ਮੇਰਾ ਯਾਰ ਹਲਵਾਰਵੀ-2
ਆਹਲਾ ਪੰਜਾਬੀ ਕਹਾਣੀਕਾਰ ਵਰਿਆਮ ਸਿੰਘ ਸੰਧੂ ਵੱਲੋਂ ਮਰਹੂਮ ਸ਼ਾਇਰ, ਸੰਪਾਦਕ ਅਤੇ ਸਾਬਕਾ ਇਨਕਲਾਬੀ ਹਰਭਜਨ ਹਲਵਾਰਵੀ ਬਾਰੇ ਲਿਖਿਆ ਰੇਖਾ ਚਿੱਤਰ ‘ਮੇਰਾ ਯਾਰ ਹਲਵਾਰਵੀ’ ਕਈ ਪੱਖਾਂ ਤੋਂ ਅਹਿਮ ਹੈ। ਇਕ ਤਾਂ ਇਹ 1960ਵਿਆਂ ਦੇ ਅਖੀਰ ਵਿਚ ਉਠੀ ਯੁੱਗ-ਪਲਟਾਊ ਲਹਿਰ (ਨਕਸਲੀ ਅੰਦੋਲਨ) ਉਤੇ ਹਲਕੀ ਜਿਹੀ ਝਾਤੀ ਮਾਰਦਾ ਹੈ, ਦੂਜੇ ਵਰਿਆਮ ਸਿੰਘ ਸੰਧੂ ਦੇ ਖੁਦ ਦੇ ਕਹਾਣੀ ਸਫਰ ਬਾਰੇ ਨਿੱਗਰ ਚਰਚਾ ਵੀ ਇਸ ਵਿਚ ਦਰਜ ਹੋਈ ਹੈ, ਹਲਵਾਰਵੀ ਬਾਰੇ ਵੇਰਵੇ ਤਾਂ ਇਸ ਵਿਚ ਹੈਨ ਹੀ। ਇਸ ਲੇਖ ਦਾ ਇਕ ਦਿਲਚਸਪ ਨੁਕਤਾ ਇਹ ਵੀ ਹੈ ਕਿ ਇਕ ਦੋਸਤ ਆਪਣੇ ਨੇੜਲੇ ਸਾਥੀ ਨੂੰ ਕਿਨ੍ਹਾਂ ਝੀਤਾਂ ਵਿਚੋਂ ਦੇਖਣ-ਵਾਚਣ ਦਾ ਯਤਨ ਕਰ ਰਿਹਾ ਹੈ। ਇਹ ਝੀਤਾਂ ਉਨ੍ਹਾਂ ਸ਼ਖਸਾਂ ਲਈ ਬਹੁਤ ਅਹਿਮ ਹਨ ਜਿਨ੍ਹਾਂ ਨੇ ਵਰਿਆਮ ਅਤੇ ਹਲਵਾਰਵੀ ਦਾ ਸਾਥ ਮਾਣਿਆ ਹੈ। ਵਰਿਆਮ ਦੀ ਇਸ ਲਿਖਤ ਵਿਚ ਬਹੁਤ ਸਾਰੀਆਂ ਗੱਲਾਂ ਅਣਕਹੀਆਂ ਹਨ ਅਤੇ ਜਾਣੂ ਸੱਜਣ ਇਨ੍ਹਾਂ ਅਣਕਹੀਆਂ ਗੱਲਾਂ ਦੀਆਂ ਝੀਤਾਂ ਵਿਚੋਂ ਝਾਕ ਕੇ ਹਲਵਾਰਵੀ ਅਤੇ ਵਰਿਆਮ-ਦੋਹਾਂ ਦੇ ਮਨਾਂ ਅੰਦਰ ਝਾਕ ਸਕਣਗੇ। ਅਸੀਂ ਇਹ ਲੰਮਾ ਲੇਖ ਹਰਭਜਨ ਹਲਵਾਰਵੀ ਦੀ ਬਰਸੀ (9 ਅਕਤੂਬਰ) ਮੌਕੇ ਲੜੀਵਾਰ ਛਾਪ ਰਹੇ ਹਾਂ। ਇਸ ਵਾਰ ਵਰਿਆਮ ਨੇ ਹਲਵਾਰਵੀ ਦੇ ਨਵੇਂ ਪਿੜ ਵਿਚ ਦਾਖਲੇ ਬਾਰੇ ਚਰਚਾ ਕੀਤੀ ਹੈ।-ਸੰਪਾਦਕ
ਵਰਿਆਮ ਸਿੰਘ ਸੰਧੂ, ਕੈਨੇਡਾ
ਫੋਨ: 647-918-5212
ਹਰਭਜਨ ਹਲਵਾਰਵੀ ਜਿੱਥੇ ਬਹੁਤ ਚੰਗਾ ਸ਼ਾਇਰ ਸੀ, ਉਥੇ ਸਾਹਿਤ ਦਾ ਬਹੁਤ ਰਸੀਆ ਪਾਠਕ ਵੀ ਸੀ। ਪੰਜਾਬੀ, ਭਾਰਤੀ ਤੇ ਵਿਸ਼ੇਸ਼ ਕਰ ਕੇ ਰੂਸੀ ਗਲਪ ਸਾਹਿਤ ਬਾਰੇ ਉਹਦੀ ਡੂੰਘੀ ਜਾਣਕਾਰੀ ਤੇ ਵਿਆਖਿਆ ਤੋਂ ਲੱਗਦਾ ਜਿਵੇਂ ਉਹਨੇ ਸਾਰਾ ਸਾਹਿਤ ਘੋਟ ਕੇ ਪੀ ਲਿਆ ਹੋਵੇ। ਉਹ ਹਰ ਰਚਨਾ ਬਾਰੇ ਆਪਣੀ ਮੁਲੰਕਣੀ ਰਾਇ ਬੜੇ ਅਧਿਕਾਰ ਨਾਲ ਪੇਸ਼ ਕਰਦਾ। ਉਸ ਦੇ ਇਸ ਗਿਆਨ ਤੋਂ ਤਾਂ ਉਸ ਦੇ ਅਧਿਆਪਕ ਵੀ ਖ਼ੌਫ ਖਾਂਦੇ। ਜਦੋਂ ਉਹ ਐਮæਏæ ਪੰਜਾਬੀ ਕਰਨ ਲਈ ਪੰਜਾਬ ਯੂਨੀਵਰਸਿਟੀ (ਚੰਡੀਗੜ੍ਹ) ਦੇ ਪੰਜਾਬੀ ਵਿਭਾਗ ਵਿਚ ਦਾਖਲ ਹੋਇਆ ਤਾਂ ਜਮਾਤੀ ਮੁੰਡੇ-ਕੁੜੀਆਂ ਤਾਂ ਉਹਦੇ ਗਿਆਨ ਅਤੇ ਪ੍ਰਤਿਭਾ ਦੇ ਦਿਲ-ਦਾਦਾ ਬਣ ਗਏ, ਪਰ ਇਕ ਅਧਿਆਪਕ ਉਸ ਦੇ ਗਿਆਨ ਸਾਹਮਣੇ ਆਪਣੀ ਹੀਣ-ਭਾਵਨਾ ਦਾ ਸ਼ਿਕਾਰ ਹੋ ਕੇ ਰਹਿ ਗਿਆ ਤੇ ਉਸ ਨਾਲ ਈਰਖਾ ਕਰਨ ਲੱਗਾ। ਇਸੇ ਈਰਖਾ ਵਿਚੋਂ ਉਸ ਨੇ ਹਲਵਾਰਵੀ ਦੀ ਐਮæਏæ ਵਿਚੋਂ ਚੰਗੀ ਪੁਜੀਸ਼ਨ ਆਉਣ ਦੇ ਰਾਹ ਵਿਚ ਵਾਹ ਲੱਗਦੀ ਹਰ ਰੋਕ ਖੜ੍ਹੀ ਕੀਤੀ।
ਉਸ ਦੇ ਵਿਸ਼ਾਲ ਸਾਹਿਤਕ ਗਿਆਨ ਦਾ ਮੈਨੂੰ ਨਿੱਜੀ ਤੌਰ ‘ਤੇ ਬੜਾ ਲਾਭ ਹੋਇਆ। ਮੈਂ ਉਸ ਦਾ ਸੁਝਾਇਆ ਕਲਾਸਿਕ ਸਾਹਿਤ ਪੜ੍ਹਨਾ ਸ਼ੁਰੂ ਕੀਤਾ। ਉਸ ਨੇ ਮੇਰੀ ਸਾਹਿਤਕ ਸਮਰੱਥਾ ਨੂੰ ਹੁਲਾਰਨ ਤੇ ਦਿਸ਼ਾ ਦੇਣ ਵਿਚ ਵੀ ਸਹਿਜ ਯੋਗਦਾਨ ਪਾਇਆ ਤੇ ਸਮੇਂ-ਸਮੇਂ ਮੇਰੀ ਸਾਹਿਤਕ ਜ਼ਿੰਦਗੀ ਨੂੰ ਸੰਵਾਰਨ ਲਈ ਅਗਵਾਈ ਵੀ ਦਿੱਤੀ। ਜਦੋਂ ਪਿੰਡ ਆਉਂਦਾ ਤਾਂ ਕਈ ਵਾਰ ਮੇਰੀਆਂ ਪੁਰਾਣੀਆਂ ਲਿਖਤਾਂ ਪੜ੍ਹਨ ਲਗਦਾ ਤਾਂ ਮੈਨੂੰ ਸੰਗ ਆਉਂਦੀ, ਪਰ ਉਹ ਮੇਰੀ ਕੱਚੀ ਉਮਰ ਦੀਆਂ ਇਨ੍ਹਾਂ ਕੱਚੀਆਂ ਲਿਖਤਾਂ ਵਿਚੋਂ ਵੀ ਜਾਨਦਾਰ ਅੰਸ਼ਾਂ ਦੀ ਪਛਾਣ ਕਰ ਕੇ ਦੱਸਦਾ, “ਆਹ ਵੇਖ! ਇਸ ਰਚਨਾ ‘ਚੋਂ ਪਤਾ ਲੱਗਦੈ ਕਿ ਭਵਿੱਖ ਵਿਚ ਬਣਨ ਵਾਲਾ ਵਰਿਆਮ ਕਿਹੋ ਜਿਹਾ ਹੋਵੇਗਾ।” ਫਿਰ ਉਹ ਰਚਨਾ ਵਿਚਲੇ ਕੱਚੇਪਣ ਨੂੰ ਬਿਆਨ ਕਰਦਾ ਤੇ ਅਸੀਂ ਦੋਵੇਂ ਉਸ ਰਲ ਕੇ ਹੱਸਦੇ ਵੀ। ਉਹ ਕਹਿੰਦਾ, “ਜਿਹੜਾ ਲੇਖਕ ਆਪਣੀ ਰਚਨਾ ਦੀ ਕਮਜ਼ੋਰੀ ਨੂੰ ਪਛਾਣ ਕੇ ਉਸ ‘ਤੇ ਹੱਸਣ ਦੀ ਜਾਚ ਸਿੱਖ ਗਿਆ, ਉਹਨੂੰ ਵਧੀਆ ਲੇਖਕ ਬਣਨ ਤੋਂ ਕੋਈ ਨਹੀਂ ਰੋਕ ਸਕਦਾ।”
ਉਨ੍ਹਾਂ ਸਮਿਆਂ ਵਿਚ ਔਰਤ-ਮਰਦ ਦੇ ਭਾਵੁਕ ਸਬੰਧਾਂ ਵਾਲੀਆਂ ਮੇਰੀਆਂ ਕੁਝ ਕਹਾਣੀਆਂ ਵਿਚ ਮੇਲ-ਮਿਲਾਪ ਦੇ ਦ੍ਰਿਸ਼ਾਂ ਸਮੇਂ ਸਿਰਜੇ ਪ੍ਰਾਕ੍ਰਿਤਕ ਵਾਤਾਵਰਨ ਵਿਚ ਅਕਸਰ ਅਸਮਾਨ ਉਤੇ ਕਾਲੀਆਂ ਘਨਘੋਰ ਘਟਾਵਾਂ ਦੇ ਛਾ ਜਾਣ, ਠੰਢੀ ਠੰਢੀ ਹਵਾ ਦੇ ਰੁਮਕਣ ਅਤੇ ਪੈ ਰਹੀ ਨਿੱਕੀ ਨਿੱਕੀ ਭੂਰ ਦਾ ਜ਼ਿਕਰ ਹੁੰਦਾ। ਇਕ ਦਿਨ ਕਿਸੇ ਕਹਾਣੀ ਨੂੰ ਪੜ੍ਹਦਿਆਂ ਉਹ ਹੱਸਣ ਲੱਗਾ। ਮੈਂ ਹੈਰਾਨੀ ਨਾਲ ਉਸ ਵੱਲ ਵੇਖਿਆ। ਕਹਿੰਦਾ, “ਮੈਂਂ ਸੋਚਿਆ ਸੀ ਜਿਹੜਾ ਦ੍ਰਿਸ਼ ਹੈ, ਉਹਦੇ ਹਿਸਾਬ ਨਾਲ ਅਜੇ ਤੱਕ ਕਹਾਣੀ ਵਿਚ ਬੱਦਲ ਕਿਉਂ ਨਹੀਂ ਆਏ, ਭੂਰ ਕਿਉਂ ਨਹੀਂ ਪਈ? ਪਰ ਅਗਲੇ ਹੀ ਪੈਰੇ ਵਿਚ ਜਦੋਂ ਭੂਰ ਪੈਣ ਲੱਗ ਪਈ ਤਾਂ ਸਹਿਵਨ ਈ ਮੇਰਾ ਹਾਸਾ ਨਿਕਲ ਗਿਆ।” ਤੇ ਫਿਰ ਹੱਸਦਿਆਂ ਕਹਿੰਦਾ, “ਤੇਰੀਆਂ ਕਹਾਣੀਆਂ ਵਿਚ ਯਾਰ! ਕਿਣ-ਮਿਣ ਬਹੁਤ ਹੁੰਦੀ ਏ। ਤੂੰ ਇਸ ਕਿਣ-ਮਿਣ ਤੋਂ ਛੁਟਕਾਰਾ ਨਹੀਂ ਪਾ ਸਕਦਾ?”
