ਡਾæ ਮਹੀਪ ਸਿੰਘ
ਫੋਨ: 91-93139-32888
ਵਰਣ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਰੰਗ। ਆਰੀਆ ਮੱਧ ਏਸ਼ੀਆ ਵੱਲੋਂ ਭਾਰਤ ਵਿਚ ਆਏ। ਕੁਝ ਵਿਦਵਾਨ ਇਹ ਮੰਨਦੇ ਹਨ ਕਿ Ḕਸਪਤ ਸਿੰਧੂḔ ਸੱਤ ਨਦੀਆਂ ਦਾ ਦੇਸ਼ ਆਰੀਆ ਦਾ ਮੂਲ ਪ੍ਰਦੇਸ਼ ਸੀ। ਇਹ ਸੱਤ ਨਦੀਆਂ ਸਨ- ਸਿੰਧ, ਜਿਹਲਮ, ਚਨਾਬ, ਰਾਵੀ, ਸਤਲੁਜ, ਬਿਆਸ ਅਤੇ ਸਰਸਵਤੀ। ਅੱਜ ਦਾ ਸਰਹੱਦੀ ਸੂਬਾ ਪੰਜਾਬ ਅਤੇ ਹਰਿਆਣੇ ਦਾ ਕੁਝ ਭਾਗ ਆਰੀਆ ਲੋਕਾਂ ਦਾ ਮੂਲ ਸਥਾਨ ਸੀ। ਇਸ ਪ੍ਰਦੇਸ਼ ਤੋਂ ਨਿਕਲ ਕੇ ਆਰੀਆ ਸਾਰੇ ਭਾਰਤ ਵਿਚ ਫੈਲੇ।
ਸਪਤ ਸਿੰਧੂ ਨੂੰ ਇਕ ਵੇਲੇ ਆਰੀਆਵਰਤ ਵੀ ਕਿਹਾ ਜਾਂਦਾ ਸੀ। ਇਥੋਂ ਦੇ ਲੋਕੀਂ ਗੋਰੇ ਰੰਗ ਦੇ, ਉਚੇ-ਲੰਮੇ ਕੱਦ ਦੇ ਸਨ। ਜਦੋਂ ਇਨ੍ਹਾਂ ਦਾ ਵਿਸਥਾਰ ਹੋਇਆ ਤਾਂ ਇਹ ਅਨਾਰੀਆ ਲੋਕਾਂ ਨੂੰ ਮਿਲੇ। ਫਿਰ ਦੱਖਣੀ ਭਾਰਤ ਵਿਚ ਇਹ ਦ੍ਰਾਵਿੜਾਂ ਦੇ ਸੰਪਰਕ ਵਿਚ ਆਏ। ਅਨਾਰੀਆਂ ਦਾ ਰੰਗ ਸਉਲਾ, ਕਾਲਾ ਸੀ। ਕੱਦ-ਕਾਠ ਵੀ ਆਰੀਆ ਵਰਗਾ ਨਹੀਂ ਸੀ। ਆਰੀਆ-ਅਨਾਰੀਆਂ (ਦ੍ਰਾਵਿੜਾਂ) ਤੇ ਇਨ੍ਹਾਂ ਵਿਚ ਪਨਪਿਆ ਅੰਤਰ-ਸਬੰਧ ਸਦੀਆਂ ਤੱਕ ਚਲਦਾ ਰਿਹਾ। ਵਰਣ ਵਿਵਸਥਾ ਇਸੇ ਵਿਚੋਂ ਜਨਮੀ।
ਰਿਗਵੇਦ ਪੂਰੁਸ਼ ਸੂਕਤ ਦਾ ਹਵਾਲਾ ਆਉਂਦਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਬ੍ਰਹਮਾ ਦੇ ਮੁਖ ਤੋਂ ਬ੍ਰਾਹਮਣ ਪੈਦਾ ਹੋਏ, ਬਾਹਵਾਂ ਤੋਂ ਕਸ਼ੱਤਰੀ ਪੈਦਾ ਹੋਏ, ਉਦਰ ਤੋਂ ਵੈਸ਼ ਪੈਦਾ ਹੋਏ ਅਤੇ ਪੈਰਾਂ ਤੋਂ ਸ਼ੂਦਰ ਪੈਦਾ ਹੋਏ।
