ਕਿੱਦਾਂ ਮੁੱਕਣ ਗੁਰੂ ਘਰ ਦੀਆਂ ਲੜਾਈਆਂ?

ਗੁਰੂ ਘਰਾਂ ਦੀਆਂ ਲੜਾਈਆਂ ਨੇ ਸੰਗਤ ਨੂੰ ਸੋਚਾਂ ਵਿਚ ਪਾਇਆ ਹੋਇਆ ਹੈ। ਲੜਾਈਆਂ ਦਾ ਇਹ ਸਿਲਸਿਲਾ ਮੁੱਕ ਨਹੀਂ ਰਿਹਾ। ਇਸ ਸਿਲਸਿਲੇ ਦਾ ਸਾਰਾ ਨਿਚੋੜ ਅਕਸਰ ਇਸ ਨੁਕਤੇ’ਤੇ ਹੀ ਮੁੱਕਦਾ ਹੈ ਕਿ ਇਹ ਲੜਾਈਆਂ ਸਿਰਫ ਚੌਧਰ ਅਤੇ ਮਾਇਆ ਲਈ ਹੀ ਹਨ। ਇਸ ਮਸਲੇ ਬਾਰੇ ਅਸੀਂ ਆਪਣੇ ਪਰਚੇ ਵਿਚ ਪਹਿਲਾਂ ਵੀ ਅਜਿਹੇ ਲੇਖਾਂ ਨੂੰ ਬਣਦੀ ਥਾਂ ਦਿੱਤੀ ਹੈ ਅਤੇ ਹੁਣ ਵੀ ਅਸੀਂ ਚਾਹੁੰਦੇ ਹਨ ਕਿ ਇਸ ਬਾਰੇ ਗਹਿ-ਗੱਡਵੀਂ ਬਹਿਸ ਹੋਵੇ ਕਿਉਂਕਿ ਇਹ ਅਜਿਹਾ ਮਸਲਾ ਹੈ ਜੋ ਗੁਰੂ ਪਿਆਰਿਆਂ ਨੂੰ ਅਕਸਰ ਦੁਖੀ ਕਰਦਾ ਹੈ; ਸਮੁੱਚੀ ਸੰਗਤ ਇਸ ਮਰਜ਼ ਦਾ ਕੋਈ ਨਾ ਕੋਈ ਹੱਲ ਚਾਹੁੰਦੀ ਹੈ। ਸਾਰਿਆਂ ਦਾ ਇਕ ਹੀ ਦਰਦ ਹੈ ਕਿ ਅਜਿਹੀਆਂ ਲੜਾਈਆਂ ਨਾਲ ਭਾਈਚਾਰੇ ਦੀ ਬਦਨਾਮੀ ਬਹੁਤ ਹੁੰਦੀ ਹੈ। ਬੀਬੀ ਸੁਰਜੀਤ ਕੌਰ ਸੈਕਰੋਮੈਂਟੋ ਨੇ ਇਸ ਗੰਭੀਰ ਮਸਲੇ ਬਾਰੇ ਸਾਨੂੰ ਇਹ ਲੇਖ ਭੇਜਿਆ ਹੈ ਜਿਸ ਵਿਚ ਉਨ੍ਹਾਂ ਨੇ ਗੁਰੂ ਘਰਾਂ ਵਿਚ ਹੁੰਦੀਆਂ ਇਨ੍ਹਾਂ ਲੜਾਈਆਂ ਨੂੰ ਠੱਲ੍ਹਣ ਬਾਰੇ ਇਕ ਨੁਸਖਾ ਪੇਸ਼ ਕੀਤਾ ਹੈ। ਅਸੀਂ ਇਸ ਨੁਕਤੇ ਬਾਰੇ ਆਏ ਵਿਚਾਰਾਂ ਨੂੰ ਪਰਚੇ ਵਿਚ ਬਾਕਾਇਦਾ ਥਾਂ ਦੇਵਾਂਗੇ। -ਸੰਪਾਦਕ

ਸੁਰਜੀਤ ਕੌਰ ਸੈਕਰਾਮੈਂਟੋ
ਫੋਨ: 916-687-3536
ਗੁਰੂ ਘਰ ਭਾਵੇਂ ਪੰਜਾਬ ਦੇ ਹੋਣ, ਦਿੱਲੀ ਦੇ ਜਾਂ ਬਾਹਰਲੇ ਕਿਸੇ ਵੀ ਮੁਲਕ ਦੇ ਹੋਣ, ਸਭ ਥਾਵਾਂ ‘ਤੇ ਨੰਗੇ-ਚਿੱਟੇ ਰੂਪ ਵਿਚ ਸਿਆਸਤ ਚੱਲ ਰਹੀ ਹੈ ਅਤੇ ਸਮੁੱਚੇ ਸਿੱਖ ਭਾਈਚਾਰੇ ਵਿਚ ਸ਼ਾਇਦ ਇਕ ਵੀ ਅਜਿਹਾ ਆਗੂ ਨਹੀਂ ਜੋ ਇਸ ਘਟੀਆ ਸਿਆਸਤ ਤੋਂ ਧਰਮ ਅਤੇ ਗੁਰੂ ਘਰਾਂ ਨੂੰ ਬਚਾਉਣ ਲਈ ਫਿਕਰਮੰਦ ਹੋਵੇ। ਧਰਮ ਆਪਣੇ ਪੰਖ ਫੈਲਾਅ ਕੇ ਕਿਤੇ ਦੂਰ ਉਡਾਰੀ ਮਾਰ ਗਿਆ ਹੈ। ਸੱਤਾਧਾਰੀ ਲੋਕ ਜਿਨ੍ਹਾਂ ਦੇ ਮੂੰਹਾਂ ਨੂੰ ਗਰੀਬਾਂ ਦੇ ਖੂਨ-ਪਸੀਨੇ ਦੀ ਚੜ੍ਹਾਵੇ ਵਾਲੀ ਮਾਇਆ ਖਾਣ ਦਾ ਸਵਾਦ ਪੈ ਗਿਆ ਹੈ, ਉਹ ਹਰ ਹਰਬਾ ਵਰਤ ਕੇ ਗੁਰੂ ਘਰਾਂ ਉਪਰ ਆਪਣੇ ਕਬਜ਼ੇ ਕਾਇਮ ਰੱਖਣੇ ਚਾਹੁੰਦੇ ਹਨ; ਇਹ ਭਾਵੇਂ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਹੋਵੇ ਜਾਂ ਅਮਰੀਕਾ ਦੇ ਕਿਸੇ ਸ਼ਹਿਰ ਦੇ ਗੁਰੂ ਘਰ ਦੀ ਕਮੇਟੀ ਹੋਵੇ, ਸਾਰੀ ਸਿਆਸਤ ਗੋਲਕ ਦੀ ਹੀ ਪਰਿਕਰਮਾ ਕਰ ਰਹੀ ਹੈ। ਕੇਸਾਂ ਦੀ ਬੇਅਦਬੀ, ਗਲਾਂ ਵਿਚ ਪਈਆਂ ਦਸਤਾਰਾਂ ਅਤੇ ਸਿਰਾਂ ਵਿਚੋਂ ਵਗਦੇ ਖੁਨ ਦੇ ਦ੍ਰਿਸ਼ ਹਰ ਹਫ਼ਤੇ ਅਖ਼ਬਾਰਾਂ ਵਿਚ ਜਾਂ ਇੰਟਰਨੈੱਟ ‘ਤੇ ਆਮ ਹੀ ਦੇਖਣ ਨੂੰ ਮਿਲ ਜਾਂਦੇ ਹਨ। ਧਰਮ ਦਾ ਸਤਿਕਾਰ ਕਰਨ ਵਾਲੇ ਲੋਕ ਅੰਦਰੀਂ ਵੜ ਵੜ ਰੋਂਦੇ ਹਨ ਕਿਉਂਕਿ ਜਿਹਦੇ ਹੱਥ ਵਿਚ ਗੋਲਕ ਹੈ, ਉਹਦੇ ਕੋਲ ਸਿਆਸਤ ਹੈ; ਤੇ ਜਿਹਦੇ ਕੋਲ ਸਿਆਸਤ ਹੈ, ਉਹਦੇ ਕੋਲ ਸਰਕਾਰ ਹੈ; ਜਿਹਦੇ ਕੋਲ ਸਰਕਾਰ ਹੈ, ਉਸੇ ਦਾ ਹੀ ਹਰ ਪਾਸੇ ਦਾਬਾ ਹੈ।
ਸਰਕਾਰ ਭਾਵੇਂ ਪੰਜਾਬ ਦੀ ਹੋਵੇ, ਤੇ ਜਾਂ ਕਿਸੇ ਹੋਰ ਮੁਲਕ ਦੀ; ਪਹਿਲੀ ਜ਼ਰੂਰਤ ਹੁੰਦੀ ਹੈ ਪੈਸਾæææਤੇ ਪੈਸਾ ਸੰਗਤ ਕੋਲ ਬਥੇਰਾ ਹੈ, ਬੇਸ਼ੁਮਾਰ ਹੈ। ਸੰਗਤ ਕਦੇ ਵੀ ਗੁਰੂ ਘਰਾਂ ਵਿਚ ਮਾਇਆ ਦੀ ਤੋਟ ਨਹੀਂ ਆਉਣ ਦਿੰਦੀ ਅਤੇ ਜਦ ਤੱਕ ਸੰਗਤ ਗੁਰੂ ਘਰਾਂ ਦੇ ਪ੍ਰਬੰਧਕੀ ਢਾਂਚੇ ਦੇ ਪਿੱਛੇ ਖੜ੍ਹੀ ਹੈ, ਉਦੋਂ ਤੱਕ ਨਾ ਪ੍ਰਬੰਧਕਾਂ ਨੇ ਲੜਨੋਂ ਮੁੜਨਾ ਹੈ, ਨਾ ਹੀ ਸਿਰ ਪਾੜਨ ਤੇ ਪੜਵਾਉਣ ਦੇ ਕਿੱਸੇ ਖ਼ਤਮ ਹੋਣੇ ਹਨ; ਤੇ ਨਾ ਹੀ ਇਸ ਕੋਝੀ ਸਿਆਸਤ ਤੋਂ ਗੁਰੂ ਘਰ ਮੁਕਤ ਹੋਣੇ ਹਨ। ਹੁਣ ਤਾਂ ਬਹੁਤ ਸਾਰੇ ਗੁਰੂ ਘਰਾਂ ਵਿਚ ਪੱਕੀਆਂ ਲਿਸਟਾਂ ਲੱਗੀਆਂ ਹੋਈਆਂ ਹਨ ਕਿ ਅਖੰਡ ਪਾਠ ਤੇ ਤਿੰਨ ਦਿਨਾਂ ਦੇ ਲੰਗਰ ਦੀ ਉੱਕੀ-ਪੁੱਕੀ ਇੰਨੀ ਭੇਟਾ; ਅਨੰਦ ਕਾਰਜ ਤੇ ਲੰਗਰ ਦੀ ਇੰਨੀ ਭੇਟਾ ਅਤੇ ਐਤਵਾਰ ਦੇ ਲੰਗਰ ਦੇ ਇੰਨੇ ਪੈਸੇ। ਇਹ ਸ਼ਰ੍ਹੇਆਮ ਬਿਜਨਸ ਨਹੀਂ ਤਾਂ ਹੋਰ ਕੀ ਹੈ? ਇਹ ਬਿਜਨਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਦ ਤੋਂ ਕਾਬਜ਼ ਹੈ, ਉਦੋਂ ਤੋਂ ਕਰ ਰਹੀ ਹੈ। ਫਿਰ ਬਾਕੀ ਗੁਰੂ ਘਰਾਂ ਦੇ ਪ੍ਰਬੰਧਕਾਂ ਨੂੰ ਡੱਕਣ ਵਾਲਾ ਕੌਣ ਹੈ?