ਮੇਜਰ ਕੁਲਾਰ ਬੋਪਾਰਾਏ ਕਲਾਂ
ਫੋਨ: 916-273-2856
ਰੋਟੀ ਕਿਸ ਨੂੰ ਕਹਿੰਦੇ ਹਨ, ਕਦੇ ਕਿਸੇ ਭੁੱਖੇ ਨੂੰ ਪੁੱਛਿਓæææ ਛੱਤ ਕਿਸ ਨੂੰ ਆਖਦੇ ਹਨ, ਕਦੇ ਅਸਮਾਨ ਥੱਲੇ ਸੁੱਤੇ ਨੂੰ ਪੁੱਛਿਓæææ ਮੌਤ ਦਾ ਦਰਦ ਉਸ ਬਾਪੂ ਨੂੰ ਪੁੱਛਿਓ ਜਿਹੜਾ ਆਪਣੇ ਬੁੱਢੇ ਮੋਢਿਆਂ ‘ਤੇ ਆਪਣੇ ਪੁੱਤ ਦੀ ਅਰਥੀ ਲਿਜਾ ਰਿਹਾ ਹੋਵੇæææ ਮਾਮਤਾ ਕਿਸ ਨੂੰ ਆਖਦੇ ਹਨ, ਉਸ ਮਾਂ ਨੂੰ ਪੁੱਛਿਓ ਜਿਸ ਦੀਆਂ ਆਂਦਰਾਂ ਦਾ ਰੁੱਗ ਕਿਸੇ ਨੇ ਉਸ ਦੀਆਂ ਅੱਖਾਂ ਅੱਗੇ ਭਰ ਲਿਆ ਹੋਵੇæææ ਵੀਰਾਂ ਦਾ ਪਿਆਰ ਉਸ ਭੈਣ ਨੂੰ ਪੁੱਛਿਓ ਜਿਸ ਦੇ ਦੋ ਭਰਾ ਇਕੱਠੇ ਤੁਰ ਨਹੀਂ, ਤੋਰ ਦਿੱਤੇ ਗਏ ਹੋਣ। ਰੱਖੜੀ ਵਾਲਾ ਦਿਨ ਉਸ ਲਈ ਰੱਖੜ ਪੁੰਨਿਆ ਨਹੀਂ, ਸਗੋਂ ਮੱਸਿਆ ਦੀ ਕਾਲੀ-ਬੋਲੀ ਰਾਤ ਹੋਵੇਗਾ!
ਖਾੜਕੂ ਸੰਘਰਸ਼ ਦੌਰਾਨ ਵੀ ਕਈ ਸਿੰਘ ਅਤੇ ਕਈ ਪੁਲਿਸ ਵਾਲੇ ਇਸ ਕਰ ਕੇ ਮਾਰ ਦਿੱਤੇ ਗਏ ਜਿਨ੍ਹਾਂ ਨੇ ਜਾਇਜ਼ ਅਤੇ ਨਾਜਾਇਜ਼ ਅਸਲਾ ਮੋਢੇ ਲਟਕਾਇਆ ਹੋਇਆ ਸੀ। ਜਿਸ ਤਰ੍ਹਾਂ ਮਾਛੀਵਾੜੇ ਦੇ ਪਿੰਡ ਬੋਹਾਪੁਰ ਵਿਚ ਵਾਪਰਿਆ, ਉਸ ਤਰ੍ਹਾਂ ਦੀ ਹਨੇਰਗਰਦੀ ਸੰਨ ਨੱਬੇ ਵਿਚ ਪੁਲਿਸ ਦੀ ਕਾਲੀ ਚਾਦਰ ਥੱਲੇ ਵਾਪਰ ਗਈ ਸੀ।
