ਹਰਿਆਣਾ ਚੋਣਾਂ ਬਾਦਲਾਂ ਲਈ ਕੁਰੂਕਸ਼ੇਤਰ ਬਣੀਆਂ

ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਹਰਿਆਣਾ ਵਿਧਾਨ ਸਭਾ ਚੋਣਾਂ ਦਾ ਰੌਲਾ-ਰੱਪਾ ਸ਼ਾਂਤ ਹੋ ਗਿਆ ਹੈ ਪਰ ਚੋਣ ਪ੍ਰਚਾਰ ਦੌਰਾਨ ਇਕ-ਦੂਜੇ ਖ਼ਿਲਾਫ਼ ਕੱਢੀ ਗਈ ਭੜਾਸ ਨੇ ਪੰਜਾਬ ਦੇ ਸਿਆਸੀ ਮਾਹੌਲ ਵਿਚ ਚੁਆਤੀ ਜ਼ਰੂਰ ਲਾ ਦਿੱਤੀ ਹੈ। ਭਾਜਪਾ ਦੇ ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਨੇ ਚੋਣ ਪ੍ਰਚਾਰ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੂੰ ਖੁੱਲ੍ਹ ਕੇ ਘੇਰਿਆ।
ਉਨ੍ਹਾਂ ਨੇ ਬਾਦਲਾਂ ਨੂੰ ‘ਲੁਟੇਰੇ’ ਗਰਦਾਨਦਿਆਂ ਪੰਜਾਬ ਦੇ ਹਰ ਕਾਰੋਬਾਰ ‘ਤੇ ਕਬਜ਼ੇ ਕਰਨ ਦੇ ਇਲਜ਼ਾਮ ਲਾਏ ਅਤੇ ਇਸ ਵਿਸ਼ੇ ‘ਤੇ ਬਹਿਸ ਲਈ ਖੁੱਲ੍ਹੀ ਚਣੌਤੀ ਦਿੱਤੀ। ਹੋਰ ਤਾਂ ਹੋਰ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਹਾਜ਼ਰੀ ਵਿਚ ਭਾਜਪਾ ਆਗੂਆਂ ਨੇ ਸ਼ ਪ੍ਰਕਾਸ਼ ਸਿੰਘ ਬਾਦਲ ਉਤੇ ਤਾਬੜਤੋੜ ਹਮਲੇ ਕੀਤੇ। ਯਾਦ ਰਹੇ ਕਿ ਸ਼ ਬਾਦਲ ਹੁਣ ਤੱਕ ਮੋਦੀ ਦੀਆਂ ਤਾਰੀਫਾਂ ਦੇ ਪੁਲ ਬੰਨ੍ਹਦੇ ਆ ਰਹੇ ਹਨ।
ਚੋਣ ਪ੍ਰਚਾਰ ਦੌਰਾਨ ਬਾਦਲਾਂ ਨੇ ਨਵਜੋਤ ਸਿੱਧੂ ਦੇ ਕਿਸੇ ਵੀ ਵਾਰ ਦਾ ਕੋਈ ਜਵਾਬ ਨਹੀਂ ਦਿੱਤਾ ਪਰ ਚੁੱਪ-ਚੁਪੀਤੇ ਸ਼ ਸਿੱਧੂ ਦੀ ਸੁਰੱਖਿਆ ਛਤਰੀ ਵਾਪਸ ਲੈ ਲਈ ਗਈ। ਪੰਜਾਬ ਸਰਕਾਰ ਦੇ ਇਸ ਫੈਸਲੇ ਨਾਲ ਸਿੱਧੂ ਬਨਾਮ ਬਾਦਲ ਲੜਾਈ ਭਾਜਪਾ ਬਨਾਮ ਅਕਾਲੀ ਦਲ ਬਣ ਗਈ। ਸੁਰੱਖਿਆ ਛਤਰੀ ਵਾਪਸ ਲੈਣ ਨੂੰ ਇੱਜ਼ਤ ਦਾ ਸਵਾਲ ਕਰਾਰ ਦਿੰਦਿਆਂ ਪੰਜਾਬ ਭਾਜਪਾ ਵੀ ਅਕਾਲੀ ਦਲ ਖਿਲਾਫ਼ ਡਟ ਗਈ ਹੈ।
ਸ਼ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਦਾਅਵਾ ਕੀਤਾ ਹੈ ਕਿ ਸਾਬਕਾ ਸੰਸਦ ਮੈਂਬਰ ਨੂੰ ਸੁਰੱਖਿਆ ਛਤਰੀ ਵਿਚ ਚਾਰ ਅੰਗ ਰੱਖਿਅਕ ਦਿੱਤੇ ਹੋਏ ਸਨ ਜੋ ਅਚਨਚੇਤੀ ਵਾਪਸ ਲੈ ਲਏ ਗਏ। ਇਸ ਤੋਂ ਪਹਿਲਾਂ ਸੰਸਦ ਮੈਂਬਰ ਵਜੋਂ ਸੇਵਾ ਕਾਲ ਖਤਮ ਹੋਣ ਮਗਰੋਂ ਉਸ ਦੀ ਸੁਰੱਖਿਆ ਛਤਰੀ ਵਿਚ ਕਟੌਤੀ ਕੀਤੀ ਗਈ ਸੀ। ਸ਼ ਸਿੱਧੂ ਦਾ ਕਹਿਣਾ ਹੈ ਕਿ ਇਹ ਸ਼੍ਰੋਮਣੀ ਅਕਾਲੀ ਦਲ ਦੀ ਵਿਰੋਧੀ ਸੁਰਾਂ ਨੂੰ ਦਬਾਉਣ ਵਾਲੀ ਨੀਤੀ ਦਾ ਹਿੱਸਾ ਹੈ।
ਅਸਲ ਵਿਚ ਸ਼੍ਰੋਮਣੀ ਅਕਾਲੀ ਦਲ ਨੇ ਹਰਿਆਣਾ ਵਿਚ ਇਨੈਲੋ ਨਾਲ ਗੱਠਜੋੜ ਕਰ ਕੇ ਚੋਣ ਲੜੀ ਹੈ ਜਦੋਂ ਕਿ ਪੰਜਾਬ ਵਿਚ ਅਕਾਲੀ-ਭਾਜਪਾ ਦਾ ਗੱਠਜੋੜ ਹੈ। ਅਕਾਲੀ ਦਲ ਦੇ ਇਸ ਦੋਹਰੇ ਸਟੈਂਡ ਤੋਂ ਭਾਜਪਾ ਬਹੁਤ ਖਫਾ ਹੈ। ਭਾਜਪਾ ਦੇ ਸੀਨੀਅਰ ਆਗੂ ਸ਼ਾਂਤਾ ਕੁਮਾਰ ਨੇ ਅਕਾਲੀ ਦਲ ਨਾਲ ਇਨੈਲੋ ਗਠਜੋੜ ਤੇ ਹੋਰ ਮੁੱਦਿਆਂ ‘ਤੇ ਡੂੰਘੇ ਮਤਭੇਦ ਹੋਣ ਦੀ ਗੱਲ ਵੀ ਮੰਨ ਲਈ ਹੈ।
ਭਾਜਪਾ ਆਗੂ ਬੇਸ਼ੱਕ ਅਕਾਲੀਆਂ ਖਿਲਾਫ ਖੁੱਲ੍ਹ ਕੇ ਭੜਾਸ ਕੱਢ ਰਹੇ ਹਨ, ਪਰ ਅਕਾਲੀ ਦਲ ਨੇ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜਿਆਂ ਤੱਕ ਗਠਜੋੜ ਪਾਰਟੀ ਖ਼ਿਲਾਫ਼ ਮੂੰਹ ਬੰਦ ਰੱਖਣ ਦੀ ਨੀਤੀ ਅਪਨਾਈ ਹੈ। ਅਕਾਲੀ ਦਲ ਵਿਚ ਦੂਜੀ ਕਤਾਰ ਦੇ ਆਗੂਆਂ ਵੱਲੋਂ ਭਾਵੇਂ ਨਵਜੋਤ ਸਿੱਧੂ ਦੀ ਆਲੋਚਨਾ ਕੀਤੀ ਗਈ ਪਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖਾਮੋਸ਼ ਰਹੇ। ਸਿਆਸੀ ਮਾਹਿਰਾਂ ਅਨੁਸਾਰ ਇਸ ਵਿਚ ਕੋਈ ਦੋ ਰਾਵਾਂ ਨਹੀਂ ਕਿ ਕੇਂਦਰੀ ਲੀਡਰਸ਼ਿਪ ਦੇ ਇਸ਼ਾਰੇ ‘ਤੇ ਹੀ ਨਵਜੋਤ ਸਿੰਘ ਸਿੱਧੂ ਵੱਲੋਂ ਬਾਦਲ ਪਰਿਵਾਰ ਤੇ ਪਾਰਟੀ ਵਿਰੁਧ ਖੁੱਲ੍ਹ ਕੇ ਭੜਾਸ ਕੱਢੀ ਜਾ ਰਹੀ ਹੈ। ਸਿੱਧੂ ਤੋਂ ਇਲਾਵਾ ਭਾਜਪਾ ਦੇ ਦੋ ਹੋਰ ਆਗੂਆਂ ਆਰæਪੀæ ਸਿੰਘ ਅਤੇ ਮਿਨਾਕਸ਼ੀ ਲੇਖੀ ਨੇ ਵੀ ਅਕਾਲੀ ਦਲ ਨੂੰ ਕਰੜੇ ਹੱਥੀਂ ਲਿਆ ਹੈ।
ਅਸਲ ਵਿਚ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਤਣਾਅ ਭਰੇ ਸਬੰਧ ਤਾਂ ਭਾਵੇਂ ਲੋਕ ਸਭਾ ਚੋਣਾਂ ਤੋਂ ਬਾਅਦ ਚੱਲ ਰਹੇ ਹਨ, ਪਰ ਹਰਿਆਣਾ ਵਿਧਾਨ ਸਭਾ ਚੋਣਾਂ ਨੇ ਇਨ੍ਹਾਂ ਵਿਚਕਾਰ ਜ਼ਿਆਦਾ ਕੁੜੱਤਣ ਭਰ ਦਿੱਤੀ ਹੈ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਹਰਿਆਣਾ ਦੇ ਚੋਣ ਨਤੀਜੇ ਪੰਜਾਬ ਦੇ ਗਠਜੋੜ ਦਾ ਭਵਿੱਖ ਤੈਅ ਕਰਨਗੇ ਕਿਉਂਕਿ ਭਾਜਪਾ ਨੂੰ ਨਤੀਜਿਆਂ ਤੋਂ ਬਾਅਦ ਬਾਦਲਾਂ ਦੀ ਚੌਟਾਲਿਆਂ ਨਾਲ ਯਾਰੀ ਦੀ ਜ਼ਰੂਰਤ ਵੀ ਪੈ ਸਕਦੀ ਹੈ।
ਪੰਜਾਬ ਦੀ ਗਠਜੋੜ ਸਰਕਾਰ ਵਿਚ ਭਾਜਪਾ ਦੇ ਚਾਰ ਮੰਤਰੀ, ਇਕ ਡਿਪਟੀ ਸਪੀਕਰ ਤੇ ਦੋ ਮੁੱਖ ਸੰਸਦੀ ਸਕੱਤਰ ਹਨ। ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਿਚ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਹਰਸਿਮਰਤ ਕੌਰ ਬਾਦਲ ਕੈਬਨਿਟ ਮੰਤਰੀ ਹਨ। ਉਂਜ ਦੇਖਿਆ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਵਿਚ ਸਰਕਾਰ ਟੁੱਟਣ ਦਾ ਕੋਈ ਖ਼ਤਰਾ ਨਹੀਂ ਹੈ ਕਿਉਂਕਿ ਪਾਰਟੀ ਕੋਲ 58 ਵਿਧਾਇਕ ਹਨ। ਬਹੁਮਤ ਲਈ 59 ਵਿਧਾਇਕਾਂ ਦੀ ਜ਼ਰੂਰਤ ਹੈ ਤੇ ਤਿੰਨ ਆਜ਼ਾਦ ਵਿਧਾਇਕ ਹਨ।
