ਦਿੱਲੀ ਵਿਚਲੇ ਚੋਰਾਂ ਦੀ ਸਕੀਰੀ ਬਾਰੇ ਖਬਰਦਾਰ!

ਜਤਿੰਦਰ ਪਨੂੰ
ਫੋਨ:91-98140-68455
ਕਿਰਤ ਕਰ ਕੇ ਖਾਣ ਵਾਲੇ ਇੱਕ ਬੰਦੇ ਦਾ ਨਾਂ ਸੀ ਬਿਸਮਿਲ ਫਰੀਦਕੋਟੀ। ਉਸ ਨੇ ਇੱਕ ਰੁਬਾਈ ਲਿਖੀ ਸੀ ਜਿਸ ਦੇ ਸ਼ਬਦ ਕੁਝ ਅੱਗੇ-ਪਿੱਛੇ ਹੋ ਸਕਦੇ ਹਨ, ਪਰ ਸਮੁੱਚੇ ਰੂਪ ਵਿਚ ਉਹ ਕੁਝ ਇਸ ਤਰ੍ਹਾਂ ਸੀ:
ਚੋਰਾਂ ਦੀ ਸਕੀਰੀ ਅਤੇ ਡਾਕੂ ਦੀ ਨਸਲ।
ਹਿਟਲਰ ਜਿਹੇ ਜੰਗਬਾਜ਼ ਲੜਾਕੂ ਦੀ ਨਸਲ।
ਹੁਸ਼ਿਆਰ ਐ ਬਿਸਮਿਲ, ਬਾਕੀ ਹੈ ਹਾਲੇ,
ਚੰਗੇਜ਼ ਦੀ ਔਲਾਦ, ਹਲਾਕੂ ਦੀ ਨਸਲ।
ਇਸ ਦੀ ਦੂਜੀ ਅਤੇ ਚੌਥੀ ਸਤਰ ਨੂੰ ਸਮਝਣਾ ਹੋਵੇ ਤਾਂ ਅਮਰੀਕਾ ਦੇ ਹੁਕਮਰਾਨ ਦੀ ਜੰਗਬਾਜ਼ ਮਾਨਸਿਕਤਾ ਦੀ ਘੋਖ ਕੀਤਿਆਂ ਸਮਝ ਆ ਜਾਵੇਗੀ, ਪਰ ਪਹਿਲੀ ਸਤਰ ਦੇ ਅਰਥ ਸਮਝਣ ਲਈ ਦਿੱਲੀ ਵੱਲ ਦੇਖਣਾ ਪਵੇਗਾ।
ਦਿੱਲੀ ਭਾਰਤ ਦਾ ਦਿਲ ਨਹੀਂ ਬਣ ਸਕੀ, ਸਦੀਆਂ ਤੋਂ ਭਾਰਤ ਨੂੰ ਕਮਾਂਡ ਕਰਨ ਵਾਲਾ ਉਹ ਸਿਰ ਬਣੀ ਰਹੀ ਹੈ ਜਿਹੜਾ ਸਰੀਰ ਦੇ ਬਾਕੀ ਅੰਗਾਂ ਨੂੰ ਹੁਕਮ ਦੇ-ਦੇ ਕੇ ਕੰਮ ਕਰਵਾਉਂਦਾ ਹੈ, ਪਰ ਆਪ ਕਦੀ ਕਿਸੇ ਅੱਗੇ ਝੁਕ ਜਾਣ ਤੇ ਕਦੀ ਕਿਸੇ ਮੂਹਰੇ ਮੁਕਟ ਸਜਾ ਕੇ ਖੜਾ ਹੋਣ ਲਈ ਰਾਖਵਾਂ ਹੁੰਦਾ ਹੈ। ਸਿਰ ਦਾ ਅਸਲ ਸਾਈਂ ਸਰੀਰ ਨਿਕੰਮਾ ਹੋਵੇ ਤਾਂ ਸਿਰ ਉੱਤੇ ਉੱਗੇ ਹੋਏ ਵਾਲ਼ਾਂ ਵਿਚ ਜੂੰਆਂ ਫਿਰਨ ਲੱਗ ਪੈਂਦੀਆਂ ਤੇ ਮੁਸ਼ਕ ਆਉਣ ਲੱਗਦਾ ਹੈ। ਭਾਰਤ ਦੇਸ਼ ਦਾ ਸਿਰ ਮੰਨੀ ਜਾ ਸਕਦੀ ਇਸ ਦਿੱਲੀ ਵਿਚ ਜੂੰਆਂ ਹੀ ਨਹੀਂ, ਚੰਮ-ਜੂੰਆਂ ਤੁਰੀਆਂ ਫਿਰਦੀਆਂ ਹਨ ਤੇ ਜੇ ਫੋਲਣਾ ਫੋਲਣ ਬੈਠ ਜਾਈਏ ਤਾਂ ਇਸ ਦੇ ਰਾਜਨੀਤਕ ਸੱਭਿਆਚਾਰ ਵਿਚ ਮੁਸ਼ਕ ਹੈ, ਇਸ ਦੀ ਲੋਕਤੰਤਰੀ ਪ੍ਰਕਿਰਿਆ ਵਿਚ ਵੀ ਹੈ ਤੇ ਇਸ ਦੇ ਨਿਆਂ ਦਿਵਾਉਣ ਵਾਲੇ ਪੁਲਿਸ ਤੋਂ ਲੈ ਕੇ ਅਦਾਲਤਾਂ ਤੱਕ ਫੈਲੇ ਪ੍ਰਸ਼ਾਸਨ ਵਿਚ ਵੀ। ਸਾਰਾ ਪ੍ਰਬੰਧ ਸਿਰਾਂ ਵੱਲ ਵੇਖ ਕੇ ਸਿਰ ਵਾਰਨਾ ਕਰਨ ਦਾ ਆਦੀ ਹੋ ਚੁੱਕਾ ਹੋਣ ਕਰ ਕੇ ਪੈਸਾ, ਪਹੁੰਚ ਅਤੇ ਪਦਵੀ ਦਾ ਦਬਾਅ ਪਾ ਸਕਣ ਵਾਲੇ ਚੋਰਾਂ ਨੂੰ ਰਾਹ ਮਿਲ ਜਾਂਦਾ ਹੈ ਤੇ ਮਾੜਾ-ਧੀੜਾ ਬੰਦਾ ਇਨਸਾਫ ਦੀ ਆਸ ਵਿਚ ਰਹਿੰਦੀ ਪੂੰਜੀ ਲੁਟਾਉਣ ਪਿੱਛੋਂ ਵੀ ‘ਯੇ ਮੇਰਾ ਇੰਡੀਆ, ਆਈ ਲਵ ਮਾਈ ਇੰਡੀਆ’ ਗਾਈ ਜਾਂਦਾ ਦਿਖਾਈ ਦਿੰਦਾ ਹੈ। ਸਾਡੇ ਲੋਕਾਂ ਨੂੰ ਪੰਜਾਬੀ ਦਾ ਇਹ ਮੁਹਾਵਰਾ ਵੀ ਕਿਸੇ ਨੇ ਕਦੇ ਨਹੀਂ ਸਮਝਾਇਆ ਕਿ ‘ਭੱਠ ਪਵੇ ਸੋਨਾ, ਜਿਹੜਾ ਕੰਨਾਂ ਨੂੰ ਖਾਵੇ’; ਇਸ ਲਈ ਸਾਡੇ ਲੋਕ ਹਾਲੇ ਵੀ ਦੇਸ਼ ਨੂੰ ਲੁੱਟਣ ਲੱਗੇ ਹੋਏ ਵੱਡੇ-ਵੱਡੇ ਚੋਰਾਂ ਤੋਂ ਆਪਣੇ ਆਪ ਨੂੰ ਇਸ ਮੁਲਕ ਦਾ ਵੱਡਾ ਮਾਲਕ ਮੰਨੀ ਫਿਰਦੇ ਹਨ।
ਕਈ ਮੌਕੇ ਅੱਗੇ ਵੀ ਇਹੋ ਜਿਹੇ ਆਏ, ਜਦੋਂ ਇਹ ਗੱਲਾਂ ਅਸੀਂ ਕਰਦੇ ਰਹੇ ਹਾਂ। ਇਸ ਵਾਰ ਇਸ ਲਈ ਛੋਹਣ ਦੀ ਲੋੜ ਪਈ ਹੈ ਕਿ ਲੰਮਾ ਸਮਾਂ ਜਾਮ ਰਹੀ ਭਾਰਤ ਦੀ ਪਾਰਲੀਮੈਂਟ ਹੁਣ ਚੱਲ ਪਈ ਹੈ। ਪਾਰਲੀਮੈਂਟ ਦਾ ਚੱਲਣਾ ਜੇ ਬਾਕੀ ਲੋਕਾਂ ਨੂੰ ਭਲਾ ਭਾਸਦਾ ਹੈ ਤਾਂ ਸਾਨੂੰ ਵੀ ਬੁਰਾ ਨਹੀਂ ਲੱਗਦਾ। ਬੁਰਾ ਤਾਂ ਇਸ ਦੇ ਅੰਦਰ ਹੋਈ ਜਾ ਰਿਹਾ ਰਾਜਨੀਤੀ ਦਾ ਤੀਸਰੇ ਦਰਜੇ ਦਾ ਨਾਟਕ ਲੱਗਦਾ ਹੈ। ਭਾਰਤੀ ਟੀæਵੀæ ਚੈਨਲਾਂ ਦੇ ਸੀਰੀਅਲਾਂ ਵਿਚ ਜਿਵੇਂ ਕੱਲ੍ਹ ਦੀ ਨੂੰਹ ਅੱਜ ਸੱਸ ਬਣ ਕੇ ਉਹੋ ਕੁਝ ਕਰਦੀ ਹੈ ਜੋ ਸੱਸ ਕਰਦੀ ਹੁੰਦੀ ਸੀ; ਉਹੋ ਨਜ਼ਾਰਾ ਦਿੱਲੀ ਦੀ ਰਾਜਨੀਤੀ ਦਾ ਹੈ। ਜਿਹੜੀ ਪਾਰਟੀ ਰਾਜ ਕਰਦੀ ਹੈ, ਉਹ ਚੰਮ ਦੀਆਂ ਚਲਾਉਂਦੀ ਹੈ ਤੇ ਉਸ ਨੂੰ ਭੰਡ ਰਹੀ ਪਾਰਟੀ ਦਾ ਪੈਰ ਜਦੋਂ ਸੁਹਾਗੇ ਉੱਤੇ ਟਿਕ ਜਾਂਦਾ ਹੈ ਤਾਂ ਉਹ ਵੀ ਉਹੋ ਛਾਂਟਾ ਫੜ ਕੇ ਬਲਦਾਂ ਵਾਂਗ ਇਸ ਸੁਹਾਗੇ ਅੱਗੇ ਪੰਜਾਲੀ ਵਿਚ ਸਿਰ ਦੇਈ ਬੈਠੀ ਭਾਰਤ ਦੀ ਜਨਤਾ ਨੂੰ ਵਾਹਣੀਂ ਪਾ ਲੈਂਦੀ ਹੈ। ਵਿਚਾਰੀ ਜਨਤਾ ਨੂੰ ਛਾਂਟੇ ਵਾਲਾ ਮਾਲਕ ਬਦਲ ਗਿਆ ਮਹਿਸੂਸ ਹੀ ਨਹੀਂ ਹੁੰਦਾ।
ਇਸ ਵਕਤ ਪਰਦੇ ਪਿੱਛੇ ਬੈਠੀ ਇੱਕ ਬੀਬੀ ਵੱਲੋਂ ਡਾਕਟਰ ਮਨਮੋਹਨ ਸਿੰਘ ਨੂੰ ਅੱਗੇ ਲਾ ਕੇ ਰਾਜ ਚਲਾਇਆ ਜਾ ਰਿਹਾ ਹੈ। ਬੀਬੀ ਦੇ ਪਿੱਛੇ ਰਾਜ ਚਲਾਉਣ ਵਾਲੇ ਲੋਕ ਨਹੀਂ, ਪੂਰੀ ਲੁਟੇਰਿਆਂ ਦੀ ਜਮਾਤ ਹੈ। ਇਸ ਤੋਂ ਪਹਿਲਾਂ ਜਦੋਂ ਭਾਰਤੀ ਜਨਤਾ ਪਾਰਟੀ ਵਾਲਿਆਂ ਦਾ ਰਾਜ ਸੀ, ਉਹ ਵੀ ਸਟੇਜ ਉੱਤੇ ਰਾਜਸਥਾਨੀ ਪੁਤਲਿਆਂ ਵਾਂਗ ਨੱਚਦੇ ਸਨ, ਨਾਚ ਕਰਵਾਉਣ ਵਾਲੇ ਉਦੋਂ ਵੀ ਉਹੋ ਸਨ ਜਿਹੜੇ ਹੁਣ ਉਂਗਲਾਂ ਨਾਲ ਬੰਨ੍ਹੇ ਧਾਗਿਆਂ ਨੂੰ ਹਿਲਾ ਕੇ ਕਾਂਗਰਸੀ ਆਗੂਆਂ ਨੂੰ ਨਚਾਉਂਦੇ ਸਨ। ਵਿਦੇਸ਼ੀ ਪੂੰਜੀ ਉਦੋਂ ਭਾਜਪਾ ਵਾਲਿਆਂ ਨੂੰ ਪਿਆਰੀ ਲੱਗਦੀ ਸੀ, ਹੁਣ ਮੌਜੂਦਾ ਪੁਤਲਿਆਂ ਨੂੰ ਲੱਗ ਰਹੀ ਹੈ। ਸਰਕਾਰੀ ਮਾਲ ਦੀ ਲੁੱਟ ਦੀ ਖੁੱਲ੍ਹ ਉਦੋਂ ਉਹ ਦਿੰਦੇ ਸਨ, ਹੁਣ ਇਹ ਡਿਊਟੀ ਮਨਮੋਹਨ ਸਿੰਘ ਦੀ ਹੈ। ਜਦੋਂ ਰਾਜ ਕਰਨ ਵਾਲੇ ਸਿਰਫ ਪੁਤਲੇ ਹਨ, ਨਚਾਉਣ ਵਾਲੇ ਪਰਦੇ ਪਿੱਛੇ ਉਹੋ ਮੁਨਾਫਾਖੋਰ ਕਾਰਪੋਰੇਟ ਘਰਾਣੇ ਰਹਿਣੇ ਹਨ ਤਾਂ ਫਿਰ ਪਾਰਲੀਮੈਂਟ ਨੂੰ ਜਾਮ ਕਰਨਾ ਤੇ ਜਾਮ ਨੂੰ ਤੋੜਨਾ ਵੀ ਤਮਾਸ਼ਾ ਨਹੀਂ ਤਾਂ ਹੋਰ ਕੀ ਹੈ?