ਸੰਨ ਸੰਤਾਲੀ ਦੀ ਵੰਡ ਦਾ ਸੇਕ ਦਲੇਰ ਸਿੰਘ ਮਾਨਾਂਵਾਲੇ ਨੇ ਆਪਣੇ ਪਿੰਡੇ ਹੰਢਾਇਆ ਸੀ। ਉਸ ਦੀਆਂ ਅੱਖਾਂ ਅੱਗੇ ਉਸ ਦੀ ਧੀ ਨਾਲ ਧੱਕਾ ਕਰ ਕੇ ਉਸ ਨੂੰ ਮਾਰ ਦਿੱਤਾ ਸੀ। ਉਸ ਦੀ ਚੀਕ ਚੁੱਪ ਦਾ ਰੂਪ ਧਾਰਨ ਕਰ ਗਈ ਸੀ। ਘਰਵਾਲੀ ਨਿਹਾਲ ਕੌਰ ਪੁੱਤਰ ਨੂੰ ਗੋਦ ਵਿਚ ਲੁਕੋ ਕੇ ਇਸ ਖੂਨੀ ਤੂਫਾਨ ਤੋਂ ਬਚਾਉਣਾ ਚਾਹੁੰਦੀ ਸੀ। ਮਨੁੱਖ ਨੇ ਸ਼ੈਤਾਨ ਦੀਆਂ ਪੁਸ਼ਾਕਾਂ ਪਾ ਲਈਆਂ ਸਨ, ਪਾਣੀ ਦੀ ਘੁੱਟਾਂ ਨਹੀਂ ਸਗੋਂ ਮਨੁੱਖੀ ਖੂਨ ਡੀਕ ਲਾ ਪੀਤਾ ਜਾ ਰਿਹਾ ਸੀ। ਦੋਵੇਂ ਜਣੇ ਆਪਣੇ ਪੁੱਤ ਨੂੰ ਮੌਤ ਦੀ ਚੁੰਗਲ ਵਿਚੋਂ ਬਚਾ ਕੇ ਰੱਬ ਦਾ ਸ਼ੁੱਕਰ ਮਨਾਉਣ ਲੱਗੇ। ਘਰ-ਬਾਰ ਦਾ ਨਾਮੋ-ਨਿਸ਼ਾਨ ਮਿਟ ਗਿਆ। ਭਰਿਆ-ਭਰਾਇਆ ਘਰ ਛੱਡ ਕੇ ਬੁਰਕੀ ਲਈ ਤਰਸਣ ਲੱਗੇ। ਉਹ ਹੋਰਾਂ ਵਾਂਗ ਹਕੂਮਤ ਨੂੰ ਗਾਲ੍ਹਾਂ ਨਹੀਂ ਸੀ ਕੱਢਦੇ, ਸਗੋਂ ਦੋਵੇਂ ਹੱਥ ਜੋੜ ਕੇ ਆਪਣੇ ਇਕਲੌਤੇ ਪੁੱਤਰ ਦੀ ਲੰਮੀ ਉਮਰ ਦੀ ਅਰਦਾਸ ਕਰਦੇ ਸਨ।
ਖੈਰ! ਦੁੱਖਾਂ ਦੇ ਤਬਾਦਲੇ ਹੁੰਦੇ ਗਏ। ਜਦੋਂ ਟਿਕ-ਟਿਕਾ ਹੋਇਆ, ਤਾਂ ਦਲੇਰ ਸਿੰਘ ਨੂੰ ਜਗਰਾਉਂ ਦੇ ਲਾਗਲੇ ਪਿੰਡਾਂ ਵਿਚ ਜ਼ਮੀਨ ਆਲਟ ਹੋ ਗਈ, ਜਿਥੇ ਪਹਿਲਾਂ ਉਸ ਦੇ ਭਰਾ ਗੁਰਨੈਬ ਸਿੰਘ ਨੂੰ ਮਿਲੀ ਸੀ। ਭਰਾ ਨੇ ਭਰਾ ਕੋਲ ਹੀ ਜ਼ਮੀਨ ਲੈ ਲਈ। ਦੋਹਾਂ ਨੇ ਖੇਤਾਂ ਵਿਚ ਹੀ ਸਿਰ ਢੱਕਣ ਲਈ ਛੱਤ ਬਣਾ ਲਈ। ਹੌਲੀ-ਹੌਲੀ ਜ਼ਖ਼ਮਾਂ ‘ਤੇ ਹੌਸਲੇ ਦੀਆਂ ਮਲ੍ਹਮਾਂ ਲੱਗਣ ਨਾਲ, ਉਨ੍ਹਾਂ ਨੂੰ ਸੰਤਾਲੀ ਸੁਪਨਾ ਜਿਹਾ ਲੱਗਣ ਲੱਗਿਆ; ਪਰ ਨਹੀਂ! ਦਲੇਰ ਸਿੰਘ ਦਾ ਦਿਲ ਅਜੇ ਵੀ ਜ਼ਖ਼ਮੀ ਸੀ। ਉਹ ਕੁਝ ਨਹੀਂ ਸੀ ਭੁੱਲਿਆ। ਉਸ ਨੂੰ ਧੀ ਦੇ ਮਾਰ ਦਿੱਤੇ ਜਾਣ ਦਾ ਦੁੱਖ ਤੇ ਗਮ ਸਿਵਿਆਂ ਤੱਕ ਨਾਲ ਜਾਣ ਦਾ ਹਾਮੀ ਹੋ ਬੈਠਾ ਸੀ।
ਦੋਹਾਂ ਭਰਾਵਾਂ ਨੂੰ ਨੌਂ-ਨੌਂ ਕਿੱਲੇ ਜ਼ਮੀਨ ਮਿਲੀ। ਗੁਰਨੈਬ ਦੇ ਤਿੰਨ ਮੁੰਡੇ ਸਨ ਅਤੇ ਦਲੇਰ ਸਿੰਘ ਦਾ ਇਕਲੌਤਾ ਨਿਸ਼ਾਨ ਸਿੰਘ। ਸਮਾਂ ਬੀਤਿਆ, ਉਜੜੇ ਘਰ ਆਬਾਦ ਹੋਣ ਲੱਗੇ। ਨਿਸ਼ਾਨ ਸਿੰਘ ਵੀ ਜਵਾਨ ਹੋ ਗਿਆ। ਮਾਪਿਆਂ ਨੇ ਮਸਾਂ ਉਹ ਦਿਨ ਦੇਖਿਆ ਜਦ ਨਿਸ਼ਾਨ ਸਿੰਘ ਸਿਹਰਾ ਬੰਨ੍ਹ ਕੇ ਵਿਆਹੁਣ ਤੁਰਿਆ। ਤਾਏ ਦੀਆਂ ਨੂੰਹਾਂ ਨੇ ਸੁਰਮਾ ਪਾਇਆ। ਸਰੀਕੇ ਵਿਚੋਂ ਲੱਗਦੀਆਂ ਭੈਣਾਂ ਨੇ ਸ਼ਗਨਾਂ ਦੇ ਗੀਤ ਗਾਏ। ਚਾਰੇ ਪਾਸੇ ਖੁਸ਼ੀਆਂ ਨੱਚ-ਗਾ ਰਹੀਆਂ ਸਨ, ਪਰ ਦਲੇਰ ਸਿੰਘ ਅੱਗੇ ਧੀ ਨਾਲ ਹੁੰਦੀ ਧੱਕੇਸ਼ਾਹੀ ਦਾ ਸੀਨ ਘੁੰਮ ਗਿਆ। ਉਸ ਨੂੰ ਲੱਗਦਾ ਕਿ ਉਹ ਧੀ ਦਾ ਕਾਤਲ ਹੈ, ਧੀ ਦੇ ਮਰਨ ਤੋਂ ਪਹਿਲਾਂ ਉਹ ਮਰ ਕਿਉਂ ਨਾ ਗਿਆ। ਦਲੇਰ ਸਿੰਘ ਨੇ ਆਪਣਾ ਦੁੱਖ ਤੇ ਅੱਖਾਂ ਵਿਚਲੇ ਹੰਝੂ ਆਪਣੇ ਦਿਲਾਸੇ ਨਾਲ ਹੀ ਪੂੰਝ ਲਏ, ਤੇ ਪੁੱਤ ਵਿਆਹੁਣ ਤੁਰ ਪਿਆ। ਨਿਸ਼ਾਨ ਸਿੰਘ ਦਾ ਸਹੁਰਾ ਪਰਿਵਾਰ ਵੀ ਸੰਤਾਲੀ ਦੀ ਮਾਰ ਝੱਲਦਾ ਹੋਇਆ ਮਸਾਂ ਪੈਰਾਂ ਸਿਰ ਹੋਇਆ ਸੀ। ਦੁੱਖ ਵਿਚ ਦੁੱਖ ਵਾਲਾ ਹੀ ਸਰੀਕ ਹੋਵੇ, ਤਾਂ ਦੁੱਖ ਘਟ ਜਾਂਦਾ ਹੈ। ਬੜਾ ਸਾਦਾ ਜਿਹਾ ਵਿਆਹ ਹੋਇਆ। ਨਾ ਕੋਈ ਦਾਜ, ਨਾ ਕੋਈ ਟੂੰਮ-ਛੱਲਾ। ਬੱਸ, ਨਿਸ਼ਾਨ ਸਿੰਘ ਵਹੁਟੀ ਲੈ ਆਇਆ। ਨਿਹਾਲ ਕੌਰ ਨੇ ਪਾਣੀ ਵਾਰ ਕੇ ਪੀਤਾ। ਸੁਭਾਗ ਜੋੜੀ ਨੂੰ ਅਸ਼ੀਰਵਾਦ ਦਿੱਤਾ। ਚਾਰ ਦਿਨ ਰੌਣਕਾਂ ਲੱਗਣ ਤੋਂ ਬਾਅਦ ਸਾਰੇ ਰਿਸ਼ਤੇਦਾਰ ਚਲੇ ਗਏ। ਨਿਹਾਲ ਕੌਰ ਆਪਣੀ ਨੂੰਹ ਨਾਲ ਕੰਮ-ਧੰਦਾ ਕਰਵਾਉਂਦੀ। ਨਿਸ਼ਾਨ ਸਿੰਘ ਤੇ ਦਲੇਰ ਸਿੰਘ ਖੇਤੀ ਦਾ ਕੰਮ-ਕਾਰ ਕਰਦੇ, ਚਾਰ ਪੈਸੇ ਜੁੜਦੇ ਗਏ। ਦਲੇਰ ਸਿੰਘ ਨੇ ਘਰ ਵੀ ਵਧੀਆ ਬਣਾ ਲਿਆ। ਦੂਜੇ ਪਾਸੇ, ਗੁਰਨੈਬ ਸਿੰਘ ਦਾ ਪਰਿਵਾਰ ਵੱਡਾ ਹੋਣ ਕਰ ਕੇ ਕਮਾਈ ਵਿਚ ਬਰਕਤ ਨਾ ਪੈਂਦੀ।
ਦਲੇਰ ਸਿੰਘ ਹੋਰਾਂ ਦਾ ਕੰਮ-ਕਾਜ ਚੜ੍ਹਦਾ ਦੇਖ ਕੇ ਗੁਰਨੈਬ ਸਿੰਘ ਦੇ ਪੁੱਤਰਾਂ ਵਿਚ ਸਾੜਾ ਸ਼ੁਰੂ ਹੋ ਗਿਆ। ਮਾੜੀ ਕਿਸਮਤ, ਗੁਰਨੈਬ ਸਿੰਘ ਕਰੰਟ ਲੱਗਣ ਨਾਲ ਮੌਤ ਦੀ ਬੁੱਕਲ ਜਾ ਵੜਿਆ। ਭੋਗ ਤੋਂ ਬਾਅਦ ਪੁੱਤਰਾਂ ਨੇ ਵੰਡ ਦੀਆਂ ਲਕੀਰਾਂ ਖਿੱਚ ਲਈਆਂ। ਨੌਂ ਕਿੱਲੇ ਜ਼ਮੀਨ ਤਿੰਨ-ਤਿੰਨ ਕਿੱਲਿਆਂ ਵਿਚ ਵੰਡੀ ਗਈ। ਝੱਗਾ ਤਾਂ ਪਹਿਲਾਂ ਹੀ ਮੇਚ ਨਹੀਂ ਸੀ ਆਉਂਦਾ, ਵੰਡੀਆਂ ਪੈਣ ਨਾਲ ਧੁੰਨੀ ਤੋਂ ਉਪਰ ਹੀ ਰਹਿ ਗਿਆ ਸੀ। ਆਪਸੀ ਕਲੇਸ਼ ਕਰ ਕੇ ਭਰਾ, ਭਰਾ ਦਾ ਵੈਰੀ ਬਣਦਾ ਗਿਆ।
ਨਿਸ਼ਾਨ ਸਿੰਘ ਦੇ ਵਿਆਹ ਨੂੰ ਪੰਜ ਸਾਲ ਹੋ ਗਏ ਸਨ, ਪਰ ਕੋਈ ਨਿਆਣਾ ਨਾ ਹੋਇਆ। ਦਲੇਰ ਸਿੰਘ ਤੇ ਨਿਹਾਲ ਕੌਰ ਪਰਮਾਤਮਾ ਅਤੇ ਆਸ ਨਾਲ ਜਿਉਂਦੇ ਸਨ। ਨਿਹਾਲ ਸਿੰਘ ਸਵੇਰੇ ਗੁਰਦੁਆਰੇ ਜਾ ਆਉਂਦਾ ਅਤੇ ਨਿਹਾਲ ਕੌਰ ਨੂੰਹ ਨੂੰ ਨਾਲ ਲਿਜਾ ਕੇ ਸ਼ਾਮ ਨੂੰ ਮੱਥਾ ਟੇਕ ਆਉਂਦੀ। ਉਧਰ ਗੁਰਨੈਬ ਸਿੰਘ ਦੇ ਪੁੱਤਰ, ਨਿਸ਼ਾਨ ਸਿੰਘ ਨੂੰ ‘ਔਤ ਜਾਵੇਗਾ’ ਕਹਿ ਕੇ ਹੱਸ ਪੈਂਦੇ, ਤੇ ਸਾਰੀ ਜ਼ਮੀਨ ਦੇ ਆਪ ਮਾਲਕ ਬਣ ਜਾਂਦੇ, ਪਰ ਸਰੀਕਾਂ ਦੇ ਬੋਲਾਂ ‘ਤੇ ਉਸ ਵਕਤ ਜਿੰਦਰਾ ਲੱਗ ਗਿਆ, ਜਦੋਂ ਪਰਮਾਤਮਾ ਨੇ ਨਿਸ਼ਾਨ ਸਿੰਘ ਨੂੰ ਜੌੜੇ ਪੁੱਤਰਾਂ ਦੀ ਦਾਤ ਬਖ਼ਸ਼ ਦਿੱਤੀ। ਦਲੇਰ ਸਿੰਘ ਦੇ ਘਰ ਸਾਰਾ ਸਰੀਕਾ ਪਿੰਡੋਂ ਚੱਲ ਕੇ ਵਧਾਈਆਂ ਦੇਣ ਆਇਆ, ਪਰ ਉਸ ਦੇ ਭਤੀਜਿਆਂ ਦੇ ਮੂੰਹੋ ਸ਼ਗਨਾਂ ਦੇ ਲੱਡੂ ਅੰਦਰ ਨਾ ਲੰਘਦੇ। ਕਹਿੰਦੇ ਨੇ, ਸਭ ਤੋਂ ਭੈੜੀ ਬਿਮਾਰੀ ਹੈæææ ਕਿਸੇ ਦੀ ਖੁਸ਼ੀ ਵਿਚ ਸੜਨਾ; ਤੇ ਸਭ ਤੋਂ ਸੌਖਾ ਇਸ ਦਾ ਇਲਾਜ ਹੈæææ ਕਿਸੇ ਦੀ ਖੁਸ਼ੀ ਨੂੰ ਆਪਣੀ ਸਮਝ ਕੇ ਉਸ ਵਿਚ ਨੱਚਣਾ।
ਦਲੇਰ ਸਿੰਘ ਨੇ ਅਖੰਡ ਪਾਠ ਕਰਵਾ ਕੇ ਪੋਤਰਿਆਂ ਦੀ ਲੋਹੜੀ ਮਨਾਈ। ਸਭ ਨੂੰ ਸੱਦ ਕੇ ਖੁਸ਼ੀਆਂ ਨਾਲ ਤੋਰਿਆ। ਔੜ ਲੱਗੀ ਤੋਂ ਪਿਆ ਮੀਂਹ ਸੋਨੇ ‘ਤੇ ਸੁਹਾਗਾ ਹੁੰਦਾ ਹੈ, ਪਰ ਜੇ ਇਹ ਮੀਂਹ ਕਿਸੇ ਦੀ ਮਾੜੀ ਨੀਅਤ ਦੀ ਬੀਜੀ ਕਣਕ ‘ਤੇ ਪੈ ਜਾਵੇ ਤਾਂ ਉਹ ਕਰੰਡ ਹੋ ਜਾਂਦੀ ਹੈ। ਗੁਰਨੈਬ ਸਿੰਘ ਦੇ ਪੁੱਤਰਾਂ ਦੀਆਂ ਸਕੀਮਾਂ ਘੜੀਆਂ-ਘੜਾਈਆਂ ਰਹਿ ਗਈਆਂ। ਸਮਾਂ ਬੀਤਿਆ, ਪਰ ਉਹ ਸਾੜੇ ਦੀ ਭੱਠੀ ਵਿਚ ਤਪਦੇ ਰਹੇ। ਉਨ੍ਹਾਂ ਦਾ ਕਲੇਜਾ ਉਦੋਂ ਥੋੜ੍ਹਾ ਠਰਿਆ, ਜਦੋਂ ਦਲੇਰ ਸਿੰਘ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ, ਤੇ ਉਹ ਜਹਾਨੋਂ ਤੁਰ ਗਿਆ। ਭਤੀਜੇ ਸੋਚਦੇ ਕਿ ਦਰਖਤ ਜੜ੍ਹੋਂ ਪੁੱਟਿਆ ਗਿਆ, ਟਾਹਣੀਆਂ ਤਾਂ ਆਪੇ ਹੀ ਸੁੱਕ ਜਾਣਗੀਆਂ। ਫਿਰ ਨਿਸ਼ਾਨ ਸਿੰਘ ਦੇ ਪੁੱਤਰ ਜਵਾਨ ਹੋਣ ਲੱਗੇ। ਉਧਰ, ਖਾੜਕੂਵਾਦ ਵੀ ਜ਼ੋਰ ਫੜਨ ਲੱਗਾ। ਪਿੰਡੋਂ ਦੂਰ ਖੇਤਾਂ ਵਿਚ ਘਰ ਹੋਣ ਕਰ ਕੇ ਕਦੇ-ਕਦੇ ਖਾੜਕੂ, ਗੁਰਨੈਬ ਸਿੰਘ ਦੇ ਪੁੱਤਰਾਂ ਦੇ ਘਰ ਪ੍ਰਸ਼ਾਦਾ ਛਕ ਜਾਂਦੇ। ਨਿਸ਼ਾਨ ਸਿੰਘ ਨੇ ਕਈ ਵਾਰ ਖਾੜਕੂਆਂ ਨੂੰ ਦੇਖ ਲਿਆ ਸੀ, ਪਰ ਚੁੱਪ ਧਾਰੀ ਰੱਖੀ, ਕਿਸੇ ਨਾਲ ਵੀ ਗੱਲ ਨਾ ਕੀਤੀ।
ਮਾੜੇ ਦਿਨ ਵੀ ਬੂਹਾ ਖੜਕਾ ਕੇ ਨਹੀਂ ਆਉਂਦੇ ਅਤੇ ਨਾ ਮੌਤ ਪੁੱਛ ਕੇ ਆਉਂਦੀ ਹੈ। ਖਾੜਕਾਂ ਵਿਚੋਂ ਇਕ ਪੁਲਿਸ ਦੇ ਅੜਿੱਕੇ ਆ ਗਿਆ। ਉਸ ਨੇ ਤਸ਼ੱਦਦ ਨਾ ਸਹਾਰਦਿਆਂ ਸਾਰੇ ਥਾਂ-ਟਿਕਾਣੇ ਦੱਸ ਦਿੱਤੇ। ਪੁਲਿਸ ਨੇ ਗੁਰਨੈਬ ਸਿੰਘ ਦੇ ਪੁੱਤਰਾਂ ਦਾ ਘਰ ਘੇਰ ਲਿਆ, ਪਰ ਉਨ੍ਹਾਂ ਕਹਿ ਦਿੱਤਾ ਸੀ, ‘ਸਾਡੇ ਨਹੀਂ ਆਉਂਦੇ, ਆਹ ਨਾਲ ਦੇ ਘਰ ਵਾਲਿਆਂ ਦੇ ਆਉਂਦੇ ਸੀ ਤੇ ਪ੍ਰਸ਼ਾਦਾ ਛਕਦੇ ਸੀ।