ਨੋਬੇਲ ਉਡਾਰੀ-ਪੈਟਰਿਕ ਮੋਦੀਆਨ

ਗੁਰਬਖਸ਼ ਸਿੰਘ ਸੋਢੀ
ਨੋਬੇਲ ਪੁਰਸਕਾਰ ਬਾਰੇ ਅਕਸਰ ਵਿਵਾਦ ਉਠਦੇ ਰਹੇ ਹਨ; ਐਤਕੀਂ ਵੀ ਉਠੇ ਹਨ। ਐਤਕੀਂ ਸਾਹਿਤ ਲਈ ਨੋਬੇਲ ਪੁਰਸਕਾਰ ਫਰਾਂਸੀਸੀ ਨਾਵਲਕਾਰ ਪੈਟਰਿਕ ਮੋਦੀਆਨੋ ਨੂੰ ਮਿਲਿਆ ਹੈ ਅਤੇ ਉਸ ਦੀ ਇਸ ਪੁਰਸਕਾਰ ਦੀ ਚੋਣ ਉਤੇ ਸਵਾਲ ਖੜ੍ਹੇ ਹੋਏ ਹਨ। ਇਸ ਨੁਕਤਾਚੀਨੀ ਵਿਚ ਯਹੂਦੀਆਂ ਵਾਲੀ ਚਰਚਾ ਵੀ ਆਣ ਰਲੀ ਹੈ, ਉਸ ਦੇ ਪਿਤਾ ਦਾ ਪਿਛੋਕੜ ਯਹੂਦੀ ਜੁ ਹੈ, ਪਰ ਜਿੱਡਾ ਵੱਡਾ ਇਹ ਪੁਰਸਕਾਰ ਹੈ, ਉਡੇ ਵੱਡੇ ਹੀ ਵਿਵਾਦ ਇਸ ਪੁਰਸਕਾਰ ਨਾਲ ਜੁੜਦੇ ਰਹੇ ਹਨ, ਫਿਰ ਵੀ ਇਸ ਪੁਰਸਕਾਰ ਨੂੰ ਹਾਸਲ ਕਰਨ ਵਾਲਾ ਸੰਸਾਰ ਸਾਹਿਤ ਵਿਚ ਟੀਸੀ ਉਤੇ ਤਾਂ ਪਹੁੰਚ ਹੀ ਜਾਂਦਾ ਹੈ।
ਉਂਜ, ਮੋਦੀਆਨੋ ਨੂੰ ਐਵਾਰਡ ਮਿਲਣ ਨਾਲ ਨੋਬੇਲ ਪੁਰਸਕਾਰਾਂ ਬਾਰੇ ਇਹ ਚਰਚਾ ਤਾਂ ਇਕ ਵਾਰ ਬੰਦ ਹੀ ਹੋ ਗਈ ਹੈ ਕਿ ਇਹ ਪੁਰਸਕਾਰ ਜਾਣ-ਬੁਝ ਕੇ ਯੂਰਪੀ ਦੇਸ਼ਾਂ ਦੇ ਅੰਗਰੇਜ਼ੀ ਲੇਖਕਾਂ ਨੂੰ ਹੀ ਦਿੱਤੇ ਜਾਂਦੇ ਹਨ। ਮੋਦੀਆਨੋ ਨੇ ਆਪਣੇ ਇਸ ਪੁਰਸਕਾਰ ਉਤੇ ਖੁਸ਼ੀ ਜ਼ਾਹਿਰ ਕੀਤੀ ਹੈ ਅਤੇ ਕਿਹਾ ਹੈ ਕਿ ਉਸ ਦੀਆਂ ਰਚਨਾਵਾਂ ਨੂੰ ਹੁਣ ਸੰਸਾਰ ਪੱਧਰ ਉਤੇ ਪੜ੍ਹੇ ਜਾਣ ਦਾ ਮੌਕਾ ਬਣ ਗਿਆ ਹੈ।
