ਵਿਦੇਸ਼ੀ ਫੰਡਾਂ ‘ਤੇ ਖੁਫੀਆ ਏਜੰਸੀਆਂ ਦੀ ਨਜ਼ਰ

ਨਵੀਂ ਦਿੱਲੀ: ਭਾਰਤ ਦੇ ਗ਼ੈਰਸਰਕਾਰੀ ਸੰਗਠਨਾਂ (ਐਨਜੀਓਜ਼) ਨੂੰ ਵਿਦੇਸ਼ਾਂ ਵਿਚੋਂ ਦਾਨ ਦੇ ਰੂਪ ਵਿਚ 10,334 ਕਰੋੜ ਰੁਪਏ ਸਾਲਾਨਾ ਮਿਲਣ ‘ਤੇ ਹੁਣ ਦੇਸ਼ ਦੇ ਗ੍ਰਹਿ ਮੰਤਰਾਲੇ ਵੱਲੋਂ ਅਜਿਹੇ ਸਾਰੇ ਨਕਦੀ ਤਬਾਦਲਿਆਂ ‘ਤੇ ਬਾਰੀਕੀ ਨਾਲ ਨਿਗ੍ਹਾ ਰੱਖੀ ਜਾ ਰਹੀ ਹੈ ਤੇ ਸੀæਬੀæਆਈæ ਨੂੰ 24 ਕੇਸਾਂ ਵਿਚ ਜਾਂਚ ਕਰਨ ਲਈ ਕਿਹਾ ਹੈ। ਇਸ ਦੇ ਨਾਲ ਹੀ 10 ਕੇਸ ਸੂਬਿਆਂ ਦੀ ਪੁਲਿਸ ਦੀ ਨਿਗਰਾਨੀ ਵਿਚ ਦਿੱਤੇ ਗਏ ਹਨ।
ਇਨ੍ਹਾਂ ਐਨਜੀਓਜ਼ ਵਿਚ ਧੂਰੀ ਤੋਂ ਕਾਂਗਰਸ ਦੇ ਵਿਧਾਇਕ ਅਰਵਿੰਦ ਖੰਨਾ ਦੀ ਐਨਜੀਓ ਵੀ ਸ਼ਾਮਲ ਹੈ। ਕੇਂਦਰੀ ਗ੍ਰਹਿ ਮਾਮਲਿਆਂ ਦੇ ਰਾਜ ਮੰਤਰੀ ਐਮæ ਰਾਮਾਚੰਦਰਨ ਨੇ 27 ਨਵੰਬਰ ਨੂੰ ਲੋਕ ਸਭਾ ਵਿਚ ਲਿਖਤੀ ਜਵਾਬ ਦਿੰਦਿਆਂ ਦੱਸਿਆ ਸੀ ਕਿ ਐਨਜੀਓਜ਼ ਸਮੇਤ ਕਿਸੇ ਵੀ ਵਿਅਕਤੀ ਨੂੰ ਜੇਕਰ ਵਿਦੇਸ਼ਾਂ ਵਿਚੋਂ ਕੋਈ ਰਾਸ਼ੀ ਮਿਲਦੀ ਹੈ ਤਾਂ ਸਰਕਾਰ ਇਸ ਦੀ ਨਿਗਰਾਨੀ ਰੱਖਦੀ ਹੈ। ਲੋਕ ਸਭਾ ਵਿਚ ਦੱਸਿਆ ਗਿਆ ਸੀ ਕਿ ਰਿਪੋਰਟਾਂ ਆ ਰਹੀਆਂ ਸਨ ਕਿ ਕੁਝ ਐਨਜੀਓਜ਼ ਮੁਲਕ ਵਿਰੋਧੀ ਤੇ ਸਿਆਸੀ ਸਰਗਰਮੀਆਂ ਵਿਚ ਸ਼ਾਮਲ ਸਨ। ਸ਼ਿਕਾਇਤਾਂ ਤੇ ਜਾਂਚ ਦੇ ਆਧਾਰ ‘ਤੇ 24 ਕੇਸ ਜਾਂਚ ਲਈ ਸੀਬੀਆਈ ਨੂੰ ਸੌਂਪੇ ਗਏ ਹਨ।
ਪਾਰਲੀਮੈਂਟ ਵਿਚ ਰਾਮਾਚੰਦਰਨ ਨੇ ਦੱਸਿਆ ਸੀ ਕਿ ਸਾਲ 2008-09 ਵਿਚ ਭਾਰਤ ਭਰ ਦੀਆਂ 23,172 ਐਨਜੀਓਜ਼ ਨੂੰ ਵਿਦੇਸ਼ਾਂ ਤੋਂ 16,997 ਕਰੋੜ ਰੁਪਏ, 2009-10 ਦੌਰਾਨ 22,275 ਐਨਜੀਓਜ਼ ਨੂੰ 10,432 ਕਰੋੜ ਰੁਪਏ ਤੇ 2010-11 ਵਿਚ 