ਗੁਲਜ਼ਾਰ ਸਿੰਘ ਸੰਧੂ
2012 ਤੋਂ ਹਿਮਾਚਲ ਦੇ ਕਸਬੇ ਕਸੌਲੀ ਵਿਚ ਸਥਾਪਤ ਹੋਇਆ ਖੁਸ਼ਵੰਤ ਸਿੰਘ ਉਤਸਵ ਕਿਸੇ ਇੱਕ ਹਸਤੀ ਦੇ ਨਾਂ ਉਤੇ ਸਥਾਪਤ ਕੀਤਾ ਭਾਰਤ ਵਿਚੋਂ ਹੀ ਨਹੀਂ ਕੁਝ ਹੋਰ ਦੇਸ਼ਾਂ ਵਿਚੋਂ ਵੀ ਪਹਿਲਾ ਹੋ ਸਕਦਾ ਹੈ। ਅਫਸਾਨਾ ਨਿਗਾਰੀ ਤੇ ਦਾਸਤਾਨ ਗੋਈ ਦੀ ਵਿਧੀ ਅਪਨਾ ਕੇ ਵਿਉਂਤਿਆ ਇਸ ਵਰ੍ਹੇ ਵਾਲਾ ਤੀਜਾ ਉਤਸਵ ਆਪਣੇ ਆਪ ਵਿਚ ਲਾਸਾਨੀ ਸੀ। ਖੁਸ਼ਵੰਤ ਸਿੰਘ ਦੇ ਅਕਾਲ ਚਲਾਣੇ ਤੋਂ ਪਿੱਛੋਂ ਪਹਿਲਾ ਹੋਣ ਕਾਰਨ ਇਸ ਨੂੰ ਸ਼ਰਧਾਂਜਲੀ ਸਮਾਰੋਹ ਵੀ ਕਿਹਾ ਜਾ ਸਕਦਾ ਹੈ ਜਿੱਥੇ ਖੁਸ਼ਵੰਤ ਸਿੰਘ ਦਾ ਮਨਪਸੰਦ ਖਾਣਾ-ਪੀਣਾ ਹੀ ਨਹੀਂ ਹਾਸੀ ਮਜ਼ਾਕ ਤੇ ਭਾਰਤ-ਪਾਕਿ ਸਾਂਝ ਦਾ ਵਿਸ਼ਾ ਪ੍ਰਧਾਨ ਰਿਹਾ। ਇਥੇ ਪਹਿਲੇ ਸੰਸਾਰ ਯੁੱਧ ਤੋਂ ਲੈ ਕੇ ਭਾਰਤ ਅਤੇ ਖਾਸ ਕਰ ਪੰਜਾਬ ਵਿਚ ਨਸ਼ਾਖੋਰੀ ਦੇ ਵਧ ਰਹੇ ਰੁਝਾਨ ਉਤੇ ਵੀ ਨਿੱਠ ਕੇ ਚਰਚਾ ਹੋਈ।
ਕਿਸ ਨੇ ਕੀ ਕਿਹਾ ਤੇ ਕਦੋਂ ਕਿਹਾ ਵਿਚ ਉਲਝਣ ਦੀ ਥਾਂ ਸ਼ਿਰਕਤ ਕਰਨ ਵਾਲੇ ਰਾਜਨੀਤੀਵਾਨਾਂ, ਸਮਾਜ ਸੇਵੀਆਂ ਤੇ ਪੱਤਰਕਾਰਾਂ ਦੇ ਨਾਂ ਦੇਣਾ ਹੀ ਕਾਫੀ ਹੈ। ਇਥੇ ਸਲਮਾਨ ਖੁਰਸ਼ੀਦ ਤੇ ਮਨੀ ਸ਼ੰਕਰ ਅਈਅਰ ਵਰਗੇ ਭਾਰਤ ਸਰਕਾਰ ਦੇ ਸਾਬਕਾ ਮੰਤਰੀ ਹੀ ਨਹੀਂ ਸੁਰਜੀਤ ਸਿੰਘ ਬਰਨਾਲਾ ਤੇ ਕੈਪਟਨ ਅਮਰਿੰਦਰ ਸਿੰਘ ਵਰਗੇ ਪੰਜਾਬ ਦੇ ਰਹਿ ਚੁੱਕੇ ਮੁੱਖ ਮੰਤਰੀ ਤੇ ਬਰਤਾਨਵੀ ਹਾਈ ਕਮਿਸ਼ਨ ਵਾਲੇ ਬ੍ਰਿਗੇਡੀਅਰ ਬਰਾਇਨ ਮੈਕਾਲ ਤੋਂ ਬਿਨਾ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਬੇਟੀ ਦਮਨ ਸਿੰਘ ਵੀ ਆਏ ਹੋਏ ਸਨ। ਪੱਤਰਕਾਰਾਂ ਤੇ ਲੇਖਕਾਂ ਵਿਚੋਂ ਸ਼ੋਭਾ ਡੇਅ, ਬੱਚੀ ਕਰਕਾਰੀਆ, ਗੀਤਾ ਹਰੀਹਰਨ, ਉਪਮੰਨਯੂ ਚੈਟਰਜੀ, ਮੰਜੂ ਕਪੂਰ, ਜੈਸ਼੍ਰੀ ਮਿਸ਼ਰਾ, ਅਲਕਾ ਪਾਂਡੇ, ਹਰੀਸ਼ ਢਿੱਲੋਂ, ਸੁਨੀਲ ਸੇਠੀ, ਬੀਨਾ ਰੋਮਾਨੀ ਆਦਿ ਬੜੇ ਲੋਕ ਹਾਜ਼ਰ ਸਨ। ਪਾਕਿਸਤਾਨ ਤੋਂ ਰੰਗ ਮੰਚ ਦੀ ਉਘੀ ਹਸਤੀ ਮਦੀਹਾ ਗੌਹਰ ਤੋਂ ਬਿਨਾਂ ਉਥੋਂ ਦੇ ਵਿਦੇਸ਼ ਮੰਤਰੀ ਅਤੇ ਲਾਹੌਰ ਤੋਂ ਦਰਸ਼ਨ ਸਿੰਘ ḔḔਭਾਊḔḔ ਦੇ ਰਹਿ ਚੁੱਕੇ ਜਮਾਤੀ ਸਰਤਾਜ ਅਜੀਜ਼ ਦੀ ਸਮਾਜ ਸੇਵੀ ਬੇਟੀ ਪੂਨਮ ਅਯੂਬ ਤੇ ਉਘਾ ਟਿਪਣੀਕਾਰ ਆਸਿਫ ਨੂਰਾਨੀ ਵੀ ਹਾਜ਼ਰ ਸੀ। ਫਕੀਰ ਐਜਾਜ਼ੁਦੀਨ ਦੀ ਸ਼ਿਰਕਤ ਖਾਸ ਕਰਕੇ ਨੋਟ ਕੀਤੀ ਗਈ। ਉਹ ਖੁਸ਼ਵੰਤ ਸਿੰਘ ਦੇ ਅਕਾਲ ਚਲਾਣੇ ਤੋਂ ਇਕ ਸਪਤਾਹ ਪਹਿਲਾਂ ਹੀ ਉਸ ਨੂੰ ਮਿਲ ਕੇ ਗਿਆ ਸੀ। ਉਸ ਮਿਲਣੀ ਵਿਚ ਖੁਸ਼ਵੰਤ ਸਿੰਘ ਨੇ ਆਪਣੇ ਹਡਾਲੀ ਵਾਲੇ ਘਰ ਤੇ ਸਕੂਲ ਦਾ ਬਹੁਤ ਹੇਜ ਜਤਾਇਆ ਸੀ। ਨਤੀਜੇ ਵਜੋਂ ਐਜਾਜ਼ੁਦੀਨ ਖੁਸ਼ਵੰਤ ਸਿੰਘ ਦੀਆਂ ਅਸਥੀਆਂ ਵਾਲੀ ਰਾਖ ਦਿੱਲੀ ਤੋਂ ਹਡਾਲੀ ਲੈ ਕੇ ਗਿਆ ਸੀ ਜਿਹੜੀ ਉਸ ਨੇ ਹਡਾਲੀ ਵਾਲੇ ਸਕੂਲ ਦੇ ਸਾਹਮਣੇ ਖੁਸ਼ਵੰਤ ਸਿੰਘ ਦੇ ਨਾਂ ਦਾ ਯਾਦਗਾਰੀ ਪੱਥਰ ਲਗਾਉਣ ਸਮੇਂ ਵਰਤੇ ਜਾ ਰਹੇ ਸੀਮਿੰਟ ਵਿਚ ਰਲਾ ਦਿੱਤੀ ਸੀ। ਕਸੌਲੀ ਵਾਲੇ ਉਤਸਵ ਸਮੇਂ ਉਹ ਖੁਸ਼ਵੰਤ ਦੇ ਹਡਾਲੀ ਵਾਲੇ ਢਹਿ ਚੁੱਕੇ ਘਰ ਦੀ ਇੱਕ ਹਿੱਟ ਗਹਿਣਿਆਂ ਵਾਲੇ ਡੱਬੇ ਵਿਚ ਪਾ ਕੇ ਲਿਆਇਆ ਸੀ ਜਿਹੜੀ ਭਰੀ ਮਹਿਫਿਲ ਵਿਚ ਰਾਹੁਲ ਸਿੰਘ ਨੂੰ ਭੇਟ ਕੀਤੀ ਗਈ।
ਉਤਸਵ ਵਿਚ ਮਰਦਾਂ ਦੀ ਹਾਜ਼ਰੀ ਮਹਿਲਾਵਾਂ ਨਾਲੋਂ ਬਹੁਤ ਘੱਟ ਸੀ। ਰਿਲੀਜ਼ ਹੋਈਆਂ ਨਵੀਆਂ ਪੁਸਤਕਾਂ ਵਿਚੋਂ ਵੀ ਅਧੀ ਦਰਜਨ ਖੁਸ਼ਵੰਤ ਸਿੰਘ ਦੀ ਹੱਲਾਸ਼ੇਰੀ ਤੇ ਪ੍ਰੇਰਨਾ ਨਾਲ ਲੇਖਕ ਬਣੀਆਂ ਮਹਿਲਾਵਾਂ ਦੀਆਂ ਸਨ। ਉਂਜ ਇਸ ਮੌਕੇ ਨਾਲ ਮੇਲ ਖਾਂਦੀ ਸਭ ਤੋਂ ਮਹੱਤਵਪੂਰਨ ਪੁਸਤਕ ਰਾਹੁਲ ਸਿੰਘ ਦੀ ਸੀ। Ḕਦੰਦ ਕਥਾ ਬਣਿਆ ਖੁਸ਼ਵੰਤ ਸਿੰਘ।Ḕ ਇਸ ਵਿਚ ਦੇਸ਼ ਦੇਸ਼ਾਂਤਰਾਂ ਤੋਂ ਆਏ ਤਿੰਨ ਦਰਜਨ ਸ਼ਰਧਾਂਜਲੀ ਲੇਖ ਹੀ ਨਹੀਂ, ਰਾਹੁਲ ਦਾ ਆਪਣਾ ਲੇਖ ਖੁਸ਼ਵੰਤ ਸਿੰਘ ਦੀ ਹਰਮਨਪਿਆਰਤਾ ਦੇ ਕਾਰਨ ਤੇ ਸੋਮੇ ਉਭਾਰਨ ਵਾਲਾ ਸੀ। ਰਾਹੁਲ ਅਨੁਸਾਰ ਉਸ ਦੇ ਪਿਤਾ ਦੀ ਗੁੱਡੀ ਉਸ ਵੇਲੇ ਚੜ੍ਹੀ ਜਦੋਂ ਉਹ ਇਲਸਟ੍ਰੇਟਡ ਵੀਕਲੀ ਦਾ ਸੰਪਾਦਕ ਬਣਿਆ। ਦੂਜਾ ਵੱਡਾ ਕਾਰਨ ਉਹਦੇ ਵਲੋਂ ਚਿੱਠੀਆਂ ਤੇ ਪੁਸਤਕਾਂ ਦੇ ਉਤਰ ਵਿਚ ਲਿਖੇ ਹਜ਼ਾਰਾਂ ਪੋਸਟ ਕਾਰਡ ਹਨ। ਉਹ ਆਪਣੇ ਘਰ ਪਹੁੰਚੀ ਹਰ ਪੁਸਤਕ ਤੇ ਚਿੱਠੀ ਦਾ ਉਤਰ ਪੋਸਟ ਕਾਰਡ ਉਤੇ ਦਿੰਦਾ ਸੀ। ਉਤਰ ਅਤਿਅੰਤ ਸੰਖੇਪ ਇਕ ਦੋ ਸਤਰਾਂ ਦਾ ਹੁੰਦਾ ਸੀ। ਤਿੱਖਾ ਤੇ ਤੋੜਵਾਂ। ਰਾਹੁਲ ਨੇ ਦੱਸਿਆ ਕਿ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵਾਲਿਆਂ ਨੇ ਉਸ ਦੇ ਪਿਤਾ ਨੂੰ ਸਿੱਖਾਂ ਬਾਰੇ ਲਤੀਫੇ ਛਾਪਣ ਤੋਂ ਪਰਹੇਜ਼ ਕਰਨ ਦੀ ਸਲਾਹ ਦਿੱਤੀ ਤਾਂ ਉਸ ਦਾ ਤਿੰਨ ਸ਼ਬਦਾਂ ਦਾ ਉਤਰ Ḕਗੋ ਟੂ ਹੈਲḔ ਭਾਵ Ḕਢੱਠੇ ਖੂਹ ਵਿਚ ਪਵੋḔ ਸੀ। ਇਸ ਪ੍ਰਸੰਗ ਵਿਚ ਮੇਰੇ ਕੋਲ ਵੀ ਇੱਕ ਟੋਟਕਾ ਹੈ। ਮੈਂ ਉਸ ਨੂੰ ਚਾਰ ਦਹਾਕੇ ਤੋਂ ਜਾਣਦਾ ਸਾਂ ਜਦੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਾਲਿਆਂ ਮੈਨੂੰ ਪੱਤਰਕਾਰੀ ਤੇ ਜਨ ਸੰਚਾਰ ਵਿਭਾਗ ਵਿਚ ਅਧਿਆਪਕ ਲਾਉਣ ਤੋਂ ਪਹਿਲਾਂ ਮੇਰੇ ਬਾਰੇ ਉਸ ਦੀ ਰਾਏ ਮੰਗੀ ਤਦ ਵੀ ਉਸ ਨੇ ਪੋਸਟ ਕਾਰਡ ਉਤੇ ਇੱਕ ਹੀ ਲਾਈਨ ਲਿਖੀ, ḔḔਮੈਂ ਗੁਲਜ਼ਾਰ ਸਿੰਘ ਸੰਧੂ ਨੂੰ ਇੱਕ ਦੋਸਤ ਵਜੋਂ ਜਾਣਦਾ ਹਾਂ, ਉਸ ਦੀ ਅਧਿਆਪਨ ਯੋਗਤਾ ਬਾਰੇ ਕਿਸੇ ਹੋਰ ਨੂੰ ਪੁੱਛੋ।ḔḔ ਇਹ ਗੱਲ ਵੱਖਰੀ ਹੈ ਕਿ ਚੁਣਨ ਵਾਲਿਆਂ ਨੇ ਉਸ ḔḔਦੋਸਤੀḔḔ ਦੇ ਖੁੱਲ੍ਹੇ ਨੰਬਰ ਲਾ ਕੇ ਮੈਨੂੰ ਉਹ ਉਪਾਧੀ ਸੌਂਪ ਦਿੱਤੀ ਸੀ।