æææਤੇ ਇਹ ਸਭ ਖੇਡ, ਮਾਇਆ ਇਕੱਠੀ ਕਰ ਕੇ ਹਕੂਮਤ ਕਰਨ ਦੀ ਭੁੱਖ ਕਰਵਾ ਰਹੀ ਹੈ! ਆਪਣੇ ਆਪ ਨੂੰ ਸਿੰਘ ਅਖਵਾਉਣ ਵਾਲੇ ਇਨ੍ਹਾਂ ਲੋਕਾਂ ਦੀ ਜ਼ਮੀਰ ਕਿੱਥੇ ਹੈ? ਜਾਪਦਾ ਹੈ, ਮੁਰਦਾ ਹੋ ਚੁੱਕੇ ਇਨ੍ਹਾਂ ਲੋਕਾਂ ਨੂੰ ਕੋਈ ਫ਼ਰਕ ਹੀ ਨਹੀਂ ਪੈਂਦਾ।
ਕੁਝ ਸਮਾਂ ਪਹਿਲਾਂ ਮੈਂ ਆਪਣੇ ਇਕ ਲੇਖ ਵਿਚ ਲਿਖਿਆ ਸੀ ਕਿ ਇਸ ਮਸਲੇ ਬਾਰੇ ਹੁਣ ਸੰਗਤ ਨੂੰ ਜਾਗਣਾ ਚਾਹੀਦਾ ਹੈ। ਹੁਣ ਹੀ ਜਾਗਣ ਦਾ ਵੇਲਾ ਹੈ। ਬਿਮਾਰੀ ਭਾਵੇਂ ਬੜੀ ਭਿਆਨਕ ਹੈ, ਪਰ ਇਸ ਬਿਮਾਰੀ ਦਾ ਇਲਾਜ ਉਨਾ ਹੀ ਸਸਤਾ, ਸੌਖਾ ਅਤੇ ਆਸਾਨ ਹੈ। ਇਹਦੇ ਲਈ ਨਾ ਹੀ ਕੋਈ ਮੋਰਚਾ ਲਾਉਣਾ ਪੈਣਾ ਹੈ, ਨਾ ਹੀ ਜੇਲ੍ਹਾਂ ਭਰਨੀਆਂ ਪੈਣੀਆਂ ਹਨ, ਨਾ ਹੀ ਮਰਨ ਵਰਤ ਰੱਖਣਾ ਪਵੇਗਾ ਅਤੇ ਨਾ ਹੀ ਮਾਇਆ ਇਕੱਠੀ ਕਰ ਕੇ ਕਿਸੇ ਗੁਰੂ ਘਰ ਨੂੰ ਜਾਂ ਗੁਰੂ ਘਰ ਵੱਲੋਂ ਕੋਰਟ ਵਿਚ ਕੇਸ ਲੜਨਾ ਪਵੇਗਾ; ਬਿਲਕੁਲ ਹੀ ਨਹੀਂ! ਬੱਸ, ਗੁਰੂ ਨਾਨਕ ਨਾਮ ਲੇਵਾ ਸਭ ਸੰਗਤ ਆਪਣੇ ਮਨ ਬਣਾ ਕੇ ਤਿਆਰ ਹੋ ਜਾਣ ਅਤੇ ਗੁਰੂ ਘਰਾਂ ਵਿਚ ਚੜ੍ਹਾਵੇ ਬੰਦ ਕਰ ਦੇਣ; ਨਵੇਂ ਗੁਰੂ ਘਰ ਬਣਾਉਣ ਦੀ ਕੋਈ ਵੀ ਯੋਜਨਾ ਫਿਲਹਾਲ ਬੰਦ ਕਰ ਦਿੱਤੀ ਜਾਵੇ, ਕਿਉਂਕਿ ਪਹਿਲਾਂ ਹੀ ਬੇਅੰਤ ਗੁਰੂ ਘਰ ਹਰ ਮੁਲਕ, ਹਰ ਸ਼ਹਿਰ ਤੇ ਹਰ ਪਿੰਡ ਵਿਚ ਬੜੀ ਸ਼ਾਨੋ ਸ਼ੌਕਤ ਨਾਲ ਚੱਲ ਰਹੇ ਹਨ ਤੇ ਪ੍ਰਬੰਧਕ ਵੀ ਬਥੇਰੇ ਹਨ।
ਹੁਣ ਤਾਂ ਹਾਰੇ ਜਾਂ ਜਿੱਤੇ ਹੋਏ ਪ੍ਰਬੰਧਕਾਂ ਨੂੰ ਇਕੋ ਹੀ ਦੁੱਖ ਸਤਾਉਂਦਾ ਰਹਿੰਦਾ ਹੈ ਕਿ ਉਨ੍ਹਾਂ ਦਾ ਗੋਲਕ ‘ਤੇ ਰਾਜ ਕਿਵੇਂ ਬਣਿਆ ਰਹੇ? ਪੰਜਾਬ ਵਿਚ ਅੰਮ੍ਰਿਤਸਰ ਤੋਂ ਲੈ ਕੇ ਦੁਨੀਆ ਦੇ ਹਰ ਗੁਰੂ ਘਰ ਤੱਕ; ਤੇ ਕੈਲੀਫੋਰਨੀਆ ਤੋਂ ਲੈ ਕੇ ਨਿਊ ਯਾਰਕ ਦੇ ਗੁਰੂ ਘਰਾਂ ਤੱਕ ਗੁਰਸਿੱਖ ਰਹਿਤ ਮਰਿਯਾਦਾ ਤਾਂ ਕਿਤੇ ਲਾਗੂ ਨਹੀਂ ਹੋ ਸਕੀ ਪਰ ਗੋਲਕਾਂ ‘ਤੇ ਰਾਜ ਕਰਨ ਅਤੇ ਸਿਰ ਪਾੜਨ-ਪੜਵਾਉਣ ਦੀ ਮਰਿਯਾਦਾ ਆਪੇ ਹੀ ਲਾਗੂ ਹੋ ਚੁੱਕੀ ਹੈ। ਇਸ ਵਿਚ ਸਾਡੇ ਧਰਮ ਦੇ ਸਿਰਮੌਰ ਜਥੇਦਾਰ ਸਾਹਿਬਾਨ, ਸ਼੍ਰੋਮਣੀ ਕਮੇਟੀ ਅਤੇ ਪੰਥਕ ਸਰਕਾਰ ਵੀ ਆਪਣਾ ਪੂਰਾ ਪੂਰਾ ਸਾਹਿਯੋਗ ਦੇ ਕੇ ਆਪਣਾ ਫ਼ਰਜ਼ ਬਾਖੂਬੀ ਨਿਭਾਅ ਰਹੀ ਹੈ। ਸ਼੍ਰੋਮਣੀ ਕਮੇਟੀ ਦਾ ਤਾਂ ਸੁੱਖ-ਚੈਨ ਹਰ ਵੇਲੇ ਹੀ ਉਡਿਆ ਰਹਿੰਦਾ ਹੈ। ਪੰਜਾਬ ਹੋਵੇ ਜਾਂ ਦਿੱਲੀ ਹੋਵੇ, ਪਾਕਿਸਤਾਨ ਹੋਵੇ ਜਾਂ ਨਿਊ ਯਾਰਕ, ਜਾਂ ਕੈਲੀਫੋਰਨੀਆ; ਹਰ ਗੁਰੂ ਘਰ ‘ਤੇ ਸ਼੍ਰੋਮਣੀ ਕਮੇਟੀ ਦੇ ਬੰਦੇ ਕਾਬਜ਼ ਹੋਣੇ ਚਾਹੀਦੇ ਹਨ!