22,735 ਐਨਜੀਓਜ਼ ਨੂੰ 10,334 ਕਰੋੜ ਰੁਪਏ ਆਏ ਸਨ। ਇਸ ਤਰ੍ਹਾਂ ਇੰਨੀ ਵੱਡੀ ਰਾਸ਼ੀ ਨਾਲ ਇਕ ਸਮਾਂਤਰ ਆਰਥਿਕਤਾ ਚਲਾਈ ਜਾ ਰਹੀ ਸੀ। ਐਨਜੀਓਜ਼ ਨੂੰ ਆ ਰਹੀ ਵਿਦੇਸ਼ੀ ਸਾਲਾਨਾ ਰਾਸ਼ੀ ਦੇਸ਼ ਦੇ ਕਈ ਛੋਟੇ ਸੂਬਿਆਂ ਦੇ ਬਜਟ ਤੋਂ ਵੀ ਵੱਧ ਹੈ।
2010-11 ਦੌਰਾਨ 161 ਦੇਸ਼ਾਂ ਤੋਂ ਭਾਰਤ ਵਿਚ ਵਿੱਤੀ ਮੱਦਦ ਆਈ ਤੇ ਇਨ੍ਹਾਂ ਵਿਚੋਂ ਕੁਝ ਦਾਨੀ ਮੁਲਕ ਅਜਿਹੇ ਸਨ ਜਿਨ੍ਹਾਂ ਨੂੰ ਖੁਦ ਕਈ ਕੌਮਾਂਤਰੀ ਬਾਡੀਆਂ ਵਿੱਤੀ ਮਦਦ ਦੇ ਕੇ ਚਲਾ ਰਹੀਆਂ ਹਨ। ਇਨ੍ਹਾਂ ਮੁਲਕਾਂ ਦੀ ਭਾਰਤ ਨਾਲ ਕੋਈ ਭਾਵੁਕ ਸਾਂਝ ਵੀ ਨਜ਼ਰ ਨਹੀਂ ਆਉਂਦੀ।
ਪੰਜਾਬ ਦੀਆਂ ਐਨਜੀਓਜ਼ ਨੂੰ 78 ਕਰੋੜ ਤੇ ਚੰਡੀਗੜ੍ਹ ਦੀਆਂ ਐਨਜੀਓਜ਼ ਨੂੰ ਅੱਠ ਕਰੋੜ ਰੁਪਏ ਵਿਦੇਸ਼ੀ ਮਦਦ ਮਿਲੀ ਸੀ। ਇਸ ਤੋਂ ਇਲਾਵਾ ਉੱਤਰੀ ਭਾਰਤ ਦੇ ਸੂਬਿਆਂ ਹਿਮਾਚਲ ਪ੍ਰਦੇਸ਼ ਨੂੰ 117 ਕਰੋੜ, ਹਰਿਆਣਾ ਨੂੰ 14 ਕਰੋੜ ਤੇ ਜੰਮੂ ਕਸ਼ਮੀਰ ਨੂੰ 25 ਕਰੋੜ ਰੁਪਏ ਵਿਦੇਸ਼ੀ ਵਿੱਤੀ ਮਦਦ ਮਿਲੀ ਦੱਸੀ ਜਾਂਦੀ ਹੈ।
ਗ੍ਰਹਿ ਮੰਤਰਾਲੇ ਵੱਲੋਂ ਲੋਕ ਸਭਾ ਵਿਚ ਪੇਸ਼ ਜਿਹੜੇ 24 ਕੇਸ ਸੀਬੀਆਈ ਨੂੰ ਜਾਂਚ ਲਈ ਸੌਂਪੇ ਗਏ ਹਨ, ਉਨ੍ਹਾਂ ਵਿਚੋਂ ਪੰਜਾਬ ਦੇ ਧੂਰੀ ਹਲਕੇ ਤੋਂ ਕਾਂਗਰਸੀ ਵਿਧਾਇਕ ਅਰਵਿੰਦ ਖੰਨਾ ਦਾ ਨਾਂ ਵੀ ਸ਼ਾਮਲ ਹੈ। ਹੋਰਾਂ ਵਿਚ ਤਾਮਿਲ ਮੁਸਲਿਮ ਮੁਨੇਤਰਾ ਕੜਗਮ ਕੋਇੰਬਟੂਰ-ਰੀਚ ਇਨ ਨੀਲਗਿਰੀਜ਼ ਤਾਮਿਲਨਾਡੂ, ਅਬਦੁਲ ਕਲਾਮ ਆਜ਼ਾਦ ਇਸਲਾਮਿਕ ਅਵੇਕਨਿੰਗ ਸੈਂਟਰ ਨਵੀਂ ਦਿੱਲੀ, ਖਵਾਜਾ ਖੁਸ਼ਹਾਲ ਚੈਰੀਟੇਬਲ ਟਰਸਟ, ਮੁਜ਼ੱਫਰਨਗਰ ਯੂæਪੀæ, ਅੰਜੂਮਨ ਹੁਸਾਮੀਆ ਐਜੂਕੇਸ਼ਨਲ ਐਸੋਸੀਏਸ਼ਨ ਹੈਦਰਾਬਾਦ, ਪ੍ਰਗਤੀ ਅਨਾਥ ਘਰ, ਆਂਧਰਾ ਪ੍ਰਦੇਸ਼, ਅਵੇਅਰ ਏਪੀæ, ਵਿਸ਼ਵ ਧਰਮਾਯਤਨ ਟਰੱਸਟ ਨਵੀਂ ਦਿੱਲੀ, ਰਤਨੇਸ਼ ਖੰਡੇਲਵਾਲ ਤੇ ਨੌਂ ਹੋਰ ਮੁੰਬਈ, ਪ੍ਰਕਾਸ਼ ਸੀæ ਭੱਟ ਤੇ ਚਾਰ ਹੋਰ ਮੁੰਬਈ, ਹਰਪਵਟ ਚੈਰੀਟੇਬਲ ਟਰੱਸਟ ਉਦੈਪੁਰ ਰਾਜਸਥਾਨ, ਕਲਕੱਤਾ ਅਰਬਨ ਸਰਵਿਸ, ਹੈਰੀਟੇਜ ਫਾਊਂਡੇਸ਼ਨ ਯੂਪੀ, ਯੇ ਚੇਨ ਚਖੋਰ ਕਾਗਯੱਪ ਮੱਠ ਦੇਹਰਾਦੂਨ, ਅਗਾਪੇ ਹੈਲਪਿੰਗ ਮਿਨੀਸਟ੍ਰੀਜ਼ ਏਪੀ, ਆਈਜੀਈਪੀ ਫਾਊਂਡੇਸ਼ਨ ਨਿਊ ਦਿੱਲੀ, ਸਮਸਤ ਮੁਸਲਿਮ ਖਲੀਫਾ ਸੁੰਨਤਵਾਲ ਜਮਾਤ ਨਵਸਾਰੀ, ਗੁਜਰਾਤ, ਇਵੈਜਲੀਕਲ ਲੂਥਰਾ ਚਰਚ ਮੱਧ ਪ੍ਰਦੇਸ਼, ਕ੍ਰਿਸਚੀਅਨ ਆਊਟਰੀਚ ਸੈਂਟਰ ਏਪੀ, ਕ੍ਰਿਸਚੀਅਨ ਆਊਟਰੀਚ ਪ੍ਰਾਪਰਟੀਜ਼ ਟਰੱਸਟ ਏਪੀ, ਕ੍ਰਿਸਚੀਅਨ ਆਊਟਰੀਚ ਮਿਨੀਸਟਰੀਜ਼ ਏਪੀ, ਟਿਊਟੀ ਕੋਇਰਿਨ ਡਾਇਓਸੀਜ਼ ਐਸੋਸੀਏਸ਼ਨ ਟਿਊਟੀਕੋਰਿਨ ਤੇ ਰੂਰਲ ਅਪ ਲਿਫਟਮੈਂਟ ਸੈਂਟਰ ਤਾਮਿਲਨਾਡੂ ਹਨ।
ਲਾਭ ਲੈਣ ਵਾਲੀਆਂ ਹੋਰ ਐਨਜੀਓਜ਼ ਵਿਚ ਦਿੱਲੀ ਦੀਆਂ 244 ਐਨਜੀਓਜ਼ ਨੂੰ 1724 ਕਰੋੜ, ਤਾਮਿਲਨਾਡੂ ਦੀਆਂ 274 ਐਨਜੀਓਜ਼ ਨੂੰ 1215 ਕਰੋੜ, ਆਂਧਰਾ ਪ੍ਰਦੇਸ਼ ਦੀਂ 207 ਐਨਜੀਓਜ਼ ਨੂੰ 926 ਕਰੋੜ, ਕਰਨਾਟਕ ਦੀਆਂ 211 ਐਨਜੀਓਜ਼ ਨੂੰ 779 ਕਰੋੜ ਰੁਪਏ ਮਿਲੇ। ਮਹਾਂਰਾਸ਼ਟਰ ਦੀਆਂ 179 ਐਨਜੀਓਜ਼ ਨੂੰ 672 ਕਰੋੜ, ਕੇਰਲਾ ਦੀਆਂ 143 ਨੂੰ 680 ਕਰੋੜ ਤੇ ਪੱਛਮੀ ਬੰਗਾਲ ਦੀਆਂ 119 ਐਨਜੀਓਜ਼ ਨੂੰ 501 ਕਰੋੜ ਰੁਪਏ ਮਿਲੇ।

Be the first to comment

Leave a Reply

Your email address will not be published.