ਸਿਆਸੀ ਮਾਹਿਰਾਂ ਅਨੁਸਾਰ ਭਾਜਪਾ ਅਗਲੇ ਸਾਲ ਹੀ 117 ਸੀਟਾਂ ਵਿਚੋਂ ਘੱਟੋ-ਘੱਟ 60 ਸੀਟਾਂ ਮੰਗੇਗੀ ਤੇ ਅਕਾਲੀ ਦਲ ਵੱਲੋਂ ਸੰਭਾਵੀ ਨਾਂਹ ਕਰਨ ‘ਤੇ ਫਿਰ ਤੋੜ-ਵਿਛੋੜਾ ਕਰਨ ਦਾ ਰਸਤਾ ਲੱਭੇਗੀ। ਇਸ ਵੇਲੇ ਭਾਜਪਾ ਦੇ ਪੰਜਾਬ ਤੇ ਕੇਂਦਰੀ ਨੇਤਾ ਕਹਿ ਰਹੇ ਹਨ ਕਿ ਜਿੰਨੀ ਬਦਨਾਮੀ ਅਕਾਲੀ ਲੀਡਰਾਂ ਤੇ ਬਾਦਲ ਪਰਿਵਾਰ ਦੀ ਹੋ ਰਹੀ ਹੈ, ਉਸ ਵਿਚ ਜ਼ਿੰਮੇਵਾਰੀ ਤੇ ਕਸੂਰ ਭਾਜਪਾ ਦਾ ਵੀ ਉਨਾ ਹੀ ਹੈ ਤੇ 2017 ਦੀਆਂ ਚੋਣਾਂ ਵਿਚ ਇਨ੍ਹਾਂ ਗ਼ਲਤੀਆਂ ਤੇ ਮਾੜੀ ਕਾਰਗੁਜ਼ਾਰੀ ਦਾ ਖ਼ਮਿਆਜ਼ਾ ਭੁਗਤਣ ਨਾਲੋਂ ਚੰਗਾ ਹੈ ਕਿ ਮੋਦੀ ਲਹਿਰ ਦਾ ਫ਼ਾਇਦਾ ਉਠਾਉਣ ਲਈ ਵੱਖੋ-ਵੱਖਰੀ ਚੋਣ ਲੜੀ ਜਾਵੇ। ਇਸੇ ਦੌਰਾਨ ਪੰਜਾਬ ਭਾਜਪਾ ਦੇ ਪ੍ਰਧਾਨ ਕਮਲ ਸ਼ਰਮਾ ਦਾ ਕਹਿਣਾ ਹੈ ਕਿ ਕੁੱਲ 90 ਸੀਟਾਂ ਵਿਚੋਂ ਤਕਰੀਬਨ 60 ‘ਤੇ ਭਾਜਪਾ ਤੇ ਇਨੈਲੋ ਉਮੀਦਵਾਰਾਂ ਦਾ ਸਿੱਧਾ ਮੁਕਾਬਲਾ ਸੀ ਜਿਸ ਕਰ ਕੇ ਵੱਖ-ਵੱਖ ਲੀਡਰਾਂ ਦੇ ਪ੍ਰਚਾਰ ਦਾ ਆਪਾ ਵਿਰੋਧੀ ਹੋਣ ਦਾ ਨਤੀਜਾ ਜ਼ਰੂਰ ਭੁਗਤਣਾ ਪਿਆ।
ਸ੍ਰੀ ਸ਼ਰਮਾ ਨੇ ਕਿਹਾ ਕਿ ਹਰਿਆਣਾ ਚੋਣਾਂ ਉਪਰੰਤ ਉਹ ਕਿਸਾਨਾਂ ਨੂੰ ਮੁਫ਼ਤ ਬਿਜਲੀ, ਸ਼ਹਿਰੀ ਵਪਾਰੀਆਂ, ਰਿਹਾਇਸ਼ੀ ਤੇ ਕਮਰਸ਼ੀਅਲ ਮੁੱਦੇ, ਰੇਤਾ ਬਜਰੀ ਦੇ ਮੁੱਦੇ ਜ਼ਰੂਰ ਹੀ ਮੁੱਖ ਮੰਤਰੀ ਕੋਲ ਚੁੱਕਣਗੇ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸੋਚ ਹੈ ਕਿ ਉਹ ਅਪਣੀ ਪਾਰਟੀ ਨੂੰ ਨੈਸ਼ਨਲ ਪੱਧਰ ਦੀ ਪਾਰਟੀ ਬਣਾਉਣਾ ਚਾਹੁੰਦੇ ਹਨ।
