ਸਿਰਸੇ ਵਾਲਾ ਡੇਰਾ ਹੁਣ ਨਵੇਂ ਵਿਵਾਦ ਵਿਚ ਘਿਰਿਆ

ਚੰਡੀਗੜ੍ਹ: ਡੇਰਾ ਸਿਰਸਾ ਨੇ ਹੁਣ ਨਵਾਂ ਵਿਵਾਦ ਖੜ੍ਹਾ ਕਰ ਲਿਆ ਹੈ ਜਿਸ ਨੂੰ ਲੈ ਕੇ ਸਿੱਖ ਸੰਗਤਾਂ ਵਿਚ ਵੱਡਾ ਰੋਸ ਹੈ। ਡੇਰਾ ਸਿਰਸਾ ਦੇ ਮੁਖੀ ਵੱਲੋਂ ਕੁਝ ਸਮਾਂ ਪਹਿਲਾਂ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਸਵਾਂਗ ਰਚਣ ਕਰਕੇ ਦੋਵਾਂ ਧਿਰਾਂ ਵਿਚਾਲੇ ਅਜੇ ਤੱਕ ਤਣਾਅ ਬਣਿਆ ਹੋਇਆ ਸੀ ਕਿ ਹੁਣ ਡੇਰਾ ਸਿਰਸਾ ਵੱਲੋਂ ਭਾਈ ਗੁਰਦਾਸ ਵੱਲੋਂ ਰਚਿਤ ਪਿੰਕਤੀ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ ਜਿਸ ਦਾ ਸਿੱਖ ਸੰਗਤਾ ਵੱਲੋਂ ਸਖ਼ਤ ਨਟਿਸ ਲਿਆ ਗਿਆ ਹੈ।
ਡੇਰਾ ਸਿਰਸਾ ਦੇ ਪ੍ਰਬੰਧਕਾਂ ਵੱਲੋਂ ਭਾਈ ਗੁਰਦਾਸ ਰਚਿਤ ਪੰਗਤੀ ‘ਸਤਿਗੁਰੁ ਨਾਨਕ ਪ੍ਰਗਟਿਆ ਮਿਟੀ ਧੁੰਦੁ ਜਗਿ ਚਾਨਣੁ ਹੋਆ’ ਨੂੰ ਵਿਗਾੜ ਕੇ ਆਪਣੇ ਪਹਿਲੇ ਡੇਰਾ ਮੁਖੀ ਸ਼ਾਹ ਮਸਤਾਨਾ ਨਾਲ ਜੋੜਿਆ ਗਿਆ ਹੈ ਜਿਸਦਾ ਸਿੱਖ ਭਾਈਚਾਰੇ ਨੇ ਵਿਰੋਧ ਕੀਤਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਡੇਰਾ ਸਿਰਸਾ ਦੀ ਇਹ ਚਾਲ ਸਿੱਖਾਂ ਦੀ ਮਾਣ-ਮਰਿਯਾਦਾ ਨੂੰ ਢਾਹ ਲਾਉਣ ਵਾਲੀ ਹੈ। ਉਨ੍ਹਾਂ ਕਿਹਾ ਕਿ ਭਾਈ ਗੁਰਦਾਸ ਜੀ ਵੱਲੋਂ ਉਚਾਰੀ ਗਈ ਸਬੰਧਤ ਪੰਕਤੀ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਦੀ ਉਸਤਤ ਵਿਚ ਉਚਾਰੀ ਗਈ ਹੈ ਤੇ ਕਿਸੇ ਨੂੰ ਵੀ ਇਹ ਹੱਕ ਨਹੀ ਹੈ ਕਿ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਨਾਲ ਛੇੜ-ਛਾੜ ਕਰੇ। ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਨੂੰ ‘ਗੁਰਬਾਣੀ ਦੀ ਕੁੰਜੀ’ ਦਾ ਦਰਜਾ ਪ੍ਰਾਪਤ ਹੈ।
ਉਨ੍ਹਾਂ ਦੋਸ਼ ਲਾਇਆ ਕਿ ਡੇਰਾ ਸਿਰਸਾ ਵੱਲੋਂ ਪਿਛਲੇ ਸਮਿਆਂ ਦੌਰਾਨ ਕੀਤੀਆਂ ਜਾ ਰਹੀਆਂ ਆਪ ਹੁਦਰੀਆਂ ਕਾਰਨ ਸੂਬੇ ਦੇ ਸ਼ਾਤਮਈ ਮਾਹੌਲ ਵਿਚ ਲਗਾਤਾਰ ਤਣਾਅ ਪੈਦਾ ਹੋਇਆ ਹੈ। ਜੇਕਰ ਡੇਰਾ ਪ੍ਰਬੰਧਕਾਂ ਨੇ ਅਜਿਹੀਆਂ ਹਰਕਤਾਂ ਬੰਦ ਨਾ ਕੀਤੀਆਂ ਤਾਂ ਮਾਹੌਲ ਖਰਾਬ ਹੋ ਸਕਦਾ ਹੈ ਜਿਸ ਲਈ ਸਿੱਧੇ ਤੌਰ ‘ਤੇ ਕੇਂਦਰ ਤੇ ਹਰਿਆਣਾ ਦੀ ਕਾਂਗਰਸ ਸਰਕਾਰ ਜ਼ਿੰਮੇਵਾਰ ਹੋਵੇਗੀ। ਉਨ੍ਹਾਂ ਮੰਗ ਕੀਤੀ ਕਿ ਡੇਰੇ ਖ਼ਿਲਾਫ਼ ਤੁਰੰਤ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਡੇਰਾ ਮੁਖੀ ਨੂੰ ਤੁਰੰਤ ਮੁਆਫੀ ਮੰਗਣੀ ਚਾਹੀਦੀ ਹੈ।
