ਕੌਣ ਤੇ ਕਿਉਂ ਪਾਉਂਦੈ ਭਾਰਤ-ਪਾਕਿ ਸਰਹੱਦ ਉਤੇ ਜੰਗ ਦਾ ਖੌਰੂ?

-ਜਤਿੰਦਰ ਪਨੂੰ
ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਦਾ ਬਾਰਡਰ ਇਹ ਲਿਖਤ ਲਿਖੇ ਜਾਣ ਵੇਲੇ ਸ਼ਾਂਤ ਹੈ। ਇਹ ਕਦੋਂ ਕੁ ਤੱਕ ਸ਼ਾਂਤ ਰਹੇਗਾ, ਕਿਹਾ ਨਹੀਂ ਜਾ ਸਕਦਾ, ਪਰ ਇਸ ਵਕਤ ਸ਼ਾਂਤ ਹੈ। ਕਈ ਦਿਨ ਇਸ ਉਤੇ ਗੋਲੀਆਂ ਹੀ ਨਹੀਂ, ਗੋਲੇ ਵੀ ਵਰ੍ਹਦੇ ਰਹੇ ਹਨ। ਸਰਹੱਦ ਦੇ ਵਸਨੀਕਾਂ ਨੂੰ ਘਰਾਂ ਵਿਚ ਰਹਿਣਾ ਔਖਾ ਹੋ ਗਿਆ ਸੀ। ਸਥਾਨਕ ਲੋਕ ਵਲਾਵੇਂਦਾਰ ਗੱਲਾਂ ਕਰਨ ਦੇ ਆਦੀ ਨਹੀਂ ਹੁੰਦੇ। ਉਹ ਸਿੱਧੀ ਬੋਲੀ ਵਿਚ ਗੱਲ ਕਰਦੇ ਹਨ ਤੇ ਹਾਲਾਤ ਦਾ ਰੁਖ ਸਮਝਣ ਦਾ ਪੈਮਾਨਾ ਵੀ ਉਨ੍ਹਾਂ ਦਾ ਆਪਣਾ ਹੁੰਦਾ ਹੈ। ਇੱਕ ਸਾਧਾਰਨ ਕਿਸਾਨ ਇੱਕ ਮੀਡੀਆ ਟੀਮ ਨੂੰ ਇਹ ਕਹਿੰਦਾ ਸੁਣਿਆ ਗਿਆ ਕਿ ਪਾਕਿਸਤਾਨ ਦੇ ਸਰਹੱਦੀ ਪਿੰਡ ਖਾਲੀ ਹੋਏ ਪਏ ਨੇ। ਮੀਡੀਏ ਵਾਲਿਆਂ ਨੇ ਇਹ ਪੁੱਛਿਆ ਕਿ ਵਿਚਾਲੇ ਕੰਡੇਦਾਰ ਤਾਰ ਤੇ ਅੱਗੇ ਸਰਹੱਦ ਉਤੇ ਬੀ ਐਸ ਐਫ ਦਾ ਪਹਿਰਾ ਹੋਣ ਦੇ ਬਾਵਜੂਦ ਉਨ੍ਹਾਂ ਪਿੰਡਾਂ ਦੇ ਖਾਲੀ ਹੋਣ ਦਾ ਉਸ ਨੂੰ ਕਿੱਥੋਂ ਪਤਾ ਲੱਗਾ? ਉਸ ਦਾ ਸਿੱਧਾ ਜਵਾਬ ਸੀ ਕਿ ਹੁਣ ਉਧਰੋਂ ਨਮਾਜ਼ ਦੀ ਆਵਾਜ਼ ਨਹੀਂ ਆ ਰਹੀ। ਫਿਰ ਉਸ ਨੇ ਖੋਲ੍ਹ ਕੇ ਸਮਝਾਇਆ ਕਿ ਉਧਰ ਦੇ ਪਿੰਡਾਂ ਦੀਆਂ ਮਸਜਿਦਾਂ ਦੇ ਸਪੀਕਰਾਂ ਦਾ ਮੂੰਹ ਸਾਡੇ ਵੱਲ ਹੁੰਦਾ ਹੈ। ਦਿਨ ਵਿਚ ਜਿੰਨੀ ਵਾਰ ਨਮਾਜ਼ ਪੜ੍ਹਦੇ ਹਨ, ਸਾਨੂੰ ਆਵਾਜ਼ ਸੁਣ ਜਾਂਦੀ ਹੈ। ਜਦੋਂ ਉਹ ਗੋਲੀਆਂ ਚਲਾਉਂਦੇ ਸਨ, ਉਦੋਂ ਵੀ ਸੁਣਦੀ ਰਹੀ, ਪਰ ਕੱਲ੍ਹ ਜਦੋਂ ਸਾਡੇ ਵੱਲੋਂ ਹਮਲਾ ਤੇਜ਼ ਹੋ ਗਿਆ, ਫਿਰ ਆਵਾਜ਼ ਨਹੀਂ ਆਈ। ਇਸ ਦਾ ਸਿੱਧਾ ਅਰਥ ਹੈ ਕਿ ਉਨ੍ਹਾਂ ਪਿੰਡਾਂ ਵਿਚੋਂ ਸਾਰੇ ਲੋਕ ਪਿੱਛੇ ਚਲੇ ਗਏ ਹਨ ਤੇ ਹੁਣ ਇਹ ਸਪੀਕਰ ਸ਼ਾਂਤ ਹਨ।