“ਪਰ ਛੁਟਕਾਰਾ ਕਿੱਥੇ ਪਾ ਹੁੰਦਾ ਏ!” ਉਹ ਹੱਸਦਿਆਂ-ਹੱਸਦਿਆਂ ਉਦਾਸ ਹੋ ਗਿਆ।
“ਕੀ ਹੋ ਗਿਆ? ਯਾਦ ਆ ਗਿਆ ਕੁਛ?”
“ਮੈਂ ਲੁਧਿਆਣੇ ਪੜ੍ਹਾਉਂਦਾ ਸਾਂ ਉਦੋਂ। ਇਕ ਕੁੜੀ ਮੇਰੇ ਕੋਲੋਂ ਟਿਊਸ਼ਨ ਪੜ੍ਹਨ ਆਉਂਦੀ ਸੀ। ਬੜੀ ਭੋਲੀ ਭਾਲੀ, ਮਾਸੂਮ ਜਿਹੀ। ਅੰਦਰੇ-ਅੰਦਰ ਮੈਨੂੰ ਬੜੀ ਚੰਗੀ ਲੱਗਦੀ। ਤਗੜੇ ਬੰਦਿਆਂ ਦੀ ਧੀ ਸੀ। ਮੈਂ ਕੋਈ ਰਿਸਕ ਨਹੀਂ ਸਾਂ ਲੈਣਾ ਚਾਹੁੰਦਾ। ਬੜਾ ਸਮੇਟ ਕੇ ਰੱਖਦਾ ਆਪਣੇ ਆਪ ਨੂੰ। ਉਹਦੀ ਮਾਸੂਮੀਅਤ ਨੂੰ ਤਾਂ ਜਿਵੇਂ ‘ਇਸ ਸੰਸਾਰ’ ਦਾ ਕੋਈ ਇਲਮ ਹੀ ਨਹੀਂ ਸੀ! ਇਕ ਦਿਨ ਮੀਂਹ ਲੱਥਾ ਹੋਇਆ ਸੀ। ਮੈਂ ਸੋਚਿਆ, ਅੱਜ ਨਹੀਂ ਪੜ੍ਹਨ ਆਉਂਦੀ, ਪਰ ਥੋੜ੍ਹਾ ਜਿਹਾ ਮੀਂਹ ਘਟਿਆ ਤਾਂ ਉਹ ਆ ਗਈ। ਇਸ ਵੇਲੇ ਨਿੱਕੀ-ਨਿੱਕੀ ਕਣੀ ਦਾ ਮੀਂਹ ਵਰ੍ਹ ਰਿਹਾ ਸੀ। ਪਾਣੀ ਦੀਆਂ ਚਾਂਦੀ ਰੰਗੀਆਂ ਨਿੱਕੀਆਂ ਨਿੱਕੀਆਂ ਬੂੰਦਾਂ ਉਹਦੇ ਭੂਰੇ ਵਾਲਾਂ ਵਿਚ ਅਟਕੀਆਂ ਹੋਈਆਂ ਸਨ। ਦੁੱਧ ਧੋਤੀ ਸਲਵਾਰ ਕਮੀਜ਼ ਵਿਚ ਉਹਦੇ ਫੱਬ-ਫੱਬ ਪੈਂਦੇ ਹੁਸਨ ਨੇ ਮੈਨੂੰ ਪਾਗਲ ਕਰ ਦਿੱਤਾ। ਮੈਂ ਗਲਵੱਕੜੀ ਵਿਚ ਲੈ ਕੇ ਉਹਦੇ ਹੋਠ ਚੁੰਮ ਲਏ। ਸਾਡੇ ਦੋਵਾਂ ਦੀ ਜ਼ਿੰਦਗੀ ਦਾ ਪਹਿਲਾ ਚੁੰਮਣ। ਉਹ ਮੁਸਕਰਾਈ ਤੇ ਸੰਗ ਕੇ ਧੌਣ ਮੋਢਿਆਂ ਵਿਚ ਝੁਕਾ ਲਈ।”
ਉਹਦੀ ਦ੍ਰਿਸ਼-ਬਿਆਨੀ ਵਿਚ ਏਨੀ ਸ਼ਿੱਦਤ ਸੀ ਕਿ ਅੱਜ ਵੀ ਭੂਰ ਵਿਚ ਭਿੱਜਦੀ ਭੂਰੇ ਵਾਲਾਂ ਵਾਲੀ, ਚਿੱਟੀ ਸਲਵਾਰ ਕਮੀਜ਼ ਪਹਿਨੀ ਉਹ ਕੁੜੀ ਪਹਿਲੇ ਚੁੰਮਣ ਦੀ ਸੰਗ ਵਿਚ ਲਿਪਟੀ ਮੇਰੇ ਵੱਲ ਵੇਖ ਕੇ ਮੁਸਕਰਾਉਂਦੀ ਹੋਈ ਧੌਣ ਝੁਕਾ ਲੈਂਦੀ ਹੈ ਤੇ ਪਾਣੀ ਦੀਆਂ ਬਰੀਕ ਬੂੰਦਾਂ ਉਹਦੇ ਵਾਲਾਂ ਵਿਚ ਝਮ-ਝਮ ਚਮਕ ਰਹੀਆਂ ਹਨ।
ਜ਼ਾਹਿਰ ਸੀ ਕਿ ਕਹਾਣੀਆਂ ਵਿਚ ਹੁੰਦੀ ਕਿਣ-ਮਿਣ ਏਨੀ ਗ਼ੈਰਵਾਜਬ ਵੀ ਨਹੀਂ ਸੀ। ਬੰਦਾ ਇਨ੍ਹਾਂ ਰੰਗਾਂ ਵਿਚ ਵੀ ਤਾਂ ਭਿੱਜਦਾ ਈ ਹੈ, ਪਰ ਇਹ ਉਹ ਦਿਨ ਸਨ ਜਦੋਂ ਅਸਮਾਨੀ ਕਿਣ-ਮਿਣ ਨਾਲੋਂ ਧਰਤੀ ‘ਤੇ ਡੁੱਲ੍ਹਦੇ ਬੇਦੋਸ਼ੇ ਲਹੂ ਦਾ ਮੁੱਲ ਪਾਉਣ ਦਾ ਸਮਾਂ ਸੀ। ਕਿਣ-ਮਿਣ ਵਾਲੇ ਧੁੰਦਲਾਏ ਮਾਹੌਲ ਵਿਚੋਂ ਬਾਹਰ ਆ ਕੇ ਨੰਗੀ ਅੱਖ ਨਾਲ ਹਕੀਕਤ ਨੂੰ ਵੇਖਣ ਤੇ ਉਸ ਨਾਲ ਦੋ-ਹੱਥ ਕਰਨ ਦਾ ਵੇਲਾ ਸੀ। ਸ਼ਾਇਦ ਏਸੇ ਲਈ ਉਸ ਨੇ ਲਿਖਿਆ ਸੀ,
ਇਕ ਪੁਰਾਣਾ ਦਰਪਣ
ਜਿਸ ‘ਚੋਂ ਦਿਸੇ ਨਾ ਚਿਹਰਾ
ਆਪਣੇਂ ਹੱਥੀਂ ਤੋੜ ਲਿਆ ਮੈਂ।
ਇਸ ਵਿਚ ਇਕੱਲਾ ਕਿਣ-ਮਿਣੀ ਮਾਹੌਲ ਹੀ ਨਹੀਂ, ਹੋਰ ਵੀ ਕਈ ਕੁਝ ਅਜਿਹਾ ਸੀ ਜੋ ਹਕੀਕਤ ਨੂੰ ਧੁੰਦਲਾ ਤੇ ਬੇਪਛਾਣ ਕਰਦਾ ਸੀ ਤੇ ਉਸ ਸਾਰੇ ਕੁਝ ਨੂੰ ਤੋੜਨ ਦੀ ਲੋੜ ਸੀ। ਹੁਣ ਨਵੀਂ ਨਜ਼ਰ ਨਾਲ ਜ਼ਿੰਦਗੀ ਨੂੰ ਵੇਖਣਾ ਪੈਣਾ ਸੀ। ਹਲਵਾਰਵੀ ਤੇ ਉਸ ਦੇ ਸਾਥੀ ਇਸ ਨਜ਼ਰ ਦਾ ਦਾਰੂ ਲਈ ਪਿੰਡ-ਪਿੰਡ, ਸ਼ਹਿਰ-ਸ਼ਹਿਰ ਘੁੰਮ ਰਹੇ ਸਨ। ਮੈਂ ਇਹ ਦਾਰੂ ਅੱਖਾਂ ਵਿਚ ਪਾਇਆ ਤਾਂ ਸਮਝ ਆਈ ਕਿ ਜੋ ਕੁਝ ਹੁਣ ਤੱਕ ਲਿਖਿਆ ਸੀ, ਉਹ ਤਾਂ ਬੱਸ ਐਵੇਂ ਔਝੜੇ ਥਾਂਈਂ ਝੱਖ ਮਾਰਨ ਵਾਲੀ ਗੱਲ ਸੀ। ਮੈਂ ਉਦੋਂ ਤੱਕ ਛਪਿਆ ਸਾਰਾ ਮਸਾਲਾ ਆਪਣੀ ਮਾਂ ਨੂੰ ਚੁੱਲ੍ਹੇ ਵਿਚ ਅੱਗ ਬਾਲਣ ਲਈ ਦੇ ਦਿੱਤਾ ਤੇ ਉਸ ਨਾਲੋਂ ਤੋੜ-ਵਿਛੋੜਾ ਕਰ ਕੇ ‘ਲੋਹੇ ਦੇ ਹੱਥ’ ਦੀਆਂ ਕਹਾਣੀਆਂ ਲਿਖੀਆਂ। ਮੈਂ ਇਹ ਨਹੀਂ ਕਹਿੰਦਾ ਕਿ ਅਸਲੋਂ ਹਲਵਾਰਵੀ ਹੀ ਮੇਰਾ ਰਾਹ ਦਸੇਰਾ ਸੀ; ਅਸਲ ਵਿਚ ਹਾਲਾਤ ਅਤੇ ਹਕੀਕਤ ਨੂੰ ਸਮਝਣ ਲਈ ਕੀਤੇ ਮੇਰੇ ਅਧਿਅਨ ਤੇ ਮੁਸ਼ਾਹਦੇ ਨੇ ਹੀ ਮੈਨੂੰ ਮੇਰਾ ਰਾਹ ਸੁਝਾਇਆ ਸੀ। ਜਦੋਂ ਤੁਸੀਂ ਕਿਸੇ ਰਾਹ ‘ਤੇ ਤੁਰ ਪੈਂਦੇ ਹੋ ਤਾਂ ਉਦੋਂ ਜੇ ਕੋਈ ਸਿਆਣਾ ਤੁਹਾਨੂੰ ਨਾਲ-ਨਾਲ ਰਾਹ ਦੀਆਂ ਦੁਸ਼ਵਾਰੀਆਂ ਤੇ ਵਲ-ਵਿੰਗ ਬਾਰੇ ਵੀ ਦੱਸਦਾ ਰਹੇ ਕਿ ਇਸ ਰਾਹ ‘ਤੇ ਤੁਰਨਾ ਕਿੰਨਾ ਕੁ ਠੀਕ ਹੈ ਤੇ ਕਿੰਨਾ ਕੁ ਗਲਤ ਤਾਂ ਉਸ ਦੀ ਦੇਣ ਨੂੰ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ।
ਮੇਰੀ ਕਹਾਣੀ ਕਲਾ ਦੇ ‘ਲੋਹੇ ਦੇ ਹੱਥ’ ਵਾਲੇ ਮੋੜ ਵਿਚ ਜਿੱਥੇ ਹਲਵਾਰਵੀ ਤੇ ਉਸ ਦੇ ਸਾਥੀਆਂ ਦੀ ਹੱਲਾਸ਼ੇਰੀ ਦਾ ਹੱਥ ਸੀ, ਉਥੇ ਜਦੋਂ ਮੈਂ ‘ਅੰਗ-ਸੰਗ’ ਦੀਆਂ ਕਹਾਣੀਆਂ ਲਿਖਣ ਵੱਲ ਪਰਤਿਆ ਤਾਂ ਮੇਰੀ ਕਹਾਣੀ ਵਿਚ ਆਈ ਨਵੀਂ ਤਬਦੀਲੀ ਨੂੰ ਵੀ ਹਲਵਾਰਵੀ ਨੇ ਬੜਾ ਸਾਰਥਕ ਹੁੰਗਾਰਾ ਭਰਿਆ। ਉਹ ਬਾਕਾਇਦਾ ਮੇਰੀਆਂ ਕਹਾਣੀਆਂ ਬਾਰੇ ਲਿਖਤੀ ਟਿੱਪਣੀਆਂ ਵੀ ਕਰਦਾ ਰਿਹਾ ਤੇ ਚਿੱਠੀਆਂ ਲਿਖ ਕੇ ਵੀ ਮੇਰਾ ਹੌਸਲਾ ਵਧਾਉਂਦਾ ਰਿਹਾ। ‘ਡੁੰਮ੍ਹ’, ‘ਵਾਪਸੀ’, ‘ਸੁਨਹਿਰੀ ਕਿਣਕਾ’, ਜਾਂ ‘ਭੱਜੀਆਂ ਬਾਹੀਂ’ ਬਾਰੇ ਲਿਖੇ ਉਸ ਦੇ ਵਿਚਾਰਾਂ ਨੇ ਮੈਨੂੰ ਤਾਕਤ ਦਿੱਤੀ। ਮੈਨੂੰ ਲੱਗਾ ਕਿ ਵਿਚਾਰ, ਵਸਤੂ ਤੇ ਪੇਸ਼ਕਾਰੀ ਦੇ ਪੱਧਰ ‘ਤੇ ਮੈਂ ਜੋ ਕੁਝ ਨਵਾਂ ਕਰ ਰਿਹਾਂ, ਉਹ ਗਲਤ ਤਾਂ ਬਿਲਕੁਲ ਨਹੀਂ, ਸਗੋਂ ਬਹੁਤ ਸਾਰੇ ਹੋਰ ਸਾਹਿਤਕ ਸਿਆਣਿਆਂ ਨੂੰ ਵੀ ਚੰਗਾ ਲੱਗਣ-ਯੋਗ ਹੈ। ਮੈਂ ਕਿਉਂਕਿ ਦੂਰ ਬਾਰਡਰ ‘ਤੇ ਵੱਸਦੇ ਪਸਿੱਤੇ ਜਿਹੇ ਪਿੰਡ ਦਾ ਵਾਸੀ ਸਾਂ ਤੇ ਮੇਰਾ ਆਲੋਚਕਾਂ ਜਾਂ ਵੱਡੇ ਸਾਹਿਤਕਾਰਾਂ ਨਾਲ ਕੋਈ ਮੇਲ-ਮਿਲਾਪ ਨਹੀਂ ਸੀ; ਇਸ ਕਰ ਕੇ ਕਿਸੇ ਸਿਆਣੀ ਰਾਇ ਦਾ ਮੇਰੇ ਲਈ ਬੜਾ ਮਹੱਤਵ ਸੀ। ਇਹ ਰਾਇ ਮੈਨੂੰ ਹਲਵਾਰਵੀ ਵੱਲੋਂ ਮਿਲਦੀ ਰਹਿੰਦੀ ਸੀ। ਇੰਜ ਮੇਰੇ ਰਚਨਾਤਮਕ ਵਿਕਾਸ ਵਿਚ ਹਲਵਾਰਵੀ ਸਦਾ ਮੇਰੇ ਅੰਗ-ਸੰਗ ਹੀ ਰਿਹਾ।
ਸਿਆਲੀ ਦਿਨ ਹੁੰਦੇ ਤਾਂ ਕਦੀ-ਕਦੀ ਅਸੀਂ ਪਿੰਡੋਂ ਬਾਹਰ ਦੂਰ ਬਾਬੇ ਸ਼ਾਹ ਜਮਾਲ ਦੇ ਇੱਕਲਵੰਝੇ ਤਕੀਏ ‘ਤੇ ਜਾ ਕੇ ਤੇਲ ਦੀ ਮਾਲਸ਼ ਕਰਦੇ ਤੇ ਧੁੱਪ ਸੇਕਦੇ। ਹਾਸੇ-ਹਾਸੇ ਵਿਚ ਘੁਲਦੇ ਤੇ ਕੌਡੀ ਖੇਡਦੇ। ਕਦੀ-ਕਦੀ ਉਹਦੇ ਸਾਥੀ ਸਰਵਣ ਤੇ ਗੋਬਿੰਦਰ ਵੀ ਨਾਲ ਹੁੰਦੇ। ਗੁਦਗੁਦੇ ਸਰੀਰ ਵਾਲੇ ਹਲਵਾਰਵੀ ਨਾਲ ਮੈਂ ਕੁਸ਼ਤੀ ਕਰਦਾ ਤਾਂ ਉਹ ਹੱਸੀ ਜਾਂਦਾ। ਮੈਂ ਦੂਜੇ ਪਲ ਉਹਨੂੰ ਥੱਲੇ ਰੱਖ ਲੈਂਦਾ। ਉਹ ਹੱਸਦੇ-ਹੱਸਦੇ ਖੜ੍ਹਾ ਹੁੰਦਾ ਤੇ ਦੂਜੀ ਵਾਰ ਪਕੜ ਸ਼ੁਰੂ ਕਰਨ ਲਈ ਆਖਦਾ, “ਯਾਰਾ! ਹੈ ਤੂੰ ਹੱਡੀਆਂ ਦੀ ਮੁੱਠ, ਤੂੰ ਮੈਨੂੰ ਕਿਵੇਂ ਢਾਹ ਲਏਂਗਾ? ਮੈਨੂੰ ਤਾਂ ਹਾਸਾ ਆ ਗਿਆ ਸੀ। ਚੱਲ ਆ ਹੁਣ।” ਦੂਜੀ ਵਾਰ ਵੀ ਉਹਦੀ ਮੁਰਾਦ ਪੂਰੀ ਨਾ ਹੁੰਦੀ।
ਉਹ ਅਸਲੋਂ ਸੋਹਲ ਤੇ ਸੰਵੇਦਨਸ਼ੀਲ ਸੀ। ਹੈਰਾਨੀ ਹੁੰਦੀ ਕਿ ਇਸ ਤਰ੍ਹਾਂ ਦਾ ਨਾਜ਼ੁਕ ਮਿਜ਼ਾਜ ਬੰਦਾ ਇਨ੍ਹਾਂ ਬਿਖੜੇ ਰਾਹਾਂ ‘ਤੇ ਕਿਵੇਂ ਤੁਰ ਪਿਆ। ਉਹ ਤਾਂ ਕਲਮ ਦਾ ਯੋਧਾ ਸੀ ਪਰ ਬੰਦੂਕ ਦੀ ਨਾਲੀ ਵਿਚੋਂ ਇਨਕਲਾਬ ਲੱਭਦਾ ਫਿਰਦਾ ਸੀ। ਉਹਦੇ ਸਾਥੀ ਉਹਦੀ ‘ਬੰਦੂਕੀ ਬਹਾਦਰੀ’ ਉਤੇ ਹੱਸਦੇ। ਹਲਵਾਰਵੀ ਅੰਡਰਗਰਾਊਂਡ ਹੋਇਆ ਤਾਂ ਉਸ ਨੂੰ ਕਿਹਾ ਗਿਆ ਕਿ ਉਹ ਹਥਿਆਰ ਚਲਾਉਣਾ ਤਾਂ ਸਿੱਖ ਲਵੇ। ਉਹਦੇ ਹੱਥ ਰਿਵਾਲਵਰ ਦੇ ਕੇ ਨਿਸ਼ਾਨਾ ਲਾਉਣ ਲਈ ਕਿਹਾ। ਉਹਨੇ ਬੜਾ ਸਾਵਧਾਨ ਹੋ ਕੇ ਹੌਸਲੇ ਨਾਲ ਘੋੜਾ ਦੱਬਿਆ। ਫ਼ਾਇਰ ਚੱਲਣ ਦਾ ਖੜਾਕ ਸੁਣ ਕੇ ਉਹਦੇ ਹੱਥੋਂ ਰਿਵਾਲਵਰ ਡਿੱਗ ਪਿਆ।
ਉਹ ਮੇਰੇ ਵਿਆਹ ‘ਤੇ ਨਹੀਂ ਸੀ ਆਇਆ। ਮੇਲੇ-ਗੇਲੇ ਵਿਚ ਆ ਵੀ ਕਿਵੇਂ ਸਕਦਾ ਸੀ। ਉਹ ਇਨਾਮੀ ਭਗੌੜਾ ਸੀ। ਕਿਸੇ ਥਾਣੇਦਾਰ ਦੇ ਕਤਲ ਦਾ ਝੂਠਾ ਕੇਸ ਉਹਦੇ ਸਿਰ ‘ਤੇ ਸੀ। ਮੌਤ ਉਹਦੇ ਸਿਰ ‘ਤੇ ਹਰ ਵੇਲੇ ਕੂਕਦੀ ਪਈ ਸੀ, ਪਰ ਉਹ ਅਜੇ ਵੀ ਖਿੜਖਿੜਾ ਕੇ ਹੱਸੀ ਜਾ ਰਿਹਾ ਸੀ। ਇਕ ਦਿਨ ਮੇਰੇ ਪਿੰਡ ਆਇਆ, ਉਹ ਬੇਪਛਾਣ ਲੱਗਦਾ ਸੀ। ਉਹਦੇ ਸਿਰ ‘ਤੇ ਤਾਂ ਵੱਡੀ ਸਾਰੀ ਪੱਗ ਬੱਝੀ ਹੋਈ ਸੀ। ਛੋਟੀ-ਛੋਟੀ ਕਤਰੀ ਹੋਈ ਦਾੜ੍ਹੀ। ਉਹਨੇ ਸੁਰੇਂਦਰ ਹੇਮਜਯੋਤੀ ਤੇ ਹੋਰ ਵਕੀਲ ਮਿੱਤਰਾਂ ਨਾਲ ਸਲਾਹ ਕਰ ਕੇ ਅਦਾਲਤ ਵਿਚ ਪੇਸ਼ ਹੋਣ ਦਾ ਫੈਸਲਾ ਕਰ ਲਿਆ ਸੀ। ਪਤਾ ਨਹੀਂ, ਪਾਰਟੀ ਦਾ ਫੈਸਲਾ ਸੀ ਜਾਂ ਉਹਦਾ ਆਪਣਾ। ਕਹਿੰਦਾ, “ਮੈਂ ਕੇਸ ਦਾ ਸਾਹਮਣਾ ਕਰਨ ਦੀ ਠਾਣ ਲਈ ਏ। ਕੇਸ ਤਾਂ ਝੂਠਾ ਈ ਏ। ਵੇਖੀਏ ਕੀ ਬਣਦਾ ਏ। ਮੈਂ ਸੋਚਿਆ ਪਤਾ ਨਹੀਂ ਕੀ ਹੋਣਾ ਏਂ, ਇਕ ਵਾਰ ਤੈਨੂੰ ਮਿਲ ਆਵਾਂ ਤੇ ਤੇਰੇ ਵਿਆਹ ਦੀ ਵਧਾਈ ਦੇ ਆਵਾਂ।”
ਪਤਾ ਲੱਗਾ, ਕੇਸ ਚੱਲ ਰਿਹਾ ਸੀ ਤੇ ਉਹ ਲੁਧਿਆਣੇ ਜੇਲ੍ਹ ਵਿਚ ਸੀ। ਕਦੀ-ਕੋਈ ਸਾਥੀ ਆਉਂਦਾ ਤਾਂ ਉਹਦੇ ਕੇਸ ਦੀ ਤਫਸੀਲ ਦੱਸਦਾ। ਕੇਸ ਦੇ ਗਵਾਹ ਹੀ ਨਹੀਂ ਸੀ ਭੁਗਤੇ ਜਾਂ ਗਵਾਹੀਆਂ ਵਿਚ ਕੋਈ ਕਸਰ ਰਹਿ ਗਈ ਸੀ ਜਾਂ ਕੇਸ ਬਣਾਉਣ ਵਿਚ ਪੁਲਿਸ ਤੋਂ ਕੋਈ ਢਿੱਲ ਰਹਿ ਗਈ ਸੀ; ਡੇਢ ਦੋ ਸਾਲਾਂ ਵਿਚ ਕੇਸ ਨਿਪਟ ਗਿਆ। ਉਹ ਬਰੀ ਹੋ ਗਿਆ। ਬਾਹਰ ਆ ਕੇ ਉਸ ਨੇ ਪੰਜਾਬ ਯੂਨੀਵਰਸਿਟੀ ਵਿਚ ਪੰਜਾਬੀ ਦੀ ਐਮæਏæ ਜਾਇਨ ਕਰ ਲਈ। ਹਿਸਾਬ ਦੀ ਐਮæਏæ ਉਹਨੇ ਪਹਿਲਾਂ ਕੀਤੀ ਹੋਈ ਸੀ। ਯੂਨੀਵਰਸਿਟੀ ਵਿਚ ਪੜ੍ਹਨਾ ਤੇ ਯੂਨੀਵਰਸਟੀ ਦਾ ਪ੍ਰੋਫ਼ੈਸਰ ਬਣਨਾ ਉਹਦਾ ਖ਼ਾਬ ਸੀ।
ਇਹ ਐਮਰਜੈਂਸੀ ਦੇ ਦਿਨ ਸਨ। ਮੈਂ ਸਰਕਾਰ ਦੇ ‘ਅਮਨ-ਕਾਨੂੰਨ’ ਲਈ ਖਤਰਾ ਬਣ ਗਿਆ ਸਾਂ। ਦੋ ਵਾਰ ਜੇਲ੍ਹ ਜਾ ਆਇਆ ਸਾਂ। ਡੀæਆਈæਆਰæ ਅਧੀਨ ਬਣਾਏ ਦੂਜੇ ਕੇਸ ਵਿਚ ਪੁਲਿਸ ਵੱਲੋਂ ਗਲਤੀ ਰਹਿ ਜਾਣ ਕਰ ਕੇ ਰਿਹਾ ਹੋ ਗਿਆ ਤਾਂ ਤੀਜੀ ਵਾਰ ਮੁੜ ਗ੍ਰਿਫਤਾਰ ਕੀਤੇ ਜਾਣ ਦਾ ਤੌਖਲਾ ਸੀ। ਪੁਲਿਸ ਨੂੰ ਝਕਾਨੀ ਦੇ ਕੇ ਮੈਂ ਵੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਨਵੀਂ-ਨਵੀਂ ਸ਼ੁਰੂ ਹੋਈ ਪੰਜਾਬੀ ਦੀ ਐਮæਫਿਲ਼ ਵਿਚ ਜਾ ਦਾਖਲਾ ਲਿਆ।
ਹਲਵਾਰਵੀ ਨਾਲ ਤਾਂ ਹੁਣ ਰੋਜ਼ ਦਾ ਮੇਲ-ਮਿਲਾਪ ਸੀ। ਮੈਂ ਛੇ ਨੰਬਰ ਹੋਸਟਲ ਵਿਚ ਸਾਂ ਅਤੇ ਉਹ ਤੇ ਗੁਰਦੀਪ ਗਰੇਵਾਲ ਨੇੜੇ ਹੀ ਪੰਦਰਾਂ ਸੈਕਟਰ ਦੀ ਮਾਰਕੀਟ ਵਿਚਲੇ ਚੁਬਾਰੇ ‘ਤੇ। ਪਿਛਲੀ ਜ਼ਿੰਦਗੀ ਨਾਲੋਂ ਟੁੱਟ ਕੇ ਅਸੀਂ ਨਵਾਂ ਰਸਤਾ ਤਲਾਸ਼ ਰਹੇ ਸਾਂ। ਨਵੇਂ ਸੁਪਨੇ ਉਣ ਰਹੇ ਸਾਂ। ਸਵੇਰੇ ਸਾਰਾ ਦਿਨ ਡਿਪਾਰਟਮੈਂਟ ਵਿਚ ਇਕੱਠੇ ਹੁੰਦੇ ਤੇ ਸ਼ਾਮ ਨੂੰ ਸਤਾਰਾਂ ਸੈਕਟਰ ਦੀਆਂ ਰੌਣਕਾਂ ਵੇਖਦੇ। ਸੰਸਾਰ ਕਲਾਸਿਕ ‘ਤੇ ਬਣਾਈਆਂ ਫਿਲਮਾਂ ਵੇਖਣ ਲਈ ਉਹ ਮੈਨੂੰ ਨਾਲ ਲੈ ਕੇ ਜਾਂਦਾ। ਕਦੀ-ਕਦੀ ਰਘਬੀਰ ਸਿੰਘ ਸਿਰਜਣਾ ਦੇ ਪੰਦਰਾਂ ਸੈਕਟਰ ਵਾਲੇ ਘਰ ਵਿਚ ਵੀ ਮਹਿਫਲ ਜੰਮ ਜਾਂਦੀ। ਯੂਨੀਵਰਸਿਟੀ ਤੇ ਸਤਾਰਾਂ ਸੈਕਟਰ ਵਿਚ ਘੁੰਮਦਿਆਂ ਉਹ ਅਕਸਰ ਆਖਦਾ, “ਵਰਿਆਮ! ਵੇਖ ਆਹ ਵੀ ਦੁਨੀਆਂ ਏਂ। ਵੱਖਰੀ ਤੇ ਅਨੋਖੀ। ਲਿਸ਼-ਲਿਸ਼ ਕਰਦੀ। ਕਦੀ ਵੇਖੀ ਸੋਚੀ ਸੀ ਆਪਾਂ? ਚੰਡੀਗੜ੍ਹ ਦੀਆਂ ਨਾਰਾਂ ਵੇਖ। ਸਤਿਆਰਥੀ ਦੇ ਆਖਣ ਵਾਂਗ, ‘ਬਾਜ਼ੀਆਂ ਬਾਜ਼ੀਆਂ ਤੀਵੀਆਂ, ਹਾਇ! ਉਏ ਰੱਬਾ! ਅੱਖਾਂ ਕਰਨ ਨਾ ਨੀਵੀਆਂ, ਹਾਇ! ਉਏ ਰੱਬਾ!” ਇਥੇ ਬਾਜ਼ੀਆਂ-ਬਾਜ਼ੀਆਂ ਨਹੀਂ, ਸਾਰੀਆਂ ਤੀਵੀਆਂ ਈ ‘ਹਾਇ! ਉਏ ਰੱਬਾ!’ ਕਰਵਾਉਣ ਵਾਲੀਆਂ ਨੇ।”
ਅੰਡਰਗਰਾਊਂਡ ਰਹਿੰਦਿਆਂ ਉਹਨੂੰ ਭਰੋਸਾ ਨਹੀਂ ਸੀ ਕਿ ਜ਼ਿੰਦਗੀ ਵਿਚ ਕਦੀ ਕਿਸੇ ਕੁੜੀ ਦਾ ਪਿਆਰ ਨਸੀਬ ਵੀ ਹੋਏਗਾ ਜਾਂ ਨਹੀਂ। ਹੁਣ ਚਾਰੇ ਪਾਸੇ ਬਹਾਰਾਂ ਖਿੜੀਆਂ ਹੋਈਆਂ ਸਨ। ਨਾਲ ਪੜ੍ਹਦੀਆਂ ਖ਼ੂਬਸੂਰਤ ਕੁੜੀਆਂ ਉਹਨੂੰ ਖਿੱਚਾਂ ਪਾਉਂਦੀਆਂ। ਉਹ ਨਿੱਕੀਆਂ-ਨਿੱਕੀਆਂ, ਟੁੱਟਦੀਆਂ-ਜੁੜਦੀਆਂ ਮੁਹੱਬਤੀ ਤੰਦਾਂ ਬਾਰੇ ਮੈਨੂੰ ਦੱਸਦਾ ਰਹਿੰਦਾ। ਅਧਿਆਪਕ ਤੇ ਕੁੜੀਆਂ-ਮੁੰਡੇ ਉਹਦੀ ਸਿਆਣਪ ਤੋਂ ਪ੍ਰਭਾਵਤ ਸਨ। ਇਸ ਸਿਆਣਪ ਦੀ ਉਹਨੂੰ ਮਾਰ ਪੈਂਦੀ। ਉਹਦੀ ਕੁਝ ਤਾਂ ਉਂਜ ਹੀ ਉਮਰ ਵਡੇਰੀ ਹੋ ਗਈ ਸੀ, ਦੂਜਾ ਉਹਦੀ ਉਮਰ ਨੂੰ ਉਹਦੀ ਸਿਆਣਪ ਦੀ ਮਾਰ ਵੀ ਪੈਣ ਲੱਗੀ। ਉਹ ਕੁੜੀਆਂ ਨੂੰ ਆਪਣਾ ਹਾਣੀ ਨਾ ਲੱਗਦਾ, ‘ਅੰਕਲ’ ਲੱਗਦਾ। ਉਹ ਸਮਝਦਾ ਕੁੜੀ ਉਹਦੀ ਮੁਹੱਬਤ ਵਿਚ ਭਿੱਜਣ ਲੱਗੀ ਹੈ, ਪਰ ਪਿੱਛੋਂ ਪਤਾ ਲੱਗਦਾ, ਉਹ ਤਾਂ ਉਹਦੀ ਸਿਆਣਪ ਤੋਂ ਪ੍ਰਭਾਵਤ ਹੋਈ ਸੀ। ਉਹ ਪਹਿਲਾਂ ਹੀ ਬਥੇਰਾ ਪਛੜ ਚੁੱਕਾ ਸੀ ਤੇ ਹੁਣ ਕਾਹਲੀ ਨਾਲ ਪੈਂਡਾ ਨਿਬੇੜਨਾ ਚਾਹੁੰਦਾ ਸੀ। ਕਿਸੇ ਰਿਸ਼ਤੇ ਦੇ ਤਰਕਸੰਗਤ ਅੰਜਾਮ ਤੱਕ ਪਹੁੰਚਣ ਤੋਂ ਪਹਿਲਾਂ ਹੀ ਉਹ ਅਗਲੀ ਨੂੰ ਆਪਣਾ ਮਨ ਦੱਸ ਦਿੰਦਾ ਜਾਂ ਉਹਦਾ ਮਨ ਪੁੱਛ ਬੈਠਦਾ ਤੇ ਗੱਲ ਕਿਸੇ ਸਿਰ ਲੱਗਣ ਤੋਂ ਪਹਿਲਾਂ ਹੀ ਟੁੱਟ ਜਾਂਦੀ। ਉਹ ਉਦਾਸੇ ਮਨ ਨਾਲ ਹੱਸਦਿਆਂ ਆਖਦਾ, “ਯਾਰ ਵਰਿਆਮ! ਉਹ ਤਾਂ ਗੱਲ ਈ ਹੋਰ ਨਿਕਲੀ।”
ਇਕ ਦਿਨ ਮੈਂ ਹੱਸਦਿਆਂ ਆਖਿਆ, “ਤੂੰ ਚੰਦਰਗੁਪਤ ਮੋਰੀਆ ਵਾਂਗ ਤੱਤੀ-ਤੱਤੀ ਖਿਚੜੀ ਵਿਚੋਂ ਈ ਚਮਚਾ ਭਰਨ ਬਹਿ ਜਾਂਦਾ ਏਂ। ਪਹਿਲਾਂ ਖਿਚੜੀ ਨੂੰ ਕੰਢਿਆਂ ਤੋਂ ਠੰਢੀ ਤਾਂ ਹੋ ਲੈਣ ਦਿਆ ਕਰ।”
ਕਈ ਵਾਰ ਉਹਦੇ ਨਾਲ ਉਹਦੀਆਂ ਜਮਾਤਣਾਂ ਦੇ ਸੰਗ-ਸਾਥ ਵਿਚ ਮੈਨੂੰ ਵੀ ਵਿਚਰਨ ਦਾ ਮੌਕਾ ਮਿਲਦਾ। ਹੇਠਾਂ ਚਾਚੇ ਗੁਲਾਟੀ ਦੀ ਕਨਟੀਨ ਤੋਂ ਚਾਹ ਦੀਆਂ ਗਲਾਸੀਆਂ ਲੈਂਦੇ ਤੇ ਹਰੇ-ਹਰੇ ਘਾਹ ‘ਤੇ ਬਹਿ ਕੇ ਚੁਸਕੀਆਂ ਭਰਦੇ। ਧੁੱਪ ਸੇਕਦੇ ਤੇ ਜਜ਼ਬਿਆਂ ਨੂੰ ਵੀ। ਲਤੀਫੇ ਵੀ ਚੱਲਦੇ, ਕਵਿਤਾਵਾਂ ਦੇ ਦੌਰ ਵੀ। ਹਲਵਾਰਵੀ ਮਹਿਫਿਲ ਦਾ ਸਰਦਾਰ ਹੁੰਦਾ। ਸੋਹਣੀਆਂ ਕੁੜੀਆਂ ਵੱਲ ਵਿੰਹਦਿਆਂ ਉਹਦੇ ਦੰਦਾਂ ਦੀ ਵਿਰਲ ਹੱਸਦੀ ਰਹਿੰਦੀ, ਪਰ ਉਹਦੀ ਅਕਲ ਨੂੰ ਪਤਾ ਨਹੀਂ ਕੀ ਦੁਗਾੜਾ ਵੱਜ ਗਿਆ ਸੀ। ਕੁੜੀਆਂ ਉਹਦੇ ਲਾਗੇ-ਚਾਗੇ ਤਾਂ ‘ਕੁੜ-ਕੁੜ’ ਕਰਦੀਆਂ ਚਹਿਕਦੀਆਂ ਫਿਰਦੀਆਂ, ਕਦੀ-ਕਦੀ ਲੱਗਦਾæææਕੋਈ ਉਹਦੇ ਮੋਢਿਆਂ ‘ਤੇ ਬਹਿਣ ਈ ਵਾਲੀ ਹੈ, ਪਰ ਪੈਰ ਰੱਖਦਿਆਂ ਈ ਉਹਦੇ ਮਨ ਵਿਚ ਖ਼ਬਰੇ ਕੀ ਆਉਂਦਾ ‘ਫੁਰਰ’ ਕਰ ਕੇ ਉਡ ਜਾਂਦੀ। ਉਹਦੀਆਂ ਜਮਾਤਣਾਂ ਵਿਚੋਂ ਦੋ ਸਹੇਲੀਆਂ ਸਨ। ਹਲਵਾਰਵੀ ਇੱਕ ‘ਤੇ ਕੁਰਬਾਨ ਹੋ ਗਿਆ ਸੀ, ਪਰ ਉਸ ਕੁੜੀ ਦਾ ਤਾਂ ਆਪਣਾ ਹਾਣ-ਪ੍ਰਵਾਨ ਸੋਹਣਾ ਸੁਨੱਖਾ ਮੁੰਡਾ ਹਰ ਵੇਲੇ ਉਹਦੇ ਸੰਗ-ਸਾਥ ਵਿਚ ਵਿਚਰਦਾ ਸੀ। ਸਾਰੀ ਜਮਾਤ ਨੂੰ ਉਨ੍ਹਾਂ ਦੀ ਮੁਹੱਬਤ ਦਾ ਪਤਾ ਸੀ। ਹਲਵਾਰਵੀ, ਆਪਣੇ ਦਿਲ ਦਾ ਕੀ ਕਰਦਾ! ਆਪਣਾ ਦੁੱਖ ਮੇਰੇ ਨਾਲ ਫੋਲਦਾ। ਇਕ ਦਿਨ ‘ਖਿਚੜੀ ਵਿਚੋਂ ਤੱਤਾ ਚਮਚਾ ਭਰਿਆ’ ਤਾਂ ਕੁੜੀ ਨੇ ਕਿਹਾ ਕਿ ਉਹ ਉਹਦੀ ਕਦਰ ਕਰਦੀ ਹੈ। ਉਹਦੇ ਦਿਲ ਨੂੰ ਇਹ ਵੀ ਪਤਾ ਨਹੀਂ ਲੱਗਦਾ ਕਿ ਉਹ ਉਹਨੂੰ ਪਿਆਰ ਕਰਦੀ ਵੀ ਹੈ ਜਾਂ ਨਹੀਂ, ਪਰ ਤਦ ਵੀ ਉਹਦੇ ਮਾਪੇ ਹਲਵਾਰਵੀ ਨਾਲ ਉਹਦੇ ਉਮਰ ਭਰ ਦੇ ਸਾਥ ਨੂੰ ਕਦੀ ਪ੍ਰਵਾਨਗੀ ਨਹੀਂ ਦੇਣ ਲੱਗੇ। ਉਹ ਜੱਟਾਂ ਦੀ ਕੁੜੀ ਸੀ ਤੇ ਉਹ ਛੀਂਬਿਆਂ ਦਾ ਮੁੰਡਾ। ਹਲਵਾਰਵੀ ਦਾ ਦਿਲ ਢਹਿ ਗਿਆ। ਫਿਰ ਵੀ ਉਹ ਹੱਸਦਾ ਰਹਿੰਦਾ। ਉਹ ਕੁੜੀ ਉਮਰ ਦੇ ਅਖ਼ੀਰਲੇ ਸਾਲਾਂ ਤੱਕ ਉਹਦੇ ਮਨ ਵਿਚ ਧਸੀ ਰਹੀ।
