ਸਿੱਖੀ ਬਾਰੇ ਚੱਲ ਰਹੀ ਵਿਚਾਰ-ਚਰਚਾ ਤਹਿਤ ‘ਪੰਜਾਬ ਟਾਈਮਜ਼’ ਦੇ ਪਾਠਕ ਹੁਣ ਤੱਕ ਪ੍ਰੋæ ਬਲਕਾਰ ਸਿੰਘ, ਬੀਬੀ ਰਾਜਬੀਰ ਕੌਰ ਢੀਂਡਸਾ, ਮਾਸਟਰ ਨਿਰਮਲ ਸਿੰਘ ਲਾਲੀ, ਸੰਪੂਰਨ ਸਿੰਘ ਤੇ ਬੀਬੀ ਕਿਰਪਾਲ ਕੌਰ ਦੀਆਂ ਲਿਖਤਾਂ ਪੜ੍ਹ ਚੁੱਕੇ ਹਨ। ਇਨ੍ਹਾਂ ਲਿਖਤਾਂ ਵਿਚ ਸਿੱਖੀ ਦੇ ਵੱਖ-ਵੱਖ ਪਹਿਲੂਆਂ ਤੋਂ ਵਿਚਾਰਾਂ ਹੋਈਆਂ ਹਨ। ਇਸ ਵਾਰ ਸਾਨੂੰ ਪ੍ਰੋæ ਹਰਪਾਲ ਸਿੰਘ ਨੇ ਲੰਮਾ ਲੇਖ ਲਿਖ ਭੇਜਿਆ ਹੈ। ਇਸ ਲੇਖ ਵਿਚ ਉਨ੍ਹਾਂ ਸਮੁੱਚੇ ਸੰਸਾਰ ਦੇ ਧਰਮਾਂ ਦੇ ਦਾਰਸ਼ਨਿਕ ਪੱਖ ਛੋਹੇ ਹਨ ਅਤੇ ਇਸ ਪ੍ਰਸੰਗ ਵਿਚ ਸਿੱਖੀ ਬਾਰੇ ਗੱਲਾਂ ਕੀਤੀਆਂ ਹਨ। ਇਨ੍ਹਾਂ ਸਾਰੀਆਂ ਲਿਖਤਾਂ ਵਿਚ ਅਹਿਮ ਤੇ ਸਾਂਝੀ ਗੱਲ ਇਹ ਹੈ ਕਿ ਸਿੱਖੀ ਵਿਚ ਆਏ ਅਤੇ ਲਗਾਤਾਰ ਆ ਰਹੇ ਨਿਘਾਰ ਬਾਰੇ ਫਿਕਰ ਸਾਂਝੇ ਕੀਤੇ ਹਨ। ਇਸੇ ਕਰ ਕੇ ਇਸ ਮਸਲੇ ਬਾਰੇ ਅੱਜ ਪਹਿਲਾਂ ਨਾਲੋਂ ਵੀ ਜ਼ਿਆਦਾ ਨਿੱਠ ਕੇ ਵਿਚਾਰ-ਚਰਚਾ ਦੀ ਲੋੜ ਹੈ। -ਸੰਪਾਦਕ
ਪ੍ਰੋæ ਹਰਪਾਲ ਸਿੰਘ
ਫੋਨ: 916-236-8830
ਗੱਲ ਸੱਚ ਦੀ ਹੈ, ਸਿੱਖੀ ਦੀ ਹੈ। ਕੱਲ੍ਹ ਕੀ ਸੀ ਸਿੱਖੀ, ਅੱਜ ਕੀ ਹੈ? ਸਿੱਖੀ ਕੱਲ੍ਹ ਨੂੰ ਕੀ ਹੋਵੇਗੀ? ਕੁਝ ਸਵਾਲਾਂ ਦੇ ਜਵਾਬ ਨਹੀਂ ਹੁੰਦੇ।
