“ਖੰਡਾ ਸਾਰ ਦਾ ਅਸਾਂ ਤੋਂ ਲੋਪ ਹੋਇਆ, ਬਿਜਲੀ ਲਸ਼ਕਦੀ ਹਥ ਕਰਪਾਨ ਕਿਉਂ ਨੀ?”

ਡਾæ ਗੁਰਨਾਮ ਕੌਰ
ਇਹ ਸਤਰਾਂ ਮਹਾਨ ਗ਼ਦਰੀ ਡਾæ ਭਗਵਾਨ ਸਿੰਘ ਗਿਆਨੀ ‘ਪ੍ਰੀਤਮ’ (ਪ੍ਰਧਾਨ, ਗ਼ਦਰ ਪਾਰਟੀ 1914-1920) ਦੀ ਪੁਸਤਕ ‘ਗ਼ਦਰੀ ਗੂੰਜਾਂ’ ਵਿਚ ਦਰਜ਼ ਕਵਿਤਾ ‘ਸੱਚੀ ਪੁਕਾਰ’ ਵਿਚੋਂ ਹਨ। ਗ਼ਦਰੀ ਭਗਵਾਨ ਸਿੰਘ ਨੇ ਆਪਣੀ ਪੁਸਤਕ ਨੂੰ ਸਮਰਪਿਤ ਕਰਦਿਆਂ ਲਿਖਿਆ ਹੈ, “ਮੇਰੀ ਆਜ਼ਾਦ ਕੌਮ ਅਤੇ ਲਾਸਾਨੀ ਵਤਨ ਜੋ ਤਰੱਕੀ, ਅਮਨ ਤੇ ਉਚ ਇਨਸਾਨੀਅਤ ਦੇ ਰਾਗ ਵਿਚ ਮਸਤ ਹੋ ਕੇ ਆਪਣੀ ਮਹੱਤਤਾ ਤੋਂ ਮਨੁੱਖ ਜਾਤੀ ਨੂੰ ਜਾਣੂ ਕਰਾ ਰਹੇ ਹਨ। ਪ੍ਰਦੇਸੀ ਹਿੰਦੀਆਂ ਦੇ ਇਹ, ਦਰਦ ਭਰੀਆਂ ਚੀਸਾਂ ਤੇ ਪ੍ਰੀਤ ਹੁਲਾਰੇ ਨਿਮਰਤਾ ਸਹਿਤ ਭੇਟਾ ਕਰਦਾ ਹਾਂ। ਕੀ ਇਹ ਤੁੱਛ ਸੇਵਾ ਮੇਰੀ ਕੌਮ ਪ੍ਰਵਾਨ ਕਰਕੇ ਸਾਨੂੰ ਅਪਣਾ ਲਏਗੀ। ਜੈ ਹਿੰਦ!”
ਡਾæ ਭਗਵਾਨ ਸਿੰਘ ਜੇ ਇੱਕ ਪਾਸੇ ਉਪਰ ਦੱਸੀ ਕਵਿਤਾ ਵਿਚ ਹਿੰਦੁਸਤਾਨੀਆਂ ਦੀ ਤਤਕਾਲੀਨ ਹਾਲਤ ਤੇ ਅਫਸੋਸ ਕਰਦੇ ਹਨ ਕਿ ਸਾਡੇ ਹੱਥ ਵਿਚ ਲੋਹੇ ਦਾ ਖੰਡਾ (ਖੰਡਾ ਸ਼ਹੀਦ ਬਾਬਾ ਦੀਪ ਸਿੰਘ ਦੀ ਯਾਦ ਦੁਆਉਂਦਾ ਹੈ ਅਤੇ ਜ਼ੁਲਮ ਦੇ ਖਿਲਾਫ ਸੀਸ ਤਲੀ ‘ਤੇ ਧਰ ਕੇ ਲੜਨ ਦੀ ਪ੍ਰੇਰਨਾ ਕਰਦਾ ਹੈ) ਕਿਉਂ ਨਹੀਂ ਹੈ ਅਤੇ ਹੱਥ ਵਿਚ ਬਿਜਲੀ ਵਾਂਗ ਲਿਸ਼ਕਦੀ-ਕੜਕਦੀ ਕ੍ਰਿਪਾਨ ਕਿਉਂ ਨਹੀਂ ਹੈ (ਗੁਰੂ ਗੋਬਿੰਦ ਸਿੰਘ ਨੇ ਪੰਜ ਕਕਾਰਾਂ ਵਿਚ ਸਿੰਘ ਨੂੰ ਕ੍ਰਿਪਾਨ ਬਖ਼ਸ਼ਿਸ਼ ਕੀਤੀ ਹੈ। ਇਹ ਸਧਾਰਨ ਤਲਵਾਰ ਨਹੀਂ, ਇਸ ਵਿਚ ਕ੍ਰਿਪਾ/ਨਦਰਿ ਸ਼ਾਮਲ ਹੈ ਇਸ ਲਈ ਇਹ ਗ਼ਰੀਬਾਂ-ਮਜ਼ਲੂਮਾਂ ਦੀ ਰੱਖਿਆ ਲਈ ਮਿਆਨ ਤੋਂ ਬਾਹਰ ਆਉਂਦੀ ਹੈ, ਕਿਸੇ ਨਿਰਦੋਸ਼ ਤੇ ਵਾਰ ਨਹੀਂ ਕਰਦੀ), ਤਾਂ ਇੱਕ ਹੋਰ ਕਵਿਤਾ ਵਿਚ ਇਸੇ ਖੰਡੇ ਦੀ ਯਾਦ ਦੁਆ ਕੇ ਦੇਸ਼-ਵਾਸੀਆਂ ਨੂੰ ਮੁਲਕ ਨੂੰ ਅਜ਼ਾਦ ਕਰਾਉਣ ਲਈ ਉਸ ਦੁਸ਼ਮਣ ਦੇ ਖ਼ਿਲਾਫ ਉਠਣ ਦੀ ਪ੍ਰੇਰਨਾ ਕਰਦੇ ਹਨ, ਜੋ ਨਾ ਸਿਰਫ਼ ਹਿੰਦੁਸਤਾਨ ਦਾ ਸਗੋਂ ਸਾਰੇ ਏਸ਼ੀਆ ਦਾ ਵੈਰੀ ਬਣਿਆ ਬੈਠਾ ਹੈ,
ਖੰਡਾ ਪਕੜੋ ਸਾਰ ਦਾ ਮੈਦਾਨ ਤਪਾਵੋ,
ਵੈਰੀ ਸਾਰੇ ਏਸ਼ੀਆ ਦਾ ਮਾਰ ਮੁਕਾਵੋ। (ਗ਼ਦਰੀ ਗੂੰਜਾਂ/64)
‘ਗ਼ਦਰੀ ਗੂੰਜਾਂ’ ਦੇ ‘ਆਦਿ ਕਥਨ’ ਵਿਚ ਕ੍ਰਿਪਾਲ ਸਿੰਘ ਕਸੇਲ ਨੇ ਹਿੰਦੁਸਤਾਨ ਦੀ ਆਜ਼ਾਦੀ ਦੀ ਲੜਾਈ ਵਿਚ ਗ਼ਦਰ ਲਹਿਰ ਦੇ ਅਹਿਮ ਯੋਗਦਾਨ ਦਾ ਜ਼ਿਕਰ ਕਰਦਿਆਂ ਲਿਖਿਆ ਹੈ, “ਭਾਰਤੀ ਸੁਤੰਤਰਤਾ ਸੰਗਰਾਮ ਦੇ ਇਤਿਹਾਸ ਵਿਚ ਗ਼ਦਰ ਲਹਿਰ ਦਾ ਸ਼ਾਨਦਾਰ ਸਥਾਨ ਹੈ। ਇਸ ਪਾਰਟੀ ਦਾ ਪੱਤਰ ‘ਗ਼ਦਰ ਹਿੰਦੋਸਤਾਨ’ ਜੋ ਸਾਨ ਫਰਾਂਸਿਸਕੋ ਦੇ ਯੁਗਾਂਤਰ ਆਸ਼ਰਮ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਛਪ ਕੇ ਸੰਸਾਰ ਦੇ ਬਹੁਤ ਸਾਰੇ ਦੇਸ਼ਾਂ ਵਿਚ ਮੁਫ਼ਤ ਪਹੁੰਚਾਇਆ ਜਾਂਦਾ ਸੀ, ਨੇ ਗ਼ਦਰ ਪਾਰਟੀ ਦੇ ਸੰਦੇਸ਼ ਨੂੰ ਹਜ਼ਾਰਾਂ ਲੋਕਾਂ ਤੱਕ ਪਹੁੰਚਾਇਆ ਅਤੇ ਇਨਕਲਾਬੀ ਸੰਗਰਾਮ ਲਈ ਤਿਆਰ ਕੀਤਾ। ਭਾਵੇਂ ਗ਼ਦਰ ਦੇ ਲੇਖਾਂ ਵਿਚ ਬਹੁਤ ਸਾਰੀ ਖੋਜ ਭਰਪੂਰ ਜਾਣਕਾਰੀ ਅਤੇ ਅੰਕੜਿਆਂ ਤੇ ਤੱਥਾਂ ਸਹਿਤ ਸਾਮਰਾਜੀ ਲੁੱਟ-ਖਸੁੱਟ ਦੇ ਅਨੇਕ ਪ੍ਰਮਾਣ ਦਿੱਤੇ ਜਾਂਦੇ ਸਨ, ਪਰ ਜੋ ਭੂਮਿਕਾ ਗ਼ਦਰ ਦੀ ਕਵਿਤਾ ਦੀ ‘ਗ਼ਦਰੀ ਗੂੰਜ’ ਨੇ ਨਿਭਾਈ, ਉਹ ਤਾਂ ਹਰ ਗ਼ੁਲਾਮ ਹਿੰਦੋਸਤਾਨੀ ਦੇ ਦਿਲਾਂ ਨੂੰ ਅਜਿਹਾ ਜੋਸ਼ ਦਿਵਾਉਣ ਵਾਲੀ ਹੁੰਦੀ ਸੀ ਕਿ ਉਹ ਆਜ਼ਾਦੀ ਪ੍ਰਾਪਤ ਕਰਨ ਲਈ ਸਿਰ ਧੜ ਦੀ ਬਾਜ਼ੀ ਲਾਉਣ ਲਈ ਕਮਰਕੱਸੇ ਕਰ ਲੈਂਦੇ ਸਨ। ਭਾਵੇਂ ਉਹ ਫ਼ੌਜੀ ਹੋਣ ਜਾਂ ਕਿਰਤੀ ਕਾਮੇ, ਦੁਕਾਨਦਾਰ ਤੇ ਵਪਾਰੀ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਦੱਖਣ ਪੂਰਬ ਏਸ਼ੀਆ ਵਿਚ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਅਗਵਾਈ ਵਿਚ ਉਸ ਤੋਂ ਪਹਿਲਾਂ ਜਰਨੈਲ ਮੋਹਣ ਸਿੰਘ ਵੱਲੋਂ ਤਿਆਰ ਕੀਤੀ ਗਈ ‘ਆਜ਼ਾਦ ਹਿੰਦ ਫ਼ੌਜ’ ਵੀ ਗ਼ਦਰ ਲਹਿਰ ਦੀ ਸੰਵਾਰੀ ਹੋਈ ਭੂਮੀ ਵਿਚੋਂ ਹੀ ਪੈਦਾ ਹੋਈ ਸੀ। ਗ਼ਦਰ ਦੀ ਗੂੰਜ ਦੀਆਂ ਕਵਿਤਾਵਾਂ ਵਿਚ ਆਪ ਦਾ ਯੋਗਦਾਨ ਸ਼ਾਇਦ ਸਭ ਤੋਂ ਵੱਧ ਹੈ।” (ਗ਼ਦਰੀ ਗੂੰਜਾਂ/7)।
