ਪ੍ਰਫੁੱਲ ਬਿਦਵਈ
ਵਿਗਿਆਨ ਅਤੇ ਤਕਨਾਲੋਜੀ ਬਾਰੇ ਭਾਰਤ ਦੇ ਦੋ ਹਾਲ ਹੀ ਦੇ ਪ੍ਰੋਜੈਕਟਾਂ ਦੀ ਤੁਲਨਾ ਕੀਤਿਆਂ ਇਨ੍ਹਾਂ ਵਿਚਲਾ ਵਖਰੇਵਾਂ ਸਪਸ਼ਟ ਨਜ਼ਰ ਆਉਂਦਾ ਹੈ। ਇਕ ਪ੍ਰੋਜੈਕਟ ਹੁਦਹੁਦ ਤੂਫ਼ਾਨ ਸਬੰਧੀ ਸਟੀਕ ਅਗਾਊਂ ਚਿਤਾਵਨੀਆਂ ਦੇਣ ਨਾਲ ਸਬੰਧਤ ਸੀ ਜਿਸ ਸਦਕਾ ਹਜ਼ਾਰਾਂ ਜਾਨਾਂ ਬਚਾਈਆਂ ਜਾ ਸਕੀਆਂ। ਦੂਜੇ ਤਹਿਤ ਭਾਰਤ ਦੇ Ḕਮਾਰਸ ਆਰਬੀਟਰ ਮਿਸ਼ਨḔ (ਮੌਮ) ਤਹਿਤ ਮੰਗਲਯਾਨ ਨੂੰ ਮੰਗਲ ਗ੍ਰਹਿ ਦੇ ਪੰਧ Ḕਤੇ ਪਾ ਦਿੱਤਾ ਗਿਆ। ਇਹ ਤਕਨੀਕੀ ਪ੍ਰਾਪਤੀ ਸੀ ਜਿਸ ਦੇ ਵਿਗਿਆਨਕ ਖੇਤਰ Ḕਤੇ ਬਹੁਤ ਜ਼ਿਆਦਾ ਪ੍ਰਭਾਵ ਨਹੀਂ ਪੈਣ ਵਾਲੇ, ਸਮਾਜਕ ਖੇਤਰ ਦੇ ਪ੍ਰਭਾਵਾਂ ਦੀ ਤਾਂ ਗੱਲ ਹੀ ਛੱਡੋ। ਮੀਡੀਆ ਵੱਲੋਂ ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਦੇ ਮੰਗਲ ਮਿਸ਼ਨ ਸਬੰਧੀ ਹੱਦੋਂ ਵੱਧ ਖੁਸ਼ੀਆਂ ਮਨਾਈਆਂ ਗਈਆਂ। ਇਸ ਸਬੰਧੀ ਰਾਸ਼ਟਰਵਾਦੀ ਅਤਿ-ਉਤਸ਼ਾਹ ਪੈਦਾ ਕੀਤਾ ਗਿਆ, ਭਾਰਤ ਨੂੰ ਮਹਾਨ ਵਿਗਿਆਨਕ ਵਿਸ਼ਵ ਤਾਕਤ ਐਲਾਨਿਆ ਗਿਆ।
ਇਹ ਗੱਲ ਗੌਲਣ ਵਾਲੀ ਹੈ ਕਿ ਮੀਡੀਆ ਵੱਲੋਂ ਪਹਿਲੇ ਪ੍ਰੋਜੈਕਟ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਇਹ ਪ੍ਰੋਜੈਕਟ ਵੱਖ-ਵੱਖ ਧਿਰਾਂ ਅਤੇ ਸੰਸਥਾਵਾਂ ਦੇ ਆਪਸੀ ਸਹਿਯੋਗ Ḕਤੇ ਆਧਾਰਤ ਸੀ ਜਿਸ ਤਹਿਤ ਭਾਰਤੀ ਮੌਸਮ ਵਿਭਾਗ, ਸਮੁੰਦਰੀ ਤਕਨਾਲੋਜੀ ਸਬੰਧੀ ਕੌਮੀ ਸੰਸਥਾ, ਮੌਸਮੀ ਭਵਿੱਖਵਾਣੀ ਬਾਰੇ ਕੌਮੀ ਕੇਂਦਰ, ਭਾਰਤੀ ਹਵਾਈ ਫੌਜ, ਨੇਵੀ, ਦੋ ਭਾਰਤੀ ਤਕਨੀਕੀ ਸੰਸਥਾਵਾਂ ਅਤੇ ਉੜੀਸਾ ਤੇ ਆਂਧਰਾ ਪ੍ਰਦੇਸ਼ ਦੀਆਂ ਸਰਕਾਰਾਂ ਦੇ ਆਪਸੀ ਸਹਿਯੋਗ ਤਹਿਤ ਇਸ ਨੂੰ ਨੇਪਰੇ ਚਾੜ੍ਹਿਆ ਗਿਆ। ਇਸ ਸਦਕਾ ਤੂਫਾਨ ਸਬੰਧੀ ਚਿਤਾਵਨੀ ਦੇਣ ਦੇ ਸਮੇਂ ਵਿਚ ਵੱਡਾ ਸੁਧਾਰ ਸੰਭਵ ਹੋ ਸਕਿਆ। 1999 ਵਿਚ ਜਦੋਂ ਉੜੀਸਾ ਵਿਚ ਵੱਡਾ ਤੂਫਾਨ ਆਇਆ ਸੀ, ਤਾਂ ਸਿਰਫ 24 ਘੰਟੇ ਪਹਿਲਾਂ ਚਿਤਾਵਨੀ ਦਿੱਤੀ ਜਾ ਸਕੀ ਸੀ। ਇਸ ਤੂਫਾਨ ਦੇ ਨਤੀਜੇ ਵਜੋਂ 3958 ਮੌਤਾਂ ਹੋਈਆਂ ਸਨ (ਗ਼ੈਰ-ਸਰਕਾਰੀ ਅੰਕੜਾ 10 ਹਜ਼ਾਰ ਮੌਤਾਂ ਦਾ ਸੀ); ਪਰ ਇਸ ਵਾਰ ਪੰਜ ਦਿਨ ਪਹਿਲਾਂ ਹੀ ਚਿਤਾਵਨੀ ਜਾਰੀ ਕਰ ਦਿੱਤੀ ਗਈ। ਇਸ ਸਦਕਾ 2 ਲੱਖ ਤੋਂ ਵਧੇਰੇ ਲੋਕਾਂ ਨੂੰ ਖ਼ਤਰੇ ਵਾਲੀਆਂ ਥਾਂਵਾਂ ਤੋਂ ਕੱਢ ਲਿਆ ਗਿਆ। ਖੁਰਾਕ ਅਤੇ ਹੋਰ ਲੋੜੀਂਦੀ ਸਮੱਗਰੀ ਦਾ ਭੰਡਾਰ ਜੁਟਾ ਲਿਆ ਗਿਆ ਅਤੇ ਰਾਹਤ ਸਬੰਧੀ ਬਿਹਤਰ ਤਾਲਮੇਲ ਸੰਭਵ ਹੋ ਸਕਿਆ। ਇਸ ਸਾਰੇ ਅਮਲ ਦੀ ਕਿਤੇ ਵਡੇਰੀ ਸਮਾਜਕ ਪ੍ਰਸੰਗਿਕਤਾ ਹੈ ਅਤੇ ਇਹ ਮੰਗਲ ਮਿਸ਼ਨ ਦੇ ਮੁਕਾਬਲੇ ਤਕਨਾਲੋਜੀ ਦੀ ਕਿਤੇ ਵਧੇਰੇ ਅਰਥਪੂਰਨ ਵਰਤੋਂ ਹੈ। ਠੀਕ ਹੈ ਕਿ ਇਸਰੋ ਵੱਲੋਂ ਵਿਆਪਕ ਪੱਧਰ Ḕਤੇ ਵੱਖ-ਵੱਖ ਤਕਨੀਕਾਂ ਵਿਕਸਿਤ ਕੀਤੀਆਂ ਗਈਆਂ ਹਨ ਜਿਨ੍ਹਾਂ ਵਿਚ ਰਾਕੇਟ ਸਾਇੰਸ, ਇੰਜਣ ਡਿਜ਼ਾਈਨ, ਬਿਜਲਈ ਫੈਬਰੀਕੇਸ਼ਨ, ਰਿਮੋਟ ਟਰੈਕਿੰਗ ਤੇ ਕੰਟਰੋਲ ਅਤੇ ਡਾਟਾ ਪ੍ਰੋਸੈਸਿੰਗ ਆਦਿ ਵਰਗੀਆਂ ਅਹਿਮ ਤਕਨੀਕਾਂ ਸ਼ਾਮਿਲ ਹਨ। ਇਸਰੋ ਵੱਲੋਂ ਪਹਿਲੇ ਉਪਰਾਲੇ ਵਿਚ ਹੀ ਮੰਗਲਯਾਨ ਨੂੰ ਮੰਗਲ ਗ੍ਰਹਿ ਦੇ ਪੰਧ ਉਤੇ ਪਾ ਦੇਣ ਦੀ ਪ੍ਰਾਪਤੀ ਨੂੰ ਵੀ ਘਟਾ ਕੇ ਨਹੀਂ ਦੇਖਿਆ ਜਾ ਸਕਦਾ, ਪਰ ਮੰਗਲ ਮਿਸ਼ਨ ਦਾ ਵਿਗਿਆਨਕ ਏਜੰਡਾ ਸਾਧਾਰਨ ਹੀ ਹੈ। ਇਸ ਰਾਹੀਂ ਮੰਗਲ ਗ੍ਰਹਿ ਨੂੰ 366 ਕਿਲੋਮੀਟਰ ਦੀ ਘੱਟ ਤੋਂ ਘੱਟ ਦੂਰੀ ਤੋਂ ਵਾਚਿਆ ਜਾਵੇਗਾ। ਇੰਨੀ ਦੂਰੀ ਤੋਂ ਭਾਰਤੀ ਮੰਗਲਯਾਨ ਉਸ ਜਾਣਕਾਰੀ ਦੇ ਮੁਕਾਬਲੇ ਭੋਰਾ ਭਰ ਜਾਣਕਾਰੀ ਹੀ ਮੁਹੱਈਆ ਕਰਵਾ ਸਕੇਗਾ ਜੋ ਅਮਰੀਕਾ-ਯੂਰਪ ਦੇ ਤਾਜ਼ਾ Ḕਮਾਰਸ ਐਕਸਪ੍ਰੈਸ ਮਿਸ਼ਨḔ ਵੱਲੋਂ ਮੁਹੱਈਆ ਕਰਾਈ ਜਾ ਰਹੀ ਹੈ। ਮੰਗਲਯਾਨ ਦਾ ਭਾਰ 1350 ਕਿੱਲੋ ਹੈ ਪਰ ਇਹ ਮਾਤਰ 13 ਕਿੱਲੋ ਦੀ ਵਿਗਿਆਨਕ ਸਮੱਗਰੀ ਹੀ ਲੈ ਕੇ ਗਿਆ ਹੈ। ਇਸ ਦੇ ਮੁਕਾਬਲੇ Ḕਮਾਰਸ ਐਕਸਪ੍ਰੈਸḔ ਉਤੇ 116 ਕਿੱਲੋ ਸਮੱਗਰੀ ਮੌਜੂਦ ਹੈ। ਇੰਨੀ ਥੋੜ੍ਹੀ ਸਮੱਗਰੀ ਸਦਕਾ ਮੰਗਲਯਾਨ ਵੱਲੋਂ ਕੀਤੇ ਜਾਣ ਵਾਲੇ ਸਰਵੇਖਣਾਂ ਦੀ ਗੁਣਵਤਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗੀ। ਮੰਗਲ ਗ੍ਰਹਿ ਦੇ ਵਾਤਾਵਰਨ ਜਾਂ ਮੌਸਮ ਬਾਰੇ ਜੋ ਕੁਝ ਪਹਿਲਾਂ ਤੋਂ ਹੀ ਪਤਾ ਹੈ, ਉਸ ਵਿਚ ਮੰਗਲਯਾਨ ਕੋਈ ਵਿਸ਼ੇਸ਼ ਵਾਧਾ ਨਹੀਂ ਕਰ ਸਕੇਗਾ।
ਇਸਰੋ ਦੇ ਸਾਬਕਾ ਚੇਅਰਮੈਨ ਜੀæ ਮਾਧਵਨ ਨਾਇਰ ਮੁਤਾਬਿਕ ਮੰਗਲਯਾਨ ਨੇ 24 ਕਿਲੋ ਭਾਰ ਦੇ 12 ਯੰਤਰ ਲੈ ਕੇ ਜਾਣੇ ਸਨ, ਪਰ ਇਨ੍ਹਾਂ ਵਿਚੋਂ ਸਿਰਫ 5 ਦੀ ਹੀ ਸਮੇਂ ਸਿਰ ਪਰਖ ਹੋ ਸਕੀ। ਬਾਕੀ ਯੰਤਰ ਨਾ ਲਿਜਾਏ ਜਾ ਸਕਣ ਕਾਰਨ ਪੂਰਾ ਮਿਸ਼ਨ ḔਵਿਅਰਥḔ ਅਤੇ ਸਿਰਫ Ḕਸ਼ੋਅਪੀਸḔ ਬਣ ਕੇ ਰਹਿ ਗਿਆ।
ਮੰਗਲਯਾਨ ਦੀਆਂ ਸੀਮਤਾਈਆਂ ਦਾ ਮੁਢਲਾ ਕਾਰਨ ਇਹ ਹੈ ਕਿ ਇਸਰੋ 15 ਸਾਲਾਂ ਵਿਚ ਜੀæਐਸ਼ਐਲ਼ਵੀæ ਦੀ ਤਕਨਾਲੋਜੀ ਨੂੰ ਮੁਕੰਮਲ ਕਰਨ Ḕਚ ਅਸਫਲ ਰਹੀ ਹੈ, ਜਿਸ ਰਾਹੀਂ 2000 ਕਿਲੋ ਤੋਂ ਵਧੇਰੇ ਭਾਰ ਵਾਲੇ ਉਪਗ੍ਰਹਿਆਂ ਨੂੰ ਉਚੇਰੇ ਗ੍ਰਹਿ ਪੰਧਾਂ Ḕਤੇ ਭੇਜਿਆ ਜਾ ਸਕਦਾ ਹੈ। ਜੀæਐਸ਼ਐਲ਼ਵੀæ ਦੀ ਥਾਂ Ḕਤੇ ਇਸ ਨੇ ਕਾਹਲੀ ਵਿਚ ਘੱਟ ਤਾਕਤਵਰ ਪੀæਐਸ਼ਐਲ਼ਵੀæ ਰਾਹੀਂ ਹੀ ਮੰਗਲਯਾਨ ਨੂੰ ਲਾਂਚ ਕਰ ਦਿੱਤਾ ਜਿਸ ਨਾਲ ਮੰਗਲਯਾਨ ਦੀਆਂ ਸਮਰਥਾਵਾਂ ਘਟ ਗਈਆਂ। ਮੰਗਲ ਮਿਸ਼ਨ ਇਸਰੋ ਨੂੰ ਹੁਲਾਰਾ ਦੇਣ ਦਾ ਕੰਮ ਕਰ ਸਕਦਾ ਹੈ, ਪਰ ਇਹ ਭਾਰਤ ਦੀ ਵਿਗਿਆਨ ਅਤੇ ਤਕਨੀਕ ਨੂੰ ਅੱਗੇ ਵਧਾਉਣ ਵਿਚ ਬਹੁਤਾ ਯੋਗਦਾਨ ਨਹੀਂ ਪਾ ਸਕੇਗਾ। ਦਹਾਕਿਆਂ ਤੱਕ ਭਾਰਤ ਤੀਜੀ ਦੁਨੀਆਂ ਦੀ ਵਿਵਾਦ ਰਹਿਤ Ḕਵਿਗਿਆਨਕ ਮਹਾਂਸ਼ਕਤੀḔ ਰਿਹਾ ਹੈ। 1980 ਵਿਚ ਭਾਰਤ ਵਿਗਿਆਨਕ ਪ੍ਰਾਪਤੀਆਂ ਸਬੰਧੀ ਲਿਖੇ ਜਾਣ ਵਾਲੇ ਪਰਚਿਆਂ ਦੀ ਗਿਣਤੀ ਪੱਖੋਂ ਵਿਸ਼ਵ ਵਿਚ ਅੱਠਵੇਂ ਨੰਬਰ Ḕਤੇ ਸੀ, ਜਦਕਿ ਚੀਨ ਇਸ ਤੋਂ ਕਿਤੇ ਪਿੱਛੇ 15ਵੇਂ ਸਥਾਨ Ḕਤੇ ਸੀ। 