ਸੋ ਗੁਰੂ ਪਿਆਰਿਉ! ਜਾਗੋ, ਉੱਠੋ ਤੇ ਅਰਦਾਸ ਕਰੋ ਕਿ ਗੁਰੂ ਘਰ ਜਾਣਾ ਵੀ ਜ਼ਰੂਰ ਹੈ ਪਰ ਮਾਇਆ ਨਾ ਗੋਲਕ ਵਿਚ ਪਾਉਣੀ ਹੈ ਅਤੇ ਨਾ ਹੀ ਪਰਚੀ ਕਟਵਾਉਣੀ ਹੈ। ਗੁਰੂ ਘਰ ਜਾਉ, ਮੱਥਾ ਟੇਕੋ, ਕਥਾ ਕੀਰਤਨ ਸੁਣੋ, ਲੰਗਰ ਹੋਵੇ ਤਾਂ ਛਕੋ; ਨਹੀਂ ਤਾਂ ਘਰ ਆ ਕੇ ਆਪਣੇ ਕੰਮ ਕਰੋ। ਜਿਨ੍ਹਾਂ ਪਰਿਵਾਰਾਂ ਨੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਣੇ ਹੋਣ, ਉਹ ਤਿੰਨ ਦਿਨ ਲੰਗਰ ਦੀ ਸੇਵਾ ਆਪ ਕਰਨ; ਪਾਠੀਆਂ ਦੀ ਸੇਵਾ ਆਪਣੇ ਵਿੱਤ ਅਤੇ ਸ਼ਰਧਾ ਮੁਤਾਬਕ ਕਰੋ; ਪਰ ਗੁਰੂ ਘਰਾਂ ਨੂੰ ਹਜ਼ਾਰਾਂ ਦੀ ਗਿਣਤੀ ਵਿਚ ਮਾਇਆ ਬਿਲਕੁਲ ਨਾ ਦਿੱਤੀ ਜਾਵੇ। ਜਿਨ੍ਹਾਂ ਦੇ ਬੱਚਿਆਂ ਦੇ ਅਨੰਦ ਕਾਰਜ ਹੋਣ, ਉਹ ਵੀ ਆਪਣਾ ਸਾਰਾ ਕੰਮ ਆਪ ਕਰਨ। ਇਸੇ ਤਰ੍ਹਾਂ ਐਤਵਾਰ ਦੇ ਲੰਗਰ ਅਤੇ ਜਨਮ ਤੋਂ ਲੈ ਕੇ ਹੋਰ ਸੰਸਕਾਰਾਂ ਤੱਕ ਦੇ ਸਾਰੇ ਪ੍ਰੋਗਰਾਮਾਂ ਲਈ ਵੀ ਇਹੀ ਵਿਧੀ ਸਖ਼ਤੀ ਨਾਲ ਲਾਗੂ ਕੀਤੀ ਜਾਵੇ ਤਾਂ ਇਸ ਬਿਮਾਰੀ ਨੂੰ ਜੜ੍ਹਾਂ ਤੋਂ ਪੁੱਟਿਆ ਜਾ ਸਕਦਾ ਹੈ ਅਤੇ ਇਸ ਬਿਮਾਰੀ ਦਾ ਸਹਿਜੇ ਸਹਿਜੇ ਨਹੀਂ, ਬੜੀ ਤੇਜ਼ੀ ਨਾਲ ਹੋ ਰਿਹਾ ਇਲਾਜ ਸਭ ਨੂੰ ਨਜ਼ਰ ਆਵੇਗਾ; ਗੋਲਕਾਂ ‘ਤੇ ਰਾਜ ਕਰਨ ਵਾਲੇ ਲੋਕਾਂ ਦੀ ਚਾਹਤ ਵੀ ਉਨ੍ਹਾਂ ਦੇ ਚਿਹਰਿਆਂ ਤੋਂ ਸਾਫ ਦਿਖਾਈ ਦੇਵੇਗੀ।