ਸੋਹਣ ਸਿੰਘ ਪੂੰਨੀ ਅਨੁਸਾਰ ਕੈਨੇਡਾ ਅਮਰੀਕਾ ਤੇ ਦੂਸਰੇ ਦੇਸਾਂ ‘ਚ ਵੱਸਦੇ ਹਿੰਦੁਸਤਾਨੀਆਂ ਨੂੰ ਸਿਆਸੀ ਤੌਰ ‘ਤੇ ਜਾਗ੍ਰਿਤ ਕਰ ਕੇ ਦੇਸ਼ ਦੀ ਅਜ਼ਾਦੀ ਲਈ ਹਥਿਆਰਬੰਦ ਸੰਘਰਸ਼ ਦੇ ਰਾਹ ਪਾਉਣ ਵਾਲੇ ਭਾਈ ਭਗਵਾਨ ਸਿੰਘ ਦਾ ਜਨਮ ਜ਼ਿਲ੍ਹਾ ਤਰਨ ਤਾਰਨ (ਉਦੋਂ ਅੰਮ੍ਰਿਤਸਰ) ਵਿਚ ਸਰਹਾਲੀ ਨੇੜੇ ਪਿੰਡ ਵੜਿੰਗ ‘ਚ ਮਾਤਾ ਹਰ ਕੌਰ ਅਤੇ ਪਿਤਾ ਸਰਮੁਖ ਸਿੰਘ ਦੇ ਘਰ 27 ਜੁਲਾਈ 1884 ਨੂੰ ਹੋਇਆ। ਉਨ੍ਹਾਂ ਦੇ ਵਡੇਰੇ ਕਸ਼ਮੀਰੀ ਬ੍ਰਾਹਮਣ ਸਨ, ਜੋ 17ਵੀਂ ਸਦੀ ‘ਚ ਪੰਜਾਬ ਆ ਕੇ ਵੱਸ ਗਏ ਸਨ।
ਪ੍ਰਾਇਮਰੀ ਸਕੂਲ ਵਿਚ ਪੜ੍ਹਦਿਆਂ ਭਾਈ ਭਗਵਾਨ ਸਿੰਘ ਨੂੰ ਕਿਸੇ ਗੱਲ ‘ਤੇ ਸੱਚ ਬੋਲਣ ਪਿੱਛੇ ਉਸਤਾਦ ਤੋਂ ਮਾਰ ਖਾਣੀ ਪਈ ਜਿਸ ਕਰਕੇ ਸਕੂਲ ਤੋਂ ਮਨ ਖੱਟਾ ਹੋ ਗਿਆ ਅਤੇ ਸਕੂਲ ਛੱਡ ਦਿੱਤਾ। ਇਸ ਬਾਗ਼ੀ ਬਿਰਤੀ ਨੇ ਹੀ ਅੱਗੇ ਚੱਲ ਕੇ ਇਨਕਲਾਬੀ ਰਾਹ ਫੜਿਆ। ਗੁਜਰਾਂ ਵਾਲੇ ਦੀ ਉਪਦੇਸ਼ਕ ਸੰਸਥਾ ਤੋਂ ਭਾਈ ਭਗਵਾਨ ਸਿੰਘ ਨੇ ਵਿਦਵਾਨੀ, ਬੁੱਧੀਮਾਨੀ ਤੇ ਗਿਆਨੀ ਦੀਆਂ ਪ੍ਰੀਖਿਆਵਾਂ ਪਾਸ ਕੀਤੀਆਂ। ਸਿੱਖ ਇਤਿਹਾਸ ਅਤੇ ਸਾਹਿਤ ਦਾ ਅਧਿਐਨ ਵੀ ਇਥੇ ਹੀ ਕੀਤਾ ਅਤੇ ਭਾਸ਼ਣ ਕਲਾ ਵਿਚ ਖਾਸ ਮੁਹਾਰਤ ਹਾਸਲ ਕੀਤੀ। 1907 ਵਿਚ ਪੰਜਾਬ ਕਿਸਾਨ ਲਹਿਰ ‘ਪੱਗੜੀ ਸੰਭਾਲ ਜੱਟਾ’ ਵਿਚ ਇਨਕਲਾਬੀ ਦੇਸ਼ ਭਗਤ ਸ਼ ਅਜੀਤ ਸਿੰਘ ਨਾਲ ਸਾਂਝ ਪਾ ਲਈ ਅਤੇ ਫਿਰ ਇਨਕਲਾਬੀ ਸੰਗਰਾਮਾਂ ਵਿਚ ਜੋਰ-ਸ਼ੋਰ ਨਾਲ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਜਿਸ ਕਰਕੇ ਵਾਰੰਟ ਨਿਕਲ ਗਏ। ਗਿਆਨੀ ਜੀ ਨੇ 1908 ਤੋਂ 1909 ਦੌਰਾਨ ਸਿਆਲਕੋਟ ਜ਼ਿਲ੍ਹੇ ਦੇ ਡਸਕਾ ਸਕੂਲ ਵਿਚ ਫਰਜ਼ੀ ਨਾਂ ਥੱਲੇ ਪੜ੍ਹਾਇਆ ਅਤੇ ਸਾਧੂ ਹਰਬਿਲਾਸ ਤੋਂ ਵੇਦਾਂਤ ਦੀ ਪੜ੍ਹਾਈ ਕੀਤੀ। ਇਥੇ ਪੜ੍ਹਾਉਂਦਿਆਂ ਹੀ ਤਾਰਾ ਸਿੰਘ ਨਾਮ ਦੇ ਪੁਲਿਸ ਟਾਊਟ ਨੂੰ ਭਾਈ ਭਗਵਾਨ ਸਿੰਘ ਤੇ ਸ਼ੱਕ ਹੋ ਗਿਆ ਅਤੇ ਉਹ ਭਾਈ ਸਾਹਿਬ ਨੂੰ ਫੜਾਉਣਾ ਚਾਹੁੰਦਾ ਸੀ। ਇਸ ਗੱਲ ਦਾ ਪਤਾ ਲੱਗਣ ਤੇ ਭਾਈ ਭਗਵਾਨ ਸਿੰਘ ਨੇ ਬਾਹਰ ਜਾਣ ਦਾ ਫੈਸਲਾ ਕਰ ਲਿਆ ਅਤੇ ਸੰਨ 1909 ਦੇ ਸ਼ੁਰੂ ਵਿਚ ਮਲਾਇਆ ਚਲੇ ਗਏ, ਜਿਥੇ ਉਨ੍ਹਾਂ ਨੇ ਪੀਨਾਂਗ ਦੇ ਗੁਰਦੁਆਰੇ ‘ਚ ਗ੍ਰੰਥੀ ਦੀ ਸੇਵਾ ਨਿਭਾਈ। ਇਨਕਲਾਬੀ ਵਿਚਾਰਾਂ ਅਤੇ ਸਰਗਰਮੀਆਂ ਕਾਰਨ ਛੇਤੀ ਹੀ ਗ੍ਰੰਥੀ ਦੀ ਨੌਕਰੀ ਤੋਂ ਫ਼ਾਰਗ ਕਰ ਦਿੱਤਾ ਗਿਆ।
ਭਾਈ ਭਗਵਾਨ ਸਿੰਘ ਮਲਾਇਆ, ਜਾਵਾ, ਸੁਮਾਟਰਾ, ਬੋਰਨੀਓ ਅਤੇ ਸਿੰਘਾਪੁਰ ਵਿਚ ਕੌਮੀ ਵਿਚਾਰਾਂ ਦਾ ਪ੍ਰਚਾਰ ਕਰਦੇ ਹੋਏ ਮਾਰਚ 1910 ਵਿਚ ਹਾਂਗਕਾਂਗ ਪਹੁੰਚ ਗਏ ਜਿਥੇ ਸੈਂਟਰਲ ਸਿੱਖ ਟੈਂਪਲ ਵਿਚ ਗ੍ਰੰਥੀ ਸਿੰਘ ਦੀ ਸੇਵਾ ਨਿਭਾਉਣ ਲੱਗੇ। ਬਾਹਰਲੇ ਟਾਪੂਆਂ ਵਿਚ ਬਣੇ ਇਹ ਗੁਰਦੁਆਰੇ ਪੰਜਾਬੀਆਂ ਅਤੇ ਹਿੰਦੁਸਤਾਨ ਵਿਚੋਂ ਆਉਂਦੇ ਜਾਂਦੇ ਮੁਸਾਫਰਾਂ ਲਈ ਜਿਥੇ ਠਹਿਰਨ ਦੀ ਥਾਂ ਸਨ, ਉਥੇ ਨਾਲ ਹੀ ਅੰਤਰਰਾਸ਼ਟਰੀ ਸੂਚਨਾ ਕੇਂਦਰ ਵੀ ਸਨ। ਜਲਦੀ ਹੀ ਭਾਈ ਭਗਵਾਨ ਸਿੰਘ ਨੇ ਆਪਣਾ ਪਰਿਵਾਰ ਵੀ ਹਾਂਗਕਾਂਗ ਬੁਲਾ ਲਿਆ ਅਤੇ 7 ਜਨਵਰੀ 1912 ਨੂੰ ਉਨ੍ਹਾਂ ਦੇ ਘਰ ਪੁੱਤਰ ਨੇ ਜਨਮ ਲਿਆ। ਭਾਈ ਭਗਵਾਨ ਸਿੰਘ ਬੱਚਿਆਂ ਨੂੰ ਕੌਮ ਦਾ ਸਰਮਾਇਆ ਸਮਝਦੇ ਸਨ ਅਤੇ ਉਨ੍ਹਾਂ ਦਾ ਖਿਆਲ ਸੀ ਕਿ ਬੱਚਿਆਂ ਦੀ ਪਾਲਣਾ-ਪੋਸਣਾ ਅਤੇ ਪੜ੍ਹਾਈ ਖੁਲ੍ਹੇ ਅਤੇ ਅਜ਼ਾਦ ਮਾਹੌਲ ਵਿਚ ਹੋਣੀ ਚਾਹੀਦੀ ਹੈ। ਹਾਂਗਕਾਂਗ ਵਿਚ ਭਾਈ ਭਗਵਾਨ ਸਿੰਘ ਨੇ ਉਥੇ ਰਹਿੰਦੇ ਹਿੰਦੁਸਤਾਨੀਆਂ ਅਤੇ ਲਗਪਗ 7 ਹਜ਼ਾਰ ਹਿੰਦੁਸਤਾਨੀ ਫ਼ੌਜੀਆਂ ਵਿਚ ਅੰਗਰੇਜ਼ਾਂ ਦੇ ਖ਼ਿਲਾਫ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਗੁਰਦੁਆਰੇ ਦਾ ਪ੍ਰਧਾਨ ਲਾਲ ਸਿੰਘ ਹਾਂਗਕਾਂਗ ਪੁਲਿਸ ਵਿਚ ਜਮਾਦਾਰ ਸੀ ਅਤੇ ਅੰਗਰੇਜ਼ਪ੍ਰਸਤ ਸੀ। ਇਸ ਲਈ ਉਹ ਭਾਈ ਭਗਵਾਨ ਸਿੰਘ ਦੇ ਲੈਕਚਰਾਂ ਅਤੇ ਫੌਜਾਂ ਵਿਚ ਪ੍ਰਚਾਰ ਤੋਂ ਬਹੁਤ ਔਖਾ ਸੀ। ਸਨ 1911-12 ਵਿਚ ਭਾਈ ਭਗਵਾਨ ਸਿੰਘ ਨੂੰ ਦੋ ਵਾਰ ਮੁਕੱਦਮੇ ਵਿਚ ਫਸਾਇਆ ਗਿਆ ਜਿਸ ਵਿਚ ਉਹ ਦੋਨੋਂ ਵਾਰ ਬਰੀ ਹੋ ਗਏ। ਭਾਈ ਭਗਵਾਨ ਸਿੰਘ ਨੇ ਹਾਂਗਕਾਂਗ ਛੱਡ ਕੇ ਕੈਨੇਡਾ ਜਾਣ ਦਾ ਫੈਸਲਾ ਕਰ ਲਿਆ। ਉਸ ਵੇਲੇ ਉਨ੍ਹਾਂ ਦੀਆਂ ਬੱਚੀਆਂ ਸਤਵੰਤ ਕੌਰ ਛੇ ਸਾਲ, ਜੋਗਿੰਦਰ ਕੌਰ ਚਾਰ ਸਾਲ ਅਤੇ ਪੁੱਤਰ ਹਰਭਜਨ ਸਿੰਘ ਡੇਢ ਕੁ ਸਾਲ ਦੇ ਸਨ। ਕੈਨੇਡਾ ਜਾਣ ‘ਤੇ ਪਤਨੀ ਬੱਚਿਆਂ ਨੂੰ ਲੈ ਕੇ ਹਿੰਦੁਸਤਾਨ ਚਲੀ ਗਈ। (ਸੋਮੇ: ਕਿਰਪਾਲ ਸਿੰਘ ਕਸੇਲ ‘ਆਦਿ ਕਥਨ/ਗ਼ਦਰੀ’ ਗੂੰਜਾਂ ਅਤੇ ਸੋਹਣ ਸਿੰਘ ਪੂੰਨੀ ‘ਕਨੇਡਾ ਦੇ ਗਦਰੀ ਯੋਧੇ’)