ਯਾਦ ਰਹੇ ਕਿ ਮੋਦੀਆਨੋ ਦੇ ਜਿਹੜੇ ਨਾਵਲ ਅੰਗਰੇਜ਼ੀ ਵਿਚ ਅਨੁਵਾਦ ਹੋਏ ਹਨ, ਉਹ ਅੱਜ ਕੱਲ੍ਹ ‘ਆਊਟ ਆਫ ਪ੍ਰਿੰਟ’ ਹੋ ਚੁੱਕੇ ਹਨ। ਹੁਣ ਉਸ ਦੇ ਹੋਰ ਨਾਵਲਾਂ ਦੇ ਅੰਗਰੇਜ਼ੀ ਅਨੁਵਾਦਾਂ ਲਈ ਰਾਹ ਵੀ ਖੁੱਲ੍ਹ ਗਿਆ ਹੈ। ਉਂਜ ਇਸ ਤੋਂ ਪਹਿਲਾਂ ਉਸ ਦੀਆਂ ਰਚਨਾਵਾਂ ਸੰਸਾਰ ਭਰ ਦੀਆਂ 30 ਤੋਂ ਵੀ ਵੱਧ ਜ਼ੁਬਾਨਾਂ ਵਿਚ ਅਨੁਵਾਦ ਹੋ ਚੁੱਕੀਆਂ ਹਨ ਅਤੇ ਜਿਹੜੇ ਲੋਕ ਪੜ੍ਹਨ-ਪੜ੍ਹਾਉਣ ਵਿਚ ਰੁਚੀ ਰੱਖਦੇ ਹਨ, ਉਨ੍ਹਾਂ ਨੂੰ ਬਾਕਾਇਦਾ ਖਬਰ ਹੈ ਕਿ ਮੋਦੀਆਨੋ ਕੌਣ ਹੈ ਅਤੇ ਆਪਣੀਆਂ ਰਚਨਾਵਾਂ ਵਿਚ ਉਸ ਨੇ ਕੀ ਕੁਝ ਪਰੋਇਆ ਹੋਇਆ ਹੈ।
ਪੈਟਰਿਕ ਮੋਦੀਆਨੋ ਦਾ ਜਨਮ 30 ਜੁਲਾਈ 1947 ਨੂੰ ਪੈਰਿਸ ਵਿਚ ਹੋਇਆ ਸੀ ਅਤੇ ਉਸ ਦੇ ਪਿਤਾ ਦਾ ਪਿਛੋਕੜ ਯਹੂਦੀ ਸੀ, ਉਸ ਦੀ ਮਾਂ ਬੈਲਜ਼ੀਅਮ ਦੀ ਅਦਾਕਾਰਾ ਲੂਈਸਾ ਕੋਲਪਿਨ ਸੀ। ਇਹ ਦੋਵੇਂ ਜਣੇ ਦੂਜੀ ਵੱਡੀ ਸੰਸਾਰ ਜੰਗ ਦੌਰਾਨ ਮਿਲੇ ਸਨ। ਮੋਦੀਆਨੋ ਦੇ ਬਚਪਨ ਦਾ ਮਾਹੌਲ ਬੜਾ ਵੱਖਰਾ ਸੀ। ਉਸ ਦੇ ਨਾਨਾ-ਨਾਨੀ ਨੇ ਉਸ ਨੂੰ ਪਾਲਿਆ ਅਤੇ 1970 ਵਿਚ ਉਸ ਦਾ ਵਿਆਹ ਹੋਇਆ। ਲਿਖਣ ਲਈ ਹੱਲਾਸ਼ੇਰੀ ਉਸ ਨੂੰ ਕੁਇਨੀ ਨੇ ਦਿੱਤੀ। ਕੁਇਨੀ ਨੇ ਹੀ ਉਸ ਨੂੰ ਉਂਗਲ ਫੜ ਕੇ ਸਾਹਿਤ ਦੀ ਦੁਨੀਆਂ ਵਿਚ ਪ੍ਰਵੇਸ਼ ਕਰਵਾਇਆ। ਉਸ ਦਾ ਪਹਿਲਾ ਨਾਵਲ 1968 ਵਿਚ ਛਪਿਆ ਸੀ। ਇਸ ਨਾਵਲ ਵਿਚ ਇਕ ਯਹੂਦੀ ਬੰਦੇ ਦੀ ਕਹਾਣੀ ਬਿਆਨ ਕੀਤੀ ਗਈ ਹੈ ਜੋ ਜੰਗ ਵਿਚ ਉਲਝਿਆ ਹੋਇਆ ਹੈ, ਪਰ ਉਸ ਦੇ ਪਿਤਾ ਨੂੰ ਇਹ ਨਾਵਲ ਚੰਗਾ ਨਾ ਲੱਗਿਆ। ਉਸ ਨੇ ਇਸ ਨਾਵਲ ਦੀਆਂ ਸਾਰੀਆਂ ਦੀਆਂ ਸਾਰੀਆਂ ਕਾਪੀਆਂ ਖਰੀਦਣ ਦਾ ਯਤਨ ਵੀ ਕੀਤਾ, ਤਾਂ ਕਿ ਕੋਈ ਹੋਰ ਉਸ ਦੇ ਪੁੱਤ ਦੀ ਇਸ ਰਚਨਾ ਨੂੰ ਪੜ੍ਹ ਨਾ ਸਕੇ। ਇਸ ਨਾਵਲ ਦਾ ਜਰਮਨ ਅਡੀਸ਼ਨ 2010 ਵਿਚ ਰਿਲੀਜ਼ ਹੋਇਆ ਸੀ। ਜਰਮਨ ਅਡੀਸ਼ਨ ਦੀ ਖੂਬ ਵਿਕਰੀ ਹੋਈ।
ਮੋਦੀਆਨੋ ਦਾ ਸਭ ਤੋਂ ਚਰਚਿਤ ਨਾਵਲ ‘ਦਿ ਸਰਚ ਵਰੰਟ’ ਹੈ। ਫਰਾਂਸੀਸੀ ਵਿਚ ਇਸ ਨਾਵਲ ਦਾ ਨਾਂ ‘ਡੋਰਾ ਬਰੂਡਰ’ ਸੀ। ਇਸ ਵਿਚ ਉਸ ਦੀ ਸਵੈ-ਜੀਵਨੀ ਵੀ ਕਾਫੀ ਹੱਦ ਤੱਕ ਘੁਲੀ-ਮਿਲੀ ਹੋਈ ਹੈ। ਇਹ ਨਾਵਲ 15 ਸਾਲ ਦੀ ਕੁੜੀ ਉਤੇ ਆਧਾਰਤ ਹੈ। ਇਸ ਨਾਵਲ ਕਹਾਣੀ ਲਿਖਣ ਦਾ ਖਿਆਲ ਉਸ ਨੂੰ ਦਸੰਬਰ 1941 ਵਿਚ ਫਰਾਂਸੀਸੀ ਅਖਬਾਰ ‘ਪੈਰਿਸ ਸੋਇਰ’ ਵਿਚ ਛਪੀ ਇਕ ਖਬਰ ਤੋਂ ਆਇਆ ਸੀ। ਖਬਰ ਮੁਤਾਬਕ ਇਕ ਯਹੂਦੀ ਕੁੜੀ ਲਾਪਤਾ ਹੋ ਗਈ ਸੀ। ਮੋਦੀਆਨੋ ਨੂੰ ਇਸ ਖ਼ਬਰ ਨਾਲ ਇੰਨਾ ਖਬਤ ਜਾਗਿਆ ਕਿ ਉਹ ਆਪ ਅਖਬਾਰਾਂ ਦੀਆਂ ਕਟਿੰਗਾਂ ਅਤੇ ਹੋਰ ਸਬੰਧਤ ਸਾਮਾਨ ਲੈ ਕੇ ਕੁੜੀ ਨੂੰ ਲੱਭਣ ਤੁਰ ਪਿਆ। ਬੱਸ, ਇਹੀ ਕਹਾਣੀ ਇਸ ਨਾਵਲ ਦੀ ਕਹਾਣੀ ਹੋ ਨਿਬੜੀ। ਇਸ ਵਿਚ ਉਸ ਨੇ ਆਪਣੀ ਜ਼ਿੰਦਗੀ ਦੀ ਕਥਾ ਵੀ ਜੋੜ ਲਈ ਸੀ।

Be the first to comment

Leave a Reply

Your email address will not be published.