ਧਰਮ ਸੀ ਸਿੱਖੀ, ਕਰਮ ਸੀ ਸਿੱਖੀ। ਕਾਮਨਾ ਤੇ ਹੰਕਾਰ ਦਾ ਤਿਆਗ ਸੀ ਸਿੱਖੀ। ਸਿੱਖੀ ਵੰਡੀਆਂ ਨਹੀਂ ਪਾਉਂਦੀ, ਵੰਡੀਆਂ ਮੇਲਦੀ ਸੀ। ਮੋੜਦੀ ਨਹੀਂ, ਜੋੜਦੀ ਸੀ ਸਿੱਖੀ। ਇਕ ਸਾਰ ਅਨੇਕਾਂ ਦੀਵਿਆਂ ਦੀ ਜਗਦੀ ਜੋਤ ਸੀ ਸਿੱਖੀ। ਅਸੂਲਾਂ, ਸਿਧਾਂਤਾਂ ਤੇ ਮਿਸ਼ਨ ਨਾਲ ਜੁੜੀ ਸੀ ਸਿੱਖੀ। ਆਪਣੇ ਆਪ ਨੂੰ ਗੁਰੂ ਦੇ ਅਰਪਣ ਕਰ ਦੇਣਾ, ਰੱਬ ਨੂੰ ਅਰਪਣ ਕਰ ਦੇਣ ਦਾ ਨਾਂ ਸੀ ਸਿੱਖੀ। ਸੱਚ ਸੁਣਨਾ, ਸੱਚ ਬੋਲਣਾ ਅਤੇ ਸੱਚ ‘ਤੇ ਪਹਿਰਾ ਦੇਣ ਦਾ ਨਾਂ ਸੀ ਸਿੱਖੀ। ਸੱਚ ਨਾ ਕਦੀ ਬੁੱਢਾ ਹੁੰਦਾ ਹੈ, ਤੇ ਨਾ ਹੀ ਕਦੀ ਮਰਦਾ ਹੈ। ਸੱਚ ਤਾਂ ਬੱਸ ਸੱਚ ਹੈ- ਗੁਰੂਆਂ ਵਰਗਾ, ਪੀਰਾਂ ਵਰਗਾ ਤੇ ਰਿਸ਼ੀਆਂ ਵਰਗਾ।
ਦੁਨੀਆਂ ਦੇ ਜਿੰਨੇ ਮਹਾਂ ਪੁਰਸ਼ਾਂ ਨੇ ਬਾਣੀ ਰਚੀ, ਉਹ ਸ਼ੁੱਧ ਰੂਪ ਵਿਚ ਸਾਡੇ ਤੱਕ ਨਹੀਂ ਪਹੁੰਚੀ। ਸਮਾਂ ਬੀਤਣ ਨਾਲ ਉਸ ਵਿਚ ਮਿਲਾਵਟ ਹੁੰਦੀ ਰਹੀ। ਬੁੱਧੀਜੀਵੀਆਂ, ਪ੍ਰਚਾਰਕਾਂ, ਗਿਆਨੀਆਂ, ਕਥਾਵਾਚਕਾਂ ਅਤੇ ਚਿੰਤਕਾਂ ਨੇ ਲਿਖਣ ਵੇਲੇ ਉਸ ਵਿਚ ਆਪਣਾ ਆਪ ਲੈ ਆਂਦਾ। ਸੁਕਰਾਤ ਦੀ ਆਪਣੀ ਲਿਖਤ ਸੰਸਾਰ ਵਿਚ ਮੌਲਿਕ ਰੂਪ ਵਿਚ ਮੌਜੂਦ ਨਹੀਂ, ਉਸ ਦੇ ਵਿਚਾਰ ਅਫਲਾਤੂਨ ਤੇ ਜੈਨੋਫੇਨ ਰਾਹੀਂ ਸਾਡੇ ਤੱਕ ਪਹੁੰਚੇ। ਮਹਾਤਮਾ ਬੁੱਧ ਦੀ ਆਪਣੀ ਕੋਈ ਲਿਖਤ ਨਹੀਂ ਸੀ। ਉਸ ਦੇ ਸ਼ਰਧਾਲੂਆਂ ਨੇ ਇਹ ਕੰਮ ਕੀਤਾ। ਕਨਫਿਊਸੀਅਸ ਦੇ ਵਿਚਾਰ ਅਤੇ ਉਸ ਦੇ ਨਿਯਮ ਜਿਸ ਤਰ੍ਹਾਂ ਉਸ ਨੇ ਕਹੇ ਸਨ, ਸਾਡੇ ਪਾਸ ਮੌਜੂਦ ਨਹੀਂ। ਈਸਾਈ ਧਰਮ ਦੇ ਬਾਨੀ ਈਸਾ ਮਸੀਹ ਨੇ ਕੋਈ ਬਾਈਬਲ ਨਹੀਂ ਲਿਖੀ। ਮੈਥਿਊ, ਮਾਰਕ, ਲਿਊਕ ਤੇ ਜਾਹਨ ਦੀਆਂ ਲਿਖਤਾਂ ਹੀ ਈਸਾਈ ਧਰਮ ਦੀ ਬੁਨਿਆਦ ਬਣੀਆਂ। ਕੁਰਾਨ ਸ਼ਰੀਫ ਦੇ ਸੂਰੇ ਹਜ਼ਰਤ ਮੁਹੰਮਦ ਦੇ ਸ਼ਰਧਾਲੂਆਂ ਅਤੇ ਪੈਰੋਕਾਰਾਂ ਨੇ ਲਿਖੇ।
ਸਮੁੱਚੇ ਸੰਸਾਰ ਵਿਚ ਸਿੱਖ ਗੁਰੂਆਂ ਦੁਆਰਾ ਰਚੀ ਮੌਲਿਕ ਬਾਣੀ ਹੈ ਜੋ ਸਾਨੂੰ ਸ਼ੁੱਧ ਰੂਪ ਵਿਚ ਮਿਲਦੀ ਹੈ। ਇਹ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ। ਸਿੱਖ ਗੁਰੂਆਂ ਨੇ ਬਾਣੀ ਆਪ ਰਚੀ, ਆਪ ਮੋਹਰ ਲਾਈ ਤੇ ਆਪਣੇ ਹਸਤ-ਅੱਖਰ ਪਾਏ। ਇਹ ਪਰੰਪਰਾ ਦਸ ਗੁਰੂਆਂ ਤਕ ਜਾਰੀ ਰਹੀ। ਸਿੱਖੀ ਸਿਧਾਂਤ ਸਿੱਖੀ ਵਿਚਾਰਧਾਰਾ ਸਾਡੇ ਪਾਸ ਬਿਨਾਂ ਕਿਸੇ ਮਿਲਾਵਟ ਦੇ ਸ਼ੁੱਧ ਰੂਪ ਵਿਚ ਮੌਜੂਦ ਹੈ।
ਜੇ ਹਿੰਦੁਸਤਾਨੀ ਧਰਮਾਂ ਅਤੇ ਦੂਜੇ ਧਰਮਾਂ ਦੇ ਧਾਰਮਿਕ ਮੰਡਲ ਦਾ ਚਿੰਤਨ ਕਰੀਏ ਤਾਂ ਸਪਸ਼ਟ ਰੂਪ ਵਿਚ ਅਵਤਾਰਵਾਦੀ ਸਿਧਾਂਤ ਹੀ ਨਜ਼ਰ ਆਉਂਦੇ ਹਨ। ਇਹ ਪਰੰਪਰਾ ਰਹੀ ਹੈ ਕਿ ਹਰ ਧਰਮ ਦੇ ਪੈਰੋਕਾਰਾਂ ਨੇ ਆਪਣੇ ਧਰਮ ਦੇ ਬਾਨੀਆਂ ਜਾਂ ਪੈਗੰਬਰਾਂ ਦਾ ਸਬੰਧ ਸਿੱਧੇ ਜਾਂ ਅਸਿੱਧੇ ਰੂਪ ਵਿਚ ਪਰਮਾਤਮਾ ਨਾਲ ਜੋੜਿਆ ਹੈ। ਦੂਜੇ ਸ਼ਬਦਾਂ ਵਿਚ ਪਰਮਾਤਮਾ ਦੁਆਰਾ ਦਿੱਤੇ ਗਏ ਉਪਦੇਸ਼ ਲੋਕਾਂ ਤੱਕ ਪਹੁੰਚਾਉਣ ਲਈ ਰੱਬ ਨੇ ਗੁਰੂਆਂ, ਪੀਰਾਂ ਜਾਂ ਪੈਗੰਬਰਾਂ ਨੂੰ ਇਸ ਸੰਸਾਰ ਵਿਚ ਭੇਜਿਆ ਹੈ। ਹਿੰਦੂ ਸ਼ਾਸਤਰਾਂ ਅਨੁਸਾਰ ਜਦੋਂ ਧਰਤੀ ‘ਤੇ ਉਪਦ੍ਰਵ ਹੁੰਦਾ ਹੈ ਤਾਂ ਪਰਮਾਤਮਾ ਖੁਦ ਭਗਵਾਨ ਦੇ ਰੂਪ ਵਿਚ ਅਵਤਾਰ ਧਾਰ ਕੇ ਇਸ ਧਰਤੀ ਉਤੇ ਮਨੁੱਖੀ ਜਾਮੇ ਵਿਚ ਆਉਂਦਾ ਹੈ, ਜਿਵੇਂ ਵਿਸ਼ਨੂੰ ਭਗਵਾਨ। ਰੱਬ ਆਪ ਅਵਤਾਰ ਧਾਰਦਾ ਹੈ ਤੇ ਉਸ ਸਰੂਪ ਵਿਚ ਜੋ ਕੁਝ ਉਹ ਕਹਿੰਦਾ ਹੈ ਜਾਂ ਕਰਦਾ ਹੈ, ਉਹ ਸਭ ਕੁਝ ਰੱਬੀ ਹੁੰਦਾ ਹੈ। ਹਿੰਦੂ, ਭਗਵਾਨ ਕ੍ਰਿਸ਼ਨ ਨੂੰ ਵਿਸ਼ਨੂੰ ਦਾ ਅਵਤਾਰ ਮੰਨਦੇ ਹਨ। ਗੀਤਾ ਵਿਚ ਭਗਵਾਨ ਕ੍ਰਿਸ਼ਨ ਫਰਮਾਉਂਦੇ ਹਨ- ਯਦਾ ਯਦਾ ਹਿਦਮਸਯ ਗਲਾਨਿ ਭਵਤ ਭਾਰਤ॥ ਅਭਯੂ ਤਯ ਨਮ ਦਰਮਸਯ ਤਦਾਤਮਾਨ ਸੁਜਾਮਯਹਮ॥
(ਗੀਤਾ ਅਧਿਆਇ 4 ਸਲੋਕ 7,8)
ਅਰਥਾਤ: ਹੇ ਅਰਜਨ! ਜਦੋਂ ਜਦੋਂ ਧਰਮ ਦੀ ਹਾਨੀ ਅਤੇ ਅਧਰਮ ਦਾ ਵਾਧਾ ਹੁੰਦਾ ਹੈ, ਤਦ ਤਦ ‘ਮੈਂ’ ਹੀ ਆਪਣੇ ਰੂਪ ਨੂੰ ਰਚਦਾ ਹਾਂ ਅਤੇ ਪ੍ਰਗਟ ਕਰਦਾ ਹਾਂ। (ਸਾਧੂ ਪੁਰਸ਼ੋਂ ਕਾ ਉਦਹਾਰ ਕਰਨੇ ਕੇ ਲੀਏ ਔਰ ਬੁਰੇ ਕਰਮ ਕਰਨੇ ਵਾਲੋਂ ਕਾ ਨਾਸ ਕਰੇ ਕੇ ਲੀਏ, ਤਥਾ ਧਰਮ ਦੀ ਸਥਾਪਨਾ ਕਰਨੇ ਕੇ ਲੀਏ ਯੁੱਗ ਯੁੱਗ ਮੈਂ ਪ੍ਰਗਟ ਹੋਤਾ ਹੂੰ।)
3000 ਈਸਾ ਪੂਰਵ ਵਿਚ ਰਾਜਾ ਦਸ਼ਰਥ ਦੇ ਸਮੇਂ ਉਸ ਦਾ ਪੁੱਤਰ ਰਾਮ ਚੰਦਰ ਭਗਵਾਨ ਬਣ ਕੇ ਧਰਤੀ ਉਤੇ ਆਇਆ।
