ਕਿਵ ਸਚਿਆਰਾ ਹੋਈਐ…

ਸਿੱਖੀ ਕੀ ਸੀ ਤੇ ਕੀ ਹੈ-2

ਸਿੱਖੀ ਦੇ ਵੱਖ-ਵੱਖ ਪੱਖਾਂ ਬਾਰੇ ਚਰਚਾ ਪਿਛਲੇ ਕੁਝ ਅੰਕਾਂ ਤੋਂ ‘ਪੰਜਾਬ ਟਾਈਮਜ਼’ ਵਿਚ ਚੱਲ ਰਹੀ ਹੈ। ਇਸ ਲੜੀ ਵਿਚ ਪਾਠਕ ਪ੍ਰੋæ ਬਲਕਾਰ ਸਿੰਘ, ਬੀਬੀ ਰਾਜਬੀਰ ਕੌਰ ਢੀਂਡਸਾ, ਮਾਸਟਰ ਨਿਰਮਲ ਸਿੰਘ ਲਾਲੀ, ਸੰਪੂਰਨ ਸਿੰਘ ਤੇ ਬੀਬੀ ਕਿਰਪਾਲ ਕੌਰ ਦੀਆਂ ਲਿਖਤਾਂ ਪੜ੍ਹ ਚੁੱਕੇ ਹਨ। ਇਨ੍ਹਾਂ ਲਿਖਤਾਂ ਵਿਚ ਸਿੱਖੀ ਦੇ ਵੱਖ-ਵੱਖ ਪਹਿਲੂਆਂ ਬਾਰੇ ਵਿਚਾਰਾਂ ਕਰਦਿਆਂ ਲੇਖਕਾਂ ਨੇ ਸਿੱਖਾਂ ਦੇ ਸਿੱਖੀ ਤੋਂ ਲਾਂਭੇ ਜਾਣ ਬਾਰੇ ਆਪੋ-ਆਪਣੇ ਫਿਕਰ ਸਾਂਝੇ ਕੀਤੇ ਹਨ। ਇਸ ਵਿਚਾਰ-ਚਰਚਾ ਤਹਿਤ ਪ੍ਰੋæ ਹਰਪਾਲ ਸਿੰਘ ਦੇ ਲੰਮੇ ਲੇਖ ਦਾ ਪਹਿਲਾ ਹਿੱਸਾ ਪਿਛਲੇ ਅੰਕ ਵਿਚ ਛਾਪਿਆ ਗਿਆ ਸੀ ਜਿਸ ਵਿਚ ਉਨ੍ਹਾਂ ਸਮੁੱਚੇ ਸੰਸਾਰ ਦੇ ਧਰਮਾਂ ਦੇ ਪ੍ਰਸੰਗ ਵਿਚ ਸਿੱਖੀ ਦੇ ਦਾਰਸ਼ਨਿਕ ਪੱਖਾਂ ਬਾਰੇ ਗੱਲਾਂ ਕੀਤੀਆਂ ਸਨ। ਐਤਕੀਂ ਉਨ੍ਹਾਂ ਧਰਮ ਅਤੇ ਵਿਸ਼ਵਾਸ ਬਾਰੇ ਗੱਲਾਂ ਸਾਂਝੀਆਂ ਕੀਤੀਆਂ ਹਨ। -ਸੰਪਾਦਕ

ਪ੍ਰੋæ ਹਰਪਾਲ ਸਿੰਘ
ਫੋਨ: 916-236-8830

ਜਿਸ ਦੇ ਕੋਲ ਸੱਚ ਨਹੀਂ, ਉਸ ਦੇ ਜਿਉਣ ਦਾ ਕੋਈ ਅਰਥ ਨਹੀਂ। ਸੱਚ ਇਕ ਹੀ ਹੋ ਸਕਦਾ ਹੈ, ਖੁਦ ਦਾ ਅਨੁਭਵ। ਸੱਚ ਦਿੱਤਾ ਨਹੀਂ ਜਾ ਸਕਦਾ, ਦਿੱਤਾ ਸੱਚ ਮਰ ਜਾਂਦਾ ਹੈ। ਸੱਚ ਪਾਉਣਾ ਪੈਂਦਾ ਹੈ, ਹੰਢਾਉਣਾ ਪੈਂਦਾ ਹੈ। ਗੁਰੂਆਂ ਨੇ ਸੱਚ ਨੂੰ ਪਿੰਡੇ ‘ਤੇ ਹੰਢਾਇਆ,
ਧਰਮ ਹੇਤ ਸਾਕਾ ਜਿਨਿ ਕੀਆ॥
ਸੀਸੁ ਦੀਆ ਪਰ ਸਿਹਰੁ ਨ ਦੀਆ॥
ਸੱਚ ਦਾ ਰਸਤਾ ਇਕੱਲੇ ਦਾ ਰਸਤਾ ਹੈ। ਸੱਚ ਤਾਂ ਬੱਸ ਸੱਚ ਹੀ ਹੁੰਦਾ ਹੈ- ਗੁਰੂਆਂ ਵਰਗਾ, ਪੀਰਾਂ ਵਰਗਾ। ਸੱਚ ‘ਤੇ ਚੱਲਣਾ ਰੱਬ ਦੇ ਰਾਹ ‘ਤੇ ਚੱਲਣਾ ਹੈ। ਕਠਿਨ ਹੈ ਇਹ ਰਾਹ, ਪਰ ਨਾ-ਮੁਮਕਿਨ ਨਹੀਂ।
ਏਕ ਆਗ ਕਾ ਦਰਿਆ ਹੈ, ਔਰ ਡੂਬ ਕੇ ਜਾਨਾ ਹੈ।
ਸੱਚ ਅਤੇ ਝੂਠ ਵਿਪਰੀਤ (ਵਿਰੋਧੀ) ਦਿਸ਼ਾਵਾਂ ਹਨ। ਸੱਚ ਜਾਗਦੀ ਆਤਮਾ ਦਾ ਨੂਰ ਹੈ, ਝੂਠ ਮੁਰਦਾ ਰੂਹਾਂ ਦਾ। ਦੂਜੇ ਤੋਂ ਦਿੱਤੇ ਹੋਏ ਵਿਚਾਰ ਨੂੰ ਮੰਨ ਲੈਣਾ, ਸੱਚ ਤੋਂ ਕਿਨਾਰਾ ਕਰ ਲੈਣਾ ਹੈ। ਨਿਰਪੱਖ ਹੋਏ ਬਿਨਾਂ ਸੱਚ ਦੇ ਪੱਖ ਵਿਚ ਨਹੀਂ ਹੋਇਆ ਜਾ ਸਕਦਾ। ਕਹਿਣ ਨੂੰ ਤੁਸੀਂ ਰਾਮ ਦੇ ਨਾਲ ਹੋ, ਕ੍ਰਿਸ਼ਨ ਦੇ ਨਾਲ ਹੋ, ਬੁੱਧ ਤੇ ਨਾਨਕ ਦੇ ਨਾਲ ਹੋ; ਪਰ ਤੁਸੀਂ ਪਰਮਾਤਮਾ ਨਾਲ ਨਹੀਂ ਹੋ। ਜਿਸ ਦਿਨ ਤੁਸੀਂ ਪਰਮਾਤਮਾ ਨਾਲ ਹੋ ਗਏ; ਰਾਮ, ਕ੍ਰਿਸ਼ਨ, ਬੁੱਧ ਤੇ ਨਾਨਕ ਨਾਲ ਹੋ ਗਏ। ਸੱਚ ਨੂੰ ਪਾਉਣ ਲਈ ਪਹਿਲਾ ਕਦਮ ਇਹੀ ਹੋਵੇਗਾ ਕਿ ਜੋ ਤੁਹਾਨੂੰ ਬਾਬਿਆਂ, ਸਾਧਾਂ ਤੇ ਸੰਤਾਂ ਕੋਲੋਂ ਮਿਲਿਆ ਹੈ, ਉਸ ਨੂੰ ਅਸਵੀਕਾਰ ਕਰ ਦੇਵੋ। ਇਹ ਉਨ੍ਹਾਂ ਦਾ ਦਿੱਤਾ ਹੈ, ਤੁਹਾਡਾ ਆਪਣਾ ਕੋਈ ਯਤਨ ਨਹੀਂ, ਕੋਈ ਆਪਣੀ ਖੋਜ ਨਹੀਂ। ਤੁਹਾਡੀ ਅੰਨ੍ਹੀ ਸ਼ਰਧਾ ਸਵੀਕਾਰ ਕਰਦੀ ਹੈ। ਦੂਜੇ, ਨਿਰਪੱਖ ਹੋਏ ਬਿਨਾਂ ਸੱਚ ਦੇ ਪੱਖ ਵਿਚ, ਸੱਚ ਦੇ ਰਾਹ ‘ਤੇ ਚੱਲਣਾ ਨਾ-ਮੁਮਕਿਨ ਹੈ। ਕਾਜ਼ੀਆਂ, ਮੁਲਾਣਿਆਂ ਅਤੇ ਬ੍ਰਾਹਮਣਾਂ ਨੇ ਪੁੱਛਿਆ, “ਨਾਨਕ, ਤੁਸੀਂ ਕਿਸ ਦੇ ਨਾਲ ਹੋ?” ਜੁਆਬ ਮਿਲਿਆ, “ਮੈਂ ਪਰਮਾਤਮਾ ਨਾਲ ਹਾਂ, ਸੱਚ ਨਾਲ ਹਾਂ। ਮੈਂ ਬ੍ਰਾਹਮਣ ਵੀ ਹਾਂ, ਕਾਜ਼ੀ ਮੁੱਲਾ ਵੀ ਹਾਂ, ਪਰ ਮੈਂ ਨੂਰ ਹਾਂ। ਅੱਜ ਵੀ ਹਾਂ, ਕੱਲ੍ਹ ਵੀ ਸੀ, ਕੱਲ੍ਹ ਨੂੰ ਵੀ ਹੋਵਾਂਗਾ।”
ਏਕ ਨੂਰ ਕੀ ਬੂੰਦ ਹੈ, ਸਦੀਓਂ ਸੇ ਬਹਾ ਕਰਤੀ ਹੈ।
ਮਨੁੱਖ ਦੀ ਸਾਰੀ ਪੀੜਾ, ਸੰਤਾਪ ਇਹੀ ਹੈ ਕਿ ਸੱਚ ਦੇ ਸੂਰਜ ਵੱਲ ਪਿੱਠ ਕਰੀ ਖੜ੍ਹਾ ਹੈ। ਉਸ ਦਾ ਖੁਦ ਦਾ ਪਰਛਾਵਾਂ ਉਸ ਦੇ ਰਾਹ ਦਾ ਹਨੇਰਾ ਬਣ ਜਾਂਦਾ ਹੈ। ਆਦਮੀ ਦੇ ਅੰਦਰ ਜ਼ਹਿਰ ਇਕੱਠਾ ਹੋ ਗਿਆ। ਸੱਚ ਪਿਆਸ ਹੈ, ਦੂਜੇ ਦਾ ਦਿੱਤਾ ਹੋਇਆ ਵਿਸ਼ਵਾਸ ਨਹੀਂ।
ਤੁਹਾਡੇ ਸੰਸਕਾਰ ਅੰਨ੍ਹੇ ਵਿਸ਼ਵਾਸ ਨਾਲ ਬੱਝੇ ਹੋਏ ਹਨ। ਤੁਹਾਡਾ ਧਰਮ ਬਿਬੇਕ ਬੁੱਧੀ ਤੋਂ ਖਾਲੀ ਹੈ। ਬੁੱਧੀਹੀਣ ਹੋ ਤੁਸੀਂ। ਤੁਹਾਡੀ ਸ਼ਰਧਾ ਬੁੱਧੀ ਬਿਬੇਕ ਤੋਂ ਸੱਖਣੀ, ਸੱਚ ਤੋਂ ਕੋਹਾਂ ਦੂਰ ਹੈ। ਕਿੰਨਾ ਕੁ ਚਿਰ ਦੂਜਿਆਂ ਦੇ ਉਧਾਰੇ ਸੱਚ ਨੂੰ ਢੋਂਹਦੇ ਰਹੋਗੇ, ਸੱਚ ਦੇ ਖੋਜੀ ਨਹੀਂ ਬਣੋਗੇ। ਜਿਸ ਕੋਲ ਆਪਣਾ ਸੱਚ ਨਹੀਂ, ਉਹ ਜਿਉਂਦਾ ਵੀ ਮੁਰਦਾ ਹੈ। ਹਰ ਆਦਮੀ ਝੂਠ ਦੀ ਕਬਰ ‘ਤੇ ਬੈਠਾ ਹੋਇਆ ਹੈ, ਚਿਤਾ ‘ਤੇ ਚੜ੍ਹਿਆ ਹੋਇਆ ਹੈ। ਜਿਸ ਨੂੰ ਤੁਸੀਂ ਜੀਵਨ ਕਹਿੰਦੇ ਹੋ, ਉਹ ਰੋਜ਼ ਕਬਰ ਵਿਚ ਉਤਰਨਾ ਹੈ।
ਗਿਰਦੇ ਹੋਏ ਪੱਤੇ ਤੁਹਾਡੀ ਮੌਤ ਦੀ ਖ਼ਬਰ ਦੇ ਰਹੇ ਹਨ। ਡੁੱਬਦੇ ਸੂਰਜ ਨਾਲ ਖੁਦ ਡੁੱਬ ਜਾਓਗੇ। ਮੰਨਣਾ ਦੂਜਿਆਂ ਤੋਂ ਆਉਂਦਾ ਹੈ, ਜਾਣਨਾ ਖੁਦ ਤੋਂ। ਧਰਮ ਮੰਨਣਾ ਨਹੀਂ, ਜਾਣਨਾ ਹੈ। ਧਰਮ ਵਿਸ਼ਵਾਸ ਨਹੀਂ, ਵਿਵੇਕ ਹੈ। ਧਰਮ ਦੂਜਿਆਂ ਦੁਆਰਾ ਗ੍ਰਹਿਣ ਕਰਨਾ ਨਹੀਂ, ਧਰਮ ਖੁਦ ਪ੍ਰਾਪਤ ਕਰਨਾ ਹੈ। ਕੋਈ ਆਦਮੀ ਕੇਵਲ ਵਿਸ਼ਵਾਸ ਨਾਲ ਧਾਰਮਿਕ ਨਹੀਂ ਹੋ ਜਾਂਦਾ, ਕਿਉਂਕਿ ਵਿਸ਼ਵਾਸ ਦਾ ਅਰਥ ਹੈ- ਜੋ ਮੈਂ ਨਹੀਂ ਜਾਣਦਾ, ਉਸ ਨੂੰ ਮੰਨ ਲਵਾਂ। ਜੋ ਬਿਨਾਂ ਵਿਚਾਰੇ ਮੰਨ ਲੈਂਦਾ ਹੈ, ਅਸੀਂ ਉਸ ਨੂੰ ਧਾਰਮਿਕ ਆਦਮੀ ਹੋਣ ਦਾ ਅਹੁਦਾ ਦੇ ਦਿੰਦੇ ਹਾਂ। ਜੋ ਸਦਾ ਠਹਿਰਿਆ ਹੈ, ਉਹ ਵਿਸ਼ਵਾਸ ਹੈ, ਉਸ ਵਿਚ ਕੋਈ ਗਤੀ ਨਹੀਂ ਹੁੰਦੀ। ਵਿਸ਼ਵਾਸ ਕਦੀ ਵਿਦਰੋਹ ਨਹੀਂ ਕਰਦਾ, ਵਿਚਾਰ ਦੇ ਪਿਛੋਂ ਵਿਦਰੋਹ ਦੀ ਚਿਣਗ ਬਲਦੀ ਹੈ। ਵਿਚਾਰ ਕਰਨਾ ਕਸ਼ਟ-ਪੂਰਨ ਹੈ, ਵਿਸ਼ਵਾਸ ਕਰਨਾ ਸੌਖਾ ਹੈ। ਵਿਸ਼ਵਾਸ ਕਰਨ ਨਾਲ ਕੁਝ ਨਹੀਂ ਕਰਨਾ ਪੈਂਦਾ। ਕੋਈ ਕਸ਼ਟ ਨਹੀਂ। ਮੰਨ ਲਿਆ, ਠੀਕ ਹੋ ਗਿਆ। ਸੰਸਾਰ ਵਿਚ ਸਭ ਤੋਂ ਮਰੀ ਹੋਈ ਚੀਜ਼ ਦਾ ਨਾਂ ਹੈ ਵਿਸ਼ਵਾਸ। ਵਿਸ਼ਵਾਸ ਨਾਲ ਸਬਰ ਹੈ, ਵਿਚਾਰ ਨਾਲ ਵਿਦਰੋਹ ਹੈ। ਵਿਸ਼ਵਾਸ ਨਾਲ ਮੌਤ ਹੈ, ਵਿਚਾਰ ਨਾਲ ਗਤੀ ਹੈ। ਵਿਸ਼ਵਾਸ ਧਰਮ ਗਿਆਨੀ ਹੈ, ਵਿਚਾਰ ਧਰਮ ਅਗਿਆਨੀ ਹੈ। ਸਾਨੂੰ ਸਭ ਪਤਾ ਹੈ; ਬ੍ਰਹਮ ਦਾ, ਮਾਇਆ ਦਾ, ਸਵਰਗ ਦਾ, ਨਰਕ ਦਾ; ਸਭ ਪਤਾ ਹੈ, ਪਰ ਆਪਣੇ ਆਪ ਦਾ ਪਤਾ ਨਹੀਂ। ਅਸੀਂ ਮਰ ਬਹੁਤ ਪਹਿਲੇ ਜਾਂਦੇ ਹਾਂ, ਦਫਨਾਏ ਬਾਅਦ ਵਿਚ।
ਜੋ ਅਸਲੀ ਧਾਰਮਿਕ ਹੈ, ਉਹ ਖੋਜੀ ਹੈ। ਉਹ ਮੰਨਣ ਲਈ ਰਾਜ਼ੀ ਨਹੀਂ ਹੁੰਦਾ। ਉਹ ਖੋਜ ਕਰੇਗਾ, ਵਿਚਾਰ ਕਰੇਗਾ, ਪ੍ਰਯੋਗ ਕਰੇਗਾ, ਅਨੁਭਵ ਕਰੇਗਾ। ਜਿਸ ਦਿਨ ਖੋਜ ਪੂਰੀ ਹੋ ਗਈ, ਉਸ ਦਿਨ ਵਿਸ਼ਵਾਸ ਕਰੇਗਾ।
ਸਤਿਗੁਰ ਨੋ ਸਭੁ ਕੋ ਵੇਖਦਾ
ਜੇਤਾ ਜਗਤੁ ਸੰਸਾਰੁ॥
ਡਿਠੈ ਮੁਕਤਿ ਨ ਹੋਵਈ
ਜਿਚਰੁ ਸਬਦਿ ਨ ਕਰੇ ਵੀਚਾਰੁ॥
ਅਸੀਂ ਜਿਨ੍ਹਾਂ ਗੱਲਾਂ ਨੂੰ ਬਿਲਕੁਲ ਨਹੀਂ ਜਾਣਦੇ, ਉਨ੍ਹਾਂ ਨੂੰ ਮੰਨ ਕੇ ਬੈਠ ਗਏ ਹਾਂ। ਸਾਡੀ ਖੋਜ, ਸਾਡੀ ਜਾਣਨ ਦੀ ਇੱਛਾ ਖਤਮ ਹੋ ਰਹੀ ਹੈ। ਅੰਨਾ ਵਿਸ਼ਵਾਸ ਖੋਜ ਦੀ ਹੱਤਿਆ ਹੈ। ਅਸੀਂ ਧਰਮ ਨੂੰ ਵਿਸ਼ਵਾਸ ਉਪਰ ਖੜ੍ਹਾ ਕੀਤਾ ਹੈ, ਗਿਆਨ ਉਪਰ ਨਹੀਂ। ਬੱਚਿਆਂ ਨੂੰ ਵਿਸ਼ਵਾਸ ਕਰਨ ਦੀ ਸਿੱਖਿਆ ਦਿੱਤੀ ਜਾ ਰਹੀ ਹੈ, ਕੋਈ ਲੋੜ ਨਹੀਂ। ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ ਵਿਚਾਰ ਕਰਨ ਦੀ, ਚਿੰਤਨ ਕਰਨ ਦੀ, ਖੋਜ ਕਰਨ ਦੀ। ਸੱਚ ਨੂੰ ਖੋਜਣਾ ਪਵੇਗਾ, ਜਾਣਨਾ ਪਵੇਗਾ, ਸਮਝਣਾ ਪਵੇਗਾ।
ਰੋਂਦੀ, ਕੁਰਲਾਉਂਦੀ, ਧਾਹਾਂ ਮਾਰਦੀ ਮਾਈ ਬੁੱਧ ਦੇ ਪੈਰੀਂ ਆਣ ਪਈ, “ਮੇਰਾ ਜੁਆਨ ਪੁੱਤ ਮਰ ਗਿਆ। ਮੇਰਾ ਕੁਝ ਨਹੀਂ ਰਿਹਾ। ਭਗਵਾਨ, ਇਸ ਨੂੰ ਜਿੰਦਾ ਕਰ।” ਮਾਈ ਦਾ ਰੋਣਾ ਰੁਕ ਨਹੀਂ ਸੀ ਰਿਹਾ।
“ਮਾਈ, ਮੈਂ ਕੁਝ ਨਹੀਂ ਕਰ ਸਕਦਾ। ਸੱਚ ਨੂੰ ਸਵੀਕਾਰ ਕਰ।” ਬੁੱਧ ਬੋਲੇ।
“ਤੁਸੀਂ ਭਗਵਾਨ ਹੋ, ਪਰਮਾਤਮਾ ਹੋ, ਰੱਬ ਹੋ। ਲੋਕ ਤੁਹਾਨੂੰ ਪੂਜਦੇ ਹਨ। ਤੁਸੀਂ ਸਭ ਕਰ ਸਕਦੇ ਹੋ, ਮੇਰਾ ਪੁੱਤਰ ਜਿੰਦਾ ਕਰ ਦੇਵੋ।” ਮਾਈ ਤਰਲਾ ਲੈ ਰਹੀ ਸੀ।
“ਮਾਈ, ਮੈਂ ਤਾਂ ਤੇਰੇ ਵਰਗਾ ਹੀ ਆਦਮੀ ਹਾਂ, ਹੋਰ ਕੁਝ ਨਹੀਂ। ਇਹ ਮੇਰੇ ਵੱਸ ਦਾ ਨਹੀਂ।” ਬੁੱਧ ਬੋਲੇ।
“ਨਹੀਂ ਪ੍ਰਭੂ, ਜਾਂ ਤਾਂ ਮੇਰੇ ਪੁੱਤ ਨੂੰ ਜਿੰਦਾ ਕਰ ਦੇ, ਨਹੀਂ ਤਾਂ ਮੈਂ ਇੱਥੇ ਤੇਰੇ ਚਰਨਾਂ ਵਿਚ ਹੀ ਆਪਣੀ ਜਾਨ ਦੇ ਦੇਵਾਂਗੀ।” ਮਾਈ ਜ਼ਿਦ ਕਰੀ ਬੈਠੀ ਸੀ।
“ਅੱਛਾ ਮਾਈ! ਇਕ ਕੰਮ ਕਰ, ਤੇਰਾ ਪੁੱਤ ਜਿੰਦਾ ਹੋ ਜਾਊ।” ਮਹਾਤਮਾ ਬੋਲੇ।
“ਦੱਸੋ ਪ੍ਰਭੂ, ਮੈਂ ਤਾਂ ਆਪਣਾ-ਆਪ ਵੇਚ ਦਊਂ।” ਮਾਈ ਨੂੰ ਹੌਸਲਾ ਹੋਇਆ।
“ਮਾਈ, ਜਾ ਇਹ ਭਿਖਸ਼ੂ ਪਾਤਰ ਲੈ ਜਾ ਅਤੇ ਸਾਹਮਣੇ ਪਿੰਡ ਤੋਂ ਇੱਕ ਮੁੱਠੀ ਆਟੇ ਦੀ ਲੈ ਆ।” ਬੁੱਧ ਬੋਲੇ।
ਮਾਈ ਵਾਹੋ-ਦਾਹੀ ਪਿੰਡ ਨੂੰ ਜਾਣ ਲਈ ਉਠੀ, “ਤੁਸੀਂ ਇਕ ਮੁੱਠੀ ਆਟੇ ਦੀ ਗੱਲ ਕਰਦੇ ਹੋ, ਮੈਂ ਬੋਰਾ ਭਰ ਲਿਆਊਂ।” ਬੁੜ-ਬੜਾਂਦੀ ਮਾਈ ਤੁਰ ਪਈ।
“ਠਹਿਰ ਮਾਈ, ਇੱਕ ਗੱਲ ਸੁਣ ਜਾ, ਜ਼ਰੂਰੀ ਹੈ। ਆਟਾ ਉਸ ਘਰ ਤੋਂ ਮੰਗੀਂ ਜਿਥੇ ਕਦੀ ਕਿਸੇ ਦੀ ਮੌਤ ਨਾ ਹੋਈ ਹੋਵੇ।” ਮਹਾਤਮਾ ਬੋਲੇ।
“ਬੱਸ, ਮੈਂ ਗਈ ਤੇ ਆਈ।” ਵਾਹੋ-ਦਾਹੀ ਮਾਈ ਪਿੰਡ ਨੂੰ ਹੋ ਤੁਰੀ।
ਸੂਰਜ ਡੁੱਬਣ ਨੂੰ ਤਿਆਰ ਖੜ੍ਹਾ ਸੀ, ਮਾਈ ਦਾ ਕਿਧਰੇ ਵੀ ਕੋਈ ਪਤਾ ਨਹੀਂ ਸੀ।
ਡੁੱਬਦੇ ਸੂਰਜ ਦੀ ਲਾਲੀ ਵਿਚੋਂ ਮਾਈ ਨੇ ਬੁੱਧ ਨੂੰ ਆ ਮੱਥਾ ਟੇਕਿਆ। ਚਿਹਰਾ ਆਨੰਦਿਤ ਸੀ।
“ਕੀ ਹੋਇਆ?” ਮਹਾਤਮਾ ਬੋਲੇ।
“ਭਗਵਾਨ, ਸਮਝ ਆ ਗਈ। ਜੀਣਾ ਝੂਠ, ਮਰਨਾ ਸੱਚ ਹੈ।” ਮਾਈ ਸਾਧਵੀ ਹੋ ਗਈ।
ਬੀਤੇ ਵਿਚ ਜੀਣਾ ਸਿਆਣਪ ਨਹੀਂ। ਆਉਣ ਵਾਲੇ ਪਲ ਤੁਹਾਡੇ ਆਪਣੇ ਨਹੀਂ, ਅੱਜ ਤੁਹਾਡਾ ਹੈ। ਗੁਆ ਲਵੋ ਜਾਂ ਪਾ ਲਵੋ। ਸਵਰਗ ਦੀ ਤਮੰਨਾ ਮਨ ਦੀ ਦਵੰਦ ਹੈ। ਕੱਲ੍ਹ ਦੀ ਆਸ ਵਿਚ ਅੱਜ ਗੁਆ ਰਹੋ ਹੋ, ਪਤਾ ਨਹੀਂ ਕਿਉਂ? ਕਚਰੇ ਨੂੰ ਦਬਾ ਦੇਣ ਨਾਲ ਮੁਕਤੀ ਨਹੀਂ ਮਿਲਦੀ।

Be the first to comment

Leave a Reply

Your email address will not be published.