ਬੀਬੀ ਸੁਰਜੀਤ ਕੌਰ ਸੈਕਰਾਮੈਂਟੋ
ਅਹੁ ਸਾਹਮਣੇ ਜੋ ਆਲੀਸ਼ਾਨ ਅਤੇ ਵਿਸ਼ਾਲ ਬਿਲਡਿੰਗ ਦਿਸ ਰਹੀ ਹੈ, ਇਹ ਗੁਰਦੁਆਰਾ ਹੈ ਜਿਸ ਉਤੇ ਕਈ ਮਿਲੀਅਨ ਡਾਲਰ ਖਰਚ ਹੋਏ ਹਨ। ਇਸ ਦੇ ਬਾਹਰ ਕਾਰ ਪਾਰਕ ਦਾ ਜੋ ਨਜ਼ਾਰਾ ਹੈ, ਉਹ ਵੀ ਅਤਿ ਮਨਮੋਹਣਾ ਹੈ। ਬਜ਼ੁਰਗਾਂ ਦੇ ਬੈਠਣ ਲਈ ਨਿੱਕੀਆਂ-ਨਿੱਕੀਆਂ ਪਾਰਕਾਂ ਬਣਾ ਕੇ ਵਿਚ ਗੱਦੇਦਾਰ ਬੈਂਚ ਲਗਾਏ ਗਏ ਹਨ ਅਤੇ ਸੋਹਣੇ ਰੰਗ-ਬਰੰਗੇ ਫੁੱਲਾਂ ਵਾਲੇ ਤੇ ਛਾਂ-ਦਾਰ ਬੂਟੇ ਇਸ ਦੀ ਦਿਖ ਨੂੰ ਹੋਰ ਸੁੰਦਰ ਬਣਾਉਂਦੇ ਹਨ। ਇਸ ਬਿਲਡਿੰਗ ਦੀ ਜੋ ਅੰਦਰਲੀ ਖੂਬਸੂਰਤੀ ਹੈ, ਇਹ ਇਸ ਦੁਨੀਆਂ ਤੋਂ ਵੱਖਰੀ ਹੀ ਦਿਖਾਈ ਦਿੰਦੀ ਹੈ। ਸਤਿਗੁਰਾਂ ਦੇ ਦਰਬਾਰ ਹਾਲ ਦੀ ਤਾਂ ਸ਼ਾਨ ਹੀ ਨਿਆਰੀ ਹੈ। ਸੋਨੇ ਦੀ ਬਹੁਤ ਮਹਿੰਗੀ ਅਤੇ ਕੀਮਤੀ ਪਾਲਕੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸ਼ਸ਼ੋਭਿਤ ਹੈ। ਸ਼ਬਦ ਗੁਰੂ ਜੀ ਦੇ ਵਸਤਰ ਰੁਮਾਲੇ ਵੀ ਬੇਹੱਦ ਕੀਮਤੀ ਹਨ ਜਿਨ੍ਹਾਂ ਉਤੇ ਕਾਰੀਗਰਾਂ ਨੇ ਕਮਾਲ ਦਾ ਕੰਮ ਕੀਤਾ ਹੋਇਆ ਹੈ। ਸ਼ਬਦ ਗੁਰੂ ਦਾ ਇਹ ਘਰ ਹੈ ਅਤੇ ਸੁੰਦਰ ਸੋਹਣਾ ਹੋਣਾ ਵੀ ਚਾਹੀਦਾ ਹੈ।
ਐਤਵਾਰ ਦਾ ਦਿਨ ਹੈ, ਸੰਗਤਾਂ ਦੀ ਆਵਾਜਾਈ ਸ਼ੁਰੂ ਹੋ ਚੁੱਕੀ ਹੈ। ਸਟੇਜ ‘ਤੇ ਬੈਠੇ ਕੁਝ ਲੋਕ ਕੀਰਤਨ ਕਰ ਰਹੇ ਹਨ ਜੋ ਕੀਰਤਨੀਏ ਨਹੀਂ ਹਨ। ਉਨ੍ਹਾਂ ਦਾ ਗੁਰਬਾਣੀ ਦਾ ਉਚਾਰਨ ਵੀ ਸ਼ੁੱਧ ਨਹੀਂ ਹੈ। ਸੰਗਤਾਂ ਆ ਰਹੀਆਂ ਹਨ, ਰੌਣਕ ਵਧ ਰਹੀ ਹੈ। ਥੋੜ੍ਹੀ-ਥੋੜ੍ਹੀ ਦੇਰ ਬਾਅਦ ਸਟੇਜ ‘ਤੇ ਅਦਲਾ-ਬਦਲੀ ਹੋ ਰਹੀ ਹੈ। ਹੁਣ ਕੁਝ ਹੋਰ ਆਦਮੀ ਸਟੇਜ ‘ਤੇ ਆ ਬੈਠਦੇ ਹਨ ਅਤੇ ਸ਼ਬਦ ਪੜ੍ਹਨਾ ਸ਼ੁਰੂ ਕਰ ਦਿੰਦੇ ਹਨ। ਇਹ ਪਹਿਲਿਆਂ ਨਾਲੋਂ ਵੀ ਥੋੜ੍ਹਾ ਜਿਹਾ ਅੱਗੇ ਹਨ। ਹੁਣ ਤੀਜਾ ਗਰੁਪ ਸਟੇਜ ‘ਤੇ ਆ ਰਿਹਾ ਹੈ ਪਰ ਸੈਕਟਰੀ ਸਾਹਿਬ ਜੋ ਗੁਰਬਾਣੀ ਅਤੇ ਇਤਿਹਾਸ ਤੋਂ ਬਿਲਕੁਲ ਕੋਰੇ ਅਤੇ ਅਨਜਾਣ ਹਨ, ਹਰ ਵਾਰੀ ਉਠ ਕੇ ਸਟੇਜ ‘ਤੇ ਜਾ ਮਾਈਕ ਫੜ ਕੇ ਬੋਲਦੇ ਹਨ- ਹੁਣ ਸਾਡਾ ਅਗਲਾ ਮਹਾਨ ਕੀਰਤਨੀ ਜਥਾ ਸ਼ਬਦ ਪੜ੍ਹੇਗਾ।
ਸਟੇਜ ਦੇ ਨੇੜੇ ਹੀ ਇਕ ਬਜ਼ੁਰਗ ਬੈਠੇ ਹਨ ਜਿਨ੍ਹਾਂ ਦੇ ਚਿਹਰੇ ‘ਤੇ ਨੂਰ ਵੀ ਭਾਸਦਾ ਹੈ, ਪਰ ਉਹ ਵਿਆਕੁਲ ਲੱਗਦੇ ਹਨ। ਉਹ ਕੋਲ ਬੈਠੇ ਸਟੇਜ ਸੈਕਟਰੀ ਨੂੰ ਥੋੜ੍ਹੀ-ਥੋੜ੍ਹੀ ਦੇਰ ਬਾਅਦ ਕੁਝ ਕਹਿੰਦੇ ਹਨ। ਸਟੇਜ ਸੈਕਟਰੀ ਹਰ ਵਾਰ ਉਨ੍ਹਾਂ ਨੂੰ ਅਣਗੌਲਿਆ ਕਰ ਦਿੰਦਾ ਹੈ। ਉਹ ਬਜ਼ੁਰਗ ਫਿਰ ਹਿੰਮਤ ਕਰਦੇ ਹਨ ਅਤੇ ਹੱਥ ਜੋੜ ਕੇ ਸੈਕਟਰੀ ਨੂੰ ਬੇਨਤੀ ਕਰਦੇ ਹਨ। ਸਟੇਜ ਸੈਕਟਰੀ ਬੜੀ ਮੁਸ਼ਕਿਲ ਨਾਲ ਸਪੀਕਰ ‘ਤੇ ਉਸ ਬਜ਼ੁਰਗ ਦਾ ਨਾਮ ਬੋਲ ਕੇ ਦੋ ਮਿੰਟ ਦਾ ਟਾਈਮ ਉਸ ਲਈ ਅਨਾਊਂਸ ਕਰਦਾ ਹੈ। ਬਜ਼ੁਰਗ ਦਾ ਨਾਮ ਸੁਣ ਕੇ ਮੈਂ ਤ੍ਰਭਕ ਉਠਦੀ ਹਾਂ ਅਤੇ 30 ਸਾਲ ਪਿੱਛੇ ਜਾ ਪਹੁੰਚਦੀ ਹਾਂæææ ਹਾਇ ਰੱਬਾ! ਇਹ ਬਾਬਾ ਜੀ ਉਹ ਕੀਰਤਨੀਏ ਹਨæææ ਉਸ ਵੇਲੇ ਇਨ੍ਹਾਂ ਦੀ ਉਮਰ ਮਸੀਂ ਪੰਤਾਲੀ ਜਾਂ ਪੰਜਾਹ ਦੇ ਕਰੀਬ ਹੋਵੇਗੀ, ਜਦ ਇਹ ਆਪਣੇ ਜਥੇ ਨਾਲ ਇੰਡੀਆ ਤੋਂ ਸੰਗਤਾਂ ਦੇ ਸੱਦੇ ‘ਤੇ ਕੀਰਤਨ ਕਰਨ ਲਈ ਆਏ ਸਨ। ਇਨ੍ਹਾਂ ਦਾ ਕੀਰਤਨ ਅਤੇ ਨਾਂ ਸੁਣ ਕੇ ਜਿਵੇਂ ਗੁਰੂ ਘਰਾਂ ਦੀਆਂ ਕਮੇਟੀਆਂ ਵਿਚ ਦੌੜ ਜਿਹੀ ਲੱਗ ਗਈ ਸੀ। ਹਰ ਗੁਰੂ ਘਰ ਦੀ ਕਮੇਟੀ ਚਾਹੁੰਦੀ ਸੀ ਕਿ ਅਗਲਾ ਕੀਰਤਨ ਉਨ੍ਹਾਂ ਵਾਲੇ ਗੁਰੂ ਘਰ ਵਿਚ ਹੋਵੇ। ਕਮੇਟੀਆਂ ਤਰਲੇ ਅਤੇ ਸੰਗਤਾਂ ਤਾਰੀਫ਼ ਕਰਦੀਆਂ ਨਹੀਂ ਸੀ ਥੱਕਦੀਆਂ। ਜਿਥੇ ਵੀ ਕੀਰਤਨ ਹੁੰਦਾ, ਦੂਜੇ ਸ਼ਹਿਰਾਂ ਤੋਂ ਵੀ ਸੰਗਤਾਂ ਇਕ-ਦੂਜੇ ਤੋਂ ਪਹਿਲਾਂ ਪਹੁੰਚ ਕੇ ਬੈਠਣ ਲਈ ਅਹੁਲਦੀਆਂ। ਕੀਰਤਨ ਮਗਰੋਂ ਲੋਕ ਲਾਈਨਾਂ ਵਿਚ ਲੱਗ ਕੇ ਇਨ੍ਹਾਂ ਨੂੰ ਆਪਣੇ ਘਰ ਲੰਗਰ ਛਕਣ ਲਈ ਬੇਨਤੀਆਂ ਕਰਦੇ। ਜਿਨ੍ਹਾਂ ਨੂੰ ਲੰਗਰ ਲਈ ਸਮਾਂ ਨਾ ਮਿਲਦਾ, ਉਹ ਚਾਹ-ਪਾਣੀ ਵਾਸਤੇ ਸਮਾਂ ਮੰਗ ਲੈਂਦੇ। ਉਨ੍ਹਾਂ ਦੀ ਰਸਨਾ ‘ਤੇ ਵੀ ਜਿਵੇਂ ਰੱਬ ਆਪ ਬੈਠਾ ਹੋਵੇ। ਇੰਜ ਲਗਦਾ, ਜਿਵੇਂ ਰੱਬ ਆਪ ਹੀ ਬੋਲ ਰਿਹਾ ਹੋਵੇ। ਗੁਰੂ ਦੀ ਮਿਹਰ ਸਦਕਾ ਆਚਾਰ ਦੇ ਵੀ ਉਚੇ ਅਤੇ ਕਿਰਦਾਰ ਦੇ ਵੀ ਸੁੱਚੇ। ਗੁਰੂ ਸ਼ਬਦ ਦਾ ਸ਼ੁਧ ਉਚਾਰਨ ਅਤੇ ਸੋਹਣੀ ਵਿਆਖਿਆ, ਜਿਵੇਂ ਅੰਮ੍ਰਿਤ ਰਸ ਵਰਸ ਰਿਹਾ ਹੋਵੇ। ਚਿਹਰੇ ‘ਤੇ ਖਿੜਿਆ ਹੋਇਆ ਨੂਰ ਅਤੇ ਗੁਰੂ ਦਾ ਸਤਿਕਾਰ। ਮਾਇਆ ਨੂੰ ਕਦੀ ਪਿਆਰ ਨਾ ਕੀਤਾ; ਜੋ ਮਿਲਿਆ, ਪ੍ਰਵਾਨ ਕਰ ਲਿਆ। ਕੀਰਤਨ ਰਾਹੀਂ ਜਦ ਨਾਮ ਦੀ ਵਰਖਾ ਹੁੰਦੀ, ਤਾਂ ਧਰਤੀ ‘ਤੇ ਹੀ ਸੱਚਖੰਡ ਬਣ ਜਾਂਦਾ।
ਸਮਾਂ ਤੁਰਦਾ ਗਿਆ, ਬੁਢਾਪੇ ਨੇ ਪੈਰ ਪਸਾਰ ਲਏ। ਇਨ੍ਹਾਂ ਦੇ ਦੋਵੇਂ ਬੇਟੇ ਵੀ ਪੜ੍ਹ-ਲਿਖ ਕੇ ਇਥੇ ਹੀ ਆਣ ਵੱਸੇ ਅਤੇ ਇਨ੍ਹਾਂ ਵਾਂਗ ਉਹ ਵੀ ਆਪਣੇ ਧਰਮ ਅਤੇ ਪਰਉਪਕਾਰ ਦੇ ਰਸਤੇ ਦੇ ਰਾਹੀ ਬਣੇ। ਬਾਬਾ ਜੀ ਅੱਜ ਵੀ ਗੁਰੂ ਨੂੰ ਸਮਰਪਿਤ ਹਨ ਅਤੇ ਕੀਰਤਨ ਦਾ ਚਾਉ ਵੀ ਉਵੇਂ ਬਰਕਰਾਰ ਰਿਹਾ, ਪਰ ਅੱਜ ਜਦੋਂ ਸੈਕਟਰੀ ਨੇ ਉਸ ਬਜ਼ੁਰਗ ਕੀਰਤਨੀਏ ਲਈ ਦੋ ਮਿੰਟ ਦਾ ਸਮਾਂ ਅਨਾਊਂਸ ਕੀਤਾ ਤਾਂ ਨਾਲ ਹੀ ਇਹ ਚਾਨਣਾ ਵੀ ਪਾ ਦਿੱਤਾ, ‘ਬਜ਼ੁਰਗ ਆਖਦੇ ਹਨ, ਕਦੀ ਇਹ ਵੀ ਸ਼ਬਦ ਪੜ੍ਹਦੇ ਹੁੰਦੇ ਸਨ।’ ਇਹ ਸੁਣ ਕੇ ਮੇਰੀਆਂ ਅੱਖਾਂ ਵਿਚੋਂ ਆਪ-ਮੁਹਾਰੇ ਪਾਣੀ ਵਹਿ ਤੁਰਿਆæææ ਹਾਇ ਰੱਬਾ! ਏਡੀ ਦੁਰਗਤ! ਸੈਕਟਰੀ ਫਿਰ ਬੋਲਿਆ, ‘ਮੈਂ ਤਾਂ ਕਹਿੰਦਾ ਹਾਂ ਕਿ ਹੁਣ ਇਨ੍ਹਾਂ ਦੀ ਉਮਰ ਹੋ ਚੁੱਕੀ ਹੈ, ਇਨ੍ਹਾਂ ਨੂੰ ਘਰ ਬੈਠ ਕੇ ਆਰਾਮ ਕਰਨਾ ਚਾਹੀਦਾ ਹੈ। ਇਹ ਹਰ ਸੰਡੇ ਨੂੰ ਆ ਕੇ ਸਾਨੂੰ ਤੰਗ ਕਰਦੇ ਹਨ ਅਤੇ ਸ਼ਬਦ ਦਾ ਟਾਈਮ ਮੰਗਦੇ ਹਨ। ਸਾਡੇ ਕੋਲ ਤਾਂ ਪਹਿਲਾਂ ਹੀ ਕੀਰਤਨ ਕਰਨ ਵਾਲੇ ਜਥੇ ਬਥੇਰੇ ਹਨ। ਦੱਸੋ ਸਾਨੂੰ ਕੀ ਕਰਨਾ ਚਾਹੀਦਾ ਹੈ?’
ਇਹ ਸੁਣ ਕੇ ਸੰਗਤਾਂ ਵਿਚ ਵੀ ਘੁਸਰ-ਮੁਸਰ ਗੁਰੂ ਹੋ ਗਈ। ਕਿਸੇ ਵੀ ਆਵਾਜ਼ ਆਈ, ‘ਬਾਬੇ ਨੇ ਆਪਣੇ ਵੇਲੇ ਬਥੇਰੀ ਕਮਾਈ ਕੀਤੀ ਹੋਈ ਹੈ।’ ਕਿਸੇ ਨੇ ਆਖਿਆ, ‘ਘਰ ਕਿਹੜਾ ਹੁਣ ਕੋਈ ਪੁੱਛਦਾ ਹੋਣਾ ਹੈ’, ਤੇ ਕਿਸੇ ਆਖਿਆ, ‘ਬਾਬੇ ਨੂੰ ਇਸ ਉਮਰੇ ਵੀ ਸ਼ਬਦ ਦਾ ਚਾਅ ਚੜ੍ਹਿਆ ਪਿਆ ਹੈ’, ‘ਚਲੋ ਦੋ-ਚਾਰ ਮਿੰਟ ਨਾਲ ਕੀ ਫਰਕ ਪੈਂਦਾ ਹੈ, ਬੋਲ ਲੈਣ ਦਿਓ ਵਿਚਾਰੇ ਨੂੰ।’æææ ਇਹ ਸਾਰੀਆਂ ਆਵਾਜ਼ਾਂ ਗੁਰੂ ਦੀਆਂ ਸੰਗਤਾਂ ਵਿਚੋਂ ਆ ਰਹੀਆਂ ਸੁਣ ਕੇ ਬਜ਼ੁਰਗ ਬਾਬਾ ਜੀ ਨੇ ਬੜੇ ਹੀ ਆਰਾਮ ਨਾਲ ਸਿਰ ਉਤਾਂਹ ਚੁੱਕਿਆ, ਡਬ-ਡਬਾਈਆਂ ਅੱਖਾਂ ਨਾਲ ਸ਼ਬਦ ਗੁਰੂ ਅਤੇ ਸੰਗਤਾਂ ਵੱਲ ਵੇਖਿਆ, ਕੰਬਦੇ ਹੱਥਾਂ ਨਾਲ ਮਾਈਕ ਫੜਿਆ ਅਤੇ ਦੋਵੇਂ ਹੱਥਾਂ ਜੋੜ ਕੇ ਬੋਲੇ, ‘ਵਾਹ ਮੇਰੇ ਸੱਚੇ ਪਾਤਸ਼ਾਹ ਜੀਉ! ਆਪ ਧੰਨ ਹੋ। ਮੈਂ ਤੇਰੇ ਘਰ ਦਾ ਕੀਰਤਨੀਆ ਜਿਸ ਨੇ ਸਾਰੀ ਉਮਰ ਤੇਰੇ ਘਰ ਦੇ ਲੇਖੇ ਲਾਈ, ਤੈਥੋਂ ਬਿਨਾਂ ਹੋਰ ਕੁਝ ਚਾਹਿਆ ਹੀ ਨਹੀਂ ਮੇਰੇ ਸਤਿਗੁਰ ਜੀਉæææ ਆਪ ਦੀਆਂ ਸੰਗਤਾਂ ਤਾਂ ਬਹੁਤ ਹੀ ਮਹਾਨ ਹਨ ਸਤਿਗੁਰ ਜੀਉæææ ਅਜੇ ਕੱਲ੍ਹ ਦੀ ਗੱਲ ਹੈ, ਜਦ ਅਸੀਂ ਕੀਰਤਨ ਕਰ ਕੇ ਉਠਦੇ ਸਾਂ, ਤਾਂ ਇਹੋ ਹੀ ਸੰਗਤਾਂ ਪੈਰਾਂ ਨੂੰ ਹੱਥ ਲਾਉਣ ਲਈ ਉਤਾਵਲੀਆਂ ਰਹਿੰਦੀਆਂ ਸਨ ਅਤੇ ‘ਕੋਈ ਸੇਵਾ ਦੱਸੋ’ ਵਰਗੇ ਸ਼ਬਦ ਚਾਰੇ ਪਾਸਿਆਂ ਤੋਂ ਸੁਣਾਈ ਦਿੰਦੇ ਸਨ ਸਤਿਗੁਰ ਜੀਉæææ ਅਸੀਂ ਸੋਚਦੇ ਸੀ, ਜਦ ਬੁਢਾਪੇ ਵਿਚ ਵੀ ਕਦੀ ਤੇਰੇ ਘਰ ਆਇਆ ਕਰਾਂਗੇ, ਤਾਂ ਸੰਗਤਾਂ ਵਿਚੋਂ ਸਾਨੂੰ ਉਹੋ ਹੀ ਪਿਆਰ ਅਤੇ ਸਤਿਕਾਰ ਮਿਲਿਆ ਕਰੇਗਾ ਜੋ ਗੁਰੂ ਦੇ ਕੀਰਤਨੀਏ ਨੂੰ ਮਿਲਣਾ ਚਾਹੀਦਾ ਹੈ, ਪਰ ਅੱਜ ਅੱਸੀ ਸਾਲ ਦੀ ਉਮਰ ਵਿਚ ਪਿਤਾ ਜੀਉæææ ਜੋ ਤ੍ਰਿਸਕਾਰ ਅਤੇ ਜ਼ਿੱਲਤ ਸਾਨੂੰ ਮਿਲ ਰਹੀ ਹੈ, ਉਹ ਹੁਣ ਸਹਿਣ ਨਹੀਂ ਹੋ ਰਹੀ ਹੈæææ ਮੇਰੇ ਸਤਿਗੁਰ ਜੀਉæææ ਮੈਂ ਤੇਰਾ ਕੀਰਤਨੀਆਂ ਹਾਂ, ਮੈਂ ਤੇਰੀ ਸੇਵਾ ਕੀਤੀ ਹੈ, ਸਾਰੀ ਉਮਰ ਤੇਰੇ ਲੇਖੇ ਲਾਈ ਹੈ, ਉਸ ਦਾ ਸਿਲਾ ਜੋ ਅੱਜ ਗੁਰੂ ਘਰ ਵਿਚੋਂ ਮਿਲ ਰਿਹਾ ਹੈ, ਉਸ ਲਈ ਮੈਂ ਆਪ ਦੀਆਂ ਸੰਗਤਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ।’ ਇਹ ਆਖ ਕੇ ਉਹ ਬਜ਼ੁਰਗ ਹੌਲੀ-ਹੌਲੀ ਗੁਰੂ ਘਰ ਵਿਚੋਂ ਬਾਹਰ ਨਿਕਲ ਗਏ ਅਤੇ ਫਿਰ ਕਦੀ ਦਿਖਾਈ ਨਹੀਂ ਦਿੱਤੇ। ਹੁਣ ਸੈਕਟਰੀ ਅਤੇ ਸੰਗਤਾਂ ਸਿਰ ਸੁੱਟ ਕੇ ਬੈਠ ਗਏ ਅਤੇ ਹਰ ਪਾਸੇ ਸੰਨਾਟਾ ਛਾ ਗਿਆ ਸੀ।
Leave a Reply