ਚੌਰਾਹਾ

ਪੱਤਰਕਾਰ ਦਲਬੀਰ ਸਿੰਘ (20 ਅਗਸਤ 1949-28 ਜੁਲਾਈ 2007) ਦੀ ਸਵੈ-ਜੀਵਨੀ ‘ਤੇਰੀਆਂ ਗਲੀਆਂ’ ਅਸਲ ਵਿਚ ਉਹਦੇ ਆਪਣੇ ਪਿੰਡ ਨੰਗਲ ਸ਼ਾਮਾ ਦੀਆਂ ਯਾਦਾਂ ਹਨ, ਪਰ ਇਸ ਰਚਨਾ ਦੀ ਖੂਬਸੂਰਤੀ ਇਹ ਹੈ ਕਿ ਇਹ ਯਾਦਾਂ ਫੈਲ ਕੇ ਪੂਰੇ ਪੰਜਾਬ ਦੇ ਪਿੰਡਾਂ ਨਾਲ ਜੁੜ ਗਈਆਂ ਹਨ। ਲੇਖਕ ਪਿੰਡ ਦੀ ਨਬਜ਼ ਉਤੇ ਆਪਣੀਆਂ ਉਂਗਲਾਂ ਦੇ ਪੋਟੇ ਰੱਖ ਕੇ ਇਹਦਾ ਹਾਲ-ਚਾਲ ਪੁੱਛ ਰਿਹਾ ਅਤੇ ਪਾਠਕਾਂ ਨੂੰ ਸੁਣਾ ਰਿਹਾ ਜਾਪਦਾ ਹੈ। ਇਸੇ ਲਈ ਇਹ ਯਾਦਾਂ ਸਾਦੀਆਂ ਗੱਲਾਂ ਅਤੇ ਦਿਲਚਸਪ ਬਾਤਾਂ ਬਣ ਗਈਆਂ ਹਨ। ਇਸ ਸਵੈ-ਜੀਵਨੀ ਵਿਚ ਉਹਨੇ ਆਪਣੀ ਧੀ ਸੁਪਨੀਤ ਕੌਰ ਨੂੰ ਆਪਣਾ ਪਿੰਡ ਦਿਖਾਉਣ ਦੇ ਬਹਾਨੇ ਪੰਜਾਬ ਦੇ ਪਿੰਡਾਂ ਦੀ ਕਹਾਣੀ ਜੋੜੀ ਹੈ ਜੋ ਪਿਛਲੇ ਕਈ ਦਹਾਕਿਆਂ ਤੋਂ ਬਹੁਤ ਤੇਜ਼ੀ ਨਾਲ ਬਦਲੇ ਹਨ। -ਸੰਪਾਦਕ

ਦਲਬੀਰ ਸਿੰਘ
ਕਿਸੇ ਵੀ ਪਿੰਡ ਦਾ ਨਕਸ਼ਾ ਸਿੱਧਾ ਸਾਦਾ ਨਹੀਂ ਹੁੰਦਾ, ਕਿਉਂਕਿ ਪਿੰਡ ਸੋਚ ਸਮਝ ਕੇ ਨਹੀਂ ਸਨ ਉਸਾਰੇ ਜਾਂਦੇ। ਇਨ੍ਹਾਂ ਦੀ ਉਸਾਰੀ ਤਾਂ ਲੋੜ ਮੁਤਾਬਕ ਹੁੰਦੀ ਸੀ। ਇਸ ਲਈ ਇਨ੍ਹਾਂ ਦੀਆਂ ਗਲੀਆਂ ਵਿੰਗੀਆਂ-ਟੇਢੀਆਂ, ਮੋੜ-ਘੋੜ ਵਾਲੀਆਂ ਹੁੰਦੀਆਂ ਹਨ। ਜਿਥੇ ਇਸ ਵੇਲੇ ਖੜ੍ਹੇ ਹਾਂ, ਉਥੇ ਸੱਜੇ ਪਾਸੇ ਨਵੇਂ ਤਰਖਾਣਾਂ ਦੀ ਗਲੀ ਹੈ। ਇਨ੍ਹਾਂ ਨੂੰ ਨਵੇਂ ਤਰਖਾਣ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਹ ਪਿੰਡ ਬਣਨ ਤੋਂ ਕੁਝ ਸਾਲ ਬਾਅਦ ਲਾਗਲੇ ਪਿੰਡ ਲਾਲੇ ਲੱਧੇਵਾਲੀ ਤੋਂ ਉਠ ਕੇ ਆਏ ਸਨ। ਪਹਿਲੇ ਤਰਖਾਣਾਂ ਦਾ ਕੋਈ ਵਡੇਰਾ ਕਿਥੋਂ ਆਇਆ ਸੀ, ਇਸ ਦਾ ਕੋਈ ਪਤਾ ਨਹੀਂ। ਵੈਸੇ ਅਟਾ-ਸਟਾ ਹੈ ਕਿ ਉਹ ਕਾਕੀ ਪਿੰਡ ਤੋਂ ਆਇਆ ਹੋਏਗਾ, ਪਰ ਨਵੇਂ ਤਰਖਾਣ ਪਿੰਡ ਬੱਝਣ ਦੇ ਕਰੀਬ ਪੰਜਾਹ ਸਾਲ ਮਗਰੋਂ ਇਥੇ ਆ ਕੇ ਵਸੇ। ਇਸ ਲਈ ਇਨ੍ਹਾਂ ਦੀ ਨਵੇਂ ਤਰਖਾਣਾਂ ਦੀ ਅੱਲ ਪੈ ਗਈ। ਇਹ ਅੱਲ ਕਈ ਸਦੀਆਂ ਬੀਤਣ ਦੇ ਬਾਅਦ ਵੀ ਜਾਰੀ ਹੈ।
ਨਵੇਂ ਤਰਖਾਣਾਂ ਵਿਚੋਂ ਇਕ ਕਰਤਾਰ ਸਿੰਘ ਦਾ ਜ਼ਿਕਰ ਪਹਿਲਾਂ ਵੀ ਆ ਚੁੱਕਾ ਹੈ ਜਿਸ ਦੇ ਇਕ ਪੁੱਤਰ ਨੇ ‘ਅਗਵਾ’ ਹੋਣ ਦਾ ਡਰਾਮਾ ਰਚਿਆ ਸੀ। ਇਨ੍ਹਾਂ ਵਿਚੋਂ ਹੀ ਇਕ ਕੁੜੀ ਬਾਰੇ ‘ਖੁਸਰਾ’ ਹੋਣ ਦੀ ਚਰਚਾ ਸੀ। ਕਹਿੰਦੇ ਹਨ ਕਿ ਜਦੋਂ ਉਹ ਪੈਦਾ ਹੋਈ ਸੀ ਤਾਂ ਕਿਸੇ ਤਰ੍ਹਾਂ ਖੁਸਰਿਆਂ ਨੂੰ ਪਤਾ ਲੱਗ ਗਿਆ ਸੀ। ਉਹ ਇਕੱਠੇ ਹੋ ਕੇ ਉਸ ਨੂੰ ਲੈਣ ਆ ਗਏ ਸਨ। ਉਹ ਕਿਵੇਂ ਖੁਸਰਿਆਂ ਨਾਲ ਜਾਣ ਤੋਂ ਬਚੀ ਰਹੀ, ਇਹ ਪਤਾ ਨਹੀਂ ਲੱਗਾ। ਉਮਰ ਤੇ ਰੁਤਬੇ ਮੁਤਾਬਿਕ ਉਸ ਨੂੰ ਅਸੀਂ ਭੂਆ ਕਹਿੰਦੇ ਸਾਂ, ਤੇ ਇਹ ਕਹਿਣ ਦੀ ਤਾਂ ਲੋੜ ਨਹੀਂ ਕਿ ਉਸ ਦੀ ਸ਼ਾਦੀ ਨਹੀਂ ਹੋਈ ਅਤੇ ਉਹ ਕੁਆਰੀ ਹੀ ਬੁੱਢੀ ਹੋ ਗਈ। ਉਂਜ ਉਸ ਨੇ ਸਦਾ ਹੀ ਆਮ ਔਰਤਾਂ ਵਾਂਗ ਵਿਹਾਰ ਕੀਤਾ ਸੀ।