ਜੇ ਹੋਰ ਪੁੱਛੋ ਤਾਂ ਇਸ ਵਾਰੀ ਦਾ ਖੁਸ਼ਵੰਤ ਸਿੰਘ ਸਾਹਿਤ ਉਤਸਵ ਇੱਕ ਮਿੰਨੀ ਪੁਸਤਕ ਮੇਲਾ ਸੀ। ਹੇਅ ਹਾਊਸ ਪਬਲਿਸ਼ਰਜ਼ ਵਲੋਂ ਲਾਏ ਬੁੱਕ ਸਟਾਲ ਤੇ ਵਧੀਆ ਪੁਸਤਕਾਂ ਵਿਚ ਰਹੀਆਂ ਸਨ। ਉਨ੍ਹਾਂ ਦੇ ਮੈਨੇਜਿੰਗ ਡਾਇਰੈਕਟਰ ਅਸ਼ੋਕ ਚੋਪੜਾ ਨੇ ਮੰਚ ਸੰਚਾਲਨ ਕਰਦਿਆਂ ਸਮੇਂ ਦੀ ਬੰਦਿਸ਼ ਬਹੁਤ ਵਧੀਆ ਨਿਭਾਈ।
ਰਾਹੁਲ ਸਿੰਘ ਦੀ ਦੋਸਤ ਨੀਲੋਫਰ ਬਿਲੀ ਮੋਰੀਆ ਨੇ ਉਤਸਵ ਦੀ ਵਿਉਂਤਬੰਦੀ ਵਿਚ ਉਘਾ ਯੋਗਦਾਨ ਪਾਇਆ। ਮੇਰੀ ਜਾਣਕਾਰੀ ਅਨੁਸਾਰ ਰਾਹੁਲ ਤੇ ਨੀਲੋਫਰ ਤਿੰਨ ਮਹੀਨੇ ਤੋਂ ਇਸ ਕੰਮ ਲੱਗੇ ਹੋਏ ਸਨ। ਉਨ੍ਹਾਂ ਦੀ ਦੋਸਤੀ ਦਾ ਕੋਈ ਜਵਾਬ ਨਹੀਂ। ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਇੱਕ ਪੜਾਅ ਉਤੇ ਰਾਹੁਲ ਦੀ ਮਾਂ ਕਵਲ ਖੁਸ਼ਵੰਤ ਸਿੰਘ ਨੇ ਉਨ੍ਹਾਂ ਨੂੰ ਵਿਆਹ ਬੰਧਨ ਵਿਚ ਬੰਨ੍ਹਣ ਦੇ ਭਾਵ ਨਾਲ ਆਪਣੇ ਸਾਰੇ ਗਹਿਣੇ ਤੇ ਹੋਰ ਕੀਮਤੀ ਵਸਤਾਂ ਨੀਲੋਫਰ ਨੂੰ ਸੌਂਪ ਦਿੱਤੀਆਂ ਸਨ। ਪਰ ਨੀਲੋਫਰ ਨੇ ਵਿਆਹ ਨਾਲੋਂ ਦੋਸਤੀ ਨੂੰ ਤਰਜੀਹ ਦਿੰਦਿਆਂ ਸਾਰੇ ਗਹਿਣੇ ਜਿਉਂ ਦੇ ਤਿਉਂ ਕਵਲ ਨੂੰ ਮੋੜ ਦਿੱਤੇ ਸਨ। ਜੇ ਨੀਲੋਫਰ ਖੁਸ਼ਵੰਤ ਪਰਿਵਾਰ ਦੀ ਨੂੰਹ ਬਣ ਜਾਂਦੀ ਤਾਂ ਉਹ ਇੰਨੀ ਤਨਦੇਹੀ ਨਾਲ ਕੰਮ ਕਰਦੀ ਜਾਂ ਨਹੀਂ ਇਸ ਬਾਰੇ ਤਾਂ ਕਿਆਫੇ ਹੀ ਲਾਏ ਜਾ ਸਕਦੇ ਹਨ। ਰਾਹੁਲ-ਨੀਲੋਫਰ ਮਿੱਤਰਤਾ ਜ਼ਿੰਦਾਬਾਦ! ਮੇਰਾ ਨਿਸਚਾ ਹੈ ਕਿ ਇਨ੍ਹਾਂ ਦੇ ਹੁੰਦਿਆਂ ਇਹ ਉਤਸਵ ਹੋਰ ਵੀ ਮਾਨਣ ਯੋਗ ਹੁੰਦਾ ਜਾਵੇਗਾ। 2015 ਦੇ ਅਕਤੂਬਰ ਲਈ ਕਿਹੜਾ ਵਿਸ਼ਾ ਚੁਣਿਆ ਜਾਵੇਗਾ ਦਰਸ਼ਕਾਂ ਤੇ ਸਰੋਤਿਆਂ ਦੀ ਝਾਕ ਇਸ ਪਾਸੇ ਲੱਗੀ ਰਹੇਗੀ। ਜੇ ਏਸ ਵਰ੍ਹੇ ਦਾਸਤਾਨ ਗੋਈ ਨੇ ਸਆਦਤ ਹਸਨ ਮੰਟੋ ਨੂੰ ਯਾਦ ਕਰਵਾਇਆ ਹੈ ਤਾਂ ਅਗਲੇ ਵਰ੍ਹੇ ਮਿਰਜ਼ਾ ਗਾਲਿਬ ਦਾ ਗੁਣਾ ਪੈ ਸਕਦਾ ਹੈ ਜਿਸ ਦਾ ਖੁਸ਼ਵੰਤ ਸਿੰਘ ਮੰਟੋ ਨਾਲੋਂ ਵੀ ਵੱਧ ਮੱਦਾਹ ਸੀ।
ਅੰਤਿਕਾ: (ਮਿਰਜ਼ਾ ਅਸਦ ਉਲਾ ਖਾਂ ਗ਼ਾਲਿਬ)
ਕੈਦ ਏ ਹਯਾਤ ਓ ਬੰਦੇ
ਗਮ ਅਸਲ ਮੇਂ ਦੋਨੋ ਏਕ ਹੈਂ,
ਮੌਤ ਸੇ ਪਹਿਲੇ ਆਦਮੀ
ਗਮ ਸੇ ਨਿਜਾਤ ਪਾਏ ਕਿਉਂ?
ਹਾਂ ਵੁਹ ਨਹੀਂ ਖੁਦਾ ਪ੍ਰਸਤ
ਜਾਓ ਵੋ ਬੇਵਫਾ ਸਹੀ,
ਜਿਸਕੋ ਹੋ ਦੀਨ ਓ ਦਿੱਲ ਅਜ਼ੀਜ਼
ਉਸ ਕੀ ਗਲੀ ਮੇਂ ਜਾਏ ਕਿਉਂ?
ਗ਼ਾਲਿਬ ਏ ਖਸਤਾ ਕੇ ਬਗ਼ੈਰ
ਕੌਨ ਸੇ ਕਾਮ ਬੰਦ ਹੈਂ!
ਰੋਈਏ ਜ਼ਾਰ ਜ਼ਾਰ ਕਿਆ?
ਕੀਜੀਏ ਹਾਏ ਹਾਏ ਕਿਉਂ?
Leave a Reply