‘ਪੰਜਾਬ ਟਾਈਮਜ਼’ ਦੇ 18 ਅਕਤੂਬਰ ਵਾਲੇ ਅੰਕ ਵਿਚ ਡਾæ ਗੋਬਿੰਦਰ ਸਿੰਘ ਸਮਰਾਓ ਵੱਲੋਂ ਲਿਖਿਆ ਲੇਖ ‘ਧਨ ਤੇ ਇਖਲਾਕ ਦਾ ਰਿਸ਼ਤਾ’ ਪੜ੍ਹਿਆ। ਉਨ੍ਹਾਂ ਦੇ ਇਹ ਵਿਚਾਰ ਮੇਰੇ ਲਿਖੇ ਪ੍ਰਤੀਕਰਮ ਬਾਰੇ ਹਨ। ਉਨ੍ਹਾਂ ਨੇ ਇਸ ਲੇਖ ਵਿਚ ਮੇਰੇ ਉਨ੍ਹਾਂ ਵਿਚਾਰਾਂ ਨੂੰ ਨਕਾਰਿਆ ਹੈ ਜੋ ਮੈਂ ਕਾਨਾ ਸਿੰਘ ਦੇ ਲੇਖ ‘ਵੱਡਿਆਂ ਦਾ ਲਾਂਘਾ’ (ਅੰਕ 38) ਬਾਰੇ ਪ੍ਰਗਟ ਕੀਤੇ ਸਨ। ਡਾæ ਸਮਰਾਓ ਨੇ ਆਪਣੇ ਲੇਖ ਵਿਚ ਕਾਨਾ ਸਿੰਘ ਦੇ ਵਿਚਾਰਾਂ ਦਾ ਪੱਖ ਪੂਰਿਆ ਹੈ।
ਦਲੀਲ ਅਤੇ ਕਾਨੂੰਨ ਦਾ ਕਈ ਵਾਰੀ ਸੱਚਾਈ ਨਾਲ ਕੋਈ ਸਬੰਧ ਨਹੀਂ ਹੁੰਦਾ; ਜਿਵੇਂ ਕਈ ਵਾਰੀ ਵਕੀਲ ਦਲੀਲਾਂ ਨਾਲ ਝੂਠੇ ਕੇਸ ਨੂੰ ਵੀ ਸੱਚਾ ਸਿੱਧ ਕਰ ਦਿੰਦਾ ਹੈ। ਡਾæ ਸਮਰਾਓ ਨੇ ਮੇਰੇ ਕਹੇ ਸ਼ਬਦ ਕਾਨਾ ਸਿੰਘ ਦੇ ਬਣਾ ਦਿੱਤੇ; ਜਿਵੇਂ ਮੈਂ ਕਾਨਾ ਸਿੰਘ ਦੇ ਵਿਚਾਰਾਂ ਦਾ ਵਿਰੋਧ ਨਹੀਂ ਸੀ ਕੀਤਾ, ਕਿ ਪੈਸੇ ਦੀ ਸੰਭਾਲ ਨਹੀਂ ਕਰਨੀ ਚਾਹੀਦੀ, ਤੇ ਇਹ ਮੇਰੇ ਸ਼ਬਦ ਹਨ ਕਿ ਮਨੁੱਖ ਨੂੰ ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦੇ ਹਨ। ਮੈਂ ਤਾਂ ਉਨ੍ਹਾਂ ਦੇ ਇਸ ਵਿਚਾਰ ਦਾ ਵਿਰੋਧ ਕੀਤਾ ਸੀ ਕਿ ਇਸ ਵਿਚਾਰ ਨਾਲ ਸਹਿਮਤੀ ਨਹੀਂ ਕਿ ਜਿਹੜਾ ਮਨੁੱਖ ਪੈਸੇ ਦੀ ਬਹੁਤੀ ਪ੍ਰਵਾਹ ਨਹੀਂ ਕਰਦਾ, ਉਸ ਦਾ ਇਖਲਾਕ ਤੇ ਅਸੂਲ ਨਹੀਂ ਹੁੰਦਾ। ਮੈਂ ਗੁਰੂ ਨਾਨਕ ਸਾਹਿਬ ਦੀ ਉਦਾਹਰਨ ਦਿੱਤੀ ਸੀ ਕਿ ਉਨ੍ਹਾਂ ਨੇ ਸਾਰੀ ਉਮਰ ਪੈਸੇ ਦੀ ਪ੍ਰਵਾਹ ਨਹੀਂ ਕੀਤੀ, ਤਾਂ ਕੀ ਉਨ੍ਹਾਂ ਦਾ ਇਖਲਾਕ ਤੇ ਅਸੂਲ ਨਹੀਂ ਸੀ?
