ਇਹੁ ਜਨਮੁ ਤੁਮ੍ਹਾਰੇ ਲੇਖੇ

ਨਵਦੀਪ ਕੌਰ ਸੂਰਜਪੁਰ
ਪੰਜਾਬੀ ਫਿਲਮ Ḕਇਹੁ ਜਨਮੁ ਤੁਮ੍ਹਾਰੇ ਲੇਖੇḔ ਪਿੰਗਲਵਾੜੇ ਦੇ ਬਾਨੀ ਭਗਤ ਪੂਰਨ ਸਿੰਘ ਦੀ ਜ਼ਿੰਦਗੀ ਉਤੇ ਆਧਾਰਤ ਹੈ। ਇਸ ਫਿਲਮ ਦੇ ਪਟਕਥਾ ਲੇਖਕ ਅਤੇ ਨਿਰਦੇਸ਼ਕ ਡਾæ ਹਰਜੀਤ ਸਿੰਘ ਹਨ ਜੋ 21 ਸਾਲ ਜਲੰਧਰ ਦੂਰਦਰਸ਼ਨ ਨਾਲ ਜੁੜੇ ਰਹੇ ਹਨ। 64 ਸਾਲਾ ਹਰਜੀਤ ਸਿੰਘ ਨੇ ਦੂਰਦਰਸ਼ਨ ਵਿਚ ਆਪਣੀ ਨੌਕਰੀ ਦੌਰਾਨ ਕਈ ਵਧੀਆ ਅਤੇ ਜ਼ਿਕਰਯੋਗ ਦਸਤਾਵੇਜ਼ੀ ਫਿਲਮਾਂ ਬਣਾਈਆਂ ਹਨ, ਪਰ Ḕਇਹੁ ਜਨਮੁ ਤੁਮ੍ਹਾਰੇ ਲੇਖੇḔ ਨੂੰ ਉਹ ਆਪਣੀ ਕਰਮਭੂਮੀ ਦਾ ਮੀਲ ਪੱਥਰ ਮੰਨਦਾ ਹੈ। ਭਗਤ ਪੂਰਨ ਸਿੰਘ ਦਾ ਜਨਮ ਰਾਹੋਂ ਵਿਖੇ 4 ਜੂਨ 1904 ਨੂੰ ਇਕ ਹਿੰਦੂ ਪਰਿਵਾਰ ਦੇ ਘਰ ਹੋਇਆ ਸੀ। ਮਾਪਿਆਂ ਨੇ ਉਸ ਦਾ ਨਾਮ ਰਾਮਜੀ ਦਾਸ ਰੱਖਿਆ, ਪਰ ਬਾਅਦ ਵਿਚ ਰਾਮ ਜੀ ਦਾਸ ਸਿੱਖੀ ਦੇ ਲੜ ਲੱਗ ਗਿਆ ਅਤੇ ਉਸ ਨੂੰ ਪੂਰਨ ਸਿੰਘ ਦਾ ਨਾਮ ਦਿੱਤਾ ਗਿਆ। ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਗੁਰੂਆਂ ਦੇ ਜੀਵਨ ਅਤੇ ਉਪਦੇਸ਼ਾਂ ਤੋਂ ਬਹੁਤ ਪ੍ਰਭਾਵਿਤ ਸਨ। ਉਨ੍ਹਾਂ ਅੰਮ੍ਰਿਤਸਰ ਵਿਚ ਯਤੀਮ ਬੱਚਿਆਂ ਦੀ ਮਦਦ ਲਈ ਪਿੰਗਲਵਾੜਾ ਕਾਇਮ ਕੀਤਾ। ਇਸ ਬੇਮਿਸਾਲ ਕੰਮ ਬਦਲੇ ਉਨ੍ਹਾਂ ਨੂੰ 1979 ਵਿਚ ਭਾਰਤ ਸਰਕਾਰ ਨੇ ਪਦਮਸ੍ਰੀ ਦੇ ਪੁਰਸਕਾਰ ਨਾਲ ਨਿਵਾਜਿਆ। ਉਨ੍ਹਾਂ ਹੋਰ ਵੀ ਬਹੁਤ ਸਾਰੇ ਪੁਰਸਕਾਰ ਹਾਸਲ ਕੀਤੇ ਪਰ ਜਦੋਂ ਭਾਰਤੀ ਫੌਜ ਨੇ 1984 ਵਿਚ ਸ੍ਰੀ ਹਰਿਮੰਦਰ ਸਾਹਿਬ ਉਤੇ ਹਮਲਾ ਕੀਤਾ ਤਾਂ ਉਨ੍ਹਾਂ ਰੋਸ ਵਜੋਂ ਹਰ ਸਰਕਾਰੀ ਪੁਰਸਕਾਰ ਵਾਪਸ ਕਰ ਦਿੱਤਾ। 1991 ਵਿਚ ਉਨ੍ਹਾਂ ਦਾ ਨਾਮ ਨੋਬੇਲ ਸ਼ਾਂਤੀ ਪੁਰਸਕਾਰ ਲਈ ਵੀ ਨਾਮਜ਼ਦ ਹੋਇਆ ਸੀ। ਉਨ੍ਹਾਂ ਦਾ ਦੇਹਾਂਤ 5 ਅਗਸਤ 1992 ਨੂੰ ਅੰਮ੍ਰਿਤਸਰ ਵਿਖੇ ਹੋਇਆ।
ਫਿਲਮਸਾਜ਼ ਹਰਜੀਤ ਸਿੰਘ ਨੇ ਦੱਸਿਆ ਕਿ Ḕਇਹੁ ਜਨਮੁ ਤੁਮ੍ਹਾਰੇ ਲੇਖੇḔ ਆਲ ਇੰਡੀਆ ਪਿੰਗਲਵਾੜਾ ਚੈਰਿਟੇਬਲ ਸੁਸਾਇਟੀ ਵੱਲੋਂ ਬਣਾਈ ਜਾ ਰਹੀ ਹੈ ਅਤੇ ਇਸ ਦਾ ਬਜਟ ਤਿੰਨ ਕਰੋੜ ਰੁਪਏ ਦਾ ਹੈ। ਇਸ ਫਿਲਮ ਵਿਚ ਭਗਤ ਪੂਰਨ ਸਿੰਘ ਦਾ ਕਿਰਦਾਰ ਅਦਾਕਾਰ ਪਵਨ ਮਲਹੋਤਰਾ ਨੇ ਨਿਭਾਇਆ ਹੈ। ਪਵਨ ਮਲਹੋਤਰਾ ਨੇ ਪਿੱਛੇ ਜਿਹੇ ਰਿਲੀਜ਼ ਹੋਈ ਫਿਲਮ Ḕਭਾਗ ਮਿਲਖਾ ਭਾਗḔ ਵਿਚ ਫੌਜੀ ਅਫਸਰ ਦੀ ਬੜੀ ਜਾਨਦਾਰ ਭੂਮਿਕਾ ਨਿਭਾਈ ਸੀ। ਹੋਰ ਫਿਲਮਾਂ ਵਿਚ ਕੀਤੇ ਕੰਮ ਬਦਲੇ ਵੀ ਉਸ ਦੀ ਭਰਪੂਰ ਪ੍ਰਸ਼ੰਸਾ ਹੁੰਦੀ ਰਹੀ ਹੈ।
ਪਵਨ ਮਲਹੋਤਰਾ ਤੋਂ ਇਲਾਵਾ ਹਰਜੀਤ ਸਿੰਘ ਨੇ ਨਵੇਂ ਅਤੇ ਥੀਏਟਰ ਨਾਲ ਜੁੜੇ ਕਲਾਕਾਰਾਂ ਨੂੰ ਆਪਣੀ ਇਸ ਫਿਲਮ ਵਿਚ ਮੌਕਾ ਦਿੱਤਾ ਹੈ। ਇਸ ਫਿਲਮ ਵਿਚ ਉਸ ਨੇ ਭਗਤ ਪੂਰਨ ਸਿੰਘ ਦੀ ਜ਼ਿੰਦਗੀ ਦੇ ਅਹਿਮ ਪੱਖਾਂ ਨੂੰ ਵੱਧ ਤੋਂ ਵੱਧ ਉਭਾਰਨ ਦਾ ਯਤਨ ਕੀਤਾ ਹੈ। ਉਹ ਕਹਿੰਦਾ ਹੈ ਕਿ ਉਸ ਦੀ ਇਹੀ ਕੋਸ਼ਿਸ਼ ਸੀ ਕਿ ਜਿੰਨਾ ਸਾਦਗੀ ਅਤੇ ਸੇਵਾ ਨਾਲ ਭਰਪੂਰ ਜੀਵਨ ਭਗਤ ਪੂਰਨ ਸਿੰਘ ਦਾ ਸੀ, ਉਸੇ ਹੀ ਤਰ੍ਹਾਂ ਦੀ ਫਿਲਮ ਉਹ ਭਗਤ ਪੂਰਨ ਸਿੰਘ ਬਾਰੇ ਬਣਾਵੇ। ਉਹ ਮੰਨਦਾ ਹੈ ਕਿ ਭਗਤ ਪੂਰਨ ਸਿੰਘ ਦੇ ਕਾਰਜ ਦਾ ਪ੍ਰਚਾਰ ਅਤੇ ਪ੍ਰਸਾਰ ਭਾਵੇਂ ਮੀਡੀਆ ਦੇ ਹੋਰ ਸਾਧਨਾਂ ਰਾਹੀਂ ਪਹਿਲਾਂ ਹੀ ਬਹੁਤ ਹੋ ਚੁੱਕਾ ਹੈ, ਪਰ ਇਹ ਫਿਲਮ ਉਨ੍ਹਾਂ ਦੇ ਸਮੁੱਚੇ ਕਾਰਜ ਨੂੰ ਧਿਆਨ ਵਿਚ ਰੱਖ ਕੇ ਬਣਾਈ ਗਈ ਹੈ ਅਤੇ ਇਸ ਵਿਚ ਉਨ੍ਹਾਂ ਦੀ ਜ਼ਿੰਦਗੀ ਦੇ ਕੁਝ ਅਣਛੋਹੇ ਪੱਖਾਂ ਦੀ ਚਰਚਾ ਵੀ ਹੋਈ ਹੈ।
ਯਾਦ ਰਹੇ, ਹਰਜੀਤ ਸਿੰਘ ਨੇ ਪਿੰਗਲਵਾੜਾ ਬਾਰੇ ਪਹਿਲਾਂ ਵੀ ਇਕ ਦਸਤਾਵੇਜ਼ੀ ਫਿਲਮ ਦੂਰਦਰਸ਼ਨ ਲਈ ਬਣਾਈ ਸੀ, ਪਰ ਉਹ ਆਪ ਮੰਨਦਾ ਹੈ ਕਿ ਉਸ ਫਿਲਮ ਦਾ ਘੇਰਾ ਬਹੁਤਾ ਚੌੜੇਰਾ ਨਹੀਂ ਸੀ। ਬਹੁਤ ਘੱਟ ਸਮੇਂ ਵਿਚ ਭਗਤ ਪੂਰਨ ਸਿੰਘ ਬਾਰੇ ਵੱਧ ਤੋਂ ਵੱਧ ਗੱਲਾਂ ਕਰਨੀਆਂ ਸਨ। ਹੁਣ ਫਿਲਮ Ḕਇਹੁ ਜਨਮੁ ਤੁਮ੍ਹਾਰੇ ਲੇਖੇḔ ਵਿਚ ਇਹ ਗੱਲਾਂ ਪੂਰੇ ਵਿਸਥਾਰ ਨਾਲ ਹੋ ਸਕੀਆਂ ਹਨ। ਉਸ ਮੁਤਾਬਕ ਇਹ ਫਿਲਮ ਬਣਾਉਣ ਵਿਚ ਪਿੰਗਲਵਾੜਾ ਦੀ ਕਰਤਾ-ਧਰਤਾ ਬੀਬੀ ਇੰਦਰਜੀਤ ਕੌਰ ਨੇ ਉਨ੍ਹਾਂ ਦੀ ਬੜੀ ਇਮਦਾਦ ਕੀਤੀ ਹੈ। ਅਸਲ ਵਿਚ ਉਨ੍ਹਾਂ ਦੀ ਇਮਦਾਦ ਅਤੇ ਹੱਲਾਸ਼ੇਰੀ ਤੋਂ ਬਗੈਰ ਇਹ ਪ੍ਰੋਜੈਕਟ ਸਿਰੇ ਚੜ੍ਹ ਹੀ ਨਹੀਂ ਸੀ ਸਕਦਾ। ਦੱਸਣਾ ਬਣਦਾ ਹੈ ਕਿ ਹਰਜੀਤ ਸਿੰਘ ਨੇ ਪਹਿਲਾਂ-ਪਹਿਲ ਫਿਲਮ ḔਵਿਸਾਖੀḔ ਬਣਾਈ ਸੀ ਜੋ 1984 ਦੇ ਕਤਲੇਆਮ ਤੋਂ ਬਾਅਦ ਰਿਲੀਜ਼ ਕੀਤੀ ਗਈ ਸੀ। ਇਹ ਉਦੋਂ ਦੀ ਗੱਲ ਹੈ ਜਦੋਂ ਲੋਕ ਸਿਨਮਿਆਂ ਵਿਚ ਜਾ ਕੇ ਫਿਲਮਾਂ ਦੇਖਣਾ ਬੰਦ ਕਰ ਚੁੱਕੇ ਸਨ। ਉਂਜ ਵੀ ਉਦੋਂ ਪੰਜਾਬੀ ਫਿਲਮਾਂ ਦਾ ਮਿਆਰ ਉਦੋਂ ਬਹੁਤ ਹੇਠਲੇ ਪੱਧਰ ਦਾ ਹੁੰਦਾ ਸੀ ਅਤੇ ਤਕਨੀਕ ਪੱਖ ਵੀ ਵਾਹਵਾ ਕਮਜ਼ੋਰ ਹੁੰਦਾ ਸੀ, ਪਰ ਹੁਣ ਫਿਲਮ Ḕਇਹੁ ਜਨਮੁ ਤੁਮ੍ਹਾਰੇ ਲੇਖੇḔ ਉਸ ਦੌਰ ਵਿਚ ਤਿਆਰ ਹੋਈ ਹੈ ਜਦੋਂ ਪੰਜਾਬੀ ਫਿਲਮਾਂ ਲਈ ਹਰ ਪਾਸੇ ਰਾਹ ਖੁੱਲ੍ਹਿਆ ਹੋਇਆ ਹੈ ਅਤੇ ਤਕਨੀਕੀ ਪੱਖਾਂ ਤੋਂ ਵੀ ਬਹੁਤ ਅਗਾਂਹ ਦੇ ਤਜਰਬੇ ਕੀਤੇ ਜਾ ਰਹੇ ਹਨ। ਫਿਲਮਾਂ ਦਾ ਬਜਟ ਵੀ ਪਹਿਲਾਂ ਨਾਲੋਂ ਕਈ ਗੁਣਾਂ ਵਧਿਆ ਹੈ ਅਤੇ ਇਸੇ ਦਾ ਸਿੱਧਾ ਅਸਰ ਫਿਲਮ ਦੇ ਮਿਆਰ ਉਤੇ ਵੀ ਪਿਆ ਹੈ। ਫਿਲਮ Ḕਇਹੁ ਜਨਮੁ ਤੁਮ੍ਹਾਰੇ ਲੇਖੇḔ ਵਿਚ ਯਤਨ ਕੀਤਾ ਗਿਆ ਹੈ ਕਿ ਲੋਕਾਂ ਨੂੰ ਭਗਤ ਪੂਰਨ ਸਿੰਘ ਦਾ ਸੁਨੇਹਾ ਸਹਿਜ ਤਰੀਕੇ ਨਾਲ ਦਿੱਤਾ ਜਾਵੇ।

Be the first to comment

Leave a Reply

Your email address will not be published.