ਚੰਡੀਗੜ੍ਹ: ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੂੰ ਅਹੁਦੇ ਤੋਂ ਲਾਂਭੇ ਕਰਨ ਲਈ ਛਿੜੇ ਕਲੇਸ਼ ਬਾਰੇ ਕਾਂਗਰਸ ਹਾਈਕਮਾਨ ਨੇ ਚੁੱਪ ਧਾਰੀ ਹੋਈ ਹੈ। ਹਾਈਕਮਾਨ ਦੀ ਇਸ ਢਿੱਲ ਕਾਰਨ ਪੰਜਾਬ ਕਾਂਗਰਸ ਦੀ ਖਾਨਾਜੰਗੀ ਸਿਖਰਾਂ ‘ਤੇ ਪੁੱਜ ਗਈ ਹੈ। ਇਸ ਬਾਰੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ-ਕਮ-ਪੰਜਾਬ ਮਾਮਲਿਆਂ ਦੇ ਪਾਰਟੀ ਇੰਚਾਰਜ ਸ਼ਕੀਲ ਅਹਿਮਦ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜਾਂ ਪਾਰਟੀ ਨੂੰ ਕੁਝ ਨਹੀਂ ਪਤਾ ਕਿ ਪੰਜਾਬ ਕਾਂਗਰਸ ਵਿਚ ਕੀ ਹੋ ਰਿਹਾ ਹੈ।
ਪੰਜਾਬ ਕਾਂਗਰਸ ਦੇ ਉੱਚ ਆਗੂਆਂ ਵਿਚਾਲੇ ਚੱਲ ਰਹੀ ਜੰਗ ਬਾਰੇ ਪੁੱਛੇ ਜਾਣ ‘ਤੇ ਸ਼ਕੀਲ ਅਹਿਮਦ ਨੇ ਕਿਹਾ ਕਿ ਹਾਈਕਮਾਨ ਵੱਲੋਂ ਪਹਿਲਾਂ ਜ਼ਮੀਨੀ ਪੱਧਰ ‘ਤੇ ਸਥਿਤੀ ਦਾ ਅਧਿਐਨ ਕੀਤਾ ਜਾਵੇਗਾ ਤੇ ਉਸ ਮਗਰੋਂ ਹੀ ਕੁਝ ਕਿਹਾ ਜਾ ਸਕੇਗਾ। ਅਸਲ ਵਿਚ ਹਾਈਕਮਾਨ ਦੋਵਾਂ ਆਗੂਆਂ ਨੂੰ ਨਰਾਜ਼ ਨਾ ਕਰਕੇ ਕੋਈ ਵਿਚਲਾ ਹੱਲ ਲੱਭਣ ਵਿਚ ਜੁਟੀ ਹੋਈ ਹੈ। ਹਾਲਾਂਕਿ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਲੋਕ ਸਭਾ ਦੇ ਉਪ ਨੇਤਾ ਕੈਪਟਨ ਅਮਰਿੰਦਰ ਸਿੰਘ ਤੇ ਬਾਜਵਾ ਵਿਚ ਸੁਲ੍ਹਾ ਕਰਵਾਉਣ ਲਈ ਖਾਸ ਦਿਲਚਸਪੀ ਵਿਖਾ ਰਹੇ ਹਨ। ਬੀਬੀ ਭੱਠਲ ਦਾ ਕਹਿਣਾ ਹੈ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਨੂੰ ਮਾਤ ਦੇਣ ਲਈ ਰਲ ਕੇ ਕੰਮ ਕਰਨਾ ਸਮੇਂ ਦੀ ਵੱਡੀ ਲੋੜ ਹੈ।
ਬੀਬੀ ਭੱਠਲ ਨੇ ਦੱਸਿਆ ਕਿ ਬੀਤੇ ਦਿਨੀਂ ਉਨ੍ਹਾਂ ਦੇ ਜਨਮ ਦਿਨ ਮੌਕੇ ਕੈਪਟਨ ਅਮਰਿੰਦਰ ਸਿੰਘ ਘਰ ਆਏ ਸਨ। ਇਸ ਦੌਰਾਨ ਦੋਵਾਂ ਵਿਚ ਬਹੁਤ ਸਾਰੀਆਂ ਸਿਆਸੀ ਗੱਲਾਂਬਾਤਾਂ ਹੋਈਆਂ ਸਨ। ਕੈਪਟਨ ਅਮਰਿੰਦਰ ਸਿੰਘ ਨਾਲ ਬੀਤੇ ਸਮੇਂ ਵਿਚ ਉਨ੍ਹਾਂ ਦੇ ਰਹੇ ਮੱਤਭੇਦਾਂ ਬਾਰੇ ਉਨ੍ਹਾਂ ਕਿਹਾ ਕਿ ਘਰ ਵਿਚ ਵੀ ਭੈਣਾਂ ਭਰਾਵਾਂ ਨਾਲ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਵਿਚਾਰ ਨਹੀਂ ਰਲਦੇ ਹੁੰਦੇ, ਇਸ ਦਾ ਇਹ ਮਤਲਬ ਨਹੀਂ ਹੁੰਦਾ ਕਿ ਉਹ ਪਰਿਵਾਰ ਦਾ ਹਿੱਸਾ ਨਹੀਂ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੀ ਕਾਰਗੁਜ਼ਾਰੀ ਬਾਰੇ ਪੁੱਛੇ ਗਏ ਸਵਾਲਾਂ ਨੂੰ ਟਾਲਦਿਆਂ ਬੀਬੀ ਭੱਠਲ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਇਕਜੁੱਟ ਹੈ।
ਸ਼ ਬਾਜਵਾ ਵੱਲੋਂ ਕੈਪਟਨ ਨਾਲ ਸਿੱਧੀ ਸ਼ਬਦੀ ਜੰਗ ਤੋਂ ਟਾਲਾ ਵੱਟਿਆ ਜਾ ਰਿਹਾ ਹੈ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਕੁਝ ਸਮਰਥਕਾਂ ਵੱਲੋਂ ਤਕਰੀਬਨ ਰੋਜ਼ਾਨਾ ਹੀ ਜਨਤਕ ਤੌਰ ‘ਤੇ ਬਾਜਵਾ ਦੀ ਥਾਂ ਕਿਸੇ ਹੋਰ ਨੂੰ ਪ੍ਰਧਾਨ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ। ਕੈਪਟਨ ਵੱਲੋਂ ਤਾਂ ਬਾਜਵਾ ਨੂੰ Ḕਗੈਰ-ਭਰੋਸੇਯੋਗ’ ਤੇ Ḕਗੈਰ-ਸਰਗਰਮ’ ਆਖ ਕੇ ਉਨ੍ਹਾਂ ਦੇ ਜ਼ਖ਼ਮਾਂ ‘ਤੇ ਲੂਣ ਛਿੜਕਿਆ ਜਾ ਰਿਹਾ ਹੈ।
ਇਸੇ ਦੌਰਾਨ ਕੈਪਟਨ ਵੱਲੋਂ ਬਾਜਵਾ ਨੂੰ ਹਟਾਉਣ ਦੀ ਕੀਤੀ ਜਾ ਰਹੀ ਮੰਗ ਬਾਰੇ ਸ਼ ਬਾਜਵਾ ਨੇ ਕਿਹਾ ਕਿ ਉਹ ਅਜਿਹੀਆਂ ਗੱਲਾਂ ਵੱਲ ਜ਼ਿਆਦਾ ਧਿਆਨ ਨਹੀਂ ਦੇ ਰਹੇ ਕਿਉਂਕਿ ਕਾਂਗਰਸ ਹਾਈਕਮਾਨ ਨੇ ਉਨ੍ਹਾਂ ਨੂੰ ਪਾਰਟੀ ਪ੍ਰਧਾਨ ਬਣਾਇਆ ਹੈ। ਉਨ੍ਹਾਂ ਨੂੰ ਹਾਈਕਮਾਨ ਦੀ ਮਰਜ਼ੀ ਤੋਂ ਬਿਨਾਂ ਪ੍ਰਧਾਨਗੀ ਤੋਂ ਨਹੀਂ ਲਾਹਿਆ ਜਾ ਸਕਦਾ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਹਿਲਾਂ ਹੀ ਪਾਰਟੀ ਦੇ ਸੀਨੀਅਰ ਆਗੂਆਂ ਜਿਵੇਂ ਸ਼ਮਸ਼ੇਰ ਸਿੰਘ ਦੂਲੋ, ਰਾਜਿੰਦਰ ਕੌਰ ਭੱਠਲ ਤੇ ਲਾਲ ਸਿੰਘ ਨੂੰ ਬਾਜਵਾ ਦੀ ਥਾਂ ‘ਤੇ ਪ੍ਰਧਾਨ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ, ਪਰ ਫਿਲਹਾਲ ਕਿਸੇ ਪਾਸਿਉਂ ਕੋਈ ਖਾਸ ਹੁੰਗਾਰਾ ਨਹੀਂ ਮਿਲਿਆ ਹੈ।
____________________________________________
ਪੰਜਾਬ ਕਾਂਗਰਸ ‘ਚ ਸ਼ੁਰੂ ਤੋਂ ਹੀ ਹਾਵੀ ਰਹੀ ਹੈ ਧੜੇਬੰਦੀ