ਜਿਹੜੇ ਪੇਂਡੂ ਲੋਕ ਏਨੇ ਸਿੱਧੇ, ਪਰ ਸੱਚੇ ਅੰਦਾਜ਼ੇ ਲਾ ਸਕਦੇ ਹਨ, ਉਨ੍ਹਾਂ ਨੂੰ ਜਦੋਂ ਵਿਦੇਸ਼ੀ ਮੀਡੀਏ ਵਾਲੇ ਵੀ ਮਿਲੇ ਤਾਂ ਉਨ੍ਹਾਂ ਨੇ ਪਾਕਿਸਤਾਨ ਵਾਲੇ ਪਾਸੇ ਤੋਂ ਹੁੰਦੀ ਹਮਲਾਵਰੀ ਦੇ ਕਈ ਕਾਰਨ ਦੱਸ ਦਿੱਤੇ। ਇੱਕ ਸਿੱਧੇ ਜਿਹੇ ਬੰਦੇ ਨੇ ਕਿਹਾ ਕਿ ਉਧਰ ਵਾਲਿਆਂ ਨੇ ਤਾਂ ਇਧਰ ਘੁਸਪੈਠੀਏ ਲੰਘਾਉਣੇ ਹੁੰਦੇ ਨੇ, ਹੈਰੋਇਨ ਵੀ ਲੰਘਾਉਣੀ ਹੁੰਦੀ ਹੈ, ਸਾਡੇ ਵੱਲੋਂ ਉਧਰ ਜਾਣ ਵਾਲੀ ਕੋਈ ਇਹੋ ਜਿਹੀ ਚੀਜ਼ ਹੀ ਨਹੀਂ, ਇਸ ਕਰ ਕੇ ਸਾਡੀ ਫੌਜ ਨੂੰ ਹੱਦਾਂ ਉਤੇ ਗੋਲੀ ਚਲਾਉਣ ਦੀ ਲੋੜ ਨਹੀਂ ਪੈਂਦੀ। ਉਸ ਦੀ ਦਲੀਲ ਵਿਚ ਵਜ਼ਨ ਸੀ। ਭਾਰਤ ਵੱਲੋਂ ਵੱਡੇ ਤੋਂ ਵੱਡੇ ਮੀਡੀਆ ਬਹਿਸਾਂ ਦੇ ਮਾਹਰ ਵੀ ਕਦੇ ਏਡੀ ਸਿੱਧੀ ਅਤੇ ਸਾਫ ਦਲੀਲ ਨਾਲ ਜਵਾਬ ਨਹੀਂ ਦੇ ਸਕਦੇ, ਜਿੰਨੀ ਨਾਲ ਉਸ ਬੰਦੇ ਨੇ ਦੇ ਦਿੱਤਾ।
ਸਰਹੱਦ ਤੋਂ ਹਟ ਕੇ ਜ਼ਰਾ ਪਿਛੋਕੜ ਦੇ ਉਨ੍ਹਾਂ ਕਾਰਨਾਂ ਵੱਲ ਝਾਕੀਏ, ਜਿਹੜੇ ਪਾਕਿਸਤਾਨ ਦੀ ਫੌਜ ਤੇ ਰਾਜਸੀ ਲੀਡਰਸ਼ਿਪ ਨੂੰ ਭਾਰਤ ਨਾਲ ਆਢਾ ਲਾਉਣ ਨੂੰ ਮਜਬੂਰ ਕਰਦੇ ਹਨ। ਉਹ ਕਹਿੰਦੇ ਹਨ ਕਿ ਝਗੜੇ ਦੀ ਜੜ੍ਹ ਕਸ਼ਮੀਰ ਦਾ ਮੁੱਦਾ ਹੈ, ਇਹ ਪਾਕਿਸਤਾਨ ਦੀ ਇੱਛਾ ਮੁਤਾਬਕ ਨਿਪਟਾ ਲਿਆ ਜਾਵੇ ਤਾਂ ਕੋਈ ਲੜਾਈ ਨਹੀਂ ਹੈ। ਕਸ਼ਮੀਰ ਦਾ ਮੁੱਦਾ ਇੱਕ ਤਰ੍ਹਾਂ ਉਦੋਂ ਨਿਪਟ ਗਿਆ ਸੀ, ਜਦੋਂ ਸ਼ਿਮਲੇ ਵਿਚ ਬੈਠੇ ਦੋ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ- ਇੰਦਰਾ ਗਾਂਧੀ ਅਤੇ ਜੁਲਫਕਾਰ ਅਲੀ ਭੁੱਟੋ ਨੇ ਸਮਝੌਤਾ ਕੀਤਾ ਸੀ। ਉਸ ਸਮਝੌਤੇ ਦੀ ਧਾਰਾ 4-ਬੀ ਆਖਦੀ ਹੈ ਕਿ ‘ਦੋਵੇਂ ਧਿਰਾਂ ਬਿਨਾਂ ਕਿਸੇ ਪੁਰਾਣੀ ਧਾਰਨਾ ਦੇ ਜੰਮੂ-ਕਸ਼ਮੀਰ ਵਿਚ 17 ਦਸੰਬਰ 1971 ਵਾਲੀ ਗੋਲੀਬੰਦੀ ਦੇ ਨਤੀਜੇ ਵਜੋਂ ਹੋਂਦ ਵਿਚ ਆਈ ਅਸਲ ਕੰਟਰੋਲ ਰੇਖਾ ਦਾ ਸਤਿਕਾਰ ਕਰਨਗੀਆਂ। ਆਪਸੀ ਮੱਤਭੇਦਾਂ ਤੇ ਕਾਨੂੰਨੀ ਵਿਆਖਿਆਵਾਂ ਦੇ ਬਾਵਜੂਦ ਕੋਈ ਧਿਰ ਵੀ ਇਸ ਨੂੰ ਇੱਕ-ਤਰਫਾ ਤੌਰ ਉਤੇ ਬਦਲਣ ਦਾ ਯਤਨ ਨਹੀਂ ਕਰੇਗੀ। ਇਸ ਤੋਂ ਅੱਗੇ ਦੋਵੇਂ ਧਿਰਾਂ ਇਸ ਲਾਈਨ ਨੂੰ ਕੋਈ ਖਤਰਾ ਜਾਂ ਤਾਕਤ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰਨ ਦਾ ਵਾਅਦਾ ਕਰਦੀਆਂ ਹਨ।’ ਉਸ ਸਮਝੌਤੇ ਨੂੰ ਜਦੋਂ ਵੀ ਤੋੜਿਆ, ਪਾਕਿਸਤਾਨ ਵਾਲੀ ਧਿਰ ਨੇ ਹੀ ਤੋੜਿਆ ਹੈ। ਕਾਰਗਿਲ ਦੇ ਪਹਾੜਾਂ ਉਤੇ ਜਦੋਂ ਜਹਾਦੀਆਂ ਦੇ ਭੇਸ ਵਿਚ ਫੌਜ ਚਾੜ੍ਹੀ ਤੇ ਭਾਰਤ ਦੇ ਸਿਰ ਜੰਗ ਮੜ੍ਹ ਦਿੱਤੀ ਗਈ, ਉਦੋਂ ਵੀ ਪਾਕਿਸਤਾਨ ਨੇ ਵਧੀਕੀ ਕੀਤੀ ਸੀ, ਪਰ ਅੱਗੋਂ ਗੋਲੀਆਂ ਵਰ੍ਹਨ ਲੱਗੀਆਂ ਤਾਂ ਉਨ੍ਹਾਂ ਦਾ ਪ੍ਰਧਾਨ ਮੰਤਰੀ ਅਤੇ ਫੌਜੀ ਕਮਾਂਡਰ ਅਮਰੀਕਾ ਦੇ ਰਾਸ਼ਟਰਪਤੀ ਕੋਲ ਜੰਗਬੰਦੀ ਦਾ ਤਰਲਾ ਮਾਰਨ ਦੌੜੇ ਗਏ ਸਨ। ਹੁਣ ਵੀ ਮੁੱਢ ਉਨ੍ਹਾਂ ਬੰਨ੍ਹਿਆ, ਪਰ ਜਦੋਂ ਅੱਗੋਂ ਮਾਰ ਪੈਣ ਲੱਗੀ ਤਾਂ ਯੂ ਐਨ ਸੈਕਟਰੀ ਜਨਰਲ ਨੂੰ ਦਖਲ ਦੇਣ ਦਾ ਤਰਲਾ ਮਾਰਨ ਲਈ ਦੌੜ ਪਏ ਸਨ। ਭਾਰਤ ਏਦਾਂ ਨਹੀਂ ਕਰਦਾ।
