ਜਥੇਦਾਰ ਪੂਹਲਾ: ਮਨੁੱਖ ਦਾ ਭਰੋਸਾ!

ਗੁਰਬਚਨ ਸਿੰਘ ਭੁੱਲਰ
ਇਹ 1966 ਦੀ ਗੱਲ ਹੈ। ਮੈਂ ਤੇ ਸਾਡੇ ਰਾਮਪੁਰਾ ਫੂਲ ਦੇ ਐਮæ ਐਲ਼ ਏæ ਮਾਸਟਰ ਬਾਬੂ ਸਿੰਘ ਬਠਿੰਡੇ ਦੇ ਬਾਜ਼ਾਰ ਵਿਚ ਜਾ ਰਹੇ ਸਾਂ। ਅੱਗੋਂ ਜਥੇਦਾਰ ਜੰਗੀਰ ਸਿੰਘ ਪੂਹਲਾ ਮਿਲ ਗਏ। ਉਹ ਕਾਫ਼ੀ ਵੱਡੇ ਅਕਾਲੀ ਆਗੂ ਸਨ। ਕਈ ਦਹਾਕਿਆਂ ਤੱਕ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਹੇ। ਜੇ ਮੈਂ ਭੁਲਦਾ ਨਹੀਂ, ਉਹ ਕਮੇਟੀ ਦੀ ਐਗ਼ਜ਼ੈਕਟਿਵ ਦੇ ਮੈਂਬਰ ਵੀ ਰਹੇ। ਸਾਡੇ ਤਿੰਨਾਂ ਦੇ ਪਿੰਡਾਂ ਦਾ ਇਕ ਦੂਜੇ ਨਾਲੋਂ ਕੁਝ ਕੁਝ ਕੋਹਾਂ ਦਾ ਫ਼ਾਸਲਾ ਸੀ। ਕੁਦਰਤੀ ਗੱਲ ਸੀ ਕਿ ਮੈਂ ਤਾਂ ਪੂਹਲਾ ਜੀ ਨੂੰ ਜਾਣਦਾ ਸੀ ਪਰ ਅਜਿਹਾ ਕੋਈ ਸਬੱਬ ਕਦੀ ਨਹੀਂ ਸੀ ਬਣਿਆ ਕਿ ਉਹ ਮੈਨੂੰ ਜਾਣਨ ਲਗਦੇ। ਮੈਂ ਉਨ੍ਹਾਂ ਨੂੰ ਫਤਿਹ ਬੁਲਾ ਚੁੱਪ ਕਰ ਕੇ ਥੋੜ੍ਹਾ ਜਿਹਾ ਪਾਸੇ ਖਲੋ ਗਿਆ ਅਤੇ ਉਹ ਦੋਵੇਂ ਗੱਲੀਂ ਲੱਗ ਗਏ।
ਉਹ ਸਨ ਤਾਂ ਵੱਖ ਵੱਖ ਪਾਰਟੀਆਂ ਵਿਚ। ਜਥੇਦਾਰ ਪੂਹਲਾ ਤਾਂ, ਸਾਫ਼ ਹੀ ਹੈ, ਪੱਕੇ ਅਕਾਲੀ ਸਨ ਤੇ ਮਾਸਟਰ ਜੀ ਪੱਕੇ ਕਮਿਊਨਿਸਟ ਸਨ। ਪਰ ਦੋਵੇਂ ਸੁੱਚੇ ਪੰਜਾਬੀ ਸਭਿਆਚਾਰ ਦੇ ਵੀ ਪੱਕੇ ਸਨ ਜਿਸ ਵਿਚ ਰਿਸ਼ਤਿਆਂ ਨੂੰ ਇਨਸਾਨੀਅਤ ਦੀ ਸਾਂਝ ਮਿਥਦੀ ਹੈ, ਕੋਈ ਹੋਰ ਸੋਚ ਨਹੀਂ। ਉਦੋਂ ਅਜੇ ਰਾਜਨੀਤੀ ਹੁਣ ਵਾਂਗ ਨਿੱਜੀ ਦੁਸ਼ਮਣੀਆਂ ਦਾ ਆਧਾਰ ਵੀ ਨਹੀਂ ਸੀ ਬਣਨ ਲੱਗੀ। ਸਾਡੇ ਇਲਾਕੇ ਦੇ ਆਮ ਲੋਕਾਂ ਵਿਚ ਵੀ ਉਨ੍ਹਾਂ ਦੋਵਾਂ ਦਾ ਭਲੇ ਪੁਰਸ਼ਾਂ ਵਜੋਂ ਮਾਣ-ਸਤਿਕਾਰ ਸੀ। ਗੱਲਾਂ ਕਰਦਿਆਂ ਸ਼ਾਇਦ ਜਥੇਦਾਰ ਜੀ ਨੂੰ ਮੇਰਾ ਚੁੱਪ ਕਰ ਕੇ ਪਾਸੇ ਜਿਹੇ ਖੜ੍ਹੇ ਰਹਿਣਾ ਠੀਕ ਨਾ ਲੱਗਾ। ਉਨ੍ਹਾਂ ਮੈਨੂੰ ਗੱਲਬਾਤ ਵਿਚ ਸ਼ਾਮਲ ਕਰਨ ਲਈ ਮਾਸਟਰ ਜੀ ਨੂੰ ਪੁੱਛਿਆ, “ਇਹ ਕਾਕਾ?”
ਉਸ ਸਮੇਂ ਮੈਂ ਐਫ਼ ਐਸ-ਸੀæ ਕੀਤੀ ਹੋਣ ਸਦਕਾ ਮੰਡੀ ਫੂਲ ਦੇ ਐਸ਼ ਡੀæ ਕੰਨਿਆ ਮਹਾਂਵਿਦਿਆਲਾ ਵਿਚ ਸਾਇੰਸ ਅਧਿਆਪਕ ਲੱਗਿਆ ਹੋਇਆ ਸੀ। ਮਾਸਟਰ ਜੀ ਮੇਰਾ ਨਾਂ ਤੇ ਪਿੰਡ ਦੱਸ ਕੇ ਕਹਿਣ ਲੱਗੇ, “ਇਹ ਆਪਣੀ ਮੰਡੀ ਦੇ ਕੁੜੀਆਂ ਦੇ ਸਕੂਲ ਵਿਚ ਪੜ੍ਹਾਉਂਦਾ ਹੈ ਤੇ ਇਹਨੇ ਹੁਣੇ ਹੁਣੇ ਚੰਗੇ ਨੰਬਰਾਂ ਨਾਲ ਐਮæਏæ ਕੀਤੀ ਹੈ।”
ਮਾਸਟਰ ਜੀ ਦੀ ਗੱਲ ਸੁਣ ਕੇ ਉਨ੍ਹਾਂ ਨੇ ਮੇਰੇ ਮੋਢੇ ਉਤੇ ਹੱਥ ਰੱਖਿਆ, “ਕਾਕਾ, ਜੇ ਤੂੰ ਚੰਗੇ ਨੰਬਰਾਂ ਨਾਲ ਐਮæ ਏæ ਕੀਤੀ ਹੋਈ ਹੈ, ਸਕੂਲ ਵਿਚ ਕਿਉਂ ਲੱਗਿਆ ਹੋਇਆ ਹੈਂ? ਸੰਤ ਜੀ ਨੇ ਆਪਣੇ ਇਲਾਕੇ ਦੇ ਭਲੇ ਵਾਸਤੇ ਦਮਦਮਾ ਸਾਹਿਬ ਕਾਲਜ ਖੋਲ੍ਹਿਆ ਹੈ, ਤੂੰ ਆਪਣੇ ਕਾਲਜ ਵਿਚ ਆ।