ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਹਰਿਆਣਾ ਵਿਚ 15 ਅਕਤੂਬਰ ਨੂੰ ਹੋ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਇਸ ਵਾਰ ਪੰਜਾਬੀਆਂ ਦੀ ਅਹਿਮ ਭੂਮਿਕਾ ਹੋਵੇਗੀ। ਹਰਿਆਣਾ ਵਿਚ 30 ਫ਼ੀਸਦੀ ਤੋਂ ਵੱਧ ਪੰਜਾਬੀ ਭਾਈਚਾਰਾ ਰਹਿੰਦਾ ਹੈ ਪਰ ਇਕਜੁੱਟ ਨਾ ਹੋਣ ਕਾਰਨ ਸਿਆਸੀ ਮੰਚ ‘ਤੇ ਕੋਈ ਇਸ ਦੀ ਕੋਈ ਅਹਿਮ ਭੂਮਿਕਾ ਨਹੀਂ ਰਹੀ। ਇਹੀ ਕਾਰਨ ਹੈ ਕਿ ਪੰਜਾਬੀਆਂ ਦੇ ਮੁੱਦਿਆਂ ਵੱਲ ਕਦੇ ਵੀ ਕਿਸੇ ਨੇ ਧਿਆਨ ਨਹੀਂ ਦਿੱਤਾ।
ਇਸ ਵਾਰ ਹਰਿਆਣਾ ਦੇ ਚੋਣ ਸਮੀਕਰਨ ਬੜੇ ਦਿਲਚਸਪ ਹਨ। ਕਾਂਗਰਸ ਤੋਂ ਇਲਾਵਾ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ), ਭਾਰਤੀ ਜਨਤਾ ਪਾਰਟੀ (ਭਾਜਪਾ), ਹਰਿਆਣਾ ਜਨਹਿੱਤ ਕਾਂਗਰਸ (ਹਜਕਾਂ), ਹਰਿਆਣਾ ਜਨਚੇਤਨਾ ਪਾਰਟੀ (ਹਜਪਾ) ਤੋਂ ਇਲਾਵਾ ਬਹੁਜਨ ਸਮਾਜ ਪਾਰਟੀ (ਬਸਪਾ) ਚੋਣ ਮੈਦਾਨ ਵਿਚ ਹੈ। ਸਾਰੀਆਂ ਵੱਡੀਆਂ ਧਿਰਾਂ ਇਕੱਲੇ-ਇਕੱਲੇ ਤੌਰ ‘ਤੇ ਹੀ ਮੈਦਾਨ ਵਿਚ ਹਨ। ਅਜਿਹੀ ਹਾਲਤ ਵਿਚ 30 ਫੀਸਦੀ ਪੰਜਾਬੀ ਵੋਟ ਦੀ ਅਹਿਮੀਅਤ ਵਧ ਗਈ ਹੈ। ਹੁਣ ਤੱਕ ਪੰਜਾਬੀ ਖਾਸਕਰ ਸਿੱਖ ਵੋਟ ਨੂੰ ਮੁੱਖ ਤੌਰ ‘ਤੇ ਸ਼੍ਰੋਮਣੀ ਅਕਾਲੀ ਦਲ ਹੀ ਪ੍ਰਭਾਵਿਤ ਕਰਦਾ ਆਇਆ ਹੈ, ਪਰ ਵੱਖਰੀ ਕਮੇਟੀ ਦੇ ਮਾਮਲੇ ਨੇ ਸਾਰੇ ਸਮੀਕਰਨ ਬਦਲ ਦਿੱਤੇ ਹਨ। ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਇਨੈਲੋ ਦੇ ਹੱਕ ਵਿਚ ਭੁਗਤਦਾ ਆਇਆ ਹੈ।
ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਨਾਲ-ਨਾਲ ਇਨੈਲੋ ਨੇ ਵੱਖਰੀ ਗੁਰਦੁਆਰਾ ਕਮੇਟੀ ਦਾ ਵਿਰੋਧ ਕੀਤਾ ਹੈ। ਇਨੈਲੋ ਨੇ ਤਾਂ ਇਹ ਵੀ ਐਲਾਨ ਕੀਤਾ ਹੈ ਕਿ ਸਰਕਾਰ ਬਣਨ ‘ਤੇ ਵੱਖਰੀ ਕਮੇਟੀ ਰੱਦ ਕਰ ਦਿੱਤੀ ਜਾਵੇਗੀ। ਇਸ ਲਈ ਸਿੱਖ ਵੋਟ ਵੰਡੀ ਗਈ ਹੈ। ਉਂਜ ਮੰਨਿਆ ਜਾ ਰਿਹਾ ਹੈ ਕਿ ਇਸ ਦਾ ਲਾਹਾ ਕਾਂਗਰਸ ਨੂੰ ਹੋਏਗਾ ਕਿਉਂਕਿ ਹਰਿਆਣਾ ਦੇ ਵੱਡੀ ਗਿਣਤੀ ਸਿੱਖ ਵੱਖਰੀ ਕਮੇਟੀ ਦੇ ਹੱਕ ਵਿਚ ਹਨ। ਹਰਿਆਣਾ ਵਿਚ ਅੰਬਾਲਾ, ਯਮੁਨਾਨਗਰ, ਕਰਨਾਲ, ਕੁਰੂਕਸ਼ੇਤਰ, ਪਾਣੀਪਤ, ਸਿਰਸਾ, ਹਿਸਾਰ, ਫ਼ਰੀਦਾਬਾਦ ਤੇ ਪੰਜਾਬ ਨਾਲ ਲੱਗਦੇ ਇਲਾਕਿਆਂ ਵਿਚ ਵੱਡੀ ਗਿਣਤੀ ਸਿੱਖ ਰਹਿੰਦੇ ਹਨ। ਸੂਬੇ ਦੀਆਂ 30 ਵਿਧਾਨ ਸਭਾ ਸੀਟਾਂ ਉੱਪਰ ਸਿੱਖ ਵੋਟਰ ਚੋਣ ਸਮੀਕਰਨ ਬਦਲਣ ਦੀ ਸਮਰੱਥਾ ਰੱਖਦੇ ਹਨ।
ਸ਼੍ਰੋਮਣੀ ਅਕਾਲੀ ਦਲ ਦਾ ਪੰਜਾਬ ਵਿਚ ਭਾਜਪਾ ਨਾਲ ਗੱਠਜੋੜ ਹੈ ਪਰ ਹਰਿਆਣਾ ਵਿਚ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਨਾਲ ਯਾਰੀ ਨਿਭਾਈ ਜਾ ਰਹੀ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਚੌਟਾਲਾ ਪਰਿਵਾਰ ਦੀ ਦੋਸਤੀ ਇਥੋਂ ਤੱਕ ਨਿਭਾਅ ਰਹੇ ਹਨ ਕਿ ਉਹ ਭਾਜਪਾ ਦੇ ਕਿਸੇ ਵੀ ਵਿਰੋਧ ਦੀ ਪਰਵਾਹ ਨਹੀਂ ਕਰ ਰਹੇ। ਸ਼ ਬਾਦਲ ਨੂੰ ਇਨੈਲੋ ਵੱਲੋਂ ਸਟਾਰ ਪ੍ਰਚਾਰਕ ਬਣਾਇਆ ਗਿਆ ਹੈ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਇਨੈਲੋ ਨਾਲ ਗੱਠਜੋੜ ਵਿਚ ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ਵਿਚੋਂ 2 ਵਿਧਾਨ ਸਭਾ ਹਲਕਿਆਂ ‘ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਗਏ ਹਨ ਜਿਨ੍ਹਾਂ ਵਿਚ ਅੰਬਾਲਾ ਸ਼ਹਿਰੀ ਤੋਂ ਬਲਵਿੰਦਰ ਸਿੰਘ ਪੂਨੀਆ ਤੇ ਕਾਲਾਂਵਾਲੀ ਹਲਕੇ ਤੋਂ ਬਲਕੌਰ ਸਿੰਘ ਹਨ। ਲੰਘੀਆਂ ਲੋਕ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਚਰਨਜੀਤ ਸਿੰਘ ਰੋੜੀ ਸਿਰਸਾ ਹਲਕੇ ਤੋਂ ਜਿੱਤ ਚੁੱਕੇ ਹਨ। ਹਰਿਆਣਾ ਵਿਚ 15 ਲੱਖ ਤੋਂ ਵਧੇਰੇ ਸਿੱਖਾਂ ਦੀਆਂ ਵੋਟਾਂ ਹਨ ਤੇ ਚੋਣਾਂ ਤੋਂ ਪਹਿਲਾਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾ ਕੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵੱਲੋਂ ਖੇਡੇ ਗਏ ਸਿਆਸੀ ਪੱਤੇ ਨੂੰ ਵੀ ਅਕਾਲੀ ਦਲ ਵੱਲੋਂ ਫ਼ੇਲ੍ਹ ਕਰਨ ਲਈ ਦਿਨ ਰਾਤ ਇਕ ਕੀਤਾ ਜਾ ਰਿਹਾ ਹੈ।
ਹਰਿਆਣਾ ਵਿਚ ਅਕਾਲੀ ਦਲ ਅਤੇ ਭਾਜਪਾ ਵਿਚਕਾਰ ਰੱਫੜ ਸਾਬਕਾ ਲੋਕ ਸਭਾ ਮੈਂਬਰ ਨਵਜੋਤ ਸਿੰਘ ਸਿੱਧੂ ਰਾਹੀਂ ਵੀ ਜ਼ਾਹਿਰ ਹੋ ਰਿਹਾ ਹੈ। ਉਹ ਭਾਜਪਾ ਉਮੀਦਵਾਰਾਂ ਦੇ ਹੱਕ ਵਿਚ ਧੂੰਆਂਧਾਰ ਪ੍ਰਚਾਰ ਕਰ ਰਿਹਾ ਹੈ। ਸਮਝਿਆ ਜਾ ਰਿਹਾ ਹੈ ਕਿ ਉਹ ਹੁਣ ਹਰਿਆਣਾ ਰਾਹੀਂ ਪੰਜਾਬ ਵਿਚ ਦੁਬਾਰਾ ਸਰਗਰਮੀ ਫੜੇਗਾ। ਚੇਤੇ ਰਹੇ ਕਿ ਉਪ ਮੁੱਖ ਮੰਤਰੀ ਨਾਲ ਉਸ ਦਾ ਸਿੱਧਾ ਪੇਚਾ ਪੈ ਗਿਆ ਸੀ ਅਤੇ ਉਸ ਨੇ ਪੰਜਾਬ ਵਿਚ ਸਰਗਰਮੀ ਤੋਂ ਮੂੰਹ ਮੋੜ ਲਿਆ ਸੀ।
Leave a Reply