ਰਾਜਸੀ ਬਿਆਨਬਾਜ਼ੀ ਦੋਵੇਂ ਪਾਸਿਆਂ ਦੇ ਆਗੂ ਕਰ ਸਕਦੇ ਹਨ, ਭਾਰਤ ਦੇ ਵੀ ਤੇ ਪਾਕਿਸਤਾਨ ਦੇ ਵੀ, ਪਰ ਇੱਕ ਫਰਕ ਰਹਿੰਦਾ ਹੈ। ਪਾਕਿਸਤਾਨ ਦਾ ਕੋਈ ਵੀ ਲੀਡਰ, ਆਸਿਫ ਅਲੀ ਜ਼ਰਦਾਰੀ ਦਾ ਸਿਆਸੀ ਸੂਝ ਤੋਂ ਸੱਖਣਾ ਪੁੱਤਰ ਵੀ, ਜਦੋਂ ਬੋਲਣ ਲੱਗਦਾ ਹੈ ਤਾਂ ਇਹ ਕਹਿੰਦਾ ਹੈ ਕਿ ਕਸ਼ਮੀਰ ਨੂੰ ਪਾਕਿਸਤਾਨ ਦਾ ਬਣਾ ਦੇਣਾ ਹੈ। ਭਾਰਤ ਦਾ ਅਧਿਕਾਰਤ ਪੈਂਤੜਾ ਇਹ ਹੈ ਕਿ ਲਾਰਡ ਮਾਊਂਟਬੈਟਨ ਦੇ ਹੁੰਦਿਆਂ ਇਸ ਰਿਆਸਤ ਦੇ ਰਾਜੇ ਨਾਲ ਹੋਏ ਸਮਝੌਤੇ ਦੇ ਕਾਰਨ ਸਮੁੱਚਾ ਜੰਮੂ ਤੇ ਕਸ਼ਮੀਰ ਸਾਡਾ ਹੈ। ਇਸ ਦੇ ਬਾਵਜੂਦ ਜਦੋਂ ਭਾਰਤ ਦਾ ਕੋਈ ਲੀਡਰ ਬੋਲਦਾ ਹੈ ਤਾਂ ਮੌਕੇ ਦੀ ਸਰਕਾਰ ਨੂੰ ਇਹ ਕਹਿੰਦਾ ਹੈ ਕਿ ਉਹ ਪਾਕਿਸਤਾਨ ਵੱਲ ਨਰਮੀ ਛੱਡੇ ਅਤੇ ਸਖਤ ਰੁਖ ਧਾਰਨ ਕਰੇ, ਪਰ ਕਦੀ ਕੋਈ ਇਹ ਨਹੀਂ ਕਹਿੰਦਾ ਕਿ ਅਸੀਂ ਪਾਕਿਸਤਾਨੀ ਕਬਜ਼ੇ ਹੇਠਲਾ ਕਸ਼ਮੀਰ ਖੋਹ ਲੈਣਾ ਹੈ। ਜ਼ਰਦਾਰੀ ਦਾ ਜਵਾਕ ਕਹਿੰਦਾ ਹੈ ਕਿ ਉਸ ਦੇ ਇੱਕ ਬਿਆਨ ਨੇ ਭਾਰਤੀ ਲੋਕਾਂ ਦੀ ਨੀਂਦ ਉਡਾ ਦਿੱਤੀ ਹੈ। ਏਨੇ ਬਚਕਾਨੇ ਬਿਆਨ ਦਾ ਜਵਾਬ ਭਾਰਤ ਦਾ ਕੋਈ ਲੀਡਰ ਜਾਂ ਕਿਸੇ ਲੀਡਰ ਦਾ ਜਵਾਕ ਕਦੇ ਨਹੀਂ ਦਿੰਦਾ। ਇਥੇ ਕਿਸੇ ਵੀ ਪੈਂਤੜੇ ਦਾ ਫੈਸਲਾ ਸਰਕਾਰ ਕਰਦੀ ਹੈ, ਫੌਜ ਨਹੀਂ। ਪਾਕਿਸਤਾਨ ਵਿਚ ਪੈਂਤੜਾ ਫੌਜ ਤੈਅ ਕਰਦੀ ਹੈ ਅਤੇ ਸਰਕਾਰ ਉਸ ਦੀ ਪੈਰਵੀ ਕਰਦੀ ਹੈ।
ਦੋਵਾਂ ਦੇਸ਼ਾਂ ਦੀ ਨੀਤੀ ਦਾ ਹੀ ਨਹੀਂ, ਦੇਸ਼ ਚਲਾਉਣ ਵਾਲਿਆਂ ਅਤੇ ਦੇਸ਼ ਦੇ ਰਾਖਿਆਂ ਦੀ ਨੀਤ ਦਾ ਵੀ ਬਹੁਤ ਵੱਡਾ ਫਰਕ ਹੈ। ਇਹ ਫਰਕ ਕਈ ਗੱਲਾਂ ਵਿਚ ਸਾਫ ਵੇਖਿਆ ਜਾ ਸਕਦਾ ਹੈ।