ਗੁਣਾਂ ਬਾਰੇ ਸ਼ਾਸਤਰਾਂ ਵਿਚ ਕਿਹਾ ਗਿਆ ਹੈ ਕਿ ਮਨੁੱਖ ਵਿਚ ਤਿੰਨ ਗੁਣ ਹੁੰਦੇ ਹਨ- ਸਤਿ, ਰਜ ਅਤੇ ਤਮ। ਇਹ ਮੰਨ ਲਿਆ ਗਿਆ ਕਿ ਬ੍ਰਾਹਮਣ ਸਤਿਗੁਣ ਵਾਲਾ ਹੁੰਦਾ ਹੈ। ਸਾਰੇ ਚੰਗੇ ਉਚੇ ਗੁਣਾਂ ਦਾ ਉਹ ਸਵਾਮੀ ਹੈ। ਉਸ ਦਾ ਰੰਗ ਚਿੱਟਾ ਹੈ। ਕਸ਼ੱਤਰੀ ਵਿਚ ਰਜੋ ਗੁਣ (ਸ਼ਕਤੀ, ਰਾਜ-ਕਾਜ) ਦੀ ਪ੍ਰਧਾਨਤਾ ਹੈ (ਉਸ ਦਾ ਰੰਗ ਲਾਲ ਹੈ)। ਵੈਸ਼ ਵਿਚ ਹਨੇਰਾ, ਲੋਭ-ਮੋਹ ਪ੍ਰਧਾਨ ਹੁੰਦਾ ਹੈ। ਉਸ ਦਾ ਰੰਗ ਪੀਲਾ ਹੁੰਦਾ ਹੈ। ਜਿਸ ਵਿਚ ਤਮ, ਘੋਰ ਹਨੇਰਾ, ਅਗਿਆਨ, ਜੜ੍ਹਤਾ ਭਰੀ ਹੋਈ ਹੈ, ਉਹ ਸ਼ੂਦਰ ਹੈ ਅਤੇ ਉਸ ਦਾ ਗੁਣ ਤਮ ਹੈ।
ਆਰੀਆ ਦਾ ਰੰਗ ਚਿੱਟਾ ਸੀ। ਅਨਾਰੀਆ ਕਾਲੇ ਰੰਗ ਦੇ ਹੁੰਦੇ ਸਨ। ਅੱਜ ਕਲ੍ਹ ਵੀ ਲਗਭਗ ਇਹੋ ਵਿਖਾਈ ਦਿੰਦਾ ਹੈ। ਅੱਜ ਵੀ ਸਵਰਨ ਜਾਤੀਆਂ ਦੇ ਬੰਦਿਆਂ ਦਾ ਰੰਗ-ਰੂਪ ਅਤੇ ਦਲਿਤਾਂ ਦੀ ਬਨਾਵਟ ਵਿਚ ਅੰਤਰ ਦਿਖਾਈ ਦਿੰਦਾ ਹੈ। ਸਦੀਆਂ ਦੇ ਮੇਲ-ਮਿਲਾਪ ਦੇ ਬਾਵਜੂਦ ਅੱਜ ਵੀ ਉਤਰ ਭਾਰਤ ਅਤੇ ਦੱਖਣੀ ਭਾਰਤ ਦੇ ਲੋਕਾਂ ਵਿਚ (ਆਰੀਆ ਅਤੇ ਦ੍ਰਾਵਿੜਾਂ ਵਿਚ) ਇਹ ਅੰਤਰ ਵਿਖਾਈ ਦਿੰਦਾ ਹੈ।
ਇਸ ਦੇਸ਼ ਵਿਚ ਅਸੰਖ ਜਾਤੀਆਂ ਹਨ। ਇਨ੍ਹਾਂ ਦੀ ਗਿਣਤੀ ਚਾਰ ਹਜ਼ਾਰ ਤੋਂ ਵੱਧ ਹੈ। ਆਮ ਬੰਦੇ ਦੀ ਇਹ ਖਾਹਿਸ਼ ਹੁੰਦੀ ਹੈ ਕਿ ਹੋਰਨਾਂ ਤੋਂ ਵੱਧ ਮੇਰਾ ਮਾਣ-ਸਤਿਕਾਰ ਹੋਵੇ। ਮੈਨੂੰ ਕਿਸੇ ਨਾ ਕਿਸੇ ਰੂਪ ਵਿਚ ਵੱਡਾ ਸਮਝਿਆ ਜਾਵੇ। ਇਸ ਮੰਤਵ ਦੀ ਪੂਰਤੀ ਲਈ ਆਪਣੇ ਵੰਸ਼ ਦਾ ਗੌਰਵ ਵੱਡਾ ਸਾਧਨ ਹੈ। ਵੰਸ਼ ਜਾਂ ਕੁਲ ਦੀ ਵਡਿਆਈ ਜਾਤੀ ਦੀ ਬਣਤਰ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ। ਅਜਿਹੀ ਲਾਲਸਾ ਕਿਸੇ ਨਾ ਕਿਸੇ ਰੂਪ ਵਿਚ ਸੰਸਾਰ ਦੇ ਅਨੇਕਾਂ ਦੇਸ਼ਾਂ ਤੇ ਸਮਾਜਾਂ ਵਿਚ ਮਿਲਦੀ ਹੈ।
ਭਾਰਤ ਦੇਸ਼ ਵਿਚ ਬ੍ਰਾਹਮਣ ਸਭ ਤੋਂ ਉਚੀ ਜਾਤੀ ਸਮਝੀ ਜਾਂਦੀ ਹੈ, ਪਰ ਬ੍ਰਾਹਮਣਾਂ ਵਿਚ ਹੀ ਦੋ ਹਜ਼ਾਰ ਤੋਂ ਵੱਧ ਭੇਦ ਹਨ। ਇਹ ਭੇਦ ਊਚ-ਨੀਚ ਦੇ ਆਧਾਰ Ḕਤੇ ਹਨ। ਇਹ ਆਪਸ ਵਿਚ ਵਿਆਹ ਨਹੀਂ ਕਰਦੇ। ਕਾਨਪੁਰ ਵਿਚ ਮੇਰੇ ਦੋ ਮਿੱਤਰ ਬ੍ਰਾਹਮਣ ਸਨ। ਇਨ੍ਹਾਂ ਵਿਚੋਂ ਇਕ ਕੰਨਯੁਕੁਬਜ ਬ੍ਰਾਹਮਣ ਸੀ, ਦੂਜਾ ਸਨਾਢਿਆ ਬ੍ਰਾਹਮਣ ਸੀ। ਕੰਨਯੁਕੁਬਜ ਆਪਣੇ-ਆਪ ਨੂੰ ਉਚਾ ਬ੍ਰਾਹਮਣ ਸਮਝਦਾ ਸੀ। ਉਹ ਸਨਾਢਿਆ ਬ੍ਰਾਹਮਣ ਮਿੱਤਰ ਨੂੰ ਆਪਣੀ ਰਸੋਈ ਵਿਚ ਵੜਨ ਦੀ ਆਗਿਆ ਨਹੀਂ ਸੀ ਦਿੰਦਾ। ਕਸ਼ੱਤਰੀਆਂ ਵਿਚ ਵੀ 600 ਤੋਂ ਵੱਧ ਭੇਦ ਹਨ। ਸ਼ੂਦਰਾਂ ਦੇ ਆਪਣੇ ਭੇਦ ਹਜ਼ਾਰਾਂ ਵਿਚ ਹਨ, ਜਿਹੜੇ ਇਕ-ਦੂਜੇ ਨਾਲ ਰੋਟੀ-ਬੇਟੀ ਦਾ ਸਬੰਧ ਨਹੀਂ ਰੱਖਦੇ।
ਜਾਤੀ-ਭੇਦ ਪੂਰੀ ਤਰ੍ਹਾਂ ਊਚ-ਨੀਚ ਉਤੇ ਆਧਾਰਤ ਹੈ। ਕਿਹੜੀ ਜਾਤੀ ਸਭ ਤੋਂ ਨੀਵੀਂ ਜਾਤੀ ਹੈ, ਇਸ ਦਾ ਫੈਸਲਾ ਕਰਨਾ ਵੀ ਸੌਖਾ ਨਹੀਂ। ਨੀਵੀਂ ਤੋਂ ਨੀਵੀਂ ਜਾਤੀ ਆਪਣੇ-ਆਪ ਨੂੰ ਕਿਸੇ ਜਾਤੀ ਤੋਂ ਵੱਡੀ ਸਮਝ ਕੇ ਮਾਣ ਪ੍ਰਾਪਤ ਕਰਦੀ ਹੈ ਅਤੇ ਮਾਣ ਮਹਿਸੂਸ ਕਰਦੀ ਹੈ। ਗੁਰੂ ਨਾਨਕ ਨੇ ਜਦੋਂ ਇਹ ਕਿਹਾ- ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥ ਤਾਂ ਇਸ ਗੱਲ ਦੀ ਪ੍ਰੋੜ੍ਹਤਾ ਕੀਤੀ ਸੀ ਕਿ ਇਸ ਸਮਾਜ ਵਿਚ ਨੀਚੀਆਂ ਜਾਤੀਆਂ ਹਨ ਅਤੇ ਨੀਚੀਆਂ ਵਿਚੋਂ ਵੀ ਅਤਿ ਨੀਚੀਆਂ ਜਾਤੀਆਂ ਹਨ।
ਜਾਤੀ ਪ੍ਰਥਾ ਦਾ ਆਧਾਰ ਹੀ ਇਹ ਹੈ ਕਿ ਆਪਣੀ ਉਚੀ ਜਾਤੀ ਦਾ ਮਾਣ ਕਰੋ ਅਤੇ ਇਸ ਹਉਮੈ ਵਿਚ ਜੀਵੋ। ਗੁਰੂ ਅਮਰਦਾਸ ਸਾਹਿਬ ਨੇ ਜਾਤੀ ਦੇ ਮਾਣ ਨੂੰ ਮਨੁੱਖੀ ਜੀਵਨ ਵਿਚ ਪੈਦਾ ਹੋਣ ਵਾਲੇ ਬੜੇ ਵਿਕਾਰਾਂ ਵਿਚ ਗਿਣਿਆ ਹੈ,
ਜਾਤਿ ਕਾ ਗਰਬੁ ਨ ਕਰੀਅਹੁ ਕੋਈ॥
ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਹੋਈ॥
ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ॥
ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ॥
ਜਾਤੀ-ਭੇਦ ਨੇ ਭਾਰਤ ਦੇਸ਼ ਨੂੰ ਹਜ਼ਾਰਾਂ ਹਿੱਸਿਆਂ ਵਿਚ ਵੰਡ ਦਿੱਤਾ ਅਤੇ ਮਨੁੱਖ ਨੂੰ ਊਚ-ਨੀਚ ਦੀ ਮਾਨਸਿਕਤਾ ਵਿਚ ਜਕੜ ਦਿੱਤਾ। ਨਤੀਜਾ ਇਹ ਹੋਇਆ ਕਿ ਵਿਦੇਸ਼ੀਆਂ ਦੀ ਜਿੰਨੀ ਲੰਮੀ ਗੁਲਾਮੀ ਇਸ ਦੇਸ਼ ਨੇ ਸਹੀ, ਓਨੀ ਸੰਸਾਰ ਦੇ ਕਿਸੇ ਦੇਸ਼ ਨੇ ਨਹੀਂ ਸਹੀ। ਜਿਸ ਦੇਸ਼ ਦੇ ਨਿਵਾਸੀ ਇਕ-ਦੂਜੇ ਦੇ ਹੱਥ ਦਾ ਛੋਹਿਆ ਪਾਣੀ ਵੀ ਨਾ ਪੀਂਦੇ ਹੋਣ, ਉਹ ਇਕੱਠੇ ਹੋ ਕੇ ਦੁਸ਼ਮਣ ਨਾਲ ਲੜ ਕਿਵੇਂ ਸਕਦੇ ਹਨ?
