ਮੌਸਮ ਵਿਭਾਗ ਦੀ ਪੁਖਤਾ ਜਾਣਕਾਰੀ ਨੇ ਬਚਾ ਲਈਆਂ ਹਜ਼ਾਰਾਂ ਜਾਨਾਂ
ਵਿਸ਼ਾਖਾਪਟਨਮ: ਮੌਸਮ ਵਿਭਾਗ ਦੀ ਪੁਖਤਾ ਜਾਣਕਾਰੀ ਤੇ ਪ੍ਰਸ਼ਾਸਨ ਦੀ ਤਿਆਰੀ ਨੇ ਆਂਧਰਾ ਪ੍ਰਦੇਸ਼ ਤੇ ਉੜੀਸਾ ਵਿਚ ਹਜ਼ਾਰਾਂ ਜਾਨਾਂ ਬਚਾ ਲਈਆਂ। ਮੌਸਮ ਵਿਭਾਗ ਨੇ ਚੱਕਰਵਾਤੀ ਤੂਫਾਨ Ḕਹੁਦਹੁਦ’ ਬਾਰੇ ਅਗਾਊਂ ਹੀ ਜਾਣਕਾਰੀ ਦੇ ਦਿੱਤੀ ਸੀ ਜਿਸ ਕਾਰਨ ਪ੍ਰਸ਼ਾਸਨ ਨੇ ਪਹਿਲਾਂ ਹੀ ਪੁਖਤਾ ਪ੍ਰਬੰਧ ਕਰ ਲਏ ਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜ ਦਿੱਤਾ। ਭਾਵੇਂ ਇਸ ਤੁਫਾਨ ਕਾਰਨ 24 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਪਰ ਜੇਕਰ ਇਸ ਕੁਦਰਤੀ ਆਫਤ ਦੀ ਅਗਾਊਂ ਜਾਣਕਾਰੀ ਨਾ ਹੁੰਦੀ ਤਾਂ ਇਹ ਗਿਣਤੀ ਹਜ਼ਾਰਾਂ ਵਿਚ ਪਹੁੰਚ ਸਕਦੀ ਸੀ। ਸੰਯੁਕਤ ਰਾਸ਼ਟਰ ਨੇ ਵੀ ਮੌਸਮ ਵਿਭਾਗ ਤੇ ਸਰਕਾਰ ਦੀਆਂ ਤਿਆਰੀਆਂ ਦੇ ਰੱਜ ਕੇ ਸ਼ਲਾਂਘਾ ਕੀਤੀ ਹੈ।
15 ਸਾਲ ਪਹਿਲਾਂ 1999, ਉੜੀਸਾ ਵਿਚ 15 ਹਜ਼ਾਰ ਮੌਤਾਂ ਹੋ ਗਈਆਂ ਸਨ। ਉਦੋਂ ਉੜੀਸਾ ਵਿਚ ਸੁਪਰ ਸਾਈਲੋਨ ਆਇਆ ਸੀ। ਇਸ ਤੋਂ ਇਲਾਵਾ 2013 ਵਿਚ ਨਾਸਾ ਨੇ ਕੁਦਰਤੀ ਆਫਤ ਦੀ ਅਗਾਊਂ ਜਾਣਕਾਰੀ ਦੇ ਦਿੱਤੀ ਸੀ ਪਰ ਇਸ ‘ਤੇ ਭਰੋਸਾ ਨਾ ਕਰਨ ਕਰਕੇ ਕਈ ਲੋਕ ਮਾਰੇ ਗਏ। ਇਸ ਵਾਰ ਪ੍ਰਸ਼ਾਸਨ ਨੇ ਅਗਾਉਂ ਜਾਣਕਾਰੀ ‘ਤੇ ਭਰੋਸਾ ਕਰਕੇ ਤਕਰੀਬਨ 10 ਲੋਕਾਂ ਨੂੰ ਸੁਰੱਖਿਆ ਥਾਵਾਂ ‘ਤੇ ਪਹੁੰਚਾ ਦਿੱਤਾ। ਪਿਛਲੇ ਮਹੀਨੇ ਜੰਮੂ-ਕਸ਼ਮੀਰ ਵਿਚ ਹੋਈ ਤਬਾਹੀ ਦਾ ਕਾਰਨ ਵੀ ਮੌਸਮ ਵਿਭਾਗ ਦੀ ਜਾਣਕਾਰੀ ‘ਤੇ ਭਰੋਸਾ ਨਾ ਕਰਨਾ ਬਣਿਆ ਸੀ। ਵਿਭਾਗ ਨੇ ਇਸ ਤਬਾਹੀ ਦੀ ਜਾਣਕਾਰੀ ਕਾਫੀ ਪਹਿਲਾਂ ਦੇ ਦਿੱਤੀ ਸੀ ਪਰ ਸਰਕਾਰ ਨੇ ਇਸ ਪਾਸੇ ਕੋਈ ਗੌਰ ਨਾ ਕੀਤੀ।
ਚੱਕਰਵਾਤੀ ਤੂਫਾਨ Ḕਹੁਦਹੁਦ’ ਭਾਵੇਂ ਮੱਠਾ ਪੈ ਗਿਆ ਹੈ ਤੇ ਪਿੱਛੇ ਆਂਧਰਾ ਪ੍ਰਦੇਸ਼ ਤੇ ਉੜੀਸਾ ਵਿਚ ਤਬਾਹੀ ਦਾ ਮੰਜ਼ਰ ਛੱਡ ਗਿਆ ਹੈ। ਬੰਦਰਗਾਹੀ ਸ਼ਹਿਰ ਵਿਸ਼ਾਖਾਪਟਨਮ ਸਮੇਤ ਦਰਜ ਤੱਟਵਰਤੀ ਜ਼ਿਲ੍ਹੇ ਬੁਰੀ ਤਰ੍ਹਾਂ ਪ੍ਰਭਾਵਤ ਹੋਏ ਹਨ। Ḕਹੁਦਹੁਦ’ ਕਰਕੇ ਲੱਖਾਂ ਲੋਕ ਬੇਘਰ ਹੋ ਗਏ ਹਨ। ਆਂਧਰਾ ਪ੍ਰਦੇਸ਼ ਤੋਂ ਬਾਅਦ Ḕਹੁਦਹੁਦ’ ਨੇ ਉੜੀਸਾ ਦਾ ਰੁਖ਼ ਕੀਤਾ ਜਿਥੇ 50 ਹਜ਼ਾਰ ਕੱਚੇ ਘਰ ਨੁਕਸਾਨੇ ਗਏ, ਬਿਜਲੀ ਤੇ ਸੜਕ ਨੈੱਟਵਰਕ ਟੁੱਟ ਗਿਆ। ਇਹ ਤੂਫ਼ਾਨ ਕਹਿਰ ਬਰਸਾਉਣ ਤੋਂ ਬਾਅਦ ਛੱਤੀਸਗੜ੍ਹ ਵੱਲ ਵੱਧ ਗਿਆ ਤੇ ਕਮਜ਼ੋਰ ਪੈ ਗਿਆ। ਵਿਸ਼ਾਖਾਪਟਨਮ ਤੋਂ ਇਲਾਵਾ ਆਂਧਰਾ ਪ੍ਰਦੇਸ਼ ਦੇ ਤੱਟਵਰਤੀ ਜ਼ਿਲ੍ਹਿਆਂ ਸ੍ਰੀਕਾਕਲੂਮ, ਵਿਜਿਆਨਗਰਮ ਤੇ ਪੂਰਬੀ ਗੋਦਾਵਰੀ ਵਿਚ ਭਾਰੀ ਨੁਕਸਾਨ ਹੋਇਆ ਹੈ। ਤੂਫਾਨ ਕਰਕੇ ਉੜੀਸਾ ਦੇ ਰਾਜਪਤੀ, ਕੋਰਾਪੁਟ, ਮਲਕਾਨਗਿਰੀ ਤੇ ਰਾਏਰਾਤ ਵਿਚ ਸਭ ਤੋਂ ਵਧ ਨੁਕਸਾਨ ਹੋਇਆ ਹੈ। ਕੇਂਦਰ ਵੱਲੋਂ ਹਾਲਾਤ ਉੱਪਰ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ।
ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨæ ਚੰਦਰਬਾਬੂ ਨਾਇਡੂ ਨੇ ਤੂਫ਼ਾਨ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕੀਤਾ। ਉਨ੍ਹਾਂ ਸਾਥੀ ਮੰਤਰੀਆਂ ਤੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਵਿਸ਼ਾਖਾਪਟਨਮ ਵਿਚ ਰਾਹਤ ਤੇ ਬਚਾਅ ਕਾਰਜਾਂ ਦਾ ਜਾਇਜ਼ਾ ਲੈਣ ਤੇ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਹੱਲ ਕੀਤੀਆਂ ਜਾਣ। Ḕਹੁਦਹੁਦ’ ਕਰਕੇ ਚੱਲੀਆਂ ਤੇਜ਼ ਹਵਾਵਾਂ ਅੱਗੇ ਕੋਈ ਵੀ ਨਹੀਂ ਖੜ੍ਹ ਸਕਿਆ। ਤੂਫ਼ਾਨ ਦੇ ਰਾਹ ਵਿਚ ਜੋ ਵੀ ਆਇਆ, ਉਹ ਉਖੜਦਾ ਚਲਾ ਗਿਆ। ਵਿਸ਼ਾਖਾਪਟਨਮ ਵਿਚ ਤੇਜ਼ ਹਵਾਵਾਂ ਤੇ ਭਾਰੀ ਬਾਰਸ਼ ਕਰਕੇ ਦਰੱਖਤ, ਖੰਭੇ, ਟਾਵਰ, ਟਰਾਂਸਫਾਰਮਰ, ਬੈਨਰ ਤੇ ਟੈਲੀਫੋਨਾਂ ਦੇ ਖੰਭੇ ਪੁੱਟੇ ਗਏ।
ਇਸ ਨਾਲ ਰਸਤੇ ਵੀ ਠੱਪ ਹੋ ਗਏ। ਲੋਕਾਂ ਨੂੰ ਬਿਜਲੀ ਤੇ ਸੰਚਾਰ ਪ੍ਰਬੰਧ ਠੱਪ ਹੋਣ ਕਰਕੇ ਮੁਸ਼ਕਲ ਵਿਚ ਦਿਨ ਗੁਜ਼ਾਰਨੇ ਪਏ। ਕਈ ਥਾਵਾਂ ‘ਤੇ ਤਾਂ ਲੋਕ ਤੂਫ਼ਾਨ ਦੀ ਜਾਣਕਾਰੀ ਸਿਰਫ ਰੇਡੀਓ ਉਤੇ ਹਾਸਲ ਕਰਦੇ ਰਹੇ। ਵਿਸ਼ਾਖਾਪਟਨਮ ਹਵਾਈ ਅੱਡੇ ‘ਤੇ ਬਣੇ ਇਕ ਹਿੱਸੇ ਦੀ ਛੱਤ ਵੀ ਤੂਫ਼ਾਨ ਵਿਚ ਉੱਡ ਗਈ। ਸਰਕਾਰ ਤੇ ਪ੍ਰਸ਼ਾਸਨ ਹਾਲਾਤ ਆਮ ਵਰਗੇ ਬਣਾਉਣ ਦੇ ਯਤਨਾਂ ਵਿਚ ਜੁਟੇ ਹੋਏ ਹਨ।
Leave a Reply