ਚੰਡੀਗੜ੍ਹ: ਬ੍ਰਿਟਿਸ਼ ਕੋਲੰਬੀਆ, ਕੈਨੇਡਾ ਦੀ ਪ੍ਰੀਮੀਅਰ ਕ੍ਰਿਸਟੀ ਕਲਾਰਕ ਨੇ ਸਿੱਖਿਆ, ਐਗਰੋ ਫੂਡ ਪ੍ਰੋਸੈਸਿੰਗ ਤੇ ਸੂਰਜੀ ਊਰਜਾ ਦੇ ਖੇਤਰ ਵਿਚ ਪੰਜਾਬ ਨਾਲ ਭਾਈਵਾਲੀ ਕਰਨ ਦੀ ਇੱਛਾ ਪ੍ਰਗਟ ਕੀਤੀ ਹੈ। ਸ੍ਰੀਮਤੀ ਕਲਾਰਕ ਦੀ ਅਗਵਾਈ ਵਿਚ ਬ੍ਰਿਟਿਸ਼ ਕੋਲੰਬੀਆ ਦੇ ਇਕ ਵਫ਼ਦ ਨੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨਾਲ ਮੁਲਾਕਾਤ ਕੀਤੀ ਤੇ ਵਣਜ ਤੇ ਵਪਾਰ ਦੇ ਖੇਤਰ ਵਿਚ ਪੰਜਾਬ ਸਮੇਤ ਸਮੁੱਚੇ ਭਾਰਤ ਨਾਲ ਭਾਈਵਾਲੀ ਕਰਨ ਤੋਂ ਇਲਾਵਾ ਖੇਤਬਾੜੀ ਤੇ ਊਰਜਾ ਖੇਤਰ ਵਿਚ ਤਕਨੀਕੀ ਵਟਾਂਦਰੇ ਦੀ ਪੇਸ਼ਕਸ਼ ਕੀਤੀ।
ਸ੍ਰੀਮਤੀ ਕਲਾਰਕ ਨੇ ਕਿਹਾ ਕਿ ਪੰਜਾਬ ਹੀ ਇਕਲੌਤਾ ਅਜਿਹਾ ਭਾਰਤੀ ਸੂਬਾ ਹੈ ਜਿਥੇ ਕੈਨੇਡਾ ਵੱਲੋਂ ਵਪਾਰ ਦਫ਼ਤਰ ਸਥਾਪਤ ਕੀਤਾ ਗਿਆ ਹੈ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਬ੍ਰਿਟਿਸ਼ ਕੋਲੰਬੀਆ ਤੇ ਪੰਜਾਬ ਦਰਮਿਆਨ ਵਪਾਰ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਉਪ ਮੁੱਖ ਮੰਤਰੀ ਨੇ ਬ੍ਰਿਟਿਸ਼ ਕੋਲੰਬੀਆ ਦੀ ਪ੍ਰੀਮੀਅਰ ਨੂੰ ਦੱਸਿਆ ਕਿ ਪੰਜਾਬ ਕੋਲ ਸਭ ਤੋਂ ਵੱਡਾ ਨਹਿਰੀ ਢਾਂਚਾ ਹੈ ਜਿਸਦੀ ਵਰਤੋਂ ਪਣ ਬਿਜਲੀ ਬਣਾਉਣ ਲਈ ਕੀਤੀ ਜਾ ਸਕਦੀ ਹੈ ਤੇ ਸੂਬੇ ਵੱਲੋਂ ਕਈ ਥਾਵਾਂ ‘ਤੇ ਛੋਟੇ ਪਣ ਬਿਜਲੀ ਪ੍ਰਾਜੈਕਟ ਲਗਾਏ ਗਏ ਹਨ। ਪੰਜਾਬ ਨੂੰ ਨਿਵੇਸ਼ ਲਈ ਬਿਹਤਰ ਸਥਾਨ ਬਣਾਉਣ ਲਈ ਸਰਕਾਰ ਨੇ ਢੁਕਵੀਆਂ ਵਪਾਰ ਨੀਤੀਆਂ ਲਾਗੂ ਕਰਨ ਤੋਂ ਇਲਾਵਾ ਕਈ ਵੱਡੇ ਕਦਮ ਪੁੱਟੇ ਹਨ। ਸ਼ ਬਾਦਲ ਨੇ ਕਿਹਾ ਕਿ ਸਿੰਗਲ ਵਿੰਡੋ ਪ੍ਰਣਾਲੀ ਲਾਗੂ ਕਰਦਿਆਂ ਪੰਜਾਬ ਸਰਕਾਰ ਵੱਲੋਂ ਇਨਵੈਸਟਮੈਂਟ ਪ੍ਰਮੋਸ਼ਨ ਬਿਊਰੋ ਸਥਾਪਤ ਕੀਤਾ ਗਿਆ ਹੈ ਜਿਸ ਨਾਲ ਹੁਣ ਨਿਵੇਸ਼ਕ ਨੂੰ ਥੋੜ੍ਹੇ ਸਮੇਂ ਵਿਚ ਸਾਰੀਆਂ ਪ੍ਰਵਾਨਗੀਆਂ ਸਿਰਫ਼ ਇਕ ਅਰਜ਼ੀ ਦਾਇਰ ਕਰਨ ‘ਤੇ ਹੀ ਮਿਲ ਜਾਂਦੀਆਂ ਹਨ। ਪੰਜਾਬ ਇਨਵੈਸਟਮੈਂਟ ਪ੍ਰਮੋਸ਼ਨ ਬਿਊਰੋ ਦੇ ਗਠਨ ਤੋਂ ਬਾਅਦ 90 ਪ੍ਰਾਜੈਕਟਾਂ ਨੂੰ ਪ੍ਰਵਾਨਗੀ ਮਿਲ ਚੁੱਕੀ ਹੈ।
ਸੂਬੇ ਬ੍ਰਿਟਿਸ਼ ਕੋਲੰਬੀਆ ਤੇ ਪੰਜਾਬ ਨੇ ਸਿੱਖਿਆ ਪ੍ਰਣਾਲੀ ਨੂੰ ਬਿਹਤਰ ਬਣਾਉਣ ਲਈ ਅਧਿਆਪਕਾਂ ਤੇ ਵਿਦਿਆਰਥੀਆਂ ਦਾ ਆਪਸੀ ਵਟਾਂਦਰਾ ਪ੍ਰੋਗਰਾਮ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਸਹਿਮਤੀ ਪੰਜਾਬ ਦੇ ਸਿੱਖਿਆ ਮੰਤਰੀ ਡਾæ ਦਲਜੀਤ ਸਿੰਘ ਚੀਮਾ ਤੇ ਬ੍ਰਿਟਿਸ਼ ਕੋਲੰਬੀਆ ਦੇ ਉਚੇਰੀ ਸਿੱਖਿਆ ਮੰਤਰੀ ਅਮਰੀਕ ਸਿੰਘ ਵਿਰਕ ਵਿਚਾਲੇ ਮੀਟਿੰਗ ਦੌਰਾਨ ਪ੍ਰਗਟਾਈ ਗਈ।
ਦੋਵਾਂ ਸੂਬਿਆਂ ਦੀਆਂ ਸਰਕਾਰਾਂ ਨੇ ਫ਼ੈਸਲਾ ਕੀਤਾ ਕਿ ਅਧਿਆਪਕਾਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਆਪਸੀ ਵਟਾਂਦਰਾ ਪ੍ਰੋਗਰਾਮ ਸ਼ੁਰੂ ਕੀਤਾ ਜਾਵੇ। ਦੋਵਾਂ ਸੂਬਿਆਂ ਨੇ 11ਵੀਂ ਤੇ 12ਵੀਂ ਦੇ ਵਿਦਿਆਰਥੀਆਂ ਦਾ ਆਪਸੀ ਵਟਾਂਦਰਾ ਪ੍ਰੋਗਰਾਮ ਸ਼ੁਰੂ ਕਰਨ ਦੀ ਲੋੜ ਨੂੰ ਸਮਝਦਿਆਂ ਵਿਦਿਆਰਥੀਆਂ ਦੇ ਸਿੱਖਿਆ ਟੂਰ ਪ੍ਰੋਗਰਾਮ ਸ਼ੁਰੂ ਕੀਤੇ ਜਾਣ ‘ਤੇ ਸਹਿਮਤੀ ਪ੍ਰਗਟਾਈ ਹੈ।
______________________________________
æææ ਤੇ ਡਰੱਗ ਤਸਕਰੀ ਦਾ ਮੁੱਦਾ ਵਿਸਰ ਗਿਆ
ਪੰਜਾਬ ਤੇ ਬ੍ਰਿਟਿਸ਼ ਕੋਲੰਬੀਆ ਨੇ ਭਾਵੇਂ ਕਈ ਅਹਿਮ ਮੁੱਦਿਆਂ ‘ਤੇ ਚਰਚਾ ਕੀਤੀ ਪਰ ਡਰੱਗ ਮਾਫੀਆ ਦੀਆਂ ਆਪਸ ਵਿਚ ਤਾਰਾਂ ਜੁੜਨ ਬਾਰੇ ਕੋਈ ਗੱਲ ਸਾਂਝੀ ਨਹੀਂ ਹੋਈ। ਦੱਸਣਯੋਗ ਹੈ ਕਿ ਪੰਜਾਬ ਪੁਲਿਸ ਪਿਛਲੇ ਸਮੇਂ ਤੋਂ ਵੱਡੇ ਦਾਅਵੇ ਕਰਦੀ ਆ ਰਹੀ ਹੈ ਕਿ ਪੰਜਾਬ ਦੇ ਡਰੱਗ ਮਾਫੀਆ ਦੀਆਂ ਤਾਰਾਂ ਕੈਨੇਡਾ ਦੇ ਮਾਫੀਏ ਨਾਲ ਜੁੜੀਆਂ ਹਨ। ਬ੍ਰਿਟਿਸ਼ ਕੋਲੰਬੀਆ ਦੀ ਰਾਜਧਾਨੀ ਵੈਨਕੁਵਰ ਕੈਨੇਡਾ ਨੂੰ ਪੰਜਾਬੀ ਡਰੱਗ ਮਾਫਿਆ ਦਾ ਗੜ੍ਹ ਮੰਨਿਆ ਜਾਂਦਾ ਹੈ ਤੇ ਇਥੇ ਪੰਜਾਬੀ ਮੂਲ ਦੇ ਗੈਂਗ ਅਕਸਰ ਇਕ-ਦੂਜੇ ‘ਤੇ ਹਮਲੇ ਕਰਦੇ ਰਹਿੰਦੇ ਹਨ ਜਿਸ ਕਾਰਨ ਬੀਤੇ ਦੋ ਦਹਾਕਿਆਂ ਵਿਚ 40 ਤੋਂ ਵੱਧ ਪੰਜਾਬੀ ਨੌਜਵਾਨ ਮਾਰੇ ਜਾ ਚੁਕੇ ਹਨ।ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨਾਲ ਹੋਈਆਂ ਮੀਟਿੰਗਾਂ ਦੌਰਾਨ ਪੰਜਾਬ ਤੇ ਕੈਨੇਡਾ ਖਾਸ ਕਰਕੇ ਬੀਸੀ ਨਾਲ ਸਬੰਧਤ ਡਰੱਗ ਮਾਫੀਆ ਦੀਆਂ ਆਪਸ ਵਿਚ ਤਾਰਾਂ ਜੁੜਨ ਬਾਰੇ ਕੋਈ ਗੱਲ ਸਾਂਝੀ ਨਹੀਂ ਕੀਤੀ। ਪੁਲਿਸ ਇਹ ਵੀ ਦਾਅਵਾ ਕਰ ਚੁੱਕੀ ਹੈ ਕਿ ਕੈਨੇਡਾ ਤੋਂ ਹਵਾਲਾ ਕਾਰੋਬਾਰ ਦਾ ਪੈਸਾ ਪੰਜਾਬ ਪਹੁੰਚ ਰਿਹਾ ਹੈ। ਇਹ ਰਕਮ ਤਕਰੀਬਨ ਪੰਜ ਹਜ਼ਾਰ ਕਰੋੜ ਰੁਪਏ ਦੇ ਨੇੜੇ-ਤੇੜੇ ਦੱਸੀ ਜਾ ਰਹੀ ਹੈ। ਬ੍ਰਿਟਿਸ਼ ਕੋਲੰਬੀਆ, ਕੈਨੇਡਾ ਦੀ ਪ੍ਰੀਮੀਅਰ ਕ੍ਰਿਸਟੀ ਕਲਾਰਕ ਦੋ ਦਿਨ ਚੰਡੀਗੜ੍ਹ ਵਿਚ ਰਹੀ ਤੇ ਪੰਜਾਬ ਸਰਕਾਰ ਲਈ ਕਈ ਮੁਦਿਆਂ ‘ਤੇ ਚਰਚਾ ਕੀਤਾ ਪਰ ਡਰੱਗ ਤਸਕਰੀ ਦਾ ਮੁੱਦਾ ਵਿਸਾਰ ਦਿੱਤਾ ਗਿਆ। ਕ੍ਰਿਸਟੀ ਕਲਾਰਕ ਦਾ ਕਹਿਣਾ ਹੈ ਕਿ ਡਰੱਗ ਦਾ ਮੁੱਦੇ ਉਨ੍ਹਾਂ ਦੇ ਏਜੰਡੇ ਵਿਚ ਨਹੀਂ ਸੀ ਤੇ ਅੱਗੇ ਤੋਂ ਖਿਆਲ ਰੱਖਿਆ ਜਾਵੇਗਾ।
