ਧਨ ਤੇ ਇਖਲਾਕ ਦਾ ਰਿਸ਼ਤਾ

‘ਪੰਜਾਬ ਟਾਈਮਜ਼’ ਦੇ ਅੰਕ ਨੰਬਰ 38 ਵਿਚ ਛਪੇ ਕਾਨਾ ਸਿੰਘ ਦੇ ਲੇਖ ‘ਵੱਡਿਆਂ ਦਾ ਲਾਂਘਾ’ ਤੋਂ ਬਾਅਦ ਅੰਕ ਨੰਬਰ 40 ਵਿਚ ਮਾਸਟਰ ਨਿਰਮਲ ਸਿੰਘ ਲਾਲੀ ਦੀ ਚਿੱਠੀ ਛਪੀ ਸੀ। ਉਨ੍ਹਾਂ ਨੇ ਆਪਣੀ ਚਿੱਠੀ ਵਿਚ ਪੈਸੇ ਤੇ ਇਖਲਾਕ ਬਾਰੇ ਰਾਏ ਪ੍ਰਗਟ ਕੀਤੀ ਸੀ। ਇਸ ਲੇਖ ਅਤੇ ਚਿੱਠੀ ਬਾਰੇ ਅਦਾਰੇ ਕੋਲ ਡਾæ ਗੋਬਿੰਦਰ ਸਿੰਘ ਸਮਰਾਓ ਦੀ ਇਕ ਲੰਮੀ ਟਿੱਪਣੀ ਪੁੱਜੀ ਹੈ ਜਿਸ ਵਿਚ ਉਨ੍ਹਾਂ ਕੁਝ ਹੋਰ ਨੁਕਤੇ ਉਭਾਰਦਿਆਂ ਪੈਸੇ ਤੇ ਇਖਲਾਕ ਦੇ ਰਿਸ਼ਤੇ ਬਾਰੇ ਚਰਚਾ ਅਗਾਂਹ ਤੋਰੀ ਹੈ ਅਤੇ ਨਾਲ ਹੀ ਅੱਜ ਕੱਲ੍ਹ ਦਰਪੇਸ਼ ਹੋਰ ਮਸਲੇ ਛੋਹੇ ਹਨ। -ਸੰਪਾਦਕ

ਡਾæ ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
‘ਪੰਜਾਬ ਟਾਈਮਜ਼’ ਵਿਚ 20 ਸਤੰਬਰ (ਅੰਕ 38) ਨੂੰ ਛਪਿਆ ਕਾਨਾ ਸਿੰਘ ਦਾ ਲੇਖ ‘ਵੱਡਿਆਂ ਦਾ ਲਾਂਘਾ’ ਬੜੀ ਹੀ ਗੂੜ੍ਹ ਸਿਆਣਪ ਵਾਲੀ ਵਾਰਤਾ ਸੀ। ਲੇਖ ਵਿਚ ਕਾਨਾ ਸਿੰਘ ਨੇ ਆਪਣੇ ਪਿਤਾ, ਮਾਂ ਤੇ ਦਾਦੀ ਦੀਆਂ ਨਸੀਹਤਾਂ ਦਾ ਹਵਾਲਾ ਦਿੰਦੇ ਹੋਏ ਆਪਣੀ ਕਿਰਤ ਕਮਾਈ ਨੂੰ ਜੀਵਨ ਦੇ ਭਾਵੀ ਕਾਰਜਾਂ ਲਈ ਜੋੜ ਕੇ ਰੱਖਣ ਦੀ ਗੱਲ ਕੀਤੀ ਹੈ। ਆਪਣੀ ਨੌਕਰੀ ਦੀ ਮਿਲੀ ਪਹਿਲੀ ਤਨਖਾਹ ਦੀ ਸੰਭਾਲ ਬਾਰੇ ਪੁੱਛਣ ‘ਤੇ ਪਿਤਾ ਕਹਿੰਦੇ ਹਨ, “ਤੂੰ ਜ਼ਿੰਦਗੀ ਵਿਚ ਵੱਡੇ-ਵੱਡੇ ਕੰਮ ਕਰਨੇ ਨੁ। ਵੱਡੀਆਂ ਪੜ੍ਹਾਈਆਂ ਤੇ ਵੱਡੇ ਖਰਚੇ। ਬਸ ਹਿੱਕੋ ਗੁਰ ਪਲੇ ਬੰਨ੍ਹ ਲੈ ਕਿ ਖਰਚ ਆਮਦਨ ਤੋਂ ਕਦੇ ਵੱਧ ਨਾ ਹੋਵੇ। ਤੇ ਨਾ ਹੀ ਉਧਾਰ ਲੈਣਾ ਪਵੇ।” ਦਾਦੀ ਦੀ ਸਿਖਿਆ ਹੈ, “ਜਿਹੜਾ ਪੈਸੇ ਨਹੀਂ ਸੰਭਾਲ ਸਕਨਾ, ਉਹ ਕੁਝ ਵੀ ਨਹੀਂ ਸੰਭਾਲ ਸਕਨਾ। ਨਾ ਵਸਤਾਂ, ਨਾ ਘਰ, ਨਾ ਬੱਚੇ, ਨਾ ਮਾਪੇ। ਪੈਸਾ ਆਖਨੈ, ਤੂੰ ਮੇਰੀ ਕਦਰ ਕਰ ਤੇ ਮੈਂ ਤੇਰੀ ਕਰਸਾਂ।” ਇਸੇ ਤਰ੍ਹਾਂ ਮਾਂ ਦਾ ਕਥਨ ਹੈ, “ਜਿਹੜਾ ਪੈਸੇ ਨੀ ਕਦਰ ਨਹੀਂ ਕਰਨਾ, ਉਸਨਾ ਨਾ ਤੇ ਕੋਈ ਅਸੂਲ ਹੋਨਾ ਵੈ ਤੇ ਨਾ ਹੀ ਇਖਲਾਕ।” ਕਾਨਾ ਸਿੰਘ ਨੇ ਲਿਖਿਆ, “ਅੱਧੀ ਸਦੀ ਤੋਂ ਵੀ ਦਹਾਕਾ ਉਪਰ ਹੋ ਗਿਆ ਹੈ, ਬੜੇ ਤੱਤੇ-ਠੰਢੇ ਦਿਨ ਵੇਖੇ ਹਨ। ਬੜੀ ਵਾਰ ਉਜਾੜੇ ਤੇ ਮੁੜ ਵਸੇਬੇ ਹੋਏ ਪਰ ਮੈਂ ਆਪਣੀ ਚਾਦਰ ਮੁਤਾਬਿਕ ਹੀ ਪੈਰ ਪਸਾਰੇ। ਨਾ ਕਦੇ ਥੁੜ੍ਹ ਤੱਕੀ ਤੇ ਨਾ ਤੰਗੀ। ਨਾ ਹੀ ਕਿਸੇ ਸਾਕ, ਸਬੰਧੀ, ਮਿੱਤਰ ਜਾਂ ਬੈਂਕ ਤੋਂ ਕਰਜ਼ਾ ਲਿਆ।” ਇਸ ਤਰ੍ਹਾਂ ਲੇਖਕਾ ਨੇ ਨਵੀਂ ਪੀੜ੍ਹੀ ਨੂੰ ਨਾ ਕੇਵਲ ਆਪਣੀ ਮਿਹਨਤ ਦੀ ਕਮਾਈ ਨੂੰ ਭਵਿੱਖ ਵਿਚ ਸਹੀ ਇਸਤੇਮਾਲ ਲਈ ਸੰਭਾਲਣ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਹੈ, ਸਗੋਂ ਆਪਣੇ ਵਡੇਰਿਆਂ ਦੇ ਦੱਸੇ ਰਸਤਿਆਂ ਦੀ ਕਦਰ ਕਰ ਕੇ ਵਿਰਸੇ ਦੀ ਮਹਾਨਤਾ ਦਾ ਵੀ ਸੰਦੇਸ਼ ਦਿੱਤਾ ਹੈ।
ਜੋ ਇਨਸਾਨ ਕਿਰਤ ਨਹੀਂ ਕਰਦਾ, ਉਸ ਕੋਲ ਧਨ ਨਹੀਂ ਉਪਜਦਾ। ਜਿਸ ਕੋਲ ਧਨ ਨਹੀਂ ਉਪਜਦਾ, ਉਹ ਭੁੱਖ ਤੇ ਹੋਰ ਲੋੜਾਂ ਨਾਲ ਲੜਦਾ ਹੋਇਆ ਇਖਲਾਕਹੀਣਤਾ ਦਾ ਸ਼ਿਕਾਰ ਹੋ ਜਾਂਦਾ ਹੈ। ਜੋ ਮਨੁੱਖ ਧਨ ਤਾਂ ਪੈਦਾ ਕਰਦਾ ਹੈ, ਪਰ ਉਸ ਦੀ ਸਹੀ ਵਰਤੋਂ ਤੇ ਸੰਭਾਲ ਨਹੀਂ ਕਰ ਸਕਦਾ, ਉਹ ਜੀਵਨ ਵਿਚ ਕੋਈ ਅਸੂਲ ਧਾਰਨ ਨਹੀਂ ਕਰ ਸਕਦਾ। ਬੇਅਸੂਲਾ ਹੋ ਕੇ ਉਹ ਵੀ ਗੈਰ-ਇਖਲਾਕੀ ਗਰਕਣ ਵਿਚ ਡਿਗਣੋਂ ਬਚ ਨਹੀਂ ਸਕਦਾ। ਇਸ ਦੇ ਇਲਾਜ ਵਜੋਂ ਕਾਨਾ ਸਿੰਘ ਦੀ ਲਿਖਤ ਖਰਚ ਨੂੰ ਆਮਦਨ ਨਾਲੋਂ ਘਟਾਉਣ ਤੇ ਭਵਿਖ ਦੀਆਂ ਲੋੜਾਂ ਲਈ ਕੁਝ ਬੱਚਤ ਕਰਨ ਦਾ ਸਬਕ ਦਿੰਦੀ ਹੈ। ਅੱਜ ਕੱਲ੍ਹ ਦੇ ਖਪਤ-ਪ੍ਰਧਾਨ ਸਮਾਜ ਵਿਚ ਦੇਸ਼-ਵਿਦੇਸ਼ ਵਿਚ ਹੱਡ ਭੰਨਵੀਂ ਕਿਰਤ ਕਮਾਈ ਕਰਦੇ ਲੱਖਾਂ ਲੋਕ ਆਈ-ਚਲਾਈ ਦਾ ਜੀਵਨ ਬਤੀਤ ਕਰਦੇ ਹਨ ਤੇ ਕ੍ਰੈਡਿਟ ਕਾਰਡ ਕੰਪਨੀਆਂ ਦੀ ਲੁੱਟ ਦਾ ਸ਼ਿਕਾਰ ਹੁੰਦੇ ਰਹਿੰਦੇ ਹਨ। ਆਪਣੀ ਬੰਦ ਖਲਾਸੀ ਲਈ ਉਹ ਸਭ ਇਸ ਲੇਖ ਤੋਂ ਵੱਡਮੁਲੀ ਨਸੀਹਤ ਪ੍ਰਾਪਤ ਕਰ ਸਕਦੇ ਹਨ।
ਧਨ ਦੀ ਬੱਚਤ ਤੇ ਸੰਭਾਲ ਦੀ ਜੀਵਨ ਵਿਚ ਇੰਨੀ ਮਹੱਤਤਾ ਹੈ ਕਿ ਅਸੀਂ ਸਹਿਜੇ ਕਿਆਸ ਨਹੀਂ ਕਰ ਸਕਦੇ। ਜੇ ਮਨੁੱਖ ਨੇ ਛੋਟੀਆਂ-ਛੋਟੀਆਂ ਬੱਚਤਾਂ ਨਾ ਸਿੱਖੀਆਂ ਹੁੰਦੀਆਂ, ਤਾਂ ਉਸ ਨੇ ਨਾ ਨਿੱਕੇ-ਨਿੱਕੇ ਅਸੂਲ ਸਿੱਖੇ ਹੁੰਦੇ, ਤੇ ਨਾ ਹੀ ਕੋਈ ਵੱਡਾ ਕੰਮ ਕੀਤਾ ਹੁੰਦਾ। ਸਮਾਜ ਵਿਚ ਨਾ ਬੈਂਕ ਹੁੰਦੇ ਤੇ ਨਾ ਡੈਮ, ਨਾ ਗੋਦਾਮ ਤੇ ਨਾ ਖਜ਼ਾਨੇ। ਬੱਸ, ਜਾਨਵਰਾਂ ਦੇ ਪੱਧਰ ਦਾ ਜੀਵਨ ਹੁੰਦਾ ਜਿਸ ਵਿਚ ਨਾ ਕੋਈ ਪੈਦਾਇਸ਼, ਨਾ ਵਿਕਾਸ, ਨਾ ਸਭਿਅਤਾ, ਨਾ ਇਤਿਹਾਸ ਤੇ ਨਾ ਇਖਲਾਕ ਹੁੰਦਾ। ਬੱਸ ਹੁੰਦਾ ਤਾਂ ਪਸ਼ੂ-ਪੱਧਰੀ ਆਚਾਰ ਤੇ ਖੋਹ-ਖਿੰਝੀ ਦਾ ਬੋਲਬਾਲਾ। ਗੋਦਾਮ ਖਾਲੀ ਹੁੰਦੇ ਤੇ ਖਲਕਤ ਪੇਟ ਭਰਨ ਲਈ ਹਰਲ-ਹਰਲ ਕਰਦੀ ਭੱਜੀ ਫਿਰਦੀ। ਬਿਨਾਂ ਭਰੇ ਤਾਂ ਝੀਲਾਂ, ਤਲਾਬ ਤੇ ਖਜ਼ਾਨੇ ਖਾਲੀ ਹੋ ਜਾਂਦੇ ਹਨ। ਖਾਲੀ ਖਜ਼ਾਨੇ ਦਾ ਸੰਤਾਪ ਕੋਈ ਮੌਜੂਦਾ ਪੰਜਾਬ ਦੇ ਲੋਕਾਂ ਤੋਂ ਪੁੱਛੇ ਜੋ ਕੰਗਾਲ ਸ਼ਾਸਨ ਦੀ ਮਾਰ ਹੇਠ ਆਏ ਹੋਏ ਨੇ। ਪੈਸੇ ਦੀ ਯੋਗ ਵਰਤੋਂ ਨਾ ਕਰਨ ਦਾ ਸੰਤਾਪ ਪੰਜਾਬ ਦੇ ਕਿਸਾਨ ਕਰਜ਼ ਨਾ ਮੋੜਨ ਕਰ ਕੇ ਸਰਕਾਰੀ ਕੁੜਿੱਕੀ ਵਿਚ ਆਏ ਰਹਿੰਦੇ ਹਨ।