ਡਾæ ਸਮਰਾਓ ਪਦਾਰਥਵਾਦੀ ਵਿਚਾਰਾਂ ਦੇ ਲਗਦੇ ਹਨ ਅਤੇ ਗੁਰਬਾਣੀ ਵਿਚ ਇਨ੍ਹਾਂ ਦੀ ਕੋਈ ਸ਼ਰਧਾ ਤੇ ਵਿਸ਼ਵਾਸ ਨਹੀਂ ਲਗਦਾ। ਮੈਂ ਪੈਸੇ ਤੇ ਇਖਲਾਕ ਦੇ ਸਬੰਧ ਵਿਚ ਲਿਖਿਆ ਸੀ ਕਿ ਗੁਰਬਾਣੀ ਕਹਿੰਦੀ ਹੈ- ਮਾਇਆਧਾਰੀ ਅਤਿ ਅੰਨਾ ਬੋਲਾ॥ ਡਾæ ਸਮਰਾਓ ਨੇ ਇਸ ਵਿਚਾਰ ਨੂੰ ਵੀ ਨਕਾਰਨ ਦਾ ਯਤਨ ਕੀਤਾ, ਜਦੋਂ ਕਿ ਇਹ ਮੇਰੇ ਆਪਣੇ ਵਿਚਾਰ ਨਹੀਂ ਹਨ, ਗੁਰੂ ਸਾਹਿਬ ਦੇ ਹਨ। ਉਨ੍ਹਾਂ ਕਾਰਲ ਮਾਰਕਸ ਦੀ ਗੱਲ ਕੀਤੀ ਹੈ, ਜਦੋਂ ਕਿ ਕਾਰਲ ਮਾਰਕਸ ਵਿਅਕਤੀਗਤ ਗੁਣਾਂ ਦੇ ਹੱਕ ਵਿਚ ਹੀ ਨਹੀਂ; ਜਿਵੇਂ ਉਹ ਦਇਆ, ਦਾਨ, ਸਬਰ, ਸੰਤੋਖ ਵਰਗੀਆਂ ਫਿਊਡਲ ਸਦਾਚਾਰਕ ਕੀਮਤਾਂ ਨੂੰ ਤਾਂ ਉਂਜ ਹੀ ਗਲਤ ਸਮਝਦਾ ਹੈ। ਉਹ ਸਰਬੱਤ ਦਾ ਭਲਾ ਵਰਗੀਆਂ ਅਪਨਾਉਣ ਯੋਗ ਕੀਮਤਾਂ ਅਤੇ ਵੰਡ ਛਕੋ ਦੇ ਆਦਰਸ਼ਵਾਦੀ ਆਦਰਸ਼ਾਂ ਨੂੰ ਵੀ ਯੂਟੋਪੀਆਈ ਬਿਆਨ ਕਰਦਾ ਹੈ।
ਗੁਰਬਾਣੀ ਵਿਚ ਗੁਰੂ ਜੀ ਪੈਰ-ਪੈਰ ‘ਤੇ ਹੋਕਾ ਦਿੰਦੇ ਹਨ ਕਿ ਮਾਇਆ ਧਰਮ ਕਮਾਉਣ ਵਿਚ ਅਤੇ ਪਰਮਾਤਮਾ ਦੀ ਪ੍ਰਾਪਤੀ ਵਿਚ ਵੱਡੀ ਰੁਕਾਵਟ ਹੈ। ਡਾæ ਸਮਰਾਓ ਨਾਸਤਿਕ ਲਗਦੇ ਹਨ, ਜੇ ਉਹ ਆਸਤਿਕ ਹੁੰਦੇ ਤੇ ਗੁਰਬਾਣੀ ਵਿਚ ਉਨ੍ਹਾਂ ਦੀ ਸ਼ਰਧਾ ਹੁੰਦੀ, ਤਾਂ ਮੇਰੇ ਇਨ੍ਹਾਂ ਵਿਚਾਰਾਂ ਨੂੰ ਬੁੱਧੀ ਦੇ ਤਲ ‘ਤੇ ਨਾ ਨਕਾਰਦੇ। ਕੌਣ ਠੀਕ, ਕੌਣ ਗਲਤ ਤੇ ਕੌਣ ਸੱਚਾ-ਝੂਠਾ ਹੈ, ਭਾਵ ਸੱਚਾਈ ਦਾ ਸਬੰਧ ਮਨੁੱਖੀ ਕਦਰਾਂ-ਕੀਮਤਾਂ ਨਾਲ ਹੁੰਦਾ। ਗੈਰਤ, ਜ਼ਮੀਰ, ਨੈਤਿਕਤਾ, ਜਜ਼ਬਾਤ, ਅਹਿਸਾਸ, ਹਮਦਰਦੀ, ਦਇਆ ਤੋਂ ਸੱਖਣਾ ਮਨੁੱਖ, ਮਨੁੱਖ ਨਹੀਂ ਹੁੰਦਾ ਅਤੇ ਉਹ ਸੱਚਾਈ ਤੋਂ ਕੋਹਾਂ ਦੂਰ ਹੁੰਦਾ ਹੈ।
