ਪਿੱਛੇ ਜਿਹੇ ਹੋਈਆਂ ਲੋਕ ਸਭਾ ਚੋਣਾਂ ਵਿਚ ਜਦੋਂ ਸ਼੍ਰੋਮਣੀ ਅਕਾਲੀ ਦਲ ਅਤੇ ਇਸ ਦੇ ਲੀਡਰਾਂ ਨੂੰ ਵੋਟਾਂ ਇਕੱਠੀਆਂ ਕਰਨੀਆਂ ਔਖੀਆਂ ਹੋ ਰਹੀਆਂ ਸਨ, ਤਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਭਾਸ਼ਨਾਂ ਵਿਚ ਇਕ ਗੱਲ ਹੋਰ ਜੋੜ ਲਈ ਸੀ। ਉਨ੍ਹਾਂ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਪੰਜਾਬ ਵਿਚ ਅਕਾਲੀ ਦਲ-ਭਾਜਪਾ ਗਠਜੋੜ ਦੀ ਸਰਕਾਰ ਤਾਂ ਹੈ ਹੀ, ਜੇ ਕੇਂਦਰ ਵਿਚ ਭਾਜਪਾ ਦੀ ਅਗਵਾਈ ਹੇਠ ਨਰੇਂਦਰ ਮੋਦੀ ਦੀ ਸਰਕਾਰ ਬਣ ਜਾਵੇ, ਤਾਂ ਵਾਰੇ-ਨਿਆਰੇ ਹੋ ਜਾਣਗੇ, ਵਿਕਾਸ ਦੇ ਕਪਾਟ ਖੁੱਲ੍ਹ ਜਾਣਗੇ। ਫਿਰ ਕੇਂਦਰ ਦੀ ਗੱਦੀ ਉਤੇ ਸ੍ਰੀ ਮੋਦੀ ਬਿਰਾਜਮਾਨ ਵੀ ਹੋ ਗਏ, ਪਰ ਅਜੇ ਤੱਕ ਉਹ ਗੱਲ ਨਹੀਂ ਬਣੀ ਜਿਸ ਦਾ ਵਾਅਦਾ ਸ਼ ਬਾਦਲ ਨੇ ਲੋਕਾਂ ਨਾਲ ਕੀਤਾ ਸੀ। ਉਂਜ ਤਾਂ ਸਾਰੇ ਹੀ ਲੀਡਰ ਵੋਟਾਂ ਲੈਣ ਤੋਂ ਬਾਅਦ ਆਵਾਮ ਦਾ ਹਾਲ-ਚਾਲ ਘੱਟ ਹੀ ਪੁੱਛਦੇ ਹਨ, ਪਰ ਐਤਕੀ ਸ਼ ਬਾਦਲ ਲਈ ਬੜੀ ਨਮੋਸ਼ੀ ਵਾਲੇ ਹਾਲਾਤ ਬਣੇ ਹਨ। ਕੇਂਦਰ ਵਿਚ ਸਰਕਾਰ ਬਣਨ ਤੋਂ ਬਾਅਦ ਇਕ ਤਾਂ ਹੁਣ ਤੱਕ ਘੁੱਟੀ-ਵੱਟੀ ਬੈਠੀ ਪੰਜਾਬ ਭਾਜਪਾ ਨੇ ਖੰਭ ਖਿਲਾਰਨੇ ਸ਼ੁਰੂ ਕਰ ਦਿੱਤੇ; ਦੂਜੇ, ਕੇਂਦਰੀ ਵਜ਼ਾਰਤ ਵਿਚ ਆਪਣੀ ਨੂੰਹ ਹਰਸਿਮਰਤ ਕੌਰ ਬਾਦਲ ਲਈ ਮੰਤਰਾਲਾ ਲੈਣ ਤੋਂ ਇਲਾਵਾ ਉਹ ਕੇਂਦਰ ਤੋਂ ਕੁਝ ਖਾਸ ਹਾਸਲ ਨਹੀਂ ਕਰ ਸਕੇ। ਹੁਣ ਤਾਂ ਸਗੋਂ ਅਕਾਲੀ-ਭਾਜਪਾ ਭਾਈਵਾਲੀ ਬਾਰੇ ਹੀ ਸਵਾਲ ਉਠ ਖੜ੍ਹੇ ਹੋਏ ਹਨ। ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਨੇ ਦੋਹਾਂ ਪਾਰਟੀਆਂ ਵਿਚਕਾਰ ਦਰਾੜ ਹੋਰ ਡੂੰਘੀ ਕਰ ਦਿੱਤੀ ਹੈ। ਹਰਿਆਣਾ ਵਿਚ ਸ਼ ਬਾਦਲ ਐਂਡ ਪਾਰਟੀ ਨੇ ਇੰਡੀਅਨ ਨੈਸ਼ਨਲ ਲੋਕ ਦਲ ਦਾ ਸਮਰਥਨ ਹੀ ਨਹੀਂ ਕੀਤਾ, ਧੂੰਆਂ-ਧਾਰ ਪ੍ਰਚਾਰ ਵੀ ਕੀਤਾ ਅਤੇ ਹਰਿਆਣਾ ਵਿਚ ਚੋਣਾਂ ਦੇ ਪਿੜ ਵਿਚ ਇੰਡੀਅਨ ਨੈਸ਼ਨਲ ਲੋਕ ਦਲ ਅਤੇ ਭਾਜਪਾ ਆਹਮੋ-ਸਾਹਮਣੇ ਹਨ।
ਅਸਲ ਵਿਚ ਸ਼ ਬਾਦਲ ਦੀ ਅਗਲੀ ਨੀਤੀ/ਰਣਨੀਤੀ ਦਾ ਸਾਰਾ ਦਾਰੋਮਦਾਰ ਹੁਣ ਹਰਿਆਣਾ ਚੋਣਾਂ ਦੇ ਨਤੀਜਿਆਂ ਉਤੇ ਹੈ। ਸਭ ਸਿਆਸੀ ਮਾਹਿਰ ਕਹਿ ਰਹੇ ਹਨ ਕਿ ਹਰਿਆਣਾ ਵਿਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਣੀ, ਸੂਬੇ ਵਿਚ ਗਠਜੋੜ ਸਰਕਾਰ ਹੀ ਬਣਨੀ ਹੈ। ਸ਼ ਬਾਦਲ ਨੂੰ ਉਮੀਦ ਹੈ ਕਿ ਇਹ ਗਠਜੋੜ ਭਾਜਪਾ ਅਤੇ ਇੰਡੀਅਨ ਨੈਸ਼ਨਲ ਲੋਕ ਦਲ ਦਾ ਹੀ ਹੋਵੇਗਾ ਅਤੇ ਇਸ ਗਠਜੋੜ ਦੀ ਵਿਚੋਲਗੀ ਲਈ ਉਹ ਤਿਆਰੀ ਕੱਸੀ ਬੈਠੇ ਹਨ। ਇਸੇ ਵਿਚੋਲਗੀ ਵਿਚੋਂ ਹੀ ਉਨ੍ਹਾਂ ਨੂੰ ਪੰਜਾਬ ਵਿਚ ਆਪਣੀ ਸਰਦਾਰੀ ਮੁੜ ਕਾਇਮ ਹੋਣ ਦੀਆਂ ਆਸਾਂ ਹਨ; ਨਹੀਂ ਤਾਂ ਹੁਣ ਹਾਲ ਇਹ ਹੈ ਕਿ ਭਾਜਪਾ ਦੀ ਪੰਜਾਬ ਇਕਾਈ ਵਾਲੇ ਆਗੂ ਬਾਦਲਾਂ ਲਈ ਨਿੱਤ ਨਵੀਂ ਔਕੜ ਖੜ੍ਹੀ ਕਰ ਰਹੇ ਹਨ। ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੇ ਜਿਸ ਤਰ੍ਹਾਂ ਦਾ ਤੋੜ-ਵਿਛੋੜਾ ਮਹਾਰਾਸ਼ਟਰ ਵਿਚ ਸ਼ਿਵ ਸੈਨਾ ਨਾਲ ਕੀਤਾ ਹੈ, ਉਸ ਤਰ੍ਹਾਂ ਦੇ ਹਾਲਾਤ ਤਾਂ ਭਾਵੇਂ ਪੰਜਾਬ ਵਿਚ ਨਹੀਂ ਹਨ, ਪਰ ਜਿਸ ਤਰ੍ਹਾਂ ਭਾਜਪਾ ਅਤੇ ਇਸ ਦੀ ਸਰਪ੍ਰਸਤ ਜਥੇਬੰਦੀ ਆਰæਐਸ਼ਐਸ਼ ਨੂੰ ਮਹਾਰਾਸ਼ਟਰ ਵਿਚ ਲੱਗਦਾ ਹੈ ਕਿ ਭਾਜਪਾ ਉਥੇ ਇਕੱਲੀ ਪੈਂਠ ਬਣਾ ਸਕਦੀ ਹੈ, ਇਸੇ ਤਰ੍ਹਾਂ ਪੰਜਾਬ ਵਿਚ ਵੀ ਭਾਜਪਾ ਅਤੇ ਆਰæਐਸ਼ਐਸ਼ ਨੇ ਨਵੀਂ ਰਣਨੀਤੀ ਉਲੀਕੀ ਹੋਈ ਹੈ। ਇਸ ਰਣਨੀਤੀ ਤਹਿਤ ਹੀ ਆਰæਐਸ਼ਐਸ਼ ਨਾਲ ਡੂੰਘੀ ਤਰ੍ਹਾਂ ਜੁੜੇ ਪੰਜਾਬ ਦੇ ਲੀਡਰ ਤਰੁਣ ਚੁਘ ਨੂੰ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਵਿਚ ਅਹੁਦਾ ਬਖਸ਼ਿਆ ਗਿਆ ਹੈ। ਉਂਜ ਵੀ ਇਹ ਸਾਫ ਹੋ ਗਿਆ ਹੈ ਕਿ ਪੰਜਾਬ ਹੁਣ ਆਰæਐਸ਼ਐਸ਼ ਦੇ ਏਜੰਡੇ ਉਤੇ ਆ ਚੁੱਕਾ ਹੈ। ਇਸੇ ਕਰ ਕੇ ਆਰæਐਸ਼ਐਸ਼ ਦੇ ਲੀਡਰ ਪੰਜਾਬ ਦਾ ਗੇੜੇ ‘ਤੇ ਗੇੜਾ ਲਾ ਰਹੇ ਹਨ ਅਤੇ ਸਮੁੱਚੇ ਸੂਬੇ ਵਿਚ ਆਪਣੀਆਂ ਸਰਗਰਮੀਆਂ ਲਗਾਤਾਰ ਵਧਾ ਰਹੇ ਹਨ।
ਅਜਿਹੇ ਹਾਲਾਤ ਵਿਚ ਇਕ ਗੱਲ ਹੋਰ ਵੀ ਸਪਸ਼ਟ ਹੈ ਕਿ ਹੁਣ ਤੱਕ ਜਿੰਨਾ ‘ਤਾਲਮੇਲ’ ਸ਼ ਬਾਦਲ ਨੇ ਭਾਜਪਾ ਆਗੂਆਂ ਨਾਲ ਬਿਠਾਈ ਰੱਖਿਆ ਹੈ, ਉਹ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਅਤੇ ਸ਼ ਬਾਦਲ ਦੇ ਫਰਜੰਦ ਸੁਖਬੀਰ ਸਿੰਘ ਬਾਦਲ ਦੇ ਵੱਸ ਦਾ ਰੋਗ ਨਹੀਂ ਹੈ ਅਤੇ ਪਿਛਲੇ ਸਾਲਾਂ ਦੌਰਾਨ ਅਕਾਲੀ ਦਲ ਨਾਲ ਭਾਈਵਾਲੀ ਪਾ ਕੇ ਭਾਜਪਾ ਨੇ ਪੰਜਾਬ ਵਿਚ ਜੋ ਪਾਸਾਰ ਕੀਤਾ ਹੈ, ਉਹ ਆਉਣ ਵਾਲੇ ਦਿਨਾਂ ਵਿਚ ਅਕਾਲੀ ਦਲ ਅਤੇ ਬਾਦਲਾਂ ਲਈ ਵੰਗਾਰ ਬਣ ਕੇ ਸਾਹਮਣੇ ਆਉਣ ਵਾਲਾ ਹੈ। ਇਸ ਮਾਮਲੇ ‘ਤੇ ਭਾਜਪਾ ਦਾ ਏਜੰਡਾ ਐਨ ਸਪਸ਼ਟ ਹੈ ਅਤੇ ਇਸ ਏਜੰਡੇ ਦੀ ਰੂਪ-ਰੇਖਾ ਹੁਣ ਆਰæਐਸ਼ਐਸ਼ ਹੀ ਤਿਆਰ ਕਰ ਰਹੀ ਹੈ। ਕੱਲ੍ਹ ਤੱਕ ਆਰæਐਸ਼ਐਸ਼ ਨੂੰ ਆਪਣੇ ਏਜੰਡੇ ਬਾਰੇ ਪ੍ਰਚਾਰ ਅਤੇ ਪ੍ਰਸਾਰ ਲੁਕ ਕੇ ਕਰਨਾ ਪੈ ਰਿਹਾ ਸੀ, ਪਰ ਹੁਣ ਜਦੋਂ ਕੇਂਦਰ ਵਿਚ ਮੋਦੀ ਸਰਕਾਰ ਬਣ ਚੁੱਕੀ ਹੈ ਤਾਂ ਇਸ ਦੇ ਰਾਹ ਦੇ ਸਭ ਰੋੜੇ ਇਕ ਲਿਹਾਜ਼ ਨਾਲ ਦੂਰ ਹੋ ਗਏ ਹਨ। ਉਂਜ ਵੀ ਆਰæਐਸ਼ਐਸ਼ ਦਾ ਰਾਹ ਡੱਕਣ ਵਾਲੀਆਂ ਤਾਕਤਾਂ ਕੋਲ ਹੁਣ ਕੋਈ ਖਾਸ ਤਾਕਤ ਵੀ ਨਹੀਂ ਹੈ। ਕਾਂਗਰਸ ਦਾ ਕਾਰੋਬਾਰ ਉਂਜ ਵੀ ਠੰਢਾ ਹੈ। ਇਸ ਲਈ ਆਰæਐਸ਼ਐਸ਼ ਲਈ ਫਿਲਹਾਲ ਮੈਦਾਨ ਖਾਲੀ ਹੈ। ਹੁਣ ਤਾਂ ਸਗੋਂ ਇਹ ਘੋਖ ਕਰਨੀ ਬਾਕੀ ਹੈ ਕਿ ਪੰਜਾਬ ਦੇ ਏਜੰਡੇ ਵਿਚ ਆਰæਐਸ਼ਐਸ਼ ਨੂੰ ਹੁਣ ਬਾਦਲਾਂ ਅਤੇ ਅਕਾਲੀ ਦਲ ਦੀ ਕਿੰਨੀ ਕੁ ਲੋੜ ਹੈ। ਇਸ ਲੋੜ ਦੇ ਹਿਸਾਬ ਨਾਲ ਹੀ ਪੰਜਾਬ ਵਿਚ ਆਰæਐਸ਼ਐਸ਼ ਦੀਆਂ ਨੀਤੀਆਂ-ਰਣਨੀਤੀਆਂ ਤੈਅ ਹੋਣੀਆਂ ਹਨ। ਇਸ ਸੂਰਤ ਵਿਚ ਜੇ ਪੰਜਾਬ ਵਿਚ ਕੋਈ ਹੋਰ ਧਿਰ ਪੰਜਾਬ ਦੇ ਨਕਸ਼ੇ ਉਤੇ ਆਉਂਦੀ ਹੈ, ਜਿਸ ਤਰ੍ਹਾਂ ਲੋਕ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ (ਆਪ) ਨਮੂਦਾਰ ਹੋ ਗਈ ਸੀ, ਤਾਂ ਅੱਜ ਦੀ ਘੜੀ ਨੂੰ ਅਕਾਲੀ ਦਲ ਨੂੰ ਖੋਰਾ ਲੱਗਣ ਦੀ ਘੜੀ ਮੰਨਿਆ ਜਾਣਾ ਚਾਹੀਦਾ ਹੈ। ‘ਆਪ’ ਦੀ ਚੜ੍ਹਤ ਨੇ ਉਦੋਂ ਇਹ ਦਰਸਾ ਦਿੱਤਾ ਸੀ ਕਿ ਪੰਜਾਬ ਦੇ ਲੋਕ ਜਦੋਂ ਵੀ ਉਠਦੇ ਹਨ ਤਾਂ ਇਸ ਤਰ੍ਹਾਂ ਹੀ ਉਠਦੇ ਹਨ। ਫਿਰ ਅਕਾਲੀ ਦਲ, ਕਾਂਗਰਸ ਜਾਂ ਭਾਜਪਾ/ਆਰæਐਸ਼ਐਸ਼ ਦੀ ਕਿਸੇ ਨੀਤੀ-ਰਣਨੀਤੀ ਦੀ ਕੋਈ ਵੱਟੀ ਨਹੀਂ ਰਹਿੰਦੀ। ਇਸ ਲਿਹਾਜ਼ ਨਾਲ ਆਉਣ ਵਾਲਾ ਸਮਾਂ ਪੰਜਾਬ ਵਿਚ ਤਬਦੀਲੀ ਦਾ ਬੁੱਲਾ ਆਪਣੇ ਨਾਲ ਲੈ ਕੇ ਆਵੇਗਾ। ਇਹੀ ਸਮਾਂ ਅਸਲ ਵਿਚ ਪੰਜਾਬ ਦੇ ਧੀਆਂ-ਪੁੱਤਾਂ ਲਈ ਪਰਖ ਦਾ ਸਮਾਂ ਹੈ। ਇਸ ਸਮੇਂ ਦੀਆਂ ਸਰਗਰਮੀਆਂ ਦੇ ਨਾਲ-ਨਾਲ ਜੇ ਸੰਜੀਦਗੀ ਵੀ ਰਲ ਗਈ ਤਾਂ ਸੋਨੇ ਉਤੇ ਸੁਹਾਗੇ ਵਾਲੀ ਕਹਾਵਤ ਪੰਜਾਬ ਨੂੰ ਨਵੇਂ ਰਾਹਾਂ ਉਤੇ ਤੋਰੇਗੀ।
Leave a Reply