ਸੰਗਤਾਂ ਅੱਗੇ ਦੋਵੇਂ ਹੱਥ ਜੋੜ ਕੇ ਬੇਨਤੀ ਕਰਾਂਗੀ ਕਿ ਮੈਂ ਕੋਈ ਗੁਰੂ ਘਰ ਦੀ ਦੋਖੀ ਨਹੀਂ ਹਾਂ, ਨਿੰਦਕ ਨਹੀਂ ਹਾਂ; ਮੈਂ ਤਾਂ ਗੁਰੂ ਨਾਨਕ ਜੀ ਦੇ ਘਰ ਦੀ ਨਿਮਾਣੀ ਜਿਹੀ ਸੇਵਾਦਾਰ ਹਾਂ ਅਤੇ ਜਨਮ ਤੋਂ ਲੈ ਕੇ ਅਖੀਰ ਤੱਕ ਗੁਰੂ ਚਰਨਾਂ ਦੇ ਲਈ ਸਮਰਪਿਤ ਹਾਂ। ਮੈਂ ਗੁਰੂ ਗੋਲਕਾਂ ਜਾਂ ਗੁਰੂ ਘਰਾਂ ਨੂੰ ਮਾਇਆ ਦੇਣ ਜਾਂ ਚੜ੍ਹਾਉਣ ਦੀ ਮੁਖਾਲਫਿਤ ਕਦੀ ਵੀ ਨਾ ਕਰਦੀ, ਪਰ ਅੱਜ ਗੁਰੂ ਘਰਾਂ ਵਿਚ ਜਿਸ ਤਰ੍ਹਾਂ ਸ਼ਰ੍ਹੇਆਮ ਡਾਗਾਂ, ਸੋਟੇ, ਤਲਵਾਰਾਂ ਤੇ ਝਾੜੂ-ਖੁਰਪੇ ਚਲਾਏ ਜਾ ਰਹੇ ਹਨ; ਜਿਸ ਤਰ੍ਹਾਂ ਦੀ ਲੜਾਈ ਗੁਰੂ ਦੀਆਂ ਗੋਲਕਾਂ ਲਈ ਹੋ ਰਹੀ ਹੈ; ਜਿਸ ਤਰ੍ਹਾਂ ਪ੍ਰਬੰਧਕਾਂ ਦੇ ਰੱਖੇ ਹੋਏ ਗੁੰਡਾ ਅਨਸਰ ਸਰਗਰਮ ਹੁੰਦੇ ਹਨ ਅਤੇ ਜਿਸ ਤਰ੍ਹਾਂ ਗੁਰੂ ਘਰਾਂ ਵਿਚ ਸੰਗਤ ਦੇ ਚੜ੍ਹਾਵੇ ਦੇ ਕਈ ਕਈ ਮਿਲੀਅਨ ਡਾਲਰ ਕੋਰਟਾਂ ਵਿਚ ਚੱਲ ਰਹੇ ਕੇਸਾਂ ਉਤੇ ਹੜ੍ਹਾਏ ਜਾ ਰਹੇ ਹਨ, ਤਾਂ ਹੁਣ ਸੰਗਤ ਕੋਲ ਇਸ ਤੋਂ ਬਿਨਾਂ ਹੋਰ ਕੋਈ ਰਾਹ ਵੀ ਨਹੀਂ ਹੈ।
