‘ਪੰਜਾਬ ਟਾਈਮਜ਼’ ਦੇ 11 ਅਕਤੂਬਰ ਵਾਲੇ ਅੰਕ ਵਿਚ ਨੰਗਲ ਸ਼ਾਮਾ ਵਾਲੇ ਦਲਬੀਰ ਸਿੰਘ ਦਾ ਲਿਖਿਆ ਲੇਖ ‘ਬਾਹਮਣਾਂ ਦਾ ਸੱਤ ਦੇਵ’ ਪੜ੍ਹਿਆ। ਉਨ੍ਹਾਂ ਦੀ ਸਵੈ-ਜੀਵਨੀ ‘ਤੇਰੀਆਂ ਗਲੀਆਂ’ ਵਿਚ ਦਰਜ ਇਹ ਲੇਖ ਸ੍ਰੀ ਸੱਤ ਦੇਵ ਸ਼ਰਮਾ ਦੇ ਪਰਿਵਾਰ ਨੂੰ ਸਮਰਪਿਤ ਸੀ। ਮੈਂ ਸ੍ਰੀ ਸੱਤ ਦੇਵ ਸ਼ਰਮਾ ਦਾ ਵਿਦਿਆਰਥੀ ਹਾਂ ਅਤੇ ਇਸ ਲੇਖ ਦੇ ਨਾਲ ਇਹ ਵਾਧਾ ਕਰਨਾ ਚਾਹੁੰਦਾ ਹਾਂ ਕਿ ਉਹ ਬਹੁਤ ਬੁੱਧੀਮਾਨ, ਸਮਰਪਿਤ ਅਤੇ ਸੱਚੇ ਅਧਿਆਪਕ ਸਨ ਜੋ ਸਦਾ ਹੀ ਆਪਣੇ ਵਿਦਿਆਰਥੀਆਂ ਦੀ ਮਦਦ ਲਈ ਤਿਆਰ ਰਹਿੰਦੇ ਸਨ; ਖਾਸ ਕਰ ਕੇ ਪੇਂਡੂ ਪਿਛੋਕੜ ਵਾਲੇ ਵਿਦਿਆਰਥੀਆਂ ਨਾਲ ਉਨ੍ਹਾਂ ਦਾ ਵਿਸ਼ੇਸ਼ ਮੋਹ ਸੀ। ਮੈਨੂੰ ਮਾਣ ਹੈ ਕਿ ਮੈਂ ਉਨ੍ਹਾਂ ਦਾ ਵਿਦਿਆਰਥੀ ਹਾਂ ਜਿਨ੍ਹਾਂ ਨੇ ਮੇਰੇ ਸਮੇਤ ਕਈ ਹੋਰ ਵਿਦਿਆਰਥੀਆਂ ਨੂੰ ਸਫ਼ਲਤਾ ਦੇ ਰਾਹ ਉਤੇ ਤੋਰਿਆ।
ਮੈਨੂੰ ਯਕੀਨ ਹੈ ਕਿ ਮੇਰੇ ਵਰਗੇ ਉਨ੍ਹਾਂ ਦੇ ਕਈ ਹੋਰ ਵਿਦਿਆਰਥੀਆਂ ਦੇ ਵੀ ਇਹੀ ਵਿਚਾਰ ਹੋਣਗੇ। ਮੈਂ ਤੁਹਾਡਾ ਅਤੇ ਲੇਖਕ (ਮਰਹੂਮ) ਦਲਬੀਰ ਸਿੰਘ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਮੇਰੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ ਹਨ ਅਤੇ ਮੈਨੂੰ ਸ੍ਰੀ ਸ਼ਰਮਾ ਨਾਲ ਕਈ ਦਹਾਕੇ ਪਹਿਲਾਂ ਬਿਤਾਇਆ ਸਮਾਂ ਯਾਦ ਆ ਗਿਆ। ਤੁਸੀਂ ਆਪਣੇ ਸੰਪਾਦਕੀ ਨੋਟ ਵਿਚ ਲੇਖਕ ਬਾਰੇ ਠੀਕ ਹੀ ਟਿੱਪਣੀ ਕੀਤੀ ਹੈ ਕਿ ਉਸ ਨੇ ਆਪਣੀ ਸਵੈ-ਜੀਵਨੀ ਵਿਚ ਸਿਰਫ਼ ਨੰਗਲ ਸ਼ਾਮਾ ਹੀ ਨਹੀਂ, ਪੂਰੇ ਪੰਜਾਬ ਦੇ ਪਿੰਡਾਂ ਦੀ ਗੱਲ ਕੀਤੀ ਹੈ। ਮੈਨੂੰ ਇਹ ਕਹਿਣ ਦੀ ਲੋੜ ਤਾਂ ਨਹੀਂ ਜਾਪਦੀ, ਪਰ ਕਹਿ ਰਿਹਾ ਹਾਂ ਕਿ ‘ਪੰਜਾਬ ਟਾਈਮਜ਼’ ਸਭ ਅਖ਼ਬਾਰਾਂ ਤੋਂ ਅੱਗੇ ਹੈ। ਰੱਬ ਅੱਗੇ ਦੁਆ ਹੈ ਕਿ ਅਜਿਹਾ ਕੰਮ ਕਰਦੇ ਰਹਿਣ ਲਈ ਤੁਸੀਂ ਅਤੇ ਤੁਹਾਡਾ ਸਟਾਫ ਸਲਾਮਤ ਰਹੋ।
-ਡਾæ ਕੁਲਵਿੰਦਰ ਐਸ਼ ਬਾਠ
ਲਿਵਿੰਗਸਟਨ, ਕੈਲੀਫੋਰਨੀਆ
Leave a Reply