2010 ਤੱਕ ਚੀਨ ਉਪਰ ਉਠ ਕੇ ਦੂਜੇ ਸਥਾਨ Ḕਤੇ ਪਹੁੰਚ ਗਿਆ ਜਦੋਂ ਕਿ ਭਾਰਤ 9ਵੇਂ ਸਥਾਨ Ḕਤੇ ਹੇਠਾਂ ਖਿਸਕ ਗਿਆ। ਖੋਜ ਅਤੇ ਵਿਕਾਸ ਦੇ ਮਾਮਲੇ ਵਿਚ ਹੋਰ ਉਭਰ ਰਹੀਆਂ ਆਰਥਿਕਤਾਵਾਂ ਵੀ ਭਾਰਤ ਦੀ ਬਰਾਬਰੀ Ḕਤੇ ਆ ਰਹੀਆਂ ਹਨ। ਨਾ ਸਿਰਫ ਚੀਨ, ਸਗੋਂ ਰੂਸ ਅਤੇ ਦੱਖਣੀ ਕੋਰੀਆ ਨੇ ਵੀ ਭਾਰਤ ਨਾਲੋਂ ਵਧੇਰੇ ਲੋਕਾਂ ਨੂੰ ਖੋਜ ਅਤੇ ਵਿਕਾਸ ਦੇ ਕੰਮ ਵਿਚ ਲਾਇਆ ਹੋਇਆ ਹੈ। ਬਰਾਜ਼ੀਲ ਵੀ ਬਹੁਤਾ ਪਿੱਛੇ ਨਹੀਂ ਹੈ।
ਅਸਲ ਵਿਚ ਭਾਰਤ ਦਾ ਵਿਗਿਆਨ ਅਤੇ ਤਕਨਾਲੋਜੀ ਦਾ ਖੇਤਰ ਸੰਕਟ ਵਿਚ ਹੈ। ਇਸ ਦੀਆਂ ਤਰਜੀਹਾਂ ਵਿਗਾੜ ਭਰੀਆਂ ਹਨ। ਖੋਜ ਅਤੇ ਵਿਕਾਸ ਦੇ ਖਰਚੇ ਦਾ ਦੋ-ਤਿਹਾਈ ਹਿੱਸਾ ḔਸੁਰੱਖਿਆḔ ਨਾਲ ਸਬੰਧਤ ਸਿਰਫ 3 ਸੰਸਥਾਵਾਂ- ਐਟਮੀ ਊਰਜਾ ਵਿਭਾਗ, ਰੱਖਿਆ ਖੋਜ ਤੇ ਵਿਕਾਸ ਸੰਗਠਨ ਅਤੇ ਪੁਲਾੜ ਵਿਭਾਗ, ਵੱਲੋਂ ਹੀ ਖਰਚਿਆ ਜਾਂਦਾ ਹੈ। ਇਨ੍ਹਾਂ Ḕਚੋਂ ਪਹਿਲੇ ਦੋਵਾਂ ਦੀ ਕਾਰਗੁਜ਼ਾਰੀ ਵੀ ਸੰਤੁਸ਼ਟੀਜਨਕ ਨਹੀਂ ਹੈ। ਰੱਖਿਆ ਖੋਜ ਨਾਲ ਸਬੰਧਤ ਬਾਕੀ ਸਾਰੀਆਂ ਸੰਸਥਾਵਾਂ ਨੂੰ ਬਾਕੀ ਬਚਦਾ ਇਕ-ਤਿਹਾਈ ਫੰਡ ਹੀ ਮਿਲਦਾ ਹੈ। ਇਨ੍ਹਾਂ ਵਿਚ ਖੇਤੀਬਾੜੀ ਖੋਜ ਕੌਂਸਲ ਅਧੀਨ ਆਉਂਦੀਆਂ ਪ੍ਰਯੋਗਸ਼ਾਲਾਵਾਂ ਦੀ ਵੱਡੀ ਲੜੀ, ਵਿਗਿਆਨਕ ਅਤੇ ਸਨਅਤੀ ਖੋਜ, ਮੈਡੀਕਲ ਖੋਜ ਅਤੇ ਬਾਇਓ ਤਕਨੀਕ ਦਾ ਵਿਭਾਗ ਸ਼ਾਮਿਲ ਹਨ। ਇਨ੍ਹਾਂ ਦੇ ਫੰਡ ਹਾਲ ਹੀ ਵਿਚ 20 ਤੋਂ 30 ਫੀਸਦੀ ਤੱਕ ਹੋਰ ਘਟਾ ਦਿੱਤੇ ਗਏ ਹਨ। ਇਸ ਤੋਂ ਵੀ ਮਾੜੀ ਗੱਲ ਇਹ ਹੈ ਕਿ ਅਲਾਟ ਹੋਏ ਫੰਡ ਵੀ ਸਮੇਂ ਸਿਰ ਨਹੀਂ ਮਿਲਦੇ ਅਤੇ ਅਨੇਕਾਂ ਪ੍ਰੋਜੈਕਟ ਲੋੜੀਂਦੇ ਯੰਤਰਾਂ ਅਤੇ ਕਰਮਚਾਰੀਆਂ ਦੀ ਘਾਟ ਦਾ ਸ਼ਿਕਾਰ ਹਨ।