ਮੂਸਾ ਨੂੰ ਕੋਹਕਾਫ ਦੇ ਪਹਾੜ ਉਪਰ ਰੱਬ ਨੇ ਪ੍ਰਗਟ ਹੋ ਕੇ ਦਰਸ਼ਨ ਦਿੱਤੇ ਅਤੇ ਉਪਦੇਸ਼ ਦਿੱਤਾ। ਮੂਸਾ ਨੇ ਧਰਤੀ ਦੇ ਬੰਦਿਆਂ ਨੂੰ ਕਿਹਾ, “ਮੈਨੂੰ ਯਾਹਵੇ ਨੇ ਤੁਹਾਡੇ ਤਾਈਂ ਧਰਤੀ ‘ਤੇ ਭੇਜਿਆ ਹੈ।” ਯਹੂਦੀਆਂ ਦੀ ਧਾਰਮਿਕ ਪੁਸਤਕ ਤੋਰਾ 613 ਹਦਾਇਤਾਂ ਜਾਂ ਸਿੱਖਿਆਵਾਂ (ਬਾਈਬਲ) ਦੀ ਪਵਿੱਤਰ ਕਿਤਾਬ ਹੈ ਜੋ ਹਿਬਰੂਜ਼ ਧਰਮ ਗ੍ਰੰਥਾਂ ਦੀਆਂ ਪਹਿਲੀਆਂ ਪੰਜ ਕਿਤਾਬਾਂ ਤੋਂ ਬਣਾਈ ਗਈ ਹੈ। ਇਹ ਬ੍ਰਹਿਮੰਡ ਦੇ ਸਿਰਜਣਹਾਰੇ ਅਤੇ ਪਾਲਣਹਾਰੇ ਰੱਬ (ੇਅਹੱeਹ ਲੋਰਦ) ਦਾ ਹੁਕਮ ਮੰਨੀ ਜਾਂਦੀ ਹੈ।
ਈਸਾਈ ਧਰਮ ਅਨੁਸਾਰ ਰੱਬ ਆਪ ਜੂਨ ਵਿਚ ਨਹੀਂ ਆ ਸਕਦਾ ਸੀ, ਪਰ ਉਸ ਨੇ ਸੰਸਾਰ ਦਾ ਕਲਿਆਣ ਕਰਨ ਲਈ ਆਪਣੇ ਜਿਹੇ ਆਪਣੇ ਪਿਆਰੇ ਪੁੱਤਰ ਦੇ ਸਰੂਪ ਵਿਚ ਈਸਾ ਨੂੰ ਇਸ ਧਰਤੀ ਉਤੇ ਭੇਜਿਆ ਸੀ। ਈਸਾ ਰੱਬ ਦਾ ਪੁੱਤਰ ਸੀ। “ਮੈਂ ਅਤੇ ਪਿਤਾ ਪ੍ਰਭੂ ਇਕ ਹਾਂ (ਅਤੇ) ਜਿਸ ਨੇ ਮੈਨੂੰ ਦੇਖਿਆ ਹੈ, ਉਸ ਨੇ ਪ੍ਰਭੂ ਪਿਤਾ ਨੂੰ ਦੇਖਿਆ ਹੈ।” (ਜਾਹਨ)
“ਪ੍ਰਭੂ ਇਨਸਾਨ ਬਣਿਆ ਤਾਂ ਕਿ ਇਨਸਾਨ ਪ੍ਰਭੂ ਬਣ ਸਕਣ।” (ਬਾਈਬਲ)
ਮੈਥਿਊ, ਜਾਹਨ ਤੇ ਮਾਰਕ ਦੀਆਂ ਪੋਥੀਆਂ ਈਸਾ ਜੀ ਦੇ ਰੱਬ ਦੇ ਪੁੱਤਰ ਜੋਨ ਦੇ ਖਿਆਲ ਦੀ ਪੁਸ਼ਟੀ ਕਰਦੀਆਂ ਹਨ, “ਇਹ ਮੇਰਾ ਪਿਆਰਾ ਪੁੱਤਰ ਹੈ ਤੇ ਮੈਂ ਇਸ ਉਤੇ ਬਹੁਤ ਪ੍ਰਸੰਨ ਹਾਂ। ਰੱਬ ਦਾ ਪੁੱਤਰ ਆਪ ਕੁਝ ਨਹੀਂ ਕਰਦਾ, ਜੋ ਰੱਬ ਕਰਦੇ ਨੂੰ ਵੇਖਦਾ ਹੈ, ਉਹ ਹੀ ਕਰਦਾ ਹੈ।”
ਈਸਾ ਮਸੀਹ ਦੀਆਂ ਸਿੱਖਿਆਵਾਂ ਬਾਈਬਲ ਦੇ ਦੂਜੇ ਅੱਧ ਵਿਚ ਹਨ ਜਿਨ੍ਹਾਂ ਨੂੰ ‘ਨਿਊ ਟੈਸਟਾਮੈਂਟ’ ਕਿਹਾ ਜਾਂਦਾ ਹੈ। ਮੈਥਿਊ ਤੇ ਜਾਹਨ ਅਤੇ ਨਾਲ ਹੀ ਪ੍ਰਚਾਰਕ ਪੀਟਰ ਤੇ ਪਾਲ (ਈਸਾਈ ਧਰਮ ਦੇ 12 ਪ੍ਰਚਾਰਕ ਹਨ ਜਿਨ੍ਹਾਂ ਨੂੰ ਐਪਾਸਟਲ ਕਿਹਾ ਜਾਂਦਾ ਹੈ) ਨਾਲ ਜੁੜੇ ਲੋਕਾਂ ਦੇ ਸੰਸਮਰਨ ਹਨ ਜੋ ਈਸਾ ਦੇ ਪੁਨਰ ਜੀਵਨ ਤੋਂ ਕਈ ਦਹਾਕਿਆਂ ਬਾਅਦ ਲਿਖੇ ਗਏ।
ਇਸਲਾਮ ਅਨੁਸਾਰ ਹਜ਼ਰਤ ਮੁਹੰਮਦ ਦਾ ਰੱਬ ਬਹੁਤ ਉਚੇਰਾ ਅੱਲਾ ਤਾਲਾ ਸੀ ਜੋ ਸੱਤ ਅਕਾਸ਼ੋਂ ਪਾਰ ਰਹਿੰਦਾ ਹੈ। ਉਹ ਅਰਸ਼ ਤੋਂ ਹੇਠਾਂ ਆ ਕੇ ਫਰਸ਼ ‘ਤੇ ਆਪਣਾ ਪੈਗਾਮ ਨਹੀਂ ਦੇ ਸਕਦਾ, ਨਾ ਹੀ ਉਸ ਦੀ ਕੋਈ ਵਹੁਟੀ ਹੈ, ਨਾ ਹੀ ਕੋਈ ਪੁੱਤਰ। “ਭਲਾ ਜਦੋਂ ਰੱਬ ਦੀ ਵਹੁਟੀ ਹੀ ਨਹੀਂ, ਤਾਂ ਉਸ ਦਾ ਪੁੱਤਰ ਕਿਵੇਂ ਹੋ ਸਕਦਾ ਹੈ।” (ਕੁਰਾਨ ਅਧਿਆਇ 7-6-2-102) ਹਜ਼ਰਤ ਮੁਹੰਮਦ ਸਾਹਿਬ ਆਪ ਅਰਸ਼ਾਂ ‘ਤੇ ਜਾ ਕੇ ਸੁੱਚੇ ਸਾਈਂ ਕੋਲੋਂ ਪੈਗਾਮ ਲੈ ਕੇ ਆਏ (ਮਿਅਰਾਜ)। ਹਜ਼ਰਤ ਮੁਹੰਮਦ ਦੀ ਅਰਸ਼ਾਂ ‘ਤੇ ਚੜ੍ਹਾਈ ਸੀ। (ਕੁਰਾਨ, ਅਧਿਆਇ 53)
ਚੀਨੀ ਅਵਤਾਰ ਤਾਉ ਨੇ ਚਾਹੇ ਅਵਤਾਰੀ ਖਿਆਲ ਨੂੰ ਭੰਡਿਆ ਹੈ, ਪਰ ਉਸ ਦਾ ਅਰਸ਼ਾਂ ਉਤੇ ਰੱਬ ਨੂੰ ਮਿਲਣ ਜਾਣਾ ਕਈ ਥਾਂਈਂ ਲਿਖਿਆ ਹੈ। ਤਾਉਵਾਦ ਦਾ ਬਾਨੀ ਲਾਉ-ਤਸੂ (604-531 ਈਸਾ ਪੂਰਵ) ਇਕ ਹੋਰ ਪ੍ਰਸਿੱਧ ਚੀਨੀ ਵਿਦਵਾਨ ਕਨਫਿਊਸੀਅਸ ਦਾ ਸਮਕਾਲੀ ਸੀ। ਪ੍ਰਾਚੀਨ ਪੁਸਤਕ ‘ਆਈ ਚਿੰਗ’ ਤਾਉਵਾਦ ਦਾ ਅਸਲ ਸਰੋਤ ਮੰਨੀ ਜਾਂਦੀ ਹੈ। ਇਸ ਸਰਬ ਈਸ਼ਵਰਵਾਦੀ ਵਿਚਾਰ ਪ੍ਰਣਾਲੀ ਅਨੁਸਾਰ, ਪਰਮਾਤਮਾ ਆਪਣੇ ਤੋਂ ਹੇਠਲੇ ਦਰਜੇ ਦੇ ਦੇਵੀ ਦੇਵਤਿਆਂ ਦਾ ਰੂਪ ਲੈਂਦਾ ਹੈ ਅਤੇ ਇਨ੍ਹਾਂ ਰਾਹੀਂ ਮਨੁੱਖੀ ਘਟਨਾਵਾਂ ਨੂੰ ਪ੍ਰਭਾਵਿਤ ਕਰਦਾ ਹੈ।
ਸਿੱਖ ਗੁਰੂ ਸਭ ਤੋਂ ਪਹਿਲੇ ਮਹਾਂ ਪੁਰਖ ਹੋਏ ਜਿਨ੍ਹਾਂ ਨੇ ਅਵਤਾਰਵਾਦੀ ਖਿਆਲ ਦਾ ਖੰਡਨ ਕੀਤਾ। ਉਹ ਆਪਣੇ ਆਪ ਨੂੰ ਅਵਤਾਰ, ਪੈਗੰਬਰ, ਮਸੀਹਾ ਜਾਂ ਰੱਬ ਦਾ ਪੁੱਤਰ ਅਖਵਾਉਣ ਦਾ ਲਾਲਚ ਨਹੀਂ ਕਰਦੇ, ਸਗੋਂ ਰੱਬੀ ਜੋਤ ਨਾਲ ਇਕ-ਮਿਕ ਹੁੰਦੇ ਹੋਏ ਵੀ ਉਨ੍ਹਾਂ ਨੇ ਆਪਣੇ ਆਪ ਨੂੰ ਆਮ ਮਨੁੱਖ ਨਾਲੋਂ ਭਿੰਨ ਨਹੀਂ ਸਮਝਿਆ। ਗੁਰੂਆਂ ਅਨੁਸਾਰ ਸਭ ਪੈਗੰਬਰ, ਅਵਤਾਰ, ਮਸੀਹਾ ਮਨੁੱਖ ਹੀ ਸਨ। ਜਿਵੇਂ ਮਹਾਤਮਾ ਬੁੱਧ ਦੇ ਚੇਲਿਆਂ ਨੇ ਬੁੱਧ ਨੂੰ ਮਨੁੱਖ ਤੋਂ ਦੇਵਤਾ ਬਣਾ ਕੇ ਆਪਣਾ ਚਾਉ ਪੂਰਾ ਕੀਤਾ ਸੀ, ਉਸੇ ਤਰ੍ਹਾਂ ਕੁਝ ਸਿੱਖ ਸ਼ਰਧਾਲੂਆਂ, ਲੇਖਕਾਂ ਜਾਂ ਪ੍ਰਚਾਰਕਾਂ ਨੇ ਦੂਜੇ ਪੈਗੰਬਰਾਂ ਵਾਂਗ ਗੁਰੂ ਜੀ ਨੂੰ ਅਵਤਾਰ ਬਣਾ ਕੇ ਮਨੁੱਖ ਮੰਡਲ ਵਿਚੋਂ ਕੱਢ ਕੇ ਦੇਵਤਿਆਂ ਤੋਂ ਉਤੇ, ਹਿੰਦੂ ਖਿਆਲ ਦੀ ਕਾਢ, ਅਵਤਾਰਾਂ ਨਾਲ ਜੋੜਿਆ ਹੈ। ਗੱਲ ਕੀ, ਆਮ ਸਾਖੀਕਾਰਾਂ ਨੇ ਗੁਰੂ ਸਾਹਿਬ ਨੂੰ ਵੀ ਉਨ੍ਹਾਂ ਹੀ ਰਾਹਾਂ ਅਤੇ ਲੀਹਾਂ ‘ਤੇ ਤੋਰਿਆ ਹੈ ਤੇ ਉਨ੍ਹਾਂ ਹੀ ਰੰਗਾਂ ਵਿਚ ਰੰਗਿਆ ਹੈ। ਗੁਰੂ ਜੀ ਨੂੰ ਪਰਮਾਤਮਾ ਦੇ ਦਰਬਾਰ ਵਿਚ ਭੇਜਣ ਦੀ ਕੁਤਾਹੀ ਕੀਤੀ। ਵੇਈਂ ਵਿਚ ਡੁੱਬਣ ਦੀ ਕਹਾਣੀ ਦਾ ਮੰਤਵ ਇਹ ਸੀ ਕਿ ਦੂਜੇ ਪੈਗੰਬਰਾਂ ਵਾਂਗ ਗੁਰੂ ਜੀ ਵੀ ਪਰਮਾਤਮਾ ਦੇ ਦਰਬਾਰ ਵਿਚ ਪਹੁੰਚੇ ਅਤੇ ਉਨ੍ਹਾਂ ਨੂੰ ਅਕਾਲ ਪੁਰਖ ਦਾ ਹੁਕਮ ਹੋਇਆ ਕਿ ਉਹ ਨਵਾਂ ਪੰਥ ਚਲਾਉਣ।
“ਇਕ ਪਾਸੇ ਤਾਂ ਲੇਖਕ, ਗੁਰੂ ਨਾਨਕ ਨੂੰ ਨਰਾਇਣ ਅਤੇ ਰੱਬ ਦਾ ਅਵਤਾਰ (ਯਾਨਿ ਰੱਬ ਆਪ) ਲਿਖਦੇ ਹਨ, ਦੂਜੇ ਪਾਸੇ ਉਨ੍ਹਾਂ ਨੂੰ ਰੱਬ ਦੇ ਦਰਬਾਰ ਵਿਚ ਵੀ ਹਾਜ਼ਰ ਕਰ ਦਿੰਦੇ ਹਨ। ਇਸ ਦਾ ਮਤਲਬ ਇਹ ਬਣਦਾ ਹੈ ਕਿ ਰੱਬ ਇਕ ਨਹੀਂ, ਦੋ ਸਨ- ਇਕ ਰੱਬ ਨਾਨਕ, ਦੂਜਾ ਰੱਬ ਅਕਾਲ ਪੁਰਖ। ਨਾਨਕ ਨੂੰ ਅਕਾਲ ਪੁਰਖ ਦੇ ਦਰਬਾਰ ਵਿਚ ਵੀ ਹਾਜ਼ਰ ਕਰ ਦਿੰਦੇ ਹਨ। ਇਹ ਦਰਬਾਰ ਸ਼ਾਇਦ ਵੇਈਂ ਨਦੀ ਦੇ ਹੇਠਾਂ ਕਿਤੇ ਸੀ।” (ਸਿੱਖ ਤਵਾਰੀਖ, ਪਹਿਲਾ ਹਿੱਸਾ ਡਾæ ਹਰਜਿੰਦਰ ਸਿੰਘ ਦਲਗੀਰ)
(ਚਲਦਾ)
Leave a Reply