ਨਵੇਂ ਤਰਖਾਣਾਂ ਦੀ ਗਲੀ ਦੇ ਨਾਲ ਹੀ ਬਾਬਿਆਂ ਦਾ ਘਰ ਹੈ। ਪਿੰਡ ਦੀ ਅੰਦਰਲੀ ਵਲਗਣ ਦੇ ਬਾਹਰ ਇਹ ਪਹਿਲਾਂ ਪੱਕਾ ਘਰ ਸੀ। ਇਸ ਘਰ ਦੇ ਦੋ ਬੂਹੇ ਭਾਵੇਂ ਇਸ ਗਲੀ ਵੱਲ ਹੀ ਰੱਖੇ ਗਏ ਸਨ, ਇਸ ਦਾ ਦਰਵਾਜ਼ਾ ਬਗਲ ਵਾਲੀ ਉਸ ਬੀਹੀ ਵਿਚ ਖੁੱਲ੍ਹਦਾ ਸੀ ਜਿਹੜੀ ਅਗਾਂਹ ਸਰਪੰਚ ਨਿਰਮਲ ਸਿੰਘ ਅਤੇ ਮੇਜਰ ਮਿਹਰ ਸਿੰਘ ਦੇ ਘਰ ਤੋਂ ਦੀ ਹੁੰਦੀ ਹੋਈ ਬਾਹਰ ‘ਬਾਬਿਆਂ ਦੀ ਵੱਟ’ ਵੱਲ ਨਿਕਲ ਜਾਂਦੀ ਸੀ।
ਇਸ ਦੇ ਸਾਹਮਣੇ ਪਿੰਡ ਦੀ ਉਹ ਭੀੜੀ ਗਲੀ ਸ਼ੁਰੂ ਹੁੰਦੀ ਹੈ ਜਿਹੜੀ ਸਭ ਤੋਂ ਪੁਰਾਣੀ ਮੰਨੀ ਜਾਂਦੀ ਹੈ ਅਤੇ ਜਿਸ ਵਿਚ ਸਾਡਾ ਘਰ ਐਨ ਵਿਚਕਾਰ ਹੁੰਦਾ ਸੀ। ਖੱਬੇ ਪਾਸੇ ਮੁੜਦੀ ਬੀਹੀ ਪ੍ਰਾਇਮਰੀ ਸਕੂਲ ਮੂਹਰਦੀ ਹੁੰਦੀ ਹੋਈ ਉਸ ਪਾਸੇ ਵੱਲ ਨੂੰ ਚਲੇ ਜਾਂਦੀ ਹੈ ਜਿਸ ਪਾਸੇ ਹਰੀਜਨਾਂ ਦੇ ਘਰ ਸਨ। ਇਸ ਪਾਸੇ ਨੂੰ ਆਮ ਭਾਸ਼ਾ ਵਿਚ ਉਦੋਂ ਚਮਿਆੜਲੀ ਕਿਹਾ ਜਾਂਦਾ ਸੀ। ਅੱਜ ਕੱਲ੍ਹ ਇਸ ਸ਼ਬਦ ਦੀ ਵਰਤੋਂ ਨਹੀਂ ਕੀਤੀ ਜਾਂਦੀ। ‘ਦਲਿਤਾਂ ਦੇ ਘਰ’ ਕਹਿ ਦਿਤਾ ਜਾਂਦਾ ਹੈ। ਅਸਲ ਵਿਚ ਤਾਂ ਦਲਿਤਾਂ ਦੇ ਘਰ ਵੀ ਨਹੀਂ ਕਿਹਾ ਜਾਂਦਾ, ਕਿਉਂਕਿ ਸਮਾਜਕ ਚੇਤਨਾ ਵਿਚ ਦਲਿਤ ਬਾਕੀਆਂ ਨਾਲੋਂ ਵਧੇਰੇ ਚੌਕਸ ਤੇ ਚੇਤੰਨ ਹੋ ਗਏ ਹਨ।
