ਬਲਜੀਤ ਬਾਸੀ
ਮਰਦ ਸ਼ਬਦ ਸੁਣਦਿਆਂ-ਕਲਪਦਿਆਂ ਹੀ ਅੱਖਾਂ ਅੱਗੇ ਇਕ ਜਾਨਦਾਰ, ਜ਼ਬਰਦਸਤ, ਜਿਗਰੇ ਵਾਲੇ ਬਹਾਦਰ ਇਨਸਾਨ ਦੀ ਤਸਵੀਰ ਆ ਜਾਂਦੀ ਹੈ। ਮਰਦ ਦਾ ਇਹ ਬਿੰਬ ਕੁਝ ਹੱਦ ਤੱਕ ਔਰਤ ਦੇ ਸਰੀਰਕ ਅਤੇ ਸਮਾਜਕ ਤੌਰ ‘ਤੇ ਕਮਜ਼ੋਰ ਹੈਸੀਅਤ ਦੇ ਟਕਰਾਅ ਵਿਚੋਂ ਉਭਰਿਆ ਜਾਪਦਾ ਹੈ। ਮਰਦ ਲਿੰਗਕ ਤੌਰ ‘ਤੇ ਤਕੜਾ ਤੇ ਪੱਠਾ ਮੰਨਿਆ ਜਾਂ ਖਿਆਲਿਆ ਜਾਂਦਾ ਹੈ। ਇਸਤਰੀ ਸੰਤਾਨ ਨਾ ਪੈਦਾ ਕਰ ਸਕਦੀ ਹੋਵੇ ਤਾਂ ਇਸ ਵਿਚ ਮਰਦ ਦਾ ਕੋਈ ਕਸੂਰ ਨਹੀਂ ਭਾਵੇਂ ਚੋਰੀ ਛਿਪੇ ਮਰਦ ਮਰਦਾਨਾ ਤਾਕਤ ਹਾਸਲ ਕਰਨ ਲਈ ਸੌ ਓਹੜ-ਪੋਹੜ ਕਰਦੇ ਹੋਣ। ਇਸ ਦੀ ਨਪੁੰਸ਼ਕਤਾ ਲਈ ਨਾਮਰਦੀ ਸ਼ਬਦ ਚਲਦਾ ਹੈ। ਉਂਜ ਮਰਦ ਲਈ ਔਰਤ ਦੀ ਏਨੀ ਖਿੱਚ ਹੈ ਕਿ ਉਹ ਉਸ ਦਾ ਕੀਲਿਆ ਕੱਖ ਦਾ ਨਹੀਂ ਰਹਿੰਦਾ। ਵਾਰਿਸ ਦੇ ਲਫਜ਼ਾਂ ਵਿਚ, “ਤੁਸਾਂ ਛਤਰੇ ਮਰਦ ਬਣਾ ਦਿਤੇ, ਸੱਪ ਰੱਸੀਆਂ ਦੇ ਕਰੋ ਡਾਰੀਓ ਨੀ।” ਪਰ ਹਰ ਤਰ੍ਹਾਂ ਨਿਕੰਮੀਆਂ ਔਰਤਾਂ ਦੇ ਟਾਕਰੇ ਤੇ ਸਭ-ਹੱਛਾ ਮਰਦ ਦਾ ਬਿੰਬ ਵੀ ਵਾਰਿਸ ਨੇ ਖੂਬ ਉਘਾੜਿਆ ਹੈ,
ਮਰਦ ਸਾਦ ਹਨ ਚਿਹਰੇ ਨੇਕੀਆਂ ਦੇ,
ਸੂਰਤ ਰੰਨ ਦੀ ਮੀਮ ਮੌਕੂਫ ਹੈ ਨੀ।
ਮਰਦ ਆਲਮ ਫਾਜ਼ਲ ਅਜ਼ਲ ਕਾਬਲ,
ਕਿਸੇ ਰੰਨ ਨੂੰ ਕੌਣ ਵਕੂਫ ਹੈ ਨੀ।
ਸਬਰ ਫਰ੍ਹਾ ਹੈ ਮੰਨਿਆ ਨੇਕ ਮਰਦਾਂ,
ਏਥੇ ਸਬਰ ਦੀ ਵਾਗ ਮਾਅਤੂਫ ਹੈ ਨੀ।
ਦਫਤਰ ਮਕਰ ਫਰੇਬ ਦੇ ਖਰਚਵਾਈ,
ਏਹਨਾਂ ਪਿਸਤਿਆਂ ਵਿਚ ਮਲਫੂਫ ਹੈ ਨੀ।
ਰੰਨ ਰੇਸ਼ਮੀ ਕੱਪੜਾ ਪਹਿਨ ਮੁਸਲੀ,
ਮਰਦ ਜੋਜ਼ ਕੈਦਾਰ ਮਸ਼ਰੂਫ ਹੈ ਨੀ।
ਵਾਰਸ ਸ਼ਾਹ ਵਲਾਇਤੀ ਮਰਦ ਮੇਵੇ,
ਅਤੇ ਰੰਨ ਮਸਵਾਕ ਦਾ ਸੂਫ ਹੈ ਨੀ।
ਉਪਰੋਕਤ ਵਿਚ ਪਹਿਲੀ ਤੁਕ ਵਾਚਣ ਵਾਲੀ ਹੈ। ਮੌਕੂਫ ਦਾ ਮਤਲਬ ਹੁੰਦਾ ਹੈ ਹਟਾਇਆ ਹੋਇਆ। “ਸੂਰਤ ਰੰਨ ਦੀ ਮੀਮ ਮਾਕੂਫ ਹੈ ਨੀ” ਦਾ ਅਰਥ ਹੋਇਆ ਕਿ ਮਰਦ ਸ਼ਬਦ ਵਿਚੋਂ ਜੇ ਮੀਮ ਅੱਖਰ ਹਟਾ ਦੇਈਏ ਤਾਂ ਰੱਦ ਸ਼ਬਦ ਬਣਦਾ ਹੈ, ਸੋ ਇਸ ਦਾ ਭਾਵ ਹੋਇਆ ਕਿ ਰੰਨ ਦੀ ਸੂਰਤ ਰੱਦ (ਮਰਦ-ਮੀਮ) ਹੈ ਜਦਕਿ ਮਰਦ ਸਾਦ ਚਿਹਰੇ ਨੇਕੀਆਂ ਦੇ ਹਨ। ਇਹ ਬੇਥਵੀ ਜਿਹੀ ਸ਼ਾਬਦਿਕ ਖੇਡ ਹੈ ਪਰ ਇਸ ਤੋਂ ਮਰਦਾਂ ਪ੍ਰਤੀ ਵਾਰਿਸ ਦਾ ਘੋਰ ਪੱਖਪਾਤੀ ਰਵੱਈਆ ਸਪਸ਼ਟ ਹੋ ਜਾਂਦਾ ਹੈ।
ਗੁਰੂ ਗ੍ਰੰਥ ਸਾਹਿਬ ਵਿਚ ਵੀ ਮਰਦ ਦੇ ਸੂਰਮੇ ਹੋਣ ਦੇ ਅਰਥ ਝਲਕਦੇ ਹਨ। “ਆਵਨਿ ਅਠਤਰੈ ਜਾਨਿ ਸਤਾਨਵੈ ਹੋਰ ਭੀ ਉਠਸੀ ਮਰਦ ਕਾ ਚੇਲਾ” ਦੀ ਉਕਤੀ ਵਾਲੇ ਸ਼ਬਦ ਵਿਚ ਗੁਰੂ ਨਾਨਕ ਦੇਵ ਵਲੋਂ ਕਥੇ Ḕਮਰਦ ਕਾ ਚੇਲਾḔ ਤੋਂ ਭਾਵ ਸੂਰਮਾ ਮਨੁੱਖ ਹੈ ਤੇ ਇਥੇ ਸ਼ੇਰਸ਼ਾਹ ਸੂਰੀ ਵੱਲ ਇਸ਼ਾਰਾ ਸਮਝਿਆ ਜਾਂਦਾ ਹੈ ਜੋ ਹਮਾਯੂੰ ਨੂੰ ਟੱਕਰ ਦੇਵੇਗਾ। ਉਂਜ ਗੁਰੂ ਨਾਨਕ ਦੇਵ ਜੀ ਨੂੰ ਵੀ ਇਕਬਾਲ ਨੇ ਮਰਦ-ਏ-ਕਾਮਿਲ ਕਿਹਾ ਸੀ। ਗੁਰੂ ਅਰਜਨ ਦੇਵ ਅਨੁਸਾਰ, “ਜਾ ਕਉ ਮਿਹਰ ਮਿਹਰ ਮਿਹਰਵਾਨਾ॥ ਸੋਈ ਮਰਦੁ ਮਰਦੁ ਮਰਦਾਨਾ॥” ਅਰਥਾਤ ਪਰਮਾਤਮਾ ਦੀ ਮਿਹਰ ਦਾ ਪਾਤਰ ਸੂਰਮਿਆਂ ਦਾ ਵੀ ਸੂਰਮਾ ਹੁੰਦਾ ਹੈ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਮਰਦ ਸ਼ਬਦ ਦਾ ਅਰਥ ਨਿਰਾ ਆਦਮੀ ਹੀ ਨਹੀਂ ਬਲਕਿ ਸੂਰਮਾ ਆਦਮੀ ਵੀ ਹੈ ਜਾਂ ਇਉਂ ਕਹਿ ਲਵੋ ਕਿ ਮਰਦ ਹੁੰਦਾ ਹੀ ਸੂਰਮਾ ਜਾਂ ਸਾਹਸੀ ਹੈ। ਮਰਦ ਦੀ ਸ਼ਕਤੀ ਅਤੇ ਔਰਤ ਦੀ ਕਮਜ਼ੋਰੀ ਨੂੰ ਸਾਡੇ ਲੋਕਯਾਨ ਵਿਚ ਬੇਹੱਦ ਆਦਰਸ਼ਿਆਇਆ ਗਿਆ ਹੈ। ਐਵੇਂ ਨਹੀਂ ਕਿਹਾ, “ਮਰਦ ਅਤੇ ਘੋੜਾ ਕਦੇ ਬੁਢੇ ਨਹੀਂ ਹੁੰਦੇ”, “ਮਰਦ ਅਤੇ ਘੋੜਿਆਂ ਕੰਮ ਪੈਣ ਅਵੱਲੇ।” ਮਰਦ ਨੂੰ ਤਾਂ ਉਂਜ ਵੀ ਘੋੜਾ ਕਹਿ ਦਿੱਤਾ ਜਾਂਦਾ ਹੈ, “ਮਾਂ ਪੁਰ ਧੀ ਪਿਤਾ ਪੁਰ ਘੋੜਾ, ਬਹੁਤਾ ਨਹੀਂ ਤਾਂ ਥੋੜਾ ਥੋੜਾ।” ਕਹਿੰਦੇ ਹਨ “ਮਰਦਾਂ ਦੀਆਂ ਦੂਰ ਬਲਾਈਂ” ਅਰਥਾਤ ਮਰਦਾਂ ਤੋਂ ਬੀਮਾਰੀਆਂ ਆਦਿ ਦੂਰ ਹੀ ਰਹਿੰਦੀਆਂ ਹਨ। ਮਰਦ ਆਦਮੀ ਦਾ ਮਤਲਬ ਭਲਾ ਪੁਰਖ, ਵੀਰ ਬਹਾਦਰ, ਸਿਦਕਵਾਨ ਹੈ। “ਮਰਦ ਮੁਛੇਲ ਤੇ ਬਲਦ ਸਿੰਗੇਲ” ਅਖਾਣ ਵਿਚ ਤਾਂ ਮਰਦ ਦੀ ਸਰੀਰਕ ਬਨਾਵਟ ਵੀ ਰੁਹਬਦਾਰ ਦਰਸਾਈ ਗਈ ਹੈ। ਸ਼ੁਕਰ ਹੈ, ਮਰਦ ਦੀ ਅਜਿਹੀ ਪਰਿਭਾਸ਼ਾ ਵਿਚ ਹਮਾਤੜ ਜਿਹੇ ਮਾੜਚੂ ਤੇ ਡਰਪੋਕ ਵੀ ਆ ਜਾਂਦੇ ਹਨ। ਉਂਜ ਮਰਦ ਦਾ ਅਰਥ ਪਤੀ ਵੀ ਹੁੰਦਾ ਹੈ। ਮਰਦ-ਮੱਖਣ ਦਾ ਮਤਲਬ ਵੀਰਯ ਹੁੰਦਾ ਹੈ। ਮਰਦਾਨਗੀ ਸ਼ਬਦ ਦਾ ਤਾਂ ਅਰਥ ਹੀ ਸੂਰਮਗਤੀ, ਦਲੇਰੀ ਹੈ। ḔਮਰਦਾਨੀḔ ਮਰਦਾਂ ਵਰਗੀ ਬਹਾਦਰ ਔਰਤ ਨੂੰ ਆਖਦੇ ਹਨ, “ਖੂਬ ਲੜੀ ਮਰਦਾਨੀ, ਉਹ ਤਾਂ ਝਾਂਸੀ ਵਾਲੀ ਰਾਣੀ ਸੀ।”
ਮਰਦ ਦੀ ਕਾਮ ਸ਼ਕਤੀ ਨੂੰ ਲੋੜੋਂ ਵੱਧ ਉਭਾਰਿਆ ਜਾਂਦਾ ਹੈ। ਅਤਿਸ਼ ਰੂਪ ਵਿਚ ਮਰਦ ਨੂੰ ਕਾਮ ਦਾ ਪੁਤਲਾ ਸਮਝਿਆ ਜਾਂਦਾ ਹੈ। ḔਲੂਣਾḔ ਵਿਚ ਸ਼ਿਵ ਕੁਮਾਰ ਦੇ ਸੁਖਨ ਸੁਣੋ,
ਮਰਦ ਮੰਗਦੇ ਰਾਣੀਏ ਪਿੰਡਿਆਂ ਨੂੰ
ਕੋਈ ਵੀ ਮਰਦ ਨਾ ਕਦੇ ਸੰਤਾਨ ਮੰਗੇ।
ਕਾਮ-ਦੇਵ ਦਾ ਪੁੱਤ ਹਰ ਮਰਦ ਜ਼ਹਿਰੀ
ਏਸ ਲਈ ਨਾ ਨਾਰ ਨੂੰ ਕਦੇ ਡੰਗੇ।
ਉਹ ਤਾਂ ਡੰਗੇ ਕਿ ਅੰਤਰ ਦੀ ਭਟਕਣਾ ਦੇ
ਲਾਂਬੂ ਮੱਚਦੇ ਰਤਾ ਹੋ ਜਾਣ ਠੰਢੇ।
ਇਕ ਵਿੱਸ ਜ਼ਹਿਰੀਲੀ ਹੈ ਵਾਸ਼ਨਾ ਦੀ
ਜਿਹੜੀ ਮਰਦ ਨੀ ਨਾਰ ਨੂੰ ਰੋਜ਼ ਵੰਡੇ|
ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਮਰਦ ਸ਼ਬਦ ਵਿਚ ਸਰੀਰਕ, ਬੌਧਿਕ, ਸਦਾਚਾਰਕ ਅਤੇ ਕਾਮੁਕ ਤੌਰ ‘ਤੇ ਜਾਨਦਾਰ ਹੋਣ ਦੇ ਭਾਵ ਹਨ। ਕਈ ਹਾਲਤਾਂ ਵਿਚ ਮਰਦ ਸਭਨਾਂ ਅਛਾਈਆਂ ਦਾ ਮਜਮੂਆ ਵੀ ਸਮਝਿਆ ਗਿਆ ਹੈ। ਐਪਰ ਮਰਦ ਸ਼ਬਦ ਦਾ ਅਸਲਾ ਐਨ ਇਸ ਤੋਂ ਉਲਟ ਹੈ। ਮੁਢਲੇ ਤੌਰ ‘ਤੇ ਮਰਦ ਸ਼ਬਦ ਵਿਚੋਂ ਜਾਨਦਾਰ ਨਹੀਂ ਬਲਕਿ ਬੇਜਾਨ, ਮਰੇ ਹੋਏ ਹੋਣ ਦੇ ਭਾਵ ਉਜਾਗਰ ਹੁੰਦੇ ਹਨ। ਬਹੁਤੇ ਪਾਠਕਾਂ ਨੇ ਮਰਦ ਸ਼ਬਦ ਵਿਚ ḔਮਰḔ ਜਿਹੇ ਘਟਕ ਤੋਂ ਅਜਿਹਾ ਅੰਦਾਜ਼ਾ ਲਾ ਲਿਆ ਹੋਵੇਗਾ। ਬਿਲਕੁਲ ਠੀਕ ਹੈ। ਮਰਦ ਤੋਂ ਭਾਵ ਹੈ- ਮਰਨਸ਼ੀਲ। ਕਿਹਾ ਜਾਂਦਾ ਹੈ ਕਿ ਅਮਰ ਦੇਵਤਿਆਂ ਦੇ ਟਾਕਰੇ ਤੇ ਮਨੁਖ ਦੇ ਨਾਸ਼ਵਾਨ ਜਾਂ ਮਰਨਸ਼ੀਲ ਹੋਣ ਦੇ ਵਖਰੇਵੇਂ ਕਾਰਨ ਉਸ ਲਈ ਅਜਿਹਾ ਸ਼ਬਦ ਪ੍ਰਚਲਿਤ ਹੋਇਆ। ਮਰਦ ਸ਼ਬਦ ਮੁਢਲੇ ਤੌਰ ‘ਤੇ ਫਾਰਸੀ ਤੋਂ ਸਾਡੀਆਂ ਭਾਸ਼ਾਵਾਂ ਵਿਚ ਆਇਆ ਹੈ। ਫਾਰਸੀ ਭਾਸ਼ਾ ਦੇ ਪ੍ਰਾਚੀਨ ਰੂਪ ਵਿਚ ਇਸ ਦਾ ਮ੍ਰਿਤਿਆ ਜਿਹਾ ਰੂਪ ਸੀ ਜਿਸ ਦਾ ਅਰਥ ਮਨੁਖ ਸੀ। ਅਵੇਸਤਾ ਵਿਚ ਇਸ ਦਾ ਮਰਦ ਰੂਪ ਮਿਲਦਾ ਹੈ। ਨਿਸ਼ਚੇ ਹੀ ਮਰਦ ਇਸੇ ਮ੍ਰਿਤਿਆ ਦਾ ਵਿਕਸਿਤ ਰੂਪ ਹੈ। ਮਰਦ ਸ਼ਬਦ ਦਾ ਅਸਲੀ ਅਰਥ ਹੈ- Ḕਜੋ ਮਰਨਸ਼ੀਲ ਹੈ।Ḕ ਫਾਰਸੀ ਵਿਚ ਮਰਦਨ ਦਾ ਅਰਥ ਹੁੰਦਾ ਹੈ- ਮਰਨਾ ਅਤੇ ਮਰਦਾਨੀ ਦਾ ਅਰਥ ਹੈ- ਮਰਨਸ਼ੀਲ, ਮਰਨਹਾਰ, ਮਰਨ ਕਿਨਾਰੇ ਆਦਿ। ਧਿਆਨ ਦਿਓ, ਮੁਰਦਾ ਦਾ ਅਰਥ ਮਰਿਆ ਹੋਇਆ ਹੁੰਦਾ ਹੈ।
ਇਸ ਸ਼ਬਦ ਦੇ ਸੁਜਾਤੀ ਰੂਪ ਕੈਲਟਿਕ, ਅਲਬੇਨੀਅਨ ਅਤੇ ਤੋਖਾਰੀਅਨ ਤੋਂ ਬਿਨਾ ਅਨੇਕਾਂ ਹਿੰਦ ਯੂਰਪੀ ਭਾਸ਼ਾਵਾਂ ਵਿਚ ਮਿਲਦੇ ਹਨ। ਗਰੀਕ, ਲਾਤੀਨੀ ਅਤੇ ਸੰਸਕ੍ਰਿਤ ਵਿਚ ਇਸ ਦੇ ਰੂਪਾਂ ਦੇ ਅਰਥ ਮ੍ਰਿਤਕ ਦੇ ਨਾਲ ਨਾਲ ਮਨੁਖ ਵੀ ਹਨ। ਗਰੀਕ ਵਿਚ ਇਸ ਦਾ ਇਕ ਰੂਪ ਬਰੋਤੋਕ ਜਿਹਾ ਹੈ, ਅਰਥਾਤ ḔਮḔ ਧੁਨੀ ḔਬḔ ਵਿਚ ਵਟੀ ਹੋਈ ਹੈ। ਇਸੇ ਤੋਂ ਬਣਿਆ ਇਕ ਸ਼ਬਦ ਹੈ- ਅਮਬੋਰੋਸਅਿ ਜੋ ਕਿ ਅੰਗਰੇਜ਼ੀ ਵਿਚ ਵੀ ਆ ਗਿਆ ਹੈ। ਇਸ ਦਾ ਅਰਥ ਹੈ- ਦੇਵਤਿਆਂ ਦਾ ਆਹਾਰ, ਜਿਸ ਦਾ ਸਾਡੀਆਂ ਭਾਸ਼ਾਵਾਂ ਵਿਚ ਬਰਾਬਰ ਦਾ ਅਤੇ ਸੁਜਾਤੀ ਰੂਪ ਹੈ- ਅੰਮ੍ਰਿਤ। ਸਾਡੀਆਂ ਭਾਸ਼ਾਵਾਂ ਵਿਚ ਇਸ ਦਾ ਅਰਥ ਅਜਿਹਾ ਪੀਣ-ਪਦਾਰਥ ਹੈ ਜਿਸ ਦੇ ਪੀਣ ਨਾਲ ਅਮਰ ਹੋ ਜਾਈਦਾ ਹੈ। ਦੋਵਾਂ ਸ਼ਬਦਾਂ ਵਿਚ ḔਅḔ ਅਗੇਤਰ ਨਾਂਹਵਾਚਕ ਹੈ। ਨੋਟ ਕਰਨ ਵਾਲੀ ਗੱਲ ਹੈ ਕਿ ਗਰੀਕ ਭਾਸ਼ਾ ਦੀ ਤਰ੍ਹਾਂ ਅਸੀਂ ਵੀ ਅੰਮ੍ਰਿਤ ਨੂੰ ਅੰਬਰਤ ਕਹਿ ਦਿੰਦੇ ਹਾਂ। ਅੰਮ੍ਰਿਤਸਰ ਨੂੰ ਬੋਲਚਾਲ ਵਿਚ ਅੰਬਰਸਰ ਹੀ ਕਿਹਾ ਜਾਂਦਾ ਹੈ। ਅੰਮ੍ਰਿਤ ਸ਼ਬਦ ਦੇ ਲਾਖਣਿਕ ਅਰਥ ਮੱਖਣ, ਦੁੱਧ, ਜਲ, ਧਨ, ਸੁਖਦਾਇਕ ਰਸ ਆਦਿ ਵੀ ਹਨ ਅਰਥਾਤ ਸ਼ਕਤੀਵਰ ਪਦਾਰਥ। ਗੁਰੂ ਨਾਨਕ ਸਾਹਿਬ ਦੀ ਇਸ ਤੁਕ “ਤਬ ਮਥੀਐ ਇਨ ਬਿਧਿ ਅੰਮ੍ਰਿਤ ਪਾਵਹੁ” ਵਿਚ ਮੱਖਣ ਵੱਲ ਸੰਕੇਤ ਹੈ ਅਤੇ ਭਗਤ ਨਾਮਦੇਵ ਇਥੇ ਇਸ ਸ਼ਬਦ ਤੋਂ ਦੁੱਧ ਦਾ ਭਾਵ ਲੈਂਦੇ ਹਨ, “ਸੋਇਨ ਕਟੋਰੀ ਅੰਮ੍ਰਿਤ ਭਰੀ॥” ਗੁਰਬਾਣੀ ਨੂੰ ਵੀ ਅੰਮ੍ਰਿਤ ਕਿਹਾ ਜਾਂਦਾ ਹੈ। ਅਮਰ ਸ਼ਬਦ ਦਾ ਇਕ ਸਮਾਨਅਰਥਕ ਸ਼ਬਦ ਹੈ ਅੰਮ੍ਰਿਤਯ। ਅਮ੍ਰਿਤਯ ਸੈਨ ਭਾਰਤ ਦੇ ਇਕ ਉਘੇ ਨੋਬਲ ਇਨਾਮ ਜੇਤੂ ਅਰਥ-ਸ਼ਾਸਤਰੀ ਦਾ ਨਾਂ ਹੈ। ਸੰਸਕ੍ਰਿਤ ਵਿਚ ਮ੍ਰਤਯ ਦਾ ਅਰਥ ਮਨੁਖ, ਭੂਲੋਕ ਅਤੇ ਸਰੀਰ ਹੈ। ਸਾਰਿਆਂ ਵਿਚ ਇਸ ਸ਼ਬਦ ਦੇ ਮਰਨਹਾਰ ਜਾਂ ਨਾਸ਼ਵਾਨ ਦੇ ਅਰਥ ਸਹੀ ਹੁੰਦੇ ਹਨ। ਗੁਰਬਾਣੀ ਵਿਚ ਇਸ ਦਾ ਮਰਤ ਰੂਪ ਮਿਲਦਾ ਹੈ ਜਿਸ ਦੇ ਅਰਥ ਮਰਨਹਾਰ, ਮਾਤਲੋਕ ਆਦਿ ਹੈ, “ਮਰਤ ਪਇਆਲ ਅਕਾਸੁ ਦਿਖਾਇਓ॥” -ਗੁਰੂ ਨਾਨਕ ਦੇਵ।
ਸੰਸਕ੍ਰਿਤ ਦੇ ਇਕ ਧਾਤੂ Ḕਮ੍ਰḔ ਵਿਚ ਮਰਨ ਦੇ ਭਾਵ ਹਨ। ਇਸ ਤੋਂ ਮਰਨ ਦੇ ਅਰਥਾਂ ਨੂੰ ਸਮੋਂਦੇ ਤਮਾਮ ਸ਼ਬਦ ਬਣੇ ਹਨ ਜਿਨ੍ਹਾਂ ਵਿਚ ਮਰਨਾ, ਮੌਤ, ਮ੍ਰਿਤੂ, ਮੁਰਦਘਾਟ, ਮਰਹਟ, ਮਰਜੀਵੜੇ ਆਦਿ ਹਨ। ਜਿਵੇਂ ਪਹਿਲਾਂ ਇਸ਼ਾਰਾ ਕੀਤਾ ਜਾ ਚੁੱਕਾ ਹੈ, ਇਸ ਦੇ ਹੋਰ ਭਾਰੋਪੀ ਭਾਸ਼ਾਵਾਂ ਵਿਚ ਬੇਸ਼ੁਮਾਰ ਸ਼ਬਦ ਮਿਲਦੇ ਹਨ। ਇਸ ਦਾ ਭਾਰੋਪੀ ਮੂਲ ḔਮਰḔ ਮeਰ ਮਿਥਿਆ ਗਿਆ ਹੈ ਜਿਸ ਵਿਚ ਮਰਨ ਦੇ ਭਾਵ ਹਨ। ਲਗਭਗ ਸਾਰੀਆਂ ਭਾਰੋਪੀ ਭਾਸ਼ਾਵਾਂ ਵਿਚ ਇਸ ਤੋਂ ਮਰਨ ਦੇ ਭਾਵਾਂ ਵਾਲੇ ਸ਼ਬਦ ਬਣੇ ਹਨ। ਕੁਝ ਇਕ ਦੀ ਚਰਚਾ ਕਰਦੇ ਹਾਂ। ਅੰਗਰੇਜ਼ੀ ਮੋਰਟਅਲ (ਮਰਨਹਾਰ) ਪ੍ਰਾਚੀਨ ਲਾਤੀਨੀ ਦੇ ਮੋਰਟਅਲਸਿ ਤੋਂ ਫਰਾਂਸੀਸੀ ਵਿਚ ਦੀ ਅੰਗਰੇਜ਼ੀ ਵਿਚ ਆਇਆ ਹੈ। ਆਰਮੀਨੀਅਨ ਦੇ ਸ਼ਬਦ ਮੇਰਾਨਿਮ ਦਾ ਅਰਥ ਮਰਨਾ ਹੁੰਦਾ ਹੈ। ਲਿਥੂਏਨੀਅਨ ਮਿਰਤਿਸ ਦਾ ਅਰਥ ਹੈ- ਮਰਨਸ਼ੀਲ ਮਨੁਖ। ਪੁਰਾਣੀ ਆਇਰਿਸ਼ ਮਰਬ ਅਤੇ ਵੈਲਿਸ਼ ਮਰਵ ਦਾ ਅਰਥ ਮਰਿਆ ਹੁੰਦਾ ਹੈ। ਪੁਰਾਣੀ ਅੰਗਰੇਜ਼ੀ ਦੇ ਸ਼ਬਦ ਮੌਰਬ ਦਾ ਅਰਥ ਵੀ ਕਤਲ ਹੁੰਦਾ ਹੈ। ਗਰੀਕ ਬਰੋਤੋਸ ਦਾ ਅਰਥ ਮਰਨਸ਼ੀਲ ਹੁੰਦਾ ਹੈ।
ਰਹਿਨ, ਗਿਰਵੀ ਦੇ ਅਰਥਾਂ ਵਾਲਾ ਅੰਗਰੇਜ਼ੀ ਸ਼ਬਦ ਮਾਰਗੇਜ (ਮੋਰਟਗਅਗe) ਵੀ ਇਸੇ ḔਮਰḔ ਮੂਲ ਨਾਲ ਸਬੰਧ ਰਖਦਾ ਹੈ। ਇਸ ਸ਼ਬਦ ਵਿਚ ਗੇਜ ਗਅਗe ਦਾ ਅਰਥ ਵਾਅਦਾ, ਪ੍ਰਤਿਗਿਆ, ਸਮਝੌਤਾ ਹੁੰਦਾ ਹੈ। ਇਸ ਦਾ ਮੂਲਕ ਅਰਥ ਹੈ- ਅਜਿਹਾ ਸਮਝੌਤਾ ਜੋ ਕਰਜ਼ਾ ਚੁਕਾਉਣ ਦੀ ਹਾਲਤ ਵਿਚ ਮਰ ਜਾਂਦਾ ਹੈ। ਕਤਲ ਦੇ ਅਰਥਾਂ ਵਾਲੇ ਮਰਡਰ ਮੁਰਦeਰ ਸ਼ਬਦ ਵਿਚ ਵੀ ḔਮਰḔ ਮੂਲ ਸਪਸ਼ਟ ਝਲਕਦਾ ਹੈ। ਇਹ ਜਰਮੈਨਿਕ ਅਸਲੇ ਦਾ ਸ਼ਬਦ ਹੈ। ਵਾਈਕਿੰਗ ਦੀ ਰੀਤੀ ਅਨੁਸਾਰ ਮਰਡਰ ਰਾਤ ਨੂੰ ਜਾਂ ਸੁੱਤੇ ਪਿਆ ਕੀਤੇ ਜਾਂਦੇ ਸਨ ਇਸ ਲਈ ਘੋਰ ਪਾਪ ਸਮਝੇ ਜਾਦੇ ਸਨ। ਮੁਰਦਗਾਟ ਦੇ ਅਰਥਾਂ ਵਾਲਾ ਮੋਰਟੁਅਰੇ ਸ਼ਬਦ ਵੀ ਪੁਰਾਣੀ ਲਾਤੀਨੀ ਵਿਚੋਂ ਆਇਆ ਹੈ ਜਿਥੇ ਇਸ ਦਾ ਰੂਪ ਸੀ ਮੋਰਟੁਅਰਿਮ। ਇਕ ਹੋਰ ਦਿਲਚਸਪ ਅੰਗਰੇਜ਼ੀ ਸ਼æਬਦ ਹੈ ਮੈਂਟੀਕੋਰ ੰਅਨਟਚੋਰe। ਜਿਸ ਦਾ ਅਰਥ ਮਰਦਖੋਰ ਹੈ ਤੇ ਇਹ ਹੈ ਵੀ ਇਸੇ ਸ਼ਬਦ ਤੋਂ ਬਣਿਆ। ਮੈਂਟੀਕੋਰ ਇਕ ਮਿਥਿਆ ਜਾਨਵਰ ਹੈ ਜਿਸ ਦਾ ਸਿਰ ਮਰਦ ਵਰਗਾ, ਧੜ ਸ਼ੇਰ ਵਰਗਾ, ਪੂਛ ਸੇਹ ਵਰਗੀ ਅਤੇ ਡੰਗ ਬਿਛੂਏ ਵਰਗਾ ਹੁੰਦਾ ਹੈ। ਗਰੀਕ ਵਿਚ ਇਸ ਦਾ ਰੂਪ ਮੰਤੀਖੋਰਾ ਜਿਹਾ ਸੀ ਜੋ ਅੱਗੋਂ ਪੁਰਾਣੀ ਫਾਰਸੀ ਮਰਤਯਾਖਵਾਰਾ ਤੋਂ ਬਣਿਆ ਹੈ। ਅਸੀਂ ਪੰਜਾਬੀ ਵਿਚ ਇਸ ਨੁੰ ਆਦਮਖੋਰ ਕਹਿੰਦੇ ਹਾਂ ਪਰ ਇਸੇ ਤਰਜ਼ ‘ਤੇ ਮਰਦਖੋਰ ਵੀ ਕਿਹਾ ਜਾ ਸਕਦਾ ਹੈ।
Leave a Reply