____________________________________
ਕ੍ਰਿਸਟੀ ਕਲਾਰਕ ਵੱਲੋਂ ਮੋਦੀ ਦਾ ਗੁਣਗਾਨ
ਚੰਡੀਗੜ੍ਹ: ਬ੍ਰਿਟਿਸ਼ ਕੋਲੰਬੀਆ (ਕੈਨੇਡਾ) ਦੀ ਪ੍ਰੀਮੀਅਰ ਕ੍ਰਿਸਟੀ ਕਲਾਰਕ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਗੁਣਗਾਨ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਕੌਮਾਂਤਰੀ ਪੱਧਰ ‘ਤੇ ਵਪਾਰਕ ਸਾਂਝ ਬਣਾਉਣ ਲਈ ਅਫਸਰਸ਼ਾਹੀਤੰਤਰ ਰਹਿਤ ਸਿਸਟਮ ਸ਼ੁਰੂ ਕਰਨ ਦੇ ਦਿੱਤੇ ਸੰਕੇਤਾਂ ਤੋਂ ਆਸ ਬੱਝੀ ਹੈ ਕਿ ਕੈਨੇਡਾ ਤੇ ਭਾਰਤ ਦੇ ਵਪਾਰਕ ਸਬੰਧ ਹੋਰ ਮਜ਼ਬੂਤ ਤੇ ਵਿਆਪਕ ਹੋਣਗੇ। ਬ੍ਰਿਟਿਸ਼ ਕੋਲੰਬੀਆ ਵਿਚਲੇ ਤੇਲ ਦੇ ਵੱਡੇ ਪ੍ਰਾਜੈਕਟ ਵਿਚ ਭਾਰਤ ਸਰਕਾਰ ਵੱਲੋਂ ਚਾਰ ਬਿਲੀਅਨ ਡਾਲਰ ਨਿਵੇਸ਼ ਕਰਨ ਦੀ ਪਹਿਲਕਦਮੀ ਇਸ ਮੁਹਿੰਮ ਵਿਚ ਇਕ ਵੱਡਾ ਕਦਮ ਹੈ। ਬ੍ਰਿਟਿਸ਼ ਕੋਲੰਬੀਆ ਨੇ ਵਪਾਰਕ ਖੇਤਰ ਵਿਚ ਬੰਗਲੌਰ, ਮੁੰਬਈ ਤੇ ਚੰਡੀਗੜ੍ਹ ਵਿਚ ਨਵੀਆਂ ਸਾਂਝਾ ਕਾਇਮ ਕਰਨ ਲਈ ਵੱਡੇ ਟੀਚੇ ਮਿਥੇ ਹਨ। ਬ੍ਰਿਟਿਸ਼ ਕੋਲੰਬੀਆ ਦੀ ਕੌਮਾਂਤਰੀ ਸਿੱਖਿਆ ਨੀਤੀ ਦਾ ਭਾਰਤ ਇਕ ਅਹਿਮ ਹਿੱਸਾ ਹੈ। ਇਸ ਸੂਬੇ ਵਿਚ ਸਾਲ 2016 ਤੱਕ ਸਿੱਖਿਆ ਦੇ ਖੇਤਰ ਵਿਚ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਵਿਚ 50 ਫੀਸਦੀ ਵਾਧਾ ਕਰਨ ਦਾ ਟੀਚਾ ਮਿਥਿਆ ਗਿਆ ਹੈ। ਸਾਲ 2012-13 ਦੌਰਾਨ ਭਾਰਤ ਤੋਂ 4600 ਵਿਦਿਆਰਥੀ ਬ੍ਰਿਟਿਸ਼ ਕੋਲੰਬੀਆ ਪੜ੍ਹਨ ਆਏ ਸਨ।
Leave a Reply