ਇਸ ਤਰ੍ਹਾਂ ਚਾਰੇ ਪਾਸੇ ਨੂੰ ਨਿਕਲਦੀਆਂ ਗਲੀਆਂ ਕਾਰਨ ਚੌਰਾਹਾ ਬਣ ਗਿਆ ਹੈ। ਇਸ ਚੌਰਾਹੇ ਦੀ ਨੰਗਲ ਸ਼ਾਮਾ ਦੀ ਜ਼ਿੰਦਗੀ ਵਿਚ ਬਹੁਤ ਮਹੱਤਤਾ ਰਹੀ ਹੈ। ਇਥੇ ਦੋ ਵਾਰੀ ਨਾਟਕ ਖੇਡੇ ਗਏ। ਇਕ ਵਾਰੀ ਵਿਸ਼ੇਸ਼ ਤੌਰ ‘ਤੇ ਉਸਾਰੇ ਗਏ ਪੱਕੇ ਥੜ੍ਹੇ ਉਤੇ, ਤੇ ਦੂਜੀ ਵਾਰੀ ਟੈਂਟ ਹਾਊਸ ਤੋਂ ਲਿਆਂਦੇ ਤਖ਼ਤਪੋਸ਼ਾਂ ਦੀ ਸਟੇਜ ਬਣਾ ਕੇ। ਤਖ਼ਤਪੋਸ਼ਾਂ ਵਾਲੀ ਸਟੇਜ ਉਤੇ ਰਾਮ ਲੀਲ੍ਹਾ ਸ਼ੈਲੀ ਵਿਚ ਖੇਡੇ ਦਹੇਜ ਬਾਰੇ ਨਾਟਕ ਵਾਲੇ ਸਮਾਗਮ ਦੀ ਸਟੇਜ ਸਕੱਤਰੀ ਮੈਂ ਜਲੰਧਰ ਤੋਂ ਆ ਕੇ ਕੀਤੀ ਸੀ। ਇਸੇ ਥਾਂ ਉਤੇ ਹੀ ਅਕਸਰ ਚੋਣ ਜਲਸੇ ਹੁੰਦੇ ਸਨ। ਰਵਾਇਤੀ ਤੌਰ ‘ਤੇ ਇਹ ਭਾਵੇਂ ਪਿੰਡ ਕਾਂਗਰਸੀ ਹੈ, ਪਰ ਆਮ ਪਿੰਡਾਂ ਵਾਂਗ ਹੀ ਜੇ ਕੋਈ ਅਕਾਲੀ ਉਮੀਦਵਾਰ ਵੀ ਸਟੇਜ ਲਾਉਣ ਨੂੰ ਕਹੇ, ਤਾਂ ਸਹਿਯੋਗ ਦਿੱਤਾ ਜਾਂਦਾ।
1972 ਦੀਆਂ ਚੋਣਾਂ ਵਿਚ ਜਲੰਧਰ ਛਾਉਣੀ ਵਿਧਾਨ ਸਭਾ ਹਲਕੇ ਦੇ ਅਕਾਲੀ ਉਮੀਦਵਾਰ ਕੁਲਦੀਪ ਸਿੰਘ ਵਡਾਲਾ ਦੀ ਸਟੇਜ ਤੋਂ ਮੈਂ ਅਕਾਲੀ ਦਲ ਦੀਆਂ ਨੀਤੀਆਂ ਉਤੇ ਕਿੰਤੂ-ਪ੍ਰੰਤੂ ਕਰਦਿਆਂ ਤਕਰੀਰ ਕੀਤੀ ਸੀ। ਕਾਫੀ ਸਖ਼ਤ ਗੱਲਾਂ ਕਰ ਦਿੱਤੀਆਂ ਸਨ। ਨਵਾਂ-ਨਵਾਂ ਕਮਿਊਨਿਸਟ ਹੋਇਆ ਸਾਂ ਅਤੇ ਉਨ੍ਹੀਂ ਦਿਨੀਂ ਕਮਿਊਨਿਸਟ ਪਾਰਟੀ ਦੀ ਕਾਂਗਰਸ ਨਾਲ ਯਾਰੀ ਸੀ। ਦਿਲਚਸਪ ਗੱਲ ਇਹ ਹੈ ਕਿ ਵਡਾਲਾ ਨੂੰ ਭਾਵੇਂ ਪਤਾ ਨਹੀਂ ਸੀ ਕਿ ਮੈਂ ਕਮਿਊਨਿਸਟ ਹਾਂ, ਫਿਰ ਵੀ ਉਹ ਮੇਰੀ ‘ਕਾਮਰੇਡੀ ਸੁਰ’ ਤਾੜ ਗਏ ਸਨ ਤੇ ਉਨ੍ਹਾਂ ਨੇ ਮੇਰੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਮੈਨੂੰ ‘ਨੌਜਵਾਨ ਕਾਮਰੇਡ’ ਕਹਿ ਕੇ ਸੰਬੋਧਨ ਕੀਤਾ ਸੀ। ਇਸ ਤੋਂ ਵੀ ਦਿਲਚਸਪ ਗੱਲ ਇਹ ਕਿ ਜਲਸੇ ਤੋਂ ਬਾਅਦ ਪਿੰਡ ਦੇ ਕਾਂਗਰਸੀਆਂ ਨੇ ਇਹ ਇਤਰਾਜ਼ ਕੀਤਾ ਕਿ ਮੈਂ ਵਡਾਲਾ ਨੂੰ ਕਸੂਤੇ ਸਵਾਲ ਪੁੱਛ ਕੇ ਪਿੰਡ ਲਈ ਬਦਨਾਮੀ ਖੱਟਣ ਦੀ ਮੂਰਖਤਾ ਕਿਉਂ ਕੀਤੀ ਸੀ। ਉਨ੍ਹਾਂ ਦਾ ਵਿਚਾਰ ਸੀ ਕਿ ਵੋਟ ਭਾਵੇਂ ਕਿਸੇ ਨੂੰ ਵੀ ਪਾਈ ਜਾਵੇ, ਪਰ ਖਿਲਾਫ਼ਤ ਕਿਸੇ ਦੀ ਵੀ ਨਾ ਕੀਤੀ ਜਾਵੇ।
ਇਹ ਉਹ ਚੌਰਾਹਾ ਹੈ ਜਿਥੇ ਹਰ ਸਾਲ ਲੋਹੜੀ ਬਾਲੀ ਜਾਂਦੀ ਸੀ। ਨਿੱਕੇ ਨਿਆਣਿਆਂ ਦੀਆਂ ਟੋਲੀਆਂ ਤਾਂ ਲੋਹੜੀ ਮੰਗਦੀਆਂ ਹੀ ਸਨ, ਔਰਤਾਂ ਵੱਲੋਂ ਵੱਖਰੇ ਤੌਰ ਉਤੇ ਲੋਹੜੀ ਬਾਲੀ ਜਾਂਦੀ ਸੀ, ਪਰ ਪਿੰਡ ਦੇ ਮਰਦਾਂ ਵੱਲੋਂ ਇਸ ਚੌਰਾਹੇ ਦੀ ਵਰਤੋਂ ਕੀਤੀ ਜਾਂਦੀ ਸੀ। ਵੀਹ-ਪੰਝੀ ਦਾ ਟੋਲਾ ਤਾਂ ਉਨ੍ਹਾਂ ਘਰਾਂ ਵਿਚੋਂ ਗੁੜ ਇਕੱਠਾ ਕਰਨ ਲਈ ਤੁਰ ਜਾਂਦਾ ਜਿਨ੍ਹਾਂ ਦੇ ਘਰੀਂ ਮੁੰਡੇ ਹੋਏ ਹੁੰਦੇ ਸਨ। ਨੌਜਵਾਨਾਂ ਦੀ ਟੋਲੀ ਸਰਕਾਰੀ ਜਾਂ ਗੈਰ-ਸਰਕਾਰੀ ਸੁੱਕੀਆਂ ਲੱਕੜਾਂ ਅਤੇ ਸਲਵਾੜ ਦੇ ਬੂਟਿਆਂ ਦੀ ਭਾਲ ਵਿਚ ਤੁਰ ਜਾਂਦੀ। ਇਕ-ਅੱਧਾ ਮੁੱਢ ਤਾਂ ਪਿੰਡ ਦਾ ਹੀ ਕੋਈ ਸ਼ਖਸ ਦੇ ਦਿੰਦਾ। ਬਾਕੀ ਦੀ ਲੱਕੜ ਨੌਜਵਾਨ ਮੁੰਡੇ ਇਕੱਠੇ ਕਰ ਲਿਆਉਂਦੇ। ਕਈ ਟੋਲੇ ਪਾਥੀਆਂ ਦੇ ਗਹੂਰਿਆਂ ਉਤੇ ਹਮਲਾ ਕਰ ਕੇ ਸਾਰੀਆਂ ਦੀਆਂ ਸਾਰੀਆਂ ਪਾਥੀਆਂ ਚੁੱਕ ਲਿਆਉਂਦੇ। ਕਾਨਿਆਂ ਦੇ ਬੰਨ੍ਹੇ ਬੰਨ੍ਹਾਏ ਪੂਲੇ ਹੀ ਬਲਦੀ ਧੂਣੀ ਵਿਚ ਸੁੱਟ ਦਿੱਤੇ ਜਾਂਦੇ। ਕਈ ਵਾਰੀ ਕਿਸੇ ਐਸੇ ਸ਼ਖਸ ਦੀ ਕੋਈ ਲੱਕੜੀ ਜਾਂ ਪੂਲੇ ਵੀ ਚੁੱਕ ਲਿਆਏ ਜਾਂਦੇ ਜਿਹੜਾ ਗੁੱਸੇਖੋਰਾ ਹੁੰਦਾ ਸੀ। ਇਸ ਮਾਮਲੇ ਉਤੇ ਕਦੇ-ਕਦੇ ਗਰਮਾ-ਗਰਮੀ ਵੀ ਹੋ ਜਾਂਦੀ ਸੀ, ਪਰ ਗੱਲ ਕਦੇ ਵੀ ਲੜਾਈ ਤੱਕ ਨਹੀਂ ਸੀ ਪੁੱਜੀ।
ਕੁਝ ਲੋਕ ਸ਼ਰਾਬ ਪੀ ਕੇ ਆਉਂਦੇ ਸਨ, ਕਿਉਂਕਿ ਇਹ ਖੁਸ਼ੀ ਦਾ ਤਿਉਹਾਰ ਹੈ ਪਰ ਕਦੇ ਵੀ ਧੂਣੀ ਉਤੇ ਸ਼ਰਾਬ ਵਰਤਾਉਣ ਦੀ ਆਗਿਆ ਨਹੀਂ ਸੀ ਦਿੱਤੀ ਜਾਂਦੀ। ਗੁੜ ਨਾਲ ਭਰੇ ਟੋਕਰੇ ਬਰੋ-ਬਰਾਬਰ ਉਥੇ ਹਾਜ਼ਰ ਸਭ ਲੋਕਾਂ ਵਿਚ ਵਰਤਾਏ ਜਾਂਦੇ ਹਨ। ਬਹੁਤਾ ਗੁੜ ਤਾਂ ਉਥੇ ਹੀ ਖਾ ਲਿਆ ਜਾਂਦਾ। ਜਿਹੜਾ ਨਾ ਖਾਧਾ ਜਾਂਦਾ, ਉਹ ਲੋਕ ਆਪਣੇ ਘਰਾਂ ਨੂੰ ਲੈ ਜਾਂਦੇ। ਧੂਣੀ ਜਦੋਂ ਸਿਖਰ ਉਤੇ ਹੁੰਦੀ ਤਾਂ ਕੋਈ ਨਾ ਕੋਈ ਜਣਾਂ ਹੇਕ ਲਾ ਦਿੰਦਾ। ਜਦੋਂ ਧੂਣੀ ਮੱਠੀ ਪੈਣੀ ਸ਼ੁਰੂ ਹੁੰਦੀ ਤਾਂ ਵੱਡੀ ਉਮਰ ਦੇ ਸਾਊ ਲੋਕ ਘਰੀਂ ਵਾਪਸ ਚਲੇ ਜਾਂਦੇ। ਮੁੰਡ੍ਹੀਰ ਅਤੇ ਗਲਾਧੜੀ ਕਿਸਮ ਦੇ ਅਧਖੜ ਤੇ ਹੋਰ ਬੰਦੇ ਵੱਡੇ ਤੜਕੇ ਤੱਕ ਉਥੇ ਬੈਠੇ ਰਹਿੰਦੇ। ਗੱਪਾਂ ਮਾਰਨ ਵਿਚ ਇਕ-ਦੂਜੇ ਦੇ ਕੰਨ ਭਰਨ ਦੇ ਯਤਨ ਹੁੰਦੇ।
ਇਸੇ ਹੀ ਚੌਕ ਵਿਚ ਨਿਰਵੈਰ ਗੱਪੀ ਵੀ ਆਮ ਦਿਨਾਂ ਵਿਚ ਆਪਣੀ ਮਹਿਫਿਲ ਲਾਉਂਦਾ। ਇਹ ਉਹ ਨਿਰਵੈਰ ਸੀ ਜਿਸ ਨੇ ਸਿੱਖਾਂ ਦਾ ਮੁਰਗਾ ਚੋਰੀ ਕਰ ਲਿਆ ਸੀ ਅਤੇ ਇਸ ਮੁਰਗੇ ਬਦਲੇ ਪਿੰਡ ਦੀ ਡਿਓੜੀ ਵਿਚ ਬਾਕਾਇਦਾ ਪੰਚਾਇਤ ਬੈਠੀ ਸੀ। ਅਸੀਂ ਮੁੰਡੇ-ਖੁੰਡੇ ਇਮਤਿਹਾਨਾਂ ਤੋਂ ਬਾਅਦ ਸਾਰੇ ਪਿੰਡ ਵਿਚ ਟੋਲੀਆਂ ਬਣਾ ਕੇ ਇਕ-ਦੂਜੇ ਨੂੰ ਲੱਭਣ ਵਾਲੀ ਖੇਡ ਖੇਡਦੇ। ਸਾਰੇ ਪਿੰਡ ਵਿਚ ਦਗੜ-ਦਗੜ ਹੁੰਦੀ। ਜਦੋਂ ਰਾਤ ਦੇ ਨੌਂ ਵੱਜ ਜਾਂਦੇ ਤਾਂ ਮਾਂਵਾਂ ਨੇ ਮੁੰਡਿਆਂ ਨੂੰ ਲੱਭਣਾ ਸ਼ੁਰੂ ਕਰ ਦੇਣਾ, ਪਰ ਅਸੀਂ ਇਸ ਚੌਰਾਹੇ ਵਿਚ ਪੱਬਾਂ ਭਾਰ ਬੈਠ ਕੇ ਨਿਰਵੈਰ ਗੱਪੀ ਦੀਆਂ ਗੱਲਾਂ ਸੁਣਨੀਆਂ। ਮੁਰਗਾ ਚੋਰੀ ਕਾਂਡ ਦੇ ਛੇਤੀ ਬਾਅਦ ਹੀ ਉਹ ਫੌਜ ਵਿਚ ਸਿਪਾਹੀ ਭਰਤੀ ਹੋ ਗਿਆ। ਫੌਜ ਵਿਚੋਂ ਉਸ ਨੇ ਹਰ ਸਾਲ ਛੁੱਟੀ ਆਉਣਾ ਤਾਂ ਉਸ ਦਾ ਗੱਪਾਂ ਦਾ ਦਾਇਰਾ ਹੋਰ ਵੀ ਵਧ ਜਾਣਾ। ਸਾਡੀ ਉਮਰ ਵੀ ਕਿਉਂਕਿ ਉਡਾਰਾਂ ਵਾਲੀ ਹੋ ਗਈ ਸੀ, ਸੋ ਉਸ ਨੇ ਬਹੁਤੀ ਵਾਰੀ ਇਸ਼ਕੀਆ ਕਿਸੇ ਸੁਣਾਉਣੇ।
ਇਹੀ ਉਹ ਚੌਕ ਹੈ ਜਿਥੇ ਹਰ ਬਿਪਤਾ ਸਮੇਂ ਲੋਕ ਇਕੱਠੇ ਹੁੰਦੇ ਸਨ। ਮਿਸਾਲ ਵਜੋਂ ਜਦੋਂ 1965 ਦੀ ਜੰਗ ਸਮੇਂ ਕਰਫ਼ਿਊ ਲੱਗਾ ਹੋਇਆ ਸੀ ਤਾਂ ਸ਼ੱਕੀ ਬੰਦੇ ਨੂੰ ਜਾਸੂਸ ਸਮਝ ਕੇ ਫ਼ੜ ਲਿਆ ਜਾਂਦਾ ਅਤੇ ਉਸ ਨੂੰ ਇਸੇ ਚੌਕ ਵਿਚ ਲਿਜਾ ਕੇ ਛਿੱਤਰ ਮਾਰੇ ਜਾਂਦੇ। ਇਸ ਤਰ੍ਹਾਂ ਦੇ ਦੋ ਜਾਸੂਸ ਉਸ ਜੰਗ ਵਿਚ ਅਤੇ ਇਕ 1971 ਦੀ ਜੰਗ ਵਿਚ ਫੜੇ ਗਏ ਸਨ। ਅਸਲ ਵਿਚ ਇਹ ਤਿੰਨੇ ਹੀ ਸਿਰਫਿਰੇ ਪਾਗਲ ਲੋਕ ਸਨ ਜਿਹੜੇ ਅਵਾਗੌਣ ਘੁੰਮਦੇ ਹੀ ਪਿੰਡ ਵਾਸੀਆਂ ਦੇ ਕਾਬੂ ਆ ਗਏ ਸਨ। ਇਨ੍ਹਾਂ ਵਿਚੋਂ ਇਕ ਤਾਂ ਗੁੰਗਾ ਬੋਲਾ ਸੀ। ਉਹ ਕਿਉਂਕਿ ਬੋਲਦਾ ਨਹੀਂ ਸੀ, ਇਸ ਲਈ ਉਸ ਦਾ ਕਾਫੀ ਕੁਟਾਪਾ ਕੀਤਾ ਗਿਆ। ਮਗਰੋਂ ਪਤਾ ਲੱਗਾ ਕਿ ਉਹ ਲਾਗਲੇ ਪਿੰਡ ਦਾ ਪਾਗਲ ਬੰਦਾ ਸੀ। ਇਹੀ ਉਹ ਚੌਕ ਹੈ ਜਿਸ ਵਿਚ ਉਸ ਅੱਧੀ ਰਾਤ ਵੇਲੇ ਲੋਕ ਇਕੱਠੇ ਹੋ ਗਏ ਸਨ ਜਿਸ ਰਾਤ ਭੂਚਾਲ ਆ ਗਿਆ ਸੀ।
ਇਸ ਥਾਂ ਨੂੰ ਰਸਮੀ ਤੌਰ ਉਤੇ ਸੱਥ ਨਹੀਂ ਸੀ ਮੰਨਿਆ ਗਿਆ। ਰਸਮੀ ਸੱਥ ਪਿੰਡ ਦੇ ਦੂਜੇ ਪਾਸੇ ਬਣਾਈ ਗਈ ਡਿਓੜੀ ਸੀ। ਇਹ ਪੱਕੀ ਛੱਤ ਹੋਈ ਡਿਓੜੀ ਸੀ ਜਿਸ ਵਿਚ ਥੜ੍ਹੇ ਬਣੇ ਹੋਏ ਸਨ। ਇਸ ਡਿਓੜੀ ਦੇ ਬਾਹਰਲੇ ਪਾਸੇ ਬੋਰਡ ਦਾ ਦਰਖ਼ਤ ਸੀ। ਡਿਓੜੀ, ਬੋਹੜ ਅਤੇ ਥੜ੍ਹਾ ਅੱਜ ਵੀ ਸਲਾਮਤ ਹਨ। ਪੰਚਾਇਤ ਆਮ ਤੌਰ ਉਤੇ ਇਥੇ ਹੀ ਜੁੜਦੀ ਸੀ, ਪਰ ਗੈਰ-ਰਸਮੀ ਸੱਥ ਇਹ ਚੌਕ ਹੀ ਸੀ ਜਿਥੇ ਖੜ੍ਹੋ ਕੇ ਮੈਂ ਅੱਗਿਉਂ ਤਿੰਨ ਪਾਸੇ ਮੁੜਦੀਆਂ ਗਲੀਆਂ ਦੇਖ ਰਿਹਾ ਹਾਂ। ਸੋਚ ਰਿਹਾ ਹਾਂ ਕਿ ਖੱਬੇ ਪਾਸੇ ਮੁੜਾਂ, ਸੱਜੇ ਪਾਸੇ ਜਾਂ ਸਿੱਧਾ ਹੀ ਭੀੜੀ ਗਲੀ ਵਿਚ ਲੰਘ ਜਾਵਾਂ ਜਿਥੇ ਪੰਜਾਹਾਂ ਗਜ਼ਾਂ ਦੇ ਫਾਸਲੇ ਉਤੇ ਮੇਰਾ ਆਪਣਾ ਉਹ ਜੱਦੀ ਘਰ ਹੈ ਜਿਥੇ ਉਮਰ ਦੇ ਵੀਹ ਸਾਲ ਗੁਜ਼ਾਰੇ ਸਨ।
(ਚਲਦਾ)

Be the first to comment

Leave a Reply

Your email address will not be published.