Ḕ ਪੁਲਿਸ ਨੇ ਨਿਸ਼ਾਨ ਸਿੰਘ ਤੇ ਉਸ ਦੇ ਪੁੱਤਰ ਨੂੰ ਚੁੱਕ ਲਿਆ। ਦੂਜਾ ਪੁੱਤਰ ਨਾਨਕੇ ਗਿਆ ਹੋਣ ਕਰ ਕੇ ਬਚ ਗਿਆ। ਨਿਸ਼ਾਨ ਸਿੰਘ ਨੇ ਬਥੇਰਾ ਕਿਹਾ ਕਿ ਖਾੜਕੂ ਉਨ੍ਹਾਂ ਦੇ ਘਰ ਨਹੀਂ ਸਨ ਆਉਂਦੇ, ਪਰ ਪੁਲਿਸ ਨੂੰ ‘ਪੱਕੀ ਸੂਹ’ ਮਿਲੀ ਹੋਈ ਸੀ। ਉਨ੍ਹਾਂ ਦਿਨਾਂ ਵਿਚ ਦੀਵਾਨੇ ਟੂਰਨਾਮੈਂਟ ‘ਤੇ ਖਾੜਕੂਆਂ ਨੇ ਚਾਰ ਪੁਲਿਸ ਵਾਲੇ ਮਾਰੇ ਸੀ। ਪੁਲਿਸ ਨੂੰ ਵੀ ਪੂਰਾ ਗੁੱਸਾ ਸੀ। ਫਿਰ ਇਕ ਦਿਨ, ਦੋ ਦਿਨ, ਮਹੀਨਾ ਤੇ ਸਾਲ ਬੀਤ ਗਏ, ਪਿਉ-ਪੁੱਤ ਦਾ ਕੋਈ ਪਤਾ ਨਾ ਲੱਗਾ। ਗੁਰਨੈਬ ਸਿੰਘ ਦੇ ਪੁੱਤਰਾਂ ਨੂੰ ਵੀ ਪੁਲਿਸ ਲੈ ਕੇ ਗਈ ਸੀ, ਪਰ ਉਨ੍ਹਾਂ ਨੇ ਭਾਂਡਾ ਨਿਸ਼ਾਨ ਸਿੰਘ ਸਿਰ ਭੰਨ੍ਹ ਦਿੱਤਾ ਸੀ ਅਤੇ ਆਪ ਉਹ ਥਾਣੇ ਵਿਚੋਂ ਪੁਲਿਸ ਦੇ ਮੁਖਬਰ ਦੀ ਫੀਤੀ ਲਵਾ ਕੇ ਬਾਹਰ ਆ ਗਏ। ਫੜੇ ਗਏ ਖਾੜਕੂ ਦਾ ਪੁਲਿਸ ਨੇ ਮੁਕਾਬਲਾ ਬਣਾ ਕੇ ਦਿਖਾ ਦਿੱਤਾ।
ਹੌਲੀ-ਹੌਲੀ ਸਾਰੀ ਗੱਲ ਖਾੜਕੂਆਂ ਕੋਲ ਪਹੁੰਚ ਗਈ। ਉਨ੍ਹਾਂ ਵਿਉਂਤਬੰਦੀ ਕੀਤੀ ਅਤੇ ਰਾਤ ਨੂੰ ਗੁਰਨੈਬ ਸਿੰਘ ਦੇ ਪੁੱਤਰਾਂ ਦੇ ਘਰ ਆਏ, ਪ੍ਰਸ਼ਾਦਾ ਛਕਿਆ ਤੇ ਆਪਸ ਵਿਚ ਗੱਲਾਂ ਕਰਨ ਲੱਗੇ, ‘ਆਪਾਂ ਸਾਰੇ ਅੱਜ ਤੜਕਿਉਂ ਮਹਿਦੇਆਣੇ ਸਾਹਿਬ ਦੇ ਸਰੋਵਰ ‘ਤੇ ਇਕੱਠੇ ਹੋਵਾਂਗੇ ਤੇ ਅਗਲਾ ਪ੍ਰੋਗਰਾਮ ਉਲੀਕਿਆ ਜਾਵੇਗਾ।’ ਉਹ ਪ੍ਰਸ਼ਾਦਾ ਛਕ ਕੇ ਚਲੇ ਗਏ ਤੇ ਗੁਰਨੈਬ ਸਿੰਘ ਦੇ ਦੋ ਮੁੰਡੇ ਸਕੂਟਰ ਲੈ ਕੇ ਸਿੱਧੇ ਰਾਏਕੋਟ ਥਾਣੇ ਚਲੇ ਗਏ।