æææ ਸਾਡੀ ਮੀਟਿੰਗ ਹੋਈ ਸੀ। ਪ੍ਰੋਫੈਸਰ ਰੱਖਣੇ ਨੇ। ਅਖਬਾਰਾਂ ਵਿਚ ਵੀ ਇਸ਼ਤਿਹਾਰ ਆ ਜਾਊ। ਤੂੰ ਅਰਜ਼ੀ ਭੇਜਣੀ ਨਾ ਭੁੱਲੀਂ।æææਭਾਈ, ਜੇ ਤੇਰੇ ਵਰਗੇ ਆਪਣੇ ਇਲਾਕੇ ਦੇ ਮੁੰਡੇ ਆਪਣੇ ਕਾਲਜ ਵਿਚ ਪੜ੍ਹਾਉਣ ਨਹੀਂ ਲੱਗਣਗੇ, ਸ਼ਹਿਰੀਆਂ ਜਾਂ ਦੂਰ ਤੋਂ ਆਇਆਂ ਨੇ ਤਾਂ ਇਥੇ ਅਜੇ ਸੁਖ-ਸਹੂਲਤਾਂ ਦੀ ਘਾਟ ਦੇਖ ਕੇ ਟਿਕਣ ਤੋਂ ਪਹਿਲਾਂ ਭੱਜਣ ਦੀ ਤਿਆਰੀ ਕਰਨ ਲੱਗ ਪੈਣੀ ਹੈ। ਆਪਣੇ ਬੰਦੇ ਹੋਣਗੇ ਤਾਂ ਉਨ੍ਹਾਂ ਦੇ ਦਿਲ ਵਿਚ ਇਲਾਕੇ ਦੇ ਕਾਲਜ ਦਾ ਦਰਦ ਤਾਂ ਹੋਊ।”
ਮੈਂ ਕਿਹਾ, “ਜੀ, ਇਸ਼ਤਿਹਾਰ ਆ ਜਾਵੇ, ਮੈਂ ਅਰਜ਼ੀ ਭੇਜ ਦੇਊਂ।”
ਸੰਤ ਜੀ ਤੋਂ ਉਨ੍ਹਾਂ ਦਾ ਭਾਵ ਸੰਤ ਫਤਿਹ ਸਿੰਘ ਤੋਂ ਸੀ। ਉਹ ਉਸ ਸਮੇਂ ਅਕਾਲੀ ਦਲ ਦੇ ਪ੍ਰਧਾਨ ਹੀ ਨਹੀਂ, ਸਰਬੋ-ਸਰਬਾ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਵੀ ਉਨ੍ਹਾਂ ਦੀ ਭਾਰੀ ਬਹੁਸੰਮਤੀ ਸੀ। ਉਨ੍ਹਾਂ ਨੇ ਆਪਣਾ ਟਿਕਾਣਾ ਭਾਵੇਂ ਰਾਜਸਥਾਨ ਵਿਚ ਗੁਰਦੁਆਰਾ ਸਾਹਿਬ ਬੁੱਢਾ ਜੌਹੜ ਬਣਾਇਆ ਹੋਇਆ ਸੀ, ਪਰ ਉਨ੍ਹਾਂ ਦਾ ਜਨਮ-ਨਗਰ ਬਦਿਆਲਾ ਮੇਰੇ ਪਿੰਡ ਪਿੱਥੋ ਤੋਂ ਕੁੱਲ ਦੋ ਕੋਹ ਵਾਟ ਸੀ। ਸਾਡੇ ਇਲਾਕੇ ਦਾ ਭਲਾ ਹਮੇਸ਼ਾ ਉਨ੍ਹਾਂ ਦੇ ਧਿਆਨ ਵਿਚ ਰਹਿੰਦਾ। ਸਭ ਤੋਂ ਪਹਿਲਾਂ ਤਾਂ ਉਨ੍ਹਾਂ ਨੇ ਇਲਾਕੇ ਦੇ ਲੋਕਾਂ ਦੀ ਚਿਰਾਂ-ਪੁਰਾਣੀ ਮੰਗ ਪੂਰੀ ਕਰਦਿਆਂ ਦਮਦਮਾ ਸਾਹਿਬ, ਤਲਵੰਡੀ ਸਾਬੋ ਨੂੰ ਪੰਜਵੇਂ ਤਖਤ ਵਜੋਂ ਮਾਨਤਾ ਦਿਵਾਈ। ਜਿਵੇਂ ਕਿ ਸਰਬ-ਗਿਆਤ ਹੈ, ਇਥੇ ਲਗਭਗ ਨੌਂ ਮਹੀਨੇ ਨਿਵਾਸ ਕਰ ਕੇ ਦਸਮੇਸ਼ ਪਿਤਾ ਨੇ ਪੰਜਵੇਂ ਗੁਰੂ ਜੀ ਦੀ ਸੰਪਾਦਿਤ ਪਵਿੱਤਰ ਬੀੜ ਵਿਚ ਨੌਵੇਂ ਗੁਰੂ ਸਾਹਿਬ ਦੀ ਬਾਣੀ ਜੋੜ ਕੇ ਗ੍ਰੰਥ ਸਾਹਿਬ ਦਾ ਹੁਣ ਪ੍ਰਕਾਸ਼ਮਾਨ ਸਰੂਪ ਤਿਆਰ ਕੀਤਾ। ਇੰਨੇ ਸਮੇਂ ਵਿਚ ਪੰਥ ਦੀ ਅਗਵਾਈ ਲਈ ਉਨ੍ਹਾਂ ਦਾ ਸਮੇਂ ਸਮੇਂ ਹੁਕਮਨਾਮੇ ਜਾਰੀ ਕਰਨਾ ਤਾਂ ਸੁਭਾਵਿਕ ਸੀ ਹੀ। ਇਸੇ ਕਰਕੇ ਇਸ ਸਥਾਨ ਨੂੰ ਪੰਜਵਾਂ ਤਖਤ ਐਲਾਨੇ ਜਾਣ ਦੀ ਮੰਗ ਚਿਰਾਂ-ਪੁਰਾਣੀ ਸੀ।
ਦੂਜਾ ਵੱਡਾ ਕੰਮ ਸੰਤ ਜੀ ਨੇ ਦਸਮੇਸ਼ ਪਿਤਾ ਦੇ ਵਚਨ “ਕਿਸੇ ਸਮੇਂ ਇਹ ਸਥਾਨ ਗੁਰੂ ਕੀ ਕਾਸ਼ੀ ਬਣੇਗਾ ਤੇ ਗਿਆਨ ਦਾ ਚਾਨਣ ਫੈਲਾਵੇਗਾ” ਉਤੇ ਫੁੱਲ ਚੜ੍ਹਾਉਂਦਿਆਂ ਇਥੇ ਗੁਰੂ ਕਾਸ਼ੀ ਕਾਲਜ ਖੋਲ੍ਹਿਆ। ਸੰਤ ਜੀ ਦੇ ਇਸੇ ਬੁਨਿਆਦੀ ਕਦਮ ਦਾ ਫਲ ਹੈ ਕਿ ਅੱਜ ਦਮਦਮਾ ਸਾਹਿਬ ਉਚੀ ਵਿੱਦਿਆ ਦੀਆਂ ਕਈ ਸੰਸਥਾਵਾਂ ਦਾ ਕੇਂਦਰ ਬਣ ਚੁੱਕਾ ਹੈ।
ਜਥੇਦਾਰ ਪੂਹਲਾ ਦੀ ਸ਼ਹਿਰੀਆਂ ਤੇ ਦੂਰ ਦਿਆਂ ਪ੍ਰੋਫੈਸਰਾਂ ਦੇ ਨਾ ਟਿਕਣ ਦੀ ਗੱਲ ਦਾ ਵੀ ਨਰੋਆ ਆਧਾਰ ਸੀ। ਕਾਲਜ ਦੀ ਇਮਾਰਤ ਵੀ ਅਜੇ ਉਸਰ ਰਹੀ ਸੀ ਅਤੇ ਰਿਹਾਇਸ਼ੀ ਕੁਆਰਟਰ ਅਧੂਰੇ ਵੀ ਸਨ ਤੇ ਥੋੜ੍ਹੇ ਵੀ। ਪੈਰਾਂ ਹੇਠ ਰੇਤਲਾ ਖੇਤ ਸੀ। ਚਾਰ-ਦੀਵਾਰੀ ਤੋਂ ਸੱਖਣੇ ਤਿੰਨ ਕਮਰੀਏ ਕੁਆਰਟਰ ਦੇ ਰਸੋਈ-ਗੁਸਲਖਾਨੇ ਵਾਲੇ ਅਗਲੇ ਦੋ ਕਮਰੇ ਵਿਆਹਿਆਂ ਲਈ ਸਨ ਤੇ ਵੱਖਰੀ ਆਵਾਜਾਈ ਵਾਲਾ ਪਿਛਲਾ ਤੀਜਾ ਕਮਰਾ ਕਿਸੇ ਛੜੇ-ਛਾਂਟ ਨੂੰ ਦਿੱਤਾ ਜਾਂਦਾ ਸੀ। ਸਾਡੇ ਤੀਜੇ ਕਮਰੇ ਵਿਚ ਹੁਣ ਦਾ ਪ੍ਰਸਿੱਧ ਨਾਵਲਕਾਰ ਤੇ ਫਿਲਮ-ਨਿਰਮਾਤਾ ਬੂਟਾ ਸਿੰਘ ਸ਼ਾਦ ਰਹਿੰਦਾ ਸੀ ਜਿਸ ਦਾ ਉਦੋਂ ਵੀ ਕਹਾਣੀਕਾਰ ਵਜੋਂ ਵਾਹਵਾ ਨਾਂ ਸੀ। ਸਭ ਤੋਂ ਡਰਾਉਣੀ-ਭਜਾਉਣੀ ਗੱਲ ਇਹ ਸੀ ਕਿ ਕੁਆਰਟਰਾਂ ਦੇ ਅੱਗੋਂ ਖੇਤਾਂ ਨੂੰ ਭੀੜਾ ਜਿਹਾ ਰਾਹ ਜਾਂਦਾ ਸੀ ਅਤੇ ਰਾਹ ਦੇ ਪਾਰ ਸ਼ਮਸ਼ਾਨ ਸੀ। ਵੱਡਾ ਪਿੰਡ ਹੋਣ ਕਰਕੇ ਚਿਤਾ ਬਲਦੀ ਹੀ ਰਹਿੰਦੀ ਜੋ ਖਾਸ ਕਰਕੇ ਰਾਤ ਨੂੰ ਬਹੁਤ ਭਿਆਨਕ ਲਗਦੀ। ਸਾਡੇ ਹਿੰਦੀ ਦੇ ਪ੍ਰੋਫੈਸਰ ਸੇਖੋਂ ਤਾਂ ਸੂਰਜ ਨੂੰ ਡੁਬਦਾ ਦੇਖ ਕੇ ਲੋਹੇ ਦਾ ਪੰਜ-ਫੁੱਟਾ ਸਰੀਆ ਫੜ ਲੈਂਦੇ ਸਨ ਤੇ ਸੌਣ ਲੱਗੇ ਵੀ ਉਹਨੂੰ ਆਪਣੇ ਨਾਲ ਹੀ ਬਿਸਤਰੇ ਵਿਚ ਪਾਉਂਦੇ ਸਨ। ਸਵੇਰੇ ਉਠ ਕੇ ਉਹ ਉਸ ਨੂੰ ਕਮਰੇ ਵਿਚ ਇਕ ਖੂੰਜੇ ਸਾਂਭ ਦਿੰਦੇ ਸਨ। ਉਨ੍ਹਾਂ ਨੂੰ ਕਿਸੇ ਨੇ ਦੱਸਿਆ ਸੀ ਕਿ ਸੂਰਜ ਛਿਪਦਾ ਦੇਖ ਕੇ ਪਰੇਤ ਬਾਹਰ ਨਿੱਕਲ ਆਉਂਦੇ ਹਨ ਜੋ ਸਿਰਫ ਲੋਹੇ ਤੋਂ ਡਰਦੇ ਬੰਦੇ ਦੇ ਨੇੜੇ ਨਹੀਂ ਆਉਂਦੇ।
