ਮਲੇਸ਼ੀਅਨ ਸਿੱਖ ਵੱਲੋਂ ਹੱਥ ਲਿਖਤ ਸਰੂਪ ਅਕਾਲ ਤਖ਼ਤ ਨੂੰ ਭੇਟ

ਅੰਮ੍ਰਿਤਸਰ: ਮਲੇਸ਼ੀਆ ਦੇ ਵਸਨੀਕ ਜਸਵੰਤ ਸਿੰਘ ਖੋਸਾ (76) ਵੱਲੋਂ ਗੁਰੂ ਗ੍ਰੰਥ ਸਾਹਿਬ ਦਾ ਹੱਥ ਲਿਖਤ ਪਾਵਨ ਸਰੂਪ ਸ੍ਰੀ ਅਕਾਲ ਤਖ਼ਤ ਵਿਖੇ ਭੇਟ ਕੀਤਾ ਗਿਆ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਹੱਥ ਲਿਖਤ ਸਰੂਪ ਭੇਟ ਕੀਤਾ ਸੀ ਜਿਸ ਦਾ ਇਸ ਵੇਲੇ ਸ੍ਰੀ ਹਰਿਮੰਦਰ ਸਾਹਿਬ ਸਮੂਹ ਸਥਿਤ ਹਰਿ ਕੀ ਪਉੜੀ ਵਿਖੇ ਪ੍ਰਕਾਸ਼ ਕੀਤਾ ਹੋਇਆ ਹੈ।
19 ਇੰਚ ਆਕਾਰ ਦੇ ਇਸ ਪਾਵਨ ਸਰੂਪ ਦਾ ਭਾਰ ਤਕਰੀਬਨ 50 ਕਿਲੋ ਹੈ ਤੇ ਇਸ ਦੇ ਪ੍ਰਮਾਣਤ ਸਰੂਪਾਂ ਵਾਂਗ 1430 ਅੰਗ (ਪੰਨੇ) ਹਨ। ਮਲੇਸ਼ੀਆ ਵਿਚ ਧਾਰਮਿਕ ਪੁਸਤਕਾਂ ਦੀ ਸ਼੍ਰੇਣੀ ਵਿਚ ਇਹ ਸਰੂਪ ਸਭ ਤੋਂ ਵਧੇਰੇ ਭਾਰਾ ਹੋਣ ਕਾਰਨ ਇਸ ਨੂੰ ‘ਮਲੇਸ਼ੀਆ ਬੁੱਕ ਆਫ ਰਿਕਾਰਡਸ’ ਵਿਚ ਥਾਂ ਦਿੱਤੀ ਗਈ ਹੈ। ਇਸ ਪਾਵਨ ਸਰੂਪ ਵਿਚ ਹੋਰ ਪ੍ਰਕਾਸ਼ਤ ਤੇ ਪ੍ਰਮਾਣਤ ਸਰੂਪਾਂ ਵਾਂਗ ਹੀ ਗੁਰਮੁਖੀ ਅੱਖ਼ਰਾਂ ਵਿਚ ਲਿਖਿਆ ਹੋਇਆ ਹੈ ਤੇ ਹਰ ਅੰਗ ‘ਤੇ 19 ਪੰਗਤੀਆਂ ਹਨ। ਇਸ ਵਾਸਤੇ ਅਮਰੀਕਾ ਦੀ ਵਿਸ਼ੇਸ਼ ਕੋਹੇਨੂਰ ਸਿਆਹੀ ਤੇ ਵਧੀਆ ਸਫੇਦ ਪੇਪਰ ਵਰਤਿਆ ਗਿਆ ਹੈ। ਇਸ ਕਾਗਜ਼ ‘ਤੇ ਪਾਣੀ ਦਾ ਕੋਈ ਅਸਰ ਨਹੀਂ ਹੁੰਦਾ ਤੇ ਇਸ ਦੀ ਉਮਰ ਤਕਰੀਬਨ 300 ਸਾਲ ਹੈ।
ਮਲੇਸ਼ੀਆ ਵਾਸੀ ਜਸਵੰਤ ਸਿੰਘ ਖੋਸਾ ਨੇ ਦੱਸਿਆ ਕਿ ਗੁਰੂ ਘਰ ਦੀ ਕ੍ਰਿਪਾ ਸਦਕਾ ਹੀ ਉਸ ਨੇ ਹੁਣ ਤਕ ਪੰਜ ਸਰੂਪ ਹੱਥ ਨਾਲ ਲਿਖੇ ਹਨ ਤੇ ਛੇਵੇਂ ਸਰੂਪ ਨੂੰ ਲਿਖਣ ਦਾ ਕੰਮ ਜਾਰੀ ਹੈ। ਸ਼ ਖੋਸਾ ਰੋਜ਼ ਸਵੇਰੇ ਚਾਰ ਵਜੇ ਉਠ ਕੇ ਇਸ਼ਨਾਨ ਕਰਨ ਮਗਰੋਂ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਲਿਖਣ ਵਿਚ ਜੁੱਟ ਜਾਂਦੇ ਹਨ। ਉਹ ਰੋਜ਼ਾਨਾ 10 ਤੋਂ 12 ਘੰਟੇ ਲਿਖਣ ਦਾ ਕੰਮ ਕਰਦੇ ਹਨ। ਪਿਛਲੇ ਦੋ ਦਹਾਕਿਆਂ ਤੋਂ ਵਧੇਰੇ ਸਮੇਂ ਵਿਚ ਉਨ੍ਹਾਂ ਹੁਣ ਤੱਕ ਪੰਜ ਸਰੂਪ ਲਿਖਣ ਦਾ ਕੰਮ ਮੁਕੰਮਲ ਕੀਤਾ ਹੈ। ਸ਼ ਖੋਸਾ ਦਾ ਜਨਮ ਮਲੇਸ਼ੀਆ ਵਿਚ ਹੀ ਹੋਇਆ ਸੀ ਪਰ ਉਨ੍ਹਾਂ ਆਪਣੇ ਸਕੂਲੀ ਪੜ੍ਹਾਈ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਵਿਚ ਮੁਕੰਮਲ ਕੀਤੀ। ਇਸ ਵੇਲੇ ਉਨ੍ਹਾਂ ਦੇ ਚਾਰ ਬੱਚੇ ਹਨ ਤੇ ਸਾਰਾ ਪਰਿਵਾਰ ਮਲੇਸ਼ੀਆ ਵਿਚ ਵਸਿਆ ਹੋਇਆ ਹੈ।