ਉਸੇ ਕੁੜੀ ਦੀ ਦੂਜੀ ‘ਕਾਮਰੇਡ’ ਸਹੇਲੀ ਅਜੇ ‘ਵਿਹਲੀ’ ਸੀ। ਹਲਵਾਰਵੀ ਨੇ ਉਸ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਇਕ ਦਿਨ ਨਾਮਵਰ ਸਿੰਘ ਦਾ ਲੈਕਚਰ ਸੀ। ਅਸੀਂ ਪਿਛਲੀਆਂ ਸੀਟਾਂ ‘ਤੇ ਬੈਠੇ ਸਾਂ। ਦੋਵੇਂ ਸਹੇਲੀਆਂ ਵੀ। ਦੋ ਕੁੜੀਆਂ ਹੋਰ ਵੀ ਸਨ। ਹਲਵਾਰਵੀ ਕਹਿੰਦਾ, “ਮੇਰੀ ਇਨ੍ਹਾਂ ਨਾਲ ਲੈਕਚਰ ਤੋਂ ਪਹਿਲਾਂ ਗੱਲ ਹੋ ਗਈ ਏ, ਆਪਾਂ ਅੱਜ ਫਿਲਮ ਵੇਖਣ ਚੱਲਾਂਗੇ।” ਮੈਂ ਝਿਜਕਦਾ ਸਾਂ। ਮੇਰੀ ਕੁੜੀਆਂ ਨਾਲ ਫਿਲਮ ਵੇਖਣ ਦੀ ਕੋਈ ਇੱਛਾ ਨਹੀਂ ਸੀ। ਮੈਂ ਤਾਂ ਆਪਣੀ ਨਵ-ਵਿਆਹੀ ਪਤਨੀ ਦੇ ਮੁਹੱਬਤੀ ਵਿਛੋੜੇ ਵਿਚ ਗਲਤਾਨ ਸਾਂ। ਸੋਹਣੀ ਪਤਨੀ ਦੇ ਚੇਤੇ ਵਿਚ ਖੁਭੀਆਂ ਨਜ਼ਰਾਂ ਨੂੰ ਕਿਸੇ ਹੋਰ ਵੱਲ ਅੱਖ ਭਰ ਕੇ ਵੇਖਣ ਦੀ ਵਿਹਲ ਨਹੀਂ ਸੀ। ਮੈਂ ਐਵੇਂ ਹੀ ਰੁੱਝੇ ਹੋਣ ਦਾ ਬਹਾਨਾ ਲਾਇਆ, ਤਾਂ ਮੇਰੇ ਸੱਜੇ ਹੱਥ ਬੈਠੀ ਕਾਮਰੇਡ ਕੁੜੀ ਕਹਿੰਦੀ, “ਸਾਰੇ ਈ ਜਾਣਗੇ ਤਾਂ ਜਾਵਾਂਗੇ; ਨਹੀਂ ਤਾਂ ਨਹੀਂ।”
“ਚੱਲ ਯਾਰ ਬਹੁਤੇ ਨਖ਼ਰੇ ਨਾ ਕਰ।” ਹਲਵਾਰਵੀ ਨੇ ਜ਼ੋਰ ਪਾਇਆ ਤਾਂ ਮੈਨੂੰ ‘ਨਖ਼ਰਾ’ ਛੱਡਣਾ ਪਿਆ।
ਫਿਲਮ ਵੇਖਦਿਆਂ ਵੀ ‘ਕਾਮਰੇਡ’ ਮੇਰੇ ਵਾਲੇ ਪਾਸੇ ਬਹਿ ਗਈ। ਫਿਲਮ ਵੇਖ ਕੇ ਬਾਹਰ ਨਿਕਲੇ ਤਾਂ ਮੇਰੀ ਕੋਸ਼ਿਸ਼ ਇਹ ਕਿ ਉਹ ਤੇ ਹਲਵਾਰਵੀ ਮਿਲ ਕੇ ਤੁਰਨ। ਮੈਂ ਜਾਣ-ਬੁੱਝ ਕੇ ਪਿੱਛੇ ਰਹਿ ਗਿਆ। ਉਹ ਪਿੱਛੇ ਝਾਕਦੀ ਪੈਰ ਮਲਦੀ ਖਲੋ ਗਈ, “ਤੁਰਦੇ ਕਿਉਂ ਨਹੀਂ।” ਤੇ ਰੁਕ ਕੇ ਮੇਰੇ ਨਾਲ ਤੁਰਨ ਲੱਗੀ। ਸਤਾਰਾਂ ਸੈਕਟਰ ਦੇ ਕੌਫੀ ਹਾਉਸ ਵਿਚ ਬੈਠੇ ਤਾਂ ਹਲਵਾਰਵੀ ਦੇ ਸਬਰ ਦਾ ਪਿਆਲਾ ਭਰ ਗਿਆ। ਮੈਨੂੰ ਕਹਿਣ ਲੱਗਾ, “ਵਰਿਆਮ ਤੇਰੀ ਬੱਚੀ ਰੂਪ ਬੜੀ ਪਿਆਰੀ ਏ। ਨਿੱਕੀ ਜਿਹੀ, ਗੋਭਲੀ, ਲਾਡਲੀ।”
“ਹੈਂਅ! ਇਹਦੀ ਬੱਚੀ!” ਕੁੜੀ ਦਾ ਹੈਰਾਨੀ ਵਿਚ ਮੂੰਹ ਖੁੱਲ੍ਹਾ ਰਹਿ ਗਿਆ।
“ਹਾਂæææਅਜੇ ਪਿਛਲੇ ਦਿਨੀਂ ਹੀ ਇਹਦੀ ਪਤਨੀ ਆਈ ਸੀ ਚੰਡੀਗੜ੍ਹ। ਨਿੱਕੀ ਜਿਹੀ ਬੱਚੀ ਬਹੁਤ ਈ ਪਿਆਰੀ ਏ।”
ਹਲਵਾਰਵੀ ਦਾ ਤੀਰ ਚੱਲ ਗਿਆ ਸੀ। ਕੁੜੀ ਦਾ ਉਤਸ਼ਾਹ ਮੱਧਮ ਪੈ ਗਿਆ। ਬੁਝ ਗਈ ਸੀ ਉਹ।
ਪਿੱਛੋਂ ਮੈਨੂੰ ਹੱਸਦਿਆਂ ਕਹਿੰਦਾ, “ਅਸੀਂ ਆਪਣਾ ਘਰ ਵਸਾਉਣ ਨੂੰ ਫਿਰਦੇ ਸਾਂæææਉਹ ਸਾਡੇ ਭਰਾ ਦਾ ਘਰ ਉਜਾੜਨ ਨੂੰ ਫਿਰਦੀ ਸੀ। ਇੰਜ ਕਿਵੇਂ ਹੋਣ ਦਿੰਦੇ ਅਸੀਂ।”
ਆਪਣਾ ਘਰ ਆਪਣੀ ਮਰਜ਼ੀ ਨਾਲ ਵਸਾਉਣ ਦੀ ਉਹਦੀ ਰੀਝ ਪੂਰੀ ਨਾ ਹੋ ਸਕੀ। ਉਹਦੀ ਹਰ ਪ੍ਰੀਤ ਦੀ ਤਾਰ ਅੱਧ ਵਿਚਾਲੇ ਟੁੱਟ ਜਾਂਦੀ। ਉਹ ਸਾਰੀ ਉਮਰ ਤਾਰ ਵਿਚੋਂ ਟੁੱਟ ਕੇ ਡਿੱਗੇ ਮਣਕੇ ਚੁੱਕ ਕੇ ਪੂੰਝਦਾ ਰਿਹਾ ਤੇ ਮੁੜ-ਮੁੜ ਉਨ੍ਹਾਂ ਨੂੰ ਅੱਖਾਂ ਅੱਗੇ ਕਰ ਕੇ ਉਨ੍ਹਾਂ ਦੀ ਲਿਸ਼ਕ ਨੂੰ ਮਾਣਦਾ ਰਿਹਾ। ਘਰ ਵਸਾਉਣ ਦੀ ਕੋਸ਼ਿਸ਼ ਕੀਤੀ ਤਾਂ ਵਸਾਇਆ ਘਰ ਪਹਿਲੀ ਸੱਟੇ ਉੱਜੜ ਗਿਆ।
ਮੈਂ ਉਹਦੇ ਤਿੰਨਾਂ ਵਿਆਹਾਂ ਦਾ ਚਸ਼ਮਦੀਦ ਗਵਾਹ ਹਾਂ। ਅਸੀਂ ਉਹਦੇ ਪਹਿਲੇ ਵਿਆਹ ‘ਤੇ ਸੁਧਾਰ ਇਕ ਰਾਤ ਪਹਿਲਾਂ ਹੀ ਪਰਿਵਾਰ ਸਮੇਤ ਪਹੁੰਚ ਗਏ। ਅਗਲੇ ਦਿਨ ਜੰਜ ਲੁਧਿਆਣੇ ਗਈ ਤੇ ਲਾੜੀ ਨੂੰ ਵਿਆਹ ਕੇ ਘਰ ਲੈ ਆਂਦਾ। ਇਕ ਬੱਚਾ ਵੀ ਹੋਇਆ, ਪਰ ਵਿਆਹ ਦੀ ਖ਼ੁਸ਼ੀ ਦੇਰ ਤੱਕ ਨਾ ਚੱਲੀ। ਤੋੜ-ਵਿਛੋੜਾ ਹੋ ਗਿਆ। ਮੈਂ ਕਿਹਾ, ਤੁਹਾਨੂੰ ਤਾਂ ਵਿਆਹ ਵਾਰਾ ਨਾ ਖਾਧਾ ਤਾਂ ਵਿਆਹ ਤੋੜ ਲਿਆ, ਪਰ ਉਸ ਬੱਚੇ ਦਾ ਕੀ ਕਸੂਰ ਸੀ? ਕਹਿਣ ਲੱਗਾ, “ਬੱਚਾ ਮੇਰਾ ਨਹੀਂ, ਉਹਦੇ ਪਹਿਲਾਂ ਹੀ ਕਿਸੇ ਨਾਲ ਸਬੰਧ ਸਨ। ਮੈਨੂੰ ਪਤਾ ਲੱਗ ਗਿਆ। ਮੈਂ ਖੁੱਲ੍ਹੇ ਦਿਲ ਨਾਲ ਕਿਹਾ ਕਿ ਪਿਛਲੀ ਹੋਈ-ਬੀਤੀ ਭੁਲਾ ਕੇ ਮੇਰੇ ਨਾਲ ਚੱਲੇਂਗੀ ਤਾਂ ਮੈਂ ਇਸ ਗੱਲ ਨੂੰ ਮਨ ‘ਤੇ ਨਹੀਂ ਲਿਆਉਂਦਾ। ਜੇ ਉਸ ਨੂੰ ਮਿਲਣਾ ਵੀ ਹੋਵੇ ਤਾਂ ਮੇਰੀ ਹਾਜ਼ਰੀ ‘ਚ ਮਿਲ ਲੈਣਾ, ਚੋਰੀ ਨਹੀਂ ਕਰਨੀ, ਪਰ ਉਹ ਸੁਧਰੀ ਨਾ। ਮੈਂ ਸੋਚਿਆ ਹੁਣ ਅਖ਼ੀਰ ਹੋ ਗਈ। ਇਹ ਤੋੜ-ਵਿਛੋੜਾ ਉਸੇ ‘ਅਖ਼ੀਰ’ ਦਾ ਸਿੱਟਾ ਹੈ। ਬੰਦੇ ਦੀ ਲਚਕ ਅਤੇ ਸਹਿਣਸ਼ਕਤੀ ਦੀ ਇੱਕ ਹੱਦ ਹੁੰਦੀ ਏ ਨਾ!” ਜਦੋਂ ਉਹ ਲਕੀਰ ਖਿੱਚ ਦਿੰਦਾ ਸੀ, ਫਿਰ ਉਹਨੂੰ ਕੋਈ ਨਹੀਂ ਸੀ ਮਨਾ ਸਕਦਾ।
ਉਨ੍ਹੀਂ ਦਿਨੀਂ ਉਹ ‘ਪੰਜਾਬੀ ਟ੍ਰਿਬਿਊਨ’ ਵਿਚ ਸਹਾਇਕ ਸੰਪਾਦਕ ਆਣ ਲੱਗਾ ਸੀ। ਇਕ ਦਿਨ ਪਾਰਟੀ ਦਾ ਪੁਰਾਣਾ ਬਜ਼ੁਰਗ ਸਾਥੀ ਉਹਨੂੰ ਮਿਲਣ ਆ ਗਿਆ। ਹਲਵਾਰਵੀ ਨੂੰ ਕਹਿੰਦਾ ਕਿ ਉਹ ਦੂਜਾ ਵਿਆਹ ਕਿਉਂ ਨਹੀਂ ਕਰਵਾ ਲੈਂਦਾ? ਪਹਿਲੀ ਸੱਟ ਖਾਣ ਤੋਂ ਪਿੱਛੋਂ ਹਲਵਾਰਵੀ ਅਜੇ ਸੰਭਲਿਆ ਨਹੀਂ ਸੀ। ਨਵਾਂ ਵਿਆਹ ਕਰਵਾਉਣ ਦੀ ਉਹਦੀ ਕੋਈ ਮਨਸ਼ਾ ਨਹੀਂ ਸੀ। ਬਜ਼ੁਰਗ ਸਾਥੀ ਕਹਿੰਦਾ, “ਮੇਰੀ ਧੀ ਏ ਇੱਕ। ਤੇਰੇ ਨਾਲੋਂ ਦਸ ਬਾਰਾਂ ਸਾਲ ਛੋਟੀ। ਕਾਲਜ ਜਾਣ ਦੀ ਉਮਰ ਦੀ। ਮੇਰੇ ਕੋਲ ਉਹਨੂੰ ਵਿਆਹੁਣ ਦੀ ਪੁੱਗਤ ਨਹੀਂ। ਤੈਨੂੰ ਮੇਰੀ ਮਾਲੀ ਹਾਲਤ ਦਾ ਪਤਾ ਈ ਐ। ਉਹਨੂੰ ਮਿਲ ਲੈ। ਕੋਈ ਜ਼ੋਰ-ਜ਼ਬਰਦਸਤੀ ਨਹੀਂ। ਪਸੰਦ ਆ ਜਾਏ ਤਾਂ ਸਾਥੀ ਬਣਾ ਸਕਦਾ ਏਂ। ਆਪਣੀ ਅਕਲ ਦੀ ਹਾਣੀ ਬਣਾਉਣੀ ਹੋਵੇ ਤਾਂ ਪੜ੍ਹਾ ਸਕਦਾ ਏਂ। ਨਾ-ਪਸੰਦ ਆਏ ਤਾਂ ਵੀ ਕੋਈ ਉਜਰ ਨਹੀਂ। ਉਹਦੇ ਨਾਲ ਮੈਂ ਗੱਲ ਕਰ ਲਈ ਏ।”
ਬੜੀ ਅਲੋਕਾਰ ਪੇਸ਼ਕਸ਼ ਸੀ। ਹਲਵਾਰਵੀ ਸੋਚਣ ਲੱਗਾ। ਇਕ ਵਾਰ ਵੇਖਣ ‘ਚ ਕੀ ਹਰਜ ਏ? ਵੇਖਿਆ ਤਾਂ ਨਿੱਕੇ ਜਿਹੇ ਕੱਦ ਦੀ ਮਲੂਕੜੀ ਜਿਹੀ ਸੋਹਲ ਕੁੜੀ ਉਸ ਨੂੰ ਬੱਚੀ ਜਿਹੀ ਜਾਪੀ। ਨੈਣ-ਨਕਸ਼ ਸੋਹਣੇ ਸਨ। ਚਿਹਰੇ ‘ਤੇ ਭੋਲਾਪਣ ਸੀ। ਗੁਰਪਿੰਦਰ ਉਹਦੇ ਪਸੰਦ ਆ ਗਈ। ਉਹਦੇ ਨਾਲ ਰਹਿਣ ਲੱਗੀ। ਉਹਨੇ ਹਲਵਾਰਵੀ ਦਾ ਦਿਲ ਜਿੱਤ ਲਿਆ। ਹਲਵਾਰਵੀ ਨੇ ਉਹਨੂੰ ਕਾਲਜ ਪੜ੍ਹਨੇ ਪਾ ਦਿੱਤਾ।
ਗੱਡੀ ਰਵਾਂ ਚਾਲੇ ਤੁਰਨ ਲੱਗੀ। ਗੁਰਪਿੰਦਰ ਬੜੀ ਸਿਆਣੀ ਕੁੜੀ ਸੀ। ਉਹਨੇ ਹਲਵਾਰਵੀ ਦੀਆਂ ਲੋੜਾਂ ਨੂੰ ਸਮਝਿਆ। ਉਹ ਇਹ ਵੀ ਜਾਣਦੀ ਕਿ ਹਲਵਾਰਵੀ ਦੇ ਕਿਹੜੇ ਦੋਸਤ ਮਿੱਤਰ ਨਾਲ, ਦਰਜੇਬੰਦੀ ਦੇ ਹਿਸਾਬ ਨਾਲ, ਕਿਵੇਂ ਦਾ ਵਿਹਾਰ ਕਰਨਾ ਏਂ। ਹਲਵਾਰਵੀ ਉਹਨੂੰ ਲੈ ਕੇ ਉਡਿਆ ਫਿਰਦਾ। ਕਦੀ ਕਿਸੇ ਪਹਾੜ ‘ਤੇ, ਕਦੀ ਕਿਸੇ ਸਮੁੰਦਰ ਦੇ ਕਿਨਾਰੇ। ਹੱਸ ਕੇ ਆਖਦਾ, “ਨਿੱਕੀਏ ਜਿਹੀਏ ਕੁੜੀਏ! ਵੇਖ ਮੇਰੇ ਨਾਲ ਤੇਰੀ ਕਿਹੋ ਜਿਹੀ ਕਿਸਮਤ ਲਿਖੀ ਏ। ਐਸ਼ ਕਰਦੀ ਏਂ। ਨਹੀਂ ਤਾਂ ਵੱਧ ਤੋਂ ਵੱਧ ਕਿਸੇ ਟੁੱਟੜ ਜਿਹੇ ਕਲਰਕ ਦੇ ਘਰ ਭਾਂਡੇ ਮਾਂਜਦੀ ਹੋਣਾ ਸੀ!”