ਸ਼ਾਇਦ ਇਸ ਲੇਖ ਦੇ ਗੁੱਝੇ ਅਰਥਾਂ ਦਾ ਗਿਆਨ ਮੇਰੇ ਪਿੰਡ ਦੇ ਅਮਲੀ ਤੋਂ ਵੱਧ ਕੋਈ ਨਹੀਂ ਜਾਣਦਾ ਜਿਹੜਾ ਨਸ਼ਿਆਂ ਕਾਰਨ ਆਪਣੀ ਸਾਰੀ ਜ਼ਮੀਨ ਵੇਚ ਕੇ ਰੇਲ ਗੱਡੀਆਂ ਵਿਚ ਮੰਗਣ ਲੱਗ ਪਿਆ ਸੀ। ਸੰਨ 1970 ਵਿਚ ਇਕ ਵਾਰ ਪਟਿਆਲੇ ਸਟੇਸ਼ਨ ਦੇ ਨੇੜਿਓਂ ਲੰਘਦਿਆਂ ਮੇਰੇ ਹੀ ਪਿੰਡ ਦਾ ਮੇਰਾ ਮਿੱਤਰ ਕਹਿਣ ਲੱਗਾ, “ਅਮਲੀ ਖੜ੍ਹਿਆ, ਚਲੋ ਮਿਲ ਚਲਦੇ ਹਾਂ।” ਕੋਲ ਜਾ ਕੇ ਮੇਰਾ ਮਿੱਤਰ ਉਸ ਨੂੰ ਜੇਬ ਵਿਚੋਂ ਕੱਢ ਕੇ 2 ਰੁਪਏ ਦੇਣ ਲੱਗਿਆ। ਸ਼ਰੀਕ ਤੋਂ ਖੈਰਾਤ ਲਵੇ ਕਿ ਨਾ ਲਵੇ, ਸ਼ਰਮਸਾਰ ਹੋਇਆ ਅਮਲੀ ਦੋਵੇਂ ਹੱਥ ਜੋੜ ਕੇ ਖੜ੍ਹਾ ਹੋ ਗਿਆ ਤੇ ਅੱਖ ਦੀ ਲਿਹਾਜ਼ ਰੱਖਦਿਆਂ ਬੋਲਿਆ, “ਲਾਣੇਦਾਰਾ, ਇਕੋ ਦੇਹ ਜੇ ਦੇਣਾ। ਇਕ ਕੀ ਥੌਂ ਦੋ-ਦੋ ਰੋਹੜ ਕੈ ਈ ਮੈਂ ਖਾਕੀ ਜੂਨ ਨੂੰ ਪਹੁੰਚਿਆਂ।” ਮੈਂ ਆਪਣੇ ਮਿੱਤਰ ਨੂੰ ਪੁੱਛਿਆ, “ਇਹ ਇਕ ਦੀ ਥਾਂ ਦੋ ਰੋਹੜਨ ਦੀ ਕੀ ਗੱਲ ਕਰ ਰਿਹਾ ਸੀ?” ਇਹ ਅਮਲੀ ਮੇਰੇ ਮਿੱਤਰ ਦੀ ਪੱਤੀ ਵਿਚੋਂ ਹੀ ਸੀ, ਇਸ ਲਈ ਉਸ ਬਾਰੇ ਨੇੜਿਓਂ ਜਾਣਦਾ ਸੀ। ਉਸ ਨੇ ਦੱਸਿਆ ਕਿ ਇਸ ਨੇ ਆਪਣੀ ਘਰ ਵਾਲੀ ਨੂੰ ਵੀ ਆਪਣੇ ਨਾਲ ਪੀਣ-ਖਾਣ ਦੇ ਅਮਲਾਂ ‘ਤੇ ਲਾਇਆ ਹੋਇਆ ਸੀ। ਮੈਨੂੰ ਖਾਕੀ ਜੂਨ ਦੀ ਵੀ ਸਮਝ ਨਾ ਪਈ। ਮਿੱਤਰ ਨੇ ਦੱਸਿਆ, “ਕੁੱਤੇ ਦੀ ਜੂਨ।” ਮੈਂ ਲੱਖਣ ਲਾਇਆ, “ਕੁੱਤਾ ਖਾਕੀ ਹੁੰਦਾ ਹੈ ਤੇ ਦਰ-ਬਦਰ ਮੰਗਦਾ ਫਿਰਦਾ ਹੈ। ਸ਼ਾਇਦ ਇਸੇ ਲਈ ਅਮਲੀ ਨੇ ਇਹ ਸ਼ਬਦ ਆਪਣੇ ਲਈ ਵਰਤ ਕੇ ਪਰਦੇ ਨਾਲ ਆਪਣੀ ਸਥਿਤੀ ਦਰਸਾਈ ਹੈ।” ਗੱਲ ਸਾਫ ਹੈ ਕਿ ਜੋ ਪੈਸੇ ਦੀ ਸਮੇਂ ਸਿਰ ਸੰਭਾਲ ਨਹੀਂ ਕਰਦੇ, ਉਨ੍ਹਾਂ ਦਾ ਇੱਦਾਂ ਹੀ ਬੁਰਾ ਹਾਲ ਹੁੰਦਾ ਹੈ। ਉਨ੍ਹਾਂ ਦਾ ਨਾ ਕੋਈ ਲੈਣ ਦਾ ਅਸੂਲ ਹੁੰਦਾ ਹੈ ਤੇ ਨਾ ਦੇਣ ਦਾ। ਬਦ-ਅਸੂਲੀ ਦਾ ਹੀ ਦੂਜਾ ਨਾਂ ਬਦ-ਇਖਲਾਕੀ ਹੈ। ਇਹੀ ਤਾਂ ਕਾਨਾ ਸਿੰਘ ਨੇ ਕਿਹਾ ਹੈ।
ਪਰ ਵਾਰੇ ਜਾਈਏ ਮਾਸਟਰ ਨਿਰਮਲ ਸਿੰਘ ਲਾਲੀ ਦੇ ਜਿਨ੍ਹਾਂ ਨੇ ਬਾਬੇ ਨਾਨਕ ਦੀ ਸੱਚੇ ਸੌਦੇ ਵਾਲੀ ਸਾਖੀ ਦੀ ਮਿਸਾਲ ਦਿੰਦਿਆਂ ਇਸ ਮਾਸੂਮ ਲਿਖਤ ਦੇ ਮੁੱਦੇ ਵਿਚ ਵੀ ਦੋਸ਼ ਕੱਢ ਮਾਰੇ (ਹਵਾਲਾ- ਅੰਕ 40 ਵਿਚ ਛਪੀ ਚਿੱਠੀ)। ਕਾਨਾ ਸਿੰਘ ਨੇ ਆਪਣਾ ਲੇਖ ਕਿਸੇ ਧਰਮ ਨਾਲ ਨਹੀਂ ਜੋੜਿਆ, ਇਸ ਲਈ ਇਸ ਨੂੰ ਧਰਮ ਦੇ ਕਟਹਿਰੇ ਵਿਚ ਖੜ੍ਹਾ ਕਰਨਾ ਠੀਕ ਨਹੀਂ। ਜੇ ਮਾਸਟਰ ਜੀ ਠੀਕ ਸਮਝਦੇ ਹੀ ਹਨ, ਤਾਂ ਉਹ ਜਨਮ ਸਾਖੀ ਦੀ ਆਪਣੀ ਦਿੱਤੀ ਦਲੀਲ ਬਾਰੇ ਆਪ ਹੀ ਸੋਚਣ ਕਿ ਗੁਰੂ ਸਾਹਿਬ ਕੋਲ ਭੁੱਖੇ ਸਾਧਾਂ ਦੇ ਭੋਜਨ ਲਈ 20 ਰੁਪਏ ਕਿਥੋਂ ਆਉਂਦੇ, ਜੇ ਉਨ੍ਹਾਂ ਦੇ ਪਿਤਾ ਜੀ ਨੇ ਆਪਣੀ ਨੇਕ ਕਮਾਈ ਵਿਚੋਂ ਜੋੜੇ ਨਾ ਹੁੰਦੇ? ਮਾਸਟਰ ਜੀ ਕਹਿੰਦੇ ਹਨ, ਮਾਇਆ ਮਨੁੱਖ ਦੀ ਮੱਤ ਮਾਰ ਦਿੰਦੀ ਹੈ ਤੇ ਉਸ ਨੂੰ ਅੰਨ੍ਹਾ ਬੋਲਾ ਕਰ ਕੇ ਇਖਲਾਕ-ਰਹਿਤ ਕਰ ਦਿੰਦੀ ਹੈæææ ਉਨ੍ਹਾਂ ਜ਼ਮਾਨਿਆਂ ਦੇ 20 ਰੁਪਏ ਅੱਜ ਦੇ ਇਕ ਲੱਖ ਤੋਂ ਘੱਟ ਨਹੀਂ ਸੀ ਹੋਣੇ, ਪਰ ਇੰਨੀ ਵੱਡੀ ਰਕਮ ਨੇ ਮਹਿਤਾ ਕਾਲੂ ਦੀ ਤਾਂ ਮੱਤ ਨਹੀਂ ਸੀ ਮਾਰੀ, ਤੇ ਨਾ ਹੀ ਅੰਨ੍ਹਾ ਬੋਲਾ ਕਰ ਕੇ ਇਖਲਾਕਹੀਣ ਕੀਤਾ ਸੀ। ਇਹ ਤਰਕ ਕਾਲੇ ਧਨ ਬਾਰੇ ਤਾਂ ਢੁਕ ਸਕਦਾ ਹੈ, ਦਸਾਂ ਨਹੁੰਆਂ ਦੀ ਕਿਰਤ ਕਮਾਈ ਕਰ ਕੇ ਜੋੜੇ ਧਨ ਉਤੇ ਨਹੀਂ। ਹਰ ਕੋਈ ਜਾਣਦਾ ਹੈ ਕਿ ਬੱਚਿਆਂ ਦੀ ਪੜ੍ਹਾਈ-ਲਿਖਾਈ ਤੇ ਰੁਜ਼ਗਾਰ ਸਥਾਪਤੀ ਲਈ ਬੜੇ ਧਨ ਦੀ ਲੋੜ ਪੈਂਦੀ ਹੈ। ਹਰ ਯੁਗ ਵਿਚ ਮਾਪੇ ਇਸ ਕੰਮ ਲਈ ਥੋੜ੍ਹੀ-ਥੋੜ੍ਹੀ ਪੂੰਜੀ ਜੋੜਦੇ ਹਨ। ਉਹ ਸੰਤਾਨ ਦੇ ਪਾਲਣ-ਪੋਸਣ ਲਈ ਸ਼ੁਰੂ ਤੋਂ ਹੀ ਆਪਣੀ ਕਿਰਤ ਕਮਾਈ ਵਿਚੋਂ ਬਚਾ ਕੇ ਐਜੂਕੇਸ਼ਨ ਫੰਡ ਜਮ੍ਹਾਂ ਕਰਦੇ ਹਨ। ਜਿਹੜੇ ਇੱਦਾਂ ਨਹੀਂ ਕਰਦੇ, ਉਹ ਆਪਣੇ ਬੱਚਿਆਂ ਨੂੰ ਉਚ ਸਿੱਖਿਆ ਨਹੀਂ ਦੇ ਸਕਦੇ। ਕੀ ਬੱਚਿਆਂ ਨੂੰ ਉਚ ਸਿੱਖਿਆ ਰਾਹੀਂ ਸਵੈ-ਮਾਣ ਨਾਲ ਜਿਉਣ ਦੇ ਕਾਬਲ ਬਣਾਉਣਾ ਇਖਲਾਕ ਤੋਂ ਡਿੱਗੀ ਗੱਲ ਹੈ?
ਮਾਸਟਰ ਲਾਲੀ ਸ਼ਾਇਦ ਇਸ ਭਰਮ ਵਿਚ ਹਨ ਕਿ ਗੁਰੂ ਨਾਨਕ ਆਪਣੇ ਪਿਤਾ ਦੇ ਦਿੱਤੇ 20 ਰੁਪਿਆਂ ਨੂੰ ‘ਮਾਇਆ ਨਾਗਣੀ’ ਸਮਝ ਕੇ ਬਾਹਰ ਸੁੱਟ ਆਏ ਸਨ, ਪਰ ਜਨਮ ਸਾਖੀਆਂ ਗਵਾਹ ਹਨ ਕਿ ਉਨ੍ਹਾਂ ਨੇ ਇਸ ਰਕਮ ਨੂੰ ਵਾਧੂ ਭਾਰ ਸਮਝ ਕੇ ਐਵੈਂ ਨਹੀਂ ਸੀ ਲੁਟਾਇਆ, ਉਨ੍ਹਾਂ ਨੇ ਤਾਂ ਆਪਣੇ ਵਲੋਂ ਲੋੜਵੰਦਾਂ ਦੀ ਭੋਜਨ ਸੇਵਾ ਨੂੰ ਸੱਚ ਦਾ ਵਪਾਰ ਸਮਝ ਕੇ ਨਫੇ ਵਾਲੀ ਥਾਂ ਲਾਇਆ ਸੀ।
ਮਾਸਟਰ ਲਾਲੀ ਅੱਗੇ ਲਿਖਦੇ ਹਨ, “ਪਰਮਾਤਮਾ ਦਾ ਪਦਾਰਥ ਨਾਲ ਤੇ ਨਿਰੰਕਾਰ ਦਾ ਸੰਸਾਰ ਨਾਲ ਕੋਈ ਸਬੰਧ ਨਹੀਂ।” ਇਹ ਉਨ੍ਹਾਂ ਦੀ ਜ਼ਾਤੀ ਰਾਇ ਹੋ ਸਕਦੀ ਹੈ, ਕੋਈ ਪ੍ਰਮਾਣ-ਬੱਧ ਸੱਚਾਈ ਨਹੀਂ, ਕਿਉਂਕਿ ਉਨ੍ਹਾਂ ਦੀ ਇਸ ਦਲੀਲ ਦਾ ਸਿੱਧਾ ਅਰਥ ਨਿਕਲਦਾ ਹੈ ਕਿ ਧਰਮ ਬੇਲੋੜੀ ਚੀਜ਼ ਹੈ। ਜੇ ਪਰਮਾਤਮਾ ਧਰਤ-ਨਿਵਾਸੀਆਂ ਦੀ ਸਥਿਤੀ ਵਿਚ ਕੋਈ ਸੁਧਾਰ ਹੀ ਨਹੀਂ ਕਰ ਸਕਦਾ ਤੇ ਉਨ੍ਹਾਂ ਨੂੰ ਚੁਰਾਸੀ ਦੇ ਗੇੜ ‘ਚੋਂ ਕੱਢ ਹੀ ਨਹੀਂ ਸਕਦਾ ਤਾਂ ਉਸ ਦਾ ਕੀ ਲਾਭ? ਜੇ ਪਰਮਾਤਮਾ ਪਦਾਰਥੀ ਦਲਦਲ ਵਿਚ ਫਸੇ ਭਗਤਾਂ ਦੀ ਸਾਰ ਹੀ ਨਹੀਂ ਲੈਂਦਾ ਤਾਂ ਉਸ ਦਾ ਗੁਣ-ਗਾਣ ਕੇਹਾ? ਪਰ ਗੁਰਬਾਣੀ ਇੱਦਾਂ ਨਹੀਂ ਕਹਿੰਦੀ। ਗੁਰੂ ਜੀ ਨਿਰੰਕਾਰ ਦਾ ਸੰਸਾਰ ਨਾਲ ਗੂੜ੍ਹਾ ਰਿਸ਼ਤਾ ਮੰਨਦਿਆਂ ਲਿਖਦੇ ਹਨ- ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨਾ ਕੋਇ॥ ਸਮੂਹ ਸ਼ਰਧਾਲੂ ਵੀ ਸਵੇਰੇ-ਸਵੇਰੇ ਇਹੀ ਸਮਝ ਕੇ ਗੁਰਧਾਮਾਂ ਵਿਚ ਜਾਂਦੇ ਹਨ ਤੇ ਪਰਮਾਤਮਾ ਅੱਗੇ ਅਰਜੋਈਆਂ ਕਰਦੇ ਹਨ।
ਮਾਸਟਰ ਲਾਲੀ ਦੀ ਇਖਲਾਕ ਦੀ ਧਾਰਨਾ ਵੀ ਜੱਗੋਂ ਤੇਰ੍ਹਵੀਂ ਹੈ। ਉਨ੍ਹਾਂ ਅਨੁਸਾਰ ਪੈਸੇ ਤੇ ਇਖਲਾਕ ਦਾ ਕੋਈ ਸਬੰਧ ਨਹੀਂ। ਜੇ ਸੋਚਿਆ ਜਾਵੇ ਤਾਂ ਇਖਲਾਕ ਤਾਂ ਕਿਸੇ ਸਮਾਜ ਦੇ ਸਭਿਆਚਾਰਕ ਪੱਧਰ ਅਨੁਸਾਰ ਆਪਸੀ ਲੈਣ-ਦੇਣ ਤੇ ਸਹਿਚਾਰ ਦੇ ਸਰਬ-ਪ੍ਰਮਾਣਤ ਨਿਯਮਾਂ ਦਾ ਸੰਗ੍ਰਹਿ ਹੁੰਦਾ ਹੈ ਜਿਨ੍ਹਾਂ ਦੀ ਪਾਲਣਾ ਕਰਦਿਆਂ ਮਨੁੱਖ ਆਤਮ-ਨਿਰਭਰਤਾ ਤੇ ਸਵੈਮਾਣ ਜਿਹੇ ਗੁਣਾਂ ਨਾਲ ਸਮੋਇਆ ਉਚੀਆਂ ਮਨੁਖੀ ਕਦਰਾਂ-ਕੀਮਤਾਂ ਵਾਲਾ ਜੀਵਨ ਜਿਉਣ ਦੇ ਕਾਬਲ ਬਣਦਾ ਹੈ। ਇਨ੍ਹਾਂ ਵਿਚ ਨਿਮਰਤਾ, ਸਮਾਨਤਾ, ਸਹਾਇਤਾ, ਸਿਸ਼ਟਾਚਾਰ ਤੇ ਪਰਉਪਕਾਰ ਜਿਹੇ ਕਈ ਕੋਮਲ ਅੰਸ਼ ਵੀ ਸ਼ਾਮਲ ਹਨ। ਇਨ੍ਹਾਂ ਅੰਸ਼ਾਂ ਦੀ ਸਹੀ ਸਮੀਕਰਨ ਬਣਾਉਣਾ ਹੀ ਇਖਲਾਕ ਹੈ। ਮਸਲਨ, ਸਤਿ ਸ੍ਰੀ ਅਕਾਲ ਦਾ ਜਵਾਬ ਸਤਿ ਸ੍ਰੀ ਅਕਾਲ ਵਿਚ ਦੇਣਾ ਤੇ ਉਧਾਰ ਲੈ ਕੇ ਧੰਨਵਾਦ ਸਹਿਤ ਵਾਪਸ ਕਰਨਾ ਸਹੀ ਇਖਲਾਕੀ ਸਮੀਕਰਨਾਂ ਬਣਦੀਆਂ ਹਨ, ਪਰ ਜੇ ਕਰਜ਼ ਮੋੜਨ ਦੀ ਥਾਂ ਸਤਿ ਸ੍ਰੀ ਅਕਾਲ ਬੁਲਾ ਕੇ ਟਾਲਣ ਦੀ ਗੱਲ ਕੀਤੀ ਜਾਵੇ ਤਾਂ ਉਹ ਗੈਰ-ਇਖਲਾਕੀ ਵਿਹਾਰ ਹੈ। ਧਨ ਤੇ ਇਖਲਾਕ ਦਾ ਸਿੱਧਾ ਸਬੰਧ ਕਈ ਥਾਂਈਂ ਵੇਖਣ ਨੂੰ ਮਿਲਦਾ ਹੈ। ਧਨ ਦੀ ਅਣਹੋਂਦ ਕਾਰਨ ਲੋਕ ਲਾਚਾਰੀ ਤੇ ਭੁਖਮਰੀ ਦਾ ਸ਼ਿਕਾਰ ਹੁੰਦੇ ਹਨ। ਇਸ ਉਪਰੰਤ ਉਹ ਚੋਰੀ, ਡਾਕਾ, ਰਾਹਜ਼ਨੀ, ਝੂਠ-ਫਰੇਬ ਤੇ ਆਤਮਘਾਤ ਜਿਹੇ ਕਈ ਗੈਰ-ਇਖਲਾਕੀ ਕੰਮ ਕਰਦੇ ਹਨ। ਦੂਜੇ ਪਾਸੇ ਜੀਵਨ ਦੇ ਸੰਤੁਲਤ ਨਿਰਬਾਹ ਲਈ ਕਿਰਤ ਕਰਨਾ ਤੇ ਖਰਚਾਂ ਨੂੰ ਆਮਦਨ ਦੇ ਦਾਇਰੇ ਵਿਚ ਰੱਖ ਕੇ ਧਨ ਸੰਭਾਲਣਾ ਇਖਲਾਕੀ ਫਰਜ਼ ਹੈ। ਅਰਸਤੂ ਨੇ ਮਨੁੱਖ ਦੀ ਪੂੰਜੀ ਨੂੰ ਉਸ ਦੇ ਸਰੀਰ ਦਾ ਬਾਹਰੀ ਹਿੱਸਾ ਦੱਸਦਿਆਂ ਇਸ ਦੀ ਸੰਭਾਲ ‘ਤੇ ਜ਼ੋਰ ਦਿੱਤਾ ਹੈ। ਉਸ ਅਨੁਸਾਰ ਪੂੰਜੀ ਮਨੁੱਖ ਦੀ ਮਿਹਨਤ ਤੋਂ ਪੈਦਾ ਹੁੰਦੀ ਹੈ ਤੇ ਇਸ ਦੇ ਜੀਵਨ ਨਿਰਬਾਹ ਲਈ ਕੰਮ ਆਉਂਦੀ ਹੈ। ਕਾਰਲ ਮਾਰਕਸ ਪੂੰਜੀ ਨੂੰ ਮਿਹਨਤ ਦੀ ਉਪਜ ਦੱਸਦਾ ਹੈ ਤੇ ਮਿਹਨਤ ਨੂੰ ਮਨੁੱਖੀ ਸਰੀਰ ਦੀ। ਉਸ ਅਨੁਸਾਰ ਇਸ ਨੇ ਸਮਾਜਕ ਵਿਕਾਸ ਵਿਚ ਜਾਦੂਮਈ ਕੰਮ ਕੀਤੇ ਹਨ।
ਫਰੈਡ੍ਰਿਕ ਐਂਗਲਜ਼ ਨੇ ਲਿਖਿਆ ਹੈ ਕਿ ਧਰਮ, ਕਲਾ, ਫਿਲਾਸਫੀ ਤੇ ਹੋਰ ਸੁਹਜ-ਸੁਆਦੀ ਗੱਲਾਂ ਮਾਰਨ ਤੋਂ ਪਹਿਲਾਂ ਮਨੁੱਖ ਦੀਆਂ ਬੁਨਿਆਦੀ ਭੌਤਿਕ ਲੋੜਾਂ ਦੀ ਪੂਰਤੀ ਹੋਣੀ ਅਤਿ ਜ਼ਰੂਰੀ ਹੈ। ਗੁਰਬਾਣੀ ਗਵਾਹ ਹੈ ਕਿ ਭੁੱਖ ਦੇ ਸਤਾਏ ਨਿਰਧਨ ਸੰਤ ਕਬੀਰ “ਭੂਖੇ ਭਗਤਿ ਨ ਕੀਜੈ॥ ਯਹ ਮਾਲਾ ਅਪਨੀ ਲੀਜੈ॥” ਦਾ ਮਿਹਣਾ ਮਾਰ ਕੇ ਪ੍ਰਭੂ ਦੇ ਵਿਦਰੋਹ ਵਿਚ ਉਠ ਖੜ੍ਹੇ ਹੋਏ ਸਨ। ਫਿਰ ਸਮਝ ਨਹੀਂ ਆਉਂਦੀ ਕਿ ਮਾਸਟਰ ਲਾਲੀ ਅਜਿਹੇ ਕਿਹੜੇ ਇਖਲਾਕ ਦੀ ਗੱਲ ਕਰਦੇ ਹਨ ਜੋ ਜੀਵਨ ਤੋਂ ਉਪਰ ਹਵਾ ਵਿਚ ਹੀ ਉਡਦਾ ਫਿਰਦਾ ਹੈ!

Be the first to comment

Leave a Reply

Your email address will not be published.