ਭਾਰਤ ਨੇ ਵੀ ਮਿਜ਼ਾਈਲਾਂ ਬਣਾਈਆਂ ਹਨ ਤੇ ਪਾਕਿਸਤਾਨ ਨੇ ਵੀ, ਪਰ ਦੋਵਾਂ ਦੀਆਂ ਇਨ੍ਹਾਂ ਮਿਜ਼ਾਈਲਾਂ ਲਈ ਚੁਣੇ ਗਏ ਨਾਂਵਾਂ ਤੋਂ ਵੀ ਫਰਕ ਜ਼ਾਹਰ ਹੋ ਜਾਂਦਾ ਹੈ। ਜਿਹੜੀਆਂ ਮਿਜ਼ਾਈਲਾਂ ਭਾਰਤ ਨੇ ਬਣਾਈਆਂ, ਉਨ੍ਹਾਂ ਲਈ ਨਾਂ ਤੀਰ, ਨਾਗ, ਅਗਨੀ, ਪ੍ਰਿਥਵੀ ਅਤੇ ਆਕਾਸ਼ ਚੁਣੇ ਗਏ ਹਨ। ਜਦੋਂ ਪਾਕਿਸਤਾਨ ਨੇ ਮਿਜ਼ਾਈਲਾਂ ਬਣਾਈਆਂ ਤਾਂ ਉਨ੍ਹਾਂ ਦੇ ਨਾਂ ਗਜ਼ਨੀ, ਗੌਰੀ ਤੇ ਅਬਦਾਲੀ ਰੱਖੇ ਗਏ। ਇਹ ਲੋਕ ਪਾਕਿਸਤਾਨ ਵਿਚ ਨਹੀਂ ਸਨ ਜੰਮੇ। ਮਿਜ਼ਾਈਲਾਂ ਦੇ ਇਹ ਨਾਂ ਇਸ ਲਈ ਚੁਣੇ ਗਏ ਕਿ ਇਹ ਲੋਕ ਇਤਿਹਾਸ ਵਿਚ ਭਾਰਤ ਉਤੇ ਹਮਲਾਵਰੀ ਦੇ ਪ੍ਰਤੀਕ ਵਜੋਂ ਦਰਜ ਹੋ ਚੁੱਕੇ ਸਨ। ਪਾਕਿਸਤਾਨ ਦੇ ਨਾਲ ਹੱਦ ਸਿਰਫ ਸਾਡੀ ਨਹੀਂ ਲੱਗਦੀ, ਪੱਛਮ ਦੇ ਪਾਸੇ ਉਨ੍ਹਾਂ ਦੀ ਹੱਦ ਅਫਗਾਨਿਸਤਾਨ ਅਤੇ ਇਰਾਨ ਨਾਲ ਵੀ ਲੱਗਦੀ ਹੈ, ਪਰ ਇਹੋ ਜਿਹਾ ਕੋਈ ਨਾਂ ਨਹੀਂ ਚੁਣਿਆ ਗਿਆ, ਜਿਹੜਾ ਉਨ੍ਹਾਂ ਦੋਵਾਂ ਦੇਸ਼ਾਂ ਦੇ ਲਈ ਹਮਲਾਵਰੀ ਦਾ ਪ੍ਰਤੀਕ ਹੋਵੇ। ਸਿਰਫ ਭਾਰਤ ਵੱਲ ਹੀ ਇਹ ਰਵੱਈਆ ਰੱਖਿਆ ਜਾਣਾ ਨੀਤ ਨੂੰ ਜ਼ਾਹਰ ਕਰਦਾ ਹੈ।
ਇੱਕ ਹੋਰ ਮੌਕਾ ਯਾਦ ਕਰਨਾ ਚਾਹੀਦਾ ਹੈ, ਜਦੋਂ ਪਾਕਿਸਤਾਨੀ ਫੌਜ ਦੀ ਬੁੱਕਲ ਵਿਚ ਲੁਕਿਆ ਬੈਠਾ ਓਸਾਮਾ ਬਿਨ ਲਾਦੇਨ ਇੱਕ ਦਿਨ ਅਮਰੀਕਾ ਵਾਲਿਆਂ ਨੇ ਲੱਭ ਲਿਆ ਤੇ ਅੱਧੀ ਰਾਤ ਵੇਲੇ ਆਣ ਮਾਰਿਆ ਸੀ। ਉਸ ਦੀ ਮੌਤ ਦੀ ਜਾਂਚ ਲਈ ਪਾਕਿਸਤਾਨ ਸਰਕਾਰ ਨੇ ਇੱਕ ਕਮਿਸ਼ਨ ਬਣਾਇਆ ਸੀ, ਉਸ ਦੀ ਰਿਪੋਰਟ ਵੀ ਬਦਨੀਤੀ ਦੇ ਇਸ਼ਾਰੇ ਕਰਦੀ ਹੈ। ਕਮਿਸ਼ਨ ਨੂੰ ਇਹ ਜਾਂਚ ਕਰਨ ਲਈ ਨਹੀਂ ਸੀ ਕਿਹਾ ਗਿਆ ਕਿ ਉਥੇ ਓਸਾਮਾ ਬਿਨ ਲਾਦੇਨ ਦੇ ਲੁਕੇ ਹੋਣ ਦਾ ਪਾਕਿਸਤਾਨ ਦੀ ਫੌਜ ਅਤੇ ਖੁਫੀਆ ਏਜੰਸੀਆਂ ਨੂੰ ਪਤਾ ਕਿਉਂ ਨਾ ਲੱਗਾ, ਸਗੋਂ ਇਹ ਜਾਂਚ ਕਰਨ ਦਾ ਕੰਮ ਦਿੱਤਾ ਸੀ ਕਿ ਅੱਧੀ ਰਾਤ ਅਮਰੀਕਾ ਦੇ ਹੈਲੀਕਾਪਟਰ ਜਦੋਂ ਏਡਾ ਵੱਡਾ ਧਾਵਾ ਕਰ ਕੇ ਮੁੜ ਗਏ, ਪਾਕਿਸਤਾਨ ਦੀ ਫੌਜ ਜਾਂ ਕਿਸੇ ਹੋਰ ਏਜੰਸੀ ਨੂੰ ਇਸ ਦੀ ਸੂਹ ਕਿਉਂ ਨਾ ਮਿਲੀ? ਜਦੋਂ ਕਮਿਸ਼ਨ ਦੀ ਰਿਪੋਰਟ ਆਈ ਤਾਂ ਉਸ ਵਿਚ ਇਹ ਸਾਫ ਦਰਜ ਸੀ ਕਿ ਪਾਕਿਸਤਾਨ ਦੀਆਂ ਫੌਜਾਂ ਦੇ ਕੋਲ ਹਰ ਕਿਸਮ ਦਾ ਆਧੁਨਿਕ ਸਾਮਾਨ ਹੈ, ਪਰ ਇਹ ਸਾਰਾ ਕੁਝ ਉਨ੍ਹਾਂ ਦੀ ਫੌਜ ਨੇ ਸਿਰਫ ਤੇ ਸਿਰਫ ਭਾਰਤ ਵਾਲੇ ਪਾਸੇ ਬੀੜਿਆ ਪਿਆ ਸੀ, ਹੋਰ ਕਿਸੇ ਪਾਸੇ ਕੋਈ ਵੀ ਤਾਇਨਾਤੀ ਨਾ ਹੋਣ ਕਾਰਨ ਅਮਰੀਕੀ ਹੈਲੀਕਾਪਟਰਾਂ ਦੇ ਆਉਣ ਦਾ ਪਤਾ ਨਹੀਂ ਸੀ ਲੱਗ ਸਕਿਆ। ਕੀ ਇਸ ਤੋਂ ਸਾਫ ਨਹੀਂ ਹੋ ਜਾਂਦਾ ਕਿ ਪਾਕਿਸਤਾਨ ਨੂੰ ਨਾ ਅਫਗਾਨਿਸਤਾਨ ਵਿਚ ਫੈਲੀ ਹੋਈ ਬਦ-ਅਮਨੀ ਤੋਂ ਕੋਈ ਚਿੰਤਾ ਜਾਪਦੀ ਹੈ ਤੇ ਨਾ ਇਰਾਨ ਵਾਲੇ ਪਾਸਿਓਂ ਕੋਈ ਖਤਰਾ ਭਾਸਦਾ ਹੈ, ਸਿਰਫ ਭਾਰਤ ਵੱਲ ਅੱਖ ਟਿਕੀ ਹੋਈ ਹੈ?
ਸਰਹੱਦ ਦੀ ਤਾਜ਼ਾ ਕੁੜੱਤਣ ਦਾ ਕਾਰਨ ਰਾਜਸੀ ਵੀ ਹੈ। ਪਾਕਿਸਤਾਨ ਇਸ ਵਕਤ ਇੱਕ ਬਹੁਤ ਵੱਡੀ ਰਾਜਸੀ ਉਲਝਣ ਵਿਚੋਂ ਨਿਕਲਣ ਦਾ ਰਾਹ ਲੱਭਦਾ ਨਜ਼ਰ ਆ ਰਿਹਾ ਹੈ। ਉਸ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਨਾ ਫੌਜੀ ਕਮਾਂਡਰ ਕੋਈ ਵਜ਼ਨ ਦਿੰਦੇ ਤੇ ਨਾ ਰਾਜਸੀ ਵਿਰੋਧੀ ਉਸ ਦਾ ਪਿੱਛਾ ਛੱਡਦੇ ਹਨ। ਸਾਬਕਾ ਕ੍ਰਿਕਟ ਕਪਤਾਨ ਇਮਰਾਨ ਖਾਨ ਨੇ ਵੀ ਉਸ ਵਿਰੁਧ ਮੋਰਚਾ ਲਾ ਰੱਖਿਆ ਹੈ ਤੇ ਮੌਲਵੀ ਤਾਹਿਰ ਉਲ ਕਾਦਰੀ ਨੇ ਵੀ। ਦੋਵੇਂ ਜਣੇ ਇੱਕੋ ਮੰਗ ਕਰ ਰਹੇ ਹਨ ਕਿ ਨਵਾਜ਼ ਸ਼ਰੀਫ ਗੱਦੀ ਛੱਡ ਜਾਵੇ। ਇਹੋ ਜਿਹੇ ਹਾਲਾਤ ਵਿਚ ਕਸ਼ਮੀਰ ਦਾ ਮੁੱਦਾ ਹੀ ਇੱਕੋ ਇੱਕ ਇਸ ਤਰ੍ਹਾਂ ਦਾ ਤਿਨਕਾ ਹੈ, ਜਿਸ ਦਾ ਡੁੱਬ ਰਹੇ ਸ਼ਰੀਫ ਨੂੰ ਸਹਾਰਾ ਹੋ ਸਕਦਾ ਹੈ। ਜਦੋਂ ਨਰਿੰਦਰ ਮੋਦੀ ਅਮਰੀਕਾ ਜਾ ਰਿਹਾ ਸੀ, ਹਾਲੇ ਉਹ ਪਹੁੰਚਿਆ ਨਹੀਂ ਸੀ, ਨਵਾਜ਼ ਸ਼ਰੀਫ ਨੇ ਉਦੋਂ ਯੂ ਐਨ ਜਨਰਲ ਅਸੈਂਬਲੀ ਵਿਚ ਕਸ਼ਮੀਰ ਦਾ ਤਵਾ ਜਾ ਲਾਇਆ। ਇਹ ਤਾਂ ਉਸ ਵਕਤ ਏਜੰਡੇ ਉਤੇ ਹੀ ਨਹੀਂ ਸੀ। ਪਹਿਲਾਂ ਜਦੋਂ ਬੇਨਜ਼ੀਰ ਭੁੱਟੋ ਪ੍ਰਧਾਨ ਮੰਤਰੀ ਹੁੰਦਿਆਂ ਆਪਣੇ ਦੇਸ਼ ਦੇ ਅੰਦਰੂਨੀ ਹਾਲਾਤ ਦਾ ਸਾਹਮਣਾ ਕਰਨ ਵਿਚ ਮੁਸ਼ਕਲ ਮਹਿਸੂਸ ਕਰਦੀ ਸੀ, ਉਹ ਵੀ ਉਠ ਕੇ ਕਸ਼ਮੀਰ ਮੁੱਦੇ ਦਾ ਸੰਸਾਰੀਕਰਨ ਕਰਨ ਚਲੀ ਜਾਂਦੀ ਸੀ। ਜਨਰਲ ਮੁਸ਼ੱਰਫ ਨੇ ਵੀ ਇਹ ਮੁੱਦਾ ਉਸ ਵੇਲੇ ਚੁੱਕਿਆ ਸੀ, ਜਦੋਂ ਉਸ ਦੇ ਖਿਲਾਫ ਜੱਜਾਂ ਅਤੇ ਵਕੀਲਾਂ ਨੇ ਸੜਕਾਂ ਉਤੇ ਆ ਕੇ ਸਿੱਧੀ ਚੁਣੌਤੀ ਦਿੱਤੀ ਸੀ ਤੇ ਫੌਜੀ ਕਮਾਨ ਵੀ ਉਸ ਦਾ ਸਾਥ ਦੇਣ ਤੋਂ ਸਿਰ ਫੇਰਨ ਲੱਗ ਪਈ ਸੀ। ਹੁਣ ਇਹੋ ਜਿਹਾ ਹਾਲ ਨਵਾਜ਼ ਸ਼ਰੀਫ ਦਾ ਹੈ।
æææਤੇ ਆਖਰੀ ਗੱਲ ਵੀ ਸਮਝਣ ਵਾਲੀ ਹੈ। ਹਰ ਦੇਸ਼ ਦੇ ਕੋਲ ਫੌਜ ਅਤੇ ਹਰ ਫੌਜ ਦੇ ਕੋਲ ਹਥਿਆਰ ਹੁੰਦੇ ਹਨ। ਅੱਜ ਵਾਲੇ ਹਥਿਆਰ ਪੁਰਾਣੇ ਕਿਸਮ ਦੇ ਟਕੂਏ-ਗੰਡਾਸੇ ਨਹੀਂ, ਜਿਹੜੇ ਰੇਤ ਨਾਲ ਮਾਂਜੇ ਤੇ ਸੰਭਾਲੇ ਜਾ ਸਕਦੇ ਹਨ। ਹੁਣ ਵਾਲਿਆਂ ਦੀ ਮਿਆਦ ਹੁੰਦੀ ਹੈ ਤੇ ਜਦੋਂ ਮਿਆਦ ਪੁੱਗ ਜਾਵੇ, ਉਦੋਂ ਇਹ ਹਥਿਆਰ ਨਾਕਾਰਾ ਹੋ ਜਾਂਦੇ ਹਨ ਅਤੇ ਇਨ੍ਹਾਂ ਦੀ ਥਾਂ ਨਵੇਂ ਲੈਣੇ ਪੈ ਜਾਂਦੇ ਹਨ। ਦੋਵਾਂ ਦੇਸ਼ਾਂ ਦੀ ਫੌਜ ਨੂੰ ਕਾਰਗਿਲ ਦੀ ਜੰਗ ਪਿੱਛੋਂ ਨਵੇਂ ਹਥਿਆਰ ਨਹੀਂ ਮਿਲੇ। ਭਾਰਤ ਇਹ ਸੋਚ ਕੇ ਪੈਸੇ ਖਰਚਣ ਤੋਂ ਟਾਲਦਾ ਰਿਹਾ ਕਿ ਚੀਨ ਨਾਲ ਜੰਗ ਦੀ ਸੰਭਾਵਨਾ ਨਹੀਂ ਤੇ ਪਾਕਿਸਤਾਨ ਨਾਲ ਜਿੰਨੀ ਕੁ ਸੀਮਤ ਜਿਹੀ ਲੋੜ ਪੈ ਸਕਦੀ ਹੈ, ਉਸ ਲਈ ਪਹਿਲੇ ਕਾਫੀ ਹਨ। ਇਸ ਦਾ ਇੱਕ ਕਾਰਨ ਹੈ। ਭਾਰਤ ਨੂੰ ਹਥਿਆਰ ਮੁੱਲ ਲੈਣੇ ਪੈਂਦੇ ਹਨ ਤੇ ਪਾਕਿਸਤਾਨ ਨੂੰ ਖੈਰਾਤ ਵਿਚ ਮਿਲਦੇ ਹਨ। ਕਾਰਗਿਲ ਦੀ ਜੰਗ ਮੌਕੇ ਭਾਰਤ ਨੂੰ ਖੜੇ ਪੈਰ ਬੋਫੋਰਜ਼ ਦੀ ਹਾਵਿਟਜ਼ਰ ਤੋਪ ਦੇ ਗੋਲੇ ਖਰੀਦਣੇ ਪਏ ਸਨ। ਪਾਕਿਸਤਾਨ ਨੂੰ ਦਹਿਸ਼ਤਗਰਦੀ ਦੇ ਵਿਰੁਧ ਲੜਨ ਨੂੰ ਜਿੰਨੇ ਹਥਿਆਰ ਮਿਲਦੇ ਹਨ, ਉਹ ਹਮੇਸ਼ਾ ਉਸ ਨੇ ਭਾਰਤ ਦੇ ਵਿਰੁਧ ਵਰਤੇ ਹਨ ਤੇ ਵਰਤਣੇ ਹਨ। ਇਸ ਵਕਤ ਉਸ ਦੀ ਫੌਜ ਨਵੇਂ ਹਥਿਆਰ ਚਾਹੁੰਦੀ ਹੈ, ਇਸ ਲਈ ਛੇੜਾਂ ਛੇੜ ਰਹੀ ਹੈ। ਭਾਰਤ ਦੀ ਫੌਜ ਦੀ ਇਹੋ ਜਿਹੀ ਕੋਈ ਸੋਚ ਹੋਵੇ ਵੀ ਤਾਂ ਉਸ ਨੂੰ ਕਿਤੋਂ ਇਹ ਮਿਲਣੇ ਨਹੀਂ ਤੇ ਭਾਰਤ ਸਰਕਾਰ ਨੇ ਏਡਾ ਖਰਚ ਕਰਨ ਤੋਂ ਪਹਿਲਾਂ ਸੌ ਵਾਰੀ ਬਜਟ ਦੀਆਂ ਨੁੱਕਰਾਂ ਖੁਰਚਣੀਆਂ ਅਤੇ ਹਾਂ-ਨਾਂਹ ਦੇ ਵਿਚਾਲੇ ਸਿਰ ਘੁੰਮਾਈ ਜਾਣਾ ਹੈ।
ਇਸ ਲਈ ਇਹ ਸਾਰੇ ਹਾਲਾਤ ਕੂਕ-ਕੂਕ ਕੇ ਇਹੋ ਕਹਿ ਰਹੇ ਹਨ ਕਿ ਜੰਗ ਦੀ ਲੋੜ ਭਾਰਤ ਨੂੰ ਨਹੀਂ, ਉਸ ਦੇ ਗਵਾਂਢੀ ਦੇਸ਼ ਪਾਕਿਸਤਾਨ ਨੂੰ ਹੈ। ਭਾਰਤ ਤਾਂ ‘ਚੰਦਰਾ ਗਵਾਂਢ ਬੁਰਾ’ ਹੋਣ ਦਾ ਖਮਿਆਜ਼ਾ ਭੁਗਤ ਰਿਹਾ ਹੈ। ਇਸ ਦੇ ਬਾਵਜੂਦ ਭਾਰਤ ਓਨੀ ਦੇਰ ਜੰਗ ਵਾਲਾ ਰਾਹ ਨਹੀਂ ਫੜੇਗਾ, ਜਦੋਂ ਤੱਕ ਪਾਣੀ ਸਿਰੋਂ ਲੰਘਦਾ ਨਹੀਂ ਜਾਪੇਗਾ। ਅਜੇ ਸਥਿਤੀ ਉਸ ਤਰ੍ਹਾਂ ਦੀ ਨਹੀਂ ਬਣੀ ਤੇ ਅਸੀਂ ਆਸ ਕਰਦੇ ਹਾਂ ਕਿ ਉਹ ਸਥਿਤੀ ਹੁਣ ਬਣੇਗੀ ਵੀ ਨਹੀਂ।

Be the first to comment

Leave a Reply

Your email address will not be published.