ਆਖਰੀ ਸਾਹਾਂ ਉਤੇ ਆ ਗਈ ਹੈ ਪੀæਆਰæਟੀæਸੀæ

ਬਠਿੰਡਾ: ਪੰਜਾਬ ਸਰਕਾਰ ਤੋਂ ਕੋਈ ਮਾਲੀ ਮਦਦ ਨਾ ਮਿਲਣ ਕਾਰਨ ਘਾਟੇ ਵਿਚ ਚੱਲ ਰਹੀ ਪੀæਆਰæਟੀæਸੀæ ਨੇ ਹੁਣ ਆਪਣੀਆਂ ਸੰਪਤੀਆਂ ਵੇਚ ਕੇ ਕੰਮ ਚੱਲਦਾ ਰੱਖਣ ਦਾ ਮਨ ਬਣਾ ਲਿਆ ਹੈ। ਮੁਢਲੇ ਪੜਾਅ ‘ਤੇ ਪੀæਆਰæਟੀæਸੀæ ਨੇ ਪੰਜ ਅਜਿਹੀਆਂ ਸੰਪਤੀਆਂ ਦੀ ਸ਼ਨਾਖ਼ਤ ਕੀਤੀ ਹੈ ਜਿਨ੍ਹਾਂ ਵਿਚੋਂ ਤਕਰੀਬਨ 250 ਕਰੋੜ ਰੁਪਏ ਦੀ ਕਮਾਈ ਹੋਣ ਦਾ ਅਨੁਮਾਨ ਹੈ। ਪੀæਆਰæਟੀæਸੀæ ਦੇ ਸੰਕਟ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਮੁਲਾਜ਼ਮਾਂ ਨੂੰ ਸਤੰਬਰ ਮਹੀਨੇ ਦੀ ਤਨਖਾਹ ਹਾਲੇ ਤੱਕ ਨਹੀਂ ਦਿੱਤੀ ਜਾ ਸਕੀ ਹੈ।
ਮਿਲੇ ਵੇਰਵਿਆਂ ਮੁਤਾਬਕ ਪੀæਆਰæਟੀæਸੀæ ਹੁਣ ਪਟਿਆਲਾ ਸਥਿਤ ਮੁੱਖ ਦਫ਼ਤਰ ਦੀ 8æ45 ਏਕੜ ਜ਼ਮੀਨ ਵੇਚੇਗਾ ਜਿਸ ਤੋਂ ਤਕਰੀਬਨ 100 ਕਰੋੜ ਰੁਪਏ ਮਿਲਣ ਦਾ ਅਨੁਮਾਨ ਹੈ। ਮੁੱਖ ਦਫ਼ਤਰ ਦੇ ਨਾਲ ਪਈ 3æ75 ਏਕੜ ਜਗ੍ਹਾ ਪਹਿਲਾਂ ਹੀ ਪੀæਆਰæਟੀæਸੀæ ਨੇ ਪਟਿਆਲਾ ਵਿਕਾਸ ਅਥਾਰਟੀ ਨੂੰ ਤਬਦੀਲ ਕਰ ਦਿੱਤੀ ਸੀ। ਬਦਲੇ ਵਿਚ ਵਿਕਾਸ ਅਥਾਰਟੀ ਨੇ 20 ਕਰੋੜ ਰੁਪਏ ਐਡਵਾਂਸ ਦੇ ਦਿੱਤੇ ਸਨ। ਕਾਰਪੋਰੇਸ਼ਨ ਨੇ ਹੁਣ ਮੁੱਖ ਦਫ਼ਤਰ ਵਾਲੀ ਜਗ੍ਹਾ ਵੇਚਣ ਦਾ ਫੈਸਲਾ ਕੀਤਾ ਹੈ ਤੇ ਮੁੱਖ ਦਫ਼ਤਰ ਨੂੰ ਬੱਸ ਅੱਡੇ ਵਿਚ ਸ਼ਿਫਟ ਕਰਨ ਦੀ ਵਿਚਾਰ ਬਣਾਈ ਜਾ ਰਹੀ ਹੈ। ਇਵੇਂ ਹੀ ਪਟਿਆਲਾ ਵਿਕਾਸ ਅਥਾਰਟੀ ਨੂੰ ਕਾਰਪੋਰੇਸ਼ਨ ਨੇ ਪਹਿਲਾਂ ਹੀ ਸਰਹਿੰਦੀ ਗੇਟ ਵਾਲੀ ਵਰਕਸ਼ਾਪ ਵਾਲੀ 1æ62 ਏਕੜ ਜ਼ਮੀਨ ਤਬਦੀਲ ਕੀਤੀ ਹੋਈ ਹੈ।