ਉਧਰ, ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨੇ ਮੰਗ ਕੀਤੀ ਹੈ ਕਿ ਡੇਰਾ ਮੁਖੀ ਵਿਰੁੱਧ ਸਿੱਖ ਕੌਮ ਦੀਆਂ ਭਾਵਨਾਵਾਂ ਦਾ ਨਿਰਾਦਰ ਕਰਨ ਦੇ ਦੋਸ਼ ਤਹਿਤ ਪੁਲਿਸ ਕੇਸ ਦਰਜ ਕੀਤਾ ਜਾਵੇ। ਬਾਬਾ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ ਭਾਈ ਗੁਰਦਾਸ, ਸਿੱਖ ਧਰਮ ਵਿਚ ਅਹਿਮ ਅਸਥਾਨ ਰੱਖਦੇ ਹਨ। ਉਨ੍ਹਾਂ ਕਿਹਾ ਕਿ ਡੇਰਾ ਮੁਖੀ ਖਿਲਾਫ ਕਤਲ ਬਲਾਤਕਾਰ ਵਰਗੇ ਸੰਗੀਨ ਜੁਰਮਾਂ ਤਹਿਤ ਕੇਸ ਵੀ ਚਲ ਰਹੇ ਹਨ ਪਰ ਉਹ ਸੰਗੀਨਾਂ ਦੇ ਸਾਏ ਹੇਠ ਵਾਰ ਵਾਰ ਆਪਣੇ ਕੂੜ ਪ੍ਰਚਾਰ ਨਾਲ ਸਿੱਖ ਕੌਮ ਦੇ ਜ਼ਜਬਾਤਾਂ ਨਾਲ ਖੇਡ ਰਿਹਾ ਹੈ ਜਿਸ ਨੂੰ ਹੋਰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਬਾਬਾ ਹਰਨਾਮ ਸਿੰਘ ਖਾਲਸਾ ਨੇ ਸੂਬਾਈ ਤੇ ਕੇਂਦਰੀ ਸਰਕਾਰਾਂ ਨੂੰ ਵੀ ਅਪੀਲ ਕੀਤੀ ਕਿ ਡੇਰਾ ਮੁਖੀ ਨੂੰ ਇਸ ਤਰ੍ਹਾਂ ਮਾਹੌਲ ਵਿਗਾੜਨ ਦੀ ਖੁੱਲ੍ਹ ਨਾ ਦਿੱਤੀ ਜਾਵੇ ਤੇ ਉਸ ਖਿਲਾਫ਼ ਤੁਰੰਤ ਕੇਸ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ ।
ਸਿੱਖ ਧਰਮ ਦੇ ਉੱਘੇ ਪ੍ਰਚਾਰਕ ਤੇ ਪੰਥਕ ਸੇਵਾ ਲਹਿਰ ਦੇ ਚੇਅਰਮੈਨ ਸੰਤ ਬਲਜੀਤ ਸਿੰਘ ਦਾਦੂਵਾਲ ਨੇ ਦੋਸ਼ ਲਾਇਆ ਹੈ ਕਿ ਡੇਰਾ ਸਿਰਸਾ ਮੁਖੀ ਨੂੰ ਪੰਜਾਬ ਦੇ ਹਰਿਆਣਾ ਸਰਕਾਰ ਦੀ ਸ਼ਹਿ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਡੇਰਾ ਮੁਖੀ ਨੂੰ ਜ਼ੈਡ ਸ਼੍ਰੇਣੀ ਸੁਰੱਖਿਆ ਮੁਹਈਆ ਕਰਵਾ ਕੇ ਦੋਵੇਂ ਸਰਕਾਰਾਂ ਆਪੋ ਆਪਣੇ ਸੁਰੱਖਿਆ ਗਾਰਡ ਵੀ ਦੇ ਰਹੀਆਂ ਹਨ ਪਰ ਦੂਸਰੇ ਪਾਸੇ ਸਿਰਸਾ ਨੇੜਲੇ ਪਿੰਡਾਂ ਦੇ ਸਿੱਖਾਂ ਦੇ ਹਥਿਆਰ ਜਬਰੀ ਜਮਾਂ ਕਰਵਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਵਿਚ ਪੰਥਕ ਕਹਾਉਣ ਵਾਲੀ ਸਰਕਾਰ ਡੇਰਿਆਂ ਦੀ ਸੁਰੱਖਿਆ ‘ਤੇ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਹੋਏ ਹਨ ਤੇ ਕਿਸੇ ਵੀ ਗੁਰਦੁਆਰੇ ਦਾ ਸੇਵਾਦਾਰ ਦਾ ਅਸਲਾ ਲਾਇਸੰਸ ਨਹੀਂ ਬਣਾਇਆ ਜਾ ਰਿਹਾ। ਉਨ੍ਹਾਂ ਮੰਗ ਕੀਤੀ ਕਿ ਸੰਤ ਗੁਰਮੀਤ ਸਿੰਘ ਤਿਲੋਕੇ ਵਾਲਾ ਤੇ ਹੋਰ ਸਿੰਘਾਂ ‘ਤੇ ਹਮਲਾ ਕਰਨ ਵਾਲੇ ਅਨਸਰਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਤੇ ਡੇਰਾ ਮੁਖੀ ਖ਼ਿਲਾਫ਼ ਚੱਲ ਰਹੇ ਸੰਗੀਨ ਮੁਕੱਦਮਿਆਂ ਦੀ ਕਾਰਵਾਈ ਤੇਜ਼ ਕੀਤੀ ਜਾਵੇ।

Be the first to comment

Leave a Reply

Your email address will not be published.