ਗੁਰਪਿੰਦਰ ਨੇ ਉਹਦਾ ਘਰ ਮਹਿਕਣ ਲਾ ਦਿੱਤਾ ਸੀ। ਹਲਵਾਰਵੀ ਪੂਰਾ ਖੁਸ਼ ਸੀ, ਪਰ ਗੁਰਪਿੰਦਰ ਦੀ ਕਿਸਮਤ ਬਹੁਤੀ ਚੰਗੀ ਨਾ ਨਿਕਲੀ। ਹੁਣ ਤਾਂ ਹਲਵਾਰਵੀ ਦੀ ਕਿਸਮਤ ਵੀ ਉਹਦੇ ਨਾਲ ਜੁੜੀ ਹੋਈ ਸੀ। ਪਤਾ ਨਹੀਂ ਕਿੱਥੋਂ, ਹੈਪੀਟਾਈਟਸ ‘ਬੀ’ ਦਾ ਵਾਇਰਸ ਉਹਦੇ ਅੰਦਰ ਆ ਵੜਿਆ ਕਿ ਉਹਦੀ ਜ਼ਿੰਦਗੀ ਹੀ ਲੈ ਉਡਿਆ। ਹਲਵਾਰਵੀ ਫੇਰ ਇਕੱਲਾ ਰਹਿ ਗਿਆ।
ਫੇਰ ਪ੍ਰਿਤਪਾਲ ਉਹਦੇ ਘਰ ਆਈ। ਪੁੱਤਰ ਦੇ ਕਦਮਾਂ ਨਾਲ ਘਰ ਦਾ ਵਿਹੜਾ ਠੁਮਕਣ ਲੱਗਾ। ਦੋਸਤ-ਮਿੱਤਰਾਂ ਦੇ ਸੋਹਣੇ ਘਰ ਵੇਖ ਕੇ ਕਹਿੰਦਾ, “ਵਰਿਆਮ! ਆਪਣੇ ਕੋਲ ਵੀ ਕਦੀ ਏਹੋ ਜਿਹਾ ਆਪਣਾ ਘਰ ਹੋਏਗਾ।”
ਹੁਣ ਤਾਂ ਬੜੀ ਰੀਝ ਨਾਲ ਆਪਣਾ ਘਰ ਵੀ ਬਣਾ ਲਿਆ ਸੀ ਪਰ ਉਸ ਘਰ ਵਿਚ ਰੱਜ ਕੇ ਵੱਸਣ ਤੋਂ ਪਹਿਲਾਂ ਹੀ ਉਹ ਆਪਣੀਆਂ ਅਨੇਕ ਅਣਪੂਰੀਆਂ ਹਸਰਤਾਂ ਲੈ ਕੇ ਸੰਸਾਰ ਤੋਂ ਕੂਚ ਕਰ ਗਿਆ।
ਉਹਨੇ ਕਦੀ ਲਿਖਿਆ ਸੀ:
ਅਸੀਂ ਤੁਰੇ ਨਹੀਂ ਕਦੇ ਵੀ ਕਿਨਾਰਿਆਂ ਦੇ ਨਾਲ
ਸਾਡਾ ਸਾਥ ਰਿਹਾ ਛੱਲਾਂ ਦੇ ਹੁਲਾਰਿਆਂ ਦੇ ਨਾਲ।
ਸਾਰੀ ਉਮਰ ਉਹ ਉਚੀਆਂ ਮਾਰੂ ਛੱਲਾਂ ਨਾਲ ਘੁਲਦਾ ਰਿਹਾ। ਕਦੀ ਛੱਲਾਂ ਦੇ ਉਪਰ ਕਦੀ ਹੇਠਾਂ, ਪਰ ਕਦੀ ਹੌਸਲਾ ਨਹੀਂ ਹਾਰਿਆ। ਉਸ ਵੱਡੀਆਂ-ਵੱਡੀਆਂ ਸੱਟਾਂ ਝੱਲੀਆਂ। ਪਹਿਲੇ ਵਿਆਹੁਤਾ ਜੀਵਨ ਦਾ ਟੁੱਟਣਾ, ਸੜਕ ਹਾਦਸੇ ਵਿਚ ਮਾਂ ਅਤੇ ਭਰਾ ਦੀ ਮੌਤ, ਫਿਰ ਗੁਰਪਿੰਦਰ ਦਾ ਚਲਾਣਾ। ਥੋੜ੍ਹੇ ਸਾਲਾਂ ਦੇ ਵਕਫੇ ਵਿਚ ਉਹਨੂੰ ਕਈ ਵਾਰ ਮੱਚਣਾ ਪਿਆ, ਪਰ ਹਰ ਵਾਰ ਉਹ ਆਪਣੀ ਰਾਖ ਵਿਚੋਂ ਮੁੜ ਉਦੈ ਹੁੰਦਾ। ਜ਼ਿੰਦਗੀ ਨਾਲ ਜੁੜਦਾ ਤੇ ਮੁੜ ਤੋਂ ਅੱਗੇ ਨੂੰ ਤੇਜ਼ ਕਦਮੀਂ ਤੁਰਨ ਲੱਗਦਾ। ਅਤਿ ਦੀਆਂ ਪ੍ਰਤੀਕੂਲ ਸਥਿਤੀਆਂ ਵਿਚ ਵੀ ਆਪਣੇ ਆਪ ਨੂੰ ਸੰਤੁਲਨ ਵਿਚ ਰੱਖਣ ਤੇ ਵਿਚਰਨ ਦੀ ਉਸ ਕੋਲ ਅਥਾਹ ਸਮਰੱਥਾ ਸੀ। ਦੁੱਖ ਲੰਘ ਜਾਣ ਤੋਂ ਬਾਅਦ ਉਹ ਪਹਿਲਾਂ ਵਾਂਗ ਹੀ ਹੱਸਦਾ। ਉਹ ਪਿਛਲੇ ਦੁੱਖਾਂ ਨੂੰ ਨਾ ਫੋਲਦਾ, ਪਰ ਹਾਸੇ ਦੀ ਨਿੱਕੀ ਜਿਹੀ ਗੱਲ ਵੀ ਚੇਤੇ ਵਿਚੋਂ ਕੱਢ ਲੈਂਦਾ ਤੇ ਫਿਰ ਢਿੱਡ ਤੇ ਮੋਢੇ ਹਿਲਾ ਕੇ ਇਸ ਤਰ੍ਹਾਂ ਹੱਸਦਾ ਕਿ ਹੱਸਦਿਆਂ-ਹੱਸਦਿਆਂ ਗਲੇ ‘ਚੋਂ ਆਵਾਜ਼ ਨਿਕਲਣੀ ਮੁਸ਼ਕਲ ਹੋ ਜਾਂਦੀ। ਉਹਦਾ ਹਾਸਾ, “ਖੀæææ ਖੀæææ” ਵਿਚ ਬਦਲ ਜਾਂਦਾ।
ਕਦੀ-ਕਦੀ ਕਿਸੇ ਮਹਿਫਿਲ ਵਿਚ ਸਾਹਿਤ ਅਤੇ ਪ੍ਰਚਾਰ ਦੇ ਆਪਸੀ ਸਬੰਧਾਂ ਦੀ ਗੱਲ ਕਰਦਿਆਂ ਗੱਲ ਗੁਰਸ਼ਰਨ ਸਿੰਘ ਵੱਲ ਮੁੜਨੀ ਤਾਂ ਉਹਨੇ ਮੇਰੇ ਵੱਲ ਵੇਖ ਕੇ ਹੱਸਣਾ, “ਵਰਿਆਮ ਕਹਿੰਦਾæææਗੁਰਸ਼ਰਨ ਸਿੰਘ ਨਾਟਕ ‘ਚ ਭਾਸ਼ਨ ਕਰਦੈ ਤੇæææ”, ਅਗਲੀ ਗੱਲ ਕਰਨ ਤੋਂ ਪਹਿਲਾਂ ਹਾਸੇ ਦਾ ਫੁਹਾਰਾ ਚੱਲਣਾ ਤੇ ਪਿੱਛੋਂ ਉਹਨੇ ਗੱਲ ਮੁਕੰਮਲ ਕਰਨੀ।
ਐਮਰਜੈਂਸੀ ਹਟੀ ਤਾਂ ਚੋਣਾਂ ਦਾ ਐਲਾਨ ਹੋ ਗਿਆ। ਨਿੱਤ ਨਵਾਂ ਜਲਸਾ। ਲੀਡਰਾਂ ਦੇ ਭਾਸ਼ਨ। ਇਕ ਰਾਤ ਖੁੱਲ੍ਹੇ ਮੈਦਾਨ ਵਿਚ ਹੁੰਦਾ ਗੁਰਸ਼ਰਨ ਸਿੰਘ ਦਾ ਨਾਟਕ ਵੇਖਣ ਗਏ। ਗੁਰਸ਼ਰਨ ਸਿੰਘ ਦੇ ਆਮ ਨਾਟਕਾਂ ਵਾਂਗ ਸੁਨੇਹਾ ਮੁੱਖ ਸੀ। ਉਹਦੇ ਭਾਸ਼ਨੀ ਬਿਰਤੀ ਵਾਲੇ ਵਾਰਤਾਲਾਪ ਸੁਣ ਕੇ ਹਲਵਾਰਵੀ ਕਹਿੰਦਾ, “ਗੁਰਸ਼ਰਨ ਸਿੰਘ ਤਾਂ ਆਪਣੇ ਨਾਟਕਾਂ ਵਿਚ ਹੁਣ ਭਾਸ਼ਨ ਈ ਕਰਦੈ, ਨਾਟਕ ਕਿੱਥੇ ਹੁੰਦਾ ਏ!”
ਨਾਟਕ ਖ਼ਤਮ ਹੋਇਆ ਤਾਂ ਗੁਰਸ਼ਰਨ ਸਿੰਘ ਹਾਲਾਤ-ਏ-ਹਾਜ਼ਰਾ ‘ਤੇ ਟਿੱਪਣੀ ਕਰਨ ਲੱਗਾ। ਇੰਦਰਾ ਗਾਂਧੀ ਖਿਲਾਫ਼ ਇਨ੍ਹਾਂ ਦਿਨਾਂ ਵਿਚ ਲੋਕਾਂ ਵਿਚ ਰੋਹ ਕੁਝ ਜ਼ਿਆਦਾ ਹੀ ਸੀ। ਗੁਰਸ਼ਰਨ ਸਿੰਘ ਦਾ ਇਹ ਰੋਹ ਭਾਸ਼ਨ ਕਰਦਿਆਂ ਹੋਰ ਵੀ ਪ੍ਰਚੰਡ ਹੋ ਗਿਆ। ਰੋਹ ਵਿਚ ਭਰ ਕੇ ਕਹਿੰਦਾ, “ਇਹ ਇੰਦਰਾ! ਇਹ ਇੰਦਰਾæææਇਹਨੇ ਜੋ ਕੁਝ ਕੀਤਾ ਏ, ਇਹਦੇ ਨਾਲ ਤਾਂæææਇਹਦੇ ਨਾਲ ਤਾਂæææ”, ਉਹ ਗਰਜਿਆ, “ਇਹਦੇ ਨਾਲ ਤਾਂ ਸਲੂਕ ਹੋਣਾ ਚਾਹੀਦੈæææਮੈਂ ਇਹਨੂੰ ਦੱਸਾਂæææ।” ਪਰ ਇੰਦਰਾ ਨੂੰ ‘ਦੱਸਣ’ ਲਈ ਉਹਨੂੰ ਜੋਸ਼ ਤੇ ਗੁੱਸੇ ਵਿਚ ਗੱਲ ਅਹੁੜ ਨਹੀਂ ਸੀ ਰਹੀ। ਉਹ ਝੁੰਜਲਾ ਗਿਆ ਤੇ ਪੈਰਾਂ ਵੱਲ ਝੁਕ ਕੇ ਆਪਣੀ ਜੁੱਤੀ ਨੂੰ ਹੱਥ ਪਾ ਲਿਆ।
“ਇਹਦੇ ਜੁੱਤੀਆਂæææਹਾਂ ਜੁੱਤੀਆਂ।”
ਲੋਕ ਤਾੜੀਆਂ ਮਾਰ ਰਹੇ ਸਨ। ਮੈਂ ਹਲਵਾਰਵੀ ਨੂੰ ਕਿਹਾ, “ਤੂੰ ਕਹਿੰਦੈਂ ਕਿ ਗੁਰਸ਼ਰਨ ਸਿੰਘ ਨਾਟਕ ਨਹੀਂ ਕਰਦਾ। ਆਹ ਵੇਖ ਖਾਂ ਨਾਟਕ ਹੋ ਰਿਹਾ।”
ਮਹਿਫਿਲ ਵਿਚ ਸਾਰੀ ਗੱਲ ਸੁਣਾ ਕੇ ਉਸ ਨੇ ਤੋੜਾ ਝਾੜਨਾ, “ਵਰਿਆਮ ਕਹਿੰਦਾæææਗੁਰਸ਼ਰਨ ਸਿੰਘ ਨਾਟਕ ‘ਚ ਭਾਸ਼ਨ ਕਰਦੈ ਤੇæææਭਾਸ਼ਨ ਵਿਚ ਨਾਟਕ।”
ਹੱਸਦਿਆਂ ਉਹਦੇ ਹਾਸੇ ਦੀ ਹੱਦ “ਖੀæææਖੀæææ” ਤੱਕ ਪਹੁੰਚ ਜਾਂਦੀ।
ਫਿਰ ਗੰਭੀਰ ਹੋ ਕੇ ਕਹਿੰਦਾ, “ਗੁਰਸ਼ਰਨ ਭਾ ਜੀ ਦੇ ‘ਨਾਟਕੀ ਪ੍ਰਚਾਰ’ ਦੀ ਉਂਜ ਦੇਣ ਬੜੀ ਹੈ। ਪਿੰਡ-ਪਿੰਡ ਨਾਟਕ ਪੁਚਾ ਦਿੱਤੈ ਉਨ੍ਹਾਂ।”
(ਚਲਦਾ)
Leave a Reply