ਵਿਕਾਸ ਅਥਾਰਟੀ ਤਿੰਨ ਦਫ਼ਾ ਨਿਲਾਮੀ ਕਰਨ ਦੀ ਕੋਸ਼ਿਸ਼ ਕਰ ਚੁੱਕਾ ਹੈ ਪਰ ਇਹ ਵਪਾਰਕ ਸੰਪਤੀ ਵਿਕ ਨਹੀਂ ਰਹੀ ਹੈ। ਪਟਿਆਲਾ-ਚੰਡੀਗੜ੍ਹ ਮੁੱਖ ਸੜਕ ‘ਤੇ ਕਾਰਪੋਰੇਸ਼ਨ ਦੀ ਤਕਰੀਬਨ 88 ਵਿੱਘੇ ਜ਼ਮੀਨ ਹੈ ਜਿਥੇ ਨਵਾਂ ਬੱਸ ਅੱਡਾ ਬਣਾਏ ਜਾਣ ਦੀ ਤਜਵੀਜ਼ ਸੀ ਪਰ ਹੁਣ ਨਵਾਂ ਅੱਡਾ ਬਣਾਉਣ ਦਾ ਖਿਆਲ ਤਿਆਗ ਦਿੱਤਾ ਗਿਆ ਹੈ। ਇਹ 88 ਵਿੱਘੇ ਜ਼ਮੀਨ ਵੀ ਨਿਲਾਮ ਕੀਤੀ ਜਾਵੇਗੀ ਜਿਸ ਤੋਂ 100 ਕਰੋੜ ਦੀ ਆਮਦਨ ਹੋਣ ਦਾ ਅਨੁਮਾਨ ਲਾਇਆ ਜਾ ਰਿਹਾ ਹੈ। ਬਠਿੰਡਾ ਦੇ ਮੌਜੂਦਾ ਬੱਸ ਅੱਡੇ ਨੂੰ ਸਮੇਤ ਵਰਕਸ਼ਾਪ ਵੇਚਣ ਲਈ ਸ਼ਨਾਖ਼ਤ ਕੀਤੀ ਗਈ ਹੈ। ਨਗਰ ਸੁਧਾਰ ਟਰੱਸਟ ਬਠਿੰਡਾ ਵੱਲੋਂ ਬਾਈਪਾਸ ‘ਤੇ ਬੀਬੀ ਵਾਲਾ ਚੌਕ ਲਾਗੇ ਨਵਾਂ ਬੱਸ ਅੱਡਾ ਬਣਾਇਆ ਜਾ ਰਿਹਾ ਹੈ। ਜਦੋਂ ਬੱਸ ਅੱਡਾ ਸ਼ਿਫਟ ਹੋ ਗਿਆ ਤਾਂ ਪੁਰਾਣਾ ਬੱਸ ਅੱਡਾ ਵੇਚ ਦਿੱਤਾ ਜਾਵੇਗਾ। ਇਥੇ ਬੱਸ ਅੱਡੇ ਤੇ ਵਰਕਸ਼ਾਪ ਦੀ ਤਕਰੀਬਨ 10æ56 ਏਕੜ ਜਗ੍ਹਾ ਹੈ।
ਕਾਰਪੋਰੇਸ਼ਨ ਨੇ ਬਠਿੰਡਾ ਦੇ ਬੱਸ ਅੱਡੇ ਨੂੰ ਗਿਰਵੀ ਰੱਖ ਕੇ ਬੈਂਕ ਕਰਜ਼ਾ ਵੀ ਚੁੱਕਿਆ ਹੋਇਆ ਹੈ। ਇਸੇ ਤਰ੍ਹਾਂ ਫਗਵਾੜਾ ਦੇ ਬੱਸ ਅੱਡੇ ਦੇ ਨਾਲ ਮੁੱਖ ਸੜਕ ‘ਤੇ ਕਾਰਪੋਰੇਸ਼ਨ ਦੀ 818 ਗਜ਼ ਜਗ੍ਹਾ ਹੈ ਜਿਸ ਨੂੰ ਵੇਚਣ ਵਾਸਤੇ ਜਲੰਧਰ ਵਿਕਾਸ ਅਥਾਰਟੀ ਨਾਲ ਗੱਲਬਾਤ ਤੋਰੀ ਗਈ ਹੈ। ਪੀæਆਰæਟੀæਸੀæ ਵੱਲੋਂ ਮੁਢਲੇ ਪੜਾਅ ‘ਤੇ ਇਨ੍ਹਾਂ ਸੰਪਤੀਆਂ ਨੂੰ ਵੇਚਿਆ ਜਾਣਾ ਹੈ ਤੇ ਨਾਲ ਹੀ ਕਾਰਪੋਰੇਸ਼ਨ ਹੋਰ ਸੰਪਤੀਆਂ ਵੀ ਭਾਲ ਰਹੀ ਹੈ ਤਾਂ ਜੋ ਮਾਲੀ ਸੰਕਟ ਵਿਚੋਂ ਨਿਕਲਿਆ ਜਾ ਸਕੇ। ਪੀæਆਰæਟੀæਸੀæ ਦੇ ਮੈਨੇਜਿੰਗ ਡਾਇਰੈਕਟਰ ਰਾਜੀਵ ਪ੍ਰਾਸ਼ਰ ਨੇ ਸਿਰਫ਼ ਇਨਾ ਹੀ ਆਖਿਆ ਕਿ ਮੁਲਾਜ਼ਮਾਂ ਦੇ ਬਕਾਏ ਕਲੀਅਰ ਕਰਨ ਲਈ ਕੁਝ ਸੰਪਤੀਆਂ ਦੀ ਸ਼ਨਾਖ਼ਤ ਕੀਤੀ ਗਈ ਹੈ। ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਲਈ ਕਾਰਪੋਰੇਸ਼ਨ ਹਰ ਤਰ੍ਹਾਂ ਦਾ ਕਦਮ ਚੁੱਕ ਰਹੀ ਹੈ। ਇਸੇ ਤਹਿਤ ਪੰਜਾਬ ਸਰਕਾਰ ਨੇ ਵੀ ਹਰ ਮਹੀਨੇ ਕਾਰਪੋਰੇਸ਼ਨ ਨੂੰ ਮਾਲੀ ਮਦਦ ਦੇਣ ਦਾ ਭਰੋਸਾ ਦਿੱਤਾ ਹੈ।
_______________________________
ਬੈਂਕਾਂ ਨੇ ਕਰਜ਼ਾ ਦੇਣ ਤੋਂ ਕੀਤੀ ਨਾਂਹ
ਪਿਛਲੇ ਸਮੇਂ ਤੋਂ ਤਾਂ ਕਾਰਪੋਰੇਸ਼ਨ ਨੂੰ ਕੋਈ ਬੈਂਕ ਕਰਜ਼ਾ ਦੇਣ ਲਈ ਵੀ ਤਿਆਰ ਨਹੀਂ ਹੈ। ਕਾਰਪੋਰੇਸ਼ਨ ਵੱਲ ਸਟੇਟ ਬੈਂਕ ਆਫ਼ ਪਟਿਆਲਾ ਦਾ 50 ਕਰੋੜ ਰੁਪਏ ਦਾ ਕਰਜ਼ਾ ਹਾਲੇ ਖੜ੍ਹਾ ਹੈ। ਕਾਰਪੋਰੇਸ਼ਨ ਨੇ ਫਰੀਦਕੋਟ ਤੇ ਰਾਮਾ ਮੰਡੀ ਦਾ ਨਵਾਂ ਬੱਸ ਅੱਡਾ ਬਣਾਏ ਜਾਣ ਦੀ ਤਜਵੀਜ਼ ਬਣਾਈ ਹੋਈ ਹੈ। ਪਤਾ ਲੱਗਾ ਹੈ ਕਿ ਫਰੀਦਕੋਟ ਦੇ ਬੱਸ ਅੱਡੇ ਲਈ ਪੰਜ ਕਰੋੜ ਤੇ ਰਾਮਾ ਮੰਡੀ ਦੇ ਬੱਸ ਅੱਡੇ ਵਾਸਤੇ ਇਕ ਕਰੋੜ ਰੁਪਏ ਦਾ ਕਰਜ਼ਾ ਚੁੱਕਣ ਦੀ ਤਿਆਰੀ ਕੀਤੀ ਜਾ ਰਹੀ ਹੈ। ਮਾਲੀ ਸੰਕਟ ‘ਤੇ ਝਾਤ ਮਾਰੀਏ ਤਾਂ ਪੀæਆਰæਟੀæਸੀæ ਦੇ 1933 ਰੈਗੂਲਰ ਮੁਲਾਜ਼ਮ ਹਨ ਜਿਨ੍ਹਾਂ ਦੀ ਤਨਖਾਹ ਦਾ ਬਜਟ ਤਕਰੀਬਨ ਛੇ ਕਰੋੜ ਰੁਪਏ ਪ੍ਰਤੀ ਮਹੀਨਾ ਬਣਦਾ ਹੈ। ਇਹ ਤਨਖਾਹ ਦੇਣੀ ਮੁਸ਼ਕਲ ਹੋ ਗਈ ਹੈ। ਡਰਾਈਵਰਾਂ ਕੰਡਕਟਰਾਂ ਦੇ ਓਵਰ ਟਾਈਮ ਦੇ ਤਕਰੀਬਨ ਤਿੰਨ ਕਰੋੜ ਦੇ ਬਕਾਏ ਪੰਜ ਸਾਲ ਤੋਂ ਅਟਕੇ ਹੋਏ ਹਨ। ਮੁਲਾਜ਼ਮਾਂ ਦੇ ਹਰ ਤਰ੍ਹਾਂ ਦੇ ਬਕਾਏ ਤੇ ਸੇਵਾ ਮੁਕਤ ਮੁਲਾਜ਼ਮਾਂ ਦੇ ਬਕਾਇਆਂ ਸਮੇਤ ਤਕਰੀਬਨ 150 ਕਰੋੜ ਰੁਪਏ ਦੀਆਂ ਦੇਣਦਾਰੀਆਂ ਹਨ ਜਿਨ੍ਹਾਂ ਵਾਸਤੇ ਹੁਣ ਜ਼ਮੀਨ ਵੇਚੀ ਜਾਣੀ ਹੈ। ਤਕਰੀਬਨ ਛੇ ਕਰੋੜ ਰੁਪਏ ਕਈ ਫਰਮਾਂ ਦੇ ਖੜ੍ਹੇ ਹਨ।

Be the first to comment

Leave a Reply

Your email address will not be published.