ਭਾਈ ਭਗਵਾਨ ਸਿੰਘ ਨੇ ਕੈਨੇਡਾ ਪਹੁੰਚ ਕੇ ਵੀ ਆਪਣੀਆਂ ਇਨਕਲਾਬੀ ਗਤੀਵਿਧੀਆਂ ਜ਼ਾਰੀ ਰੱਖੀਆਂ। ਸੋਹਣ ਸਿੰਘ ਪੂੰਨੀ ਨੇ ਭਾਈ ਭਗਵਾਨ ਸਿੰਘ ਦੇ ਵਿਚਾਰਾਂ ਦਾ ਜ਼ਿਕਰ ਕਰਦਿਆਂ ਕਿਹਾ ਹੈ, “ਉਨ੍ਹਾਂ ਦਾ ਕਹਿਣਾ ਸੀ ਕਿ ਹਿੰਦੁਸਤਾਨ ਨੂੰ ਆਜ਼ਾਦ ਕਰਾਏ ਤੋਂ ਬਿਨਾਂ ਹਿੰਦੁਸਤਾਨੀਆਂ ਦੀ ਪ੍ਰਦੇਸਾਂ ਵਿਚ ਕੋਈ ਪੁੱਛ-ਗਿੱਛ ਨਹੀਂ ਹੋ ਸਕਦੀ। ਆਪਣੇ ਭਾਸ਼ਣਾਂ ਵਿਚ ਉਹ ਅੰਗਰੇਜ਼ਾਂ ਵੱਲੋਂ ਹਿੰਦੁਸਤਾਨ ਦੀ ਕੀਤੀ ਜਾ ਰਹੀ ਲੁੱਟ-ਖਸੁੱਟ ਨੂੰ ਖੋਲ੍ਹ ਕੇ ਦੱਸਦੇ ਸਨ। ਉਨ੍ਹਾਂ ਨੇ ਆਪਣੀਆਂ ਕਵਿਤਾਵਾਂ ਅਤੇ ਜੋਸ਼ੀਲੇ ਭਾਸ਼ਣਾਂ ਰਾਹੀਂ ਸਿੱਖਾਂ ਦੇ ਦਿਲ ਅਤੇ ਦਿਮਾਗ ਟੁੰਬੇ। ਗੁਰਦੁਆਰੇ ਹਫਤਾਵਾਰੀ ਦੀਵਾਨਾਂ ਅਤੇ ਬਾਹਰ ਹੁੰਦੇ ਜਲਸਿਆਂ ਵਿਚ ਭਗਵਾਨ ਸਿੰਘ ਸਿੱਖਾਂ ਨੂੰ ਭਾਸ਼ਣ ਦਿੰਦੇ ਕਿ ਦੂਸਰੇ ਹਿੰਦੁਸਤਾਨੀਆਂ ਨਾਲ ਏਕਤਾ ਦਰਸਾਉਣ ਲਈ ਉਹ ਬਾਹਰ ਇੱਕ ਦੂਜੇ ਨੂੰ ਮਿਲਣ ਵੇਲੇ ਬੰਗਾਲੀ ਇਨਕਲਾਬੀਆਂ ਵਾਂਗ ‘ਵੰਦੇ ਮਾਤਰਮ’ ਆਖਿਆ ਕਰਨ, ਮਿੰਨਤਾਂ-ਤਰਲਿਆਂ, ਅਰਜ਼ੀਆਂ ਅਤੇ ਡੈਪੂਟੇਸ਼ਨਾਂ ਦਾ ਰਾਹ ਛੱਡ ਕੇ ਤਲਵਾਰ ਚੁੱਕਣ ਅਤੇ ਦੇਸ਼ ਜਾ ਕੇ ਹਥਿਆਰਬੰਦ ਇਨਕਲਾਬ ਕਰਨ।” (ਪੰਨਾ 315)
ਸ਼ ਜਗਜੀਤ ਸਿੰਘ ‘ਗ਼ਦਰ ਪਾਰਟੀ ਲਹਿਰ’ ਪੁਸਤਕ ਵਿਚ ਗ਼ਦਰ ਪਾਰਟੀ ਦੀ ਕਾਇਮੀ ਬਾਰੇ ਲਿਖਦੇ ਹਨ, “ਅਮਰੀਕਾ-ਕੈਨੇਡਾ ਗਏ ਅੰਗਰੇਜ਼ੀ ਸਾਮਰਾਜ-ਵਿਰੋਧੀ ਉਪਰੋਕਤ ਹਿੰਦੀ ਅਨਸਰ ਨੇ ਗ਼ਦਰ ਪਾਰਟੀ ਲਹਿਰ ਦੀ ਅਮਲੀ ਤੌਰ ਉਤੇ ਸ਼ਕਲ ਕਿਵੇਂ ਫੜੀ?æææਇਤਿਹਾਸਕ ਨਜ਼ਰੀਏ ਤੋਂ ਇਸ ਸਬੰਧੀ ਸਭ ਤੋਂ ਪ੍ਰਮਾਣੀਕ ਮਸਾਲਾ ਗ਼ਦਰ ਪਾਰਟੀ ਲਹਿਰ ਸਬੰਧੀ ਚੱਲੇ ਮੁਕੱਦਮਿਆਂ ਦੇ ਫੈਸਲੇ ਹਨ। ਲਾਹੌਰ ਪਹਿਲੇ ਸਾਜ਼ਸ਼ ਕੇਸ ਦੇ ਫੈਸਲੇ (ਜਿਸ ਦੀ ਬਾਕੀ ਦੇ ਸਭ ਕੇਸਾਂ ਦੇ ਫੈਸਲੇ ਪੁਸ਼ਟੀ ਕਰਦੇ ਹਨ) ਦੇ ਆਪਣੇ ਲਫਜ਼ਾਂ ਵਿਚ ‘ਹੁਣ ਵਾਲੀ ਸਾਜ਼ਸ਼ ਅਮਰੀਕਾ ਦੇ ਪੱਛਮੀ ਕੰਢੇ ਤੋਂ ਸ਼ੁਰੂ ਹੋਈ ਅਤੇ ਵੈਨਕੂਵਰ ਅਤੇ ਸਾਨ ਫਰਾਂਸਿਸਕੋ ਇਸ ਦੇ ਦੋ ਵੱਡੇ ਸੈਂਟਰ ਸਨ। ਸ਼ੁਰੂ ਵਿਚ ਵੈਨਕੂਵਰ ਸੈਂਟਰ ਸੀ, ਪਰ ਅਖੀਰ ਵਿਚ ਸਾਨ ਫਰਾਂਸਿਸਕੋ ਨੇ ਇਸ ਦੀ ਅਹਿਮੀਅਤ ਨੂੰ ਮੱਧਮ ਪਾ ਦਿੱਤਾ।” ਜਗਜੀਤ ਸਿੰਘ ਨੇ ਭਾਈ ਭਗਵਾਨ ਸਿੰਘ ਦਾ ਜ਼ਿਕਰ ਇਸੇ ਕੇਸ ਦੇ ਹਵਾਲੇ ਨਾਲ ਇਸ ਤਰ੍ਹਾਂ ਕੀਤਾ ਹੈ, “ਨੰਦ ਸਿੰਘ ਦੀ ਗਵਾਹੀ ਤੋਂ ਸਾਨੂੰ ਪਤਾ ਹੈ (ਪੰਨਾ 407) ਕਿ ਇਕ ਮਸ਼ਹੂਰ ਬਾਗੀ ਭਗਵਾਨ ਸਿੰਘ ਉਥੇ 1912 ਦੇ ਅਖੀਰ ਜਾਂ 1913 ਦੇ ਸ਼ੁਰੂ ਵਿਚ ਆਇਆ ਅਤੇ ਹਿੰਦ ਵਿਚ ਅੰਗਰੇਜ਼ੀ ਹਕੂਮਤ ਦੇ ਬਰਖ਼ਿਲਾਫ ਲੈਕਚਰਾਂ ਦਾ ਸਿਲਸਿਲਾ ਅਰੰਭ ਦਿੱਤਾ। ਉਸ ਨੇ ਵੈਨਕੂਵਰ ਹਾਲ ਵਿਚ ਵੀ ਲੈਕਚਰ ਦੇਣੇ ਸ਼ੁਰੂ ਕੀਤੇ। ਤਿੰਨ ਮਹੀਨੇ ਉਥੇ ਰਿਹਾ ਅਤੇ ਜਿਸ ਤਰ੍ਹਾਂ ਨੰਦ ਸਿੰਘ ਕਹਿੰਦਾ ਹੈ, ‘ਆਪਣੇ ਸ੍ਰੋਤਾ-ਗਣਾਂ ਵਿਚ ਇਨਕਲਾਬੀ ਖਿਆਲ ਭਰ ਦਿੱਤੇ। ਭਗਵਾਨ ਸਿੰਘ ਨੂੰ ਆਖ਼ਰ ਜਲਾਵਤਨ ਕੀਤਾ ਗਿਆ, ਪਰ ਇਸ ਤੋਂ ਪਹਿਲੋਂ ਵੈਨਕੂਵਰ ਦੇ ਹਿੰਦੀਆਂ ਵਿਚ ਫਤੂਰ ਦੇ ਬੀਜ ਬੀਜੇ ਜਾ ਚੁੱਕੇ ਸਨ।”
ਸੋਹਣ ਸਿੰਘ ਪੂੰਨੀ ਨੇ ਆਪਣੀ ਪੁਸਤਕ ‘ਕਨੇਡਾ ਦੇ ਗਦਰੀ ਯੋਧੇ’ ਵਿਚ 42 ਗ਼ਦਰੀਆਂ ਦਾ ਜ਼ਿਕਰ ਕੀਤਾ ਹੈ ਜਿਨ੍ਹਾਂ ਵਿਚ ਇੱਕ ਹਿੰਦੂ ਭਾਈਚਾਰੇ ਵਿਚੋਂ ਬਾਬੂ ਤਾਰਕਨਾਥ ਦਾਸ, ਇੱਕ ਮੁਸਲਮਾਨ ਭਾਈਚਾਰੇ ਵਿਚੋਂ ਸੇਠ ਹੁਸੈਨ ਰਹੀਮ, ਦੋ ਕਾਮਰੇਡ ਇਕਬਾਲ ਹੁੰਦਲ (ਪਰਿਵਾਰਕ ਪਿਛੋਕੜ ਸਿੱਖ) ਅਤੇ ਦਰਸ਼ਨ ਸਿੰਘ ਕੈਨੇਡੀਅਨ (ਪਰਿਵਾਰਕ ਪਿਛੋਕੜ ਸਿੱਖ) ਹਨ ਅਤੇ ਬਾਕੀ ਦੇ 38 ਗ਼ਦਰੀ ਯੋਧੇ ਸਿੱਖੀ ਨੂੰ ਪ੍ਰਣਾਏ ਹੋਏ ਸਨ। ਕੈਨੇਡਾ ਨਾਲ ਸਬੰਧ ਰੱਖਣ ਵਾਲੇ ਗ਼ਦਰੀਆਂ ਵਿਚ ਸੋਹਣ ਸਿੰਘ ਪੂੰਨੀ ਨੇ ‘ਖੂੰਡੇ ਵਾਲਾ ਗਦਰੀ: ਜਥੇਦਾਰ ਪਰਤਾਪ ਸਿੰਘ ਕੋਟ ਫਤੂਹੀ’ ਦਾ ਜ਼ਿਕਰ ਕੀਤਾ ਹੈ ਜੋ ਆਪਣੇ ਆਪ ਵਿਚ ਇੱਕ ਗੁਰਸਿੱਖ ਦੀ ਨਿਰਭੈਤਾ ਦਾ ਪ੍ਰਤੱਖ ਪ੍ਰਮਾਣ ਹੈ। 