ਤਿੰਨ ਹਫਤੇ ਪਹਿਲਾਂ ਅਸੀਂ ਲਿਖਿਆ ਸੀ ਕਿ ਹੁਣ ਲੋਕਾਂ ਨੂੰ ਪਤਾ ਲੱਗ ਜਾਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਜੱਤ ਮੁੰਨਦਾ ਕੌਣ ਹੈ ਤੇ ਰੱਖਦਾ ਕਿੱਥੇ ਹੈ? ਤਿੰਨ ਹਫਤੇ ਬਾਅਦ ਲੋਕਾਂ ਨੂੰ ਉਹ ਗੱਲ ਚੇਤੇ ਵੀ ਨਹੀਂ ਜਾਪਦੀ, ਜਿਹੜੀ ਉਦੋਂ ਹਰ ਕਿਸੇ ਦੀ ਜ਼ਬਾਨ ਉੱਤੇ ਜਾਪਦੀ ਸੀ। ਕਿਉਂ ਨਹੀਂ ਰਹੀ ਲੋਕਾਂ ਦੀ ਜ਼ਬਾਨ ਉੱਤੇ? ਇਸ ਲਈ ਕਿ ਰਾਜਨੀਤੀ ਦੇ ਪੁਤਲਿਆਂ ਨੇ ਨਾਟਕ ਦੇ ਅਗਲੇ ਦਿਲਚਸਪ ਦ੍ਰਿਸ਼ਾਂ ਨਾਲ ਲੋਕਾਂ ਦਾ ਸਾਰਾ ਧਿਆਨ ਹੋਰ ਪਾਸੇ ਖਿੱਚ ਲਿਆ ਹੈ।
ਉਦੋਂ ਖੁਲਾਸਾ ਕੀਤਾ ਸੀ ਨਵੀਂ ਪਾਰਟੀ ਬਣਾਉਣ ਜਾ ਰਹੇ ਅਰਵਿੰਦ ਕੇਜਰੀਵਾਲ ਨੇ ਕਿ ਦੇਸ਼ ਦਾ ਕਾਲਾ ਧਨ ਸਵਿਟਜ਼ਰਲੈਂਡ ਵਿਚ ਪਹੁੰਚਦਾ ਕਿਵੇਂ ਹੈ ਤੇ ਉਥੇ ਰੱਖਿਆ ਕਿਸ ਕੰਪਨੀ ਜਾਂ ਕੰਪਨੀ ਵਾਲੇ ਨੇ ਹੈ। ਕੇਜਰੀਵਾਲ ਨੇ ਪਾਰਟੀ ਬਣਾਉਣੀ ਸੀ, ਬਣਾ ਲਈ; ਉਸ ਨਾਲ ਰਾਜਨੀਤਕ ਸੰਘਰਸ਼ ਵਿਚ ਕਿਵੇਂ ਸਿੱਝਣਾ ਹੈ, ਇਸ ਗੱਲ ਬਾਰੇ ਹਰ ਕਿਸੇ ਧਿਰ ਨੂੰ ਆਪੋ ਆਪਣੀ ਰਾਜਸੀ ਲੋੜ ਮੁਤਾਬਕ ਸੋਚਣ ਦਾ ਹੱਕ ਹੈ, ਪਰ ਜਿਹੜੇ ਖੁਲਾਸੇ ਉਸ ਨੇ ਕੀਤੇ ਸਨ, ਉਨ੍ਹਾਂ ਨੂੰ ਠੀਕ ਜਾਂ ਗਲਤ ਆਖਣਾ ਜਾਂ ਉਨ੍ਹਾਂ ਦੀ ਜਾਂਚ ਦੀ ਮੰਗ ਕਰਨਾ ਹਰ ਕਿਸੇ ਦਾ ਫਰਜ਼ ਸੀ। ਕਮਾਲ ਹੋ ਗਈ ਹੈ ਕਿ ਕਈ ਦਿਨ ਪਾਰਲੀਮੈਂਟ ਇਸ ਗੱਲ ਲਈ ਜਾਮ ਰਹਿ ਗਈ ਕਿ ਵਿਦੇਸ਼ੀ ਪੂੰਜੀ ਬਾਰੇ ਸਿਰਫ ਬਹਿਸ ਕਰ ਕੇ ਸ਼ਾਂਤ ਹੋ ਜਾਣ ਤੱਕ ਸੀਮਤ ਰਹਿਣਾ ਹੈ ਕਿ ਇਸ ਤੋਂ ਬਾਅਦ ਵੋਟਾਂ ਵੀ ਪਾਉਣੀਆਂ ਹਨ, ਪਰ ਜਿਹੜੇ ਖੁਲਾਸੇ ਸਭ ਤੋਂ ਪਹਿਲਾਂ ਬਹਿਸ ਦਾ ਮੁੱਦਾ ਬਣਨੇ ਚਾਹੀਦੇ ਸਨ, ਉਨ੍ਹਾਂ ਦਾ ਕਿਸੇ ਨੇ ਜ਼ਿਕਰ ਵੀ ਨਹੀਂ ਛੋਹਿਆ। ਸਵਿਟਜ਼ਰਲੈਂਡ ਵਿਚ ਕਾਲੀ ਕਮਾਈ ਦਾ ਕਿਸੇ ਨੇ ਕਿੰਨਾ ਪੈਸਾ ਰੱਖਿਆ ਤੇ ਉਸ ਬਾਰੇ ਸਰਕਾਰ ਨੇ ਕਿਵੇਂ ਚੁੱਪ ਵੱਟ ਲਈ, ਇਹ ਭੇਤ ਖੁੱਲ੍ਹਣ ਦੇ ਬਾਅਦ ਸਰਕਾਰ ਨੇ ਤਾਂ ਪਰਦਾ ਪਾਉਣਾ ਸੀ, ਵਿਰੋਧੀ ਧਿਰ ਨੇ ਵੀ ਪਰਦਾ ਚੁੱਕਣ ਦੀ ਮੰਗ ਨਹੀਂ ਕੀਤੀ। ਜਿਹੜੇ ਸਬੂਤ ਪੇਸ਼ ਕੀਤੇ ਗਏ ਸਨ, ਉਨ੍ਹਾਂ ਨੂੰ ਕਿਸੇ ਨੇ ਕੱਟਿਆ ਵੀ ਨਹੀਂ, ਕਿਸੇ ਨੇ ਚੁਣੌਤੀ ਵੀ ਨਹੀਂ ਦਿੱਤੀ ਤੇ ਸਾਰੀਆਂ ਧਿਰਾਂ ਦਾ ਜ਼ੋਰ ਇਸ ਗੱਲ ਲਈ ਲੱਗ ਗਿਆ ਕਿ ਬਹਿਸ ਵੋਟਾਂ ਪਾਉਣ ਵਾਲੀ ਕਰਨੀ ਹੈ ਕਿ ਬਿਨਾਂ ਵੋਟਾਂ ਵਾਲੀ ਕਰ ਲੈਣੀ ਹੈ। ਚੋਰਾਂ ਦਾ ਇਹ ਯੁੱਗਾਂ ਪੁਰਾਣਾ ਪੈਂਤੜਾ ਹੈ ਕਿ ਆਪਣੇ ਬੰਦੇ ਮਾਲ ਲੈ ਕੇ ਲੰਘਾਉਣ ਲਈ ਉਸ ਪਾਸੇ ਦੀ ਥਾਂ ਦੂਜੇ ਪਾਸੇ ‘ਚੋਰ-ਚੋਰ’ ਦਾ ਰੌਲਾ ਪਾ ਕੇ ਲੋਕਾਂ ਦਾ ਧਿਆਨ ਉਧਰ ਲਾ ਦਿਓ। ਹੁਣ ਵੀ ਇਹੋ ਹੋ ਰਿਹਾ ਹੈ। ਪਾਰਲੀਮੈਂਟ ਨੂੰ ਜਾਮ ਕਰਨ ਵਾਲਿਆਂ ਵਿਚ ਵੀ ਹਰ ਤਰ੍ਹਾਂ ਦੀ ਹੇਰਾਫੇਰੀ ਕਰਨ ਵਾਲੇ ਕਾਰਪੋਰੇਟ ਘਰਾਣਿਆਂ ਦੇ ਕਾਰਿੰਦੇ ਹਨ ਤੇ ਮੁਨਾਸਬ ਵਕਤ ਆਇਆ ਵੇਖ ਕੇ ਸਮਝੌਤੇ ਅਧੀਨ ਅੜਿੱਕਾ ਤੋੜਨ ਵਾਲਿਆਂ ਵਿਚ ਵੀ ਉਹ ਸ਼ਾਮਲ ਹੁੰਦੇ ਹਨ।
ਸਵਾਲ ਕਿਸੇ ਕੇਜਰੀਵਾਲ ਦਾ ਨਹੀਂ, ਉਸ ਦੀਆਂ ਖਾਹਿਸ਼ਾਂ ਜਿੰਨੀਆਂ ਵੀ ਵੱਡੀਆਂ ਸਮਝੀਆਂ ਜਾਣ, ਜਦੋਂ ਉਹ ਲੋਕਾਂ ਵਿਚ ਜਾਵੇਗਾ ਤਾਂ ਸਮਝ ਜਾਵੇਗਾ ਕਿ ਉਹ ਹੁਣ ਵੋਟਾਂ ਪਾਉਣ ਵੇਲੇ ਲੋਕ-ਤੰਤਰ ਦੀ ਦੇਵੀ ਵੱਲ ਸ਼ਰਧਾ ਪ੍ਰਗਟ ਕਰਨ ਨਾਲੋਂ ਹੋਰ ਗਿਣਤੀਆਂ-ਮਿਣਤੀਆਂ ਵੱਧ ਕਰਨ ਲੱਗ ਪਏ ਹਨ। ਉਸ ਬੰਦੇ ਦੀ ਹਸਤੀ ਤੋਂ ਵੱਡਾ ਸਵਾਲ ਇਹ ਹੈ ਕਿ ਉਸ ਨੇ ਜਿਹੜੇ ਖੁਲਾਸੇ ਕੀਤੇ, ਉਨ੍ਹਾਂ ਦਾ ਕੀ ਬਣਿਆ? ਜਿਨ੍ਹਾਂ ਲੋਕਾਂ ਦੇ ਉਸ ਨੇ ਦਸਤਾਵੇਜ਼ ਪੇਸ਼ ਕੀਤੇ ਸਨ ਕਿ ਇਨ੍ਹਾਂ ਦਾ ਕਾਲਾ ਪੈਸਾ ਸਵਿਟਜ਼ਰਲੈਂਡ ਵਿਚ ਹੈ, ਉਨ੍ਹਾਂ ਵਿਚੋਂ ਕਿਸੇ ਇੱਕ ਨੇ ਵੀ ਉਸ ਦੇ ਖਿਲਾਫ ਤੋਹਮਤ ਲਾਉਣ ਦਾ ਕੇਸ ਦਰਜ ਕਿਉਂ ਨਹੀਂ ਕਰਵਾਇਆ ਤੇ ਚਿੱਟੇ ਕਾਗਜ਼ ਉੱਤੇ ਚਿੱਟੇ ਝੂਠ ਦਾ ਬਿਹਤਰੀਨ ਨਮੂਨਾ ਪੇਸ਼ ਕਰਦੇ ਖੰਡਨ ਜਾਰੀ ਕਰ ਕੇ ਚੁੱਪ ਕਿਉਂ ਹੋ ਗਏ? ਕਿਸੇ ਨੇ ਉਨ੍ਹਾਂ ਨੂੰ ਇਸ ਦਾ ਕਾਰਨ ਕਿਉਂ ਨਹੀਂ ਪੁੱਛਿਆ? ਕੀ ਇਸ ਲਈ ਕਿ ਜਿਨ੍ਹਾਂ ਬਾਰੇ ਇਹ ਸਬੂਤ ਪੇਸ਼ ਕੀਤੇ ਗਏ, ਉਨ੍ਹਾਂ ਦਾ ਦਿੱਤਾ ਖਾਣ ਵਾਲੇ ਮੈਂਬਰ ਹਕੂਮਤੀ ਬੈਚਾਂ ਉੱਤੇ ਵੀ ਹਨ ਅਤੇ ਵਿਰੋਧੀ ਬੈਂਚਾਂ ਵਾਲਿਆਂ ਵਿਚ ਵੀ? ਦੇਸ਼ ਦੇ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਇਸ ਚੁੱਪ ਦੇ ਪਿੱਛੇ ਉਨ੍ਹਾਂ ਦੀ ਮਜਬੂਰੀ ਕੀ ਹੈ? ਬਿਰਲੇ ਘਰਾਣੇ ਦੇ ਆਦਿਤਿਆ ਬਿਰਲਾ ਦਾ ਨਾਂ ਇਨ੍ਹਾਂ ਖੁਲਾਸਿਆਂ ਵਿਚ ਸ਼ਾਮਲ ਸੀ, ਜੈੱਟ ਏਅਰਵੇਜ਼ ਦੇ ਮਾਲਕ ਦਾ ਵੀ ਤੇ ਰਿਲਾਇੰਸ ਵਾਲੇ ਦੋਵੇਂ ਭਰਾਵਾਂ ਦੇ ਨਾਲ ਉਨ੍ਹਾਂ ਦੇ ਮਾਈ-ਬਾਪ ਦਾ ਵੀ, ਪਰ ਦੇਸ਼ ਦੀ ਪਾਰਲੀਮੈਂਟ ਵਿਚ ਇਨ੍ਹਾਂ ਵਿਚੋਂ ਕਿਸੇ ਬਾਰੇ ਵੀ ਰੌਲਾ ਨਹੀਂ ਪਿਆ ਕਿ ਇਨ੍ਹਾਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ।
