ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਕੁਰਸੀ ਮੇਜ਼ ਤੋਂ ਹੁੰਦੀ ਏ ਭਾਵੇਂ ਛੋਟੀ
ਟੌਹਰ ਮੇਜ਼ ਤੋਂ ਬਹੁਤਾ ਰਖਾਏ ਕੁਰਸੀ।
ਬੰਦਾ ਬੰਦੇ ਨੂੰ ਬੰਦਾ ਈ ਨਹੀਂ ਨਜ਼ਰ ਆਉਂਦਾ
ਏਥੋਂ ਤੀਕਰਾਂ ਨਾ ਚੜ੍ਹਾਏ ਕੁਰਸੀ।
ਕੁਰਸੀ ਵਾਸਤੇ ਸਾਰਾ ਜਹਾਨ ਤੜਫੇ
ਭਾਲੂ ਵਾਂਗਰਾਂ ਨਾਚ ਨਚਾਏ ਕੁਰਸੀ।
ਇਹਦੇ ਅਹੁਦੇ ਦੀ ਕੀਮਤ ਉਹੀ ਜਾਣਦਾ ਏ
ਜਿਹਦੇ ਥੱਲਿਉਂ ਇਹ ਖਿਸਕ ਜਾਏ ਕੁਰਸੀ।
ਲੱਥੇ ਕੁਰਸੀਉਂ ਕਿਸੇ ਵਜ਼ੀਰ ਤਾਂਈਂ
ਪੁੱਛੋ ਹਾਲ ਕੀ? ਆਖੂਗਾ ਹਾਏ ਕੁਰਸੀ!
ਉਘੇ ਸ਼ਾਇਰ ਚਮਨ ਹਰਿਗੋਬਿੰਦਪੁਰੀ ਦੀ ਲਿਖੀ ਹੋਈ ਇਹ ‘ਕੁਰਸੀ ਉਪਮਾ’ ਭਾਰਤੀ ਰਾਜਨੀਤੀ ਦੇ ਪਿੜ ਦਾ ਹੂ-ਬ-ਹੂ ਨਕਸ਼ਾ ਖਿੱਚਦੀ ਹੈ। ਕੋਈ ਸਿਆਸਤਦਾਨ ਜਦੋਂ ਮੰਜ਼ਿਲਾਂ ਮਾਰਦਾ ਹੋਇਆ ਕੁਰਸੀ ਗ੍ਰਹਿਣ ਕਰਨ ਦੇ ਨੇੜੇ ਜਾ ਢੁੱਕਦਾ ਹੈ, ਤਾਂ ਪੂਰੀ ਟਾਈ-ਸ਼ਾਈ ਲਾ ਕੇ, ਬੀਬਾ ਰਾਣਾ ਜਿਹਾ ਬਣਦਿਆਂ ਸਹੁੰ ਚੁੱਕਦਾ ਹੈ- ‘ਮੈਂ ਭਾਰਤ ਕੇ ਸੰਵਿਧਾਨ ਪ੍ਰਤੀ ਸੱਚੀ ਨਿਸ਼ਠਾ ਕੇ ਸਾਥ ਸ਼ਪਥ ਲੇਤਾ ਹੂੰæææ!’ ਜਦ ਕਿ ਅਸਲ ਵਿਚ ਉਹ ਵੋਟਾਂ ਲੈਣ ਦੀ ਹੋੜ ਵਿਚ ਸੰਵਿਧਾਨ ਪ੍ਰਤੀ ਨਿਸ਼ਠਾ ਨੂੰ ਪੈਰਾਂ ਹੇਠ ਰੋਲ ਕੇ ਹੀ ਕੁਰਸੀ ਲੈਣ ਜੋਗਾ ਹੋਇਆ ਹੁੰਦਾ ਹੈ। ਰਾਜ ਦਰਬਾਰ ਦੇ ਗਲਿਆਰਿਆਂ ਵਿਚ ਹੁੰਦੇ ਇਹ ਸਾਦਾ ਪਰ ਪ੍ਰਭਾਵਸ਼ਾਲੀ ਸਹੁੰ ਚੁੱਕ ਸਮਾਗਮ ਕਾਨੂੰਨ ਦੀ ਖਾਨਾਪੂਰਤੀ ਹੀ ਬਣ ਕੇ ਰਹਿ ਜਾਂਦੇ ਹਨ। ਹੋਣਾ ਤਾਂ ਆਖਰ ਉਹੀ ਹੁੰਦਾ ਹੈ ਜੋ ਕੁਰਸੀ ਮੱਲਣ ਵਾਲੇ ਲੀਡਰ ਦੇ ਢਿੱਡ ਵਿਚ ਹੋਵੇ। ਸੰਵਿਧਾਨ ਦੀਆਂ ਧਾਰਾਵਾਂ ਦੇ ਅਰਥ ਵੀ ਫਿਰ ਕੁਰਸੀ ‘ਤੇ ਬੈਠੇ ਆਗੂ ਦੀ ਮਨਸ਼ਾ ਅਨੁਸਾਰ ਹੀ ਹੁੰਦੇ ਹਨ।
ਹਰ ਤਰ੍ਹਾਂ ਦੇ ਪਾਪੜ ਵੇਲ ਕੇ ਮੱਲੀ ਕੁਰਸੀ ‘ਤੇ ਬਹਿ ਕੇ ਕਾਨੂੰਨਘਾੜੇ ਜਾਂ ਕਾਨੂੰਨ ਦੇ ਰਾਖੇ ਬਣਨ ਵਾਲੇ ਸ੍ਰੀਮਾਨ ਅਕਸਰ ਆਮ ਲੋਕਾਂ ਨੂੰ ਡਰਾਉਣ ਲਈ ਉਪਦੇਸ਼ ਵਜੋਂ ਕਿਹਾ ਕਰਦੇ ਨੇ ਕਿ ਕਾਨੂੰਨ ਦੇ ਹੱਥ ਬਹੁਤ ਲੰਬੇ ਹੁੰਦੇ ਹਨ; ਲੇਕਿਨ ਇਹੀ ਫਰਮਾਨ ਕਰਨ ਵਾਲਿਆਂ ਦੇ ਸਾਹਮਣੇ ਜੇ ਕਾਨੂੰਨ ਨੂੰ ਬੌਣਾ ਜਾਂ ਲੂਲਾ-ਲੰਗੜਾ ਬਣਿਆ ਦੇਖਣਾ ਹੋਵੇ, ਤਾਂ ਮਚੇ ਹੋਏ ਚੋਣ ਦੰਗਲ ਵੇਲੇ ਦਾ ਨਜ਼ਾਰਾ ਦੇਖ ਲੈਣਾ ਚਾਹੀਦਾ ਹੈ।
ਹੁਣੇ-ਹੁਣੇ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਹਲਕਾ ਬਠਿੰਡਾ ਜਿਥੇ ਵਿਧਾਨਕਾਰ ਤੇ ਖ਼ਜ਼ਾਨਾ ਮੰਤਰੀ ਰਹਿ ਚੁੱਕੇ ਮਨਪ੍ਰੀਤ ਸਿੰਘ ਨੂੰ ਆਪਣੇ ਨਾਂ ਪਿੱਛੇ ‘ਬਾਦਲ’ ਉਪ-ਨਾਮ ਵਰਤਣ ਦੀ ਇਜਾਜ਼ਤ ਨਹੀਂ ਸੀ ਦਿੱਤੀ ਗਈ, ਬੇਸ਼ੱਕ ਸੰਵਿਧਾਨ ਨੇ ਉਸ ਨੂੰ ਪਾਸਪੋਰਟ ਦੇਣ ਲੱਗਿਆ, ਉਹਦਾ ਨਾਂ ਮਨਪ੍ਰੀਤ ਸਿੰਘ ਬਾਦਲ ਹੀ ਸਵੀਕਾਰਿਆ, ਪਰ ਕੁਰਸੀ ‘ਤੇ ਬੈਠੇ ਤਤਕਾਲੀ ਕਾਨੂੰਨ ਦੇ ਰਾਖਿਆਂ ਵੱਲੋਂ ਆਏ ਹੁਕਮਾਂ ਨੂੰ ਸਿਰਮੌਰ ਮੰਨਦਿਆਂ ਡਿਪਟੀ ਕਮਿਸ਼ਨਰ ਨੇ ਸੰਵਿਧਾਨ ਦੀ ਇਕ ਨਾ ਸੁਣੀ। ਸਿਰਫ਼ ਤੇ ਸਿਰਫ ‘ਉਪਰੋਂ ਆਏ’ ਹੁਕਮਾਂ ਅਨੁਸਾਰ ਕਿਸੇ ਅਣਜਾਣ ਜਿਹੇ ਬੰਦੇ ਨੂੰ ਲਿਸ਼ਕਾ-ਪੁਸ਼ਕਾ ਕੇ ‘ਮਨਪ੍ਰੀਤ ਸਿੰਘ ਬਾਦਲ’ ਬਣਾ ਦਿੱਤਾ। ਉਹਦੇ ਉਤੇ ਮਿਹਰਾਂ ਦਾ ਹੋਰ ਮੀਂਹ ਵਰ੍ਹਾਉਂਦਿਆਂ ਉਹਨੂੰ ‘ਪਤੰਗ ਦੀ ਡੋਰ’ ਵੀ ਫੜਾ ਦਿੱਤੀ ਗਈ।
ਭਾਰਤੀ ਸੰਵਿਧਾਨ ਦੀ ਕੋਈ ਧਾਰਾ ਭਲਾ ਇਹ ਵੀ ਕਹਿੰਦੀ ਹੈ ਕਿ ਜਿਸ ਪ੍ਰਾਂਤ ਵਿਚ ਕੇਂਦਰੀ ਸਰਕਾਰ ‘ਤੇ ਕਾਬਜ਼ ਸਿਆਸੀ ਪਾਰਟੀ ਦਾ ਹੀ ਰਾਜ ਭਾਗ ਹੋਵੇ, ਉਸੇ ਸੂਬੇ ਦਾ ਸਰਬ ਪੱਖੀ ਵਿਕਾਸ ਵਧੀਆ ਹੁੰਦਾ ਹੈ? ਕਾਨੂੰਨ ਬਾਰੇ ਚੱਲਵੀਂ ਜਿਹੀ ਜਾਣਕਾਰੀ ਰੱਖਣ ਵਾਲਾ ਕੋਈ ਵੀ ਬੰਦਾ ਇਸ ਸਵਾਲ ਦਾ ਜਵਾਬ ਨਾਂਹ ਵਿਚ ਹੀ ਦੇਵੇਗਾ, ਪਰ ਨਹੀਂ ਜੀ! ਇਹ ਗੱਲ ਕਿਸੇ ਐਰੇ-ਗੈਰੇ ਨੇ ਨਹੀਂ, ਸਗੋਂ ਭਾਰਤ ਦੇ ਪ੍ਰਧਾਨ ਮੰਤਰੀ ਨੇ ਕਹੀ ਹੈ। ਉਹ ਵੀ ਲੁਕ-ਛਿਪ ਕੇ ਨਹੀਂ, ਸਗੋਂ ਹਰਿਆਣੇ ਦੇ ਚੋਣ ਪ੍ਰਚਾਰ ਦੌਰਾਨæææ ਉਨ੍ਹਾਂ ਹਰਿਆਣਵੀ ਲੋਕਾਂ ਨੂੰ ਸੱਦਾ ਦਿੱਤਾ ਕਿ ਜੇ ਉਹ ਵਿਕਾਸ ਚਾਹੁੰਦੇ ਨੇ ਤਾਂ ਆਪਣੇ ਪ੍ਰਾਂਤ ਵਿਚ ‘ਕਮਲ ਫੁੱਲ’ ਵਾਲੀ ਸਰਕਾਰ ਹੀ ਬਣਾਉਣ।
ਉਹੀ ਹਰਿਆਣਾ ਜਿਸ ਨੇ ਟਪੂਸੀਆਂ ਮਾਰ-ਮਾਰ ਕੇ ਦਲ-ਬਦਲੀਆਂ ਕਰਨ ਵਾਲੇ ਚੁਫੇਰਗੜ੍ਹੀਏ ਸਿਆਸਤਦਾਨਾਂ ਲਈ ‘ਸਤਿਕਾਰਤ’ ਮੁਹਾਵਰਾ ‘ਆਇਆ ਰਾਮ ਗਇਆ ਰਾਮ’ ਘੜਿਆ ਸੀ, ਉਸੇ ਹਰਿਆਣਾ ਵਿਚ ਇਨ੍ਹੀਂ ਦਿਨੀਂ ਕੁਰਸੀ ਯੁੱਧ ਦਾ ਘਮਾਸਾਨ ਮਚਿਆ ਹੋਇਆ ਹੈ। ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਅਧਿਆਪਕ ਭਰਤੀ ਘੁਟਾਲੇ ਦੇ ਦੋਸ਼ ਵਿਚ ਦਸ ਸਾਲ ਜੇਲ੍ਹ ਭੁਗਤ ਰਹੇ ਸਨ। ਜੇਲ੍ਹ ਵਿਚ ਬੈਠਿਆਂ ਉਨ੍ਹਾਂ ਹਰਿਆਣੇ ਦੀ ਚੀਫ ਮਨਿਸਟਰ ਵਾਲੀ ਕੁਰਸੀ ਹਥਿਆਉਣ ਲਈ ਜੁਗਤਿ ਬਣਾਈ। ਉਨ੍ਹਾਂ ਕਾਨੂੰਨ ਦੇ ਰਾਖਿਆ ਅੱਗੇ ਜਾ ਕੇ ਲੱਕ ਦੀ ਹੱਡੀ ਦਾ ਇਲਾਜ ਕਰਾਉਣ ਦੀ ਆਗਿਆ ਮੰਗੀ। ਸਾਬਕਾ ਕਾਨੂੰਨਘਾੜਾ ਰਿਹਾ ਹੋਣ ਕਾਰਨ ਹਰ ਤਰ੍ਹਾਂ ਦੀਆਂ ਡਾਕਟਰੀ ਸਹੂਲਤਾਂ ਤਾਂ ਉਸ ਨੂੰ ਜੇਲ੍ਹ ਵਿਚ ਹੀ ਮੁਯੱਸਰ ਹੀ ਸਨ, ਪਰ ਉਹ ‘ਹਰਿਆਣਾ ਪ੍ਰੇਮੀ’ ਹੋਣ ਨਾਤੇ ਆਪਣਾ ਇਲਾਜ ਵੀ ਹਰਿਆਣੇ ਵਿਚ ਹੀ ਕਰਵਾਉਣਾ ਚਾਹੁੰਦੇ ਸਨ।
ਇਜਾਜ਼ਤ ਮਿਲਦਿਆਂ ਸਾਰ ਜਨਾਬ ਜੀ ਹਸਪਤਾਲ ਵਾਲਿਆਂ ਨਾਲ ਗੰਢ-ਤੁੱਪ ਕਰ ਕੇ ਸਿੱਧੇ ਚੋਣ ਰੈਲੀਆਂ ਵਿਚ ਜਾ ਗਰਜਣ ਲੱਗੇ। ਕਿਸੇ ਗੁਨਾਹ ਕਾਰਨ ਜੇਲ੍ਹੋਂ ਰਿਹਾਅ ਹੋ ਕੇ ਆਇਆ ਕੋਈ ਆਮ ਪੇਂਡੂ ਨਮੋਸ਼ੀ ਦਾ ਮਾਰਿਆ ਮਹੀਨਾ-ਮਹੀਨਾ ਅੰਦਰੋਂ ਨਹੀਂ ਨਿਕਲਦਾ, ਪਰ ਸਦਕੇ ਜਾਈਏ ਇਸ ਹਰਿਆਣਵੀ ਆਗੂ ਦੇæææ ਜੇਲ੍ਹ ਵਿਚੋਂ ਝੂਠ ਬੋਲ ਕੇ ਆਇਆ ਹੋਇਆ, ਸਿਰ ‘ਤੇ ਰੱਖੀ ਹਰੀ ਪੱਗ ਦਾ ਸ਼ਮ੍ਹਲਾ ਇਉਂ ਲਿਸ਼ਕਾਉਂਦਾ ਫਿਰਦੈ, ਜਿਵੇਂ ਛੁੱਟੀ ਆਇਆ ਫੌਜੀ ਸਹੁਰੀਂ ਘੁੰਮਦਾ ਹੁੰਦਾ ਹੈ। ਅਦਾਲਤ ਦੇ ਹੁਕਮ ਪਿਛੋਂ ਹੁਣ ਉਹ ਭਾਵੇਂ ਫਿਰ ਜੇਲ੍ਹ ਅੰਦਰ ਪੁੱਜ ਗਿਆ ਹੈ, ਪਰ ਸ੍ਰੀ ਚੌਟਾਲਾ ਨੇ ਇਕ ਵਾਰ ਤਾਂ ਅਦਾਲਤਾਂ ਦੇ ਅੱਖੀਂ ਘੱਟਾ ਪਾ ਕੇ ਅਤੇ ਆਪਣੀ ਪਾਰਟੀ ਦਾ ਚੋਣ ਪ੍ਰਚਾਰ ਕਰ ਕੇ ਇਹ ਦੱਸ ਦਿੱਤਾ ਹੈ ਕਿ ਕੜੇ-ਕਾਨੂੰਨ ਦੇ ਹੱਥ, ਕਦੇ-ਕਦੇ ਕਾਨੂੰਨ ਦੇ ਰਖਵਾਲੇ ਬਣਨ ਵਾਲਿਆਂ ਦੇ ਹੱਥਾਂ ਨਾਲੋਂ ਜ਼ਿਆਦਾ ਲੰਮੇ ਨਹੀਂ ਹੁੰਦੇ।
ਸ੍ਰੀ ਚੌਟਾਲਾ ਨੂੰ ਮੁੱਖ ਮੰਤਰੀ ਬਣਾਉਣ ਦਾ ਨਿਸ਼ਾਨਾ ਮਿੱਥ ਕੇ ਉਸ ਦੀ ਪਾਰਟੀ ਇਨੈਲੋ ਦੀ ਮਦਦ ਕਰਨ ਵਾਸਤੇ ਉਥੇ ਜਾ ਪਹੁੰਚੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ। ਖਾਸ ਕਰ ਕੇ ਦੋ ਨੁਕਤਿਆਂ ‘ਤੇ ਵਿਚਾਰ ਕਰੀਏ ਕਿ ਕੀ ਉਨ੍ਹਾਂ ਵੱਲੋਂ ਚੌਟਾਲਿਆਂ ਦੀ ਮਦਦ ਕਰਨੀ ਜਾਇਜ਼ ਹੈ? ਪਹਿਲਾ ਨੁਕਤਾ ਇਹ ਕਿ ਹਰਿਆਣੇ ਵਿਚ ਆਪਣਾ ਤਸੱਲਤ ਜਮਾਉਣ ਲਈ ਮਰਹੂਮ ਦੇਵੀ ਲਾਲ ਦੇ ਵੇਲੇ ਤੋਂ ਹੀ ਇਹ ਟੱਬਰ ਪੰਜਾਬ ਦੇ ਪਾਣੀ ਲੁੱਟਣ ਦੀਆਂ ਸਕੀਮਾਂ ਘੜਦਾ ਆ ਰਿਹਾ ਹੈ; ਕੀ ਸ੍ਰੀ ਬਾਦਲ ਉਥੇ ਪੰਜਾਬ ਦੇ ਕੁਦਰਤੀ ਸੋਮਿਆਂ ਨੂੰ ਲੁੱਟਣ ਵਾਲੇ ਹੱਥਾਂ ਨੂੰ ਮਜ਼ਬੂਤ ਬਣਾਉਣ ਲਈ ਦਿਨ-ਰਾਤ ਇਕ ਕਰ ਰਹੇ ਨੇ? ਦੂਜਾ ਨੁਕਤਾ, ਸ੍ਰੀ ਬਾਦਲ ਨਹੀਂ ਜਾਣਦੇ ਕਿ ਉਹ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ ਅਦਾਲਤ ਵੱਲੋਂ ਦੋਸ਼ੀ ਐਲਾਨੇ ਗਏ ਸਜ਼ਾ-ਯਾਫਤਾ ਮੁਜਰਿਮ ਦੀ ਪੁਸ਼ਤ-ਪਨਾਹੀ ਕਰ ਰਹੇ ਹਨ?
ਅਦਾਲਤ ਨੇ ਸ੍ਰੀ ਚੌਟਾਲਾ ਨੂੰ ਰਿਸ਼ਵਤ ਖਾਣ ਦਾ ਗੁਨਾਹਗਾਰ ਮੰਨਿਆ ਹੈ। ਰਿਸ਼ਵਤ ਖਾਣੀ ਵੀ ਇਕ ਤਰ੍ਹਾਂ ਦੀ ਚੋਰੀ ਹੈ। ਕੀ ਸ੍ਰੀ ਬਾਦਲ ਨੂੰ ਇਹ ਯਾਦ ਨਹੀਂ ਕਰਾਇਆ ਜਾਣਾ ਚਾਹੀਦਾ ਕਿ ਉਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਉਸ ਅਸਥਾਨ ਤੋਂ ‘ਫ਼ਖ਼ਰ-ਏ-ਕੌਮ’ ਦਾ ਖਿਤਾਬ ਮਿਲਿਆ ਹੋਇਆ ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਆਵਾਜ਼ ਗੂੰਜਦੀ ਹੈ-
ਚੋਰ ਕੀ ਹਾਮਾ ਭਰੇ ਨ ਕੋਇ॥
ਗੁਰਬਾਣੀ ਦੇ ਇਸ ਕਥਨ ਦੀ ਰੌਸ਼ਨੀ ਵਿਚ ਕੀ ਸ੍ਰੀ ਬਾਦਲ ਫਖ਼ਰ-ਏ-ਕੌਮ ਵਾਲੇ ਸਨਮਾਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਕਸ ਨੂੰ ਢਾਹ ਨਹੀਂ ਲਾ ਰਹੇ? ਉਨ੍ਹਾਂ ਦੀ ਆਪਣੀ ਪਾਰਟੀ, ਅਕਾਲੀ ਦਲ ਦੇ ਕੁਝ ਆਗੂਆਂ ਉਤੇ ਜਦੋਂ ਨਸ਼ਾ ਤਸਕਰੀ ਦੇ ਦੋਸ਼ ਲੱਗੇ, ਤਦ ਉਨ੍ਹਾਂ ਇਹ ਸਪਸ਼ਟੀਕਰਨ ਦਿੱਤਾ ਸੀ ਕਿ ‘ਦੋਸ਼ ਲਾਉਣ’ ਨਾਲ ਹੀ ਕੋਈ ਗੁਨਾਹਗਾਰ ਨਹੀਂ ਬਣ ਜਾਂਦਾ; ਜਦ ਤੱਕ ਦੋਸ਼ ਸਿੱਧ ਨਾ ਹੋ ਜਾਣ ਅਤੇ ਅਦਾਲਤ ਉਸ ਨੂੰ ਸਜ਼ਾ ਨਹੀਂ ਦੇ ਦਿੰਦੀ। ਹੁਣ ਚੌਟਾਲਾ ਨੂੰ ਅਦਾਲਤ ਵਲੋਂ ਸਜ਼ਾ ਸੁਣਾਏ ਜਾਣ ਤੋਂ ਬਾਅਦ, ਕੀ ਸ੍ਰੀ ਬਾਦਲ ਉਸ ਨੂੰ ਹਾਲੇ ਵੀ ਨਿਰਦੋਸ਼ ਮੰਨ ਰਹੇ ਹਨ? ਕੀ ਉਹ ਅਜਿਹਾ ਕਰ ਕੇ ਉਸ ਭਾਰਤੀ ਸੰਵਿਧਾਨ ਦੀ ਤੌਹੀਨ ਨਹੀਂ ਕਰ ਰਹੇ ਜਿਸ ਦੀ ਸਹੁੰ ਚੁੱਕ ਕੇ ਉਹ ਮੁੱਖ ਮੰਤਰੀ ਬਣੇ ਹਨ?
ਕੌਣ ਨਹੀਂ ਜਾਣਦਾ ਕਿ ਅਕਾਲੀ ਦਲ ਦੀ ਚੌਟਾਲਿਆਂ ਦੀ ਸਿਆਸੀ ਪਾਰਟੀ ਇਨੈਲੋ ਨਾਲ ਕੋਈ ਨੀਤੀਗਤ ਸਾਂਝ ਕਤੱਈ ਨਹੀਂ ਹੈ। ਇਹ ਤਾਂ ਦੋ ਧਨਾਢ ਖਾਨਦਾਨਾਂ ਦੀ ਨਿੱਜੀ ਯਾਰੀ ਹੈ। ਨਿੱਜੀ ਮੁਫਾਦ ਦੀ ਪੂਰਤੀ ਖਾਤਰ ਸ੍ਰੀ ਬਾਦਲ ਕਾਨੂੰਨੀ ਨੁਕਤਿਆਂ ਤੋਂ ਵੀ ਘੇਸਲ ਮਾਰ ਰਹੇ ਹਨ। ਹੋਰ ਤਾਂ ਹੋਰ, ਉਨ੍ਹਾਂ ਭਾਜਪਾ ਨਾਲ ਆਪਣੇ ‘ਪਤੀ-ਪਤਨੀ’ ਵਾਲੇ ਰਿਸ਼ਤੇ ਨੂੰ ਵੀ ਅਣਡਿੱਠ ਕਰ ਦਿੱਤਾ ਹੋਇਆ ਹੈ।
ਕਾਨੂੰਨ, ਕੁਰਸੀ ਅਤੇ ਕਾਣੀ ਸਿਆਸਤ ਦਾ ਇਕ ਹੋਰ ਕਮਾਲ ਦੇਖੋæææ ਜੂਨ 1984 ਤੋਂ ਅਕਾਸ਼ਵਾਣੀ ਦੇ ਜਲੰਧਰ ਕੇਂਦਰ ਰਾਹੀਂ ਸ੍ਰੀ ਦਰਬਾਰ ਸਾਹਿਬ ਦਾ ਕੀਰਤਨ ਸਵੇਰੇ-ਸ਼ਾਮ ਬ੍ਰਾਡਕਾਸਟ ਹੁੰਦਾ ਆ ਰਿਹਾ ਹੈ। ਸਵੇਰੇ ਚਾਰ ਤੋਂ ਛੇ ਵਜੇ ਤੱਕ ਅਤੇ ਸ਼ਾਮੀਂ ਸਾਢੇ ਚਾਰ ਤੋਂ ਸਾਢੇ ਪੰਜ ਤੱਕ ਹੋਣ ਵਾਲੇ ਇਸ ਰਿਲੇਅ ਪ੍ਰੋਗਰਾਮ ਵਿਚ ਪਿਛਲੇ ਤੀਹਾਂ ਸਾਲਾਂ ਵਿਚ ਕਦੇ ਨਾਗਾ ਨਹੀਂ ਸੀ ਪਿਆ। ਜੇ ਕੋਈ ਮੈਚ ਵਗੈਰਾ ਜਾਂ ਕੋਈ ਹੋਰ ਜ਼ਰੂਰੀ ਪ੍ਰੋਗਰਾਮ ਚੱਲ ਰਿਹਾ ਹੁੰਦਾ ਸੀ, ਤਾਂ ਜਲੰਧਰ ਸਟੇਸ਼ਨ ਵਾਲੇ ਉਸ ਪ੍ਰੋਗਰਾਮ ਨੂੰ ਕਿਸੇ ਦੂਜੀ ਫ੍ਰੀਕੁਐਂਸੀ ਤੋਂ ਰਿਲੇਅ ਕਰਨਾ ਸ਼ੁਰੂ ਕਰ ਦਿੰਦੇ ਸਨ; ਪਰ ਸ੍ਰੀ ਦਰਬਾਰ ਸਾਹਿਬ ਦੇ ਰਿਲੇਅ ਵਿਚ ਵਿਘਨ ਨਹੀਂ ਸੀ ਪਾਉਂਦੇ। ਹੁਣ ਸ੍ਰੀ ਮੋਦੀ ਦੇ ਰਾਜ ਵਿਚ ਪਹਿਲੀ ਵਾਰ ਸ਼ਾਮ ਦਾ ਕੀਰਤਨ ਰਿਲੇਅ ਰੋਕਿਆ ਗਿਆ। ਕਾਰਨ? ਕਿਉਂਕਿ ਪ੍ਰਧਾਨ ਮੰਤਰੀ ਸ੍ਰੀ ਮੋਦੀ ਨਰੇਂਦਰ ਮੋਦੀ ਦਾ ਭਾਸ਼ਨ ਚੱਲ ਰਿਹਾ ਸੀ, ਇਸ ਲਈ ਇਲਾਹੀ ਬਾਣੀ ਦਾ ਕੀਰਤਨ ਰਿਲੇਅ ਰੋਕ ਲਿਆ ਗਿਆ।
ਲੋਕ ਸਭਾ ਚੋਣਾਂ ਵੇਲੇ ਪ੍ਰਚਾਰ ਦੌਰਾਨ ਪੰਜਾਬ ਵਾਸੀਆਂ ਨੂੰ ‘ਮੋਦੀ ਦਾ ਰਾਜ ਲਿਆਉ, ਪੰਜਾਬ ਵਿਚ ਲਹਿਰਾਂ-ਬਹਿਰਾਂ ਹੋ ਜਾਣਗੀਆਂ’ ਦੀਆਂ ਟਾਹਰਾਂ ਦੇਣ ਵਾਲੇ, ਉਕਤ ਅਵੱਗਿਆ ਵਿਰੁਧ ਕੁਸਕੇ ਤੱਕ ਨਹੀਂ! ਰਾਜ ਭਵਨ ਦੇ ਸੀਲ ਕਬੂਤਰਾਂ ਨੇ ਤਾਂ ਬੋਲਣਾ ਹੀ ਕੀ ਸੀ, ਨਿੱਕੀ-ਨਿੱਕੀ ਗੱਲ ਉਤੇ ‘ਧਾਰਮਿਕ ਜਜ਼ਬਾਤ ਨੂੰ ਠੇਸ’ ਲੱਗਣ ਦਾ ਤੂਫਾਨ ਖੜ੍ਹਾ ਕਰਨ ਵਾਲਾ ਕੋਈ ‘ਜਥਾ’ ਵੀ ਨਹੀਂ ਕੂਇਆ!
Leave a Reply