ਓਸਲੋ: ਭਾਰਤ ਦੇ ਕੈਲਾਸ਼ ਸਤਿਆਰਥੀ ਤੇ ਪਾਕਿਸਤਾਨ ਦੀ ਕੁੜੀ ਮਲਾਲਾ ਯੂਸਫਜ਼ਈ ਨੂੰ ਬੱਚਿਆਂ ਦੇ ਹੱਕਾਂ ਲਈ ਕੰਮ ਕਰਨ ਲਈ 2014 ਦੇ ਨੋਬੇਲ ਅਮਨ ਪੁਰਸਕਾਰ ਲਈ ਚੁਣਿਆ ਗਿਆ ਹੈ। ਭਾਰਤ ਵਿਚ ਐਨæਜੀæਓæ ਚਲਾਉਂਦੇ 60 ਸਾਲਾ ਸਤਿਆਰਥੀ ਬੱਚਿਆਂ ਨੂੰ ਬਾਲ ਮਜ਼ਦੂਰੀ ਤੇ ਤਸਕਰੀ ਤੋਂ ਬਚਾਉਣ ਲਈ ਕੰਮ ਕਰਦੇ ਹਨ ਤੇ 17 ਸਾਲਾ ਮਲਾਲਾ ਤਾਲਿਬਾਨ ਦੇ ਵਿਰੋਧ ਦੇ ਬਾਵਜੂਦ ਪਾਕਿਸਤਾਨ ਵਿਚ ਲੜਕੀਆਂ ਦੇ ਸਿੱਖਿਆ ਅਧਿਕਾਰ ਦੀ ਪੈਰਵੀ ਕਰਦੀ ਰਹੀ ਹੈ। ਇਸੇ ਕਰ ਕੇ ਤਾਲਿਬਾਨ ਨੇ ਉਸ ਨੂੰ ਗੋਲੀਆਂ ਨਾਲ ਵਿੰਨ੍ਹ ਦਿੱਤਾ ਸੀ।
ਨੋਬੇਲ ਅਮਨ ਪੁਰਸਕਾਰ ਕਮੇਟੀ ਮੁਤਾਬਕ ਕੈਲਾਸ਼ ਸਤਿਆਰਥੀ ਤੇ ਮਲਾਲਾ ਯੂਸਫ਼ਜ਼ਈ ਬੱਚਿਆਂ ਤੇ ਕਿਸ਼ੋਰਾਂ ਦਾ ਦਮਨ ਹੋਣੋਂ ਰੋਕਣ ਤੇ ਸਾਰੇ ਬੱਚਿਆਂ ਵਿਚ ਸਿੱਖਿਆ ਦੇ ਅਧਿਕਾਰ ਲਈ ਸੰਘਰਸ਼ ਕਰ ਰਹੇ ਹਨ। ਕਮੇਟੀ ਮੁਤਾਬਕ ‘ਬਚਪਨ ਬਚਾਓ ਅੰਦੋਲਨ’ ਨਾਂ ਦੀ ਐਨæਜੀæਓæ ਚਲਾ ਰਹੇ ਸਤਿਆਰਥੀ ਨੇ ਮਹਾਤਮਾ ਗਾਂਧੀ ਦੀ ਪ੍ਰੰਪਰਾ ਜਾਰੀ ਰੱਖੀ ਹੈ ਤੇ ਉਹ ਅਮਨਪੂਰਵਕ ਪ੍ਰਦਰਸ਼ਨਾਂ ਦੀ ਅਗਵਾਈ ਕਰਦੇ ਰਹੇ ਹਨ। ਉਨ੍ਹਾਂ ਦਾ ਸਾਰਾ ਧਿਆਨ ਵਿੱਤੀ ਲਾਭਾਂ ਲਈ ਬੱਚਿਆਂ ਦਾ ਸ਼ੋਸ਼ਣ ਕੀਤੇ ਜਾਣ ਦੇ ਗੰਭੀਰ ਵਰਤਾਰੇ ਨੂੰ ਰੋਕਣ ਵਾਲਾ ਰਿਹਾ ਹੈ। ਕਮੇਟੀ ਨੇ ਕਿਹਾ ਕਿ ਜਿਊਰੀ ਇਸ ਮਹੱਤਵਪੂਰਨ ਪਹਿਲੂ ਦਾ ਬਹੁਤ ਸਤਿਕਾਰ ਕਰਦੀ ਹੈ ਕਿ ਇਕ ਹਿੰਦੂ ਤੇ ਇਕ ਮੁਸਲਮਾਨ, ਇਕ ਭਾਰਤੀ ਤੇ ਇਕ ਪਾਕਿਸਤਾਨੀ, ਨੂੰ ਇੰਤਹਾਪਸੰਦੀ ਵਿਰੁੱਧ ਅਤੇ ਸਿੱਖਿਆ ਦੇ ਖੇਤਰ ਵਿਚ ਕੰਮ ਕਰਨ ਬਦਲੇ ਇਸ ਪੁਰਸਕਾਰ ਲਈ ਚੁਣ ਰਹੀ ਹੈ।
ਅਮਨ ਪੁਰਸਕਾਰ ਦੇ ਇਸ ਵਰਗ ਲਈ ਪਿਛਲੇ ਸਾਲ ਵੀ ਮਲਾਲਾ ਨਾਮਜ਼ਦ ਹੋਈ ਸੀ। ਉਸ ਨੇ ਤਾਲਿਬਾਨ ਦੇ ਹਮਲੇ ਮਗਰੋਂ ਵੀ ਅਥਾਹ ਹੌਸਲੇ ਦਾ ਮੁਜ਼ਾਹਰਾ ਕਰਦਿਆਂ ਬੱਚਿਆਂ, ਖਾਸ ਕਰ ਕੇ ਲੜਕੀਆਂ ਦੇ ਸਿੱਖਿਆ ਦੇ ਹੱਕ ਵਿਚ ਆਪਣੀ ਮੁਹਿੰਮ ਜਾਰੀ ਰੱਖਣ ਦਾ ਅਹਿਦ ਲਿਆ ਸੀ, ਜੋ ਪਾਕਿਸਤਾਨ ਜਿਹੇ ਮੁਲਕ ਵਿਚ ਔਖਾ ਕੰਮ ਹੈ। ਮਲਾਲਾ ਨੋਬੇਲ ਪੁਰਸਕਾਰ ਲੈਣ ਵਾਲੀ ਸਭ ਤੋਂ ਛੋਟੀ ਉਮਰ ਦੀ ਹਸਤੀ ਹੈ। ਮਦਰ ਟੈਰੇਸਾ ਮਗਰੋਂ ਅਮਨ ਪੁਰਸਕਾਰ ਲੈਣ ਵਾਲੇ ਦੂਜੇ ਭਾਰਤੀ ਸਤਿਆਰਥੀ ਤੇ ਮਲਾਲਾ, ਹੁਣ ਉਨ੍ਹਾਂ ਚੋਣਵੀਆਂ ਕੌਮਾਂਤਰੀ ਹਸਤੀਆਂ ਵਿਚ ਸ਼ੁਮਾਰ ਹੋ ਗਏ ਹਨ, ਜੋ ਅਮਨ ਤੇ ਹੋਰ ਖੇਤਰਾਂ ਵਿਚ ਕਦਰਾਂ-ਕੀਮਤਾਂ ਦੀ ਬਹਾਲੀ ਲਈ ਲਾਮਿਸਾਲ ਕੰਮ ਕਰ ਰਹੇ ਹਨ।
ਕੈਲਾਸ਼ ਸਤਿਆਰਥੀ ਦਾ ਕਹਿਣਾ ਹੈ ਕਿ ਇਹ ਪ੍ਰਾਪਤੀ ਮੁਲਕ ਦੇ ਲੋਕਾਂ ਦੇ ਨਾਂ ਸਮਰਪਿਤ ਕਰਦੇ ਹਨ। ਉਨ੍ਹਾਂ ਅਹਿਦ ਲਿਆ ਕਿ ਉਹ ਬੱਚਿਆਂ ਦਾ ਸੋਸ਼ਣ ਰੋਕ ਕੇ ਉਨ੍ਹਾਂ ਦੀ ਭਲਾਈ ਯਕੀਨੀ ਬਣਾਉਣ ਦਾ ਕਾਰਜ ਹੁਣ ਨਵੀਂ ਊਰਜਾ ਨਾਲ ਜਾਰੀ ਰੱਖਣਗੇ। ਉਨ੍ਹਾਂ ਨੇ ਪੁਰਸਕਾਰ ਕਮੇਟੀ ਦਾ ਧੰਨਵਾਦ ਕੀਤਾ ਜਿਸ ਨੇ ਲੱਖਾਂ ਬੱਚਿਆਂ ਦੀ ਹਾਲਤ ਵੱਲ ਧਿਆਨ ਦਿੱਤਾ। ਇਸ ਨਾਲ ਬਾਲ ਸ਼ੋਸ਼ਣ ਰੋਕਣ ਵਿਚ ਮਦਦ ਮਿਲੇਗੀ।
ਨੋਬੇਲ ਅਮਨ ਪੁਰਸਕਾਰ ਮਿਲਣ ਪਿੱਛੋਂ ਮਲਾਲਾ ਯੂਸਫਜ਼ਈ ਨੇ ਆਸ ਪ੍ਰਗਟਾਈ ਕਿ ਇਸ ਨਾਲ ਕੁੜੀਆਂ ਸਿੱਖਿਅਤ ਕਰਨ ਦੇ ਉਸ ਦੇ ਮਿਸ਼ਨ ਨੂੰ ਹੋਰ ਸਹਾਇਤਾ ਮਿਲੇਗੀ। ਮਲਾਲਾ ਦੇ ਚਚੇਰੇ ਭਰਾ ਮਹਿਮੂਦ-ਉਲ-ਹਸਨ ਨੇ ਦੱਸਿਆ ਕਿ ਉਹ ਆਪਣੀ ਖੁਸ਼ੀ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦੇ। ਉਨ੍ਹਾਂ ਮਲਾਲਾ, ਉਸ ਦੇ ਅੱਬੂ ਤੇ ਅੰਮੀ ਨਾਲ ਗੱਲ ਕੀਤੀ ਹੈ, ਸਾਰੇ ਬਹੁਤ ਖੁਸ਼ ਹਨ। ਮਲਾਲਾ ਦਾ ਕਹਿਣਾ ਹੈ ਕਿ ਅੱਲ੍ਹਾ ਦੀ ਮਿਹਰ ਸਦਕਾ ਹੀ ਉਸ ਨੂੰ ਇਹ ਪੁਰਸਕਾਰ ਮਿਲਿਆ ਹੈ। ਹੁਣ ਉਹ ਆਪਣੇ ਮਿਸ਼ਨ ਦੀ ਪੂਰਤੀ ਵਾਸਤੇ ਬਿਹਤਰ ਕੰਮ ਕਰ ਸਕੇਗੀ।
_______________________________________________
ਕੈਲਾਸ਼ ਸਤਿਆਰਥੀ ਪੰਜਵੇਂ ਨੋਬੇਲ ਭਾਰਤੀ
ਨਵੀਂ ਦਿੱਲੀ: ਕੈਲਾਸ਼ ਸਤਿਆਰਥੀ 5ਵੇਂ ਅਜਿਹੇ ਭਾਰਤੀ ਨਾਗਰਿਕ ਬਣ ਗਏ ਹਨ ਜਿਨ੍ਹਾਂ ਨੂੰ ਨੋਬੇਲ ਪੁਰਸਕਾਰ ਮਿਲਿਆ ਹੈ। ਉਨ੍ਹਾਂ ਤੋਂ ਪਹਿਲਾਂ ਰਬਿੰਦਰਨਾਥ ਟੈਗੋਰ, ਸੀਵੀ ਰਾਮਨ, ਮਦਰ ਟਰੇਸਾ ਤੇ ਅਮਰਿਤਆ ਸੇਨ ਨੂੰ ਨੋਬੇਲ ਪੁਰਸਕਾਰ ਮਿਲ ਚੁੱਕਾ ਹੈ। ਸਭ ਤੋਂ ਪਹਿਲਾਂ ਟੈਗੋਰ ਨੂੰ 1913 ਵਿਚ ਸਾਹਿਤ ਲਈ ਇਹ ਪੁਰਸਕਾਰ ਮਿਲਿਆ ਸੀ। ਰਾਮਨ ਨੂੰ 1930, ਮਦਰ ਟਰੇਸਾ ਨੂੰ 1979 ਤੇ ਸੇਨ ਨੂੰ 1998 ਵਿਚ ਇਹ ਪੁਰਸਕਾਰ ਹਾਸਲ ਹੋਇਆ। ਇਨ੍ਹਾਂ ਤੋਂ ਇਲਾਵਾ ਜਿਹੜੇ ਵਿਅਕਤੀ ਭਾਰਤ ਵਿਚ ਜਨਮੇ ਪਰ ਬਾਅਦ ਵਿਚ ਹੋਰ ਦੇਸ਼ ਦੇ ਨਾਗਰਿਕ ਬਣ ਗਏ, ਉਨ੍ਹਾਂ ਵਿਚ ਰੋਨਾਲਡ ਰੌਸ (ਬ੍ਰਿਟੇਨ), ਰੁਡਿਆਰਡ ਕਿਪਲਿੰਗ (ਬ੍ਰਿਟੇਨ), ਹਰਗੋਬਿੰਦ ਖੁਰਾਣਾ (ਅਮਰੀਕਾ), ਅਬਦੁੱਲ ਸਲਾਮ (ਪਾਕਿਸਤਾਨ), ਸੁਬਰਾਮਨੀਅਨ ਚੰਦਰਸ਼ੇਖਰ (ਅਮਰੀਕਾ), ਵੀæਐਸ਼ ਨਈਪਾਲ (ਬ੍ਰਿਟੇਨ), ਮੁਹੰਮਦ ਯੂਨਿਸ (ਬੰਗਲਾਦੇਸ਼), ਵੈਂਕਟਰਮਨ ਰਾਮਕ੍ਰਿਸ਼ਨਨ (ਬ੍ਰਿਟੇਨ ਤੇ ਅਮਰੀਕਾ) ਸ਼ਾਮਲ ਹਨ।
_______________________________________________
84 ਦੇ ਪੀੜਤਾਂ ਨਾਲ ਡਟ ਕੇ ਖੜ੍ਹੇ ਹਨ ਸਤਿਆਰਥੀ
ਨਵੀਂ ਦਿੱਲੀ: ਕੈਲਾਸ਼ ਸਤਿਆਰਥੀ 1984 ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਿਚ ਸ਼ਾਮਲ ਹਨ। ਕੈਲਾਸ਼ ਸਤਿਆਰਥੀ ਤੇ ਉਨ੍ਹਾਂ ਦੇ ਬਚਪਨ ਬਚਾਓ ਅੰਦਲੋਨ ਨੇ ਹਮੇਸ਼ਾ ਤੋਂ ਹੀ 1984 ਦੰਗਾ ਪੀੜਤਾਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਤੇ ਦੰਗਾ ਪੀੜਤਾਂ ਦੀ ਹਮਾਇਤ ਕੀਤੀ। ਉਨ੍ਹਾਂ ਨੇ 1984 ਦੰਗਿਆਂ ਦੀ 28ਵੀਂ ਵਰੇਗੰਢ ‘ਤੇ ਇੰਡੀਆ ਗੇਟ ‘ਤੇ ਕੱਢੇ ਗਏ ਮੋਮਬੱਤੀ ਮਾਰਚ ਵਿਚ ਸ਼ਿਰਕਤ ਕੀਤੀ ਸੀ ਤੇ ’84 ਦੰਗਿਆਂ ਦੀ 29ਵੀਂ ਵਰੇਗੰਢ ‘ਤੇ ‘ਫਾਰਗੋਟਨ ਸੀਟੀਜ਼ਨ’ ਦੇ ਨਾਮ ਨਾਲ ਲਗਾਈ ਗਈ ਫੋਟੋ ਪ੍ਰਦਰਸ਼ਨੀ ਵਿਚ ਵੀ ਸ਼ਾਮਲ ਹੋਏ ਸਨ। ਇਸ ਤੋਂ ਇਲਾਵਾ 1984 ਦੰਗਿਆਂ ਦੇ ਮਾਮਲੇ ਵਿਚ ਸਿੱਖਾਂ ਵੱਲੋਂ ਕੇਸ ਲੜਨ ਵਾਲੇ ਵਕੀਲ ਐਚæਐਸ਼ ਫੂਲਕਾ ਪਿਛਲੇ 10 ਸਾਲਾਂ ਤੋਂ ਕੈਲਾਸ਼ ਸਥਿਆਰਤੀ ਦੇ ਸੰਗਠਨ ਬਚਪਨ ਬਚਾਓ ਅੰਦੋਲਨ ਲਈ ਅਦਾਲਤਾਂ ਵਿਚ ਕੇਸ ਲੜ ਰਹੇ ਹਨ।
_________________________________________________
ਪਾਕਿ ਤਾਲਿਬਾਨ ਨੇ ਕੀਤੀ ਮਲਾਲਾ ਦੀ ਨਿੰਦਾ
ਇਸਲਾਮਾਬਾਦ: ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀæ ਟੀæ ਪੀæ) ਦੀ ਉਪ-ਸ਼ਾਖਾ ਜਮਾਤ ਉਲ-ਅਹਰ ਨੇ ਮਲਾਲਾ ਯੂਸਫਜ਼ਈ ਨੂੰ ‘ਕਾਫ਼ਰਾਂ ਦਾ ਏਜੰਟ’ ਦੱਸਦਿਆਂ ਹੋਇਆਂ ਉਨ੍ਹਾਂ ਨੂੰ ਸ਼ਾਂਤੀ ਨੋਬਲ ਪੁਰਸਕਾਰ ਨਾਲ ਸਨਮਾਨਤ ਕੀਤੇ ਜਾਣ ਦੀ ਨਿੰਦਾ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਜਮਾਤ ਉਲ-ਅਹਰ ਦੇ ਬੁਲਾਰੇ ਅਹਿਸਾਨੁੱਲਾ ਅਹਿਸਾਨ ਤੇ ਹੋਰ ਮੈਂਬਰਾਂ ਨੇ ਟਵਿੱਟਰ ‘ਤੇ ਮਲਾਲਾ ਬਾਰੇ ਟਿੱਪਣੀਆਂ ਕੀਤੀਆਂ ਤੇ ਕਿਹਾ ਕਿ ਉਹ ਇਸਲਾਮ ਦੀ ਅਗਵਾਈ ਨਹੀਂ ਕਰਦੀ। ਮਲਾਲਾ ਨੂੰ ਭਾਰਤੀ ਬਾਲ ਅਧਿਕਾਰ ਕਾਰਕੁਨ ਕੈਲਾਸ਼ ਸਤਿਆਰਥੀ ਨਾਲ ਸਾਂਝੇ ਤੌਰ ‘ਤੇ ਨੋਬਲ ਪੁਰਸਕਾਰ ਦਿੱਤੇ ਜਾਣ ਲਈ ਚੁਣਿਆ ਗਿਆ ਹੈ।
Leave a Reply