ਸ੍ਰੀ ਅਕਾਲ ਤਖ਼ਤ ਦੇ ਮੁੱਖ ਗ੍ਰੰਥੀ ਗਿਆਨੀ ਗੁਰਮੁੱਖ ਸਿੰਘ ਨੇ ਦੱਸਿਆ ਕਿ ਸ੍ਰੀ ਖੋਸਾ ਵੱਲੋਂ ਪਾਵਨ ਸਰੂਪ ਬੜੇ ਅਦਬ ਸਤਿਕਾਰ ਨਾਲ ਲਿਆਂਦਾ ਗਿਆ ਹੈ। ਸਰੂਪ ਭੇਟ ਕਰਨ ਸਮੇਂ ਪੰਜ ਪਿਆਰੇ ਅਤੇ ਪੰਜ ਨਿਸ਼ਾਨਚੀ ਵੀ ਹਾਜ਼ਰ ਸਨ। ਉਨ੍ਹਾਂ ਦੱਸਿਆ ਕਿ ਇਸ ਪਾਵਨ ਸਰੂਪ ਨੂੰ ਫਿਲਹਾਲ ਸ੍ਰੀ ਅਕਾਲ ਤਖ਼ਤ ਵਿਖੇ ਰੱਖਿਆ ਗਿਆ ਹੈ। ਇਸ ਦੌਰਾਨ ਉਹ ਪਾਵਨ ਸਰੂਪ ਦੇ ਸਮੂਹ ਅੰਗਾਂ ਦੇ ਦਰਸ਼ਨ ਕਰਕੇ ਪ੍ਰਮਾਣਤ ਸਰੂਪ ਦੇ ਨਾਲ ਇਸ ਦੀਆਂ ਲਗਾਂ ਮਾਤਰਾਂ ਦਾ ਮੇਲ ਕਰਨਗੇ। ਮਗਰੋਂ ਇਸ ਦਾ ਹਰਿ ਕੀ ਪਉੜੀ ਵਿਖੇ ਪ੍ਰਕਾਸ਼ ਹੋਵੇਗਾ।
_______________________________________
ਸਾਕਾ ਨੀਲਾ ਤਾਰਾ ਨੇ ਬਦਲਿਆ ਨਜ਼ਰੀਆ
ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਹੱਥ ਨਾਲ ਲਿਖਣ ਦੀ ਮਿਲੀ ਪ੍ਰੇਰਣਾ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ 1984 ਵਿਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਾਪਰੇ ਸਾਕਾ ਨੀਲਾ ਤਾਰਾ ਤੋਂ ਬਾਅਦ ਜਦੋਂ ਉਹ ਇੱਥੇ ਆਏ ਤਾਂ ਉਨ੍ਹਾਂ ਇੱਥੇ ਹੋਈ ਤਬਾਹੀ ਦੇ ਦ੍ਰਿਸ਼ ਦੇਖੇ। ਉਸ ਵੇਲੇ ਉਨ੍ਹਾਂ ਸਿੱਖ ਰੈਫਰੇਂਸ ਲਾਈਬਰੇਰੀ  ਵੀ ਦੇਖੀ ਜਿਸ ਵਿਚੋਂ ਸਮੁੱਚਾ ਅਮੁੱਲਾ ਖਜ਼ਾਨਾ ਖਾਲੀ ਹੋ ਗਿਆ ਸੀ। ਉਸ ਵੇਲੇ ਉਨ੍ਹਾਂ ਗੁਰੂ ਘਰ ਵਿਚ ਅਰਦਾਸ ਕੀਤੀ ਸੀ ਕਿ ਗੁਰੂ ਸਾਹਿਬ ਉਸਨੂੰ ਬਲ ਬਖਸ਼ਣ ਤਾਂ ਜੋ ਉਹ ਹੱਥ ਲਿਖਤ ਸਰੂਪ ਤਿਆਰ ਕਰ ਸਕੇ। ਹੱਥ ਲਿਖਤ ਸਰੂਪ ਲਿਖਣ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਉਸ ਨੇ ਅੰਮ੍ਰਿਤ ਵੀ ਛਕਿਆ।

Be the first to comment

Leave a Reply

Your email address will not be published.