ਭਾਰਤ ਨੇ 1950ਵਿਆਂ ਵਿਚ ਉਦੋਂ ਵੱਡੀ ਗਲਤੀ ਕੀਤੀ ਜਦੋਂ ਖੋਜ ਦੇ ਕੰਮ ਨੂੰ ਸਿੱਖਿਆ ਨਾਲੋਂ ਨਿਖੇੜ ਦਿੱਤਾ ਗਿਆ। ਚਾਹੀਦਾ ਤਾਂ ਇਹ ਸੀ ਕਿ ਇਹ ਕੰਮ ਯੂਨੀਵਰਸਿਟੀ ਪ੍ਰਬੰਧ ਅਧੀਨ ਰਹਿੰਦਾ, ਪਰ ਇਸ ਦੀ ਥਾਂ Ḕਤੇ ਵਿਸ਼ੇਸ਼ ਪ੍ਰਯੋਗਸ਼ਾਲਾਵਾਂ ਸਥਾਪਤ ਕਰ ਦਿੱਤੀਆਂ ਗਈਆਂ ਜਿਨ੍ਹਾਂ ਤੱਕ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਦੀ ਪਹੁੰਚ ਨਾ ਹੋ ਸਕੀ। ਬਹੁਤੀਆਂ ਪ੍ਰਯੋਗਸ਼ਾਲਾਵਾਂ ਬੁਰੀ ਤਰ੍ਹਾਂ ਨੌਕਰਸ਼ਾਹੀ ਦਾ ਸ਼ਿਕਾਰ ਹਨ ਅਤੇ ਆਪਣੀਆਂ ਜਗੀਰਾਂ ਵਜੋਂ ਚਲਾਈਆਂ ਜਾ ਰਹੀਆਂ ਹਨ ਜਿਸ ਤਹਿਤ ਕਿਸੇ ਤਰ੍ਹਾਂ ਦੀ ਜਨਤਕ ਜਵਾਬਦੇਹੀ ਨਹੀਂ ਸਮਝੀ ਜਾਂਦੀ। ਇਨ੍ਹਾਂ ਵਿਚ ਤਰੱਕੀਆਂ ਵੀ ਕਾਰਗੁਜ਼ਾਰੀ ਦੇ ਆਧਾਰ Ḕਤੇ ਨਹੀਂ, ਸਗੋਂ ਭਾਈ-ਭਤੀਜਾਵਾਦ ਜਾਂ ਸੇਵਾਕਾਲ ਦੇ ਸਮੇਂ ਦੇ ਆਧਾਰ Ḕਤੇ ਹੁੰਦੀਆਂ ਹਨ।
ਭਾਰਤ ਵਿਚ ਵਿਗਿਆਨ ਅਤੇ ਤਕਨਾਲੋਜੀ ਸਬੰਧੀ ਉਦਮ ਦੀ ਸ਼ੁਰੂਆਤ ਆਜ਼ਾਦੀ ਵੇਲੇ ਕੀਤੀ ਗਈ ਸੀ, ਪਰ ਇਹ ਹੋਰ ਵੀ ਕਈ ਪੱਖਾਂ ਤੋਂ ਨੁਕਸਪੂਰਨ ਸਿੱਧ ਹੋਇਆ ਹੈ। ਇਸ ਦਾ ਮਕਸਦ ਸੀ ਵਿਗਿਆਨਕ ਨਜ਼ਰੀਆ ਪੈਦਾ ਕਰਨਾ (ਜਿਵੇਂ ਕਿ ਸੰਵਿਧਾਨ ਵਿਚ ਦਰਜ ਹੈ) ਅਤੇ ਪਰਖ ਪੜਚੋਲ ਆਧਾਰਤ ਵਿਹਾਰ ਦੀ ਸਿਰਜਣਾ ਕਰਨਾ, ਪਰ ਇਹ ਅਜਿਹਾ ਕਰਨ Ḕਚ ਅਸਫਲ ਰਿਹਾ ਹੈ। ਵਧ ਰਿਹਾ ਅੰਧਵਿਸ਼ਵਾਸ, ਧਰਮਾਂ ਦਾ ਸਿਆਸੀਕਰਨ ਅਤੇ ਵਹਿਮ-ਭਰਮ ਆਦਿ ਇਸੇ ਗੱਲ ਦੇ ਸਬੂਤ ਹਨ। ਭਾਰਤ ਵਿਚ ਸਿੱਖਿਆ ਸੰਸਥਾਵਾਂ ਨਾਲੋਂ ਵਧੇਰੇ ਧਾਰਮਿਕ ਅਦਾਰੇ ਹਨ। ਇਸਰੋ ਦੇ ਚੇਅਰਮੈਨ ਕੇæ ਰਾਧਾਕ੍ਰਿਸ਼ਨਨ ਨੇ ਕਿਉਂ ਮੰਗਲਯਾਨ ਮਾਡਲ ਦੀ ਤ੍ਰਿਪੁਤੀ ਮੰਦਿਰ ਵਿਚ ਜਨਤਕ ਤੌਰ Ḕਤੇ ਪੂਜਾ ਕੀਤੀ ਅਤੇ ਅਜਿਹੀਆਂ ਰਸਮਾਂ ਕੀਤੀਆਂ ਜੋ ਤਰਕਵਾਦੀਆਂ ਨੂੰ ਨਿਰਾਸ਼ ਕਰਨ ਵਾਲੀਆਂ ਸਨ।
ਭਾਰਤ ਦਾ ਪ੍ਰਤਿਭਾਸ਼ਾਲੀ ਨੌਜਵਾਨ ਵਰਗ ਹੁਣ ਵਿਗਿਆਨ ਪ੍ਰਤੀ ਆਕਰਸ਼ਤ ਨਹੀਂ ਰਿਹਾ। ਭਾਰਤ ਵਿਚ ਵਿਗਿਆਨ ਦੀ ਸਿੱਖਿਆ ਬੁਰੇ ਹਾਲਾਤ ਦੀ ਸ਼ਿਕਾਰ ਹੋ ਚੁੱਕੀ ਹੈ। ਇਸ ਵਿਚ ਪ੍ਰਤਿਭਾਸ਼ਾਲੀ ਅਧਿਆਪਕਾਂ ਦੀ ਵੀ ਘਾਟ ਹੈ। ਵਿਗਿਆਨ ਅਤੇ ਤਕਨੀਕੀ ਸਥਾਪਤੀ ਲੋਕਾਂ ਨੂੰ ਲਾਭਦਾਇਕ ਖੋਜਾਂ ਮੁਹੱਈਆ ਕਰਾਉਣ ਦੇ ਆਪਣੇ ਦਾਅਵੇ ਨੂੰ ਪੂਰਾ ਕਰਨ Ḕਚ ਅਸਫਲ ਰਹੀ ਹੈ, ਹਾਲਾਂ ਕਿ ਖੇਤੀਬਾੜੀ ਦੇ ਖੇਤਰ ਅਤੇ ਸੂਚਨਾ ਤਕਨਾਲੋਜੀ ਦੇ ਖੇਤਰ ਸਬੰਧੀ ਕੁਝ ਅਪਵਾਦ ਜ਼ਰੂਰ ਮੌਜੂਦ ਹਨ। ਜਦੋਂ ਤੱਕ ਵਿਗਿਆਨ ਅਤੇ ਤਕਨਾਲੋਜੀ ਸਥਾਪਤੀ ਆਪਣੇ ਉਕਤ ਵਾਅਦੇ ਨੂੰ ਪੂਰਾ ਕਰਨ ਲਈ ਤਹਿ-ਦਿਲੋਂ ਯਤਨਸ਼ੀਲ ਨਹੀਂ ਹੁੰਦੀ, ਇਹ ਹੋਰ ਹੇਠਾਂ ਵੱਲ ਹੀ ਜਾਵੇਗੀ, ਮੰਗਲ ਮਿਸ਼ਨ ਨਾਲ ਕੋਈ ਫਰਕ ਨਹੀਂ ਪੈਣ ਵਾਲਾ।
Leave a Reply