ਤੇਤੀ ਸਾਲ ਪਹਿਲਾਂ ਭਾਰਤ ਵਿਚ ਰਾਜ ਚਲਾ ਰਹੀ ਜਨਤਾ ਪਾਰਟੀ ਵਿਚ ਮੋਰਾਰਜੀ ਡਿਸਾਈ ਤੇ ਚੌਧਰੀ ਚਰਨ ਸਿੰਘ ਦੇ ਭੇੜ ਵਿਚ ਇਹ ਦੋਸ਼ ਲੱਗਾ ਸੀ ਕਿ ਦੋਵਾਂ ਪਾਸਿਆਂ ਦੇ ਹਮਾਇਤੀ ਪਾਰਲੀਮੈਂਟ ਮੈਂਬਰ ਖਰੀਦਣ ਲਈ ਨੋਟਾਂ ਦੀਆਂ ਜਿਨ੍ਹਾਂ ਬੋਰੀਆਂ ਦੇ ਮੂੰਹ ਖੋਲ੍ਹੇ ਗਏ ਹਨ, ਉਹ ਵੱਡੇ ਕਾਰਪੋਰੇਟ ਘਰਾਣਿਆਂ ਦੀਆਂ ਹਨ। ਦਸ ਕੁ ਸਾਲ ਬਾਅਦ ਰਾਜਾ ਵੀæਪੀæ ਸਿੰਘ ਅਤੇ ਚੰਦਰ ਸ਼ੇਖਰ ਦਰਮਿਆਨ ਕੁਰਸੀ ਦੇ ਝਗੜੇ ਵਿਚ ਇਹੋ ਕੁਝ ਹੋਇਆ ਸੀ ਤੇ ਪਾਰਲੀਮੈਂਟ ਦੇ ਮੈਂਬਰਾਂ ਦੀ ਬੋਲੀ ਪੰਝੀ ਲੱਖ ਤੋਂ ਤੁਰ ਕੇ ਇੱਕ ਕਰੋੜ ਰੁਪਏ ਤੱਕ ਜਾ ਪਹੁੰਚੀ ਸੀ। ਅੰਗਰੇਜ਼ੀ ਵਿਚ ਇਸ ਖਰੀਦੋ-ਫਰੋਖਤ ਲਈ ‘ਹਾਰਸ ਟਰੇਡਿੰਗ’ ਦੇ ਸ਼ਬਦ ਤੋਂ ਅੱਗੇ ਵਧ ਕੇ ਉਦੋਂ ਭਾਰਤ ਦੇ ਇੱਕ ਅਖਬਾਰ ਨੇ ਪਹਿਲੀ ਵਾਰ ਇਹ ਲਿਖ ਦਿੱਤਾ ਕਿ ਪੱਧਰ ਇੰਨਾ ਨੀਵਾਂ ਆ ਗਿਆ ਹੈ ਕਿ ਹੁਣ ਸਾਡੇ ਪਾਰਲੀਮੈਂਟ ਮੈਂਬਰ ਦਿੱਲੀ ਦੀ ਮੰਡੀ ਵਿਚ ਕੱਟਿਆਂ ਤੇ ਵੱਛਿਆਂ ਵਾਂਗ ਵਿਕਣ ਲੱਗ ਪਏ ਹਨ। ਉਸ ਤੋਂ ਬਾਅਦ ਆਏ ਮੈਂਬਰ ਵੀ ਗੰਗਾ-ਨਹਾਤੇ ਨਹੀਂ, ਬਹੁਤ ਸਾਰੇ ਹੁਣ ਵੀ ਇਹੋ ਜਿਹੇ ਹਨ, ਜਿਹੜੇ ਉਦੋਂ ਵਾਲਿਆਂ ਵਾਂਗ ‘ਮੁਨਾਸਬ ਮੁੱਲ’ ਉੱਤੇ ਜ਼ਮੀਰ ਵੇਚਣ ਨੂੰ ਤਿਆਰ ਰਹਿੰਦੇ ਹਨ। ਇਹ ‘ਮੁਨਾਸਬ ਮੁੱਲ’ ਹੁਣ ਇੱਕ-ਦੋ ਕਰੋੜ ਨਹੀਂ ਰਿਹਾ, ਇਸ ਦੇ ਨਾਲ ਜ਼ੀਰੋ ਲੱਗਣ ਲੱਗ ਪਈਆਂ ਹਨ।