ਜਾਤੀ-ਭੇਦ ਵਧਾਉਣ ਅਤੇ ਉਸ ਨੂੰ ਮਾਨਤਾ ਦੇਣ ਵਿਚ ਬ੍ਰਾਹਮਣ ਸਮਾਜ ਸਭ ਤੋਂ ਅੱਗੇ ਸੀ। ਸਾਰੇ ਪੁਜਾਰੀ-ਪੁਰੋਹਿਤ, ਧਰਮ ਦੀ ਵਿਆਖਿਆ ਕਰਨ ਵਾਲੇ, ਲੋਕਾਂ ਦਾ ਮਾਰਗ-ਦਰਸ਼ਨ ਕਰਨ ਵਾਲੇ ਬ੍ਰਾਹਮਣ ਹੀ ਸਨ, ਇਸ ਲਈ ਜਦੋਂ ਵਰਣ-ਵਿਵਸਥਾ ਅਤੇ ਜਾਤੀ-ਪ੍ਰਥਾ ਦੇ ਵਿਰੋਧ ਵਿਚ ਆਵਾਜ਼ਾਂ ਉਠਣ ਲੱਗੀਆਂ ਤਾਂ ਉਹ ਬ੍ਰਾਹਮਣਾਂ ਦੇ ਖਿਲਾਫ ਉਠੀਆਂ। ਦੱਖਣੀ ਭਾਰਤ ਵਿਚ ਸਵਾਲ ਹੀ ਬ੍ਰਾਹਮਣ ਤੇ ਗੈਰ-ਬ੍ਰਾਹਮਣ ਦਾ ਸੀ। ਸੰਨ 1920 ਵਿਚ ਉਥੇ ਰਾਮਾਸਵਾਮੀ ਨੈਕਰ ਨਾਂ ਦੇ ਦ੍ਰਾਵਿੜ ਲੀਡਰ ਨੇ ਦ੍ਰਾਵਿੜ ਕੜਗਮ ਨਾਂ ਦੀ ਸੰਸਥਾ ਬਣਾਈ ਜਿਸ ਦਾ ਮੰਤਵ ਸੀ ਬ੍ਰਾਹਮਣਾਂ ਦੀ ਪ੍ਰਭੂਤਾ ਨੂੰ ਖਤਮ ਕਰਨਾ ਅਤੇ ਆਜ਼ਾਦ ਦ੍ਰਾਵਿੜਸਤਾਨ ਦੀ ਸਥਾਪਨਾ ਕਰਨਾ। ਉਹ ਬ੍ਰਾਹਮਣਾਂ ਦੇ ਖਿਲਾਫ ਬੜੇ ਭੜਕਾਊ ਭਾਸ਼ਨ ਦਿੰਦੇ ਸਨ। ਉਸ ਵੇਲੇ ਦੀ ਮਦਰਾਸ (ਹੁਣ ਤਾਮਿਲਨਾਡੂ) ਦੀ ਸਰਕਾਰ ਨੇ ਉਨ੍ਹਾਂ ਨੂੰ ਕੈਦ ਵੀ ਕਰ ਲਿਆ ਸੀ। ਅੱਜ ਦੇ ਤਾਮਿਲਨਾਡੂ ਦੀਆਂ ਦੋਵਾਂ ਵੱਡੀਆਂ ਸਿਆਸੀ ਪਾਰਟੀਆਂ ਦ੍ਰਾਵਿੜ ਮੁਨੇਤਰ ਕੜਗਮ (ਲੀਡਰ ਕਰੁਣਾਨਿਧੀ) ਅਤੇ ਆਲ ਇੰਡੀਆ ਅੰਨਾ ਦ੍ਰਾਵਿੜ ਮੁਨੇਤਰਾ ਕੜਗਮ (ਲੀਡਰ ਜੈਲਲਿਤਾ) ਰਾਮਾਸਵਾਮੀ ਨੈਕਰ ਦੀ ਸੰਸਥਾ ਤੋਂ ਉਪਜੀਆਂ ਸੰਸਥਾਵਾਂ ਹਨ। ਅੱਜ ਤਾਮਿਲਨਾਡੂ ਵਿਚੋਂ ਬ੍ਰਾਹਮਣਾਂ ਦਾ ਰੁਤਬਾ ਪੂਰੀ ਤਰ੍ਹਾਂ ਖਤਮ ਹੋ ਗਿਆ ਹੈ।
ਦੱਖਣੀ ਭਾਰਤ ਦੇ ਹੋਰ ਰਾਜਾਂ ਦਾ ਤਕਰੀਬਨ ਇਹੋ ਹਾਲ ਹੈ। ਜਾਤੀ ਪ੍ਰਥਾ ਦਾ ਵਿਰੋਧ ਹੁਣ ਦੇਸ਼-ਵਿਆਪੀ ਹੁੰਦਾ ਜਾ ਰਿਹਾ ਹੈ। ਇਸ ਵਿਚ ਵੀ ਕੋਈ ਸ਼ੱਕ ਨਹੀਂ ਕਿ ਬਹੁਤ ਸਾਰੇ ਹਿੱਸਿਆਂ ਵਿਚ ਬਹੁਤ ਸਾਰੀਆਂ ਜਾਤੀਆਂ ਦੇ ਆਪਸੀ ਝਗੜੇ ਵੀ ਵਧੇ ਹਨ। ਬਿਹਾਰ ਵਿਚ ਰਾਜਪੂਤਾਂ, ਭੂਮੀਹਾਰਾਂ, ਪਛੜੀਆਂ ਜਾਤੀਆਂ, ਦਲਿਤਾਂ ਵਿਚ ਖੂਨੀ ਝਗੜੇ ਪਿਛਲੇ ਦਹਾਕੇ ਵਿਚ ਕਈ ਵਾਰੀ ਉਭਰੇ ਸਨ।
ਗੁਰੂ ਅਮਰਦਾਸ ਸਾਹਿਬ ਨੇ ਕਿਹਾ ਸੀ- ਜਾਤਿ ਕਾ ਗਰਬੁ ਨ ਕਰੀਅਹੁ ਕੋਈ॥ ਪਰ ਅੱਜ ਵੀ ਬਹੁਤੇ ਲੋਕੀਂ ਜਾਤੀ-ਗਰਬ ਵਿਚ ਡੁੱਬੇ ਦਿੱਸਦੇ ਹਨ। ਅਜਿਹਾ ਗਰਬ ਸਾਰੇ ਦੇਸ਼ ਵਿਚ ਫੈਲਿਆ ਹੋਇਆ ਹੈ ਅਤੇ ਜਾਤੀ ਆਧਾਰਤ ਫਸਾਦਾਂ ਦੀ ਜੜ੍ਹ ਬਣਿਆ ਹੋਇਆ ਹੈ।
Leave a Reply