ਖੈਰ, ਇਸ਼ਤਿਹਾਰ ਛਪਿਆ, ਮੈਂ ਅਰਜ਼ੀ ਭੇਜੀ, ਇੰਟਰਵਿਊ ਹੋਈ ਅਤੇ ਮੈਂ ਲੈਕਚਰਾਰ ਲੱਗ ਗਿਆ। ਇੰਟਰਵਿਊ ਵੇਲੇ ਜਥੇਦਾਰ ਪੂਹਲਾ ਵੀ ਸ਼ਾਮਲ ਸਨ। ਉਹ ਕਾਲਜ ਕਮੇਟੀ ਦੇ ਖਜ਼ਾਨਚੀ ਸਨ। ਤਿੰਨ-ਚਾਰ ਹਫਤਿਆਂ ਮਗਰੋਂ ਉਹ ਮੈਨੂੰ ਕਾਲਜ ਵਿਚ ਤੁਰੇ ਜਾਂਦੇ ਮਿਲ ਗਏ ਤਾਂ ਕਹਿੰਦੇ, “ਕਾਕਾ ਕੋਈ ਸਮੱਸਿਆ ਤਾਂ ਨਹੀਂ? ਜੇ ਕੋਈ ਤਕਲੀਫ ਹੋਵੇ, ਦੱਸਣ ਤੋਂ ਸੰਗੀਂ ਨਾ।” ਮੈਂ ਕਿਹਾ, “ਨਹੀਂ ਜੀ, ਸਭ ਠੀਕ ਹੈ।” ਉਨ੍ਹਾਂ ਨੂੰ ਜਿਵੇਂ ਇਕਦਮ ਕੋਈ ਖਿਆਲ ਆਇਆ। ਕਹਿਣ ਲੱਗੇ, “ਕਾਕਾ, ਤੈਨੂੰ ਮੇਰੀ ਲੋੜ ਪਵੇ, ਮੈਂ ਕੀ ਪਤਾ, ਕਿਥੇ ਹੋਵਾਂ। ਪਿੰਡ, ਅੰਮ੍ਰਿਤਸਰ, ਚੰਡੀਗੜ੍ਹ ਜਾਂ ਹੋਰ ਕਿਤੇ! ਮੈਂ ਇਕ ਕੰਮ ਕਰਦਾ ਹਾਂæææ।”
ਉਨ੍ਹਾਂ ਨੇ ਬੈਗ ਖੋਲ੍ਹਿਆ ਅਤੇ ਉਸ ਵਿਚੋਂ ਇਕ ਨਵਾਂ ਪੋਸਟ ਕਾਰਡ ਕੱਢਿਆ। ਉਸ ਦੇ ਅੰਤ ਉਤੇ ਆਪਣੇ ਦਸਤਖ਼ਤ ਕਰ ਕੇ ਮੈਨੂੰ ਦਿੰਦਿਆਂ ਬੋਲੇ, “ਲੈ ਇਹ ਸਾਂਭ ਕੇ ਰੱਖ। ਜੇ ਪ੍ਰਿੰਸੀਪਲ ਸਾਹਿਬ ਤਾਈਂ ਕੋਈ ਕੰਮ ਹੋਵੇ ਤੇ ਮੈਥੋਂ ਕਹਾਉਣ ਦੀ ਲੋੜ ਹੋਵੇ, ਮੇਰੇ ਵੱਲੋਂ ਇਹ ਕਾਰਡ ਲਿਖ ਕੇ ਉਨ੍ਹਾਂ ਦੇ ਨਾਂ ਡਾਕ ਵਿਚ ਪਾ ਦੇਈਂ। ਜੇ ਉਹ ਮੈਨੂੰ ਪੁੱਛਣਗੇ, ਮੈਂ ਕਹਿ ਦੇਊਂ, ਹਾਂ, ਮੈਂ ਲਿਖਿਆ ਸੀ।”
ਉਹ ਮੇਰਾ ਮੋਢਾ ਥਾਪੜ ਕੇ ਤੁਰ ਗਏ। ਮੈਂ ਸੋਚਿਆ ਕਿ ਇਸ ਭਲੇ ਪੁਰਸ਼ ਨੂੰ ਇਹ ਅਹਿਸਾਸ ਹੈ ਕਿ ਇਸ ਮੁੰਡੇ ਨੂੰ ਕਾਲਜ ਵਿਚ ਮੈਂ ਲੈ ਕੇ ਆਇਆ ਹਾਂ, ਇਸ ਕਰਕੇ ਇਹ ਧਿਆਨ ਰੱਖਣਾ ਮੇਰਾ ਫਰਜ਼ ਹੈ ਕਿ ਇਹਨੂੰ ਕਿਸੇ ਕਿਸਮ ਦੀ ਕੋਈ ਤਕਲੀਫ ਨਾ ਹੋਵੇ! ਨਾਲ ਹੀ ਮੈਂ ਹੈਰਾਨ ਹੋਇਆ ਦਸਤਖਤ ਕਰ ਕੇ ਦਿੱਤੇ ਕੋਰੇ ਕਾਰਡ ਨੂੰ ਉਲਟ-ਪਲਟ ਕੇ ਦੇਖਣ ਲੱਗਿਆ। ਕੋਈ ਨਿਰਮਲ-ਚਿੱਤ ਮਨੁੱਖ ਹੀ ਇਕ ਅਣਜਾਣੇ ਬੰਦੇ ਉਤੇ ਇਉਂ ਭਰੋਸਾ ਕਰ ਸਕਦਾ ਹੈ। ਏਨਾ ਤਾਂ ਉਹ ਵੀ ਜਾਣਦੇ ਸਨ ਕਿ ਜੇ ਮੈਂ ਚਾਹਾਂ, ਕਾਰਡ ਦੀ ਦੁਰਵਰਤੋਂ ਵੀ ਕਰ ਸਕਦਾ ਹਾਂ। ਪਰ ਆਪ ਭਰੋਸੇਜੋਗ ਸੱਜਣ ਹੋਣ ਸਦਕਾ ਉਨ੍ਹਾਂ ਨੂੰ ਮਨੁੱਖ ਦੀ ਮੂਲ ਚੰਗਿਆਈ ਵਿਚ ਅਡੋਲ ਭਰੋਸਾ ਸੀ। ਜੇ ਉਹ ਆਪ ਕਿਸੇ ਦਾ ਬੁਰਾ ਨਹੀਂ ਸਨ ਚਿਤਵਦੇ ਤੇ ਭਰੋਸਾ ਨਹੀਂ ਸਨ ਤੋੜਦੇ, ਕੋਈ ਉਨ੍ਹਾਂ ਦਾ ਬੁਰਾ ਕਿਉਂ ਚਿਤਵੇਗਾ ਤੇ ਭਰੋਸਾ ਕਿਉਂ ਤੋੜੇਗਾ! ਅੱਜ ਦੇ ਗੰਧਲੇ ਹੋਏ ਸਮਾਜਕ ਹਾਲਾਤ ਵਿਚ ਜਦੋਂ ਮਨੁੱਖ ਤੋਂ ਭਰੋਸਾ ਡੋਲਣ ਲਗਦਾ ਹੈ, ਮੈਂ ਜਥੇਦਾਰ ਪੂਹਲਾ ਦਾ ਕਾਰਡ ਕੱਢ ਕੇ ਨਿਹਾਰਨ ਲਗਦਾ ਹਾਂ ਜੋ ਮੈਂ ਬੜੇ ਅਦਬ ਨਾਲ ਇਕ ਅਮੋਲ ਵਸਤ ਵਜੋਂ ਸੰਭਾਲ ਕੇ ਰੱਖਿਆ ਹੋਇਆ ਹੈ।

Be the first to comment

Leave a Reply

Your email address will not be published.