ਜੇ ਹਰ ਗੁਰਸਿੱਖ ਮਾਈ ਭਾਈ ਪ੍ਰਣ ਕਰ ਲਵੇ ਤਾਂ ਸਫ਼ਲਤਾ ਸੰਗਤ ਦੇ ਸਾਹਮਣੇ ਖੜ੍ਹੀ ਹੈ। ਆਉ, ਆਪਣੇ ਉਤੇ ਲੱਗੇ ਕਲੰਕ ਨੂੰ ਧੋ ਸੁੱਟੀਏ। ਇਹ ਕੋਈ ਇਕ ਜਾਂ ਦੋ ਇਨਸਾਨਾਂ ਦਾ ਕੰਮ ਨਹੀਂ, ਇਹ ਸਮੁੱਚੀ ਗੁਰੂ ਨਾਨਕ ਨਾਮ ਲੇਵਾ ਸੰਗਤ ਦੀ ਡਿਊਟੀ ਅਤੇ ਫਰਜ਼ ਹੈ ਜੋ ਸਹਿਜੇ ਹੀ ਪੂਰਾ ਕੀਤਾ ਜਾ ਸਕਦਾ ਹੈ। ਅੱਗਿਓਂ ਜਿਹੜੇ ਵੀ ਪ੍ਰਬੰਧਕ ਗੁਰੂ ਘਰਾਂ ਵਿਚ ਸੇਵਾ ਕਰਨੀ ਚਾਹੁਣ, ਉਹ ਗੁਰੂ ਘਰਾਂ ਦੇ ਸਾਰੇ ਖਰਚੇ ਆਪਣੇ ਆਪਣੇ ਸਿਰਾਂ ‘ਤੇ ਚੁੱਕਣ। ਫਿਰ ਪਤਾ ਲੱਗੇਗਾ ਕਿ ਕਿੰਨੇ ਕੁ ਪਰਉਪਕਾਰੀ ਤੇ ਸੇਵਾ ਕਰਨ ਦੀ ਚਾਹਤ ਰੱਖਣ ਵਾਲੇ ਇਸ ਸੇਵਾ ਲਈ ਅੱਗੇ ਆਉਂਦੇ ਹਨ। ਜਦ ਗੋਲਕਾਂ ਖਾਲੀ ਰਹਿਣਗੀਆਂ, ਪਰਚੀਆਂ ਨਹੀਂ ਕੱਟੀਆਂ ਜਾਣਗੀਆਂ ਤਾਂ ਚੌਧਰਾਂ ਦੇ ਖੁਮਾਰ ਵੀ ਫਟਾ ਫਟ ਉੱਤਰ ਜਾਣਗੇ। ਸੰਗਤ ਇਹ ਮਤੇ ਪਾਸ ਕਰੇ ਕਿ ਗੁਰੂ ਘਰ ਮਾਇਆ ਨਹੀਂ ਚੜ੍ਹਾਉਣੀ ਤੇ ਪ੍ਰਬੰਧਕ ਉਹ ਬਣਨ ਜਿਹੜੇ ਆਪਣੀਆਂ ਕਮਾਈਆਂ ਵਿਚੋਂ ਗੁਰੂ ਘਰਾਂ ਦੀ ਸੇਵਾ ਚੁੱਕ ਕੇ ਆਪਣੇ ਜੀਵਨ ਸਫ਼ਲ ਬਣਾਉਣ ਤਾਂ ਸ਼ਾਇਦ ਇਸ ਉਲਝੀ ਹੋਈ ਤਾਣੀ ਦਾ ਕੋਈ ਸਿਰਾ ਹੱਥ ਵਿਚ ਆ ਜਾਵੇ। ਭੁੱਲਾਂ ਚੁੱਕਾਂ ਦੀ ਖਿਮਾ।

Be the first to comment

Leave a Reply

Your email address will not be published.