ਰਿਸ਼ਤੇਦਾਰ ਖੂਨ ਦੇ ਰਿਸ਼ਤੇ ਵਾਲੇ ਹੀ ਨਹੀਂ ਹੁੰਦੇ, ਕਾਰੋਬਾਰੀ ਰਿਸ਼ਤੇ ਖੂਨ ਦੇ ਰਿਸ਼ਤਿਆਂ ਤੋਂ ਵੱਧ ਮਜ਼ਬੂਤ ਮੰਨੇ ਜਾਂਦੇ ਹਨ। ਪਿਛਲੇ ਸਮਿਆਂ ਵਿਚ ਸੁਣਦੇ ਹੁੰਦੇ ਸਾਂ ਕਿ ਸਾਰੀਆਂ ਯਾਰੀਆਂ ਟੁੱਟ ਜਾਣ, ਜੇਲ੍ਹ ਦੀ ਲੱਗੀ ਯਾਰੀ ਕਦੇ ਨਹੀਂ ਟੁੱਟਦੀ। ਜੇਲ੍ਹ ਵਿਚ ਅਪਰਾਧੀ ਹੁੰਦੇ ਸਨ। ਜੇ ਅਪਰਾਧੀਆਂ ਦੀ ਜੇਲ੍ਹ ਵਿਚ ਲੱਗੀ ਯਾਰੀ ਨਹੀਂ ਟੁੱਟਦੀ ਤਾਂ ਇਨ੍ਹਾਂ ਦੀ ਖਾਣ-ਪੀਣ ਵਿਚ ਹਿੱਸੇ ਦੀ ਲੜਾਈ ਸੌ ਵਾਰੀ ਹੋ ਜਾਵੇ, ਉੱਦਾਂ ਦਿੱਲੀ ਪਹੁੰਚ ਕੇ ਇਨ੍ਹਾਂ ਦੀ ਯਾਰੀ ਵੀ ਨਹੀਂ ਟੁੱਟਦੀ। ਦੇਸ਼ ਦਾ ਦਿਲ ਅਖਵਾਉਣ ਦਾ ਦੰਭ ਪਾਲ ਰਹੀ ਦਿੱਲੀ ਵਿਚ ਪਾਰਲੀਮੈਂਟ ਤੱਕ ਜਾ ਪੁੱਜਾ ਇਹ ਰਿਸ਼ਤਾ ਉਹੋ ਹੈ ਜਿਸ ਨੂੰ ਬਿਸਮਿਲ ਨੇ ‘ਚੋਰਾਂ ਦੀ ਸਕੀਰੀ ਤੇ ਡਾਕੂ ਦੀ ਨਸਲ’ ਕਿਹਾ ਸੀ। ਜੇ ਡਾਕੂਆਂ ਦੀ ਨਸਲ ਹਰ ਪਾਸੇ ਡਾਕੇ ਮਾਰ ਰਹੀ ਹੈ, ਉਨ੍ਹਾਂ ਦੇ ਖੁਰੇ ਦਾ ਨਿਸ਼ਾਨ ਲੁਕਾਉਣ ਲਈ ‘ਚੋਰਾਂ ਦੀ ਸਕੀਰੀ’ ਪਾਰਲੀਮੈਂਟ ਤੱਕ ਸਰਗਰਮ ਹੈ, ਤਾਂ ਜਿਹੜੇ ਲੋਕ ਅਜ਼ਾਦੀ ਲਹਿਰ ਦੇ ਦਿਨਾਂ ਤੋਂ ਸੁਣਿਆ ਤੇਰਾ ਸਿੰਘ ਚੰਨ ਦਾ ‘ਹੇ ਪਿਆਰੀ ਭਾਰਤ ਮਾਂ, ਤੈਨੂੰ ਅਸੀਂ ਸੀਸ ਨਿਵਾਂਦੇ ਹਾਂ’ ਵਾਲਾ ਗੀਤ ਨਹੀਂ ਭੁੱਲ ਸਕੇ, ਉਨ੍ਹਾਂ ਨੂੰ ‘ਹੁਸ਼ਿਆਰ ਐ ਬਿਸਮਿਲ’ ਵਾਲਾ ਹੋਕਾ ਵੀ ਬੰਦ ਨਹੀਂ ਹੋਣ ਦੇਣਾ ਚਾਹੀਦਾ। ਇਹ ਹੋਕਾ ਕਿਸੇ ਨਾਟਕ ਦਾ ਹਿੱਸਾ ਨਹੀਂ, ਭਾਰਤੀ ਲੋਕਾਂ ਦੀ ਜਾਗਦੀ ਜ਼ਮੀਰ ਦਾ ਸਬੂਤ ਹੋਵੇਗਾ।

Be the first to comment

Leave a Reply

Your email address will not be published.