23 ਮਈ 1914 ਨੂੰ ਕਾਮਾਗਾਟਾ ਮਾਰੂ ਜਹਾਜ਼ ਦੇ ਮੁਸਾਫਰਾਂ ਨੂੰ ਕੈਨੇਡੀਅਨ ਇਮੀਗਰੇਸ਼ਨ ਵਿਭਾਗ ਨੇ ਜਹਾਜ਼ ਤੋਂ ਉਤਰਨ ਦੀ ਇਜਾਜ਼ਤ ਨਹੀਂ ਸੀ ਦਿੱਤੀ ਅਤੇ ਹਥਿਆਰਬੰਦ ਪੁਲਿਸ ਦੇ ਪਹਿਰੇ ਹੇਠ ‘ਸਟੈਨਲੇ ਪਾਰਕ’ ਦੇ ਚੜ੍ਹਦੇ ਪਾਸੇ ਇੱਕ ਮੀਲ ਦੇ ਫਾਸਲੇ ਤੇ ਖੜ੍ਹਾ ਕਰਾ ਦਿੱਤਾ ਸੀ। ਸੋਹਣ ਸਿੰਘ ਅਨੁਸਾਰ 23 ਜੂਨ 1914 ਦੀ ਸ਼ਾਮ ਨੂੰ ਕੰਜਰਵੇਟਿਵ ਪਾਰਟੀ ਦੇ ਐਮæਪੀæ ਨੇ ਡੁਮੀਨੀਅਨ ਹਾਲ ਵਿਚ ਗੋਰਿਆਂ ਦੀ ਇੱਕ ਮੀਟਿੰਗ ਸੱਦੀ ਹੋਈ ਸੀ। ਹਾਲ ਭਰਿਆ ਹੋਣ ਕਰਕੇ ਕੋਈ ਦੋ ਹਜ਼ਾਰ ਤੋਂ ਵੱਧ ਗੋਰੇ ਬਾਹਰ ਸੜਕ ‘ਤੇ ਖੜ੍ਹੇ ਖਰਮਸਤੀ ਕਰ ਰਹੇ ਸਨ ਤਾਂ ਅਚਾਨਕ ਪਰਤਾਪ ਸਿੰਘ ਕੋਟੀ ਫਤੂਹੀ ਉਧਰ ਆ ਨਿਕਲਿਆ ਜਿਸ ਨੇ ਸਿਰ ‘ਤੇ ਚਿੱਟੀ ਦਸਤਾਰ ਸਜਾਈ ਹੋਈ ਸੀ, ਹੱਥ ਵਿਚ ਖੂੰਡਾ ਫੜਿਆ ਹੋਇਆ ਸੀ ਅਤੇ ਉਹ ਉਚੇ ਲੰਬੇ ਕੱਦ ਵਾਲਾ ਸਿੱਖ ਸੀ। ਗੋਰੇ ਉਸ ਦਾ ਮਖੌਲ ਉਡਾਉਣ ਅਤੇ ਨਸਲੀ ਬੋਲੀਆਂ ਮਾਰਨ ਲੱਗ ਪਏ। ਪਰਤਾਪ ਸਿੰਘ ਇਕ ਉੱਚੀ ਥਾਂ ‘ਤੇ ਜਾ ਕੇ ਖੜ੍ਹਾ ਹੋ ਗਿਆ ਅਤੇ ਸੱਜੇ ਹੱਥ ਦੇ ਅੰਗੂਠੇ ਕੋਲ ਦੀ ਉਂਗਲ ਖੜ੍ਹੀ ਕਰਕੇ ਗੋਰਿਆਂ ਨੂੰ ਬੋਲਿਆ, “ਵੱਨ ਵਿਦ ਵੱਨ, ਐਨੀ ਵੱਨ” (ਕੱਲੇ ਨਾਲ ਕੱਲਾ, ਜਿਹੜਾ ਮਰਜ਼ੀ)। ਭਾਈ ਪਰਤਾਪ ਸਿੰਘ ਵਿਚ ਕੈਨੇਡਾ ਰਹਿੰਦਿਆਂ ਸਿਆਸੀ ਜਾਗ੍ਰਤੀ ਆਈ ਅਤੇ ਉਨ੍ਹਾਂ ਨੂੰ ਹਿੰਦੁਸਾਤਨ ਦੀ ਗ਼ੁਲਾਮੀ ਦਾ ਅਹਿਸਾਸ ਹੋਇਆ। ਗੋਰਿਆਂ ਵੱਲੋਂ 33 ਕਰੋੜ ਹਿੰਦੁਸਤਾਨੀਆਂ ਨੂੰ ਗ਼ੁਲਾਮ ਬਣਾ ਕੇ ਰੱਖਣ ਦੇ ਕਾਰਨਾਂ ਵਿਚ ਜਥੇਦਾਰ ਪਰਤਾਪ ਸਿੰਘ ਨੂੰ ਹਿੰਦੁਸਤਾਨੀਆਂ ਦੇ ਅਗਿਆਨ ਅਤੇ ਅਨਪੜ੍ਹਤਾ ਦਾ ਅਹਿਸਾਸ ਹੋਇਆ ਅਤੇ ਉਨ੍ਹਾਂ ਨੇ ਦਲੀਪ ਸਿੰਘ ਫਾਹਲੇ ਵਰਗੇ ਆਪਣੇ ਸਾਥੀਆਂ ਨਾਲ ਰਲ ਕੇ ਵਿਉਂਤ ਬਣਾਈ ਕਿ ਪੰਜਾਬੀਆਂ ਨੂੰ ਜਾਗ੍ਰਿਤ ਕਰਨ ਲਈ ਵਤਨ ਜਾ ਕੇ ਸਕੂਲ ਖੋਲ੍ਹੇ ਜਾਣ। ਦਸੰਬਰ 1913 ਵਿਚ ਵੈਨਕੁਵਰ ਤੋਂ ਹਿੰਦੁਸਤਾਨ ਆਉਂਦਿਆਂ ਸਿੰਘਾਪੁਰ ਪਹੁੰਚ ਕੇ ਆਪਣੇ ਸਾਥੀਆਂ ਹੀਰਾ ਸਿੰਘ ਨੰਗਲ ਕਲਾਂ, ਸਰਹਾਲ ਕਾਜ਼ੀਆਂ ਦੇ ਭਾਨ ਸਿੰਘ ਤੇ ਉਜਾਗਰ ਸਿੰਘ ਨਾਲ ਰਲ ਕੇ ਬੈਂਤ ਦੇ ਖੂੰਡੇ ਖਰੀਦੇ।