ਡਾæ ਸਮਰਾਓ ਆਖਦੇ ਹਨ ਕਿ ਨਿਰਧਨ ਮਨੁੱਖ ਗੈਰ-ਇਖਲਾਕੀ ਵਿਹਾਰ ਕਰਦਾ ਹੈ। ਉਨ੍ਹਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਪੈਸੇ ਦੇ ਨਸ਼ੇ ਵਿਚ ਵੀ ਮਨੁੱਖ ਗੈਰ-ਇਖਲਾਕੀ ਵਿਹਾਰ ਕਰਦਾ ਹੈ, ਜਿਵੇਂ ਗੁਰਬਾਣੀ ਆਖਦੀ ਹੈ- ਮਾਇਆਧਾਰੀ ਅਤਿ ਅੰਨਾ ਬੋਲਾ॥ ਡਾæ ਸਮਰਾਓ ਨੇ ਲਿਖਿਆ ਹੈ ਕਿ ਮਾਸਟਰ ਲਾਲੀ ਪਤਾ ਨਹੀਂ ਕਿਹੜੇ ਇਖਲਾਕ ਦੀ ਗੱਲ ਕਰਦੇ ਹਨ? ਡਾਕਟਰ ਜੀ, ਉਚੀ ਵਿੱਦਿਆ ਪ੍ਰਾਪਤ ਕਰਨੀ ਹੋਰ ਗੱਲ ਹੈ ਅਤੇ ਉਚਾ-ਸੁੱਚਾ ਕਿਰਦਾਰ ਹੋਣਾ ਹੋਰ ਗੱਲ ਹੈ; ਜਿਵੇਂ ਵਿੱਦਿਆ, ਕਿਰਦਾਰ, ਪੈਸਾ, ਪਿਆਰ, ਪਦਵੀ, ਸੁੱਖ ਅਤੇ ਜ਼ਿੰਦਗੀ ਵੱਖ-ਵੱਖ ਪਹਿਲੂ ਹਨ। ਇਖਲਾਕ ਕੀ ਹੈ ਭਲਾ? ਇਕੱਲੀ-ਇਕਹਿਰੀ ਵਿਦਵਤਾ ਹਿਪੋਕਰੇਸੀ ਵੱਲ ਹੀ ਲੈ ਕੇ ਜਾਂਦੀ ਹੈ।
ਅੰਤ ਵਿਚ ਡਾæ ਸਮਰਾਓ ਨੂੰ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਜਿਹੜੇ ਵਿਚਾਰ ਕਾਨਾ ਸਿੰਘ ਦੀ ਲਿਖਤ ਬਾਰੇ ਮੈਂ ਲਿਖੇ ਸਨ, ਉਹ ਵਿਚਾਰ ਮੇਰੇ ਇਕੱਲੇ ਦੇ ਨਹੀਂ ਸਨ। ਮੈਂ ਇਹ ਵਿਚਾਰ ਪੜ੍ਹੇ-ਲਿਖੇ ਲੋਕਾਂ ਨਾਲ ਮਸ਼ਵਰਾ ਕਰ ਕੇ ਲਿਖੇ ਸਨ। ਡਾæ ਸਮਰਾਓ ਨੂੰ ਪਤਾ ਨਹੀਂ ਇਹ ਵਿਚਾਰ ਚੰਗੇ ਕਿਉਂ ਨਹੀਂ ਲੱਗੇ। ਹੋ ਸਕਦਾ ਹੈ, ਮਾਰਕਸਵਾਦੀ ਵਿਚਾਰਧਾਰਾ ਦੇ ਧਾਰਨੀ ਹੋਣ ਕਰ ਕੇ ਉਨ੍ਹਾਂ ਨੂੰ ਮੇਰੇ ਇਹ ਵਿਚਾਰ ਚੰਗੇ ਨਾ ਲੱਗੇ ਹੋਣ, ਪਰ ਮੇਰੇ ਇਹ ਵਿਚਾਰ ਮੇਰੀ ਜ਼ਮੀਰ ਨੇ ਮੈਥੋਂ ਲਿਖਾਏ ਹਨ। ਆਤਮਾ ਦੀ ਆਵਾਜ਼ ਵਿਚੋਂ ਉਪਜੇ ਵਿਚਾਰ ਕਦੀ ਗਲਤ ਨਹੀਂ ਹੁੰਦੇ। ਪੱਖਪਾਤ, ਖੁਦਗਰਜ਼ੀ, ਹਉਮੈ ਤੇ ਈਰਖਾ ਵੀ ਮਨੁੱਖ ਕੋਲੋਂ ਬਹੁਤ ਕੁਝ ਕਰਾ ਦਿੰਦੀ ਹੈ।
-ਮਾਸਟਰ ਨਿਰਮਲ ਸਿੰਘ ਲਾਲੀ
ਯੂਬਾ ਸਿਟੀ, ਕੈਲੀਫੋਰਨੀਆ।
ਫੋਨ: 530-777-0955
Leave a Reply