ਗਾਬਾ ਦੀ ਡਾਇਰੀ ਨੇ ਪੰਜਾਬ ਦੀ ਸਿਆਸਤ ਵਿਚ ਹਲਚਲ ਮਚਾਈ

ਚੰਡੀਗੜ੍ਹ: ਗੋਰਾਇਆ ਵੱਸਦੇ ਕਾਰੋਬਾਰੀ ਚੁੰਨੀ ਲਾਲ ਗਾਬਾ ਦੇ ਪਰਿਵਾਰ ਨੇ ਪੰਜਾਬ ਦੀਆਂ ਸਿਆਸੀ ਸਫ਼ਾਂ ਵਿਚ ਹਲਚਲ ਮਚ ਦਿੱਤੀ ਹੈ। ਖੁਲਾਸਾ ਹੋਇਆ ਹੈ ਕਿ ਸੱਤਾਧਾਰੀ ਅਕਾਲੀ-ਭਾਜਪਾ ਗਠਜੋੜ ਅਤੇ ਕਾਂਗਰਸ ਦੇ ਆਗੂ ਗਾਬਾ ਪਰਿਵਾਰ ਤੋਂ ਵੱਡੀ ਪੱਧਰ ਉਤੇ ਪੈਸੇ ਲੈਂਦੇ ਰਹੇ ਹਨ।
ਐਨਫੋਰਸਮੈਂਟ ਡਾਇਰੈਟੋਰੇਟ (ਈæਡੀæ) ਜੋ ਡਰੱਗ ਰੈਕਟ ਦੀ ਜਾਂਚ ਕਰ ਰਹੀ ਹੈ, ਦੇ ਕਬਜ਼ੇ ਵਿਚ ਦੱਸੀ ਜਾਂਦੀ ਡਾਇਰੀ ਬਾਰੇ ਚੱਲ ਰਹੀ ਜਾਂਚ ਮੁਤਾਬਕ ਪੰਜਾਬ ਦੇ ਮੁੱਖ ਪਾਰਲੀਮਾਨੀ ਸਕੱਤਰ (ਸਿੱਖਿਆ) ਤੇ ਫਿਲੌਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਅਵਿਨਾਸ਼ ਚੰਦਰ, ਕਾਂਗਰਸ ਦੇ ਸੀਨੀਅਰ ਆਗੂ ਤੇ ਜਲੰਧਰ ਤੋਂ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਸਰਵਣ ਸਿੰਘ ਫਿਲੌਰ ਉਨ੍ਹਾਂ ਨੌਕਰਸ਼ਾਹਾਂ, ਸਿਆਸਤਦਾਨਾਂ ਤੇ ਪੁਲਿਸ ਅਧਿਕਾਰੀਆਂ ਵਿਚ ਸ਼ਾਮਲ ਹਨ ਜਿਨ੍ਹਾਂ ਨੇ ਗਾਬਾ ਪਰਿਵਾਰ ਤੋਂ ਧਨ ਲਿਆ ਸੀ। ਹੁਣ ਇਨ੍ਹਾਂ ਤਿੰਨਾਂ ਨੇ ਗਾਬਾ ਪਰਿਵਾਰ ਨਾਲ ਕੋਈ ਕਾਰੋਬਾਰੀ ਸਬੰਧ ਹੋਣ ਤੋਂ ਇਨਕਾਰ ਕੀਤਾ ਹੈ। ਯਾਦ ਰਹੇ ਕਿ ਗਾਬਾ ਪਰਿਵਾਰ 6000 ਕਰੋੜ ਰੁਪਏ ਦੇ ਡਰੱਗ ਰੈਕੇਟ ਨਾਲ ਸਬੰਧਤ ਹੋਣ ਦੇ ਖੁਲਾਸੇ ਮਗਰੋਂ ਵਿਵਾਦਾਂ ‘ਚ ਆ ਗਿਆ ਸੀ। ਈæਡੀæ ਨੇ ਅਵਿਨਾਸ਼ ਚੰਦਰ, ਸਰਵਣ ਸਿੰਘ ਫਿਲੌਰ ਤੇ ਚੌਧਰੀ ਸੰਤੋਖ ਸਿੰਘ ਨੂੰ ‘ਕਾਲੇ ਧਨ ਨੂੰ ਸਫੈਦ ਕਰਨ ਤੋਂ ਰੋਕਣ ਵਾਲੇ ਐਕਟ’ (ਪੀæਐਮæਐਲ਼ਏæ) ਅਧੀਨ ਸੰਮਨ ਕੀਤਾ ਹੈ। ਅਵਿਨਾਸ਼ ਚੰਦਰ ਤੇ ਸਰਵਣ ਸਿੰਘ ਫਿਲੌਰ ਨੂੰ 17 ਅਕਤੂਬਰ ਅਤੇ ਚੌਧਰੀ ਸੰਤੋਖ ਸਿੰਘ ਨੂੰ 13 ਅਕਤੂਬਰ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ। ਈæਡੀæ ਨੇ ਤਿੰਨਾਂ ਨੂੰ ਸੰਮਨ ਜਾਰੀ ਕਰਨ ਦੀ ਪੁਸ਼ਟੀ ਵੀ ਕਰ ਦਿੱਤੀ ਹੈ।
ਯਾਦ ਰਹੇ ਕਿ ਇਹ ਡਾਇਰੀ ਆਮਦਨ ਕਰ ਵਿਭਾਗ ਅਤੇ ਈæਡੀæ ਵਿਚ ਕਈ ਮਹੀਨੇ ਝਗੜੇ ਦੀ ਜੜ੍ਹ ਬਣੀ ਰਹੀ। ਆਮਦਨ ਕਰ ਵਿਭਾਗ ਨੇ ਇਹ ਡਾਇਰੀ ਬਹੁਤ ਦੇਰ ਕਰ ਕੇ ਮਈ ‘ਚ ਈæਡੀæ ਨੂੰ ਡਾਇਰੀ ਦਿੱਤੀ, ਉਹ ਵੀ ਪਟਿਆਲਾ ਦੀ ਪੀæਐਮæਐਲ਼ਏæ ਅਦਾਲਤ ਦੇ ਨਿਰਦੇਸ਼ਾਂ ਮਗਰੋਂ ਹੀ ਇਹ ਸੰਭਵ ਹੋ ਸਕਿਆ। ਆਮਦਨ ਕਰ ਵਿਭਾਗ ਵੱਲੋਂ ਗਾਬਾ ਪਰਿਵਾਰ ਦੇ ਗੋਰਾਇਆ ਸਥਿਤ ਟਿਕਾਣਿਆਂ ‘ਤੇ 16 ਫਰਵਰੀ ਨੂੰ ਮਾਰੇ ਛਾਪਿਆਂ ਦੌਰਾਨ ਇਹ ਡਾਇਰੀ ਮਿਲੀ ਸੀ। ਇਸ ਤੋਂ ਮਗਰੋਂ ਹੀ ਇਸ ਪਰਿਵਾਰ ਨੇ 16 ਕਰੋੜ ਰੁਪਏ ਆਮਦਨ ਕਰ ਵਿਭਾਗ ਨੂੰ ਸੌਂਪੇ ਸਨ। ਕਿਹਾ ਜਾ ਰਿਹਾ ਹੈ ਕਿ ਡਾਇਰੀ ਵਿਚ 300 ਤੋਂ ਵੱਧ ਨਾਮ ਉਹ ਹਨ ਜਿਨ੍ਹਾਂ ਦੀ ਸ਼ਨਾਖਤ ਨਹੀਂ ਹੋ ਸਕਦੀ ਅਤੇ 30-40 ਨਾਮ ਬਾ-ਸ਼ਨਾਖਤ ਹਨ। ਜਦੋਂ ਡਾਇਰੀ ਈæਡੀæ ਨੂੰ ਇਹ ਡਾਇਰੀ ਮਿਲੀ ਸੀ ਤਾਂ ਇਸ ਦੇ ਸਫਾ 6 ਅਤੇ 7 ਤੋਂ ਕੁਝ ਨਾਮ ਕੱਟੇ ਹੋਏ ਸਨ।

Be the first to comment

Leave a Reply

Your email address will not be published.