ਬੂਟਾ ਸਿੰਘ
ਫੋਨ: 91-94634-74342
ਹਿੰਦੁਸਤਾਨ ਅਤੇ ਪਾਕਿਸਤਾਨ ਦੀ ਸਰਹੱਦ ਤੋਂ ਇਕ ਵਾਰ ਫਿਰ ਫੌਜੀ ਟਕਰਾਵਾਂ, ਦੁਵੱਲੀ ਗੋਲਾਬਾਰੀ ਅਤੇ ਜਾਨੀ ਤੇ ਮਾਲੀ ਤਬਾਹੀ ਦੀਆਂ ਮਨਹੂਸ ਖਬਰਾਂ ਆ ਰਹੀਆਂ ਹਨ। ਹੁਣ ਤਕ ਦੋਵੇਂ ਪਾਸੇ 30 ਦੇ ਕਰੀਬ ਆਮ ਸ਼ਹਿਰੀ ਹਲਾਕ ਅਤੇ 60 ਦੇ ਕਰੀਬ ਜ਼ਖ਼ਮੀ ਹੋ ਚੁੱਕੇ ਹਨ। ‘ਅਮਨ ਤੇ ਜਮਹੂਰੀਅਤ ਲਈ ਪਾਕਿਸਤਾਨ-ਹਿੰਦੁਸਤਾਨ ਲੋਕ ਮੰਚ’ ਦੇ ਹਿੰਦੁਸਤਾਨੀ ਚੈਪਟਰ ਦੀ ਰਿਪੋਰਟ ਮੁਤਾਬਿਕ “ਲੰਘੇ ਇਕ ਹਫ਼ਤੇ ‘ਚ ਪਾਕਿਸਤਾਨ ਨੇ 22 ਹਿੰਦੁਸਤਾਨੀ ਕਿਸ਼ਤੀਆਂ ਫੜ ਲਈਆਂ ਹਨ ਅਤੇ 125 ਹਿੰਦੁਸਤਾਨੀ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਹਿੰਦੁਸਤਾਨੀ ਅਥਾਰਟੀ ਨੇ ਵੀ ਛੇ ਪਾਕਿਸਤਾਨੀ ਮਛੇਰੇ ਬੰਦੀ ਬਣਾਏ ਅਤੇ ਇਕ ਕਿਸ਼ਤੀ ਕਬਜ਼ੇ ‘ਚ ਲਈ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਸਰਹੱਦ ਉਪਰਲਾ ਤਣਾਓ ਦੋਵਾਂ ਮੁਲਕਾਂ ਦੇ ਮਛੇਰਿਆਂ ਦੀ ਜ਼ਿੰਦਗੀ ਉਪਰ ਸਿੱਧੇ ਤੌਰ ‘ਤੇ ਅਸਰ-ਅੰਦਾਜ਼ ਹੋ ਰਿਹਾ ਹੈ। ਦੋਵਾਂ ਮੁਲਕਾਂ ਦਰਮਿਆਨ ਵਧ ਰਿਹਾ ਤਣਾਓ ਹਿੰਦੁਸਤਾਨ ਅਤੇ ਪਾਕਿਸਤਾਨ ਦੇ ਆਮ ਸ਼ਹਿਰੀਆਂ ਦੀਆਂ ਜ਼ਿੰਦਗੀਆਂ ਉਪਰ ਅਸਰ ਪਾ ਰਿਹਾ ਹੈ।”
ਇਸ ਵਰ੍ਹੇ ਅਗਸਤ ਮਹੀਨੇ ਵਿਚ ਵੀ ਜੰਮੂ ਖੇਤਰ ਵਿਚ ਸਰਹੱਦ ਉਪਰ ਗੋਲੀਬੰਦੀ ਦੀਆਂ ਉਲੰਘਣਾਵਾਂ ਹੋਈਆਂ ਸਨ। ਕੁਝ ਆਮ ਸ਼ਹਿਰੀ ਮਾਰੇ ਗਏ ਸਨ ਅਤੇ 2000 ਪੇਂਡੂਆਂ ਨੂੰ ਘਰ-ਬਾਰ ਛੱਡਣੇ ਪਏ ਸਨ। ਫਿਰ ਦੋਵਾਂ ਫੌਜਾਂ ਦੀ ਫਲੈਗ ਮੀਟਿੰਗ ਤੋਂ ਬਾਅਦ ਅਮਨ-ਅਮਾਨ ਹੋ ਗਿਆ ਸੀ ਜੋ ਇਕ ਮਹੀਨੇ ਬਾਅਦ ਮੁੜ ਭੰਗ ਹੋ ਗਿਆ। ਮੋਦੀ ਹਕੂਮਤ ਦਾ ਦਾਅਵਾ ਹੈ ਕਿ ਪਹਿਲੀ ਅਕਤੂਬਰ ਨੂੰ ਪਾਕਿਸਤਾਨੀ ਰੇਂਜਰਾਂ ਵਲੋਂ ਗੋਲੀਬੰਦੀ ਦੀ ਉਲੰਘਣਾ ਕੀਤੀ ਗਈ ਜਦਕਿ ਪਾਕਿਸਤਾਨ ਹਕੂਮਤ ਦਾ ਦਾਅਵਾ ਹੈ ਕਿ 5 ਅਕਤੂਬਰ ਨੂੰ ਹਿੰਦੁਸਤਾਨੀ ਫੌਜ ਨੇ ਕੰਟਰੋਲ ਰੇਖਾ ਦੀ ਉਲੰਘਣਾ ਕਰ ਕੇ ਗੋਲੀਬੰਦੀ ਤੋੜੀ। ਦਰਅਸਲ ਇਸ ਵਕਤ ਕ੍ਰਿਸ਼ਨਾ ਘਾਟੀ ਖੇਤਰ ਤੋਂ ਲੈ ਕੇ ਬੀæਜੀæ ਖੇਤਰ ਤਕ ਸਮੁੱਚੀ ਕੰਟਰੋਲ ਰੇਖਾ ਫੌਜੀ ਟਕਰਾਵਾਂ ਦੇ ਸਾਏ ਹੇਠ ਹੈ ਜਿਥੇ ਪਾਕਿਸਤਾਨੀ ਤੇ ਹਿੰਦੁਸਤਾਨੀ, ਦੋਵੇਂ ਪਾਸਿਓਂ ਗੋਲਾਬਾਰੀ ਕੀਤੀ ਜਾ ਰਹੀ ਹੈ। ਇਸ ਤੋਂ ਸਹਿਮ ਕੇ ਹਜ਼ਾਰਾਂ ਪੇਂਡੂ ਘਰ ਛੱਡਣ ਲਈ ਮਜਬੂਰ ਹੋ ਗਏ ਹਨ। ਕਾਰਪੋਰੇਟ ਮੀਡੀਆ ਦੀ ਰੁਚੀ ਹਾਲਤ ਦੀ ਸਹੀ ਤਸਵੀਰ ਪੇਸ਼ ਕਰਨ ਦੀ ਬਜਾਏ ਵਪਾਰਕ ਖ਼ੁਦਗਰਜ਼ੀ ਵਿਚੋਂ ਹਾਲਤ ਨੂੰ ਹੋਰ ਵਿਗਾੜਨ ਵਿਚ ਹੈ। ਇਸੇ ਲਈ ਮੀਡੀਆ ਹਕੂਮਤ ਦੀ ਕੌਮੀ ਜਨੂੰਨ ਭੜਕਾਊ ਬਿਆਨਬਾਜ਼ੀ ਨੂੰ ਦੁਹਰਾਉਣ ਤਕ ਮਹਿਦੂਦ ਹੈ। ਦਰਅਸਲ ਦੋਵੇਂ ਹਕੂਮਤਾਂ ਇਹ ਸਾਬਤ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੀਆਂ ਹਨ ਕਿ ਉਸ ਦਾ ਸ਼ਰੀਕ ਮੁਲਕ ਉਸ ਨੂੰ ਕਮਜ਼ੋਰ ਸਮਝ ਕੇ ਸਬਰ ਦਾ ਇਮਤਿਹਾਨ ਨਾ ਲਵੇ। ਉਨ੍ਹਾਂ ਦੀਆਂ ਫੌਜਾਂ ਹਰ ਕਾਰਵਾਈ ਦਾ ਠੋਕ ਕੇ ਜਵਾਬ ਦੇਣ ਲਈ ਤਿਆਰ-ਬਰ-ਤਿਆਰ ਹਨ। ਦੋਵਾਂ ਹਕੂਮਤਾਂ ਦੇ ਹਮਲਾਵਰ ਤੇਵਰਾਂ ਤੋਂ ਉਨ੍ਹਾਂ ਦੇ ਜੰਗਬਾਜ਼ ਮਨਸ਼ੇ ਵਾਰ-ਵਾਰ ਸਾਹਮਣੇ ਆ ਰਹੇ ਹਨ।
ਇਹ ਟਕਰਾਅ ਗੰਭੀਰ ਚਿੰਤਾ ਦਾ ਮਾਮਲਾ ਮਹਿਜ਼ ਇਸ ਕਾਰਨ ਨਹੀਂ ਕਿ ਸਰਹੱਦ ਦੇ ਦੋਵੇਂ ਪਾਸੇ ਜਾਨੀ ਤੇ ਮਾਲੀ ਨੁਕਸਾਨ ਹੋ ਰਿਹਾ ਹੈ; ਮਸਲੇ ਦੀ ਜ਼ਿਆਦਾ ਨਜ਼ਾਕਤ ਇਸ ਕਾਰਨ ਹੈ ਕਿ ਦੋਵਾਂ ਪਾਸਿਆਂ ਦੇ ਹੁਕਮਰਾਨਾਂ ਦੀ ਜੰਗਬਾਜ਼ ਸਿਆਸਤ ਕਾਰਨ ਇਹ ਟਕਰਾਅ ਕਿਸੇ ਵਕਤ ਵੀ ਇਸ ਖਿੱਤੇ ਦੇ ਅਮਨ-ਅਮਾਨ ਨੂੰ ਲਾਂਬੂ ਲਾ ਕੇ ਅਤੇ ਮੁਕੰਮਲ ਜੰਗ ਬਣ ਕੇ ਦੋਵਾਂ ਮੁਲਕਾਂ ਅੰਦਰ ਵੱਡੀ ਜਾਨੀ ਤੇ ਮਾਲੀ ਤਬਾਹੀ ਦਾ ਕਾਰਨ ਬਣ ਸਕਦੇ ਹਨ। ਐਨ ਉਸੇ ਤਰ੍ਹਾਂ ਜਿਵੇਂ ਲੰਘੇ 67 ਸਾਲਾਂ ਵਿਚ ਦੋਵਾਂ ਮੁਲਕਾਂ ਦਰਮਿਆਨ ਲੜੀਆਂ ਗਈਆਂ ਚਾਰ ਜੰਗਾਂ (1947, 1965, 1971 ਅਤੇ 1999) ਵਿਚ ਵਾਪਰ ਚੁੱਕਾ ਹੈ। ਇਨ੍ਹਾਂ ਚਾਰ ਜੰਗਾਂ ਦਰਮਿਆਨ ਬੇਸ਼ੁਮਾਰ ਜਾਨੀ ਤੇ ਮਾਲੀ ਨੁਕਸਾਨ ਦੇ ਬਾਵਜੂਦ ਕੰਟਰੋਲ ਰੇਖਾ ਨਾਲ ਜੁੜੀਆਂ ਦਾਅਵੇਦਾਰੀਆਂ ਦਾ ਕਲੇਸ਼ ਉਥੇ ਦਾ ਉਥੇ ਖੜ੍ਹਾ ਹੈ।
ਕੌੜੀ ਹਕੀਕਤ ਇਹ ਹੈ ਕਿ ਸਰਹੱਦ ਦੇ ਦੋਵਾਂ ਪਾਸਿਆਂ ਦੇ ਹੁਕਮਰਾਨਾਂ ਨੂੰ ਆਪਸੀ ਅਮਨ-ਚੈਨ ਗਵਾਰਾ ਨਹੀਂ ਹੈ। ਉਹ ਸਰਹੱਦੀ ਝਗੜਿਆਂ ਨੂੰ ਤੂਲ ਦੇਣ ਲਈ ਹਮੇਸ਼ਾ ਬਹਾਨੇ ਭਾਲਦੇ ਰਹਿੰਦੇ ਹਨ। ਇਹ ਹੁਕਮਰਾਨ ਤੁਛ ਮਸਲਿਆਂ ਦੇ ਹੱਲ ਲਈ ਗੱਲਬਾਤ ਦਾ ਰਾਹ ਅਖਤਿਆਰ ਕਰਨ ਦੀ ਬਜਾਏ ਜੰਗਬਾਜ਼ ਰਾਹ ਅਖਤਿਆਰ ਕਰ ਕੇ ਹੁਣ ਤਾਈਂ ਆਪੋ ਆਪਣੇ ਮੁਲਕ ਦੇ ਵਸੀਲਿਆਂ ਅਤੇ ਬੇਸ਼ੁਮਾਰ ਫੌਜੀਆਂ ਦੀਆਂ ਜਾਨਾਂ ਦੀ ਬਲੀ ਦਿੰਦੇ ਆਏ ਹਨ। ਹੁਕਮਰਾਨ ਆਪਣੇ ਸੌੜੇ ਸਵਾਰਥਾਂ ਕਾਰਨ ਸਰਹੱਦ ਉਪਰ ਸੇਹ ਦਾ ਤੱਕਲਾ ਹਮੇਸ਼ਾ ਗੱਡ ਕੇ ਰੱਖਦੇ ਹਨ, ਤੇ ਇਨ੍ਹਾਂ ਮਸਲਿਆਂ ਨੂੰ ਆਧਾਰ ਬਣਾ ਕੇ ਭੜਕਾਹਟ ਦਾ ਮਾਹੌਲ ਪੈਦਾ ਕਰਦੇ ਹਨ ਅਤੇ ਫਿਰ ਇਸ ਮਾਹੌਲ ਦੀ ਸਿਆਸੀ ਖੱਟੀ ਖੱਟਣ ਲਈ ਗੁਆਂਢੀ ਮੁਲਕ ਦੀਆਂ ਕਾਰਵਾਈਆਂ ਦਾ ਮੂੰਹ-ਤੋੜ ਜਵਾਬ ਦੇਣ ਦੀ ਸ਼ਰਾਰਤੀ ਬਿਆਨਬਾਜ਼ੀ ਜ਼ਰੀਏ ਕੌਮੀ ਹੰਕਾਰ ਤੇ ਜਨੂੰਨ ਭੜਕਾ ਕੇ ਮਾਹੌਲ ਨੂੰ ਹੋਰ ਬਦਤਰ ਬਣਾਉਂਦੇ ਹਨ। ਅਜਿਹੇ ਬੇਯਕੀਨੀ ਵਾਲੇ ਮਾਹੌਲ ਨੂੰ ਉਹ ਆਪੋ ਆਪਣੇ ਮੁਲਕ ਦੇ ਆਵਾਮ ਦੀ ਤਵੱਜੋਂ ਉਨ੍ਹਾਂ ਦੇ ਅਸਲ ਮਸਲਿਆਂ ਤੋਂ ਭਟਕਾਉਣ ਲਈ ਵਰਤਦੇ ਹਨ। 1999 ਵਿਚ ਲੜੀ ਗਈ ਕਾਰਗਿਲ ਦੀ ਜੰਗ ਇਸ ਦੀ ਉਘੜਵੀਂ ਮਿਸਾਲ ਹੈ ਜਿਸ ਨੇ ਹਿੰਦੁਸਤਾਨ ਦੇ ਖ਼ਜ਼ਾਨੇ ਵਿਚੋਂ 3200 ਕਰੋੜ ਰੁਪਏ ਫੌਜੀ ਕਾਰਵਾਈ ਲਈ ਸਿੱਧੇ ਤੌਰ ‘ਤੇ ਚਟਮ ਕਰ ਲਏ ਸਨ। ਸਿਆਚਿੰਨ ਗਲੇਸ਼ੀਅਰ, ਕਾਰਗਿਲ-ਦਰਾਸ-ਬਟਾਲਿਕ ਦੀਆਂ ਬਰਫ਼ੀਲੀਆਂ ਚੋਟੀਆਂ ਉਪਰ ਆਪਣੀ ਫ਼ੌਜੀ ਹੋਂਦ ਬਣਾਈ ਰੱਖਣ ਦੇ ਵੀ ਦੁੱਗਣੇ-ਤਿੱਗਣੇ ਅਸਿੱਧੇ ਫੌਜੀ ਖ਼ਰਚੇ ਇਸ ਤੋਂ ਵੱਖਰੇ ਹਨ। ਅਜਿਹੇ ਕੌਮੀ ਜਨੂੰਨ ਦੇ ਮਾਹੌਲ ਵਿਚ ਲੋਕ ਇਹ ਭੁੱਲ ਜਾਂਦੇ ਹਨ ਕਿ ਕਿਵੇਂ ਇਨ੍ਹਾਂ ਹੀ ਹੁਕਮਰਾਨਾਂ ਨੇ ਉਨ੍ਹਾਂ ਦੇ ਆਪੋ ਆਪਣੇ ਮੁਲਕ ਉਪਰ ਬੇਰਹਿਮ ਲੁੱਟਮਾਰ ਦਾ ਨਿਜ਼ਾਮ ਥੋਪ ਕੇ ਅਤੇ ਬਹੁ-ਗਿਣਤੀ ਆਵਾਮ ਨੂੰ ਚੰਗੀ ਜ਼ਿੰਦਗੀ ਜਿਉਣ ਦੇ ਮੂਲ ਮਨੁੱਖ ਹਕੂਕ ਤੋਂ ਵਾਂਝੇ ਕਰ ਕੇ ਉਨ੍ਹਾਂ ਦੇ ਮੁਲਕਾਂ ਨੂੰ ਸਾਖਿਆਤ ਜਹੱਨਮ ਬਣਾ ਰੱਖਿਆ ਹੈ। ਇੰਞ ਕੁਰਾਹੇ ਪਾਏ ਆਵਾਮ ਨੂੰ ਆਪਣੀ ਦੁਰਦਸ਼ਾ ਲਈ ਜ਼ਿੰਮੇਵਾਰ ਘੋਰ ਭ੍ਰਿਸ਼ਟਾਚਾਰੀ, ਜ਼ਾਲਮ ਅਤੇ ਨਿਹਾਇਤ ਬਦਕਾਰ ਹੁਕਮਰਾਨ ਵੀ ਮਹਾਂ ਦੇਸ਼ ਭਗਤ ਨਜ਼ਰ ਆਉਣ ਲੱਗ ਜਾਂਦੇ ਹਨ।
ਇਹ ਜ਼ਿਕਰ ਕਰਨਾ ਕੁਥਾਂ ਨਹੀਂ ਹੋਵੇਗਾ ਕਿ ਹਿੰਦੁਸਤਾਨ-ਪਾਕਿਸਤਾਨ ਦਰਮਿਆਨ ਦੁਵੱਲੇ ਰਿਸ਼ਤਿਆਂ ਦਾ ਖਾਸ ਪਿਛੋਕੜ ਹੈ। ਦੁਵੱਲੀ ਕੁੜੱਤਣ ਦੀਆਂ ਜੜ੍ਹਾਂ 1947 ਵਿਚ ਹੋਈ ਮੁਲਕ ਦੀ ਤ੍ਰਾਸਦਿਕ ਵੰਡ ਅਤੇ ਵੱਖਰਾ ਪਾਕਿਸਤਾਨ ਹੋਂਦ ਵਿਚ ਆਉਣ ਦੇ ਇਤਿਹਾਸ ‘ਚ ਮੌਜੂਦ ਹਨ। ਇਸ ਵੰਡ ਨੂੰ ਹਕੀਕਤ ਵਜੋਂ ਤਸਲੀਮ ਕਰ ਲੈਣ ਅਤੇ ਅਗਾਂਹ ਲਈ ਦੋਵਾਂ ਮੁਲਕਾਂ ਦਰਮਿਆਨ ਰਿਸ਼ਤੇ ਸੁਖਾਵੇਂ ਤੇ ਨਿੱਘੇ ਬਣਾਉਣ ਲਈ ਸੱਚੇ ਦਿਲੋਂ ਯਤਨ ਕਰਨ ਦੀ ਥਾਂ ਦਿੱਲੀ ਅਤੇ ਇਸਲਾਮਾਬਾਦ ਦੇ ਹੁਕਮਰਾਨ ਕੰਟਰੋਲ ਰੇਖਾ ਨੂੰ ਗੁਆਂਢੀ ਮੁਲਕ ਵੱਲ ਧੱਕ ਕੇ, ਤੇ ਇੰਞ ਇਕ-ਦੂਜੇ ਦਾ ਹੋਰ ਇਲਾਕਾ ਹੜੱਪ ਕੇ ਆਪਣੇ ਵਿਚ ਰਲਾਉਣ ਦੇ ਪਸਾਰਵਾਦ ਉਪਰ ਬਜ਼ਿੱਦ ਹਨ।
ਹਾਲੀਆ ਫੌਜੀ ਟਕਰਾਅ ਦੇ ਪਿਛੋਕੜ ਵਿਚ ਜਿਥੇ ਦਾਅਵੇਦਾਰੀਆਂ ਅਤੇ ਜਵਾਬੀ ਦਾਅਵੇਦਾਰੀਆਂ ਦੀ ਲੰਮੀ ਤਫਸੀਲ ਮੌਜੂਦ ਹੈ, ਉਥੇ ਇਸ ਦੀ ਇਕ ਖਾਸ ਵਜ੍ਹਾ ਵੀ ਹੈ। ਪਾਕਿਸਤਾਨ ਨਾਲ ਮੁਸਲਿਮ ਸਵਾਲ ਜੁੜਿਆ ਹੋਣ ਕਾਰਨ ਇਸ ਵੱਲ ਆਮ ਤੌਰ ‘ਤੇ ਹਿੰਦੁਸਤਾਨੀ ਹਾਕਮ ਜਮਾਤ, ਖਾਸ ਕਰ ਕੇ ਹਿੰਦੂਤਵੀ ਕੈਂਪ ਦਾ ਰੁਖ ਵਧੇਰੇ ਹੀ ਹਮਲਾਵਰ ਹੈ। ਜਦੋਂ ਪਿਛਲੇ ਸਾਲ ਹਿੰਦੁਸਤਾਨ ਫੌਜ ਨੇ ਦਾਅਵਾ ਕੀਤਾ ਕਿ ਜੰਮੂ ਦੇ ਪੁਣਛ ਖੇਤਰ ਵਿਚ ਦੋ ਹਿੰਦੁਸਤਾਨੀ ਫੌਜੀਆਂ ਨੂੰ ਪਾਕਿਸਤਾਨੀ ਫੌਜ ਵਲੋਂ ਮਾਰ ਦਿੱਤਾ ਗਿਆ ਹੈ (ਅਤੇ ਇਕ ਫੌਜੀ ਦਾ ਸਿਰ ਵੱਢ ਦੇਣ ਦੀ ਖ਼ਬਰ ਨਸ਼ਰ ਕੀਤੀ ਗਈ) ਤਾਂ ਭਾਜਪਾ ਆਗੂਆਂ ਨੇ ਪਾਕਿਸਤਾਨ ਦੇ ਖ਼ਿਲਾਫ਼ ਮੁਜ਼ਾਹਰੇ ਕਰਨ ਤਕ ਸੀਮਤ ਨਾ ਰਹਿ ਕੇ ਪਾਕਿਸਤਾਨ ਦਾ ਝੰਡਾ ਸਾੜਨ ਦੀ ਭੜਕਾਊ ਤੇ ਹੋਛੀ ਕਾਰਵਾਈ ਕੀਤੀ। ਪਾਕਿਸਤਾਨ ਨੇ ਇਸ ਦਾ ਖੰਡਨ ਕਰਦਿਆਂ ਨਿਰਪੱਖ ਜਾਂਚ ਕਰਾਏ ਜਾਣ ਦੀ ਮੰਗ ਕੀਤੀ। ਇਨ੍ਹਾਂ ਕਤਲਾਂ ਪਿੱਛੇ ਹਿੰਦੁਸਤਾਨੀ ਖੁਫ਼ੀਆ ਏਜੰਸੀ ‘ਰਾਅ’ ਦਾ ਹੱਥ ਹੋਣ ਦੀ ਚਰਚਾ ਵੀ ਹੁੰਦੀ ਰਹੀ। ਐਪਰ ਹਿੰਦੂਤਵੀ ਤਾਂ ਵਧੇਰੇ ਭੜਕਾਊ ਬਿਆਨਬਾਜ਼ੀ ਰਾਹੀਂ ਇਹ ਸਾਬਤ ਕਰਨਾ ਚਾਹੁੰਦੇ ਸਨ ਕਿ ਕਾਂਗਰਸੀ ਆਗੂਆਂ ਦੇ ਪਾਕਿਸਤਾਨ ਪ੍ਰਤੀ ਨਰਮ ਗੋਸ਼ੇ ਦੇ ਉਲਟ ਉਨ੍ਹਾਂ ਵਿਚ ਗੁਆਂਢੀ ਮੁਲਕ ਨਾਲ ਸਖ਼ਤੀ ਨਾਲ ਨਜਿੱਠ ਕੇ ḔਕੌਮੀḔ ਹਿੱਤਾਂ ਦੀ ਰਾਖੀ ਕਰਨ ਦਾ ਦਮ ਹੈ। ਇਸੇ ਲਈ ਉਹ ਮੋਦੀ ਦੀ ਤਾਜਪੋਸ਼ੀ (ਮਈ 2014) ਉਪਰ ਨਵਾਜ਼ ਸ਼ਰੀਫ਼ ਨੂੰ ਸੱਦਾ ਦੇਣ ਦੀ ਕੂਟਨੀਤੀ ਛੱਡ ਕੇ ਛੇਤੀ ਹੀ ਆਪਣੇ ਅਸਲ ਜੰਗ ਭੜਕਾਊ ਰੰਗ ‘ਚ ਸਾਹਮਣੇ ਆ ਗਏ।
ਚੋਣਾਂ ਤੋਂ ਪਹਿਲਾਂ ਹੀ ਜਾਗਰੂਕ ਚਿੰਤਕਾਂ ਨੂੰ ਅੰਦੇਸ਼ਾ ਸੀ ਕਿ ਮੋਦੀ ਗੁੱਟ ਦੇ ਸੱਤਾਧਾਰੀ ਹੋਣ ਦੀ ਸੂਰਤ ਵਿਚ ਗੁਆਂਢੀ ਮੁਲਕ ਨਾਲ ਰਿਸ਼ਤਿਆਂ ‘ਚ ਕੁੜੱਤਣ ਅਤੇ ਤਲਖ਼ੀ ਵਿਚ ਇਜ਼ਾਫ਼ਾ ਹੋਵੇਗਾ। ਲਿਹਾਜ਼ਾ, ਹਿੰਦੂਤਵੀ ਤਾਕਤਾਂ ਦੇ ਸੱਤਾਧਾਰੀ ਹੋ ਜਾਣ ਨਾਲ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਵਿਚ ਕੁੜੱਤਣ ਵਧਣ ਦੇ ਆਸਾਰ ਬਣ ਗਏ। ਉਧਰ, ਪਾਕਿਸਤਾਨੀ ਹੁਕਮਰਾਨਾਂ ਨੂੰ ਵੀ ਉਨ੍ਹਾਂ ਦੀਆਂ ਮੁਜਰਮਾਨਾ ਭੜਕਾਊ ਕਾਰਵਾਈਆਂ ਲਈ ਬਰੀ ਨਹੀਂ ਕੀਤਾ ਜਾ ਸਕਦਾ, ਪਰ ਹਿੰਦੁਸਤਾਨੀ ਸਟੇਟ ਦੇ ਪਸਾਰਵਾਦੀ ਮਨਸੂਬਿਆਂ ਦੀ ਮਾਹੌਲ ਨੂੰ ਵਿਗਾੜਨ ‘ਚ ਸਦਾ ਹੀ ਭੂਮਿਕਾ ਰਹੀ ਹੈ। ਇਹ ਵੀ ਚੇਤੇ ਰੱਖਣਾ ਹੋਵੇਗਾ ਕਿ ਸੱਤਾਧਾਰੀ ਹੁੰਦੇ ਸਾਰ ਮੋਦੀ ਹਕੂਮਤ ਵਲੋਂ ਪਾਕਿਸਤਾਨ ਨਾਲ ਰਿਸ਼ਤੇ ਸੁਖਾਵੇਂ ਬਣਾਉਣ ਦੀ ਕਵਾਇਦ ਮਹਿਜ਼ ਇਹ ਪ੍ਰਭਾਵ ਦੇਣ ਲਈ ਸੀ ਕਿ ‘ਅਸੀਂ ਤਾਂ ਗੱਲਬਾਤ ਜ਼ਰੀਏ ਮਸਲੇ ਹੱਲ ਕਰਨ ਦੇ ਹੱਕ ‘ਚ ਹਾਂ, ਇਹ ਪਾਕਿਸਤਾਨ ਹੀ ਹੈ ਜੋ ਕੰਟਰੋਲ ਰੇਖਾ ਦਾ ਉਲੰਘਣ ਕਰਨ ਦੀ ਹਮੇਸ਼ਾ ਪਹਿਲ ਕਰਦਾ ਹੈ।’ ਇਸ ਵਕਤ ਦੋਵੇਂ ਹਕੂਮਤਾਂ ਦਾ ਸੁਲ੍ਹਾ-ਸਫਾਈ ਅਤੇ ਅਮਨ ਦੀ ਢੌਂਗੀ ਖ਼ਾਹਸ਼ਮੰਦੀ ਦਾ ਭਾਂਡਾ ਚੌਰਾਹੇ ਵਿਚ ਭੱਜ ਚੁੱਕਾ ਹੈ।
ਦੋਵਾਂ ਮੁਲਕਾਂ ਦਰਮਿਆਨ ਅਜਿਹਾ ਟਕਰਾਅ ਜਾਂ ਜੰਗ- ਨਾ ਲੋਕਾਂ ਦੇ ਹਿੱਤ ਵਿਚ ਹੈ ਅਤੇ ਨਾ ਹੀ ਦੋਵਾਂ ਮੁਲਕਾਂ ਦੇ ਆਰਥਿਕ ਹਾਲਾਤ ਦੇ ਹਿੱਤ ਵਿਚ। ਨਾ ਹੀ ਇਨ੍ਹਾਂ ਦੀ ਦੁਵੱਲੇ ਰਿਸ਼ਤਿਆਂ ਦੀ ਕੁੜੱਤਣ ਨੂੰ ਘਟਾ ਕੇ ਇਨ੍ਹਾਂ ਨੂੰ ਸੁਖਾਵੇਂ ਬਣਾਉਣ ‘ਚ ਕੋਈ ਭੂਮਿਕਾ ਹੈ। ਦੋਵਾਂ ਮੁਲਕਾਂ ਦੇ ਅਮਨਪਸੰਦ ਆਵਾਮ ਕਦਾਚਿਤ ਜੰਗ ਨਹੀਂ ਚਾਹੁੰਦੇ। ਉਹ ਹਮੇਸ਼ਾ ਅਮਨ-ਚੈਨ ਦੀ ਜ਼ਿੰਦਗੀ ਚਾਹੁੰਦੇ ਹਨ। ਜੇ ਫਿਰ ਵੀ ਹੁਕਮਰਾਨ ਜੰਗਾਂ ਭੜਕਾਉਣ, ਛੇੜਨ ਅਤੇ ਲੜਨ ਲਈ ਬਜ਼ਿੱਦ ਹਨ ਤਾਂ ਇਸ ਪਿੱਛੇ ਉਨ੍ਹਾਂ ਦੀਆਂ ਹੋਰ ਡੂੰਘੀਆਂ ਗਿਣਤੀਆਂ-ਮਿਣਤੀਆਂ ਅਤੇ ਖ਼ੁਦਗਰਜ਼ੀਆਂ ਕੰਮ ਕਰਦੀਆਂ ਹਨ ਜੋ ਉਨ੍ਹਾਂ ਦਾਅਵਿਆਂ ਤੋਂ ਐਨ ਉਲਟ ਹਨ ਜਿਨ੍ਹਾਂ ਨੂੰ ਦੋਵੇਂ ਪਾਸਿਆਂ ਦੇ ਹੁਕਮਰਾਨ ਆਪਣੀ ਜੰਗੀ ਪਹਿਲ ਜਾਂ ਮੋੜਵੀਂਆਂ ਕਾਰਵਾਈਆਂ ਨੂੰ ਜਾਇਜ਼ ਠਹਿਰਾਉਣ ਲਈ ਵਰਤਦੇ ਆ ਰਹੇ ਹਨ। ਨਿਸ਼ਚੇ ਹੀ ਜੰਮੂ-ਕਸ਼ਮੀਰ ਸਮੇਤ ਅਹਿਮ ਹਿੰਦੁਸਤਾਨੀ ਸੂਬਿਆਂ ਅੰਦਰ ਚੋਣਾਂ ਕਾਰਨ ਅਤੇ ਪਾਕਿਸਤਾਨ ਘਰੋਗੀ ਗੜਬੜ ਦਾ ਸ਼ਿਕਾਰ ਹੋਣ ਕਾਰਨ ਦੋਵਾਂ ਹਕੂਮਤਾਂ ਵਲੋਂ Ḕਸਰਹੱਦੀ ਕੌਮਵਾਦḔ ਦਾ ਸਹਾਰਾ ਲਿਆ ਜਾ ਰਿਹਾ ਹੈ। ਕਹਾਵਤ ਹੈ ਕਿ ਜੰਗ ਵਿਚ ਪਹਿਲੀ ਬਲੀ ਸੱਚ ਦੀ ਦਿੱਤੀ ਜਾਂਦੀ ਹੈ। ਹਿੰਦੁਸਤਾਨ ਹੋਵੇ ਜਾਂ ਪਾਕਿਸਤਾਨ ਜਿਹੜਾ ਸਟੇਟ ਆਪਣੀ ਹੋਂਦ ਦੇ ਸਾਢੇ ਛੇ ਦਹਾਕਿਆਂ ਵਿਚ ਆਪਣੀਆਂ ਫ਼ੌਜੀ ਤੇ ਨੀਮ-ਫ਼ੌਜੀ ਤਾਕਤਾਂ ਦਾ ਵੱਡਾ ਹਿੱਸਾ ਆਪਣੇ ਹੀ ਅਵਾਮ ਦੇ ਸੱਥਰ ਵਿਛਾਉਣ ਲਈ ਅਣਐਲਾਨੀ ਜੰਗ ਵਿਚ ਝੋਕ ਰਿਹਾ ਹੋਵੇ, ਉਸ ਤੋਂ ਇਹ ਉਮੀਦ ਬਿਲਕੁਲ ਨਹੀਂ ਕੀਤੀ ਜਾ ਸਕਦੀ ਕਿ ਉਹ ਸੱਚ ‘ਤੇ ਪਹਿਰਾ ਦੇਵੇਗਾ ਅਤੇ ਗੁਆਂਢੀ ਮੁਲਕਾਂ ਨਾਲ ਝਗੜਿਆਂ ਦੇ ਹੱਲ ਲਈ ਗੱਲਬਾਤ ਦਾ ਦਿਆਨਤਦਾਰ ਤੇ ਸਹੀ ਢੰਗ ਅਖ਼ਤਿਆਰ ਕਰੇਗਾ। ਸਿਰਫ਼ ਦੋਵਾਂ ਮੁਲਕਾਂ ਦੇ ਆਵਾਮ ਦੀ ਜਾਗਰੂਕਤਾ ਹੀ ਹੁਕਮਰਾਨਾਂ ਦੇ ਖ਼ੂਨੀ ਇਰਾਦਿਆਂ ਨੂੰ ਨਾਕਾਮ ਬਣਾ ਸਕਦੀ ਹੈ।
Leave a Reply