ਪੰਜਾਬ ਪ੍ਰਦੇਸ਼ ਕਾਂਗਰਸ ਵਿਚ ਪ੍ਰਧਾਨਗੀ ਨੂੰ ਲੈ ਕੇ ਛਿੜਿਆ ਕਲੇਸ਼ ਕਾਫੀ ਪੁਰਾਣਾ ਹੈ। 1998 ਵਿਚ ਜਦ ਕੈਪਟਨ ਅਮਰਿੰਦਰ ਸਿੰਘ ਪ੍ਰਧਾਨ ਬਣੇ ਤੇ ਫਿਰ 2002 ਵਿਚ ਪੰਜਾਬ ਦੇ ਮੁੱਖ ਮੰਤਰੀ ਬਣੇ ਤਾਂ ਇਹ ਗੱਲ ਬੀਬੀ ਰਜਿੰਦਰ ਕੌਰ ਭੱਠਲ ਤੇ ਜਗਮੀਤ ਸਿੰਘ ਬਰਾੜ ਦੇ ਧੜਿਆਂ ਨੂੰ ਹਜ਼ਮ ਨਹੀਂ ਹੋਈ। ਉਨ੍ਹਾਂ ਵਿਚਕਾਰ ਟਕਰਾਅ ਕਦੇ ਮੱਠਾ ਕਦੇ ਤੇਜ਼ ਚੱਲਦਾ ਰਿਹਾ। 2012 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਜਦ ਪ੍ਰਤਾਪ ਸਿੰਘ ਬਾਜਵਾ ਪ੍ਰਧਾਨ ਬਣੇ ਤਾਂ ਕੈਪਟਨ ਧੜੇ ਨੂੰ ਵੀ ਇਹ ਨਿਯੁਕਤੀ ਪ੍ਰਵਾਨ ਨਹੀਂ ਹੋਈ। ਕੈਪਟਨ ਧੜਾ ਹਮੇਸ਼ਾ ਬਰਾਬਰ ਦੀ ਸਰਗਰਮੀ ਕਰਕੇ ਬਾਜਵਾ ਨੂੰ ਚੁਣੌਤੀ ਦੇਣ ਵਿਚ ਰੁੱਝਾ ਰਿਹਾ। ਹੁਣ ਹਾਲਾਤ ਅਜਿਹੇ ਬਣ ਗਏ ਹਨ ਕਿ ਦੋਵਾਂ ਧੜਿਆਂ ਵਿਚ ਚੱਲ ਰਹੀ ਲੜਾਈ ਵਿਚ ਜਿਵੇਂ ਸ: ਬਾਜਵਾ ਨੇ ਮੰਨ ਹੀ ਲਿਆ ਹੈ ਕਿ ਕੈਪਟਨ ਧੜੇ ਦਾ ਮੁਕਾਬਲਾ ਉਨ੍ਹਾਂ ਨੂੰ ਮਹਿੰਗਾ ਪੈਣ ਲੱਗ ਪਿਆ ਹੈ।
_________________________________
ਮਸਲੇ ਦਾ ਹੱਲ ਹਰਿਆਣਾ ਚੋਣਾਂ ਤੋਂ ਬਾਅਦ: ਸ਼ਕੀਲ
ਚੰਡੀਗੜ੍ਹ: ਕਾਂਗਰਸ ਦੇ ਸੀਨੀਅਰ ਨੇਤਾ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਸ਼ਕੀਲ ਅਹਿਮਦ ਨੇ ਇਸ਼ਾਰਾ ਕੀਤਾ ਹੈ ਕਿ ਹਰਿਆਣਾ ਅਸੈਂਬਲੀ ਚੋਣਾਂ ਤੋਂ ਬਾਅਦ ਹੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਪ੍ਰਧਾਨਗੀ ਦੇ ਮਸਲੇ ਨੂੰ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਨੁਸ਼ਾਸਨਹੀਣਤਾ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਹ ਪੁੱਛੇ ਜਾਣ ‘ਤੇ ਕਿ ਪ੍ਰਧਾਨ ਬਦਲਿਆ ਜਾਵੇਗਾ ਜਾਂ ਆਪਸੀ ਖਹਿਬਾਜ਼ੀ ਵਾਲੇ ਪ੍ਰੈੱਸ ਨੂੰ ਦਿੱਤੇ ਜਾਂਦੇ ਬਿਆਨਾਂ ‘ਤੇ ਰੋਕ ਲਾਈ ਜਾਵੇਗੀ ਤਾਂ ਸ਼ਕੀਲ ਅਹਿਮਦ ਨੇ ਸਪੱਸ਼ਟ ਕੀਤਾ ਕਿ ਇਹ ਸਾਰਾ ਕੁਝ ਪਾਰਟੀ ਪ੍ਰਧਾਨ ਬੀਬੀ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਹੋਰ ਸੀਨੀਅਰ ਨੇਤਾਵਾਂ ਦੇ ਧਿਆਨ ਵਿਚ ਹੈ। ਉੁਨ੍ਹਾਂ ਕਿਹਾ ਕਿ ਇਹ ਸਾਰੇ ਆਗੂ ਹਰਿਆਣਾ ਤੇ ਮਹਾਰਾਸ਼ਟਰ ਦੀਆਂ ਚੋਣਾਂ ਵਿਚ ਮਸਰੂਫ਼ ਹਨ। ਉਸ ਉਪਰੰਤ ਹੀ ਕੁਝ ਕਰਾਂਗੇ।
Leave a Reply