_____________________________________________
ਅਕਾਲੀਆਂ ਵੱਲੋਂ ਸੱਚ ਨੂੰ ਦਬਾਉਣ ਦੀ ਕੋਸ਼ਿਸ਼: ਸਿੱਧੂ
ਚੰਡੀਗੜ੍ਹ: ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਨੇ ‘ਅਕਾਲੀ ਦਲ ਬਰਾਂਡ ਸਿਆਸਤ’ ਦੀ ਨਿਖੇਧੀ ਕਰਦਿਆਂ ਆਖਿਆ ਕਿ ਜੋ ਵੀ ਉਨ੍ਹਾਂ ਦੇ ਖਿਲਾਫ ਵਿਰੋਧੀ ਸੁਰ ਉਭਾਰਦਾ ਹੈ, ਉਸ ਨੂੰ ਦਬਾਉਣ ਲਈ ਦਬਾਅ ਨੀਤੀਆਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਤਹਿਤ ਕਈਆਂ ਖਿਲਾਫ ਝੂਠੇ ਪੁਲਿਸ ਕੇਸ ਦਰਜ ਕਰਵਾ ਦਿੱਤੇ ਜਾਂਦੇ ਹਨ ਜਾਂ ਫਿਰ ਆਵਾਜ਼ ਚੁੱਪ ਕਰਾਉਣ ਲਈ ਹੋਰ ਦਬਾਅ ਬਣਾਇਆ ਜਾਂਦਾ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਜਦੋਂ ਉਸ ਦਾ ਸੰਸਦ ਮੈਂਬਰ ਵਜੋਂ ਸੇਵਾ ਕਾਲ ਖਤਮ ਹੋਇਆ ਸੀ ਤੇ ਸੁਰੱਖਿਆ ਛਤਰੀ ਵਿਚ ਕਟੌਤੀ ਕੀਤੀ ਗਈ ਸੀ ਤਾਂ ਉਸ ਵੇਲੇ ਉਨ੍ਹਾਂ ਸਮੁੱਚੀ ਸੁਰੱਖਿਆ ਛਤਰੀ ਵਾਪਸ ਲੈਣ ਲਈ ਆਖਿਆ ਸੀ। ਉਨ੍ਹਾਂ ਆਖਿਆ ਕਿ ਉਹ ਹਮੇਸ਼ਾ ਹੀ ਸੱਚ ਦੀ ਰਾਹ ‘ਤੇ ਤੁਰਿਆ ਹੈ ਤੇ ਇਸ ਰਾਹ ‘ਤੇ ਤੁਰਨ ਵਾਲਿਆਂ ਦੇ ਮਨ ਵਿਚ ਕੋਈ ਡਰ ਜਾਂ ਭੈਅ ਨਹੀਂ ਹੁੰਦਾ। ਇਸੇ ਲਈ ਉਹ ਹਮੇਸ਼ਾ ਹੀ ਫਖਰ ਨਾਲ ਸਿਰ ਉਚਾ ਕਰ ਕੇ ਤੁਰਦਾ ਹੈ।

Be the first to comment

Leave a Reply

Your email address will not be published.