ਅਕਾਲੀ-ਭਾਜਪਾ ਸਾਂਝ ਦੇ ਦਿਨ ਹੁਣ ਪੁੱਗਣ ਕੰਢੇ ਪੁੱਜੇ?

ਚੰਡੀਗੜ੍ਹ: ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ-ਇਨੈਲੋ ਦੇ ਸਮਝੌਤੇ ਨੇ ਅਕਾਲੀ-ਭਾਜਪਾ ਗਠਜੋੜ ਵਿਚ ਚੱਲ ਰਹੀ ਅੰਦਰੂਨੀ ਖਿੱਚੋਤਾਨ ਨੂੰ ਸਿਖਰ ‘ਤੇ ਲੈ ਆਂਦਾ ਹੈ। ਖਾਸਕਰ ਭਾਜਪਾ ਦੇ ਸਟਾਰ ਪ੍ਰਚਾਰਕ ਤੇ ਅੰਮ੍ਰਿਤਸਰ ਤੋਂ ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਵੱਲੋਂ ਬਾਦਲ ਪਰਿਵਾਰ ਖ਼ਿਲਾਫ ਕੱਢੀ ਭੜਾਸ ਤੋਂ ਤਕਰੀਬਨ ਤੈਅ ਹੋ ਗਿਆ ਹੈ ਕਿ ਦੋਹਾਂ ਧਿਰਾਂ ਵਿਚ ਤੋੜ-ਵਿਛੋੜੇ ਦਾ ਬਸ ਰਸਮੀ ਐਲਾਨ ਹੀ ਬਾਕੀ ਹੈ।
ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਬੀæਜੇæਪੀæ ਅਗਲੇ ਸਾਲ ਹੀ 117 ਸੀਟਾਂ ਵਿਚੋਂ ਘੱਟੋ ਘੱਟ 60 ਸੀਟਾਂ ਮੰਗਣ ਦਾ ਰਾਗ ਅਲਾਪੇਗੀ ਤੇ ਅਕਾਲੀ ਦਲ ਵੱਲੋਂ ਸੰਭਾਵੀ ਨਾਂਹ ਕਰਨ ‘ਤੇ ਫਿਰ ਤੋੜ-ਵਿਛੋੜਾ ਕਰਨ ਦਾ ਰਸਤਾ ਲੱਭੇਗੀ। ਇਸ ਵੇਲੇ ਬੀæਜੇæਪੀæ ਦੇ ਪੰਜਾਬ ਤੇ ਕੇਂਦਰੀ ਨੇਤਾ ਕਹਿ ਰਹੇ ਹਨ ਕਿ ਜਿੰਨੀ ਬਦਨਾਮੀ ਅਕਾਲੀ ਲੀਡਰਾਂ ਤੇ ਬਾਦਲ ਪਰਿਵਾਰ ਦੀ ਹੋ ਰਹੀ ਹੈ, ਉਸ ਵਿਚ ਜ਼ਿੰਮੇਵਾਰੀ ਤੇ ਕਸੂਰ ਬੀæਜੇæਪੀæ ਦਾ ਵੀ ਉਨਾ ਹੀ ਹੈ ਤੇ 2017 ਦੀਆਂ ਚੋਣਾਂ ਵਿਚ ਇਨ੍ਹਾਂ ਗ਼ਲਤੀਆਂ ਤੇ ਮਾੜੀ ਕਾਰਗੁਜ਼ਾਰੀ ਦਾ ਖ਼ਮਿਆਜ਼ਾ ਭੁਗਤਣ ਨਾਲੋਂ ਚੰਗਾ ਹੈ ਕਿ ਮੋਦੀ ਲਹਿਰ ਦਾ ਫ਼ਾਇਦਾ ਉਠਾਉਣ ਲਈ ਵੱਖੋ-ਵੱਖਰੀ ਚੋਣ ਲੜੀ ਜਾਵੇ।
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਜਥੇਦਾਰ ਅਵਤਾਰ ਸਿੰਘ ਮੱਕੜ ਤੇ ਹੋਰ ਸਿਰਕੱਢ ਅਕਾਲੀ ਆਗੂ ਹਰਿਆਣੇ ਦੇ ਪੰਜਾਬੀ ਤੇ ਸਿੱਖ ਮੁਹੱਲਿਆਂ ਵਿਚ ਬੀæਜੇæਪੀæ ਤੇ ਕਾਂਗਰਸ ਵਿਰੁੱਧ ਵੋਟਰਾਂ ਨੂੰ ਲਾਮਬੰਦ ਕਰ ਰਹੇ ਹਨ। ਦੂਜੇ ਪਾਸੇ ਬੀæਜੇæਪੀæ ਦੇ ਕੌਮੀ ਤੇ ਖੇਤਰੀ ਲੀਡਰ ਭਾਵੇਂ ਖੁਲ੍ਹ ਕੇ ਬਾਦਲ ਤੇ ਚੌਟਾਲਾ ਵਿਰੁੱਧ ਨਹੀਂ ਬੋਲ ਰਹੇ ਪਰ ਅੰਦਰੋਂ ਮੋਦੀ ਸਮੇਤ ਸੁਸ਼ਮਾ ਸਵਰਾਜ ਤੇ ਹੋਰ ਨੇਤਾ ਏਨੇ ਦੁਖੀ ਹਨ ਕਿ ਨਿੱਜੀ ਗੱਲਬਾਤ ਦੌਰਾਨ ਕਹਿ ਰਹੇ ਹਨ ਕਿ ਬਾਦਲ ਪਰਿਵਾਰ ਬੀæਜੇæਪੀæ ਵਿਰੁੱਧ ਪ੍ਰਚਾਰ ਕਰਕੇ ਅਪਣੀ ਕਬਰ ਆਪ ਹੀ ਪੁੱਟ ਰਿਹਾ ਹੈ।
ਬੀæਜੇæਪੀæ ਦੇ ਉਮੀਦਵਾਰਾਂ ਦੇ ਹੱਕ ਵਿਚ ਪ੍ਰਚਾਰ ਕਰਦਿਆਂ ਸ਼ ਸਿੱਧੂ ਨੇ ਦੋਵਾਂ ਭਾਈਵਾਲਾਂ ਦੇ ਅੰਦਰੂਨੀ ਕਲੇਸ਼ ਨੂੰ ਜਨਤਕ ਤੌਰ ‘ਤੇ ਬੇਬਾਕੀ ਨਾਲ ਪ੍ਰਗਟ ਕਰ ਦਿੱਤਾ। ਉਨ੍ਹਾਂ ਇਥੋਂ ਤੱਕ ਕਹਿ ਦਿੱਤਾ ਕਿ ਆਪਸੀ ਨਫ਼ਰਤ ਦਾ ਸਿਰਫ਼ ਭਾਂਡਾ ਭੱਜਣਾ ਹੀ ਬਾਕੀ ਹੈ। ਨਵਜੋਤ ਸਿੱਧੂ ਨੇ ਇਹ ਵੀ ਕਹਿ ਦਿੱਤਾ ਕਿ ਪੰਜਾਬ ਵਿਚ ਦੋਵਾਂ ਪਾਰਟੀਆਂ ਵਿਚ ਪੱਪੀਆਂ ਤੇ ਜੱਫੀਆਂ ਸਿਰਫ਼ ਫੋਕੀਆਂ ਹਨ ਜਦਕਿ ਹਰਿਆਣੇ ਦੀਆਂ ਚੋਣਾ ਦੌਰਾਨ ਝੜਪਾਂ ਤੇ ਅਸਲੀ ਕੁਸ਼ਤੀ ਹੋ ਰਹੀ ਹੈ।
ਭਾਵੇਂ ਸ਼ ਬਾਦਲ ਨੇ ਵਾਰ-ਵਾਰ ਸਫ਼ਾਈ ਦਿੰਦਿਆਂ ਕਿਹਾ ਕਿ ਬੀæਜੇæਪੀæ ਨਾਲ ਦੋਸਤੀ ਚਟਾਨ ਵਾਂਗ ਪੱਕੀ ਹੈ ਪਰ ਦੇਵੀ ਲਾਲ ਪਰਿਵਾਰ ਨਾਲ ਪੁਰਾਣਾ ਰਿਸ਼ਤਾ ਹੋਣ ਕਰਕੇ ਅਕਾਲੀ ਦਲ-ਚੌਟਾਲਾ ਦੀ ਇਨੈਲੋ ਪਾਰਟੀ ਦਾ ਸਾਥ ਦੇ ਰਹੇ ਹਨ। ਸ਼ ਬਾਦਲ ਤੇ ਸੁਖਬੀਰ ਬਾਦਲ ਨੇ ਇਹ ਵੀ ਕਿਹਾ ਕਿ ਅਸੀਂ ਸਿਰਫ਼ ਕਾਂਗਰਸ ਨੂੰ ਹਰਾਉਣ ਲਈ ਪ੍ਰਚਾਰ ਕਰ ਰਹੇ ਹਾਂ ਤੇ ਅੰਦਰੋਂ ਬੀæਜੇæਪੀæ ਦੇ ਨਾਲ ਹਾਂ। ਪੰਜਾਬ ਬੀæਜੇæਪੀæ ਪ੍ਰਧਾਨ ਕਮਲ ਸ਼ਰਮਾ ਨੇ ਮੰਨਿਆ ਹੈ ਕਿ ਕੁਲ 90 ਸੀਟਾਂ ਵਿਚੋਂ ਤਕਰੀਬਨ 60 ‘ਤੇ ਬੀæਜੇæਪੀæ ਤੇ ਇਨੈਲੋ ਉਮੀਦਵਾਰਾਂ ਦਾ ਸਿੱਧਾ ਮੁਕਾਬਲਾ ਹੈ ਜਿਸ ਕਰਕੇ ਵੱਖ-ਵੱਖ ਲੀਡਰਾਂ ਦੇ ਪ੍ਰਚਾਰ ਦਾ ਆਪਾ ਵਿਰੋਧੀ ਹੋਣ ਦਾ ਨਤੀਜਾ ਜ਼ਰੂਰ ਹੀ ਭੁਗਤਣਾ ਪੈਣਾ ਹੈ।
ਕਮਲ ਸ਼ਰਮਾ ਨੇ ਤਾਂ ਸਰੇਆਮ ਕਹਿ ਦਿੱਤਾ ਹੈ ਕਿ ਹਰਿਆਣਾ ਚੋਣਾਂ ਉਪਰੰਤ ਉਹ ਕਿਸਾਨਾਂ ਨੂੰ ਮੁਫ਼ਤ ਬਿਜਲੀ, ਸ਼ਹਿਰੀ ਵਪਾਰੀਆਂ, ਰਿਹਾਇਸ਼ੀ ਤੇ ਕਮਰਸ਼ੀਅਲ ਮੁੱਦੇ, ਰੇਤਾ ਬਜਰੀ ਦੇ ਮੁੱਦੇ ਜ਼ਰੂਰ ਹੀ ਮੁੱਖ ਮੰਤਰੀ ਕੋਲ ਚੁੱਕਣਗੇ। ਹਰਿਆਣੇ ਦੀਆਂ ਚੋਣਾਂ ਵਿਚ ਵੱਖਰੀ ਗੁਰਦੁਆਰਾ ਕਮੇਟੀ ਦਾ ਮੁੱਦਾ ਵੀ ਘੱਟੋ ਘੱਟ 25 ਸੀਟਾਂ ‘ਤੇ 15 ਲੱਖ ਸਿੱਖ ਵੋਟਰਾਂ ਦੇ ਅਸਰ ਨੂੰ ਕਾਂਗਰਸ ਦੇ ਹੱਕ ਵਿਚ ਪਾਸਾ ਪਲਟਣ ਲਈ ਤਿਆਰ ਕਰੀ ਬੈਠਾ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਦੀਦਾਰ ਸਿੰਘ ਨਲਵੀ ਤੇ ਹੋਰ ਨੇਤਾਵਾਂ ਨੇ ਇਕਜੁੱਟ ਹੋ ਕੇ ਮੰਡੀ ਡੱਬਵਾਲੀ, ਰਣੀਆ, ਰਤੀਆ ਤੇ ਹੋਰ ਇਲਾਕਿਆਂ ਵਿਚ ਪ੍ਰਚਾਰ ਵੀ ਕਾਂਗਰਸ ਦੇ ਹੱਕ ਵਿਚ ਕੀਤਾ ਤੇ ਵੱਡੇ ਬਾਦਲ ਵਿਰੁੱਧ ਪੋਸਟਰ ਵੀ ਲਾਏ ਜਿਨ੍ਹਾਂ ਵਿਚ ਵਿਸ਼ੇਸ਼ ਤੌਰ ‘ਤੇ ਇਹ ਸੰਦੇਸ਼ਾ ਸੀ ਕਿ ਆਪਣੇ ਆਪ ਨੂੰ ਸਿੱਖ ਨੇਤਾ ਕਹਾਉਣ ਵਾਲੇ ਸ਼ ਪ੍ਰਕਾਸ਼ ਸਿੰਘ ਬਾਦਲ ਦਾ ਹਰਿਆਣੇ ਵਿਚ ਕੋਈ ਕੰਮ ਨਹੀਂ ਹੈ, ਇਸ ਨੂੰ ਵਾਪਸ ਜਾਣਾ ਚਾਹੀਦਾ ਹੈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਦੀ ਸੋਚ ਹੈ ਕਿ ਉਹ ਅਪਣੀ ਪਾਰਟੀ ਨੂੰ ਨੈਸ਼ਨਲ ਪੱਧਰ ਦੀ ਪਾਰਟੀ ਬਣਾਉਣਾ ਚਾਹੁੰਦੇ ਹਨ।
ਦੂਜੇ ਪਾਸੇ ਕਾਂਗਰਸੀ ਨੇਤਾ, ਕੈਪਟਨ ਅਮਰਿੰਦਰ ਸਿੰਘ, ਵਿਰੋਧੀ ਧਿਰ ਕਾਂਗਰਸ ਦੇ ਨੇਤਾ ਸੁਨੀਲ ਜਾਖੜ, ਸਾਬਕਾ ਮੁੱਖ ਮੰਤਰੀ ਬੀਬੀ ਭੱਠਲ ਤੇ ਪਾਰਟੀ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਭਾਵੇਂ ਅੱਡੋ-ਅੱਡ ਵਿਚਾਰ ਰੱਖਦੇ ਹਨ ਤੇ ਆਪਸੀ ਫੁੱਟ ਦਾ ਸ਼ਿਕਾਰ ਹਨ ਪਰ ਅੰਦਰੋਂ ਉਹ ਸੁਪਨਿਆਂ ਦੀ ਦੁਨੀਆਂ ਵਿਚ ਘੁੰੰਮ ਰਹੇ ਹਨ ਕਿ ਜੇਕਰ ਬੀæਜੇæਪੀæ ਤੇ ਅਕਾਲੀ ਦਲ ਦੀ ਸਾਂਝ ਟੁੱਟਦੀ ਹੈ ਤਾਂ ਕਾਂਗਰਸ ਲਈ ਜ਼ਰੂਰ ਹੀ ਚਾਂਦੀ ਹੋ ਜਾਵੇਗੀ।

Be the first to comment

Leave a Reply

Your email address will not be published.