ਪੱਤਰਕਾਰ ਦਲਬੀਰ ਸਿੰਘ ਨੇ ‘ਡੋਗਰ ਸਿੰਘ ਦੀ ਹਵੇਲੀ’ ਦੇ ਬਹਾਨੇ ਪਿੰਡ ਦੇ ਕੁਝ ਹੋਰ ਪੱਖਾਂ ਬਾਰੇ ਗੱਲਾਂ ਕੀਤੀਆਂ ਹਨ। ਇਸ ਲੇਖ ਵਿਚ ਫੇਰੀ ਵਾਲਿਆਂ ਅਤੇ ਭੱਠੀ ਦਾ ਉੁਚੇਚਾ ਜ਼ਿਕਰ ਹੈ। ਮਰਹੂਮ ਦਲਬੀਰ ਸਿੰਘ (20 ਅਗਸਤ 1949-28 ਜੁਲਾਈ 2007) ਦੀ ਇਹ ਸਵੈ-ਜੀਵਨੀ ‘ਤੇਰੀਆਂ ਗਲੀਆਂ’ ਕੋਈ ਸਵੈ-ਜੀਵਨੀ ਨਹੀਂ; ਇਹ ਉਹਦੇ ਆਪਣੇ ਪਿੰਡ ਨੰਗਲ ਸ਼ਾਮਾ ਦੀਆਂ ਗੱਲਾਂ ਹੀ ਨਹੀਂ, ਸਗੋਂ ਸਮੁੱਚੇ ਪੰਜਾਬ ਦੇ ਪਿੰਡਾਂ, ਲੋਕਾਂ ਅਤੇ ਆਲੇ-ਦੁਆਲੇ ਬਾਰੇ ਬੜੀਆਂ ਸਿੱਧੀਆਂ ਅਤੇ ਸੂਖਮ ਬਾਤਾਂ ਹਨ। ਇਸ ਸਵੈ-ਜੀਵਨੀ ਵਿਚ ਉਹਨੇ ਆਪਣੀ ਧੀ ਸੁਪਨੀਤ ਕੌਰ ਨੂੰ ਆਪਣਾ ਪਿੰਡ ਦਿਖਾਉਣ ਦੇ ਬਹਾਨੇ ਪੰਜਾਬ ਦੇ ਪਿੰਡਾਂ ਦੀ ਕਹਾਣੀ ਜੋੜੀ ਹੈ ਜੋ ਪਿਛਲੇ ਕਈ ਦਹਾਕਿਆਂ ਤੋਂ ਬਹੁਤ ਤੇਜ਼ੀ ਨਾਲ ਬਦਲੇ ਹਨ। -ਸੰਪਾਦਕ
ਦਲਬੀਰ ਸਿੰਘ
ਬਾਹਮਣਾਂ ਦੇ ਸੱਤਦੇਵ ਦੇ ਘਰ ਤੋਂ ਛਾਲ ਮਾਰ ਕੇ ਬਾਬੇ ਡੋਗਰ ਸਿੰਘ ਦੀ ਹਵੇਲੀ ਪਹੁੰਚ ਗਿਆ ਹਾਂ। ਇਉਂ ਕਰਦਿਆਂ ਇਕ ਤਾਂ ਖੱਬੇ ਪਾਸੇ ਵਾਲਾ ਠੇਕੇਦਾਰ ਮਹਿੰਦਰ ਸਿੰਘ ਦਾ ਘਰ ਛੱਡ ਦਿੱਤਾ ਹੈ; ਦੂਜਾ, ਸੱਜੇ ਪਾਸੇ ਦਾ ਲੁਹਾਰਾਂ ਦੇ ਉਸ ਮਹਿੰਦਰ ਸਿੰਘ ਦਾ ਘਰ ਵੀ ਛੱਡ ਦਿੱਤਾ ਹੈ ਜਿਸ ਨੇ ਪਿੰਡ ਵਿਚ ਪਾਈ ਕੋਠੀ ਵਿਚ ਸਭ ਤੋਂ ਪਹਿਲਾਂ ਫਲੱਸ਼ ਵਾਲੀ ਟੱਟੀ ਬਣਾਈ ਸੀ। ਕਿਸੇ ਨੇ ਇਹ ਟੱਟੀ ਭਾਵੇਂ ਦੇਖੀ ਨਹੀਂ ਸੀ, ਫ਼ਿਰ ਵੀ ਇਸ ਦੀ ਚਰਚਾ ਬਹੁਤ ਸੀ। ਇਹ ‘ਚਾਚਾ’ ਮਹਿੰਦਰ ਸਿੰਘ ਕਿਸੇ ਵੇਲੇ ਰਾਮਾ ਮੰਡੀ ਵਿਖੇ ਸਾਈਕਲਾਂ ਦੀ ਦੁਕਾਨ ਕਰਦਾ ਹੁੰਦਾ ਸੀ। ਨਵੇਂ ਸਾਈਕਲ ਵੇਚਣ ਦੇ ਨਾਲ-ਨਾਲ ਪੁਰਾਣੇ ਸਾਈਕਲਾਂ ਦੀ ਮੁਰੰਮਤ ਲਈ ਕਾਰਿੰਦੇ ਵੀ ਰੱਖੇ ਹੋਏ ਸਨ। ਉਸ ਦੀ ਦੁਕਾਨ ਦੇ ਨਾਲ ਹੀ ਉਸ ਦੇ ਵੱਡੇ ‘ਤਾਇਆ’ ਮਿਹਰ ਸਿੰਘ ਦਾ ਜਨਰਲ ਸਟੋਰ ਸੀ। ਇਸ ਦੇ ਨਾਲ ਹੀ ਮੈਂ ਲੁਹਾਰਾਂ ਵਾਲੀ ਭੀੜੀ ਗਲੀ ਵੀ ਛੱਡ ਦਿੱਤੀ ਹੈ। ਇਸ ਭੀੜੀ ਗਲੀ ਵਿਚ ਹੀ ਖਰਾਸ ਵਾਲੇ ਅਰਜਨ ਸਿੰਘ ਦਾ ਘਰ ਹੁੰਦਾ ਸੀ ਜਿਸ ਬਾਰੇ ਚਰਚਾ ਹੋ ਚੁੱਕੀ ਹੈ।
ਇਸ ਭੀੜੀ ਗਲੀ ਬਾਰੇ ਮੈਂ ਸਿਰਫ ਇੰਨਾ ਹੀ ਕਹਾਂਗਾ ਕਿ ਅਰਜਨ ਸਿੰਘ ਲੁਹਾਰ ਦੀ ਪਤਨੀ ਗੁੰਗੀ ਸੀ। ਫਿਰ ਵੀ ਉਹ ਸਭ ਗੱਲਾਂ ਇੰਨੀ ਚੰਗੀ ਤਰ੍ਹਾਂ ਸਮਝ ਸਕਦੀ ਸੀ ਕਿ ਹੈਰਾਨੀ ਹੁੰਦੀ ਸੀ। ਉਸ ਦਾ ਭਾਈ ਅਰਥਾਤ ਅਰਜਨ ਸਿੰਘ ਦਾ ਸਾਲਾ ਵੀ ਗੁੰਗਾ ਸੀ। ਉਹ ਕਦੇ-ਕਦੇ ਆਪਣੀ ਭੈਣ ਨੂੰ ਮਿਲਣ ਆਉਂਦਾ ਸੀ। ਤਿੱਲੇਦਾਰ ਜੁੱਤੀ, ਪ੍ਰੈਸ ਕਰ ਕੇ ਪਾਇਆ ਸਫੈਦ ਪਜਾਮਾ, ਕਢਾਈ ਵਾਲਾ ਕੁੜਤਾ, ਸਵਾਰ ਕੇ ਕਤਰੀ ਹੋਈ ਦਾੜ੍ਹੀ, ਸਿਰ ਉਤੇ ਤੁਰਲੇ ਵਾਲੀ ਪੱਗ, ਮਾਵਾ ਲਾ ਕੇ ਇਕ ਹੱਥ ਤੱਕ ਦਾ ਖੜ੍ਹਵਾਂ ਤੁਰਲਾ ਅਤੇ ਹੱਥ ਵਿਚ ਅੰਗਰੇਜ਼ ਸਾਹਿਬਾਂ ਵਰਗਾ ਡੰਡਾ। ਤੁਰਦਾ ਤਾਂ ਪੂਰਾ ਰੋਹਬਦਾਰ ਥਾਣੇਦਾਰ ਲਗਦਾ, ਪਰ ਸਾਡੇ ਲਈ ਉਹ ਇਕ ਖੁਸ਼ਗਵਾਰ ਜੋਕਰ ਵਰਗਾ ਹੁੰਦਾ ਸੀ। ਨਿੱਕੇ ਨਿਆਣੇ ਉਸ ਨੂੰ ਛੇੜਦੇ ਰਹਿੰਦੇ। ਉਹ ਅੱਗਿਉਂ ਹੱਸ ਛੱਡਦਾ। ਕਦੇ-ਕਦੇ ਉਹ ‘ਕੂ-ਕੂ’ ਕਰ ਕੇ ਕਿਲਕਾਰੀਆਂ ਵੀ ਮਾਰਦਾ। ਇਸ ਨਾਲ ਕਈ ਨਿਆਣੇ ਡਰ ਵੀ ਜਾਂਦੇ, ਪਰ ਉਸ ਨੂੰ ਕਦੇ ਵੀ ਗੁੱਸੇ ਵਿਚ ਨਹੀਂ ਸੀ ਦੇਖਿਆ। ਉਹ ਅਕਸਰ ਬਾਬਾ ਡੋਗਰ ਸਿੰਘ ਦੀ ਹਵੇਲੀ ਵਿਚ ਬੈਠਾ ਰਹਿੰਦਾ ਅਤੇ ਦੋਵੇਂ ਆਪਸ ਵਿਚ ‘ਗੱਲਾਂ’ ਕਰਦੇ ਰਹਿੰਦੇ।
ਬਾਬਾ ਡੋਗਰ ਸਿੰਘ ਅਸਲ ਵਿਚ ਮੇਰੇ ਬਾਬੇ (ਦਾਦੇ) ਦਾ ਸਕਾ ਸਾਂਢੂ ਸੀ। ਮੇਰੀ ਦਾਦੀ ਸੰਤੀ ਦੀ ਸਕੀ ਭੈਣ ਬੰਤੀ ਬਾਬੇ ਡੋਗਰ ਸਿੰਘ ਨੂੰ ਵਿਆਹੀ ਹੋਈ ਸੀ। ਅਸਲ ਵਿਚ ਬੰਤੀ ਵੱਡੀ ਸੀ ਅਤੇ ਸੰਤੀ ਉਸ ਤੋਂ ਛੋਟੀ ਸੀ। ਮੇਰੀ ਦਾਦੀ ਸੰਤੀ ਤਾਂ ਮੇਰੇ ਪੈਦਾ ਹੋਣ ਤੋਂ ਪਹਿਲਾਂ ਹੀ ਮਰ ਗਈ ਸੀ, ਪਰ ਬੰਤੀ ਕਾਫੀ ਉਮਰ ਭੋਗ ਕੇ ਮਰੀ। ਉਸ ਦੀ ਸ਼ਕਲ ਰਾਹੀਂ ਹੀ ਅਸੀਂ ਇਹ ਸਮਝ ਸਕੇ ਸਾਂ ਕਿ ਸਾਡੀ ਦਾਦੀ ਦੀ ਸੂਰਤ ਕਿਸ ਤਰ੍ਹਾਂ ਦੀ ਹੁੰਦੀ ਹੋਵੇਗੀ। ਸਾਡੇ ਦਾਦੇ ਮੇਲਾ ਸਿੰਘ ਲਈ ਭਾਵੇਂ ਡੋਗਰ ਸਿੰਘ ਸ਼ਰੀਕੇਦਾਰ ਹੀ ਹੋਵੇ, ਸਾਡੇ ਲਈ ਉਹ ਸਾਡਾ ਦਾਦਾ ਹੀ ਹੁੰਦਾ ਸੀ।
ਬਾਬਾ ਡੋਗਰ ਸਿੰਘ ਸੇਪੀ ਉਤੇ ਤਰਖਾਣਾ ਕੰਮ ਕਰਦਾ ਸੀ। ਸੇਪੀ ਦਾ ਸਿਸਟਮ ਅੱਜ ਕੱਲ੍ਹ ਖਤਮ ਹੋ ਗਿਆ ਹੈ। ਇਸ ਵਿਚ ਤਰਖਾਣ, ਲੁਹਾਰ ਅਤੇ ਹੋਰ ਦਸਤਕਾਰ ਸਾਰਾ ਸਾਲ ਕਿਸਾਨਾਂ ਦੇ ਲੱਕੜ ਅਤੇ ਲੋਹੇ ਦੇ ਕੰਮ ਕਰਦੇ ਰਹਿੰਦੇ ਸਨ ਅਤੇ ਇਸ ਬਦਲੇ ਹਾੜ੍ਹੀ ਸੌਣੀ ਫਸਲ ਵਿਚੋਂ ਸੇਪ ਜਾਂ ਹਿੱਸਾ ਲੈਂਦੇ ਸਨ। ਕੁਝ ਸਾਲਾਂ ਤੱਕ ਮੇਰੇ ਦਾਦੇ ਨੇ ਵੀ ਸੇਪੀ ਕੀਤੀ ਸੀ, ਪਰ ਉਹ ਕਦੇ-ਕਦੇ ਜਲੰਧਰ ਸ਼ਹਿਰ ਵਿਚ ਦਿਹਾੜੀ ਕਰਨ ਵੀ ਚਲਾ ਜਾਂਦਾ ਸੀ। ਬਾਬਾ ਡੋਗਰ ਸਿੰਘ ਸਾਰਾ ਦਿਨ ਆਪਣੀ ਹਵੇਲੀ ਦੇ ਬਾਹਰਲੇ ਕਮਰੇ ਵਿਚ ਜਾਂ ਤਾਂ ਬੈਂਚ ਉਤੇ ਬੈਠਾ ਰਹਿੰਦਾ, ਜਾਂ ਮੰਜੇ ਉਤੇ ਲੇਟਿਆ ਰਹਿੰਦਾ, ਤੇ ਜਾਂ ਫਿਰ ਕੋਈ ਨਾ ਕੋਈ ਕੰਮ ਕਰਦਾ ਰਹਿੰਦਾ।
ਸੱਠਵਿਆਂ ਵਿਚ ਹਾਲੇ ਤੱਕ ਮੇਰੇ ਪਿੰਡ ਨੂੰ ਸ਼ਹਿਰੀ ਹਵਾ ਨਹੀਂ ਸੀ ਲੱਗੀ, ਭਾਵੇਂ ਸ਼ਹਿਰ ਮਸਾਂ ਪੰਜ ਕੁ ਕਿਲੋਮੀਟਰ ਦੂਰ ਹੀ ਸੀ। ਇਸ ਲਈ ਪਿੰਡ ਦੇ ਲੋਕ ਲੱਕੜ ਦੇ ਸੰਦਾਂ ਆਦਿ ਦੀ ਮੁਰੰਮਤ, ਮੰਜੇ ਪੀੜ੍ਹੀਆਂ ਬਣਾਉਣ ਅਤੇ ਹੋਰ ਕੰਮਾਂ ਲਈ ਪਿੰਡਾਂ ਦੇ ਹੀ ਦਸਤਕਾਰਾਂ ਉਤੇ ਨਿਰਭਰ ਕਰਦੇ ਸਨ। ਬਾਬਾ ਡੋਗਰ ਸਿੰਘ ਦੇ ਤਿੰਨ ਪੁੱਤਰਾਂ ਵਿਚੋਂ ਦੋ ਤਾਂ ਵੈਸੇ ਹੀ ਬਾਹਰ ਚਲੇ ਗਏ ਸਨ। ਸਭ ਤੋਂ ਵੱਡੇ ਸਰਦਾਰ ਰੱਖਾ ਸਿੰਘ ਨੇ ਜਲੰਧਰ ਦੀ ਇਕ ਬਾਡੀ ਬਿਲਡਰ ਕੰਪਨੀ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਵਿਚ ਬੱਸਾਂ ਅਤੇ ਟਰੱਕਾਂ ਦੀਆਂ ਬਾਡੀਆਂ ਬਣਦੀਆਂ ਸਨ। ਅੱਗਿਉਂ ਰੱਖਾ ਸਿੰਘ ਦੇ ਇਕੋ-ਇਕ ਪੁੱਤਰ ਦੇਵ ਨੇ ਫਗਵਾੜੇ ਕੋਈ ਛੋਟੀ-ਮੋਟੀ ਫੈਕਟਰੀ ਲਾ ਲਈ ਸੀ। ਤਰਖਾਣਾਂ ਜਾਂ ਰਾਮਗੜ੍ਹੀਆਂ ਦੇ ਪਰਿਵਾਰਾਂ ਵਿਚੋਂ ਹੋਰ ਕੋਈ ਵੀ ਸੇਪੀ ਨਹੀਂ ਸੀ ਕਰਦਾ। ਇਸ ਲਈ ਮੇਲਾ ਸਿੰਘ ਤੇ ਡੋਗਰ ਸਿੰਘ ਦੋ ਹੀ ਸੇਪੀਦਾਰ ਰਹਿ ਗਏ ਸਨ। ਇਨ੍ਹਾਂ ਵਿਚੋਂ ਮੇਲਾ ਸਿੰਘ ਨੇ ਸਾਲ ਦੋ ਸਾਲ ਹੀ ਸੇਪੀ ਕੀਤੀ ਸੀ। ਸਿਰਫ਼ ਬਾਬਾ ਡੋਗਰ ਸਿੰਘ ਹੀ ਪੱਕੇ ਸੇਪੀਦਾਰ ਸਨ।
ਡੋਗਰ ਸਿੰਘ ਦੀ ਹਵੇਲੀ ਵਿਚ ਅਕਸਰ ਬਜ਼ੁਰਗਾਂ ਦੀ ਮਹਿਫਿਲ ਜੁੜਦੀ ਸੀ। ਬਜ਼ੁਰਗ ਲੋਕ ਵਿਹਲੇ ਹੋ ਕੇ ਉਥੇ ਆ ਬੈਠਦੇ। ਸਾਰੀ ਦੁਪਹਿਰ ਉਥੇ ਹੀ ਬੈਠੇ ਰਹਿੰਦੇ। ਗੱਲਾਂ ਦਾ ਵਿਸ਼ਾ ਕੋਈ ਮਿੱਥਿਆ ਹੋਇਆ ਨਹੀਂ ਸੀ ਹੁੰਦਾ। ਦੁਨੀਆਂਦਾਰੀ ਦੇ ਕਿਸੇ ਵੀ ਵਿਸ਼ੇ ਉਤੇ ਗੱਲ ਹੋ ਸਕਦੀ ਸੀ। ਬਾਬਾ ਡੋਗਰ ਸਿੰਘ ਦੀ ਸਫੈਦ ਭਰਵੀਂ ਦਾੜ੍ਹੀ-ਮੁੱਛਾਂ, ਸਫੈਦ ਪਗੜੀ ਅਤੇ ਸਫੈਦ ਹੀ ਵਸਤਰ ਉਨ੍ਹਾਂ ਦੀ ਦਿਖ ਨੂੰ ਪ੍ਰਭਾਵਸ਼ਾਲੀ ਬਣਾਉਂਦੇ। ਉਤੋਂ ਉਨ੍ਹਾਂ ਦਾ ਸ਼ਾਂਤ ਸੁਭਾਅ। ਉਨ੍ਹਾਂ ਨੂੰ ਮੈਂ ਕਦੇ ਵੀ ਗੁਰਦੁਆਰੇ ਨਹੀਂ ਸੀ ਦੇਖਿਆ, ਫਿਰ ਵੀ ਉਨ੍ਹਾਂ ਦੇ ਚਿਹਰੇ ਉਤਲਾ ਨੂਰ ਕਦੇ-ਕਦੇ ਇੰਨਾ ਪ੍ਰਭਾਵਸ਼ਾਲੀ ਲਗਦਾ ਸੀ ਕਿ ਮੈਨੂੰ ਅਕਸਰ ਗੁਰੂ ਨਾਨਕ ਦੀ ਸ਼ਕਲ-ਸੂਰਤ ਨਾਲ ਮੇਲ ਖਾਂਦਾ ਲਗਦਾ।
ਇਹ ਹਵੇਲੀ ਤਿਰਾਹੇ ਉਤੇ ਸੀ। ਬਾਬਿਆਂ ਦੀ ਕੰਧ ਵੱਲੋਂ ਆਉਂਦੀ ਬੀਹੀ ਉਤੇ ਬਾਬੇ ਡੋਗਰ ਸਿੰਘ ਦੀ ਹਵੇਲੀ ਦੇ ਦਰਵਾਜ਼ੇ ਨੂੰ ਇਕ ਹੋਰ ਬੀਹੀ ਆ ਕੇ ਟਕਰਾਉਂਦੀ ਸੀ। ਇਹ ਉਹ ਬੀਹੀ ਸੀ ਜਿਹੜੀ ਹਰੀਜਨਾਂ ਦੇ ਜਾਂ ਛੋਟੇ ਗੁਰਦੁਆਰੇ ਤੋਂ ਪਾਟ ਕੇ ਆਉਂਦੀ ਸੀ। ਇਉਂ ਇਹ ਚੌਰਾਹਾ ਬਣ ਗਿਆ ਸੀ। ਡੋਗਰ ਸਿੰਘ ਦੀ ਹਵੇਲੀ ਦਾ ਦਰਵਾਜ਼ਾ ਕਿਉਂਕਿ ਹਰ ਵੇਲੇ ਖੁੱਲ੍ਹਾ ਹੁੰਦਾ ਸੀ, ਇਸ ਕਰ ਕੇ ਉਸ ਗਲੀ ਵਿਚ ਲੰਘਦੇ ਹਰ ਸ਼ਖਸ ਲਈ ਇਥੇ ਖੜ੍ਹ ਕੇ ਇਕ-ਦੋ ਮਿੰਟ ਲਈ ਗੱਲਾਂ ਮਾਰਨੀਆਂ ਸੌਖਾ ਕੰਮ ਸੀ। ਇਸੇ ਕਾਰਨ ਹੀ ਪਿੰਡ ਵਿਚ ਆਉਂਦੇ ਮੰਗਤੇ ਸਾਧ, ਫੇਰੀ ਵਾਲੇ, ਡੱਗੀ ਵਾਲੇ ਇਸ ਹਵੇਲੀ ਸਾਹਮਣੇ ਜ਼ਰੂਰ ਰੁਕਦੇ ਸਨ।
ਇਸ ਹਵੇਲੀ ਦੀ ਰੌਣਕ ਦਾ ਇਕ ਹੋਰ ਕਾਰਨ ਵੀ ਸੀ। ਇਸ ਦੇ ਐਨ ਸਾਹਮਣੇ ਥੜ੍ਹਾ ਉਸਰਿਆ ਹੋਇਆ ਸੀ ਅਤੇ ਇਸ ਥੜ੍ਹੇ ਦੀ ਬਗਲ ਵਿਚ ਦਾਣੇ ਭੁੰਨਣ ਵਾਲੀ ਭੱਠੀ ਸੀ। ਆਮ ਤੌਰ ‘ਤੇ ਉਥੇ ਝਿਊਰਾਂ ਦੀ ਭੂਆ ਸੰਤੀ ਹੀ ਸ਼ਾਮ ਨੂੰ ਭੱਠੀ ਤਪਾਇਆ ਕਰਦੀ। ਫਿਰ ਕਿਸੇ ਵੇਲੇ ਝਿਊਰਾਂ ਦੀ ਕਈ ਘਰਾਂ ਨੇ ਦਿਨ ਮਿਥ ਲਏ ਸਨ। ਹਰ ਦਿਨ ਵੱਖੋ-ਵੱਖਰੇ ਘਰਾਂ ਦੀ ਵਾਰੀ ਹੁੰਦੀ। ਝਿਊਰੀਆਂ ਸਾਰਾ ਦਿਨ ਹੀ ਬਾਹਰ ਖੇਤਾਂ ਵਿਚੋਂ ਕੱਖ-ਕਾਨ ਅਤੇ ਦਰੱਖਤਾਂ ਤੋਂ ਸੁੱਕੀਆਂ ਟਾਹਣੀਆਂ ਤੋੜਦੀਆਂ ਰਹਿੰਦੀਆਂ। ਸ਼ਾਮ ਨੂੰ ਇਸ ਕੱਖ-ਕਾਨ ਨੂੰ ਬਾਲਣ ਦੇ ਤੌਰ ‘ਤੇ ਵਰਤਿਆਂ ਜਾਂਦਾ। ਭੱਠੀ ਤਪਾਉਣ (ਅਸੀਂ ਭੱਠੀ ਤਾਉਣਾ ਕਹਿੰਦੇ ਸਾਂ) ਵਾਲੀ ਹਰ ਚੁੰਗ ਵਿਚ ਅੰਦਾਜ਼ੇ ਨਾਲ ਚੌਥਾ ਹਿੱਸਾ ਆਪਣਾ ਹਿੱਸਾ ਰੱਖੀ ਜਾਂਦੀ। ਭੱਠੀ ਵਿਚ ਝੋਕਾ ਦੇਣ ਲਈ ਜਾਂ ਤਾਂ ਝਿਊਰਾਂ ਦਾ ਹੀ ਕੋਈ ਬੰਦਾ ਹੁੰਦਾ, ਜਾਂ ਫ਼ਿਰ ਦਾਣੇ ਭੁੰਨਾਉਣ ਗਿਆ ਹੀ ਕੋਈ ਨਾ ਕੋਈ ਇਹ ਕੰਮ ਕਰਨ ਲਗਦਾ। ਆਮ ਤੌਰ ‘ਤੇ ਕਿਹਾ ਜਾਂਦਾ ਹੈ ਕਿ ਭੱਠੀਆਂ ਉਤੇ ਹੀ ਅਕਸਰ ਜਵਾਨ ਮੁੰਡੇ-ਕੁੜੀਆਂ ਦੀਆਂ ਅੱਖਾਂ ਲੜਦੀਆਂ ਹਨ, ਕਿਉਂਕਿ ਉਨ੍ਹਾਂ ਸਮਿਆਂ ਵਿਚ ਹੋਰ ਕਿਤੇ ਮਿਲਣ ਦੇ ਮੌਕੇ ਨਹੀਂ ਸਨ ਹੁੰਦੇ।
ਭੱਠੀ ਨਾਲ ਬਣੇ ਥੜ੍ਹੇ ਦੀ ਵਰਤੋਂ ਮੇਰੇ ਚੇਤੇ ਮੁਤਾਬਕ ਇਕੋ ਵਾਰੀ ਹੀ ਕੀਤੀ ਗਈ ਸੀ। ਉਦੋਂ ਮੇਰੀ ਉਮਰ ਛੋਟੀ ਹੀ ਸੀ, ਕਰੀਬ ਦਸ-ਬਾਰਾਂ ਸਾਲ, ਜਦੋਂ ਪਿੰਡ ਦੇ ਨੌਜਵਾਨਾਂ ਨੇ ਇਸ ਥੜ੍ਹੇ ਉਤੇ ਨਾਟਕ ਖੇਡਿਆ ਸੀ। ਇਹ ਥੜ੍ਹਾ ਉਸਾਰਿਆ ਵੀ ਇਸੇ ਮੰਤਵ ਲਈ ਸੀ। ਜਿਹੜਾ ਨਾਟਕ ਖੇਡਿਆ ਗਿਆ ਸੀ, ਉਸ ਦਾ ਸਿਰਫ ਇਕੋ ਦ੍ਰਿਸ਼ ਚੇਤੇ ਹੈ। ਇਸ ਵਿਚ ਗੁਰਦਿਆਲ ਲਾਲੀ ਅਤੇ ਗੁਰਬਖਸ਼ ਲਾਲੀ- ਦੋਵਾਂ ਭਰਾਵਾਂ ਨੇ ਹਿੱਸਾ ਲਿਆ ਸੀ। ਇਹ ਦੋਵੇਂ ਪਿੰਡ ਦੇ ਸਰਪੰਚ ਰਹਿ ਚੁੱਕੇ ਮੇਜਰ ਮਿਹਰ ਸਿੰਘ ਦੇ ਪੁੱਤਰ ਸਨ। ਇਨ੍ਹਾਂ ਵਿਚੋਂ ਇਕ ਭਰਤੀ ਅਫਸਰ ਬਣਿਆ ਸੀ ਅਤੇ ਦੂਜਾ ਫੌਜ ਵਿਚ ਭਰਤੀ ਹੋਣ ਲਈ ਆਇਆ ਨੌਜਵਾਨ। ਅਫਸਰ ਨੇ ਛਾਤੀ ਮਿਣਨੀ ਸੀ। ਇਸ ਲਈ ਉਹ ਉਸ ਨੂੰ ਕੱਪੜੇ ਲਾਹੁਣ ਲਈ ਕਹਿੰਦਾ ਹੈ। ਜਵਾਨ ਵਾਰੀ-ਵਾਰੀ ਕੱਪੜੇ ਲਾਹੁਣ ਲਗਦਾ ਹੈ, ਪਰ ਇਕ ਤੋਂ ਬਾਅਦ ਹੇਠਾਂ ਹੋਰ ਕੱਪੜੇ ਪਾਏ ਹੁੰਦੇ ਹਨ। ਇਸ ਤਰ੍ਹਾਂ ਨਾਲ ਕੱਪੜਿਆਂ ਦਾ ਢੇਰ ਲੱਗ ਜਾਂਦਾ ਹੈ। ਇਹ ਸਕਿੱਟ ਕਾਫੀ ਹਸਾਉਣੀ ਸੀ।
ਕਈ ਸਾਲ ਮਗਰੋਂ 1974 ਵਿਚ ਜਦੋਂ ਪਿੰਡ ਦੇ ਨੌਜਵਾਨਾਂ ਨੇ ਦਹੇਜ ਬਾਰੇ ਨਾਟਕ ਤਿਆਰ ਕੀਤਾ, ਉਦੋਂ ਤੱਕ ਮੈਂ ਪਿੰਡ ਛੱਡ ਕੇ ਜਲੰਧਰ ਚਲਾ ਗਿਆ ਸੀ। ਮੁੰਡਿਆਂ ਨੇ ਮੈਨੂੰ ਸਟੇਜ ਸਕੱਤਰੀ ਦੇ ਕੰਮ ਲਈ ਉਚੇਚਾ ਬੁਲਾਇਆ ਸੀ। ਜਲੰਧਰ ਸ਼ਹਿਰ ਦੀ ਰੇਲਵੇ ਕਾਲੋਨੀ ਵਿਚ ਦੋ ਸਾਲ ਲਗਾਤਾਰ ਸਟੇਜ ਸਕੱਤਰੀ ਕਰਨ ਅਤੇ ਇਕ ਸਾਲ ਪੂਰਾ ਨਾਟਕ ਲਿਖਣ ਅਤੇ ਨਿਰਦੇਸ਼ਕ ਕਰਨ ਕਰਕੇ ਮੈਂ ਸਟੇਜ-ਡਰ ਤੋਂ ਮੁਕਤ ਹੋ ਚੁੱਕਾ ਸਾਂ।
ਬਾਬਾ ਡੋਗਰ ਸਿੰਘ ਦੀ ਮੌਤ ਹੋ ਗਈ। ਉਸ ਦੀ ਹਵੇਲੀ ਨੂੰ ਪੱਕੇ ਜੰਦਰੇ ਲੱਗ ਗਏ। ਥੜ੍ਹਾ ਢਹਿ ਚੁੱਕਾ ਸੀ। ਉਸ ਦੀ ਥਾਂ ਕੋਈ ਮਕਾਨ ਬਣ ਗਿਆ ਹੈ। ਮੈਂ ਇਹ ਕਿਸੇ ਤੋਂ ਪੁੱਛ ਨਹੀਂ ਸਕਦਾ ਕਿ ਇਹ ਮਕਾਨ ਕਿਸ ਦਾ ਹੈ। ਜੇ ਪੁੱਛ ਵੀ ਲਵਾਂ ਤਾਂ ਜ਼ਰੂਰੀ ਨਹੀਂ ਕਿ ਇਹ ਸਮਝ ਸਕਾਂ ਕਿ ਉਹ ਕੌਣ ਹੈ, ਕਿਉਂਕਿ ਤਿੰਨ ਦਹਾਕਿਆਂ ਦੇ ਅਰਸੇ ਵਿਚ ਨਸਲਾਂ ਬਦਲ ਜਾਂਦੀਆਂ ਹਨ। ਹੁਣ ਕੋਈ ਨਵੀਂ ਨਸਲ ਮੇਰੇ ਪਿੰਡ ਦੀ ਵਸਨੀਕ ਹੋ ਗਈ ਹੈ।
ਹੁਣ ਇਹ ਦੱਸਣ ਦੀ ਲੋੜ ਨਹੀਂ ਕਿ ਥੜ੍ਹੇ ਨਾਲ ਅਤੇ ਬਾਬਾ ਡੋਗਰ ਸਿੰਘ ਦੀ ਹਵੇਲੀ ਦੇ ਸਾਹਮਣੇ ਜਿਹੜੀ ਭੱਠੀ ਹੁੰਦੀ ਸੀ, ਉਹ ਹੁਣ ਨਹੀਂ ਰਹੀ। ਸ਼ਹਿਰਾਂ ਵਿਚ ਮਸ਼ੀਨੀ ਤਰੀਕੇ ਨਾਲ ਤਿਆਰ ਖਿੱਲਾਂ ਖਾਣ ਦੀ ਸ਼ੌਕੀਨ ਮੇਰੀ ਧੀ ਨੂੰ ਮੈਂ ਸਮਝਾ ਨਹੀਂ ਸਕਾਂਗਾ ਕਿ ਭੱਠੀ ਕਿਸ ਤਰ੍ਹਾਂ ਦੀ ਹੁੰਦੀ ਹੈ। ਪਤਾ ਨਹੀਂ, ਇਹ ਉਸ ਦੀ ਨਸਲ ਦੀ ਤ੍ਰਾਸਦੀ ਹੈ ਜਾਂ ਮੇਰੀ ਨਸਲ ਦੀ?
(ਚਲਦਾ)
Leave a Reply