ਇਹ ਮਹਿਜ਼ ਇਤਫਾਕ ਹੀ ਹੋਵੇਗਾ ਕਿ ਏਸ਼ੀਅਨ ਖੇਡਾਂ ਦੀ ਐਨ ਸਮਾਪਤੀ ਮੌਕੇ ਅਦਾਕਾਰ ਆਮਿਰ ਖਾਨ ਦਾ ਚਰਚਿਤ ਪ੍ਰੋਗਰਾਮ ‘ਸੱਤਿਆਮੇਵ ਜਯਤੇ’ ਨਸ਼ਰ ਹੋਇਆ ਹੈ, ਪਰ ਇਹ ਸ਼ਾਇਦ ਇਤਫਾਕ ਨਾ ਹੋਵੇ ਕਿ ਪ੍ਰੋਗਰਾਮ ਦੌਰਾਨ ਉਠਾਇਆ ਮੁੱਦਾ ਖੇਡਾਂ ਸਨ। ਹੋ ਸਕਦਾ ਹੈ ਕਿ ਪ੍ਰੋਗਰਾਮ ਦੇ ਪ੍ਰਬੰਧਕਾਂ ਨੇ ਖੇਡਾਂ ਦੇ ਮੁੱਦੇ ਵਾਲਾ ਪ੍ਰੋਗਰਾਮ ਇਸ ਐਤਵਾਰ ਉਚੇਚਾ ਦਿਖਾ ਛੱਡਿਆ ਹੋਵੇ। ਕੁਝ ਵੀ ਹੋਵੇ, ਪ੍ਰੋਗਰਾਮ ਵਿਚ ਜਿਸ ਤਰ੍ਹਾਂ ਤੇ ਜਿਸ ਢੰਗ ਨਾਲ ਖੇਡਾਂ ਬਾਰੇ ਚਰਚਾ ਹੋਈ ਅਤੇ ਨਾਲ ਹੀ ਜਿਸ ਤਰ੍ਹਾਂ ਦਾ ਫਿਕਰ ਖੇਡਾਂ ਬਾਰੇ ਜ਼ਾਹਿਰ ਕੀਤਾ ਹੈ, ਉਹ ਧਿਆਨ ਦੀ ਮੰਗ ਕਰਦਾ ਹੈ। ਪਹਿਲੇ ਪ੍ਰੋਗਰਾਮਾਂ ਵਾਂਗ ਇਹ ਪ੍ਰੋਗਰਾਮ ਵੀ ‘ਸੱਤਿਆਮੇਵ ਜਯਤੇ’ ਦੀ ਟੀਮ ਵੱਲੋਂ ਕੀਤੀ ਮਿਹਨਤ ਤੇ ਮੁਸ਼ੱਕਤ ਦਰਸਾ ਰਿਹਾ ਸੀ। ਕਈ ਹੋਰ ਕਾਰਨਾਂ ਕਰ ਕੇ ਭਾਵੇਂ ਇਸ ਪ੍ਰੋਗਰਾਮ ਦੀ ਕੁਝ-ਕੁਝ ਨੁਕਤਾਚੀਨੀ ਵੀ ਜ਼ਰੂਰ ਸਾਹਮਣੇ ਆਈ ਹੈ, ਪਰ ਇਸ ਪ੍ਰੋਗਰਾਮ ਕਰ ਕੇ ਆਮ ਲੋਕਾਂ ਵਿਚ ਜੋ ਜਾਗਰੂਕਤਾ ਫੈਲ ਰਹੀ ਹੈ, ਉਸ ਦਾ ਕੋਈ ਜਵਾਬ ਨਹੀਂ ਹੈ। ਖੈਰ! ਜਦੋਂ ਏਸ਼ੀਅਨ ਖੇਡਾਂ ਵਿਚ ਚੀਨ ਵਰਗਾ ਦੇਸ਼ ਤਮਗਿਆਂ ਦੀਆਂ ਢੇਰੀਆਂ ਲਾ ਰਿਹਾ ਸੀ, ਤਾਂ ਭਾਰਤ ਦੇ ਲੋਕ ਆਪਣੇ ਖਿਡਾਰੀਆਂ ਦੀ ਕਾਰਗੁਜ਼ਾਰੀ ਨਾਲੋਂ ਕਿਤੇ ਵੱਧ ਚਰਚਾ, ਆਪਣੇ ਖੇਡ ਢਾਂਚੇ ਅਤੇ ਇਸ ਨਾਕਸ ਢਾਂਚੇ ਕਰ ਕੇ ਖਿਡਾਰੀਆਂ ਨੂੰ ਪੈ ਰਹੀਆਂ ਮਾਰਾਂ ਬਾਰੇ ਗੱਲਾਂ ਕਰ ਰਹੇ ਸਨ। ‘ਸੱਤਿਆਮੇਵ ਜਯਤੇ’ ਵਿਚ ਚਰਚਾ ਸੀ ਕਿ ਚੀਨ ਨੇ ਕਿਸ ਤਰ੍ਹਾਂ ਮਿਥ ਕੇ ਹਜ਼ਾਰਾਂ ਦੀ ਤਾਦਾਦ ਵਿਚ ਸਟੇਡੀਅਮ ਬਣਵਾਏ, ਬੱਚਿਆਂ ਨੂੰ ਖੇਡਾਂ ਨਾਲ ਜੋੜਿਆ ਅਤੇ ਉਨ੍ਹਾਂ ਨੂੰ ਖਿਡਾਰੀ ਬਣਾਇਆ। ਚੀਨ ਨੇ ਇਹ ਸਾਰਾ ਕਾਰਜ ਸਿਆਸਤ ਨੂੰ ਲਾਂਭੇ ਰੱਖ ਕੇ ਕੀਤਾ। ਨਤੀਜਾ ਸਭ ਦੇ ਸਾਹਮਣੇ ਹੈ। ਦੂਜੇ ਬੰਨੇ, ਭਾਰਤ ਵਿਚ ਅੱਜ ਕੱਲ੍ਹ ਹਰ ਸ਼ੈਅ ਦਾ ਸਬੰਧ ਸਿਆਸਤ ਨਾਲ ਜੁੜਿਆ ਹੋਇਆ ਹੈ। ਹੋਰ ਤਾਂ ਹੋਰ, ਖੇਡ ਅਦਾਰੇ ਅਤੇ ਸੰਸਥਾਵਾਂ ਸਿਆਸਤਦਾਨ ਚਲਾ ਰਹੇ ਹਨ। ਹਰ ਸੂਬੇ ਦੀ ਹਰ ਖੇਡ ਸੰਸਥਾ ਉਤੇ ਕਿਸੇ ਨਾ ਕਿਸੇ ਸਿਆਸੀ ਲੀਡਰ ਦਾ ਕਬਜ਼ਾ ਹੈ ਅਤੇ ਇਸ ਕਾਰਜ ਵਿਚ ਕੋਈ ਇਕ ਸਿਆਸੀ ਪਾਰਟੀ ਸ਼ਾਮਲ ਨਹੀਂ, ਹਰ ਪਾਰਟੀ ਦਾ ਨੁਮਾਇੰਦਾ ਇਨ੍ਹਾਂ ਸੰਸਥਾਵਾਂ ਨਾਲ ਵੜਿਆ ਹੋਇਆ ਹੈ। ਇਹ ਨੁਕਤਾ ਧਿਆਨ ਦੇਣ ਵਾਲਾ ਹੈ ਕਿ ਭਾਰਤ ਦੀ ਖੇਡਾਂ ਵਿਚ ਅੱਜ ਕੱਲ੍ਹ ਹੋ ਰਹੀ ਪ੍ਰਾਪਤੀ ਵਿਚ ਕਿਸੇ ਸਮੂਹਿਕ ਯਤਨ ਦਾ ਸਿੱਟਾ ਨਹੀਂ, ਸਗੋਂ ਇਹ ਤਮਗੇ ਖਿਡਾਰੀਆਂ ਜਾਂ ਉਨ੍ਹਾਂ ਦੇ ਕੋਚਾਂ ਦੇ ਵਿਅਕਤੀਗਤ ਉਦਮ ਕਰ ਕੇ ਮਿਲੇ ਹਨ। ਮਾਮਲਾ ਐਨ ਚਿੱਟੇ ਦਿਨ ਵਾਂਗ ਸਾਫ ਹੈ ਕਿ ਜਦੋਂ ਕੋਈ ਕਾਰਗਰ ਖੇਡ ਨੀਤੀ ਹੀ ਨਹੀਂ ਹੈ ਤਾਂ, ਬਾਲ ਉਮਰ ਵਿਚ ਹੀ ਬੱਚਿਆਂ ਨੂੰ ਖੇਡ ਮੈਦਾਨ ਤੱਕ ਲਿਜਾਣ ਦਾ ਦਾਈਆ ਪੂਰਾ ਕਿਸ ਤਰ੍ਹਾਂ ਹੋ ਸਕਦਾ ਹੈ? ਸਿਰਫ ਉਹੀ ਬੱਚਾ ਭਾਗਾਂ ਵਾਲਾ ਸਾਬਤ ਹੁੰਦਾ ਹੈ ਜਿਸ ਦੇ ਮਾਪੇ ਜਾਂ ਕੋਈ ਸਿਰ-ਫਿਰਿਆ ਕੋਚ ਉਸ ਨੂੰ ਨਾਲ ਲੈ ਕੇ ਅਗਾਂਹ ਖੇਡ ਮੈਦਾਨ ਵੱਲ ਵਧਦਾ ਹੈ। ਨਹੀਂ ਤਾਂ ਬੱਚਿਆਂ ਦੀ ਇਹ ਪ੍ਰਤਿਭਾ ਰਾਹ ਵਿਚ ਹੀ ਦਮ ਤੋੜ ਜਾਂਦੀ ਹੈ। ਇਸ ਬਾਰੇ ਅਣਗਿਣਤ ਮਿਸਾਲਾਂ ਦਿੱਤੀ ਜਾ ਸਕਦੀਆਂ ਹਨ।
ਇਹ ਸਾਰਾ ਪ੍ਰਸੰਗ ਸਮੁੱਚੇ ਭਾਰਤ ਦਾ ਹੈ, ਪਰ ਪੰਜਾਬ ਦਾ ਪ੍ਰਸੰਗ ਵੀ ਇਸ ਤੋਂ ਬਾਹਰਾ ਨਹੀਂ ਹੈ ਜਿੱਥੇ ਸਿਆਸਤਦਾਨਾਂ ਦੀ ਰੁਚੀ ਪਿੰਡ-ਪਿੰਡ ਸਟੇਡੀਅਮ ਬਣਵਾਉਣ ਦੀ ਥਾਂ ਠੇਕੇ ਖੋਲ੍ਹਣ ਦੀ ਹੈ। ਆਮਿਰ ਖਾਨ ਦੇ ਪ੍ਰੋਗਰਾਮ ਦੇ ਅਖੀਰ ਵਿਚ ਸਿੱਧੇ ਪ੍ਰਸਾਰਨ ਵਾਲਾ ਹਿੱਸਾ ਅੱਖਾਂ ਖੋਲ੍ਹਣ ਵਾਲਾ ਸੀ। ਪ੍ਰੋਗਰਾਮ ਦੇ ਇਸ ਹਿੱਸੇ ਦੀ ਰਿਕਾਰਡਿੰਗ ਚੰਡੀਗੜ੍ਹ ਵਿਚ ਹੋਈ। ਇਸ ਰਿਕਾਰਡਿੰਗ ਦੌਰਾਨ ਪੰਜਾਬ ਵਿਚ ਵਗ ਰਹੇ ਨਸ਼ਿਆਂ ਦੇ ਦਰਿਆ ਦੀ ਗੱਲ ਵਾਰ-ਵਾਰ ਹੋਈ। ਸਭ ਦਾ ਇਹੀ ਕਹਿਣਾ ਸੀ ਕਿ ਅਜਿਹੀ ਅਲਾਮਤ ਦਾ ਇਕੋ-ਇਕ ਤੋੜ ਬੱਚਿਆਂ ਅਤੇ ਨੌਜਵਾਨਾਂ ਨੂੰ ਖੇਡਾਂ ਵਾਲੇ ਪਾਸੇ ਲਾਉਣਾ ਹੈ। ਕੌਣ ਕਰੇਗਾ ਇਹ ਸ਼ੁਭ ਕਾਰਜ? ਕਰੋੜਾਂ ਦੀ ਕਬੱਡੀ ਵਾਲੇ ਪੰਜਾਬ ਦੇ ਸ਼ਾਸਕ ਤਾਂ ਨਸ਼ਿਆਂ ਦਾ ਦਰਿਆ ਡੱਕਣ ਲਈ ਉਕਾ ਹੀ ਤਿਆਰ ਨਹੀਂ ਹਨ। ਇਥੇ ਇਕ ਵਾਰ ਫਿਰ ਚੀਨ ਦੀ ਚਰਚਾ ਚੇਤੇ ਵਿਚ ਉਭਰਦੀ ਹੈ। ਚੀਨੀਆਂ ਨੇ ਖੇਡਾਂ, ਬੱਚਿਆਂ ਦੀ ਪਹੁੰਚ ਵਿਚ ਕੀਤੀਆਂ; ਤੇ ਅਸੀਂ ਆਪਣੇ ਬੱਚਿਆਂ ਅਤੇ ਨੌਜਵਾਨਾਂ ਦੀ ਪਹੁੰਚ ਵਿਚ ਨਸ਼ਿਆਂ ਦਾ ਦਰਿਆ ਕੀਤਾ। ਬੜਾ ਸਾਧਾਰਨ ਤਰਕ ਹੈ ਕਿ ਜਿਹੜੀ ਚੀਜ਼-ਵਸਤ ਸੌਖਿਆਂ ਮਿਲ ਰਹੀ ਹੈ, ਬਹੁ-ਗਿਣਤੀ ਨੇ ਕਦੀ ਨਾ ਕਦੀ ਉਸ ਪਾਸੇ ਅਹੁਲਣਾ ਹੀ ਹੈ। ਇਸ ਹਿਸਾਬ ਨਾਲ ਹੁਣ ਦੋ ਹੀ ਨੁਕਤੇ ਬਣਦੇ ਹਨ। ਪਹਿਲਾ, ਨਸ਼ਿਆਂ ਦੇ ਦਰਿਆ ਨੂੰ ਨੱਕਾ ਲਾਉਣਾ; ਤੇ ਦੂਜਾ, ਖੇਡਾਂ ਬੱਚਿਆਂ ਦੀ ਪਹੁੰਚ ਵਿਚ ਕਰਨੀਆਂ। ਇਸੇ ਲੜੀ ਵਿਚ ਤੀਜਾ ਤੇ ਅਹਿਮ ਨੁਕਤਾ ਵੀ ਹੈ। ਉਹ ਇਹ ਕਿ ਇਹ ਦੋਵੇਂ ਗੱਲਾਂ ਸਿਆਸੀ ਲੀਡਰਾਂ ਨੇ ਨਹੀਂ ਕਰਨੀਆਂ। ਉਨ੍ਹਾਂ ਨੂੰ ਇਹ ਗੱਲਾਂ ਗਵਾਰਾ ਹੀ ਨਹੀਂ ਹਨ। ਆਮਿਰ ਖਾਨ ਨੇ ਆਪਣੇ ਪ੍ਰੋਗਰਾਮ ਵਿਚ ਪੰਜਾਬੀਆਂ ਨੂੰ ਨਸ਼ਿਆਂ ਵਾਲੇ ਪਾਸਿਉਂ ਮੁੜ ਆਉਣ ਲਈ ਤਰਲਾ ਕੀਤਾ। ਉਸ ਨੇ ਪੰਜਾਬੀਆਂ ਨੂੰ ਇਹ ਸੱਦਾ ਸੰਕਟ ਸਮਝ ਕੇ ਦਿੱਤਾ ਹੈ। ਇਹ ਅਸਲ ਵਿਚ ਪੰਜਾਬੀਆਂ ਨੂੰ ਸੱਦਾ ਨਹੀਂ, ਵੰਗਾਰ ਹੈ। ਉਂਜ ਵੀ ਪੰਜਾਬ ਉਤੇ ਛੋਟੇ-ਵੱਡੇ ਸੰਕਟ ਛਾਉਂਦੇ ਹੀ ਆਏ ਹਨ ਅਤੇ ਪੰਜਾਬੀ ਹਰ ਵਾਰ ਇਨ੍ਹਾਂ ਸੰਕਟਾਂ ਤੋਂ ਪਾਰ ਗਏ ਹਨ। ਹੁਣ ਨਸ਼ਿਆਂ ਦਾ ਦਰਿਆ ਡੱਕਣ ਲਈ ਲੋਕਾਂ ਨੂੰ ਸਭ ਤੋਂ ਪਹਿਲਾਂ ਬੇ-ਮੁਹਾਰੀ ਹੋ ਗਈ ਸਿਆਸਤ ਨੂੰ ਡੱਕਣਾ ਪਵੇਗਾ। ਇਸ ਦੀ ਇਕ ਮਿਸਾਲ ਜਮਾਲਪੁਰ ਵਾਲੇ ਝੂਠੇ ਪੁਲਿਸ ਮੁਕਾਬਲੇ ਵਿਚ ਮਾਰੇ ਗਏ ਦੋ ਨੌਜਵਾਨਾਂ ਦਾ ਭੋਗ ਸਮਾਗਮ ਬਣਿਆ ਹੈ। ਸੱਤਾਧਾਰੀ ਬਾਦਲਾਂ ਦਾ ਕੋਈ ਵੀ ਨੁਮਾਇੰਦਾ, ਇਥੋਂ ਤੱਕ ਕਿ ਕੋਈ ਸਰਕਾਰੀ ਨੁਮਾਇੰਦਾ ਵੀ ਇਸ ਸਮਾਗਮ ਵਿਚ ਪੁੱਜਣ ਦਾ ਹੀਆ ਨਹੀਂ ਕਰ ਸਕਿਆ। ਬੇਹੱਦ ਔਖੇ ਹੋਏ ਲੋਕਾਂ ਨੇ ਪਿੰਡ ਬਾਦਲ ਵਿਚ ਵੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਡੱਕ ਦਿੱਤਾ ਸੀ। ਫਰੀਦਕੋਟ ਵਿਚ ਸ਼ਰੁਤੀ ਅਗਵਾ ਕਾਂਡ ਤੋਂ ਬਾਅਦ ਅੱਜ ਤੱਕ ਬਾਦਲ ਉਥੇ ਪੈਰ ਨਹੀਂ ਧਰ ਸਕੇ। ਇਹ ਕੁਝ ਮਿਸਾਲਾਂ ਹਨ ਜਿਹੜੀਆਂ ਨਸ਼ਿਆਂ ਵਿਚ ਘਿਰੇ ਪੰਜਾਬ ਨੂੰ ਰਾਹ ਦਿਖਾ ਰਹੀਆਂ ਹਨ। ਥਾਂ-ਥਾਂ ਇਸ ਤਰ੍ਹਾਂ ਦੀ ਪਹਿਲ ਕਰਨ ਦੀ ਵਾਰੀ ਹੁਣ ਲੋਕਾਂ ਦੀ ਹੈ ਜਿਨ੍ਹਾਂ ਨੂੰ ਅਸੀਂ ਸੰਗਤ ਵੀ ਆਖਦੇ ਹਾਂ।
Leave a Reply