ਯੂ ਐਨ ਵੱਲੋਂ ਕਸ਼ਮੀਰ ਮਸਲੇ ‘ਚ ਦਖ਼ਲ ਦੇਣ ਤੋਂ ਇਨਕਾਰ

ਸੰਯੁਕਤ ਰਾਸ਼ਟਰ: ਪਾਕਿਸਤਾਨ ਵੱਲੋਂ ਕਸ਼ਮੀਰ ਮਸਲੇ ‘ਚ ਸੰਯੁਕਤ ਰਾਸ਼ਟਰ ਦੇ ਦਖ਼ਲ ਦੀਆਂ ਕੋਸ਼ਿਸ਼ਾਂ ਨੂੰ ਬੂਰ ਨਹੀਂ ਪਿਆ ਹੈ। ਸੰਯੁਕਤ ਰਾਸ਼ਟਰ ਨੇ ਸਿੱਧੇ ਸ਼ਬਦਾਂ ‘ਚ ਪਾਕਿਸਤਾਨ ਨੂੰ ਸਮਝਾ ਦਿੱਤਾ ਹੈ ਕਿ ਦੋਵੇਂ ਗੁਆਂਢੀ ਮੁਲਕ ਗੱਲਬਾਤ ਰਾਹੀਂ ਸਾਰੇ ਮੱਤਭੇਦ ਦੂਰ ਕਰ ਲੈਣ। ਸੰਯੁਕਤ ਰਾਸ਼ਟਰ ਦੇ ਇਸ ਐਲਾਨ ਨਾਲ ਪਾਕਿਸਤਾਨ ਨੂੰ ਨਮੋਸ਼ੀ ਸਹਿਣੀ ਪਈ ਹੈ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਕੌਮੀ ਸੁਰੱਖਿਆ ਅਤੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਸਰਤਾਜ ਅਜ਼ੀਜ਼ ਨੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਬਾਨ ਕੀ ਮੂਨ ਨੂੰ ਚਿੱਠੀ ਲਿਖ ਕੇ ਭਾਰਤ ਨਾਲ ਸਰਹੱਦ ਉਤੇ ਚੱਲ ਰਹੇ ਤਣਾਅ ਨੂੰ ਘੱਟ ਕਰਨ ਲਈ ਸੰਯੁਕਤ ਰਾਸ਼ਟਰ ਦੇ ਦਖ਼ਲ ਦੀ ਮੰਗ ਕੀਤੀ ਸੀ ਅਤੇ ਕਸ਼ਮੀਰ ਮਸਲੇ ਨੂੰ ਕੌਮਾਂਤਰੀ ਪੱਧਰ ‘ਤੇ ਉਠਾਉਣ ਦੀ ਕੋਸ਼ਿਸ਼ ਕੀਤੀ ਸੀ।
ਸ੍ਰੀ ਬਾਨ ਦੇ ਉਪ-ਤਰਜਮਾਨ ਫਰਹਾਨ ਹੱਕ ਨੂੰ ਜਦੋਂ ਚਿੱਠੀ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਪਿਛਲੇ ਹਫ਼ਤੇ ਵੀ ਸੰਯੁਕਤ ਰਾਸ਼ਟਰ ਮੁਖੀ ਨੇ ਬਿਆਨ ਜਾਰੀ ਕੀਤਾ ਸੀ ਜਿਸ ‘ਚ ਉਨ੍ਹਾਂ ਭਾਰਤ ਅਤੇ ਪਾਕਿਸਤਾਨ ਨੂੰ ਸਾਰੇ ਮੱਤਭੇਦ ਗੱਲਬਾਤ ਰਾਹੀਂ ਹੱਲ ਕਰਨ ਦੀ ਵਕਾਲਤ ਕੀਤੀ ਸੀ। ਬਿਆਨ ‘ਚ ਕਿਹਾ ਗਿਆ ਹੈ ਕਿ ਸ੍ਰੀ ਮੂਨ ਭਾਰਤ ਅਤੇ ਪਾਕਿਸਤਾਨ ਵਿਚਕਾਰ ਕੰਟਰੋਲ ਰੇਖਾ ‘ਤੇ ਗੋਲੀਬਾਰੀ ਦੀਆਂ ਵਧ ਰਹੀਆਂ ਘਟਨਾਵਾਂ ਤੋਂ ਫ਼ਿਕਰਮੰਦ ਹਨ। ਉਨ੍ਹਾਂ ਦੋਵੇਂ ਮੁਲਕਾਂ ‘ਚ ਜਾਨਾਂ ਜਾਣ ਅਤੇ ਲੋਕਾਂ ਦੇ ਘਰ-ਬਾਰ ਛੱਡਣ ‘ਤੇ ਚਿੰਤਾ ਪ੍ਰਗਟਾਈ ਹੈ।
