਰਵੀ ਨੂੰ ਸਿਰਹਾਣਿਆਂ ਦੀ ਢੋਹ ਲਵਾਈ ਗਈ। ਮੈਨੂੰ ਵਿੰਹਦਿਆਂ ਸਾਰ ਪੀਲੇ ਚਿਹਰੇ ‘ਤੇ ਚੌੜੀ ਮੁਸਕਾਣ ਫੈਲ ਗਈ। ਮੇਰੇ ਵੱਲ ਹੱਥ ਵਧਾਇਆ। ਮੈਂ ਹੱਥ ਅੱਗੇ ਕੀਤਾ ਤਾਂ ਘੁੱਟ ਕੇ ਫੜ ਲਿਆ। ਦੋ-ਤਿੰਨ ਵਾਰ ਇਸ ਤਰ੍ਹਾਂ ਹਿਲਾਇਆ, ਜਿਵੇਂ ਦੱਸਣਾ ਚਾਹੁੰਦਾ ਹੋਵੇ ਕਿ ਫ਼ਿਕਰ ਕਿਉਂ ਕਰਦਾ ਏਂ, ਆਪਾਂ ਦੋ-ਚਾਰ ਦਿਨਾਂ ‘ਚ ਠੀਕ ਹੋਏ ਲੈ!
ਘੁੱਟੇ ਹੱਥੀਂ ਮੈਂ ਕਿਹਾ, “ਆਪਾਂ ਲੜਨਾ ਏਂ ਤੇ ਸਦਾ ਵਾਂਗ ਜਿੱਤਣਾ ਵੀ ਏਂ।”
ਉਹ ਫਿਰ ਮੁਸਕਰਾਇਆ ਤੇ ਬਾਰੀਓਂ ਬਾਹਰ ਵਿੰਹਦਾ ਆਖਣ ਲੱਗਾ, “ਵੇਖ ਵਰਿਆਮ! ਰੁਮਕਦੀ ਹਵਾ ਵਿਚ ਸਫ਼ੈਦਿਆਂ ਦੇ ਪੱਤਿਆਂ ਦਾ ਨਾਚ। ਸਫ਼ੈਦਿਆਂ ਤੋਂ ਪਾਰ ਅਸਮਾਨ ਵਿਚ ਉਡਦੇ ਜਾਂਦੇ ਬੱਦਲ! ਇਸ ਕਮਰੇ ਤੋਂ ਬਾਹਰ ਏਹੋ ਜਿਹੀ ਜਿਉਂਦੀ ਕਵਿਤਾ ਵੇਖ ਕੇ, ਮਹਿਸੂਸ ਕਰ ਕੇ ਭਲਾ ਕਿਸ ਦਾ ਮਰਨ ਨੂੰ ਚਿੱਤ ਕਰਦੈ?”
ਪਰ ਚੌਥੇ ਦਿਨ ਕਵਿਤਾ ਦੇ ਮਰਨ ਦੀ ਖ਼ਬਰ ਆ ਗਈ। ਉਹਦੇ ਸਸਕਾਰ ਅਤੇ ਭੋਗ ‘ਤੇ ਪਤਾ ਨਹੀਂ ਉਹਦੇ ਸਨੇਹੀਆਂ ਦੀ ਏਡੀ ਭੀੜ ਕਿੱਥੋਂ ਉਲਰ ਆਈ ਸੀ। ਮੈਂ ਤਾਂ ਸਮਝਦਾ ਸਾਂ ਕਿ ਹਲਵਾਰਵੀ ‘ਮੇਰਾ’ ਹੀ ਹੈ; ਪਰ ਏਥੇ ਤਾਂ ਸੈਂਕੜੇ ਲੋਕ ਉਹਦੇ ਬੇਵਕਤ ਤੁਰ ਜਾਣ ‘ਤੇ ਉਹਦੀ ਦੁਖਦਾਈ ਮੌਤ ਦੇ ਗ਼ਮ ਵਿਚ ਡੁੱਬੇ ਖਲੋਤੇ ਸਨ। ਉਹਦੇ ਆਪਣੇ ਬਣ ਕੇ। ਇਨ੍ਹਾਂ ਵਿਚ ਮੂੰਹ ਰਖਣੀ ਲਈ ਉਹਦੇ ਦੁਸ਼ਮਣ ਵੀ ਜ਼ਰੂਰ ਆਏ ਹੋਣਗੇ, ਪਰ ਆਈਆਂ ਭੀੜਾਂ ਦੱਸਦੀਆਂ ਸਨ, ਉਹਦੀ ਦੋਸਤੀ ਦਾ ਕਲਾਵਾ ਕੇਡਾ ਵੱਡਾ ਸੀ। ਹੁੰਦਾ ਵੀ ਕਿਉਂ ਨਾ, ਉਹ ਤਾਂ ਅਗਲੇ ਦੀ ਥੋੜ੍ਹੀ ਕੁ ਮੁਹੱਬਤ ਅੱਗੇ ਵੀ ਪੂਰੇ ਦਾ ਪੂਰਾ ਡੁੱਲ੍ਹ ਜਾਂਦਾ ਸੀ। ਉਹਨੇ ਆਪਣੇ ਬਾਰੇ ਸੱਚ ਹੀ ਤਾਂ ਲਿਖਿਆ ਸੀ,
ਤੇਰੀ ਤੇਹ ਦੀ ਸੀਮਾ ਤਾਂ ਸੀ ਇਕ ਦੋ ਬੂੰਦਾਂ ਪਾਣੀ,
ਬੱਸ ਐਵੇਂ ਹੀ ਪਿਘਲ ਗਿਆ ਸਾਂ ਮੈਂ ਸਾਰੇ ਦਾ ਸਾਰਾ।
ਹਲਵਾਰਵੀ ਸਾਰੇ ਦਾ ਸਾਰਾ ਪਿਘਲ ਗਿਆ ਸੀ। ਹਵਾ ਅਜੇ ਵੀ ਰੁਮਕਦੀ ਸੀ। ਰੁਮਕਦੀ ਹਵਾ ਵਿਚ ਰੁੱਖਾਂ ਦੇ ਪੱਤੇ ਅਜੇ ਵੀ ਝੂਮ ਰਹੇ ਸਨ। ਬੱਦਲ ਅਜੇ ਵੀ ਅਣਜਾਣੇ ਦੇਸ਼ ਵੱਲ ਉਡਦੇ ਜਾਂਦੇ ਸਨ। ਉਹਦੀ ਜਿਉਂਦੇ ਰਹਿਣ ਦੀ ਖ਼ਾਹਿਸ਼ ਨਾਲ ਲੈ ਕੇ, ਕਵਿਤਾ ਦੀ ਬੁੱਕਲ ਮਾਰ ਕੇ ਬੱਦਲਾਂ ਵਿਚ ਜਾ ਵੜਿਆ ਸੀ। ਅਣਜਾਣੀਆਂ ਧਰਤੀਆਂ ਨੂੰ ਵੇਖਣ-ਜਾਨਣ ਦਾ ਉਹਨੂੰ ਅਵੱਲਾ ਸ਼ੌਕ ਜੁ ਸੀ।
(ਸਮਾਪਤ)

Be the first to comment

Leave a Reply

Your email address will not be published.