ਪੁਲਿਸ ਨੇ ਚਾਰੇ ਪਾਸੇ ਫੋਨ ਖੜਕਾ ਦਿੱਤੇ ਤੇ ਮਹਿਦੇਆਣਾ ਸਾਹਿਬ ਨੂੰ ਘੇਰਾ ਪਾ ਲਿਆ, ਪਰ ਉਥੋਂ ਕੋਈ ਨਾ ਮਿਲਿਆ। ਖਾੜਕੂਆਂ ਨੂੰ ਪਤਾ ਲੱਗ ਗਿਆ ਕਿ ਉਸ ਘਰ ਵਾਲਿਆਂ ਨੇ ਹੀ ਮੁਖਬਰੀ ਕੀਤੀ ਹੈ। ਹਫ਼ਤੇ ਕੁ ਬਾਅਦ ਤਿੰਨਾਂ ਭਰਾਵਾਂ ਦੀਆਂ ਲਾਸ਼ਾਂ ਛੱਪੜ ਦੇ ਕੰਢੇ ਪਈਆਂ ਮਿਲੀਆਂ। ਗੁਰਨੈਬ ਸਿੰਘ ਦੇ ਪੋਤੇ ਵੀ ਉਮਰੋਂ ਪਹਿਲਾਂ ਤੁਰ ਗਏ। ਕੋਈ ਨਸ਼ੇ ਨਾਲ ਤੇ ਕੋਈ ਐਕਸੀਡੈਂਟ ਨਾਲ। ਇੱਧਰ ਨਿਸ਼ਾਨ ਸਿੰਘ ਤੇ ਪੁੱਤ ਦੀ ਕੋਈ ਉਘ-ਸੁੱਘ ਨਹੀਂ ਮਿਲੀ, ਪਰ ਦਾਦੀ ਤੇ ਮਾਂ ਨੇ ਦੂਜਾ ਪੁੱਤ ਵਿਆਹ ਲਿਆ। ਉਨ੍ਹਾਂ ਦੀ ਜ਼ਮੀਨ ਦੀਆਂ ਪੱਕੀਆਂ ਵੱਟਾਂ ‘ਤੇ ਹਰਾ ਘਾਹ ਦਿਖਾਈ ਦਿੰਦਾ ਹੈ, ਪਰ ਗੁਰਨੈਬ ਸਿੰਘ ਦੇ ਪੁੱਤਰਾਂ ਦੇ ਤਿੰਨੇ ਘਰਾਂ ਵਿਚ ਪੱਤਝੜ ਨੇ ਪੱਕਾ ਡੇਰਾ ਲਾ ਲਿਆ ਹੈ।æææ
ਕਿਸੇ ਦਾ ਚਿਰਾਗ ਬੁਝਾ ਕੇ ਆਪਣੇ ਦੀ ਸਲਾਮਤੀ ਰੱਖਣਾ ਮੂਰਖਤਾ ਹੈ। ਇੱਥੋਂ ਤਾਂ ਜਾਣਾ ਹੀ ਪੈਣਾ ਹੈ, ਛਾਤੀ ‘ਤੇ ਪਾਪਾਂ ਦਾ ਭਾਰ ਨਾ ਲਿਜਾਓ, ਸਗੋਂ ਹੋਰਾਂ ਦੇ ਦੁੱਖਾਂ ਦਾ ਭਾਰ ਵੀ ਵੰਡਾ ਲਓæææ ਆਖਰੀ ਮੰਜ਼ਿਲ ਸੁਖਾਲੀ ਪਾਰ ਕਰ ਜਾਉਗੇ।
Leave a Reply