ਭਾਰਤ ਨੇ ਸਪੱਸ਼ਟ ਕਿਹਾ ਹੈ ਕਿ ਦੋਵਾਂ ਮੁਲਕਾਂ ਵਿਚਕਾਰ ਸੰਜੀਦਾ ਗੱਲਬਾਤ ਤਾਂ ਹੀ ਹੋ ਸਕਦੀ ਹੈ, ਜੇ ਉਸ ‘ਤੇ ਦਹਿਸ਼ਤਗਰਦੀ ਦਾ ਪਰਛਾਵਾਂ ਨਾ ਹੋਵੇ। ਉਧਰ, ਸਰਹੱਦ ‘ਤੇ ਬਣਿਆ ਤਣਾਅ ਘੱਟ ਕਰਨ ਲਈ ਭਾਰਤ ਤੇ ਪਾਕਿਸਤਾਨ ਦੇ ਸੀਨੀਅਰ ਸੈਨਾ ਅਧਿਕਾਰੀਆਂ ਨੇ ਹੌਟਲਾਈਨ ‘ਤੇ ਗੱਲਬਾਤ ਕੀਤੀ। ਡਾਇਰੈਕਟੋਰੇਟ ਜਨਰਲ ਆਫ ਮਿਲਟਰੀ ਅਪਰੇਸ਼ਨ ਆਫ ਇੰਡੀਆ ਅਤੇ ਪਾਕਿਸਤਾਨ ਦੇ ਅਧਿਕਾਰੀਆਂ ਵਿਚਾਲੇ ਹੌਟਲਾਈਨ ‘ਤੇ ਹੋਈ ਗੱਲਬਾਤ ਦੌਰਾਨ ਸਰਹੱਦ ‘ਤੇ ਬਣੀ ਸਥਿਤੀ ਵਿਚਾਰੀ ਗਈ।
ਭਾਰਤੀ ਅਧਿਕਾਰੀਆਂ ਨੇ ਆਪਣੇ ਪਾਕਿਸਤਾਨੀ ਹਮਰੁਤਬਾ ਅਧਿਕਾਰੀਆਂ ਕੋਲ ਗੁਆਂਢੀ ਮੁਲਕ ਦੀ ਸੈਨਾ ਵੱਲੋਂ ਲਗਾਤਾਰ ਗੋਲੀਬੰਦੀ ਦੀ ਹੋ ਰਹੀ ਉਲੰਘਣਾ ਬਾਰੇ ਰੋਸ ਪ੍ਰਗਟ ਕੀਤਾ। ਚੇਤੇ ਰਹੇ ਕਿ ਹਰ ਮੰਗਲਵਾਰ, ਭਾਰਤ ਤੇ ਪਾਕਿਸਤਾਨ ਦੇ ਅਧਿਕਾਰੀ ਸਰਹੱਦ ‘ਤੇ ਦੋਵੇਂ ਧਿਰਾਂ ਨੂੰ ਪੇਸ਼ ਆਉਂਦੇ ਮੁੱਦੇ ਵਿਚਾਰਦੇ ਹਨ। ਉਧਰ, ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਕਿਹਾ ਹੈ ਕਿ ਕਸ਼ਮੀਰ ‘ਪਾਕਿਸਤਾਨ ਲਈ ਸ਼ਾਹਰਗ ਹੈ’ ਅਤੇ ਉਨ੍ਹਾਂ ਦੀ ਪਾਰਟੀ ਇਹ ਮਸਲਾ ਕੌਮਾਂਤਰੀ ਪੱਧਰ ‘ਤੇ ਉਠਾਏਗੀ। ਯਾਦ ਰਹੇ ਕਿ ਪਹਿਲਾਂ ਉਨ੍ਹਾਂ ਦੇ ਪੁੱਤਰ ਅਤੇ ਪਾਕਿਸਤਾਨ ਪੀਪਲਜ਼ ਪਾਰਟੀ (ਪੀæਪੀæਪੀæ) ਦੇ ਆਗੂ ਬਿਲਾਵਲ ਭੁੱਟੋ ਨੇ ਵੀ ਇਹੀ ਬਿਆਨ ਦਿੱਤਾ ਸੀ।

Be the first to comment

Leave a Reply

Your email address will not be published.