ਜਹਾਜ਼ ਉਤੇ ਕੁੱਝ ਪੰਜਾਬੀਆਂ ਨੇ ਸ਼ਰਾਬ ਪੀ ਕੇ ਕਪਤਾਨ ਅਤੇ ਹੋਰਾਂ ਨੂੰ ਤੰਗ ਕੀਤਾ ਸੀ। ਸਿੰਘਾਪੁਰ ਪਹੁੰਚ ਕੇ ਉਹ ਪੰਜਾਬੀ ਤਾਂ ਘੁੰਮਣ ਫਿਰਨ ਚਲੇ ਗਏ ਪਰ ਕਪਤਾਨ ਦੀ ਸ਼ਿਕਾਇਤ ‘ਤੇ ਪਹੁੰਚੀ ਪੁਲਿਸ ਦੇ ਕਪਤਾਨ ਨੇ ਬਿਨਾਂ ਕੁੱਝ ਪੁੱਛੇ ਉਜਾਗਰ ਸਿੰਘ ਦੇ ਬੈਂਤਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਪਰਤਾਪ ਸਿੰਘ ਭੱਜੇ ਆਉਂਦੇ ਨੇ ਲਲਕਾਰਾ ਮਾਰਿਆ, “ਜਾਗਰ ਸਿਆਂ, ਸਾਹਿਬ ਹੁਣ ਸੁੱਕਾ ਨਾ ਜਾਵੇ।” ਉਜਾਗਰ ਸਿੰਘ ਨੇ ਮੁੱਕਿਆਂ ਨਾਲ ਪੁਲਿਸ ਕਪਤਾਨ ਦਾ ਮੂੰਹ ਭੰਨ ਦਿੱਤਾ। ਸੀਟੀ ਮਾਰਨ ਤੇ ਹੋਰ ਪੁਲਿਸ ਤੰਗ ਪਉੜੀ ਰਾਹੀਂ ਉਪਰ ਆਉਣ ਲੱਗੀ, ਜਿਸ ਉਪਰ ਪਰਤਾਪ ਸਿੰਘ ਹੋਰਾਂ ਨੇ ਖੂਬ ਖੂੰਡਾ ਖੜਕਾਇਆ। ਪਰਤਾਪ ਸਿੰਘ ਦੇ ਆਪਣੇ ਸ਼ਬਦਾਂ ‘ਚ, “ਸ਼ਰਾਬਾਂ ਪੀਣ ਵਾਲੇ ਤੇ ‘ਐਸ਼-ਇਸ਼ਰਤਾਂ’ ਕਰਨ ਵਾਲੇ ਪੁਲਸੀਆਂ ਨੇ ਜਤੀ ਸਿੰਘਾਂ ਨਾਲ ਮੱਥਾ ਲਾ ਲਿਆ ਸੀ, ਹੁਣ ਬਚ ਕੇ ਜਾਣਾ ਕਿਹੜੀ ਮਾਂ ਕੋਲ ਸੀ।” (ਸੋਹਣ ਸਿੰਘ ਪੂੰਨੀ, ਪੰਨਾ 274) ਇਸੇ ਤਰ੍ਹਾਂ ਜ਼ੈਲਦਾਰ ਚੰਦਾ ਸਿੰਘ ਦੇ ਕਤਲ ਕੇਸ ਵਿਚ ਜਦੋਂ ਡੀæਐਸ਼ਪੀæ ਕਰਤਾਰ ਸਿੰਘ ਅਤੇ ਥਾਣੇਦਾਰ ਈਸ਼ਰ ਸਿੰਘ ਭਾਈ ਪਰਤਾਪ ਸਿੰਘ ਨੂੰ ਕਤਲ ਦੇ ਮੁਲਜ਼ਮਾਂ ਬਾਰੇ ਜਾਣਨ ਲਈ ਮੁਰੱਬਿਆਂ ਦਾ ਲਾਲਚ ਦੇਣ ਲੱਗੇ ਤਾਂ ਭਾਈ ਸਾਹਿਬ ਦਾ ਉਤਰ ਸੀ, “ਮੁਰੱਬੇ! ਇਨ੍ਹਾਂ ‘ਤੇ ਮੈਂ ਥੁੱਕਦਾ ਵੀ ਨਹੀਂ। ਖਾਲਸੇ ਦਾ ਧਰਮ ਹੈ ਕਿਰਤ ਕਰਨਾ ਤੇ ਵੰਡ ਛਕਣਾ।” ਡੀæਐਸ਼ਪੀæ ਨੇ ਸਿਪਾਹੀਆਂ ਨੂੰ ਹੁਕਮ ਦਿੰਦਿਆਂ ਕਿਹਾ, “ਇਸ ਨੂੰ ਅੰਦਰ ਲੈ ਜਾਵੋ ਤੇ ਚੰਗੀ ਤਰ੍ਹਾਂ ਅਕਲ ਦਿਓ। ਇਹਨੂੰ ਚੰਗੀ ਤਰ੍ਹਾਂ ਸਿੱਧਾ ਕਰਕੇ ਫਿਰ ਸਾਡੇ ਪਾਸ ਲਿਆਓ। ਇਸ ਨੂੰ ਅਜੇ ਪੁਲਿਸ ਦੇ ਹੱਥ ਨਹੀਂ ਲੱਗੇ। ਇਹਨੇ ਤਾਂ ਪਹਿਲੀ ਤੌਣੀ ਨਹੀਂ ਝੱਲਣੀ।” ਭਾਈ ਪਰਤਾਪ ਸਿੰਘ ਦਾ ਅੱਗੋਂ ਜਵਾਬ ਸੀ, “ਮੈਨੂੰ ਪੁਲਿਸ ਨੇ ਕੀ ਹੱਥ ਦਿਖਾਉਣੇ ਆਂ? ਮੈਂ ਤਾਂ ਸਿੰਘਾਪੁਰ ‘ਚ ਪੁਲਿਸ ਨੂੰ ਹੱਥ ਦਿਖਾ ਆਇਆਂ। ਉਨ੍ਹਾਂ ਨੂੰ ਖੂੰਡੇ ਨਾਲ ਖੜਕਾਅ ਆਇਆਂ। ਸੱਚ ਨਹੀਂ ਆਉਂਦਾ ਤਾਂ ਤਾਰ ਪਾ ਕੇ ਪਤਾ ਕਰ ਲਓ।” (ਸੋਹਣ ਸਿੰਘ ਪੂੰਨੀ, ਪੰਨਾ 275)
(ਚਲਦਾ)

Be the first to comment

Leave a Reply

Your email address will not be published.